ਗੁਰਮਤਿ ਅਤੇ ਸਿੱਖ ਧਰਮ ਵਿਚ ਭੇਦ ਹੈ

ਗੁਰਮਤਿ ਅਤੇ ਸਿੱਖੀ ਵਿਚਕਾਰ ਕੀ ਭਿੰਨ ਭੇਦ ਹੈ, ਇਸ ਬਾਰੇ ਤਬਸਰਾ ਸ਼ ਹਾਕਮ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਸੰਸਥਾਵਾਂ ਦੇ ਸੰਸਥਾਈਕਰਨ ਅਤੇ ਇਸ ਦੇ ਸਿੱਖੀ ਉਤੇ ਪਏ ਅਸਰਾਂ ਬਾਰੇ ਚਰਚਾ ਕੀਤੀ ਹੈ। ਰਹਿਤ ਮਰਿਆਦਾ ਦਾ ਇਸ ਸੰਸਥਾਈਕਰਨ ਵਿਚ ਕੀ ਰੋਲ ਹੈ, ਇਸ ਬਾਰੇ ਵੀ ਵਿਚਾਰ ਕੀਤਾ ਗਿਆ ਹੈ। ਸਾਡਾ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ। ਇਸ ਸਬੰਧੀ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ।

-ਸੰਪਾਦਕ

ਹਾਕਮ ਸਿੰਘ

ਸਿੱਖ ਜਗਤ ਵਿਚ ਸਿੱਖ ਧਰਮ ਸ਼ਬਦ-ਜੁੱਟ ਦੋ ਵਖਰੇ ਧਾਰਮਕ ਵਿਸ਼ਵਾਸਾਂ ਲਈ ਵਰਤਿਆ ਜਾਂਦਾ ਹੈ। ਪਹਿਲਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ‘ਤੇ ਆਧਾਰਤ ਹੈ। ਗੁਰਬਾਣੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਿਆਤਮ ਗਿਆਨ ਨੂੰ ਜਾਣਨ, ਸਮਝਣ ਅਤੇ ਉਸ ਅਨੁਸਾਰ ਜੀਵਨ ਢਾਲਣ ਨੂੰ ਧਰਮ ਤੇ ਧਰਮ ਦੇ ਮਾਰਗ ਨੂੰ ਗੁਰਮਤਿ ਆਖਿਆ ਗਿਆ ਹੈ। ਦੂਜਾ ਵਿਸ਼ਵਾਸ ਸਿੱਖ ਰਹਿਤ ਮਰਿਆਦਾ ‘ਤੇ ਆਧਾਰਤ ਹੈ। ਇਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਅਤੇ ਸਿੱਖ ਰਹਿਤ ਮਰਿਆਦਾ ‘ਤੇ ਵਿਸ਼ਵਾਸ ਰੱਖਣ ਵਾਲਾ ਸਿੱਖ ਹੁੰਦਾ ਹੈ। ਇਹ ਧਰਮ ਸਿੱਖ ਇਤਿਹਾਸ ਅਤੇ ਪਰੰਪਰਾਵਾਂ ‘ਤੇ ਆਧਾਰਤ ਸਮਾਜਕ ਇਕਾਈ ਹੈ। ਸਿੱਖ ਸਮਾਜ ਵਿਚ ਇਸ ਧਰਮ ਨੂੰ ਪੰਥ ਆਖਿਆ ਗਿਆ ਹੈ। ਬਹੁਤੇ ਸਿੱਖ ਇਸ ਨੂੰ ਹੀ ਅਸਲੀ ਸਿੱਖ ਧਰਮ ਮੰਨਦੇ ਹਨ। ਸਿੱਖ ਧਰਮ ਅਖਵਾਉਣ ਵਾਲੇ ਇਨ੍ਹਾਂ ਦੋਨੋਂ ਧਰਮਾਂ ਦੀ ਵਿਚਾਰਧਾਰਾ ਅਤੇ ਵਿਹਾਰ ਇਕ ਦੂਜੇ ਤੋਂ ਵਖਰੇ ਹੀ ਨਹੀਂ, ਬਲਕਿ ਵਿਰੁਧ ਹਨ। ਜੋ ਸ਼ਰਧਾਲੂ ਗੁਰਮਤਿ ਵਿਚ ਵਿਸ਼ਵਾਸ ਰੱਖਦੇ ਹਨ, ਉਹ ਰਹਿਤ ਮਰਿਆਦਾ ਤੇ ਪਰੰਪਰਾ ‘ਤੇ ਆਧਾਰਤ ਸਿੱਖ ਧਰਮ ਨੂੰ ਗੁਰਬਾਣੀ ਉਪਦੇਸ਼ ਦੇ ਅਨੁਕੂਲ ਨਹੀਂ ਸਮਝਦੇ। ਇਸ ਦੇ ਉਲਟ ਸਮਾਜਿਕ ਧਰਮ ਦੇ ਬਹੁਤੇ ਉਪਾਸ਼ਕਾਂ ਵਿਚ ਗੁਰਬਾਣੀ ਉਪਦੇਸ਼ ਨੂੰ ਨਜ਼ਰ ਅੰਦਾਜ਼ ਕਰਨ ਦੀ ਪ੍ਰਥਾ ਹੈ।
ਸਿੱਖ ਸਮਾਜ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਪਵਿਤਰ ਗ੍ਰੰਥ ਮੰਨ ਕੇ ਉਸ ਦਾ ਸਤਿਕਾਰ ਕੀਤਾ ਜਾਂਦਾ ਹੈ। ਕਈ ਸ਼ਰਧਾਲੂਆਂ ਦੀ ਗੁਰਬਾਣੀ ਦਾ ਪਾਠ, ਕੀਰਤਨ ਜਾਂ ਵਿਆਖਿਆ ਸੁਣਨ ਵਿਚ ਦਿਲਚਸਪੀ ਹੁੰਦੀ ਹੈ, ਕਈ ਨਿੱਤਨੇਮ ਦਾ ਪਾਠ ਕਰਦੇ ਹਨ ਅਤੇ ਕਈ ਗੁਰਬਾਣੀ ਦੇ ਸੰਕਲਪਾਂ ਬਾਰੇ ਜਾਣਨ ਦੇ ਚਾਹਵਾਨ ਹੁੰਦੇ ਹਨ। ਬਹੁਤੇ ਸਿੱਖ ਵਿਦਵਾਨ ਗੁਰਬਾਣੀ ਦਾ ਅਧਿਐਨ ਅਤੇ ਸਿੱਖ ਧਰਮ ਦੇ ਇਤਿਹਾਸ ਦੀ ਖੋਜ ਰਾਹੀਂ ਅਧਿਆਤਮ ਗਿਆਨ ਨੂੰ ਸਮਝਣ ਦਾ ਯਤਨ ਕਰਦੇ ਹਨ, ਪਰ ਅਧਿਆਤਮ ਗਿਆਨ ਨੂੰ ਗਿਆਨ ਇੰਦਰੀਆਂ ਰਾਹੀਂ ਅਨੁਭਵ ਕਰਨਾ ਅਤੇ ਬੁੱਧੀ ਦੁਆਰਾ ਸਮਝਣਾ ਤੇ ਗ੍ਰਹਿਣ ਕਰਨਾ ਸੰਭਵ ਨਹੀਂ ਹੈ, ਕਿਉਂਕਿ ਅਧਿਆਤਮ ਗਿਆਨ ਨਿਰਾਕਾਰ ਪ੍ਰਭੂ ਦਾ ਗਿਆਨ ਹੋਣ ਕਾਰਨ ਵਿਸ਼ਵਾਸ ਅਤੇ ਸ਼ਰਧਾ ‘ਤੇ ਆਧਾਰਤ ਹੁੰਦਾ ਹੈ। ਬੁੱਧੀ ਦੁਆਰਾ ਤਾਂ ਦਿਖਾਈ ਦੇਣ ਵਾਲੀ ਜਾਂ ਪਦਾਰਥਕ ਜਗਤ ਨਾਲ ਸਬੰਧਤ ਸੰਸਾਰਕ ਜਾਣਕਾਰੀ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਗਿਆਨ ਨੂੰ ਸਮਝਣ ਅਤੇ ਗ੍ਰਹਿਣ ਕਰਨ ਲਈ ਸਿਖਿਆਰਥੀ ਨੂੰ ਉਸ ਗਿਆਨ ਲਈ ਗ੍ਰਹਿਣਸ਼ੀਲ ਮਾਹੌਲ ਦੇ ਅਨੁਕੂਲ ਜੀਵਨ ਧਾਰਨ ਕਰਨ ਦੀ ਲੋੜ ਹੁੰਦੀ ਹੈ। ਗੁਰਬਾਣੀ ਮਨੁੱਖੀ ਹਉਮੈ ਅਤੇ ਸੰਸਾਰ ਦੀ ਤ੍ਰੈਗੁਣੀ ਮਾਇਆ ਦੇ ਪੰਜ ਵਿਸ਼ੇ ਵਿਕਾਰਾਂ ਨੂੰ ਗੁਰਬਾਣੀ ਉਪਦੇਸ਼ ਗ੍ਰਹਿਣ ਕਰਨ ਵਿਚ ਅੜਿੱਕੇ ਆਖਦੀ ਹੈ। ਇਸ ਲਈ ਗੁਰਬਾਣੀ ਉਪਦੇਸ਼ ਨੂੰ ਗ੍ਰਹਿਣ ਕਰਨ ਲਈ ਮਨੁੱਖ ਨੂੰ ਹਉਮੈ ਅਤੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਦੀ ਲੋੜ ਹੁੰਦੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਦੀ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਨਾਲ ਕੇਵਲ ਬਨਾਉਟੀ ਅਤੇ ਜਜ਼ਬਾਤੀ ਸਾਂਝ ਹੈ, ਕਿਉਂਕਿ ਸਿੱਖ ਸਮਾਜ ਵਿਚ ਗੁਰਬਾਣੀ ਉਪਦੇਸ਼ ਨੂੰ ਨਜ਼ਰ-ਅੰਦਾਜ਼ ਕਰਨ ਦੀ ਰੀਤ ਹੈ। ਗੁਰਬਾਣੀ ਵਿਚ ਵਿਚਾਰੇ ਮੁੱਖ ਵਿਸ਼ਿਆਂ ਦਾ ਵੇਰਵਾ ਹੇਠ ਦਿੱਤਾ ਜਾਂਦਾ ਹੈ ਤਾਂ ਜੋ ਸਪਸ਼ਟ ਹੋ ਸਕੇ ਕਿ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਵਿਚ ਇਹ ਵਿਸ਼ੇ ਅਸੰਗਤ ਸਮਝੇ ਗਏ ਹਨ:
ਪ੍ਰਭੂ ਇਕ ਹੈ। ਕੇਵਲ ਉਸੇ ਦੀ ਹੋਂਦ ਹੈ। ਗੁਰਬਾਣੀ ਪ੍ਰਭੂ ਤੋਂ ਇਲਾਵਾ ਹੋਰ ਕਿਸੇ ਦੀ ਹੋਂਦ ਨੂੰ ਨਹੀਂ ਮੰਨਦੀ। ਪ੍ਰਭੂ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਉਹ ਆਪ ਉਸ ਵਿਚ ਵਿਆਪਕ ਹੈ। ਗੁਰਬਾਣੀ ਸ੍ਰਿਸ਼ਟੀ ਨੂੰ ਪ੍ਰਭੂ ਤੋਂ ਵਖਰੀ, ਦੂਜੀ ਅਤੇ ਉਸ ਦੀ ਰਚੀ ਖੇਡ ਦੱਸਦੀ ਹੈ। ਸ੍ਰਿਸ਼ਟੀ ਬਿਨਸਣਹਾਰ ਪਦਾਰਥ ਹੈ ਅਤੇ ਨਿਰੰਤਰ ਬਦਲਣ ਜਾਂ ਜੰਮਣ-ਮਰਨ ਦੇ ਗੇੜ ਵਿਚ ਪਈ ਹੋਈ ਹੈ ਜਦਕਿ ਉਸ ਵਿਚ ਵਿਆਪਕ ਪ੍ਰਭੂ ਅਬਿਨਾਸੀ ਅਤੇ ਨਿਹਚਲ ਹੈ। ਗੁਰਬਾਣੀ ਅਨੁਸਾਰ ਮਨੁੱਖ ਨੂੰ ਸੰਸਾਰ ਵਿਚ ਜੋ ਕੁਝ ਵੀ ਨਜ਼ਰ ਆਉਂਦਾ ਹੈ, ਉਹ ਭਰਮ, ਭੁਲੇਖਾ, ਸੁਪਨਾ ਅਤੇ ਝੂਠ ਹੁੰਦਾ ਹੈ ਕਿਉਂਕਿ ਸੱਚ ਤਾਂ ਕੇਵਲ ਪ੍ਰਭੂ ਹੀ ਹੈ ਅਤੇ ਉਹ ਸੰਸਾਰ ਵਿਚ ਮਨੁੱਖ ਨੂੰ ਨਜ਼ਰ ਨਹੀਂ ਆਉਂਦਾ। ਮਨੁੱਖ ਨਿਰੰਤਰ ਬਦਲ ਰਹੇ ਪਦਾਰਥਕ ਸੰਸਾਰ ਨੂੰ ਹੀ ਦੇਖਣ ਯੋਗ ਹੈ ਅਤੇ ਉਸੇ ਨੂੰ ਸੱਚ ਸਮਝੀ ਜਾਂਦਾ ਹੈ।
ਅਸਲ ਵਿਚ ਸੰਸਾਰਕ ਪਦਾਰਥ ਦੀ ਗਤੀਸ਼ੀਲਤਾ ਨੇ ਸੰਸਾਰ ਨੂੰ ਭਰਮਾਊ ਬਣਾਇਆ ਹੋਇਆ ਹੈ ਕਿਉਂਕਿ ਜੋ ਅਸਤਿਤਵ ਨਿਰੰਤਰ ਬਦਲ ਰਿਹਾ ਹੋਵੇ, ਉਸ ਦੀ ਅਸਲੀਅਤ ਜਾਣਨੀ ਸੰਭਵ ਨਹੀਂ ਹੁੰਦੀ। ਨਿਰੰਤਰ ਬਦਲ ਰਹੇ ਜਗਤ ਦੀ ਸੱਚਾਈ ਇਹ ਹੈ ਕਿ ਜੋ ਅਸਲ ਹੈ, ਉਹ ਬਦਲਣ ਕਰਕੇ ਨਜ਼ਰ ਨਹੀਂ ਆਉਂਦਾ ਅਤੇ ਜੋ ਨਜ਼ਰ ਆਉਂਦਾ ਹੈ, ਉਹ ਬੀਤ ਚੁਕਾ ਹੋਣ ਕਾਰਨ ਅਸਲ ਨਹੀਂ ਹੁੰਦਾ। ਵਿਗਿਆਨੀ ਵੀ ਇਸ ਨਿਰੰਤਰ ਬਦਲ ਰਹੇ ਪਦਾਰਥ ਦੀ ਅਸਲੀਅਤ ਜਾਣਨ ਵਿਚ ਉਲਝੇ ਹੋਏ ਹਨ। ਸੰਤ ਬਿਰਤੀ ਵਾਲੇ ਵਿਗਿਆਨੀ ਆਈਨਸਟਾਇਨ ਨੇ e=ਮਚ2 ਦੇ ਸਿਧਾਂਤ ਨਾਲ ਇਹ ਸਿੱਧ ਕਰ ਦਿੱਤਾ ਸੀ ਕਿ ਦਿਖਾਈ ਦੇਣ ਵਾਲਾ ਪਦਾਰਥ ਅਰਬਾਂ ਗੁਣਾ ਵਿਸ਼ਾਲ ਅਦਿਖ ਊਰਜਾ ਹੁੰਦਾ ਹੈ, ਤੇ ਕੁਐਂਟਮ ਮਕੈਨਿਕਸ ਗਤੀਸ਼ੀਲ ਪਦਾਰਥ ਦੇ ਮੈਟਰ (ੰਅਟਟeਰ) ਅਤੇ ਵੇਵ (ੱਅਵe) ਹੋਣ ਬਾਰੇ ਵਿਚਾਰ ਪੇਸ਼ ਕਰਦੀ ਹੈ; ਪਰ ਪ੍ਰਭੂ ਤਾਂ ਪਦਾਰਥ ਨਹੀਂ ਹੈ, ਤੇ ਨਾ ਹੀ ਨਜ਼ਰ ਆਉਣ ਵਾਲਾ ਅਸਤਿਤਵ ਹੈ। ਇਸ ਲਈ ਉਸ ਦੇ ਰੂਪ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ। ਉਸ ਦੀ ਕਲਪਨਾ ਕਰਨੀ ਇਸ ਲਈ ਵੀ ਸੰਭਵ ਨਹੀਂ, ਕਿਉਂਕਿ ਉਹ ਮਨੁੱਖ ਦਾ ਕਰਤਾ ਹੈ ਅਤੇ ਕਿਰਤ ਵਿਚ ਆਪਣੇ ਕਰਤੇ ਨੂੰ ਜਾਣਨ ਦੀ ਯੋਗਤਾ ਨਹੀਂ ਹੁੰਦੀ। ਗੁਰਬਾਣੀ ਮੂਲ ਮੰਤਰ ਵਿਚ ਪ੍ਰਭੂ ਦੇ ਮਨੁੱਖ ਨੂੰ ਸਮਝ ਆਉਣ ਵਾਲੇ ਕੁਝ ਗੁਣਾਂ ਦਾ ਵਰਣਨ ਕਰਦੀ ਹੈ, ਪਰ ਉਂਜ ਉਸ ਨੂੰ ਬੇਅੰਤ ਅਤੇ ਨਾ ਜਾਣਿਆ ਜਾਣ ਵਾਲਾ ਸੱਚ ਦੱਸਦੀ ਹੈ।
ਗੁਰਬਾਣੀ ਵਿਅਕਤੀ ਨੂੰ ਸੰਬੋਧਤ ਹੈ। ਇਹ ਮਨੁੱਖ ਅਤੇ ਪ੍ਰਭੂ ਦੇ ਸਬੰਧਾਂ ਦਾ ਵਿਸਤਾਰ ਸਹਿਤ ਵਰਣਨ ਕਰਦੀ ਹੈ। ਗੁਰਬਾਣੀ ਮਨੁੱਖ ਨੂੰ ਸਰੀਰ ਅਤੇ ਮਨ ਦਾ ਸੰਜੋਗ ਮੰਨਦੀ ਹੈ। ਸਰੀਰ ਬਿਨਸਣਹਾਰ ਪਦਾਰਥ ਹੈ, ਪਰ ਮਨ ਅਬਿਨਾਸੀ ਹੈ, ਕਿਉਂਕਿ ਉਹ ਜੋਤਿ ਸਰੂਪ ਪ੍ਰਭੂ ਦਾ ਅੰਸ਼ ਹੈ। ਮਨੁੱਖ ਦੀ ਹੋਂਦ ਮਨ ਕਾਰਨ ਹੈ। ਮਨ ਦਾ ਦੁਖਾਂਤ ਇਹ ਹੈ ਕਿ ਜਨਮ ਤੋਂ ਹੀ ਹਉਮੈ ਉਸ ‘ਤੇ ਕਾਬਜ਼ ਹੋਈ ਰਹਿੰਦੀ ਹੈ ਅਤੇ ਸਮਾਜ ਵਿਚ ਉਹ ਤ੍ਰੈਗੁਣੀ ਮਾਇਆ ਦੇ ਭਰਮਜਾਲ ਵਿਚ ਫਸਿਆ ਰਹਿੰਦਾ ਹੈ। ਹਉਮੈ ਪ੍ਰਭੂ ਅਤੇ ਮਨੁੱਖੀ ਮਨ ਵਿਚਕਾਰ ਦੀਵਾਰ ਹੈ। ਹਉਮੈ ਦੀ ਦੀਵਾਰ ਨੂੰ ਮਿਟਾਉਣ ਲਈ ਗੁਰਬਾਣੀ ਮਨੁੱਖ ਨੂੰ ਪ੍ਰਭੂ ਅੱਗੇ ਅਰਦਾਸ ਬੇਨਤੀ ਕਰਨ ਦਾ ਉਪਦੇਸ਼ ਕਰਦੀ ਹੈ ਅਤੇ ਗੁਰਸ਼ਬਦ ਦੀ ਸਹਾਇਤਾ ਨਾਲ ਮਨ ਨੂੰ ਸਾਧ ਕੇ ਪ੍ਰਭੂ ਮਿਲਾਪ ਯੋਗ ਬਣਾਉਣ ਲਈ ਉਦਮ ਕਰਨ ਲਈ ਪ੍ਰੇਰਦੀ ਹੈ। ਇਸ ਦੇ ਨਾਲ ਹੀ ਗੁਰਬਾਣੀ ਮਨੁੱਖ ਨੂੰ ਝੂਠੇ ਸੰਸਾਰ ਵਿਚ ਪਰਿਵਾਰਕ ਅਤੇ ਸਮਾਜਿਕ ਜੀਵਨ ਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦਿਆਂ ਹਲੀਮੀ, ਪਰਉਪਕਾਰ, ਨਿਸ਼ਕਾਮ ਸੇਵਾ ਅਤੇ ਸਬਰ ਸੰਤੋਖ ਵਾਲਾ ਜੀਵਨ ਧਾਰਨ ਕਰਨ ਲਈ ਪ੍ਰੇਰਦੀ ਹੈ।
ਅਧਿਆਤਮ ਗਿਆਨ ਰਾਹੀਂ ਮਨੁੱਖ ਨਿਰਾਕਾਰ ਪ੍ਰਭੂ ਨੂੰ ਅਨੁਭਵ ਕਰਨਯੋਗ ਬਣ ਜਾਂਦਾ ਹੈ। ਗੁਰਬਾਣੀ ਮਾਨਵਤਾ ਵਿਚ ਵੀ ਪ੍ਰਭੂ ਨੂੰ ਅਨੁਭਵ ਕਰਨ ਦਾ ਢੰਗ ਬਿਆਨ ਕਰਦੀ ਹੈ:
ਅਉਗੁਣ ਛੋਡਹੁ ਗੁਣ ਕਰਹੁ
ਐਸੇ ਤਤੁ ਪਰਾਵਹੁ॥ (ਪੰਨਾ 418)
ਅਤੇ
ਗੁਣੀਆ ਗੁਣ ਲੇ ਪ੍ਰਭ ਮਿਲੇ
ਕਿਉ ਤਿਨ ਮਿਲਿਉ ਪਿਆਰਿ॥
ਤਿਨ ਹੀ ਜੈਸੀ ਥੀ ਰਹਾਂ
ਜਪਿ ਜਪਿ ਰਿਦੇ ਮੁਰਾਰਿ॥ (ਪੰਨਾ 936)
ਜੋ ਵਿਅਕਤੀ ਨਿਰਭੈਤਾ ਅਤੇ ਨਿਰਵੈਰਤਾ ਦੇ ਰੱਬੀ ਗੁਣ ਧਾਰਨ ਕਰਨਯੋਗ ਹੋ ਜਾਂਦਾ ਹੈ, ਉਹ ਮਾਨਵਤਾ ਵਿਚ ਪ੍ਰਭੂ ਨੂੰ ਅਨੁਭਵ ਕਰਨਯੋਗ ਵੀ ਬਣ ਜਾਂਦਾ ਹੈ। ਐਸੇ ਗੁਰਮੁਖ ਹੀ ਮਨੁੱਖਤਾ ਨੂੰ ਏਕਤਾ, ਸੁਤੰਤਰਤਾ, ਬਰਾਬਰੀ ਅਤੇ ਸ਼ਾਂਤੀ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੰਦੇ ਹਨ।
ਸਿੱਖ ਧਰਮ ਵਿਚ ਗੁਰਬਾਣੀ ਉਪਦੇਸ਼ ਪ੍ਰਤੀ ਅਨੁਕੂਲਤਾ ਦੀ ਘਾਟ ਹੈ। ਇਸ ਦਾ ਮੂਲ ਕਾਰਨ ਇਹ ਹੈ ਕਿ ਸੰਸਾਰ ਵਿਚ ਮਾਇਆ ਦਾ ਵਿਆਪਕ ਪ੍ਰਭਾਵ ਹੈ ਅਤੇ ਮਾਇਆ ਧਰਮ ਦੀ ਵਿਰੋਧੀ ਹੈ। ਗੁਰਬਾਣੀ ਦੇ ਕਥਨ ਹਨ:
ਮਾਇਆ ਮਮਤਾ ਕਰਤੈ ਲਾਈ॥ (ਪੰਨਾ 1261)
ਅਤੇ
ਇਹੁ ਸੰਸਾਰੁ ਤੇ ਤਬ ਹੀ ਛੁਟਉ
ਜਉ ਮਾਇਆ ਨਹਿ ਲਪਟਾਵਉ॥
ਮਾਇਆ ਨਾਮੁ ਗਰਭ ਜੋਨਿ ਕਾ
ਤਿਹ ਤਜਿ ਦਰਸਨੁ ਪਾਵਉ॥ (ਪੰਨਾ 693)
ਮਾਇਆ ਦੇ ਪ੍ਰਭਾਵ ਕਾਰਨ ਸਮਾਜ ਵਿਚ ਅਧਿਆਤਮਕ ਵਿਚਾਰਧਾਰਾ ‘ਤੇ ਆਧਾਰਤ ਧਰਮ ਨੂੰ ਸੰਸਥਾਗਤ ਰੂਪ ਵਿਚ ਸਥਾਪਤ ਕਰਨਾ ਸੰਭਵ ਨਹੀਂ ਹੁੰਦਾ ਅਤੇ ਜੋ ਵੀ ਧਰਮ ਸੰਸਥਾਗਤ ਰੂਪ ਵਿਚ ਸਥਾਪਤ ਕੀਤਾ ਜਾਂਦਾ ਹੈ, ਉਹ ਮਾਇਆ ਦੇ ਗੁਣਾਂ ਦਾ ਧਾਰਨੀ ਬਣ ਕੇ ਅਧਿਆਤਮਕਤਾ ਦਾ ਵਿਰੋਧੀ ਹੋ ਨਿਬੜਦਾ ਹੈ। ਸਿੱਖ ਧਰਮ ਦੀਆਂ ਜੋ ਵੀ ਸੰਸਥਾਵਾਂ ਸਥਾਪਤ ਹੋਈਆਂ ਹਨ, ਉਹ ਗੁਰਮਤਿ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ। ਗੁਰਮਤਿ ਦੇ ਵਿਪਰੀਤ ਹੋਣ ਕਾਰਨ ਅਜੋਕਾ ਸਿੱਖ ਧਰਮ ਹੁਣ ਬਹੁਤ ਸਾਰੀਆਂ ਸੰਪਰਦਾਵਾਂ ਤੇ ਡੇਰਿਆਂ ਵਿਚ ਵੰਡਿਆ ਗਿਆ ਹੈ ਅਤੇ ਹਰ ਸੰਪਰਦਾ ਤੇ ਡੇਰਾ ਅਸਲੀ ਸਿੱਖ ਧਰਮ ਹੋਣ ਦਾ ਦਾਅਵਾ ਕਰਦਾ ਹੈ।
ਇਸ ਸਮੇਂ ਸਿੱਖ ਧਰਮ ਦੀ ਮੁੱਖ ਸੰਸਥਾਗਤ ਸੰਪਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਸ ਕਮੇਟੀ ਨੂੰ ਗੁਰਦੁਆਰਾ ਐਕਟ ਅਧੀਨ ਚੁਣਿਆ ਜਾਂਦਾ ਹੈ। ਕਾਨੂੰਨ ਅਧੀਨ ਚੁਣੀ ਹੋਣ ਕਾਰਨ ਇਸ ਕਮੇਟੀ ਦੇ ਬਹੁਤੇ ਮੈਂਬਰ ਇਸ ਨੂੰ ਮਿਨੀ ਪਾਰਲੀਮੈਂਟ ਸਮਝਦੇ ਹਨ ਅਤੇ ਸਿੱਖ ਧਰਮ ਨੂੰ ਮਿਨੀ ਸਟੇਟ। ਇਹ ਕਮੇਟੀ ਸਿੱਖ ਧਰਮ ਨੂੰ ਸਮਾਜ ਪ੍ਰਬੰਧ ਵਾਂਗ ਚਲਾਉਂਦੀ ਹੈ। ਗੁਰਦੁਆਰਾ ਐਕਟ ਨੇ ਸਿੱਖ ਧਰਮ ਦੀ ਵਾਗਡੋਰ ਗੁਰਦੁਆਰਾ ਪ੍ਰਬੰਧਕਾਂ ਨੂੰ ਸੰਭਾਲ ਕੇ ਧਰਮ ਸ਼ਾਸਤਰੀਆਂ, ਧਾਰਮਕ ਵਿਦਵਾਨਾਂ ਅਤੇ ਗੁਰਮਤਿ ਦੇ ਸ਼ਰਧਾਲੂਆਂ ਨੂੰ ਧਰਮ ਵਿਚੋਂ ਬੇਦਖਲ ਕਰ ਦਿੱਤਾ ਹੈ। ਸਿੱਖ ਧਰਮ ਵਿਚ ਧਾਰਮਕ ਵਿਦਵਾਨਾਂ ਦੀ ਕੋਈ ਸੰਸਥਾ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੇ ਧਾਰਮਕ ਕਰਤਵ ਆਪਣੇ ਟਹਿਲ-ਪੁਜਾਰੀਆਂ ਨੂੰ ਸੌਂਪ ਦਿੱਤੇ ਹਨ ਜੋ ਪੁਰਾਤਨ ਧਾਰਮਕ ਰੀਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਪੂਜਾ ਪਾਠ ਅਤੇ ਸ਼ਰਧਾਲੂਆਂ ਨੂੰ ਸੰਸਾਰਕ ਇੱਛਾਵਾਂ ਦੀ ਪੂਰਤੀ ਦਾ ਭਰੋਸਾ ਦਿਵਾਉਣ ਲਈ ਕਰਮ ਕਾਂਡ ਕਰਦੇ ਹਨ।
ਸ਼੍ਰੋਮਣੀ ਕਮੇਟੀ ਨੇ ਸਿੱਖ ਰਹਿਤ ਮਰਿਆਦਾ ਦੇ ਨਾਂ ਹੇਠ ਸਿੱਖ ਧਰਮ ਦਾ ਸੰਵਿਧਾਨ ਬਣਾਇਆ ਹੈ। ਰਹਿਤ ਮਰਿਆਦਾ ਵਿਚ ਸਿੱਖ ਦੀ ਪਰਿਭਾਸ਼ਾ ਦੇ ਨਾਲ ਨਾਲ ਗੁਰਮਤਿ ਦੀ ਵਿਆਖਿਆ ਵੀ ਕੀਤੀ ਗਈ ਹੈ ਅਤੇ ਸਿੱਖ ਸਭਿਆਚਾਰ ਨੂੰ ਨਿਯਮਬੱਧ ਕਰ ਕੇ ਪੰਜਾਬੀ ਸਭਿਆਚਾਰ ਨਾਲੋਂ ਵਖਰਾ ਕਰ ਦਿੱਤਾ ਗਿਆ ਹੈ। ਇਸ ਵਿਚ ਸਿੱਖ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ: “ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।”
ਸਿੱਖ ਦੀ ਇਹ ਪਰਿਭਾਸ਼ਾ ਗੁਰਬਾਣੀ ਉਪਦੇਸ਼ ਦੇ ਵਿਪਰੀਤ ਹੈ ਅਤੇ ਸਿੱਖਾਂ ਨੂੰ ਦੂਜੇ ਪੰਜਾਬੀਆਂ ਅਤੇ ਮਨੁੱਖਤਾ ਨਾਲੋਂ ਵੱਖਰਾ ਕਰ ਦਿੰਦੀ ਹੈ। ਸਿੱਖ ਰਹਿਤ ਮਰਿਆਦਾ ਵਿਚ ਗੁਰਮਤਿ ਦੀ ਬਹੁਤ ਅਨੋਖੀ ਵਿਆਖਿਆ ਕੀਤੀ ਗਈ ਹੈ ਜਿਸ ਦੀਆਂ ਕੁਝ ਮਦਾਂ ਇਸ ਪ੍ਰਕਾਰ ਹਨ:
“ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ ਕਿਸੇ ਅਨਧਰਮੀ ਦਾ ਦਿਲ ਨ ਦੁਖਾਵੇ; ਹਰ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ; ਸਿੱਖ ਮਰਦ ਅਥਵਾ ਇਸਤਰੀ ਨੂੰ ਨੱਕ ਕੰਨ ਛੇਦਣਾ ਮਨ੍ਹਾ ਹੈ; ਸਿੱਖ ਇਸਤਰੀਆਂ ਲਈ ਪਰਦਾ ਜਾਂ ਘੁੰਡ ਕੱਢਣਾ ਉਚਿਤ ਨਹੀਂ; ਅਤੇ ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁਟ ਪੁਸ਼ਾਕ ਸਬੰਧੀ ਬਾਕੀ ਕੋਈ ਪਾਬੰਦੀ ਨਹੀਂ। ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ, ਦੋਵੇਂ ਠੀਕ ਹਨ।”
ਸਿੱਖ ਰਹਿਤ ਮਰਿਆਦਾ ਦੀ ਅਰਦਾਸ ਵਿਚ ਗੁਰਸ਼ਬਦ ਰਾਹੀਂ ਮਨੁੱਖੀ ਮਨ ਨੂੰ ਸਾਧਣ ਦੀ ਬੇਨਤੀ ਦੀ ਥਾਂ ਸ਼ਰਧਾਲੂ ਦੀ ਰੱਛਿਆ ਰਿਆਇਤ, ਸੁੱਖ ਅਤੇ ਸਫਲਤਾ ਦੀ ਮੰਗ ਕੀਤੀ ਜਾਂਦੀ ਹੈ।
ਸਿੱਖ ਧਾਰਮਕ ਸਮਾਜ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਪੂਰੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਤਾਂ ਕੀਤਾ ਜਾਂਦਾ ਹੈ, ਪਰ ਇਹ ਸ਼ਰਧਾ ਅੰਧਮਈ ਹੁੰਦੀ ਹੈ, ਕਿਉਂਕਿ ਸਿੱਖ ਸਮਾਜ ਵਿਚ ਗੁਰਬਾਣੀ ਦੇ ਉਪਦੇਸ਼ ਨੂੰ ਅਣਡਿੱਠ ਕਰਨ ਦੀ ਰੀਤ ਹੈ। ਕਈ ਸਿੱਖ ਸ਼ਰਧਾਲੂ ਤੇ ਸਿੱਖ ਰਹਿਤ ਮਰਿਆਦਾ ਨੂੰ ਗੁਰਬਾਣੀ ਉਪਦੇਸ਼ ਨਾਲੋਂ ਵੀ ਵਧੇਰੇ ਅਹਿਮ ਸਮਝਦੇ ਹਨ। ਅਸਲ ਵਿਚ ਕੋਈ ਤਿੰਨ ਸੌ ਸਾਲ ਤੋਂ ਗੁਰਬਾਣੀ ਦੀ ਥਾਂ ਰਹਿਤ ਮਰਿਆਦਾ ਹੀ ਸਿੱਖ ਧਰਮ ਦੀ ਮੁੱਖ ਧਾਰਾ ਬਣੀ ਹੋਈ ਹੈ। ਇਹ ਪ੍ਰਥਾ ਗੁਰੂ ਸਾਹਿਬਾਨ ਦੇ ਪਰਿਵਾਰਕ ਵਿਰੋਧੀਆਂ ਅਤੇ ਉਨ੍ਹਾਂ ਦੇ ਉਦਾਸੀ ਤੇ ਨਿਰਮਲੇ ਸਹਿਯੋਗੀਆਂ ਨੇ ਪ੍ਰਚਲਿਤ ਕੀਤੀ ਸੀ।
ਅਸਲ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਗੁਰੂ ਸਾਹਿਬ ਦੇ ਪਰਿਵਾਰਕ ਵਿਰੋਧੀਆਂ ਨੇ ਆਪਣੀਆਂ ਸਮਾਨੰਤਰ ਵੱਖਰੀਆਂ ਗੁਰਗੱਦੀਆਂ ਨਾਲ ਸਨਾਤਨੀ ਧਾਰਮਕ ਰੀਤਾਂ ਅਤੇ ਕਰਮ ਕਾਂਡ ਜੋੜ ਕੇ ਗੁਰਮਤਿ ਵਿਰੁਧ ਆਪਣੇ ਵਖਰੇ ਧਾਰਮਕ ਕੇਂਦਰ ਸਥਾਪਤ ਕਰ ਲਏ ਸਨ ਅਤੇ ਨਿਰੋਲ ਗੁਰਮਤਿ ਦੇ ਪ੍ਰਚਾਰ ਨੂੰ ਖਤਮ ਕਰਨ ਦਾ ਤਹੱਈਆ ਕਰ ਲਿਆ ਸੀ। ਉਨ੍ਹਾਂ ਵਲੋਂ ਗੁਰਮਤਿ ਪ੍ਰਚਾਰ ਦਾ ਵਿਰੋਧ ਵਧਦਾ ਵਧਦਾ ਭਿਆਨਕ ਰੂਪ ਧਾਰਨ ਕਰ ਗਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗਲ ਸ਼ਾਸਨ ਵਲੋਂ ਗੁਰਮਤਿ ਦੇ ਧਾਰਨੀਆਂ ਦੀ ਨਸਲਕੁਸ਼ੀ ਉਪਰੰਤ ਗੁਰੂ ਸਾਹਿਬ ਦੇ ਵਿਰੋਧੀਆਂ ਨੇ ਉਦਾਸੀ ਤੇ ਨਿਰਮਲਿਆਂ ਨਾਲ ਮਿਲ ਕੇ ਗੁਰਮਤਿ ਸੰਚਾਰ ਬੰਦ ਕਰਵਾ ਦਿੱਤਾ ਅਤੇ ਉਸ ਦੀ ਥਾਂ ਆਪਣਾ ਗੁਰਮਤਿ ਵਿਰੋਧੀ ਸਿੱਖ ਧਰਮ ਸਥਾਪਤ ਕਰ ਲਿਆ।
ਗੁਰਮਤਿ ਦੀ ਥਾਂ ਗੁਰੂ ਸਾਹਿਬਾਨ ਦੇ ਵਿਰੋਧੀਆਂ ਵਲੋਂ ਸਨਾਤਨੀ ਰੀਤਾਂ ‘ਤੇ ਆਧਾਰਤ ਸਿੱਖ ਧਰਮ ਦੀ ਸਥਾਪਨਾ ਦਾ ਬਹੁਤ ਪੇਚੀਦਾ ਅਤੇ ਅਣਗੌਲਿਆ ਇਤਿਹਾਸ ਹੈ। ਗੁਰਮਤਿ ਦਾ ਵਿਰੋਧ ਗੁਰੂ ਨਾਨਕ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਗੁਰੂ ਨਾਨਕ ਦੇ ਫਰਜੰਦ ਸ੍ਰੀ ਚੰਦ ਨੇ ਗੁਰਮਤਿ ਦੀ ਥਾਂ ਉਦਾਸੀ ਮਤ ਧਾਰਨ ਕਰ ਲਿਆ ਸੀ ਜਿਸ ਦਾ ਜ਼ਿਕਰ ਸੱਤੇ ਤੇ ਬਲਵੰਡ ਨੇ ਆਪਣੀ ਵਾਰ ਵਿਚ ਕੀਤਾ ਹੈ:
ਪੁਤ੍ਰੀ ਕਉਲੁ ਨ ਪਾਲਿਓ
ਕਰਿ ਪੀਰਹੁ ਕੰਨ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨਿ
ਬੰਨ ਭਾਰੁ ਉਚਾਇਨਿ ਛਟੀਐ॥ (ਪੰਨਾ 967)
ਗੁਰੂ ਅੰਗਦ ਦੇਵ ਜੀ ਨੂੰ ਆਪਣਾ ਟਿਕਾਣਾ ਬਦਲ ਕੇ ਖਡੂਰ ਸਾਹਿਬ ਬਣਾਉਣਾ ਪਿਆ ਸੀ। ਗੁਰੂ ਅੰਗਦ ਸਾਹਿਬ ਦਾ ਪੁੱਤਰ ਦਾਤੂ ਜੀ, ਆਪਣੇ ਆਪ ਨੂੰ ਗੁਰਗੱਦੀ ਦਾ ਵਾਰਸ ਸਮਝਦਾ ਸੀ ਅਤੇ ਗੁਰੂ ਅਮਰਦਾਸ ਜੀ ਨਾਲ ਦੁਰਵਿਹਾਰ ਕਰਦਾ ਸੀ। ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਛੱਡਣਾ ਪਿਆ ਸੀ ਅਤੇ ਉਨ੍ਹਾਂ ਗੋਇੰਦਵਾਲ ਸਾਹਿਬ ਆਪਣਾ ਟਿਕਾਣਾ ਬਣਾਇਆ। ਗੁਰੂ ਅਮਰਦਾਸ ਜੀ ਦੇ ਪੁੱਤਰ, ਗੁਰੂ ਰਾਮਦਾਸ ਜੀ ਨੂੰ ਗੁਰੂ ਪ੍ਰਵਾਨ ਕਰਨ ਲਈ ਰਾਜ਼ੀ ਨਹੀਂ ਸਨ। ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਛੱਡ ਕੇ ਅੰਮ੍ਰਿਤਸਰ ਵਸਾਉਣਾ ਪਿਆ। ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਪ੍ਰਿਥੀ ਚੰਦ, ਗੁਰੂ ਅਰਜਨ ਦੇਵ ਜੀ ਨੂੰ ਗੁਰੂ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ। ਉਹ ਗੁਰਗੱਦੀ ਅਤੇ ਸੰਪਤੀ ਨੂੰ ਲੈ ਕੇ ਗੁਰੂ ਅਰਜਨ ਨਾਲ ਬਹੁਤ ਨਾਰਾਜ਼ ਸੀ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਲਈ ਕਾਫੀ ਹੱਦ ਤਕ ਜ਼ਿੰਮੇਵਾਰ ਵੀ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਗੁਰਮਤਿ ਸੰਚਾਰ ਦਾ ਵਿਰੋਧ ਹੋਰ ਵਧ ਗਿਆ।
ਗੁਰਮਤਿ ਪ੍ਰਚਾਰ ਵਿਚ ਰੁਕਾਵਟਾਂ ਪਾਉਣ ਲਈ ਵਿਰੋਧੀਆਂ ਨੇ ਸਾਜ਼ਿਸ਼ਾਂ ਰਚ ਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਫਜ਼ੂਲ ਜੰਗਾਂ ਵਿਚ ਉਲਝਾ ਦਿੱਤਾ। ਆਖਰ ਨੂੰ ਗੁਰੂ ਸਾਹਿਬ ਨੂੰ ਅੰਮ੍ਰਿਤਸਰ ਛੱਡ ਕੇ ਪੁਆਧ ਵਿਚ ਕੀਰਤਪੁਰ ਸਾਹਿਬ ਨੂੰ ਟਿਕਾਣਾ ਬਣਾਉਣਾ ਪਿਆ। ਉਨ੍ਹਾਂ ਦੇ ਅੰਮ੍ਰਿਤਸਰ ਛੱਡਣ ‘ਤੇ ਮੀਣਿਆਂ ਅਤੇ ਧੀਰਮੱਲੀਆਂ ਨੇ ਆਪੋ ਆਪਣੀਆਂ ਗੱਦੀਆਂ ਸਥਾਪਤ ਕਰ ਲਈਆਂ। ਧੀਰਮੱਲੀਆਂ ਨੇ ਤਾਂ ਗੁਰਗੱਦੀ ‘ਤੇ ਆਪਣੇ ਹੱਕ ਨੂੰ ਰੱਬੀ ਹੁਕਮ ਬਣਾਉਣ ਲਈ ਭਾਈ ਗੁਰਦਾਸ ਦੀ ਲਿਖੀ ਪੋਥੀ ਸਾਹਿਬ ਜੋ ਉਨ੍ਹਾਂ ਦੇ ਕਬਜ਼ੇ ਵਿਚ ਸੀ, ਵਿਚ ਗੁਰਗੱਦੀ ਤੇ ਪਰਿਵਾਰ ਦੀ ਮਲਕੀਅਤ ਦਾ ਹੁਕਮ ਵੀ ਦਰਜ ਕਰ ਲਿਆ, ਪਰ ਗੁਰਗੱਦੀ ਦੇ ਦਾਅਵੇਦਾਰ ਵਧਦੇ ਗਏ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ‘ਤੇ ਗੁਰਗੱਦੀ ਦਾ ਮੁਤਾਲਬਾ ਕਰਨ ਵਾਲਿਆਂ ਦੀ ਭੀੜ ਬਾਬੇ ਬਕਾਲੇ ਲੱਗ ਗਈ। ਬਾਬਾ ਤੇਗ ਬਹਾਦਰ ਜੀ ਦੇ ਗੁਰੂ ਥਾਪੇ ਜਾਣ ‘ਤੇ ਗੁਰਗੱਦੀ ਦੇ ਅਭਿਲਾਸ਼ੀਆਂ ਨੇ ਗੁਰੂ ਸਾਹਿਬ ਵਿਰੁਧ ਹਿੰਸਕ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਤੇਗ ਬਹਾਦਰ ਜੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਤਲੁਜ ਦੇ ਪੱਛਮ ਵਿਚ ਗੁਰਮਤਿ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਗਿਆ। ਉਸ ਸਮੇਂ ਦਾ ਇਤਿਹਾਸ ਕਿਉਂਕਿ ਗੁਰੂ ਸਾਹਿਬ ਦੇ ਵਿਰੋਧੀਆਂ ਦੇ ਸਹਿਯੋਗੀਆਂ ਵਲੋਂ ਰਚਿਆ ਗਿਆ ਹੈ, ਉਨ੍ਹਾਂ ਵਲੋਂ ਰਚੇ ਮਿਥਿਹਾਸ ਵਿਚ ਗੁਰੂ ਸਾਹਿਬ ਵਿਰੁਧ ਰਚੀਆਂ ਸਾਜ਼ਿਸ਼ਾਂ ਦਾ ਵੇਰਵਾ ਨਹੀਂ ਮਿਲਦਾ।
ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਗੁਰਮਤਿ ਦਾ ਸੰਚਾਰ ਕਰਨ ਤੋਂ ਰੋਕਣ ਲਈ ਵਿਰੋਧੀਆਂ ਨੇ ਸਾਜ਼ਿਸ਼ਾਂ ਰਚ ਕੇ ਜੰਗਾਂ ਵਿਚ ਉਲਝਾਈ ਰਖਿਆ। ਬਹੁਤੇ ਲੇਖਕ ਉਨ੍ਹਾਂ ਨੂੰ ਗੁਰੂ ਨਾਨਕ ਵਿਚਾਰਧਾਰਾ ਦੀ ਦਸਵੀਂ ਜੋਤ ਸਿੱਧ ਕਰਨ ਦੀ ਥਾਂ ਵੱਡਾ ਫੌਜੀ ਜਰਨੈਲ ਅਤੇ ਸੰਗਠਕ ਪ੍ਰਚਾਰਨ ‘ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਉਨ੍ਹਾਂ ਨੂੰ ਤਾਂ ਕੇਵਲ ਦਮਦਮਾ ਸਾਹਿਬ ਵਿਚ ਹੀ ਬਹੁਤ ਥੋੜ੍ਹਾ ਸਮਾਂ ਸ਼ਾਂਤੀ ਨਾਲ ਰਹਿ ਕੇ ਗੁਰਬਾਣੀ ਉਪਦੇਸ਼ ਦਾ ਸੰਚਾਰ ਕਰਨ ਦਾ ਮੌਕਾ ਮਿਲਿਆ ਸੀ। ਉਸ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦਮਦਮੀ ਬੀੜ ਦਾ ਸੰਕਲਨ ਅਤੇ ਉਸ ਦੀ ਬਾਣੀ ਨੂੰ ਸਿੱਖ ਜਗਤ ਦਾ ਸ਼ਬਦ ਗੁਰੂ ਐਲਾਨ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਿੱਖ ਧਰਮ ਦਾ ਸਦੀਵੀ ਰਾਹਨੁਮਾ ਥਾਪ ਦਿੱਤਾ।
ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਬਾਬਾ ਬੰਦਾ ਬਹਾਦਰ ਧਾਰਮਕ ਆਗੂਆਂ ਨਾਲ ਇਕ ਸਾਲ ਤੋਂ ਵੱਧ ਸਮਾਂ ਵਿਚਾਰ-ਵਟਾਂਦਰਾ ਕਰਦਾ ਰਿਹਾ ਸੀ। ਉਸ ਸਮੇਂ ਦੌਰਾਨ ਹੀ ਉਸ ਨੇ ਗੁਰਬਾਣੀ ਉਪਦੇਸ਼ ਅਤੇ ਗੁਰੂ ਸਾਹਿਬ ਦੀ ਨੀਤੀ ਵਿਰੁਧ ਮੁਗਲ ਸ਼ਾਸਨ ਤੋਂ ਬਦਲਾ ਲੈਣ ਲਈ ਹਮਲਾ ਕਰਨ ਦੀ ਵਿਉਂਤ ਬਣਾਈ ਸੀ। ਉਸ ਦੇ ਮੁਗਲ ਰਾਜ ‘ਤੇ ਹਮਲੇ ਕਾਰਨ ਗੁਰਮਤਿ ਦੇ ਧਾਰਨੀ ਸਿੱਖ ਸ਼ਰਧਾਲੂ ਸ਼ਹੀਦ ਹੋ ਗਏ ਅਤੇ ਗੁਰੂ ਨਾਨਕ ਵਲੋਂ ਚਲਾਈ ਗੁਰਮਤਿ ਸੰਚਾਰ ਦੀ ਪ੍ਰਥਾ ਸਮਾਪਤ ਹੋ ਗਈ। ਸਾਰੇ ਸਿੱਖ ਧਾਰਮਕ ਕੇਂਦਰਾਂ ‘ਤੇ ਗੁਰੂ ਸਾਹਿਬਾਨ ਦੇ ਪਰਿਵਾਰਕ ਵਿਰੋਧੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਉਦਾਸੀ ਤੇ ਨਿਰਮਲੇ ਪੁਜਾਰੀਆਂ ਦੇ ਕਬਜ਼ੇ ਹੋ ਗਏ। ਉਦਾਸੀਆਂ ਨੇ ਆਪਣਾ ਸਨਾਤਨੀ ਪ੍ਰਥਾ ‘ਤੇ ਆਧਾਰਤ ਸਿੱਖ ਧਰਮ ਕਾਇਮ ਕਰ ਲਿਆ। ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹੋ ਗੁਰਮਤਿ ਨਾਲੋਂ ਟੁੱਟਿਆ ਉਦਾਸੀ ਸਿੱਖ ਧਰਮ ਪ੍ਰਚਲਿਤ ਸੀ ਅਤੇ ਸਿੰਘ ਸਭਾਵਾਂ ਵਲੋਂ ਕੁਝ ਸੁਧਾਰ ਉਪਰੰਤ ਅੱਜ ਵੀ ਸਿੱਖ ਧਰਮ ਦੀ ਮੁੱਖ ਧਾਰਾ ਬਣਿਆ ਹੋਇਆ ਹੈ।
ਜਾਗਰੂਕ ਸਿੱਖਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਉਹ ਗੁਰਮਤਿ ਵਿਚਾਰਧਾਰਾ ਦੀ ਸਿੱਖ ਪੁਜਾਰੀਆਂ ਵਲੋਂ ਹੋ ਰਹੇ ਵਿਰੋਧ ਬਾਰੇ ਵਧੇਰੇ ਚੇਤੰਨ ਹੋ ਰਹੇ ਹਨ। ਉਧਰ ਸਿੱਖ ਪੁਜਾਰੀ, ਸ਼ਰਧਾਲੂਆਂ ਨੂੰ ਲੁਭਾਉਣ ਅਤੇ ਪ੍ਰਭਾਵਿਤ ਕਰਨ ਲਈ ਨਵੇਂ ਨਵੇਂ ਵਪਾਰਕ ਢੰਗ ਵਰਤ ਰਹੇ ਹਨ ਤੇ ਧਾਰਮਕ ਆਗੂ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਸ਼ਰਧਾਲੂਆਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ ਹੋਏ ਹਨ।
ਸਿੱਖ ਧਰਮ ਹੁਣ ਸਾਰੀ ਦੁਨੀਆਂ ਵਿਚ ਫੈਲ ਚੁਕਾ ਹੈ ਅਤੇ ਸੰਸਾਰ ਭਰ ਵਿਚ ਇਸ ਦੇ ਸੰਦੇਸ਼ ਤੇ ਸੰਜੀਦਗੀ ਨਾਲ ਵਿਚਾਰ ਹੋਣ ਲੱਗ ਪਈ ਹੈ। ਗੁਰਬਾਣੀ ਦੇ ਮਨੁੱਖੀ ਸੁਤੰਤਰਤਾ ਅਤੇ ਬਰਾਬਰੀ ਦੇ ਮਾਨਵਵਾਦੀ ਉਪਦੇਸ਼ ਦੇ ਸਾਰਥਕ ਪ੍ਰਸਾਰਨ ਵਿਚ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦੀ ਕਾਰਗੁਜ਼ਾਰੀ ਤੇ ਪ੍ਰਭਾਵ ਨੂੰ ਭਾਰੀ ਰੁਕਾਵਟ ਮਹਿਸੂਸ ਕੀਤਾ ਜਾਂਦਾ ਹੈ।