ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ,
ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਉਨ੍ਹਾਂ ਪਿੰਡਾਂ ਵਿਚ ਜੰਮੇ-ਪਲੇ ਪਾਠਕਾਂ ਨੂੰ ਪਿੰਡ ਦੀਆਂ ਨਿਆਮਤਾਂ ਚੇਤੇ ਕਰਵਾਈਆਂ ਸਨ ਕਿ ਖੂਹ ਦੇ ਔਲੂ ‘ਚ ਕੋਸੇ ਪਾਣੀਆਂ ਵਿਚ ਲਾਈਆਂ ਡੁਬਕੀਆਂ ਦਾ ਕਿਵੇਂ ਘਰਾਂ ਦੀਆਂ ਟੂਟੀਆਂ ‘ਚੋਂ ਟਪਕਦੇ ਪਾਣੀ ਸੰਗ ਇਸ਼ਨਾਨ ਦਾ ਮੁਕਾਬਲਾ ਕਰਦਾ ਹੋਵੇਗਾ? ਡਾæ ਭੰਡਾਲ ਨੇ ਦੱਸਿਆ ਸੀ ਕਿ ਆਸ ਵਿਹੂਣੇ ਮਨੁੱਖ, ਤਿੜਕੀ ਜ਼ਿੰਦਗੀ ਦੇ ਮਨਹੂਸ ਖੰਡਰਾਤ ਹੁੰਦੇ ਨੇ, ਜਿਨ੍ਹਾਂ ਲਈ ਜੀਵਨ, ਸੁੱਕਣੇ ਪਏ ਸਾਹਾਂ ਦੀ ਹਟਕੋਰੇ ਭਰਦੀ ਲੋਅ ਹੁੰਦਾ ਏ। ਪਿਛਲੇ ਲੇਖ ਵਿਚ ਉਨ੍ਹਾਂ ਨਸੀਹਤ ਦਿੱਤੀ ਸੀ ਕਿ ਸੰਦਲੀ ਰੁੱਤ ਦੀ ਦਹਿਲੀਜ਼ ‘ਤੇ ਪੈਰ ਧਰਨ ਵਾਲਿਉ, ਇਸ ਰਿਸ਼ਤੇ ‘ਚ ਬੱਝਣ ਵੇਲੇ, ਮਖੌਟੇ ਉਤਾਰ ਦੇਵੋ, ਮਨ ਦੀਆਂ ਕਾਲਖੀ ਪਰਤਾਂ ਨੂੰ ਚਾਨਣ ਸੰਗ ਧੋਵੋ, ਇਕ ਦੂਜੇ ਦੇ ਸਾਹਾਂ ਦੀ ਮਹਿਕ ਦਾ ਸਿਰਨਾਵਾਂ ਬਣੋ। ਹਥਲੇ ਲੇਖ ਵਿਚ ਮਿੱਤਰਤਾ ਦੀ ਗੱਲ ਕਰਦਿਆਂ ਕਿਹਾ ਹੈ ਕਿ ਮਿੱਤਰਤਾ ‘ਚ ਮੋੜ-ਮੁੜਾਈ ਨਹੀਂ ਹੁੰਦੀ ਅਤੇ ਨਾ ਹੀ ਬਾਣੀਏ ਦੇ ਵਹੀ-ਖਾਤੇ ਵਾਂਗੂੰ ਜੋੜ-ਘਟਾਉ ਵਰਗੀਆਂ ਮਾਨਸਿਕ ਗੁੰਝਲਾਂ ‘ਚੋਂ ਗੁਜਰਨ ਦੀ ਲੋੜ ਹੁੰਦੀ ਏ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਦੋਸਤ ਉਹ ਸ਼ਖਸ ਹੁੰਦਾ ਏ, ਜੋ ਤੁਹਾਡੇ ਸਾਹਾਂ ‘ਚ ਰਚਿਆ ਸਾਹ ਹੋਵੇ, ਹਨੇਰਿਆਂ ‘ਚ ਰਾਹ ਬਣਾਉਂਦੀ ਰੋਸ਼ਨ-ਰਾਹ ਹੋਵੇ, ਤੁਹਾਡੇ ਮੁਖੜੇ ‘ਤੇ ਖੇਡਦੀ ਉਸ ਦੀ ਸੁਨਹਿਰੀ ਭਾਅ ਹੋਵੇ ਅਤੇ ਉਸ ਦੇ ਬੋਲਾਂ ‘ਚ ਰਚੀ ਤੁਹਾਡੇ ਲਈ ਦੁਆ ਹੋਵੇ।
ਮਿੱਤਰਤਾ ਦੀ ਮਸ਼ਾਲ ਨਾਲ ਸਾਡਾ ਚੁਫੇਰਾ ਜਗਮਗਾਉਂਦਾ ਏ, ਕੋਸੇ-ਕੋਸੇ ਸਾਹਾਂ ਵਰਗੀ ਸਾਂਝ ਦਾ ਅਹਿਸਾਸ ਉਪਜਾਉਂਦਾ ਏ ਅਤੇ ਸਦੀਵੀ ਮੋਹ ਦਾ ਚੌਮੁਖੀਆ ਦੀਵਾ, ਸਾਡੀ ਸਰਦਲ ‘ਤੇ ਜਗਾਉਂਦਾ ਏ।
ਦੋਸਤੀ ਦੇ ਦਾਇਰੇ ਸੀਮਤ ਹੁੰਦੇ ਨੇ ਭਾਵੇਂ ਜਾਣ-ਪਛਾਣ ਵਾਲਿਆਂ ਦੀ ਭੀੜ ਤੁਹਾਡੇ ਦੁਆਲੇ ਬਥੇਰੀ ਹੁੰਦੀ ਹੈ। ਹਰ ਜਾਣੂੰ ਨੂੰ ਦੋਸਤ ਨਹੀਂ ਬਣਾਇਆ ਜਾ ਸਕਦਾ ਅਤੇ ਨਾ ਹੀ ਹਰੇਕ ਵਿਅਕਤੀ ਦੋਸਤ ਬਣਨ ਦੇ ਕਾਬਲ ਹੁੰਦਾ ਏ। ਵਿਚਾਰਾਂ ਦੀ ਸਾਂਝ, ਸਮਾਨੰਤਰ ਪਰਿਵਾਰਕ ਪਿਛੋਕੜ, ਸੁਹਿਰਦਤਾ, ਸਪੱਸ਼ਟਤਾ ਅਤੇ ਸੰਤੁਲਿਤ ਸ਼ਖਸੀਅਤ, ਦੋਸਤੀ ਦੀਆਂ ਨੀਂਹਾਂ ਹੁੰਦੇ ਨੇ, ਜਿਨ੍ਹਾਂ ‘ਤੇ ਸਦੀਵੀ ਸਾਂਝ ਦੇ ਧੌਲਰ, ਦੋਸਤ ਵਰਗਾ ਉਤਮ ਦਰਜਾ ਪ੍ਰਾਪਤ ਕਰਨ ਦੇ ਸਮਰੱਥ ਹੁੰਦੇ ਹਾਂ। ਪ੍ਰਚਲਿਤ ਦੋਸਤੀ ਤਾਂ ਨਿਜੀ ਮੁਫਾਦ ਦੀ ਕਰਮਭੂਮੀ ‘ਤੇ ਉਸਾਰੀ ਹੋਈ ਖੋਖਲੀ ਦੀਵਾਰ ਹੁੰਦੀ ਏ, ਜਿਹੜੀ ਦੁੱਖ, ਕਸ਼ਟ ਜਾਂ ਔਖਾ ਸਮਾਂ ਆਉਣ ‘ਤੇ ਆਪਣੀ ਹੋਂਦ ਤੋਂ ਵੀ ਮੁੱਕਰ ਜਾਂਦੀ ਹੈ।
ਦੋਸਤੀ ਦੇ ਦਰਵਾਜੇ ਬੜੇ ਬੁਲੰਦ ਹੁੰਦੇ ਨੇ, ਜਿਹੜੇ ਜੀਵਨ ਦੇ ਹਰੇਕ ਰੰਗ ਨੂੰ ਜੀ ਆਇਆਂ ਕਹਿੰਦੇ, ਅਪਣੱਤ ਦਾ ਪਲੰਘ ਵਿਹੜੇ ‘ਚ ਡਾਹੁੰਦੇ ਨੇ, ਕਰੂਰ ਹਕੀਕਤਾਂ ਨਾਲ ਸੰਵਾਦ ਰਚਾਉਂਦੇ ਨੇ ਅਤੇ ਆਪਸੀ ਮੋਹ ਦੀਆਂ ਪੀਡੀਆਂ ਗੰਢਾਂ ‘ਚ ਬੰਨੇ ਹੋਏ, ਨਰੋਏ ਜੀਵਨ ਜਾਚ ਦੀ ਜਾਚਨਾ ਕਰਦੇ ਨੇ।
ਦੋਸਤੀ ਦੇ ਦਿਸਹੱਦੇ ਬਹੁਤ ਉਚੇਰੇ ਹੁੰਦੇ ਨੇ, ਜਿਨ੍ਹਾਂ ‘ਤੇ ਪਹੁੰਚਣ ਲਈ ਬਿਖੜੇ ਪੈਂਡਿਆਂ ‘ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਉਕਰਨੇ ਪੈਂਦੇ ਨੇ, ਭੁੱਖ ਤੇ ਪਿਆਸ ਦੀ ਕਸਵੱਟੀ ‘ਤੇ ਖਰਾ ਉਤਰਨਾ ਪੈਂਦਾ ਏ ਅਤੇ ਉਮਰਾਂ ਵਰਗਾ ਲੰਮੇਰਾ ਸਾਥ ਨਿਭਾਉਣ ਦੀ ਧਾਰਨਾ ਮਨ ‘ਚ ਪਾਲਣੀ ਪੈਂਦੀ ਏ।
ਦੋਸਤੀਆਂ ਦੇ ਦਾਈਏ ਬੰਨਣ ਵਾਲੇ ਦਰਅਸਲ ਕਈ ਵਾਰ ਦੋਸਤੀ ਦੇ ਅਰਥਾਂ ਤੋਂ ਅਣਜਾਣ, ਸ਼ਾਬਦਿਕ ਸੋਚ ਤੱਕ ਹੀ ਸੀਮਤ ਰਹਿੰਦੇ ਨੇ। ਦੋਸਤੀ ਤਾਂ ਸਮਾਂ ਆਉਣ ‘ਤੇ ਆਪਣੇ ਆਪ ਹੀ ਪਰਖੀ ਜਾਂਦੀ ਏ। ਤੁਹਾਡੀ ਅਣਹੋਂਦ ‘ਚ, ਦੋਸਤੀ ਦਾ ਦਮ ਭਰਨ ਵਾਲੇ ਹੀ ਸਹੀ ਮਾਅਨਿਆਂ ‘ਚ ਤੁਹਾਡੇ ਦੋਸਤ ਹੁੰਦੇ ਨੇ ਅਤੇ ਦੋਸਤੀ ਦੇ ਨਾਂ ‘ਤੇ ਆਪਣਾ ਆਪ ਵੀ ਦਾਅ ‘ਤੇ ਲਾਉਣ ਲਈ ਤਤਪਰ ਰਹਿੰਦੇ ਨੇ।
ਪਰਾਇਆ ਧਨ, ਪਰਾਇਆ ਮਨ ਅਤੇ ਪਰਾਇਆ ਤਨ ਦੋਸਤੀ ਦੇ ਅਜਿਹੇ ਦੁਸ਼ਮਣ ਨੇ ਜੋ ਚਿਰਾਂ ਦੀ ਸਾਂਝ ਨੂੰ ਵੀ ਪਲਾਂ ‘ਚ ਖਤਮ ਕਰ ਦਿੰਦੇ ਨੇ ਅਤੇ ਦੋਸਤੀ ਦਾ ਤਾਬੂਤ ਜ਼ਿੰਦਗੀ ਦੀ ਬੀਹੀ ‘ਚ ਧਰ ਜਾਂਦੇ ਨੇ।
ਬਗਲ ਵਿਚਲੀ ਛੁਰੀ ਵਰਗੇ ਦੋਸਤਾਂ ਤੋਂ ਦੁਸ਼ਮਣ ਕਈ ਗੁਣਾ ਚੰਗੇਰੇ ਹੁੰਦੇ ਨੇ, ਜੋ ਮਰਦਾਂ ਵਾਂਗ ਦੁਸ਼ਮਣੀ ਪਾਲਦੇ ਨੇ। ਸੁੰਗੜਵੀਆਂ ਦੋਸਤੀਆਂ, ਸਾਡੇ ਸਮਾਜ ਦੇ ਨਾਂਵੇਂ ਸੰਤਾਪ, ਸਿਸਕਣਾ ਜਾਂ ਸੁਲਘਣਾ ਵਰਗੇ ਅਰਥ ਕਰਦੀਆਂ ਨੇ, ਜਿਨ੍ਹਾਂ ਨਾਲ ਅਸੀਂ ਉਮਰ ਭਰ ਜੂਝਦੇ, ਆਖਰ ਨੂੰ ਖਾਲੀ ਮਨ, ਖਾਲੀ ਸੋਚ ਅਤੇ ਖਾਲੀ ਹੱਥਾਂ ਨਾਲ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਜਾਂਦੇ ਹਾਂ। ਬਹੁਤੀ ਵਾਰ ਸਾਡੇ ਪਿੱਛੇ ਕੋਈ ਰੋਂਦਾ ਵੀ ਨਹੀਂ ਅਤੇ ਜਿਹੜਾ ਵੀ ਰੋਂਦਾ ਹੈ, ਉਹ ਰੋਣ ਦਾ ਦੰਭ ਕਰਦਾ ਹੈ।
ਜਦੋਂ ਦੋਸਤੀ Ḕਟੁੱਟ ਗਈ ਤੜੱਕ ਕਰਕੇ, ਲਾਈ ਬੇਕਦਰਾਂ ਨਾਲ ਯਾਰੀḔ ਜਿਹਾ ਸੰਤਾਪ ਹੰਢਾਉਂਦੀ ਏ ਤਾਂ ਸੁੱਕਣੇ ਪਏ ਹੰਝੂਆਂ ‘ਤੇ ਵੀ ਤਰਸ ਆਉਂਦਾ ਹੈ ਅਤੇ ਅਸੀਂ ਉਨ੍ਹਾਂ ਪਲਾਂ ਨੂੰ ਕੋਸਦੇ ਹਾਂ, ਜਦੋਂ ਅਸੀਂ ਬੇਕਦਰਿਆਂ ਨੂੰ ਆਪਣਾ ਬਣਾਉਣ ਦਾ ਭਰਮ ਪਾਲਿਆ। ‘ਤੂਤ ਦੇ ਮੋਛੇ’ ਵਰਗੀ ਦੋਸਤੀ, ਇਮਤਿਹਾਨੀ ਘੜੀਆਂ ‘ਚ ਲਿਫ ਤਾਂ ਸਕਦੀ ਹੈ ਪਰ ਟੁੱਟਦੀ ਨਹੀਂ।
ਦੋਸਤਾਂ ਦਰਮਿਆਨ ਕਦੇ ਓਹਲਾ ਨਹੀਂ ਹੁੰਦਾ। ਅਸੀਂ ਇਕ ਖੁੱਲ੍ਹੀ ਕਿਤਾਬ ਵਾਂਗ, ਆਪਣਾ ਆਪਾ ਮਿੱਤਰਾਂ ਸਾਹਵੇਂ ਖੋਲਦੇ ਹਾਂ, ਦੁੱਖਾਂ ਦੀ ਗਠੜੀ ਫਰੋਲਦੇ ਹਾਂ, ਗਮਾਂ ਦੀਆਂ ਲੀਰਾਂ ਦਾ ਜਾਲ ਉਧੇੜਦੇ ਹਾਂ। ਅਸੀਂ ਮਖੌਟਿਆਂ ਤੋਂ ਉਕਤਾਏ, ਮਿੱਤਰਾਂ ਸੰਗ ਹੀ ਦਿਲ ਦੀਆਂ ਗਹਿਰਾਈਆਂ ਨਾਲ, ਨੇੜਤਾ ਨੂੰ ਨਵੇਂ ਅਰਥ ਪ੍ਰਦਾਨ ਕਰਦੇ ਹਾਂ।
ਦੋਸਤੀ ਨੂੰ ਮਨੁੱਖ ਤੇ ਮਨੁੱਖ ਤੀਕ ਦੀ ਦੋਸਤੀ ਤੱਕ ਹੀ ਸੀਮਤ ਨਾ ਕਰੋ। ਦੋਸਤੀ ਦਾ ਘੇਰਾ ਬੜਾ ਵਿਸ਼ਾਲ ਹੁੰਦਾ ਏ। ਦੋਸਤੀ ਕਿਤਾਬਾਂ ਨਾਲ ਵੀ ਹੁੰਦੀ, ਜਿਹੜੀਆਂ ਇਕੱਲ ‘ਚ ਸਾਡਾ ਸਾਥ ਨਿਭਾਉਂਦੀਆਂ, ਸੰਘਰਸ਼ਪੂਰਨ ਸਮਿਆਂ ‘ਚ ਸੇਧ ਪ੍ਰਦਾਨ ਕਰਦੀਆਂ, ਸਾਨੂੰ ਦੁਨਿਆਵੀ ਝਮੇਲਿਆਂ ਤੋਂ ਦੂਰ ਰੱਖਦੀਆਂ ਨੇ। ਕਿਤਾਬਾਂ ਦਾ ਸੰਗ ਮਾਣਨ ਵਾਲੇ, ਗਿਆਨ ਦੇ ਤੁਰਦੇ ਫਿਰਦੇ ਭੰਡਾਰ ਹੁੰਦੇ ਨੇ, ਜਿਹੜੇ ਗਿਆਨ ਸਰੋਵਰ ‘ਚੋਂ ਬੁੱਕੋ ਬੁੱਕ ਗਿਆਨ ਵੰਡਦੇ, ਗਿਆਨ ਦੀ ਜੋਤ ਜਗਾਈ ਰੱਖਣ ਵਿਚ ਯਕੀਨ ਰੱਖਦੇ ਨੇ। ਫੁੱਲਾਂ ਨਾਲ ਖੇਡਦਾ ਬੱਚਾ, ਕੁਦਰਤ ਦੀ ਸੰਗਤ ਮਾਣਦਾ, ਕਲਾਮਈ ਬਿਰਤੀਆਂ ਦਾ ਮਾਲਕ, ਇਕ ਸੰਵੇਦਨਸ਼ੀਲ ਇਨਸਾਨ ਬਣਦਾ ਏ ਜੋ ਮਨੁੱਖ ਦੀ ਸਦੀਵੀ ਹੋਂਦ ਲਈ, ਕੁਦਰਤ ਦੇ ਅਸਾਵੇਂਪਣ ਨੂੰ ਸੁਧਾਰਨ ਦੀ ਲਹਿਰ ਨੂੰ ਸਮਰਪਿਤ, ਇਕ ਸਦੀਵੀ ਸਾਂਝ ਦਾ ਪਰਚਮ ਲਹਿਰਾਉਂਦਾ ਏ ਅਤੇ ਮਨੁੱਖ ਦੇ ਮਸਤਕ ‘ਚ ਸਹਿਹੋਂਦ ਦਾ ਦੀਪਕ ਟਿਕਾਉਂਦਾ ਹੈ। ਦਿਲਾਂ ਦੀ ਦੋਸਤੀ ‘ਚ ਜਦੋਂ ਸੋਚ ਵੀ ਸ਼ਰੀਕ ਹੁੰਦੀ ਏ ਤਾਂ ਭਾਵਨਾਵਾਂ ‘ਚ ਆਇਆ ਨਿਖਾਰ, ਦੋਸਤੀ ਨੂੰ ਇਕ ਹੰਢਣਸਾਰ ਰਿਸ਼ਤੇ ‘ਚ ਵਟੀਂਦਾ, ਨਵੇਂ ਦਿਸਹੱਦੇ ਵੀ ਨਿਰਧਾਰਿਤ ਕਰਦਾ ਹੈ।
ਦੋਸਤਾਂ ‘ਤੇ ਹੀ ਅਸੀਂ ਇਹ ਦਾਈਏ ਬੰਨ ਸਕਦੇ ਹਾਂ ਕਿ ਉਹ ਸਾਡੀ ਵਿਲਕਦੀ ਆਂਦਰ ਨੂੰ ਸਹਿਲਾਉਣਗੇ, ਉਸ ‘ਤੇ ਭਾਵ-ਭਿੰਨੇ ਅਪਣੱਤ ਦੀ ਮਰਹਮ ਲਾਉਣਗੇ ਅਤੇ ਸੱਧਰਾਂ ਦੇ ਨਰੋਏ ਬੀਜ, ਮਨ ਦੇ ਵਿਹੜੇ ‘ਚ ਉਗਾਉਣਗੇ।
ਮਿੱਤਰਤਾ ‘ਚ ਕਦੇ ਵੀ ਮਹਿਮਾਨ ਨਿਵਾਜੀ ਨਹੀਂ ਹੁੰਦੀ। ਉਹ ਤਾਂ ਸਾਡਾ ਅੰਗ ਹੁੰਦੇ, ਆਪਣੀ ਹੀ ਸਰਦਲ ਦੀ ਛੋਹ ਲਈ ਸਹਿਕਦੇ, ਸਮੇਂ ਦੀਆਂ ਵਿੱਥਾਂ ਉਲੰਘ ਕੇ ਅਪੜਦੇ ਨੇ। ਰਾਜ ਦਰਬਾਰ ‘ਚ ਸੁਦਾਮੇ ਵਰਗੇ ਬਚਪਨ ਦੇ ਦੋਸਤ ਨੂੰ ਗਲਵੱਕੜੀ ‘ਚ ਲੈਂਦਿਆਂ ਕ੍ਰਿਸ਼ਨ ਮਹਾਰਾਜ ਜਦੋਂ ਉਸ ਦੇ ਲੜ ਨਾਲੋਂ ਖੋਲ੍ਹ ਕੇ ਸੱਤੂਆਂ ਦਾ ਫੱਕਾ ਮਾਰਦੇ ਨੇ ਤਾਂ ਦੋਵੇਂ ਬਚਪਨ ਦੀਆਂ ਯਾਦਾਂ ਦੇ ਵਲਵਲਿਆਂ ‘ਚ ਘਿਰੇ, ਸਾਹਾਂ ਵਰਗੀ ਸਾਂਝ ਦਾ ਸਿਰਲੇਖ ਬਣਦੇ ਨੇ। ਮਿੱਤਰਤਾ ਨੂੰ ਮਿੱਠੜੇ ਮੇਵੇ ਲੱਗਦੇ ਨੇ।
ਬਾਬੇ ਨਾਨਕ ਦੀਆਂ ਉਦਾਸੀਆਂ ਦੌਰਾਨ ਉਮਰ ਭਰ ਰਬਾਬ ਨਾਲ ਫਿਜ਼ਾ ‘ਚ ਰਸ ਘੋਲਣ ਵਾਲਾ ਮਰਦਾਨਾ ਆਪਣੀ ਮੋਹ ਅਤੇ ਨੇੜਤਾ ਦਾ ਅਜਿਹਾ ਮੁਜੱਸਮਾ ਸੀ ਜੋ ਆਖਰੀ ਸਾਹਾਂ ਤੀਕ ਦੋਸਤੀ ਦਾ ਦਮ ਭਰਦਾ ਰਿਹਾ। ਗੁਰੂ ਅਰਜਨ ਦੇਵ ਨੂੰ ਦਿਤੇ ਜਾ ਰਹੇ ਤਸੀਹਿਆਂ ਦੌਰਾਨ ਸਾਈਂ ਮੀਆਂ ਮੀਰ ਦੇ ਦਿਲ ‘ਚ ਉਠੀ ਬਦਲੇ ਦੀ ਭਾਵਨਾ, ਇਕ ਨਿਰਸੁਆਰਥ, ਰੱਬੀ ਨੂਰ ਦੀ ਸਾਂਝ ਦਾ ਪ੍ਰਤੱਖ ਪ੍ਰਮਾਣ ਏ। ਭਾਰਤ ਤੇ ਰੂਸ ਵਿਚਲੇ ਦੋਸਤਾਨਾ-ਸਬੰਧਾਂ ਦਾ ਹੀ ਪ੍ਰਭਾਵ ਸੀ ਕਿ ਚੀਨ ਵੀ ਸ਼ਰਾਰਤ ਕਰਨ ਤੋਂ ਝਿਜਕਦਾ ਰਿਹਾ ਅਤੇ ਦੋਹਾਂ ਦੇਸ਼ਾਂ ਨੇ ਉਨਤੀ ਦੀਆਂ ਪੁਲਾਘਾਂ ਪੁੱਟਦਿਆਂ ਨਵੇਂ ਦਿਸਹੱਦੇ ਛੋਹੇ।
ਦੋਸਤ ਤੁਹਾਨੂੰ ਟੋਕ ਸਕਦਾ ਏ, ਰਸਾਤਲ ਵੱਲ ਜਾਂਦੇ ਰਸਤਿਆਂ ‘ਤੇ ਜਾਣ ਤੋਂ ਰੋਕ ਸਕਦਾ ਏ। ਤੁਹਾਡੀਆਂ ਗਲਤੀਆਂ ‘ਤੇ ਉਂਗਲ ਧਰਨ ਦਾ ਹੱਕ ਅਤੇ ਉਨ੍ਹਾਂ ਨੂੰ ਸੁਧਾਰਨ ਦਾ ਸਰਫ, ਸਿਰਫ ਮਿੱਤਰਾਂ ਨੂੰ ਹੀ ਹਾਸਲ ਹੁੰਦਾ ਏ।
ਦੋਸਤ, ਤੁਹਾਡੇ ਦਰਦ ਲਈ ਦਰਦ ਨਿਵਾਰਕ ਦਵਾਈਆਂ ਵਰਗੇ ਹੁੰਦੇ ਨੇ, ਜਿਹੜੇ ਪੀੜਾਂ ਨੂੰ ਘਟਾਉਂਦੇ, ਚੜ੍ਹਦੀ ਕਲਾ ਦਾ ਅਹਿਸਾਸ ਮਨ ‘ਚ ਜਗਾਉਂਦੇ, ਤੁਹਾਡੇ ਲਈ ਰਾਂਗਲੀ ਰੁੱਤ ਦੀ ਕਾਮਨਾ ਕਰਦੇ ਨੇ। ਸਮਾਜਕ ਜਵਾਰਭਾਟੇ ਦੌਰਾਨ ਉਠੀਆਂ ਮਾਰੂ ਛੱਲਾਂ, ਜਦੋਂ ਤੁਹਾਡੇ ਜੀਵਨ ਦੀ ਬੇੜੀ ਨੂੰ ਡਗਮਗਾਉਂਦੀਆਂ ਨੇ, ਸਾਹਾਂ ਨੂੰ ਸੁੱਕਣੇ ਪਾਉਂਦੀਆਂ ਨੇ, ਤੁਹਾਡੀ ਹੋਂਦ ‘ਤੇ ਹੀ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਨੇ ਤਾਂ ਦੋਸਤ ਤੁਹਾਡੇ ਸੁੱਖ-ਸ਼ਾਂਤੀ ਅਤੇ ਸਦੀਵਤਾ ਲਈ ਚੀਨ ਦੀ ਦੀਵਾਰ ਵਾਂਗਰ ਡਟ ਜਾਂਦੇ ਨੇ।
ਸਿਰ-ਧੜ ਦੀ ਬਾਜ਼ੀ ਲਾ ਕੇ ਪਾਲੀਆਂ ਅਨਮੋਲ ਦੋਸਤੀਆਂ, ਪਵਿੱਤਰ ਈਦਗਾਹ ਦਾ ਰੁਤਬਾ ਪ੍ਰਾਪਤ ਕਰਦੀਆਂ, ਸਿਜਦਾ ਕਰਨ ਲਈ ਸਾਡਾ ਸੁਭਾਗ ਬਣਦੀਆਂ ਨੇ। ’47 ਦੀ ਵੱਢ-ਟੁਕ ਜਾਂ ’84 ਦੇ ਦੰਗਿਆਂ ‘ਚ ਬਚ ਗਈਆਂ ਕੀਮਤੀ ਜਿੰਦਾਂ, ਉਨ੍ਹਾਂ ਦੋਸਤੀਆਂ ਦਾ ਹੀ ਹਾਸਲ ਨੇ, ਜਿਨ੍ਹਾਂ ਨੇ ਫਿਰਕੂ ਹਨੇਰੀਆਂ ‘ਚ ਧਰਮ ਤੋਂ ਉਪਰ ਉਠ ਕੇ ਦੋਸਤੀ ਦਾ ਧਰਮ ਪਾਲਿਆ।
ਦੋਸਤਾਂ ਲਈ ਤਲੀ ‘ਤੇ ਰੱਖਿਆ ਸਿਰ, ਦਰਅਸਲ ਦੋਸਤੀ ਦੀ ਦਖਸ਼ਣਾ ਹੁੰਦਾ ਏ ਜੋ ਅਸੀਂ ਆਪਣੇ ਆਪ ਸਾਹਵੇਂ ਅਰਪਦੇ, ਆਪਣਿਆਂ ਲਈ ਰਹਿਮਤ ਦੀ ਦੁਆ ਮੰਗਦੇ ਹਾਂ ਅਤੇ ਆਪਣੇ ਆਪ ਨੂੰ ਮਿੱਤਰਾਂ ਦੇ ਰੰਗ ‘ਚ ਰੰਗਦੇ ਹਾਂ।
ਦੋਸਤ ਉਸ ਬੁੱਕਲ ਵਰਗਾ ਹੁੰਦਾ ਏ, ਜਿਸ ਦੀ ਗਲਵੱਕੜੀ ‘ਚ ਅਸੀਂ ਆਪਣੀ ਵੇਦਨਾ ਦਾ ਵਿਰਲਾਪ ਕਰਦੇ, ਮਾਨਸਿਕ ਬੋਝ ਤੋਂ ਰਾਹਤ ਮਹਿਸੂਸ ਕਰਦੇ ਹਾਂ। ‘ਕੇਰਾਂ ਸਥਾਪਤੀ ਦੇ ਮੁੱਢਲੇ ਸੰਕਟਮਈ ਦੌਰ ‘ਚ ਉਚੇ ਮਰਤਬੇ ਦਾ ਮਾਣ ਬਣੇ ਮਿੱਤਰ ਦੀ ਸੰਗਤ ‘ਚ ਜਦੋਂ ਮੈਂ ਜੀਅ ਭਰ ਕੇ ਰੋਇਆ ਤਾਂ ਉਸ ਨੇ ਹੰਝੂ ਪੂੰਝਦਿਆਂ ਅਪਣੱਤ ਨਾਲ ਪਲੋਸਿਆ, “ਇਨ੍ਹਾਂ ਹੰਝੂਆਂ ਨੂੰ ਵਿਅਰਥ ਵਹਾ ਕੇ ਦਿਲ ਕਿਉਂ ਛੋਟਾ ਕਰਦਾ ਏਂ। ਮੈਂ ਇਨ੍ਹਾਂ ਕੀਮਤੀ ਅੱਥਰੂਆਂ ਦੀ ਕੀਮਤ ਪਾਉਣ ਦੀ ਕੋਸ਼ਿਸ਼ ਕਰਾਂਗਾ।” ਉਸ ਦੇ ਪੁਗਾਏ ਬੋਲਾਂ ਨੇ ਸਿੱਧ ਕਰ ਦਿਤਾ ਕਿ ਪੈਸੇ ਦੀ ਨੀਂਹ ‘ਤੇ ਉਸਰਦੀਆਂ ਸਾਂਝਾਂ ਦੇ ਦੌਰ ‘ਚ, ਕਿਤੇ-ਕਿਤੇ ਅਪਣੱਤ ਦੇ ਰਿਸ਼ਤਿਆਂ ਨੂੰ ਨਿਰਸੁਆਰਥ ਮੋਹ ਦੇ ਸੂਹੇ ਫੁੱਲ ਲੱਗਦੇ ਨੇ।
ਮਿੱਤਰਾਂ ਵਿਚਲਾ ਰੋਸਾ ਕੁਝ ਹੀ ਪਲਾਂ ਬਾਅਦ ਗਲਵੱਕੜੀ ਵਿਚ ਵਟ ਜਾਂਦਾ ਏ ਅਤੇ ਜੀਵਨ ਦਾ ਅਹਿਸਾਸ ਹਿਰਦੇ ਨੂੰ ਪਹੁੰਚਾਉਂਦਾ ਹੈ।
ਮਿੱਤਰਤਾ ‘ਚ ਮੋੜ-ਮੁੜਾਈ ਨਹੀਂ ਹੁੰਦੀ ਅਤੇ ਨਾ ਹੀ ਬਾਣੀਏ ਦੇ ਵਹੀ-ਖਾਤੇ ਵਾਂਗੂੰ ਜੋੜ-ਘਟਾਉ ਵਰਗੀਆਂ ਮਾਨਸਿਕ ਗੁੰਝਲਾਂ ‘ਚੋਂ ਗੁਜਰਨ ਦੀ ਲੋੜ ਹੁੰਦੀ ਏ।
ਦੋਸਤੀ ਉਸ ਦਰਿਆ-ਦਿਲੀ ਦਾ ਨਾਮ ਏ, ਜਿਸ ਵਿਚ ਕੰਜੂਸੀ ਦਾ ਕੋਈ ਆਧਾਰ ਅਤੇ ਗੁੰਜਾਇਸ਼ ਨਹੀਂ ਹੁੰਦੀ। ਆਪਾ ਗਵਾ ਕੇ ਹੀ ਅਸੀਂ ਕੁਝ ਪ੍ਰਾਪਤੀ ਵਰਗਾ ਸਕੂਨ ਮਨ ‘ਚ ਪਾਲਦੇ ਹਾਂ ਅਤੇ ਮਿੱਤਰਾਂ ਦੇ ਮੋਹ ਦਾ ਦੀਵਾ ਮਸਤਕ ‘ਚ ਬਾਲਦੇ ਹਾਂ।
ਦੋਸਤੀ ਦੇ ਦੀਵੇ ਜਗਦੇ ਰਹਿਣ, ਸੁੱਚੀ ਸੋਚ ਦਾ ਘਿਉ ਇਸ ‘ਚ ਪਾਉਂਦੇ ਰਹੀਏ ਤੇ ਨਿਰਸੁਆਰਥ ਆਸ ਦੀ ਬੱਤੀ ਵੱਟਦੇ ਰਹੀਏ। ਬਲਦੇ ਦੀਵੇ, ਰੋਸ਼ਨ ਰਾਹਾਂ ਦੀ ਤਫਸੀਲ ਮਨੁੱਖਤਾ ਦੇ ਨਾਂਵੇਂ ਕਰਦੇ ਰਹਿਣ; ਮੋਹ, ਚਾਅ ਤੇ ਪਿਆਰ ਦੇ ਪਰਿੰਦੇ ਢੁੱਕ-ਢੁੱਕ ਕੇ ਕੋਲ ਬਹਿਣ ਅਤੇ ਅਪਣੱਤ ਦੀ ਚੂਰੀ ਖਾ ਕੇ ਚਹਿਚਹਾਉਣ।