ਇੰਜ ਬਣਿਆ ਕਵੀਸ਼ਰੀ ਜਥਾ

ਕਵੀਸ਼ਰੀ ਦੇ ਖੇਤਰ ਅੰਦਰ ਕਰਨੈਲ ਸਿੰਘ ਪਾਰਸ ਦਾ ਆਪਣਾ ਮੁਕਾਮ ਹੈ। ਉਸ ਦੀ ਰਚੀ ਕਵੀਸ਼ਰੀ ਦੇ ਕਈ ਮੁਖੜੇ ਤਾਂ ਅੱਜ ਕਹਾਵਤਾਂ ਬਣ ਚੁੱਕੇ ਹਨ। ਪਾਰਸ ਦੇ ਕੈਨੇਡਾ ਵੱਸਦੇ ਲਿਖਾਰੀ ਪੁੱਤਰ ਇਕਬਾਲ ਰਾਮੂਵਾਲੀਆ ਨੇ ਇਸ ਲੇਖ ਵਿਚ ਉਨ੍ਹਾਂ ਦਾ ਆਪਣਾ ਜਥਾ ਬੱਝਣ ਬਾਰੇ ਗੱਲਾਂ ਸਾਂਝੀਆਂ ਕੀਤੀ ਹਨ। ਇਸ ਤੋਂ ਪਾਰਸ ਦੇ ਮਨ ਅੰਦਰ ਆਪਣੇ ਪੁੱਤਰਾਂ ਬਾਬਤ ਉਠਦੇ-ਉਮੜਦੇ ਖਿਆਲ ਇਸ ਲਿਖਤ ਵਿਚ ਬਹੁਤ ਸੋਹਣੇ ਢੰਗ ਨਾਲ ਪਰੋਏ ਗਏ ਹਨ।

ਇਕਬਾਲ ਰਾਮੀਵਾਲੀਆ ਪਹਿਲਾਂ ਕਵਿਤਾ ਲਿਖਦਾ ਹੁੰਦਾ ਸੀ, ਪਰ ਜਦੋਂ ਉਸ ਨੇ ਵਾਰਤਕ ਲਿਖੀ ਤਾਂ ਕਵਿਤਾ ਨਾਲੋਂ ਵੀ ਵੱਧ ਬੱਲੇ ਬੱਲੇ ਕਰਵਾ ਦਿੱਤੀ। ਇਸ ਲਿਖਤ ਵਿਚੋਂ ਉਸ ਦੀ ਇਸ ਨਿਵੇਕਲੀ ਅਤੇ ਨਿਆਰੀ ਵਾਰਤਕ ਦਾ ਰੰਗ-ਰੂਪ ਠਾਠਾਂ ਮਾਰਦਾ ਦਿਸਦਾ ਹੈ।
ਇਕਬਾਲ ਰਾਮੂਵਾਲੀਆ
ਸਵੇਰੇ ਚਾਹ ਤੇ ਪਰਾਉਂਠਿਆਂ ਤੋਂ ਵਿਹਲੇ ਹੋਣ ਬਾਅਦ ਸਾਨੂੰ ਤਿੰਨਾਂ ਭਰਾਵਾਂ (ਬਲਵੰਤ, ਰਛਪਾਲ ਤੇ ਮੈਂ) ਨੂੰ ਬਾਪੂ ਦੇ ‘ਦਰਬਾਰ’ ਵਿਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ਵਿਚ ਫਰਸ਼ ‘ਤੇ ਵਿਛੀ ਪੁਰਾਣੀ ਦਰੀ ਉਤੇ ਚੌਂਕੜਾ ਮਾਰੀ ਅਖਬਾਰ ਦੇ ਕਾਲਮਾਂ ਵਿਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ਉਤੇ ਨਾ ਕਸੇਵਾਂ ਸੀ, ਨਾ ਹੀ ਢਿਲਕ, ਤੇ ਨਾ ਹੀ ਖੇੜਾ! ਮੇਰੇ ਬਾਲੜੇ ਜਿਹੇ ਕੰਬਦੇ ਹੱਥ ਇਕ ਦੂਜੇ ਨੂੰ ਪਲੋਸਣ ਲੱਗੇ। ਪਹਿਲੀ ਸ਼ਾਮ ਭਾਵੇਂ ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਤੇ ਮੁਸਕਰਾਹਟ ਛਿੜਕ ਦਿੱਤੀ ਸੀ, ਪਰ ਮੇਰੇ ਜ਼ਿਹਨ ਵਿਚ ਇਹ ਖਦਸ਼ਾ ਹਾਲੇ ਵੀ ਹੰਗਾਲੇ ਲੈ ਰਿਹਾ ਸੀ ਕਿ ਬਾਪੂ ਸਾਨੂੰ ਅਗੇ ਤੋਂ ਕਵਸ਼ਰੀ ਗਾਉਣ ਤੋਂ ਵਰਜੇਗਾ।
“ਅਖਬਾਰ ਇਕੱਠੇ ਕਰੋ ਤੇ ਔਸ ਕੋਨੇ ‘ਚ ਟਿਕਾਅ ਦਿਓ।” ਐਨਕ ਦੇ ਫਰੇਮ ਉਪਰੋਂ ਦੀ ਆਪਣੀਆਂ ਨਜ਼ਰਾਂ ਸਾਡੇ ਵੱਲ ਸੇਧਦਿਆਂ ਬਾਪੂ ਬੋਲਿਆ। ਉਸ ਦੇ ਬੋਲਾਂ ‘ਚ ਨਾ ਤਲਖ਼ੀ ਸੀ, ਨਾ ਨਰਮੀ ਤੇ ਨਾ ਹੀ ਹੁਕਮ।
ਅਗਲੇ ਪਲ ਹਿੰਦੀ, ਪੰਜਾਬੀ ਤੇ ਉਰਦੂ ਦੇ ਇਧਰ-ਉਧਰ ਖਿਲਰੇ ਅਖ਼ਬਾਰ ਸਾਡੇ ਹੱਥਾਂ ਵਿਚ ਚੜ੍ਹ-ਚੜ੍ਹ ਕੇ ਇਕ ਦੂਜੇ ਨੂੰ ਬਗਲਗੀਰ ਹੋਣ ਲੱਗੇ।
“ਬੈਠੋ ਮੇਰੇ ਸਾਹਮਣੇ।” ‘ਪ੍ਰੀਤ ਲੜੀ’ ਰਿਸਾਲੇ ਕੋਲ ਪਏ ਅਖਬਾਰਾਂ ਨੂੰ ਥਾਪੜਦਿਆਂ ਬਾਪੂ ਬੁੜਬੁੜਾਇਆ: “ਕਵੀਸ਼ਰੀæææ ਕਵੀਸ਼ਰੀæææ ਕਵੀਸ਼ਰੀæææ।”
ਲਫ਼ਜ਼ਾਂ ਦੇ ਆਖਰੀ ਹਿਸਿਆਂ ਨੂੰ ਲਮਕਾਉਂਦਿਆਂ ਬਾਪੂ ਨੇ ਆਪਣੀਆਂ ਭਵਾਂ ਉਤਾਂਹ ਵੱਲ ਖਿੱਚ ਲਈਆਂ। ਫਿਰ ਉਸ ਨੇ ਆਪਣਾ ਸਿਰ ਖੱਬੇ-ਸੱਜੇ ਹਿਲਾਇਆ, ਤੇ ਉਸ ਦੇ ਦੋਵੇਂ ਬੁੱਲ੍ਹ ਹੌਲੀ ਹੌਲੀ ਪਾਸਿਆਂ ਵੱਲ ਨੂੰ ਖਿੱਚੇ ਜਾਣ ਲੱਗੇ। ਉਸ ਦਾ ਹਲਕਾ ਜਿਹਾ ਟੀਰ ਸੰਘਣਾ ਹੋਣ ਲੱਗਿਆ।
“ਕਵੀਸ਼ਰੀ ਮੁੰਡਿਓ ਬਹੁæææ ਤ ਔਖਾ ਕਿੱਤਾ ਐ। ਮੇਰਾ ਥੋਨੂੰ ਏਸ ਕੰਮ ਵਿਚ ਪਾਉਣ ਦਾ ਕੋਈ ਇਰਾਦਾ ਨe੍ਹੀਂ। ਮੈਂ ਚਹੁੰਨੈ, ਤੁਸੀਂ ਪੜ੍ਹਾਈਆਂ ਕਰੋ ਤੇ ਨੌਕਰੀਆਂ ‘ਤੇ ਲੱਗੋਂ! ਮੀਂਹ ਆਵੇ, ‘ਨ੍ਹੇਰੀ ਆਵੇ, ਨੌਕਰੀ ਵਿਚ ਚੜ੍ਹੇ ਮਹੀਨੇ ਮੀਟਰ ਡਿੱਗੀ ਤੁਰਿਆ ਜਾਂਦੈ!”
ਬਾਪੂ ਦੇ ਮੂੰਹੋ ‘ਕਵੀਸ਼ਰੀ’ ਸ਼ਬਦ ਸੁਣਦਿਆਂ ਹੀ ਸਾਡੇ ਪਿੰਡ ਵਾਲੇ ਸਾਡੇ ਦੋਸਤ ਗੁਰਦੇਵ ਦੀ ਭੈਣ ਦੇ ਵਿਆਹ ਵਾਲੇ ਬਰਾਤੀਆਂ ਦੀਆਂ ਢਾਣੀਆਂ ਮੇਰੇ ਦਿਮਾਗ ਵਿਚ ਝੂੰਮਣ ਲਗ ਪਈਆਂ ਸਨ। ਸਾਡੇ ਪਲੇਠੇ ਕਵੀਸ਼ਰੀ ‘ਸ਼ੋਅ’ ਨੂੰ ਸੁਣਨ ਆਏ ਧਰਮਸ਼ਾਲਾ ਦੀਆਂ ਕੰਧਾਂ ‘ਤੇ ਬੈਠੇ ਅਣਗਿਣਤ ਸਰੋਤਿਆਂ ਦੀਆਂ ਸਾਡੇ ਉਤੇ ਗੱਡੀਆਂ ਬੇਝਮਕ ਅੱਖਾਂ ਸਾਕਾਰ ਹੋ ਗਈਆਂ ਸਨ। ਮੇਜ਼ ਦੀ ਲੱਤ ਨਾਲ ਕੱਸ ਕੇ ਨੂੜੀ ਸੋਟੀ ਦੇ ਉਪਰਲੇ ਸਿਰੇ ‘ਤੇ ਰੁਮਾਲ ਨਾਲ ਬੰਨ੍ਹਿਆ ਨਿੱਕੇ ਬਲੂੰਗੜੇ ਦੇ ਸਿਰ ਵਰਗਾ ਮਾਈਕ੍ਰੋਫੋਨ ਹੱਸਣ ਲੱਗਾ ਸੀ; ਪਰ ‘ਔਖਾ ਕਿੱਤਾ’ ਸੁਣਦਿਆਂ ਹੀ ਧਰਮਸ਼ਾਲਾ ਵਾਲੇ ਸਰੋਤੇ ਆਪਣੀਆਂ ਪਿੱਠਾਂ ਝਾੜਦੇ, ਆਪੋ ਆਪਣੇ ਘਰਾਂ ਨੂੰ ਤੁਰਨ ਲੱਗੇ। ਬਰਾਤੀਆਂ ਦੇ ਮੰਜੇ ਭਾਂ-ਭਾਂ ਕਰਨ ਲੱਗੇ ਤੇ ਮੰਜਿਆਂ ਹੇਠ ਪਈਆਂ ਸ਼ਰਾਬ ਦੀਆਂ ਬੋਤਲਾਂ ਬਾਹਰ ਵੱਲ ਰੁੜ੍ਹਨ ਲੱਗੀਆਂ। ਮਾਈਕ੍ਰੋਫੋਨ ਪਿਚਕਣ ਲੱਗਾ ਤੇ ਲਾਊਡ ਸਪੀਕਰ ਦੀ ਆਵਾਜ਼ ਵਿਚ ਰੋੜ ਖੜਕਣ ਲੱਗੇ।
“ਹਾਂ, ਮੈਂ ਤੁਹਾਨੂੰ ਕਾਲਜਾਂ-ਯੂਨੀਵਰਸਿਟੀਆਂ ਵਿਚ ਪੜ੍ਹਾਉਣਾ ਚਹੁੰਨਾਂ। ਉਚ ਵਿਦਿਆ।” ਬਾਪੂ ਥੋੜ੍ਹੇ ਅਟਕਾਓ ਬਾਅਦ ਬੋਲਿਆ- “ਪਰ ਪੜ੍ਹਾਈ ਲਈ ਕਾਫ਼ੀ ਸਾਰੇ ਪੈਸਿਆਂ ਦੀ ਜ਼ਰੂਰਤ ਪੈਣੀ ਐਂ, ਤੇ ਜਿੰਨੀ ਕੁ ਆਪਣੇ ਆਪਣੇ ਕੋਲ ਗੁੰਜਾਇਸ਼ ਐ, ਉਸ ਮੁਤਾਬਕ ਮੈਂ ਥੋਨੂੰ ਕਾਲਜਾਂ ਦਾ ਖਰਚਾ ਨਈ੍ਹਂ ਦੇ ਸਕਣਾ।”
ਹੁਣ ਬਾਪੂ ‘ਪ੍ਰੀਤ ਲੜੀ’ ਦੇ ਵਰਕੇ ਅੱਗੇ ਪਿਛੇ ਪਲਟਣ ਲੱਗਾ ਜਿਵੇਂ ਉਹ ਆਪਣੇ ਜ਼ਿਹਨ ਵਿਚ ਗੁਆਚ ਗਈ ਕਵੀਸ਼ਰੀ ਦੀ ਕੋਈ ਸਤਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
“ਥੋਨੂੰ ਕਦੇ ਮੈਂ ਦੱਸਿਆ ਨਈ੍ਹਂ, ਬਈ ਆਪਣੀ ਕਾਫ਼ੀ ਸਾਰੀ ਜ਼ਮੀਨ ਹਾਲੇ ਵੀ ਗਹਿਣੇ ਐ।” ਬਾਪੂ ‘ਪ੍ਰੀਤ ਲੜੀ’ ਨੂੰ ਕਦੇ ਅੱਗੇ ਤੇ ਕਦੇ ਪਿਛੇ ਧਕਦਿਆਂ-ਖਿਚਦਿਆਂ ਬੋਲਿਆ- “ਮੇਰਾ ਪਿਓ ਅਫ਼ੀਮ ਦਾ ਤਕੜਾ ਅਮਲੀ ਸੀ। ਆਖਰੀ ਸਾਹ ਲੈਣ ਤੋਂ ਪਹਿਲਾਂ ਉਸ ਨੇ ਆਖਰੀ ਸਿਆੜ ਵੀ ਗਹਿਣੇ ਕਰ ਮਾਰਿਆ ਸੀ, ਪਰ ਏਨਾ ਸ਼ੁਕਰ ਆ, ਬਈ ਉਸ ਨੇ ਜ਼ਮੀਨ ਹਾਲੇ ਵੇਚਣੀ ਸ਼ੁਰੂ ਨਹੀਂ ਸੀ ਕੀਤੀ। ਮੈਂ ਉਦੋਂ 12 ਕੁ ਸਾਲ ਦਾ ਸਾਂ, ਅਗਲੇ ਵਰ੍ਹੇ ਮਰੀ ਮਾਂ ਵੀ ਤੁਰਗੀ। ਚਾਰ ਭੈਣਾਂ ਦਾ ਬੋਝ ਮੈਂ ‘ਕੱਲੇ ਨੇ ਉਠਾਇਆ। ਹੁਣ ਦੋ ਥੋਡੀਆਂ ਭੈਣਾਂ ਤੇ ਚਾਰ ਤੁਸੀਂ ਭਰਾ। ਕਬੀਲਦਾਰੀ ਖਾਸੀ ਵੱਡੀ ਐ। ਗਾਇਕੀ ਵਿਚ ਭੱਜ-ਦੌੜ ਬਹੁਤ ਹੁੰਦੀ ਐ। ਇਸ ਲਈ ਮੈਂ ਤੁਹਾਨੂੰ ਪੜ੍ਹਾਉਣਾ ਈ ਚਾਹੰਦਾ ਆਂ।”
ਕਮਰੇ ‘ਚ ਛਾ ਗਈ ਚੁੱਪ ਲੰਮੇਰੀ ਹੋਣ ਲੱਗੀ। ਬਾਪੂ ਕਦੀ ਸਾਡੇ ਵੱਲ ਦੇਖਦਾ, ਕਦੇ ਰੇਡੀਓ ਵਾਲੀ ਅਲਮਾਰੀ ਵੱਲ, ਤੇ ਕਦੇ ‘ਪ੍ਰੀਤ ਲੜੀ’ ਵੱਲ।
“ਅਸੀਂ ਕਿਹੜਾ ਪੜ੍ਹਾਈ ਛੱਡਦੇ ਆਂ।” ਸਾਥੋਂ ਦੋਹਾਂ ਤੋਂ ਵੱਡਾ ਬਲਵੰਤ ਆਖਿਰ ਹਿੰਮਤ ਕਰ ਕੇ ਬੋਲਿਆ। ਅਸੀਂ ਤਾਂ ਬੱਸ ਐਵੇਂ ਸ਼ੌਕ ਨਾਲ ਈ ਗਾਇਆ ਸੀ।
ਹੁਣ ‘ਪ੍ਰੀਤ ਲੜੀ’ ਵਾਰ-ਵਾਰ ਬਾਪੂ ਦੇ ਹੱਥਾਂ ‘ਚ ਚੜ੍ਹਨ ਲੱਥਣ ਲੱਗੀ। ਉਹਦਾ ਸਿਰ ਵਾਰ ਵਾਰ ਸੱਜੇ-ਖੱਬੇ ਘੁੰਮਦਾ ਤੇ ਰੁਕ ਜਾਂਦਾ। ਅਗਲੇ ਪਲਾਂ ਵਿਚ ਉਹ ਵਾਰ ਵਾਰ ਆਪਣੀਆਂ ਅੱਖਾਂ ਨੂੰ ਸੁੰਗੇੜਦਾ ਤੇ ਭਵਾਂ ਉਪਰ ਵੱਲ ਖਿੱਚ ਲੈਂਦਾ। ਲਗਾਤਾਰ ਉਸ ਦੀ ਦਾਹੜੀ ਵਿਚ ਕੰਘੀ ਕਰ ਰਹੀਆਂ ਉਸ ਦੀਆਂ ਉਂਗਲਾਂ ਜਿਵੇਂ ਮੇਰੇ ਦਿਲ ‘ਤੇ ਘਸਰ ਰਹੀਆਂ ਹੋਵਣ। ਫਿਰ ਉਸ ਨੇ ਆਪਣੀਆਂ ਨਜ਼ਰਾਂ ਵਾਰੋ-ਵਾਰੀ ਸਾਡੇ ਚਿਹਰਿਆਂ ‘ਤੇ ਘਸਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਉਸ ਦੀਆਂ ਐਨਕਾਂ ਉਸ ਦੇ ਨੱਕ ਤੋਂ ਉਤਰ ਕੇ ਦਰੀ ‘ਤੇ ਬੈਠ ਗਈਆਂ। ਉਹਦੇ ਸੱਜੇ ਹੱਥ ਦੀਆਂ ਉਂਗਲਾਂ ਉਸ ਦੀਆਂ ਮੁੱਛਾਂ ਨਾਲ ਗੁਫ਼ਤਗੂ ਕਰਨ ਲੱਗੀਆਂ: ਉਹ ਕਦੇ ਸੱਜੀ ਮੁੱਛ ‘ਤੇ ਜਾ ਬੈਠਦੀਆਂ, ਤੇ ਕਦੇ ਖੱਬੀ ਉਤੇ। ਫਿਰ ਉਸ ਦੇ ਹੱਥ, ਕਲੰਘੜੀ ਬਣ ਕੇ ਉਸ ਦੇ ਸਿਰ ‘ਤੇ ਜਾ ਬਿਰਾਜੇ। ਕਾਫੀ ਦੇਰ ਬਾਅਦ ਉਸ ਦਾ ਮੂੰਹ ਰਤਾ ਕੁ ਖੁੱਲ੍ਹਿਆ, ਤੇ ਉਸ ਦੇ ਹੇਠਲੇ ਬੁੱਲ੍ਹ ਸਮੇਤ, ਉਸ ਦੇ ਮੂੰਹ ਦੀਆਂ ਕੰਨੀਆਂ ਹੇਠਾਂ ਵੱਲ ਖਿੱਚੀਆਂ ਗਈਆਂ।
“ਚੰਗਾ ਇਉਂ ਕਰੋ”, ਬਾਪੂ ਅਚਾਨਕ ਬੋਲਿਆ ਜਿਵੇਂ ਕਵੀਸ਼ਰੀ ਦੀ ਗਵਾਚੀ ਸਤਰ ਉਸ ਦੇ ਦਿਮਾਗ਼ ‘ਚ ਪਰਤ ਆਈ ਹੋਵੇ- “ਕੱਲ੍ਹ ਵਾਲੀ ਕਵੀਸ਼ਰੀ ਇਕ ਵਾਰੀ ਫਿਰ ਸੁਣਾਓ!”
ਅਗਲੇ ਹੀ ਪਲ ਸ਼ਾਹਣੀ ਕੌਲਾਂ ਦੇ ਚਰਿਤਰ ‘ਤੇ ਸ਼ੱਕ ਹੋਣ ਬਾਅਦ ਬੀਜੇ ਬਾਣੀਏਂ ਵੱਲੋਂ ਉਸ ਨੂੰ ਘਰੋਂ ਕੱਢਣ ਵਾਲਾ ਦ੍ਰਿਸ਼ ਚਿਤਰਦੀ ਬਾਪੂ ਪਾਰਸ ਦੀ ਲਿਖੀ ਕਵੀਸ਼ਰੀ ਮੇਰੀ ਜ਼ੁਬਾਨ ‘ਤੇ ਖੁਰਕ ਕਰਨ ਲੱਗੀ। ਮੈਂ ਗਲਾ ਸਾਫ਼ ਕੀਤਾ ਤੇ ਮੇਰੀ ਬਾਲ ਉਮਰੀ, ਤਿੱਖੀ ਆਵਾਜ਼ ਕਮਰੇ ਵਿਚ ਗੂੰਜਣ ਲੱਗੀ:
ਕੱਢ’ਤੀ ਪਤੀ ਨੇ ਘਰੋਂ ਧੱਕੇ ਮਾਰ ਕੇ
ਤੁਰ ਚੱਲੀ ਵਾਲ ਸਿਰ ਦੇ ਖਿਲਾਰ ਕੇ!
ਰਛਪਾਲ ਤੇ ਬਲਵੰਤ ਦੇ ਸਿਰ ਇਕ ਦੂਜੇ ਵੱਲ ਉਲਰੇ, ਤੇ ਉਹ ਇਕ ਸੁਰ ਹੋ ਕੇ ਬੋਲੇ:
ਸ਼ਿਵਾ ਨੇ ਵਿਛੋੜ ਦਿੱਤਾ ਪਾਰਬਤੀ ਨੂੰ
ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗਤੀ ਨੂੰ!
ਬਲਵੰਤ ਤੇ ਰਛਪਾਲ ਚੌ-ਸਤਰੀ ਪੰਗਤੀ ਦੀਆਂ ਪਿਛਲੀਆਂ ਦੋ ਸਤਰਾਂ ਮੁਕਾਉਂਦੇ ਤਾਂ ਮੈਂ ਅਗਲੀ ਪੰਗਤੀ ਦੀਆਂ ਪਹਿਲੀਆਂ ਦੋ ਸਤਰਾਂ ਚੁੱਕ ਲੈਂਦਾ। ਮੇਰੀਆਂ ਸਤਰਾਂ ਮੁਕਦਿਆਂ ਹੀ ਰਛਪਾਲ-ਬਲਵੰਤ ਦੀ ਜੋੜੀ ਅਗਲੀਆਂ ਸਤਰਾਂ ਉਠਾ ਲੈਂਦੀ। ਛੰਦ ਜਿਉਂ-ਜਿਉਂ ਆਪਣੀ ਬੁਲੰਦੀ ਵੱਲ ਵਧ ਰਿਹਾ ਸੀ, ਬਾਪੂ ਦਾ ਸਿਰ ਤੇ ਧੜ ਕਦੇ ਪਾਸਿਆਂ ਵੱਲ ਨੂੰ ਹਿਲਦੇ ਤੇ ਕਦੇ ਅੱਗੇ ਪਿਛੇ ਨੂੰ। ਛੰਦ ਦੀਆਂ ਆਖਰੀ ਸਤਰਾਂ ਜਦੋਂ ਅਸੀਂ ਤਿੰਨਾਂ ਨੇ ਰਲ ਕੇ ਸੰਪੂਰਨ ਕੀਤੀਆਂ, ਬਾਪੂ ਦੀਆਂ ਅੱਖਾਂ ਵਿਚ ਫੁੱਲ-ਝੜੀਆਂ ਖਿੜ ਉਠੀਆਂ। ਭੁਕਾਨੇ ਵਾਂਗ ਫੁੱਲ ਗਈਆਂ ਉਸ ਦੀਆਂ ਗੱਲ੍ਹਾਂ ‘ਚ ਲਾਲੀ ਥਿਰਕਣ ਲੱਗੀ। ਠੋਡੀ ਨੂੰ ਛਾਤੀ ਵੱਲ ਖਿਚਦਿਆਂ, ਉਸ ਨੇ ਆਪਣੇ ਬੁੱਲ੍ਹਾਂ ਨੂੰ ਛਤਰੀ ਵਾਂਗ ਖੋਲ੍ਹ ਦਿੱਤਾ। ਗੁਲਾਬੀ ਫੁੱਲਾਂ ਦਾ ਗੁਲਦਸਤਾ ਬਣੇ ਆਪਣੇ ਚਿਹਰੇ ਨੂੰ ਉਸ ਨੇ ਚਾਰ-ਪੰਜ ਵਾਰ ਸੱਜੇ-ਖੱਬੇ ਫੇਰਿਆ।
“ਵਾਹ ਉਏ ਮੁੰਡਿਓ!” ਉਹ ਮੂੰਹ ਫੁਲਾ ਕੇ ਬੋਲਿਆ- “ਏਨੀ ਵਧੀਆ ਗਾਇਕੀ ਆਪਣੇ-ਆਪ ਈ ਕਿਵੇਂ ਸਿੱਖਗੇ?”

ਸ਼ਾਮ ਦਾ ਘੁਸ-ਮੁਸਾ ਸੰਘਣਾ ਹੋਣ ਲੱਗਾ ਤਾਂ ਬੇਬੇ ਦਾ ਹੁਕਮ ਹੋਇਆ: “ਚਲੋ ਮੁੰਡਿਓ, ਚਿਮਨੀਆਂ ਸਾਫ਼ ਕਰੋ!”
ਇਕ ਖਾਲੀ ਬੋਰੀ ਰੇਡੀਓ ਵਾਲੇ ਕਮਰੇ ਦੇ ਸਾਹਮਣੇ ਵਿਹੜੇ ਵਿਚ ਵਿਛ ਗਈ ਤੇ ਕਿੱਲੀਆਂ ‘ਤੇ ਲਟਕਦੀਆਂ ਲਾਲਟੈਣਾਂ ਤੇ ਰੇਡੀਓ ਵਾਲੇ ਕਮਰੇ ਦੀ ਟਾਂਡ ‘ਤੇ ਬੈਠਾ ਲੈਂਪ ਬੋਰੀ ਉਤੇ ਉਤਰ ਆਏ। ਚਿਮਨੀਆਂ, ਲਾਲਟੈਣਾਂ ਦੀਆਂ ਪੱਸਲੀਆਂ ਵਿਚੋਂ ਮਲਕੜੇ-ਮਲਕੜੇ ਨਿਕਲ ਕੇ, ਸਾਡੇ ਨਿੱਕੇ ਨਿੱਕੇ ਹੱਥਾਂ ਵਿਚ ਫੜੇ ਗਿੱਲੇ ਪੋਣਿਆਂ ਨਾਲ ਸਾਫ਼ ਹੋਣ ਲੱਗੀਆਂ। ਮਿੱਟੀ ਦੇ ਤੇਲ ਵਾਲੀ ਪੀਪੀ ਹਰਕਤ ਵਿਚ ਆਈ, ਤੇ ਲੈਂਪ-ਲਾਲਟੈਣਾਂ ਦੇ ਹੇਠਲੇ ਪਾਸਿਆਂ ਨਾਲ ਜੁੜੀ ਗੋਲਾਈ ਵਿਚ ਤੇਲ ਦੀਆਂ ਛੱਲਾਂ ਵੱਜਣ ਲੱਗੀਆਂ। ਮਿੱਟੀ ਦੇ ਤੇਲ ਦੀਆਂ ਗੰਧ ਵਿਹੜੇ ‘ਚ ਫੈਲਦੀ-ਫੈਲਦੀ ਕਮਰਿਆਂ ਤੀਕ ਅੱਪੜ ਗਈ।
ਰਸੋਈ ‘ਚ ਮਿੱਟੀ ਦੀ ਅੰਗੀਠੀ ਉਤੇ ਉਬਲਦੇ ਆਂਡਿਆਂ ਦੀ ਗੁੜ-ਗੁੜ ਜਦੋਂ ਰੇਡੀਓ ਵਾਲੇ ਕਮਰੇ ਤੀਕ ਅੱਪੜੀ, ਅਲਮਾਰੀ ਵਿਚ ਖਲੋਤੀ ਬੋਤਲ ਬਾਹਰ ਆਉਣ ਲਈ ਤਾਂਘਣ ਲੱਗੀ। ਕੱਚ ਦਾ ਗਲਾਸ, ਪਾਣੀ ਵਾਲੀ ਗੜਵੀ, ਤੇ ਕੱਟੇ ਹੋਏ ਗੰਢਿਆਂ ਦੀ ਪਲੇਟ ਬਾਪੂ ਦੀ ਕੁਰਸੀ ਦੇ ਸਾਹਮਣੇ ਪਏ ਮੇਜ਼ ਉਪਰ ਉਤਰਨ ਲੱਗੇ। ਬਾਪੂ ਦੀਆਂ ਅੱਖਾਂ ਵਿਚ ਜੁਗਨੂੰ ਟਿਮਕਣ ਲੱਗੇ।
“ਗੱਲ ਸੁਣੋ ਮੁੰਡਿਓ”, ਦੂਸਰਾ ਪੈਗ ਗਲਾਸ ਵਿਚ ਪਾਉਂਦਿਆਂ ਬਾਪੂ ਬੋਲਿਆ- ਆਓ, ਥੋਡੀ ਕਵੀਸ਼ਰੀ ਦੀ ਗੱਲ ਮੁਕਾਈਏ।”
ਆਂਡੇ ਛਿਲਦੇ ਸਾਡੇ ਹੱਥ ਥਾਏਂ ਸੁੰਨ ਹੋ ਗਏ, ਕਿਤੇ ਬਾਪੂ ਸਾਡੇ ਕਵੀਸ਼ਰੀ ਗਾਉਣ ‘ਤੇ ਪਾਬੰਦੀ ਹੀ ਨਾ ਲਾ ਦੇਵੇ!
“ਕਵੀਸ਼ਰੀ ਵਿਚ ਮੈਂ ਤਕੜਾ ਨਾਮ ਕਮਾਇਐ। ਜਿਥੇ ਮੇਰੇ ਕਵੀਸ਼ਰੀ ਜੱਥੇ ਦਾ ਪ੍ਰੋਗਰਾਮ ਹੋਵੇ, ਲੋਕ ਦਸ-ਦਸ ਕੋਹ ਤੋਂ ਵਹੀਰਾਂ ਘੱਤ ਕੇ ਸੁਣਨ ਆਉਂਦੇ ਆ। ਤੁਸੀਂ ਨਿਆਣੇ ਓਂ, ਤੇ ਗਾਉਂਦੇ ਵੀ ਚੰਗਾ ਓ; ਅਭਿਆਸ ਕਰਾ ਕੇ ਮੈਂ ਥੋਨੂੰ ਗੁਣੀਏਂ ਵਿਚ ਲੈ ਆਊਂਗਾ। ਇਸ ਲਈ ਲੋਕ ਤਾਹਨੂੰ ਵੀ ਹੱਥਾਂ ‘ਤੇ ਚੁੱਕਣਗੇ, ਪਰæææ ਮੈਂ ਤੁਹਾਡੀ ਪੜ੍ਹਾਈ ਦਾ ਨੁਕਸਾਨ ਹੋਇਆ ਨਹੀਂ ਦੇਖਣਾ ਚਾਹੁੰਦਾ।”
ਦੂਜਾ ਪੈਗ ਬਾਪੂ ਨੂੰ ਬੇਸਬਰੀ ਨਾਲ ਉਡੀਕ ਰਿਹਾ ਸੀ।
“ਗਾਇਕੀ ਦਾ ਕੋਈ ਪ੍ਰੋਗਰਾਮ ਜੇ ਸਿਰਫ਼ ਸ਼ਨਿੱਚਰ ਜਾਂ ਐਤਵਾਰ ਨੂੰ ਹੋਵੇ ਤਾਂ ਤੁਸੀਂ ਜਾ ਸਕਦੇ ਹੋ।”
ਅਗਲੀ ਸਵੇਰ ਕਵੀਸ਼ਰੀ ਵਿਚ ਪਰੋਇਆ ਦਸਵੇਂ ਗੁਰੂ ਦੇ ਨੰਨ੍ਹੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸਾਡੇ ਹੱਥਾਂ ਵਿਚ ਫੜਾਉਂਦਿਆਂ ਬਾਪੂ ਨੇ ਤਾਕੀਦ ਕੀਤੀ ਕਿ ਦੋ ਹਫ਼ਤੇ ਵਿਚ ਉਸ ਪ੍ਰਸੰਗ ਦੇ ਤਕਰੀਬਨ ਪੰਦਰਾਂ ਸੋਲਾਂ ਛੰਦ ਜ਼ੁਬਾਨੀ ਯਾਦ ਹੋਣੇ ਚਾਹੀਦੇ ਨੇ।
ਨਵੰਬਰ ਦੇ ਮੁਢਲੇ ਪੱਖ ਦੀ ਸਰਦੀ ਨੇ ਟੀਨ ਦੀਆਂ ਪੇਟੀਆਂ ਤੇ ਲੱਕੜ ਦੇ ਸੰਦੂਕ ਵਿਚ ਨਿਸਲੇਵਾਂ ਹੰਢਾਉਂਦੀਆਂ ਰਜਾਈਆਂ ਧੂਹ ਕੇ ਮੰਜਿਆਂ ‘ਤੇ ਲੈ ਆਂਦਾ। ਮੰਜੇ ਦਿਨ ਵੇਲੇ ਧੁੱਪ ਸੇਕਦੇ, ਤੇ ਸੂਰਜ ਦੇ ਛਿਪਾ ਤੋਂ ਪਹਿਲਾਂ ਹੀ ਦਲਾਨ ਤੇ ਪੇਟੀ ਵਾਲੇ ਕਮਰੇ ਵਿਚ ਜਾ ਖੜ੍ਹਦੇ।
ਸਾਡਾ ਤਿੰਨਾਂ ਭਰਾਵਾਂ ਦਾ ਡੇਰਾ ਹੱਥਾਂ ਨਾਲ ਗੇੜ ਕੇ ਪੱਠੇ ਕੁਤਰਨ ਵਾਲੀ ਮਸ਼ੀਨ ਕੋਲ ਸੀ ਜਿਹੜੀ ਆਪ ਓਸ ਪੜਛੱਤੇ ਦੇ ਕੋਨੇ ਵਿਚ ਸਾਰੀ ਦਿਹਾੜੀ ਚੁੱਪ ਭੋਗਦੀ ਜਿਸ ਵਿਚ ਮੱਝਾਂ, ਕੱਟੀਆਂ ਤੇ ਗਾਈਆਂ ਦਾ ਵਸੇਬਾ ਸੀ। ਪੜਛੱਤੇ ਦੇ ਤਿੰਨ ਪਾਸੇ ਤਾਂ ਕੰਧਾਂ ਨਾਲ ਢਕੇ ਹੋਏ ਸਨ, ਪਰ ਚੌਥਾ ਖੁੱਲ੍ਹਾ ਸੀ। ਕੰਧੋਂ ਸੱਖਣੇ ਇਸ ਚੌਥੇ ਪਾਸੇ ‘ਤੇ ਕਾਨਿਆਂ ਨਾਲ ਬਣਾਇਆ ਫਿੜਕਾ ਸਿਆਲੋ-ਸਿਆਲ ਦਿਨ ਵੇਲੇ ਬਨੇਰੇ ਵੱਲ ਲਿਪਟਿਆ ਰਹਿੰਦਾ ਤੇ ਸ਼ਾਮ ਨੂੰ ਪਸ਼ੂਆਂ ਦੀ ਵਿਹੜੇ ਵਾਲੇ ਕਿੱਲਿਆਂ ਤੋਂ ਪੜਛੱਤੇ ਅੰਦਰ ਆਮਦ ਤੋਂ ਬਾਅਦ, ਖੁੱਲ੍ਹ ਕੇ ਸਿਹਰੇ ਵਾਂਗ ਤਣ ਜਾਂਦਾ।
ਮਸ਼ੀਨ ਦੇ ਕੋਲ ਹੀ ਦੋ ਮੰਜਿਆਂ ਵਿਚਕਾਰ ਸਿਰ੍ਹਾਣਿਆਂ ਦੇ ਨਜ਼ਦੀਕ ਸਟੂਲ ਉਤੇ ਮਿੱਟੀ ਦੇ ਤੇਲ ਨਾਲ ਜਗਣ ਵਾਲਾ ਲੈਂਪ ਹੁੰਦਾ ਸੀ ਜੀਹਦੇ ਪੇਤਲੇ ਜਿਹੇ ਚਾਨਣ ਵਿਚ ਅਸੀਂ ਤਿੰਨੇ ਭਰਾ ਹਿਸਾਬ ਦੇ ਜਮ੍ਹਾਂ-ਘਟਾਓ ਵਿਚ ਉਲਝਣ ਦੇ ਨਾਲ-ਨਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਵੀਸ਼ਰੀ ਵਿਚ ਲਿਪਟਿਆ ਪ੍ਰਸੰਗ ਯਾਦ ਕਰਨ ਵਿਚ ਰੁਝ ਗਏ।
ਸਿਆਲੀ ਦਿਨਾਂ ਵਿਚ ਸ਼ਾਦੀਆਂ ਤੇ ਧਾਰਮਿਕ ਦੀਵਾਨਾਂ ਦਾ ਸੀਜ਼ਨ ਹੋਣ ਕਾਰਨ ਬਾਪੂ ਦਾ ਕਵੀਸ਼ਰੀ ਜੱਥਾ ਡਾਢਾ ਮਸਰੂਫ਼ ਹੁੰਦਾ ਸੀ; ਇਸ ਲਈ ਉਹ ਪੰਜਵੇਂ-ਸੱਤਵੇਂ ਦਿਨ ਹੀ ਪਿੰਡ ਪਰਤਦਾ। ਜਿਸ ਦਿਨ ਉਹ ਪਿੰਡ ਹੁੰਦਾ, ਸਾਨੂੰ ਤਿੰਨਾਂ ਨੂੰ ਤੜਕਸਾਰ ਤਿੰਨ-ਚਾਰ ਵਜੇ ਆਵਾਜ਼ ਮਾਰ ਦਿੰਦਾ। ਨਿਆਣ ਉਮਰੇ ਅਸੀਂ ਰਜਾਈ ਦੇ ਨਿੱਘ ਵਿਚੋਂ ਨਿਕਲਣ ਵੇਲੇ ਚੀਂ-ਚੀਂ ਕਰਦੇ, ਪਾਸੇ ਮਾਰਦੇ ਤੇ ਅੱਖਾਂ ਮਲਦੇ। ਸੋਚਦੇ, ਬਾਪੂ ਸ਼ਾਇਦ ਸਾਨੂੰ ਅੱਜ ਛੁੱਟੀ ਹੀ ਬਖਸ਼ ਦੇਵੇ, ਪਰ ਉਹ ਅਸੂਲਾਂ ਦਾ ਪੱਕਾ ਸੀ- “ਉਠੋ! ਉਠੋ!” ਉਹ ਪ੍ਰੇਰਨਾ ਤੇ ਹੁਕਮ ਨੂੰ ਸ਼ਰਾਬ ਤੇ ਪਾਣੀ ਵਾਂਗ ਸੰਤੁਲਨ ਵਿਚ ਕਰ ਕੇ ਬੋਲਦਾ- “ਪਹਿਲਾਂ ਨਹਾਓ ਤੇ ਫ਼ੁਰਤੀ ਵਿਚ ਆਓ!”
ਇਕ ਸਰਦੀ ਦੀ ਰੁੱਤ, ਦੂਸਰਾ ਤੜਕਸਾਰ ਦੀ ਠਾਰੀ, ਤੇ ਉਪਰੋਂ ਖੁੱਲ੍ਹੇ ਅਸਮਾਨ ਦੀ ਚੁੱਪ ਹੇਠ ਖਲੋਤਾ ਨਲਕਾ!
ਕੁੰਗੜੇ ਹੋਏ ਆਕਾਸ਼ ਵਿਚ ਟਿਮਟਿਮਾਂਦੇ ਤਾਰਿਆਂ ਹੇਠ ਖਾਮੋਸ਼ੀ ਧਾਰ ਕੇ ਸੁੱਤੇ ਵਿਹੜੇ ਵਿਚ ਲੜਖੜਾਉਂਦੇ, ਅਸੀਂ ਨਲਕੇ ਵੱਲ ਤੁਰ ਜਾਂਦੇ। ਸਾਡੇ ਵਿਚੋਂ ਇਕ ਜਣਾ ਨਕਲੇ ਦੀ ਠਰੀ ਹੋਈ ਹੱਥੀ ਨੂੰ ਉਪਰੋਂ ਹੇਠਾਂ ਨੂੰ ਦਬਾਉਂਦਾ: ਨਲਕਾ ਬੁਖਾਰ ਵਾਲੇ ਨਿਆਣੇ ਵਾਂਗ ਚੀਕਦਾ ਤਾਂ ਕੰਧ ਦੀਆਂ ਜੜ੍ਹਾਂ ਨਾਲ ਸਿਮਟੀ ਖੁਰਲੀ ਹੇਠ ਬਣੇ ਖੁੱਡੇ ਵਿਚ ਇਕ ਦੂਜੀ ਨਾਲ ਘਸਰ ਕੇ ਸੁੱਤੀਆਂ ਕੁਕੜੀਆਂ ਕੁੜ-ਕੁੜਾਅ ਉਠਦੀਆਂ। ਦੂਸਰਾ ਜਣਾ ਕੱਪੜੇ ਉਤਾਰਦਾ, ਤੇ ਮੱਗ ਨੂੰ ਹੱਥ ਵਿਚ ਫੜ ਕੇ ਠੰਢੇ ਪਾਣੀ ਦੀ ਬਾਲਟੀ ਵੱਲ ਇੰਝ ਝਾਕਦਾ ਜਿਵੇਂ ਉਸ ਵਿਚ ਭੂੰਡਾਂ ਦੀ ਖੱਖਰ ਲੱਗੀ ਹੋਈ ਹੋਵੇ, ਪਰ ਕੁਝ ਦਿਨਾਂ ਵਿਚ ਹੀ ਇਹ ਸਮਝ ਲੱਗ ਗਈ ਕਿ ਪਹਿਲੇ ਦੋ ਕੁ ਮੱਗ ਹੀ ਡਰਦਿਆਂ ਡਰਦਿਆਂ ਪਿੰਡੇ ਉਪਰ ਪਾਉਣੇ ਪੈਂਦੇ, ਬਾਕੀ ਦਾ ਇਸ਼ਨਾਨ ਤਾਂ ਬਿਨਾਂ ਤਕਲੀਫ਼ ਹੀ ਹੋ ਜਾਂਦਾ।
ਸ਼ੂੰ-ਸ਼ੂੰ ਸ਼ੂਕਦੇ ਸਟੋਵ ਉਤੇ ਬਾਪੂ ਵੱਲੋਂ ਬਣਾਈ ਚਾਹ ਜਿਉਂ ਹੀ ਸੁੜ੍ਹਾਕਿਆਂ ਵਿਚ ਅਨੁਵਾਦ ਹੁੰਦੀ, ਸਾਡੇ ਨਰਮ ਜਿਹੇ ਸਰੀਰਾਂ ਵਿਚ ਗਰਮੀ ਛਪਣ ਲਗਦੀ।
“ਚਲੋ ਬਈ ਪੇਟੀ ‘ਤੇ।” ਬਾਪੂ ਇਸ਼ਾਰੇ ਨਾਲ ਆਖਦਾ।
ਅਸੀਂ ਤਿੰਨੇ ਪੇਟੀਆਂ ਵਾਲੇ ਕੋਠੇ ‘ਚ ਪਈ ਮਧਰੀ ਜਿਹੀ ਪੇਟੀ ਉਪਰ ਕਤਾਰ ਵਿਚ ਬੈਠ ਜਾਂਦੇ। ਮਿੱਟੀ ਦੇ ਤੇਲ ਵਾਲਾ ਲੈਂਪ ਸਾਡੇ ਸਾਹਮਣੇ ਚੌਕੜੀ ਮਾਰ ਲੈਂਦਾ। ਬਾਪੂ ਸਾਡੇ ਸਾਹਮਣੇ, ਮੰਜੇ ਉਤੇ ਬਿਰਾਜਮਾਨ ਹੋ ਜਾਂਦਾ।
“ਕਰੋ ਸ਼ੁਰੂ!”
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਾਕੇ ਦੇ ਛੰਦ ਇਕ ਤੋਂ ਬਾਅਦ ਦੂਸਰਾ ਸਾਡੀਆਂ ਉਚੀਆਂ ਆਵਾਜ਼ਾਂ ਵਿਚ ਉਧੜੀ ਜਾਂਦੇ।
ਵਿਚ ਵਿਚ ਬਾਪੂ ਸਾਨੂੰ ਰੋਕਦਾ, ਦਸਦਾ ਕਿ ਸਰੋਤੇ ਤੁਹਾਡੀਆਂ ਆਵਾਜ਼ਾਂ ਦੇ ਉਤਰਾਅ-ਚੜ੍ਹਾਅ, ਸੁਰੀਲੇਪਣ ਤੇ ਬੁਲੰਦੀ ਦੇ ਨਾਲ-ਨਾਲ, ਇਹ ਸੁਣਨਾ ਚਾਹੁੰਦੇ ਹੁੰਦੇ ਨੇ ਕਿ ਤੁਸੀਂ ਗਾਇਕੀ ਵਿਚ ਕਹਿ ਕੀ ਰਹੇ ਹੋ। ਗਾਇਕੀ ਦੇ ਨਾਲ ਨਾਲ ਗਾਈ ਜਾ ਰਹੀ ਸ਼ਾਇਰੀ ਦਾ ਆਪਣਾ ਰਸ ਹੁੰਦਾ ਹੈ। ਇਸ ਲਈ ਹਰ ਲਫਜ਼ ਨਿਖਾਰ-ਨਿਖਾਰ ਕੇ ਬੋਲਣਾ ਹੈ। ਨਾਲੇ ਸਟੇਜ ਉਤੇ ਬੁੱਤ ਬਣ ਕੇ ਨਹੀਂ ਖਲੋਣਾ, ਸਗੋਂ ਕਵੀਸ਼ਰੀ ਦੇ ਪ੍ਰਸੰਗ ਮੁਤਾਬਕ ਚਿਹਰੇ ਉਪਰ ਤੇ ਆਵਾਜ਼ ਵਿਚ ਕਰੁਣਾ, ਉਦਾਸੀ, ਦਰਦ, ਗਮੀ ਤੇ ਖੁਸ਼ੀ ਆਦਿਕ ਦੇ ਹਾਵ ਭਾਵ ਵੀ ਲਿਆਉਣੇ ਹਨ ਤੇ ਹੱਥਾਂ ਦੇ ਇਸ਼ਾਰੇ ਵੀ ਕਰਨੇ ਹਨ।
ਫਿਰ ਉਸ ਨੇ ਬੇਬੇ ਨੂੰ ਹੁਕਮ ਕਰ ਦਿੱਤਾ: “ਦਿਲਜੀਤ ਕੁਰੇ, ਮੈਂ ਪਿੰਡ ਹੋਵਾਂ ਜਾਂ ਨਾ, ਤੂੰ ਏਹਨਾਂ ਨੂੰ ਅਲਾਰਮ ਲਾ ਕੇ ਤੜਕਿਓਂ ਤਿੰਨ ਵਜੇ ਉਠਾਉਣਾ ਹੈ। ਚਾਹ ਨਾਲ ਖੋਏ ਦੀ ਇਕ ਇਕ ਪਿੰਨੀ ਦੇ ਕੇ ਇਨ੍ਹਾਂ ਨੂੰ ਐਸ ਪੇਟੀ ‘ਤੇ ਬਿਠਾ ਦੇਣਾ ਹੈ। ਜਿੰਨੀ ਮਿਹਨਤ ਇਹ ਵੱਧ ਕਰਨਗੇ, ਓਨਾ ਹੀ ਇਨ੍ਹਾਂ ਦੀ ਗਾਇਕੀ ਵਿਚ ਨਿਖਾਰ ਆਵੇਗਾ। ਇਕ ਘੰਟਾ ਕਵੀਸ਼ਰੀ ਦਾ ਰਿਆਜ਼ ਤੇ ਉਸ ਤੋਂ ਬਾਅਦ ਸਕੂਲ ਦਾ ਕੰਮ।”