ਰੋਮਾਂਟਿਕ ਪਿਆਰ ਸਾਨੂੰ ਮਾਰ ਰਿਹੈ…

ਨਿੱਠ ਕੇ ਪੜ੍ਹਨ-ਗੁੜਨ ਵਾਲੀ ਨਿਕਿਤਾ ਆਜ਼ਾਦ ਫਿਲਹਾਲ ਗਰੈਜੂਏਸ਼ਨ ਕਰ ਰਹੀ ਹੈ। ਉਹ ਸਮਾਜ ਵਿਚ ਫੈਲੇ ਕੋਹੜ ਦੀਆਂ ਜੜ੍ਹਾਂ ਫਰੋਲਦੀ ਮਸਲੇ ਦੀ ਤਹਿ ਤੱਕ ਪਹੁੰਚਣ ਦਾ ਅਹੁਰ ਕਰਦੀ ਹੈ। ਸੇਲਬ ਲੂਨਾ ਦਾ ਇਹ ਲੇਖ ਉਸ ਨੇ ਉਚੇਚਾ ਤਰਜਮਾ ਕਰ ਕੇ ‘ਪੰਜਾਬ ਟਾਈਮਜ਼’ ਲਈ ਭੇਜਿਆ ਹੈ। ਇਸ ਲੇਖ ਵਿਚ ਸੇਲਬ ਨੇ ਅੱਜ ਦੇ ਸਮਾਜ ਦੀਆਂ ਤਰਜੀਹਾਂ ਦੇ ਉਲਟ ਇਕ ਆਮ ਨੌਜਵਾਨ ਦੇ ਭਾਵਨਾਵਾਂ ਦਾ ਖੁਲਾਸਾ ਕੀਤਾ ਹੈ।

ਸੇਲਬ ਨੇ ਜਿੰਨੀ ਸ਼ਿੱਦਤ ਨਾਲ ਇਹ ਲੇਖ ਲਿਖਿਆ ਹੈ, ਨਿਕਿਤਾ ਆਜ਼ਾਦ ਨੇ ਉਸੇ ਸ਼ਿੱਦਤ ਨਾਲ ਇਸ ਦਾ ਪੰਜਾਬੀ ਵਿਚ ਤਰਜਮਾ ਕੀਤਾ ਹੈ। ਇਸ ਲੇਖ ਵਿਚ ਨਵੀਆਂ ਸੋਚਾਂ ਅਤੇ ਨਿਵੇਕਲੀਆਂ ਤਰੰਗਾਂ ਉਛਾਲੇ ਮਾਰਦੀਆਂ ਹਨ। -ਸੰਪਾਦਕ
ਸੇਲਬ ਲੂਨਾ
ਤਰਜਮਾ: ਨਿਕਿਤਾ ਆਜ਼ਾਦ
ਮੈਂ ‘ਡਿਪਰੈਸਡ’ ਹਾਂ ਪਰ ਅੰਗਰੇਜ਼ੀ ਭਾਸ਼ਾ ਵਿਚ ਡਿਪਰੈਸਡ ਇਕ ਕਿਰਿਆ ਹੈ, ਕੋਈ ਸਥਿਰ ਨਾਂਵ ਨਹੀਂ। ਮੈਂ ਸਮਝਦਾ ਹਾਂ ਕਿ ਮੇਰਾ ਡਿਪਰੈਸ਼ਨ ਸਮਾਜਿਕ ਵੰਡਾਂ, ਬਸਤੀਵਾਦ, ਨਸਲਵਾਦ, ਮੋਟਾਪੇ ਨਾਲ ਜੁੜੀ ਘ੍ਰਿਣਾ, ਵਿਤਕਰੇ ਅਤੇ ਵਿਰੋਧਾਭਾਸ ਦਾ ਨਤੀਜਾ ਹੈ। ਮੈਂ ਡਿਪਰੈਸ਼ਨ ਦੀਆਂ ਗੋਲੀਆਂ ਖਾ ਰਿਹਾ ਹਾਂ, ਪਰ ਉਹ ਕੇਵਲ ਮੇਰੇ ਦਿਮਾਗ ਦੇ ਰਸਾਇਣਾਂ ‘ਤੇ ਅਸਰ ਕਰ ਸਕਦੀਆਂ ਹਨ, ਮੇਰੇ ਸਮਾਜਿਕ ਅਤੇ ਪਦਾਰਥਕ ਹਾਲਾਤ ਉਤੇ ਨਹੀਂ। ਉਹ ਮੇਰੇ ਦੋਸਤਾਂ ਨੂੰ ਨਹੀਂ ਬਦਲ ਸਕਦੀਆਂ ਜਿਨ੍ਹਾਂ ਤੋਂ ਮੈਂ ਮੇਰੀ ਪ੍ਰਵਾਹ ਕਰਨ ਦੀ ਉਮੀਦ ਕਰਦਾ ਹਾਂ। ਇਹ ਦਵਾਈਆਂ ਦੂਜਿਆਂ ਦੇ ਮਨਾਂ ਵਿਚ ਬਣੀਆਂ ਮੇਰੇ ਸਰੀਰ ਬਾਰੇ ਧਾਰਨਾਵਾਂ ਅਤੇ ਉਨ੍ਹਾਂ ਦੇ ਆਧਾਰ ‘ਤੇ ਬਣੇ ਰਿਸ਼ਤਿਆਂ ਨੂੰ ਨਹੀਂ ਬਦਲ ਸਕਦੀਆਂ। ਨਾ ਹੀ ਉਨ੍ਹਾਂ ਦੇ ਮੈਨੂੰ ਮਹੱਤਤਾ ਅਤੇ ਤਰਜੀਹ ਨਾ ਦੇਣ ਦੇ ਰਵੱਈਏ ਨੂੰ ਬਦਲ ਸਕਦੀਆਂ ਹਨ।
ਮੈਂ ਆਪਣੀ ਜ਼ਿੰਦਗੀ ਦੇ ਅਸਥਾਈ ਮੋੜ ‘ਤੇ ਖੜ੍ਹਾ ਹਾਂ। ਆਪਣਾ ਇਲਾਕਾ ਛੱਡ ਕੇ ਮੈਂ ਦੇਸ਼ ਦੇ ਦੂਸਰੇ ਕੋਨੇ ‘ਤੇ ਪਹੁੰਚ ਗਿਆ ਹਾਂ ਅਤੇ ਪੋਸਟ ਗਰੈਜੂਏਸ਼ਨ ਦੀ ਸ਼ੁਰੂਆਤ ਕਰ ਲਈ ਹੈ। ਬਾਵਜੂਦ ਇਸ ਦੇ ਕਿ ਮੈਂ ਇਥੋਂ ਦੇ ਕੁਝ ਲੋਕਾਂ ਨੂੰ ਜਾਣਦਾ ਹੈ, ਇਹ ਕਦਮ ਬੜਾ ਔਕੜਾਂ ਭਰਿਆ ਲੱਗਦਾ ਹੈ। ਨਵੇਂ ਰਿਸ਼ਤੇ ਬਣਾਉਣਾ ਬਹੁਤ ਔਖਾ ਜਿਹਾ ਜਾਪਦਾ ਹੈ ਅਤੇ ਅਕਸਰ ਹੀ ਮੈਂ ਆਪਣੇ ਪੁਰਾਣੇ ਰਿਸ਼ਤਿਆਂ ‘ਤੇ ਨਿਰਭਰ ਹੋ ਜਾਂਦਾ ਹਾਂ ਜਿਨ੍ਹਾਂ ਨੇ ਮੈਨੂੰ ਪਹਿਲਾਂ ਸਾਂਭਿਆ ਸੀ।
ਮੇਰੇ ਸਿੰਗਲ ਜਿਊਣ ਦਾ ਕੀ ਮਤਲਬ ਹੈ?
ਅੱਜ ਮੈਂ ਜ਼ਿੰਦਗੀ ਦੇ ਅਜਿਹੇ ਪੜਾਅ ‘ਤੇ ਵੀ ਹਾਂ, ਜਦ ਮੈਂ ਸਿੰਗਲ ਹਾਂ ਅਤੇ ਮੇਰੇ ਦੋਸਤ ਕਿਸੇ ਨਾ ਕਿਸੇ ਰੋਮਾਂਟਿਕ ਰਿਸ਼ਤੇ ਵਿਚ ਹਨ। ਮੈਂ ਅੱਜ ਤੱਕ ਕਦੇ ਵੀ ਰੋਮਾਂਟਿਕ ਸਾਥੀ ਤੋਂ ਬਗੈਰ ਇਕੱਲਾ ਜਾਂ ਅਧੂਰਾ ਮਹਿਸੂਸ ਨਹੀਂ ਕੀਤਾ, ਪਰ ਹੁਣ ਮੈਂ ਅਜੀਬ ਜਿਹਾ ਇਕਲਾਪਣ ਮਹਿਸੂਸ ਕਰਦਾ ਹਾਂ। ਜਦ ਮੈਂ ਆਪਣੇ ਆਸ ਪਾਸ ਰੋਮਾਂਟਿਕ ਰਿਸ਼ਤਿਆਂ ਦੇ ਫਾਇਦਿਆਂ ਬਾਰੇ ਸੋਚਦਾ ਹਾਂ, ਜਿਵੇਂ ਅੱਜ ਦੇ ਸਭਿਆਚਾਰ ਵਿਚ ਦਿਖਾਇਆ ਜਾਂਦਾ ਹੈ ਜਾਂ ਮੇਰੇ ਦੋਸਤਾਂ ਦੇ ਰਿਸ਼ਤਿਆਂ ਰਾਹੀਂ ਮੈਂ ਮਹਿਸੂਸ ਕਰਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਰਿਸ਼ਤਿਆਂ ਦੇ ਫਾਇਦੇ ਸਿਰਫ਼ ਆਰਥਿਕ ਜਾਂ ਸਰੀਰਕ ਨਹੀਂ ਹੁੰਦੇ ਹਨ। ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਨਿੱਕੀਆਂ ਮੋਟੀਆਂ ਗੱਲਾਂ, ਚੀਜ਼ਾਂ ਤੇ ਭਾਵਨਾਵਾਂ ਤੇ ਆਦਾਨ-ਪ੍ਰਦਾਨ ਬਾਰੇ ਵੀ ਹੁੰਦਾ ਹੈ। ਦੂਜੇ ਸ਼ਬਦਾਂ ਵਿਚ, ਇਹ ਇਕ-ਦੂਜੇ ਦੀ ਪ੍ਰਵਾਹ ਕਰਨ ਅਤੇ ਸਮਾਂ/ਪਿਆਰ ਨਿਵੇਸ਼ ਬਾਰੇ ਹੁੰਦੇ ਹਨ। ਕਿਸੇ ਦੀ ਪ੍ਰਵਾਹ ਕਰਨ ਦੀ ਅਤੇ ਉਸ ਵਿਚ ਆਪਣੀ ਤਾਕਤ/ਸਮਾਂ ਜਾਂ ਕੁਝ ਵੀ ਨਿਵੇਸ਼ ਕਰਨ ਦੀ ਇਸ ਕਿਰਿਆ ਰਾਹੀਂ ਤੁਸੀਂ ਕਿਸੇ ਦੇ ਜੀਵਨ ਦੇ ਅਨਿਖੜਵੇ ਨਾ ਸਹੀ, ਪਰ ਜ਼ਰੂਰੀ ਹਿੱਸਾ ਬਣ ਜਾਂਦੇ ਹੋ। ਜਦੋਂ ਮੈਂ ਸਿੰਗਲ ਹੋਣ ਦੀ ਗੱਲ ਕਰਦਾ ਹਾਂ, ਤਦ ਉਹਦਾ ਭਾਵ ਉਸ ਸਥਿਤੀ ਵਿਚ ਖੜ੍ਹੇ ਹੋਣ ਤੋਂ ਹੈ, ਜਦੋਂ ਮੈਨੂੰ ਆਪਣੇ ਲੋਕਾਂ ਤੋਂ ਅਪਣੱਤ ਅਤੇ ਪ੍ਰਵਾਹ ਨਹੀਂ ਮਿਲਦੀ, ਕਿਉਂਕਿ ਉਹ ਇਹ ਸਭ ਭਾਵ ਆਪਣੇ ਰੋਮਾਂਟਿਕ ਰਿਸ਼ਤਿਆਂ ਲਈ ਬਚਾ ਕੇ ਰੱਖਦੇ ਹਨ।
ਪਰ ਇਸ ਨੂੰ ਰੋਮਾਂਸ ਨਾਲ ਜੋੜਨ ਦੀ ਲੋੜ ਨਹੀਂ। ਮੈਨੂੰ ਲੱਗਦਾ ਹੈ ਕਿ ਮੈਨੂੰ ਰੋਮਾਂਸ ਨਾਲੋਂ ਅਪਣੱਤ ਦੀ ਕਿਤੇ ਵੱਧ ਲੋੜ ਹੈ। ਕਿਸੇ ਅਜਿਹੇ ਇਨਸਾਨ ਦੇ ਮੇਰੀ ਜ਼ਿੰਦਗੀ ਵਿਚ ਹੋਣ ਦੀ, ਜਿਹੜਾ ਬਿਮਾਰੀ ਵਿਚ ਮੇਰੀ ਪ੍ਰਵਾਹ ਕਰੇ, ਮੁਸ਼ਕਿਲ ਸਮਿਆਂ ਵਿਚ ਸਾਥ ਦੇਵੇ, ਮੇਰੇ ਨਾਲ ਦੁੱਖ-ਸੁੱਖ ਸਾਂਝਾ ਕਰੇ। ਇਹ ਪ੍ਰਵਾਹ ਕਿਸੇ ਖਾਸ ਲਈ ਨਹੀਂ, ਸਿਰਫ ਮੇਰੇ ਲਈ ਨਹੀਂ ਹੋਣੀ ਚਾਹੀਦੀ, ਪਰ ਸਭਿਆਚਾਰਕ ਪੱਧਰ ‘ਤੇ ਲੋਕ ਇਸ ਗੱਲ ਨਾਲ ਸਹਿਮਤ ਹੋ ਚੁੱਕੇ ਹਨ ਕਿ ਇਹ ਸਭ ਸਿਰਫ ਰੋਮਾਂਟਿਕ ਰਿਸ਼ਤਿਆਂ ਲਈ ਹੈ ਅਤੇ ਇਸ ਨੂੰ ਇਸੇ ਤਰ੍ਹਾਂ ਵੰਡਿਆ ਜਾਣਾ ਚਾਹੀਦਾ ਹੈ। ਅਜਿਹਾ ਨਹੀਂ ਕਿ ਮੈਨੂੰ ਇਸ ਤਰ੍ਹਾਂ ਦੀ ਪ੍ਰਵਾਹ ਕਦੇ ਨਹੀਂ ਮਿਲੀ। ਜਦ ਮੈਂ ਨਿੱਕਾ ਸਾਂ ਤਦ ਗੈਰ-ਰੋਮਾਂਟਿਕ ਦੋਸਤੀ ਵਾਲੇ ਰਿਸ਼ਤਿਆਂ ਵਿਚ ਅਜਿਹੀ ਪ੍ਰਵਾਹ ਮਿਲਦੀ ਸੀ, ਪਰ ਜਿਵੇਂ-ਜਿਵੇਂ ਮੈਂ ਵੱਡਾ ਹੁੰਦਾ ਗਿਆ, ਮੇਰੇ ਦੋਸਤ ਇਕ ਤੋਂ ਬਾਅਦ ਇਕ ਗੰਭੀਰ ਰੋਮਾਂਟਿਕ ਰਿਸ਼ਤਿਆਂ ਵਿਚ ਬਝਦੇ ਰਹੇ ਅਤੇ ਇਉਂ ਪ੍ਰਵਾਹ ਮਿਲਣੀ ਬਿਲਕੁਲ ਖ਼ਤਮ ਹੋ ਗਈ। ਸ਼ਾਇਦ ਜਿਵੇਂ-ਜਿਵੇਂ ਸਾਡੀ ਨਾਦਾਨਗੀ ਘਟਦੀ ਜਾਂਦੀ ਹੈ, ਦੁੱਖਾਂ ਭਰੇ ਸਫ਼ਰ ਵਿਚ ਕਠੋਰਤਾ ਵਧਦੀ ਜਾਂਦੀ ਹੈ ਜਾਂ ਉਮਰਾਂ ਦੇ ਕੰਮ ਦੀ ਥਕਾਣ ਵਧਦੀ ਜਾਂਦੀ ਹੈ, ਸਾਡੇ ਅੰਦਰ ਇੰਨੀ ਤਾਕਤ ਹੀ ਨਹੀਂ ਬਚਦੀ ਕਿ ਹਰ ਰਿਸ਼ਤੇ ‘ਤੇ ਜ਼ੋਰ ਲਾ ਸਕੀਏ ਅਤੇ ਅਸੀਂ ਧਿਆਨ ਨਾਲ ਚੁਣ ਦੇ ਕੁਝ ਖਾਸ ਰਿਸ਼ਤਿਆਂ ‘ਤੇ ਸਮਾਂ ਲਗਾਉਂਦੇ ਹਾਂ।
ਖ਼ੈਰ, ਪ੍ਰਵਾਹ ਦੀਆਂ ਇਨ੍ਹਾਂ ‘ਆਰਥਿਕਤਾਵਾਂ’ ਵਿਚ ਹਿੱਸਾ ਲੈਣ ਦੇ ਆਪਣੇ ਪ੍ਰਭਾਵ ਅਤੇ ਨਤੀਜੇ ਨਿਕਲਦੇ ਹਨ; ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਜੋ ਰੋਮਾਂਟਿਕ ਰਿਸ਼ਤਿਆਂ ਵਿਚ ਨਹੀਂ ਹਨ ਜਾਂ ਫਿਰ ਜਿਨ੍ਹਾਂ ਦੇ ਸਰੀਰ, ਸਮਾਜਿਕ ਹਾਲਾਤ (ਜਾਤ, ਲਿੰਗ ਆਦਿ), ਸਮਾਜ ਵਿਚ ਉਨ੍ਹਾਂ ਬਾਰੇ ਨਜ਼ਰੀਆ ਅਤੇ ਵਿਚਾਰ ਉਨ੍ਹਾਂ ਨੂੰ ਲੋਕਾਂ ਵਿਚ ‘ਅ-ਪਿਆਰਯੋਗ’ ਬਣਾ ਕੇ ਪੇਸ਼ ਕਰਦੇ ਹਨ।
ਕੀ ਪੂੰਜੀਵਾਦ ਅੰਦਰ ਆਪਣੇ ਆਪ ਨੂੰ ਪਿਆਰ ਕਰਨ ਨਾਲ ਮੈਂ ਬਚਿਆ ਰਹਿ ਸਕਦਾ ਹਾਂ?
ਜਿਵੇਂ ਮੈਂ ਪਹਿਲਾਂ ਆਪਣੇ ਇਕ ਲੇਖ ਵਿਚ ਲਿਖਿਆ ਸੀ ਕਿ ਮੈਨੂੰ ਇਤਿਹਾਸ ਨੇ ਹੀ ਅਜਿਹੀ ਅ-ਪਿਆਰਯੋਗ ਸਥਿਤੀ ਵਿਚ ਖੜ੍ਹਾਇਆ ਹੈ। ਮੋਟਾ, ਭੂਰਾ, ਔਰਤਾਂ ਵਰਗੇ ਚਾਲ-ਚਲਣ ਵਾਲਾ। ਜਦ ਵੀ ਮੈਂ ਇਸ ਚੀਜ਼ ਬਾਰੇ ਕਿਸੇ ਨਾਲ ਗੱਲ ਕਰਦਾ ਹਾਂ, ਤਾਂ ਸਭ ਅਕਸਰ ਹੀ ਕਹਿੰਦੇ ਹਨ ਕਿ ਮੈਨੂੰ ਆਪਣੇ ਆਪ ਨੂੰ ਹੋਰ ਪਿਆਰ ਕਰਨਾ ਚਾਹੀਦਾ ਹੈ, ਕਿਉਂਕਿ ਜੇ ਮੈਂ ਅਜਿਹਾ ਕਰਾਂਗਾ ਤਾਂ ਬਾਕੀ ਵੀ ਇੰਜ ਹੀ ਕਰਨਗੇ। ਹੋ ਸਕਦਾ ਹੈ, ਇਹ ਕੁਝ ਖਾਸ ਇਨਸਾਨਾਂ ਲਈ ਠੀਕ ਹੋਵੇ, ਪਰ ਮੈਨੂੰ ਲੱਗਦਾ ਹੈ, ਇਹ ਦਲੀਲ ਅਧੂਰੀ ਹੈ। ਇਥੇ ਮਸਲਾ ਮੇਰੇ ਬਾਰੇ ਮੇਰੀ ਧਾਰਨਾ ਦਾ ਨਹੀਂ ਹੈ, ਪਰ ਉਨ੍ਹਾਂ ਸਰੀਰਾਂ ਅਤੇ ਲੋਕਾਂ ਦਾ ਹੈ ਜਿਸ ਨੂੰ ਸਮਾਜ ਅਤੇ ਇਤਿਹਾਸ ਵਿਚ ਅ-ਪਿਆਰਯੋਗ ਅਤੇ ਘ੍ਰਿਣਾਯੋਗ ਦੇਖਿਆ ਗਿਆ ਹੈ। ਨਾਲ ਹੀ ਇਸ ਫੈਸਲੇ ਦਾ ਹੈ ਕਿ ਸਮਾਜ ਕਿਸ ਕਿਸਮ ਦੇ ਲੋਕਾਂ ਤੇ ਸਰੀਰਾਂ ਨੂੰ ਪਿਆਰ ਕਰਦਾ ਹੈ ਅਤੇ ਪ੍ਰਵਾਹ ਦੇ ਕਾਬਲ ਸਮਝਦਾ ਹੈ। ਮੈਂ ਸ਼ਾਇਦ ਇਸ ਵਿਚਾਰ ਨਾਲ ਸਹਿਮਤ ਵੀ ਹੋ ਜਾਂਦਾ, ਜੇ ਉਹ ਲੋਕ ਜੋ ਸਭਿਆਚਾਰਕ ਤੌਰ ‘ਤੇ ਪਿਆਰ ਕਰਨ ਯੋਗ ਮੰਨੇ ਗਏ ਹਨ, ਉਨ੍ਹਾਂ ਨੂੰ ਆਪਣੇ ਬਾਰੇ ਆਪਣੀਆਂ ਧਾਰਨਾਵਾਂ ਦੇ ਬਾਵਜੂਦ ਪਿਆਰ ਅਤੇ ਪ੍ਰਵਾਹ ਨਾ ਮਿਲਦੀ, ਪਰ ਪੂੰਜੀਵਾਦ ਸਾਨੂੰ ਅਪਣੇ ਆਪ ਪਿਆਰ ਕਰਨਾ ਨਹੀਂ ਸਿਖਾਉਂਦਾ ਅਤੇ ਨਾ ਹੀ ਉਹ ਇਹ ਚਾਹੁੰਦਾ ਹੈ। ਬਹੁਤ ਘੱਟ ਲੋਕ ਇੰਨਾ ਪਿਆਰ ਕਰਦੇ ਹਨ, ਪਰ ਇਸ ਦੇ ਬਾਵਜੂਦ ਇਹ ਗੱਲਾਂ ਕੀਤੀਆਂ ਜਾਂਦੀਆਂ ਹਨ। ਮੈਂ ਇਸੇ ਇਤਿਹਾਸ ਅਤੇ ਸਮਾਜ ਦੀ ਜ਼ਿੰਮੇਵਾਰੀ ਚੁੱਕਣ ਤੋਂ ਸਾਫ਼ ਇਨਕਾਰ ਕਰਦਾ ਹਾਂ। ਇਹ ਦਲੀਲ ਸਮਾਜ ਦੇ ਮਾੜੇ ਚਰਿਤਰ ਦਾ, ਮੇਰਾ ਅਤੇ ਮੇਰੇ ਵਰਗਿਆਂ ਨਾਲ ਹੁੰਦੇ ਮਾੜੇ ਵਰਤਾਓ ਦਾ ਸਾਰਾ ਭਾਰ ਸਾਡੇ ਉਤੇ ਸੁੱਟ ਦਿੰਦੀ ਹੈ। ਇਹ ਮੰਗ ਕਰਦੀ ਹੈ ਕਿ ਨਾ ਸਿਰਫ਼ ਅਸੀਂ ਆਪਣੇ ਵਾਸਤੇ ਪ੍ਰਵਾਹ ਕਰੀਏ, ਸਗੋਂ ਉਨ੍ਹਾਂ ਲੋਕਾਂ ਦੀ ਵੀ ਪ੍ਰਵਾਹ ਕਰੀਏ ਜੋ ਇਸ ਨਿਜ਼ਾਮ ਦਾ ਕਾਰਨ ਹਨ। ਇਸ ਦਾ ਭਾਰ ਮੁਕੰਮਲ ਤੌਰ ‘ਤੇ ਸਭਿਆਚਾਰਕ ਤੌਰ ਦੇ ਮਾੜੇ-ਭੈੜੇ ਮੰਨੇ ਗਏ ਲੋਕਾਂ/ਸਰੀਰਾਂ ‘ਤੇ ਪੈਂਦਾ ਹੈ ਜੋ ਵੈਸੇ ਹੀ ਤੱਥਾਂ ਮੁਤਾਬਕ ਇਸੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ ਕਿ ਆਪਣੀ ਜਾਂ ਕਿਸੇ ਦੀ ਪ੍ਰਵਾਹ ਨਾ ਕਰ ਸਕਣ। ਇਸ ਤੋਂ ਇਲਾਵਾ ਇਹ ਘਟੀਆ ਤਰੀਕਾ ਹੈ, ਉਨ੍ਹਾਂ ਲੋਕਾਂ/ਸਰੀਰਾਂ ਨੂੰ ਹੋਰ ਤਵੱਜੋਂ ਅਤੇ ਪ੍ਰਵਾਹ ਦੇਣ ਦਾ ਜਿਨ੍ਹਾਂ ਨੂੰ ਪਹਿਲਾਂ ਹੀ ਖ਼ਾਸ ਮੰਨ ਕੇ ਪ੍ਰਵਾਹ ਮਿਲਦੀ ਹੈ।
ਇਥੇ ਮੈਂ ਜ਼ੋਰ ਪਾ ਕੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਹਮੇਸ਼ਾ ਅਜਿਹਾ ਨਹੀਂ ਮਹਿਸੂਸ ਕੀਤਾ, ਨਾ ਹੀ ਮੈਂ ਇਹ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਬਾਰੇ ਬਹੁਤ ਚੰਗਾ ਸੋਚਦਾ ਹਾਂ ਅਤੇ ਆਪਣੇ ਆਪ ਨੂੰ ਪਿਆਰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਦੂਜਿਆਂ ਨੂੰ ਦੇਣ ਵਾਸਤੇ ਬਹੁਤ ਕੁਝ ਹੈ। ਮੈਂ ਆਪਣੇ ਆਪ ਨੂੰ ਦੂਜਿਆਂ ਦਾ ਚੰਗਾ ਦੋਸਤ ਵੀ ਸਮਝਦਾ ਹਾਂ ਜਿਨ੍ਹਾਂ ਦੀ ਮੈਂ ਪ੍ਰਵਾਹ ਕਰਨਾ ਚਾਹੁੰਦਾ ਹਾਂ ਅਤੇ ਆਪਣਾ ਸਭ ਕੁਝ ਨਿਛਾਵਰ ਕਰ ਦਿੰਦਾ ਹਾਂ, ਪਰ ਤਜਰਬੇ ਅਤੇ ਇਤਿਹਾਸ ਨੇ ਮੈਨੂੰ ਇਹ ਦਿਖਾਇਆ ਹੈ ਕਿ ਜੋ ਕੁਝ ਦੂਜੇ ਮੈਨੂੰ ਦੇ ਸਕਦੇ ਹਨ, ਉਸ ਦੀਆਂ ਕਈ ਸੀਮਾਵਾਂ ਹਨ। ਉਦੋਂ ਵੀ ਜਦੋਂ ਲੋਕ ਮੇਰੇ ਨਾਲ ਸਰੀਰਕ-ਸੁਮੇਲ ਵਿਚ ਦਿਲਚਸਪੀ ਲੈਂਦੇ ਹਨ (ਜੋ ਬਹੁਤ ਵਾਰ ਹੁੰਦਾ ਹੈ), ਉਨ੍ਹਾਂ ਦੀ ਦਿਲਚਸਪੀ ਸਰੀਰਕ-ਸੁਮੇਲ ਤੋਂ ਪਾਸੋਂ ਨਹੀਂ ਜਾਂਦੀ। ਹਰ ਹਾਲਤ ਵਿਚ ਮੇਰੀ ਪ੍ਰਵਾਹ ਕਰਨ ਵਿਚ ਕੋਈ ਨਾ ਕੋਈ ਸੀਮਾ ਤੈਅ ਹੁੰਦੀ ਹੈ ਅਤੇ ਇਹ ਪ੍ਰਕਿਰਿਆਵਾਂ ਹਰ ਸਮੇਂ ਚਲਦੀਆਂ ਹਨ, ਭਾਵੇਂ ਮੈਂ ਸਮਝਾਂ ਜਾਂ ਨਾ, ਉਨ੍ਹਾਂ ਨੂੰ ਨਾਮ ਦੇਵਾਂ ਜਾਂ ਨਾ।
ਇਸ ਨੂੰ ‘ਚੋਣ’ ਤੋਂ ਇਲਾਵਾ ਕਿਸੇ ਹੋਰ ਤਰ੍ਹਾਂ ਵੇਖਣਾ ਔਖਾ ਲੱਗਦਾ ਹੈ। ਦੂਜੇ ਸ਼ਬਦਾਂ ਵਿਚ ਮੇਰੇ ਆਸ ਪਾਸ ਦੇ ਲੋਕ ਮੇਰੇ ਤੇ ਉਨ੍ਹਾਂ ਦੇ ਰਿਸ਼ਤੇ ਨੂੰ ਇਸ ਲਈ ਘੱਟ ਮਹੱਤਤਾ ਦਿੰਦੇ ਹਨ, ਕਿਉਂਕਿ ਉਹ ਆਪਣੇ ਸੈਕਸੂਅਲ ਤੇ ਰੋਮਾਂਟਿਕ ਰਿਸ਼ਤਿਆਂ ਨੂੰ ਵੱਧ ਮਹੱਤਤਾ ਦੇਣਾ ਚਾਹੁੰਦੇ ਹਨ। ਉਨ੍ਹਾਂ ਰਿਸ਼ਤਿਆਂ ਨੂੰ ਜਿਹਨਾਂ ਵਿਚ ‘ਆਮ’ ਲੋਕ ਹਨ ਜੋ ਗੋਰੇ, ਪਤਲੇ, ਉਚੇ ਸਮਾਜਿਕ ਪੱਧਰ ਵਾਲੇ, ਜਾਂ ਅਪਾਹਜ ਨਾ ਹੋਣ ਜਾਂ ਅਜਿਹੇ ਗੁਣਾਂ ਦਾ ਮਿਸ਼ਰਣ ਹੋਣ ਜੋ ਉਹਨਾਂ ਨੂੰ ਪਿਆਰ ਕਰਨ ਯੋਗ ਬਣਾ ਦੇਣ।
ਅਕਸਰ ਹੀ ਜਦੋਂ ਮੈਂ ਨਵੇਂ ਲੋਕਾਂ ਨੂੰ ਮਿਲਦਾ ਹਾਂ, ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਕੀ ਮੈਂ ਉਹਨਾਂ ਨੂੰ ਮੈਂ ਪ੍ਰਭਾਵਸ਼ਾਲੀ ਲੱਗਦਾ ਹਾਂ ਅਤੇ ਮੈਂ ਆਪਣੀਆਂ ਉਮੀਦਾਂ ਉਸਦੇ ਹਿਸਾਬ ਨਾਲ ਤੈਅ ਕਰ ਲੈਂਦਾ ਹਾਂ। ਸ਼ਾਇਦ ਇਹ ਗੱਲ ਥੋੜੀ ਹੰਕਾਰੀ ਜਾਂ ਘਟੀਆ ਜਾਪਦੀ ਹੋਵੇ, ਪਰ ਮੈਨੂੰ ਲੱਗਦਾ ਹੈ ਕਿ ਅਸਲ ਵਿਚ ਮੈਂ ਇਹ ਪੁੱਛ ਰਿਹਾ ਹੁੰਦਾ ਹਾਂ- ਕੀ ਇਹ ਇਨਸਾਨ ਆਪਣੇ ਆਪ ਨੂੰ ਮੇਰੀ ਪ੍ਰਵਾਹ ਕਰਨ ਦਵੇਗਾ? ਕੀ ਉਹ ਲੋੜ ਪੈਣ ਤੇ ਮੈਨੂੰ ਮਹੱਤਤਾ ਦੇਵੇਗਾ? ਕੀ ਉਹ ਮੇਰੇ ਤੇ ਸਮਾਂ ਨਿਵੇਸ਼ ਕਰਨ ਲਈ ਤਿਆਰ ਹੈ? ਕੀ ਉਹ ਸਾਡੇ ਰਿਸ਼ਤੇ ਨੂੰ ਸਕਾਰਾਤਮਕ ਅਤੇ ਇਕ ਦੂਜੇ ਲਈ ਲਾਭਦਾਇਕ ਬਣਾ ਕੇ ਰੱਖਣ ਲਈ ਮਿਹਨਤ ਕਰੇਗਾ ? ਕੀ ਉਹ ਮੈਨੂੰ ਜ਼ਿੰਦਾ ਰੱਖਣ ਦੇ ਔਖੇ, ਥਕਾਣ ਭਰੇ, ਔਕੜਾਂ ਭਰੇ, ਕੋਈ ਧੰਨਵਾਦ ਨਾ ਮਿਲਣ ਵਾਲੇ, ਅਦ੍ਰਿਸ਼ ‘ਕੰਮ’ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ? ਮੈਂ ਇਹ ਪੁੱਛਦਾ ਹਾਂ ਕਿ ਮੈਂ ਆਪਣੀਆਂ ਉਮੀਦਾਂ ਘੱਟ-ਵੱਧ ਕਰ ਸਕਾਂ, ਤਾਂ ਕਿ ਉਹਨਾਂ ਦੀ ਪ੍ਰਵਾਹ ਕਰਦੇ-ਕਰਦੇ ਜੋ ਮੇਰੀ ਪ੍ਰਵਾਹ ਨਹੀਂ ਕਰ ਸਕਦੇ, ਮੈਂ ਆਪਣੇ ਸ਼ੋਸ਼ਣ ਦਾ ਕਾਰਨ ਨਾ ਬਣ ਜਾਵਾਂ।
ਜਦੋਂ ਕੋਈ ਮੇਰਾ ਦੋਸਤ ਬਣਦਾ ਹੈ ਜਾਂ ਜਦ ਮੈਂ ਕਿਸੇ ਵਿਚ ਨਿਵੇਸ਼ ਅਤੇ ਅੱਪ-ਨਿਵੇਸ਼ ਬਾਰੇ ਸੋਚਦਾ ਹਾਂ, ਤਦ ਇਹ ਸਵਾਲ ਮੇਰੇ ਸਾਹਮਣੇ ਵੀ ਆਉਂਦੇ ਹਨ। ਮੇਰੇ ਲੋਕਾਂ ਵਿਚ ਨਿਵੇਸ਼ ਕਰਨ ਤੇ ਨਾ ਕਰਨ ਦੇ ਕੀ ਨਤੀਜੇ ਹੋਣਗੇ? ਇਹ ਭਾਵਨਾਵਾਂ ਕਿਥੋਂ ਆਉਣਗੀਆਂ ਅਤੇ ਕਿਸ ਦੀ ਮਦਦ ਕਰਨਗੀਆਂ? ਪਤਾ ਨਹੀਂ ਕੋਈ ਅਜਿਹਾ ਇਨਸਾਨ ਜੋ ਸਨਮਾਨਿਤ ਅਤੇ ਸਭਿਆਚਾਰਕ ਤੌਰ ਉਤੇ ‘ਪਿਆਰ ਕਰਨ ਯੋਗ’ ਪਿਛੋਕੜ ਤੋਂ ਹੋਵੇ, ਉਹਨੂੰ ਇਹ ਸਭ ਸੋਚਣਾ ਪੈਂਦਾ ਹੈ ਜਾਂ ਨਹੀਂ, ਪਤਾ ਨਹੀਂ ਉਹ ਇਹ ਸਮਝ ਪਾਵੇਗਾ ਜਾਂ ਨਹੀਂ।
ਇਹ ਗੱਲਬਾਤ ਵੈਸੇ ਤਾਂ ਮੈਂ ਕਈ ਦੋਸਤਾਂ ਨਾਲ ਕੀਤੀ ਹੈ। ਇਹ ਵੀ ਇਕ ਤਰ੍ਹਾਂ ਦੇ ਨਿਵੇਸ਼ ਹੀ ਹਨ ਜਦ ਮੈਂ ਉਹਨਾਂ ਨਾਲ ਗੱਲ ਕਰਦਾ ਹਾਂ, ਛੋਟੇ ਪੱਧਰ ਤੇ ਅਤੇ ਹੋਰ ਪ੍ਰਸੰਗਾਂ ਵਿਚ; ਪਰ ਸਿਰਫ਼ ਇਸ ਲਈ ਕਿ ਮੈਂ ਗੱਲ ਕਰ ਲੈਂਦਾ ਹਾਂ ਜਾਂ ਕਿਸੇ ਹੱਦ ਤੱਕ ਪ੍ਰਵਾਹ ਦੀਆਂ ਇਹਨਾਂ ਆਰਥਿਕਤਾਵਾਂ ਵਿਚ ਹਿੱਸਾ ਲੈ ਲੈਦਾਂ ਹਾਂ, ਇਸ ਦਾ ਇਹ ਮਤਲਬ ਨਹੀਂ ਕਿ ਇਹ ਠੀਕ, ਬਰਾਬਰ ਜਾਂ ਗੈਰ-ਇਤਿਹਾਸਿਕ ਹਨ। ਇਸ ਦਾ ਇਹ ਮਤਲਬ ਹੈ ਕਿ ਮੈਂ ਜਾਣਦਾ ਹਾਂ ਕਿ ਕੀ ਹੁੰਦਾ ਹੈ, ਕਿੰਝ ਹੁੰਦਾ ਹੈ ਕਿ ਅਸੀਂ ਸਭਿਆਚਾਰਕ ਤੌਰ ‘ਤੇ ਇੰਝ ਹੀ ਵਿਚਰਦੇ ਹਾਂ, ਕੰਮ ਕਰਦੇ ਹਾਂ- ਇਹਨਾਂ ਖਿਲਾਫ਼ ਲੜਦੇ ਅਤੇ ਨਵੀਂ ਦੁਨੀਆਂ ਬਣਾਉਣ ਦੀਆਂ ਦਲੀਲਾਂ ਦਿੰਦੇ ਹੋਏ ਵੀ।
ਕੀ ਅਸੀਂ ਇਹ ਮੰਨ ਸਕਦੇ ਹਾਂ ਕਿ ਜਿਸ ਨੂੰ ਅਸੀਂ ਪਿਆਰ ਕਰਨ ਲਈ ਚੁਣਦੇ ਹਾਂ, ਉਹ ਫੈਸਲਾ ਸਿਆਸੀ ਹੈ?
ਦਰਅਸਲ ਮੈਂ ਆਪਣੇ ਦੋਸਤਾਂ ਨਾਲ ਲੜ-ਲੜ ਕੇ ਥੱਕ ਗਿਆ ਹਾਂ। ਮੈਂ ਇਹ ਮੰਨਵਾ-ਮੰਨਵਾ ਕੇ ਥੱਕ ਗਿਆ ਹਾਂ ਕਿ ਜਿੰਨੇ ਉਹਨਾਂ ਦੇ ਰੋਮਾਂਟਿਕ ਸਾਥੀ ਮਾਇਨੇ ਰੱਖਦੇ ਹਨ, ਮੈਂ ਵੀ ਰੱਖਦਾ ਹਾਂ। ਬਹੁਤ ਤਰ੍ਹਾਂ, ਅਸੀਂ ਜਿਸ ਨੂੰ ਪਿਆਰ ਕਰਦੇ ਹਾਂ, ਉਹ ਇਸ ਚੀਜ਼ ਦਾ ਵੀ ਫੈਸਲਾ ਹੁੰਦਾ ਹੈ ਕਿ ਅਸੀਂ ਕਿਸ ਵਿਚ ਨਿਵੇਸ਼ ਕਰਨ ਲਈ ਤਿਆਰ ਹਾਂ, ਕਿਸ ਨਾਲ ਅਸੀਂ ਉਹ ਸਾਧਨ ਵੰਡਣ ਲਈ ਤਿਆਰ ਹਾਂ ਜੋ ਇਕ ਦੂਜੇ ਨੂੰ ਜ਼ਿੰਦਾ ਰੱਖਣਗੇ- ਜਿਸ ਵਿਚ ਪ੍ਰਵਾਹ ਵੀ ਆਉਂਦੀ ਹੈ। ਮੈਂ ਮੇਰੇ ਦੋਸਤਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ-ਕਰ ਕੇ ਥੱਕ ਗਿਆ ਹਾਂ ਕਿ ਪਤਲੇਪਣ ਅਤੇ ਗੋਰੇਪਣ ਜਿਸ ਵਿਚ ਉਹ ਆਪਣੇ ਰੋਮਾਂਟਿਕ ਸਾਥੀਆਂ ਰਾਹੀਂ ਨਿਵਸ਼ ਕਰਦੇ ਹਨ, ਮੈਂ ਵੀ ਉਹਨਾਂ ਦੀ ਤਰ੍ਹਾਂ ਹੀ ਪਿਆਰ, ਸਮਾਂ ਅਤੇ ਧਿਆਨ ਦੇ ਕਾਬਲ ਹਾਂ। ਮੈਂ ਉਹਨਾਂ ਨੂੰ ਇਹ ਸਮਝਾ-ਬੁਝਾ ਕੇ ਅੱਕ ਚੁੱਕਿਆ ਹਾਂ ਕਿ ਜਿਸ ਨੂੰ ਅਸੀਂ ਪਿਆਰ ਕਰਨਾ ਚੁਣਦੇ ਹਾਂ ਅਤੇ ਜਿਸ ਵਿਚ ਨਿਵੇਸ਼ ਕਰਦੇ ਹਾਂ, ਉਹ ਸਿਆਸੀ ਫੈਸਲਾ ਹੁੰਦਾ ਹੈ।
ਲੋਕਾਂ ਵਿਚ ਨਿਵੇਸ਼ ਕਰਨ ਦਾ ਮਤਲਬ ਹੈ, ਸਰੀਰਾਂ ਵਿਚ ਨਿਵੇਸ਼ ਕਰਨਾ ਅਤੇ ਇਹ ਇਤਿਹਾਸਿਕ ਮਹੱਤਤਾਵਾਂ ਅਤੇ ਤਰਜੀਹਾਂ ਤੋਂ ਪਰੇ ਦੀ ਗੱਲ ਨਹੀਂ ਹੈ। ਅਸੀਂ ਆਪਣੀਆਂ ਇਛਾਵਾਂ ਦਾ ਸਿਆਸੀਕਰਨ ਉਦੋਂ ਹੀ ਰੋਕ ਸਕਦੇ ਹਾਂ, ਜਦ ਅਸੀਂ ਉਹਨਾਂ ਇਛਾਵਾਂ ਦੇ ਆਧਾਰ ‘ਤੇ ਆਪਣਾ ਪਿਆਰ ਅਤੇ ਪ੍ਰਵਾਹ ਵੰਡਣਾ ਬੰਦ ਕਰ ਦੇਵਾਂਗੇ। ਜਦ ਅਸੀਂ ਆਪਣੀਆਂ ਇਛਾਵਾਂ ਨੂੰ ਉਸ ਖਾਣੇ ਦੀ ਤਰ੍ਹਾਂ ਵਰਤਣਾ ਬੰਦ ਕਰਾਂਗੇ ਜਿਸ ਰਾਹੀਂ ਅਸੀਂ ਤੈਅ ਕਰਦੇ ਹਾਂ ਜਾਂ ਕੋਸ਼ਿਸ਼ ਕਰਦੇ ਹਾਂ ਕਿ ਕਿਸ ਨੂੰ ਜ਼ਿੰਦਾ ਰੱਖਣਾ ਹੈ ਅਤੇ ਕਿਸ ਨੂੰ ਮਰਨ ਲਈ ਛੱਡਣਾ ਹੈ।
ਮੈਨੂੰ ਲੱਗ ਰਿਹਾ ਹੈ ਜਿਵੇਂ ਮੈ ‘ਫੇਮ’ ਆਤਮ-ਘਾਤ ਦੀ ਮਹਾਮਾਰੀ ਦੇ ਇਕ ਲਮਹੇ ਵਿਚੋਂ ਲਿਖ ਰਿਹਾ ਹਾਂ। ਪਿਛਲੇ ਸਾਲਾਂ ਵਿਚ ਅਸੀਂ ਕਿੰਨੀਆਂ ਹੀ ‘ਫੇਮ’ ਮਹਾਨ ਹਸਤੀਆਂ ਗੁਆ ਦਿੱਤੀਆਂ; ਮਹਾਨ ਲੋਕ ਜੋ ਦੂਜਿਆਂ ਲਈ ਤਾਕਤ ਦਾ ਸਰੋਤ ਸਨ; ਲੋਕ ਜਿਹਨਾਂ ਨੇ ਕਲਾ ਬਣਾਈ ਅਤੇ ਅਜਿਹਾ ਸਮੂਹ ਬਣਾਇਆ ਜਿਸ ਨੇ ਕਈਆਂ ਨੂੰ ਜ਼ਿੰਦਾ ਰੱਖਿਆ ਤੇ ਕਈਆਂ ਦੇ ਦਿਲਾਂ ਨੂੰ ਛੂਹਿਆ ਅਤੇ ਉਹਨਾਂ ਨੂੰ ਵੀ ਜਿਹਨਾਂ ਨੂੰ ਜ਼ਿੰਦਾ ਨਹੀਂ ਰਹਿਣ ਦਿੱਤਾ ਗਿਆ। ਇਹ ਬਸ ਉਹੀ ਹਨ, ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ। ਪਤਾ ਨਹੀਂ ਇਸ ਅਨੋਖੀ ਛੋਟੀ ‘ਮਸ਼ਹੂਰੀ’ ਦੇ ਪੱਧਰ ਤੱਕ ਕਿੰਨੇ ਹੀ ਨਹੀਂ ਪਹੁੰਚ ਪਾਏ।
ਮੈਂ ਇਹਨਾਂ ਲੋਕਾਂ ਦੀ ਗੱਲ ਉਹਨਾਂ ਨੂੰ ਇਸਤੇਮਾਲ ਜਾਂ ਟੋਕਨ ਵਜੋਂ ਵਰਤਣ ਲਈ ਨਹੀਂ ਕਰ ਰਿਹਾ, ਸਗੋਂ ਇਸ ਮਸਲੇ ਦੀ ਗੰਭੀਰਤਾ ਨੂੰ ਦਿਖਾਉਣ ਲਈ ਕਰ ਰਿਹਾਂ ਹਾਂ। ਆਤਮ ਹਤਿਆ ਔਖਾ ਅਤੇ ਗੁੰਝਲਦਾਰ ਫੈਸਲਾ ਹੁੰਦਾ ਹੈ ਅਤੇ ਸ਼ਾਇਦ ਉਹ ਕੁਝ ਲੋਕਾਂ ਦੇ ਪ੍ਰਵਾਹ ਕਰਨ ਨਾਲ ਨਹੀਂ ਬਦਲ ਸਕਦਾ, ਪਰ ਜਿਹੜੀ ਪ੍ਰਵਾਹ ਮੈਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ, ਤੇ ਆਤਮ-ਘਾਤ ਦਾ ਉਸ ਨਾਲ ਰਿਸ਼ਤਾ ਅਤੇ ਜਿਸ ਗਤੀ ਤੇ ਤੀਬਰਤਾ ਨਾਲ ਆਤਮ ਹਤਿਆ ਦਾ ਖ਼ਿਆਲ ਮੇਰੇ ਦਿਮਾਗ ਵਿਚ ਆਇਆ, ਮੈਨੂੰ ਲੱਗਦਾ ਹੈ ਕਿ ਇਸ ਦਾ ਕੋਈ ਤਾਅਲੁਕ ਹੈ।
ਕੀ ਅਸੀਂ ਇਕ ਦੂਜੇ ਨੂੰ ਆਪਣੀ ਜਿਨਸੀ ਪੂੰਜੀ (ਸਬੰਧ ਅਤੇ ਇਸ ਨਾਲ ਜੁੜੀਆਂ ਇੱਛਾਵਾਂ) ਦੇ ਬਾਵਜੂਦ ਜ਼ਿੰਦਾ ਰੱਖ ਸਕਦੇ ਹਾਂ?
ਮੇਰੇ ਜੀਵਨ ਵਿਚ ਕਈ ਅਜਿਹੇ ਪਲ ਆਏ ਹਨ ਜਦ ਮੈਨੂੰ ਲੱਗਿਆ ਜਾਂ ਲਗਵਾਇਆ ਗਿਆ ਕਿ ਜੇ ਮੈਂ ਨਾ ਰਿਹਾ ਤਾਂ ਕਿਸੇ ਦੇ ਜੀਵਨ ਵਿਚ ਕੋਈ ਵੱਡੀ ਉਦਾਸੀ ਨਹੀਂ ਛਾਏਗੀ। ਹੋ ਸਕਦਾ ਹੈ, ਕੁਝ ਲੋਕਾਂ ਕੋਲ ਕਦੇ-ਕਦੇ ਕੋਈ ਮੈਸੇਜ਼ ਕਰਨ ਵਾਲਾ ਨਾ ਹੋਵੇ, ਪਰ ਅਜਿਹਾ ਕੋਈ ਗੈਪ ਜਾਂ ਥਾਂਵਾਂ ਨਹੀਂ ਹਨ ਜੋ ਭਰੀਆਂ ਨਾ ਜਾ ਸਕਣ ਜਾਂ ਨਹੀਂ ਜਾਣਗੀਆਂ। ਕਿਸੇ ਦੀ ਰੋਜ਼ ਦੀ ਪਦਾਰਥਕ ਜ਼ਿੰਦਗੀ ਵਿਚ ਕੋਈ ਫ਼ਰਕ ਨਹੀਂ ਪਵੇਗਾ। ਇਸ ਦਾ ਮਤਲਬ, ਕਿਸੇ ਨੇ ਮੈਨੂੰ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਲਈ ਨਿਵੇਸ਼/ਕੋਸ਼ਿਸ਼ ਹੀ ਨਹੀਂ ਕੀਤੀ।
ਪਿਆਰ ਦੀ ਇਹ ਬਨਾਵਟ ਮੈਨੂੰ ਡਰਾਉਂਦੀ ਹੈ। ਇਕ ਪਾਸੇ, ਅਜਿਹੇ ਇਨਸਾਨ ਦੀ ਤਰ੍ਹਾਂ ਜੋ ਨਿੱਜੀ ਤੌਰ ‘ਤੇ, ਅਤੇ ਇਤਿਹਾਸਕ-ਸਭਿਆਚਾਰਕ ਤੌਰ ‘ਤੇ ਪਿਆਰ ਕਰਨ ਯੋਗ ਨਹੀਂ ਹੈ। ਮੇਰੀ ਇਹ ਇੱਛਾ ਹੈ ਕਿ ਕੋਈ ਮੇਰੀ ਪ੍ਰਵਾਹ ਕਰੇ ਅਤੇ ਮੈਨੂੰ ਮਹੱਤਤਾ ਦੇਵੇ, ਪਰ ਦੂਜੇ ਨਾਲ ਇਹ ਕਰਨਾ ਮੈਨੂੰ ਡਰਾਉਂਦਾ ਵੀ ਹੈ। ਇਸ ਲਈ ਨਹੀਂ ਕਿ ਮੈਂ ਪਿਆਰ ਵਿਚ ਬੱਝਣਾ ਨਹੀਂ ਚਾਹੁੰਦਾ, ਪਰ ਇਸ ਲਈ ਕਿ ਮੈਂ ਕਿਸੇ ਇਕੋ ਇਨਸਾਨ ਲਈ ਪਿਆਰ ਅਤੇ ਪ੍ਰਵਾਹ ਰਾਖਵੀਂ ਰੱਖਣ ਲਈ ਮਜਬੂਰ ਨਹੀਂ ਮਹਿਸੂਸ ਕਰਨਾ ਚਾਹੁੰਦਾ; ਕਿਉਂਕਿ ਇਹ ਸਿਰਫ਼ ਇਕ ਇਨਸਾਨ ਨੂੰ ਪਿਆਰ ਕਰਨਾ ਨਹੀਂ ਹੈ, ਸਗੋਂ ਦੂਜਿਆਂ ਨੂੰ ਪਿਆਰ ਨਾ ਕਰਨ ਦੀ ਕੀਮਤ ਤੇ ਇਕ ਨੂੰ ਪਿਆਰ ਕਰਨਾ ਹੈ। ਮੈਨੂੰ ਨਹੀਂ ਲੱਗਦਾ ਕਿ ਪਿਆਰ ਅਤੇ ਰੋਮਾਂਸ ਇਹ ਹੁੰਦਾ ਹੈ, ਪਰ ਸਮਾਜ ਵਿਚ ਇਸੇ ਤਰ੍ਹਾਂ ਇਹ ਵਾਪਰਦਾ ਹੈ। ਹੋ ਸਕਦਾ ਹੈ ਕਿ ਇਹ ਜਾਣ-ਬੁੱਝ ਕੇ ਨਾ ਵਾਪਰਦਾ ਹੋਵੇ ਜਾਂ ਅਵਚੇਤਨ ਤੌਰ ‘ਤੇ ਵਾਪਰਦਾ ਹੋਵੇ, ਪਰ ਇਸ ਨੂੰ ‘ਪੂੰਜੀਵਾਦੀ ਵਿਅਕਤੀਵਾਦ’ ਦਾ ਸਿੱਟਾ ਨਾ ਕਹਿਣਾ ਔਖਾ ਲੱਗਦਾ ਹੈ। ਅਜਿਹਾ ਪੂੰਜੀਵਾਦ ਜੋ ਵੰਡ ਕੇ ਜਿੱਤਣਾ ਚਾਹੁੰਦਾ ਹੈ (ਫੁਟ ਪਾਉ ਤੇ ਰਾਜ ਕਰੋ)। ਮੈਂ ਆਪਣਾ ਪਿਆਰ ਅਤੇ ਪ੍ਰਵਾਹ ਖੁੱਲ੍ਹੇ ਤੌਰ ‘ਤੇ ਦੇਣਾ ਚਾਹੁੰਦੇ ਹਾਂ ਅਤੇ ਇਸੇ ਤਰ੍ਹਾਂ ਵਾਪਸ ਚਾਹੁੰਦਾ ਹਾਂ- ਬਿਨਾਂ ਕਿਸੇ ਰੋਮਾਂਟਿਕ ਜਾਂ ਸਰੀਰਕ ਰਿਸ਼ਤੇ ਜਾਂ ਮਜਬੂਰੀ ਦੇ।
ਮੈਂ ਨਹੀਂ ਚਾਹੁੰਦਾ, ਕੋਈ ਮੈਨੂੰ ‘ਪਿਆਰ’ ਕਰੇ। ਮੈਂ ਚਾਹੁੰਦਾ ਹਾਂ ਕਿ ਕੋਈ ਮੇਰੀ ਪ੍ਰਵਾਹ ਕਰੇ, ਤਰਜੀਹ ਦੇਵੇ ਅਤੇ ਮੈਂ ਅਜਿਹੀ ਦੁਨੀਆਂ ਬਣਾਉਣਾ ਚਾਹੁੰਦਾ ਹਾਂ, ਜਿਥੇ ਰੋਮਾਂਟਿਕ ਪਿਆਰ ਅਜਿਹੇ ਹਾਲਾਤ ਦੀ ਸ਼ਰਤ ਨਹੀਂ ਹੈ- ਖ਼ਾਸ ਕਰ ਕੇ ਇਸ ਸਟੇਟ ਅੰਦਰ, ਜਿਸ ਵਿਚ ਕਿਹੜੇ ਸਰੀਰਾਂ (ਇਨਸਾਨ) ਨੂੰ ਪਿਆਰ ਕੀਤਾ ਜਾ ਸਕਦਾ ਹੈ, ਪ੍ਰਵਾਹ ਕੀਤੀ ਜਾ ਸਕਦੀ ਹੈ ਜਾਂ ਨਿਵੇਸ਼ ਕੀਤਾ ਜਾ ਸਕਦਾ ਹੈ, ਇਸ ਦਾ ਘੇਰਾ ਬੜਾ ਹੀ ਸੀਮਿਤ ਹੈ।
ਪਰ ਅਸੀਂ ਇਕ ਦੂਜੇ ਨਾਲ ਇਕ ਦੂਜੇ ਨੂੰ ਆਪਣੇ ਸਰੀਰਕ ਰਿਸ਼ਤਿਆਂ ਅਤੇ ਰੁਚੀਆਂ ਦੇ ਬਾਵਜੂਦ ਜ਼ਿੰਦਾ ਰੱਖਣ ਦਾ ਵਾਅਦਾ ਕਰ ਸਕਦੇ ਹਾਂ। ਸਾਨੂੰ ਇਹ ਕਰਨ ਦੀ ਲੋੜ ਹੈ। ‘ਆਪਣੇ ਆਪ ਤੇ ਭਰੋਸਾ ਰੱਖਣ’ ਵਾਲਾ ਇਹ ਭਰਮ ਨਵ-ਉਦਾਰਵਾਦੀ ਪ੍ਰਬੰਧ ਦੀ ਦੇਣ ਹੈ ਜਿਸ ਦਾ ਇਕੋ-ਇਕ ਕੰਮ ਹੈ- ਪੀੜਤ ਨੂੰ ਦੋਸ਼ੀ ਠਹਿਰਾਉਣਾ। ਇਹ ਲੋਕਾਂ ਨਾਲ ਹੁੰਦੇ ਧੱਕੇ ਨੂੰ ਸੁਤੰਤਰ ਵਿਚਾਰ ਦੇ ਨਾਂ ਹੇਠ ਉਹਨਾਂ ਦਾ ਗੈਰ-ਸਿਆਸੀਕਰਨ ਕਰਨ ਦੀ ਅਤੇ ਸਮਾਜਿਕ ਜਵਾਬਦੇਹੀ ਤੋਂ ਭੱਜਣ ਦੀ ਕੋਸ਼ਿਸ਼ ਹੈ। ਹੁਣ ਸਵਾਲ ਇਹ ਹੈ- ਕੀ ਅਸੀਂ ‘ਪਿਆਰ’ ਦੇ ਬਾਹਰ ਇਕ-ਦੂਜੇ ਦੀ ਪ੍ਰਵਾਹ ਕਰ ਸਕਦੇ ਹਾਂ? ਕੀ ਅਸੀਂ ਉਹ ਜਿਹਨਾਂ ਨੂੰ ਪਿਆਰ ਨਹੀਂ ਮਿਲਦਾ ਅਤੇ ਪਿਆਰ ਕਰਨ ਯੋਗ ਨਹੀਂ ਸਮਝਿਆ ਜਾਂਦਾ, ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਹਾਂ? ਕੀ ਸਾਡੇ ਵਿਚ ਅਜਿਹੀ ਦੁਨੀਆਂ ਬਣਾਉਣ ਦੀ ਹਿੰਮਤ ਹੈ?
#