ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਨੇ ਚਉਥੀ ਵਾਰ ਦੀ ਇਸ ਸੋਲ੍ਹਵੀਂ ਪਉੜੀ ਵਿਚ ਦੱਸਿਆ ਹੈ ਕਿ ਹੀਰੇ ਨੂੰ ਕੱਟਣ ਲਈ ਵਰਮੇ ਅੱਗੇ ਹੀਰੇ ਦੀ ਕਣੀ ਲਾ ਕੇ ਉਸ ਨਾਲ ਹੀ ਹੀਰੇ ਨੂੰ ਹੌਲੀ ਹੌਲੀ ਕੱਟਿਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦੁਆਰਾ ਮਨ ਰੂਪੀ ਹੀਰੇ ਨੂੰ ਕੱਟਿਆ ਜਾਂਦਾ ਹੈ। ਫਿਰ ਧਾਗਾ ਲੈ ਕੇ ਉਸ ਵਿਚ ਸੁੰਦਰ ਮਾਲਾ ਪਰੋਈ ਜਾਂਦੀ ਹੈ। ਇਸੇ ਤਰ੍ਹਾਂ ਪ੍ਰੇਮ ਦੇ ਧਾਗੇ ਨਾਲ ਮਨਾਂ ਨੂੰ ਇਕੱਠਿਆਂ ਕਰਕੇ ਸੁੰਦਰ ਮਾਲਾ ਬਣਦੀ ਹੈ।
ਸਾਧ ਸੰਗਤਿ ਅਜਿਹੀ ਥਾਂ ਹੈ ਜਿੱਥੇ ਜਾ ਕੇ ਆਪਣੀ ਲਿਵ ਗੁਰੂ ਦੇ ਸ਼ਬਦ ਵਿਚ ਜੋੜ ਕੇ, ਮਨ ਵਿਚੋਂ ਹਉਮੈ ਨੂੰ ਦੂਰ ਕਰਕੇ ਮਨ ਵਿਚ ਸਹਿਜ ਅਤੇ ਧੀਰਜ ਪੈਦਾ ਹੁੰਦਾ ਹੈ। ਆਪਣੇ ਮਨ ਨੂੰ ਗੁਰੂ ਦੇ ਸਮਰਪਣ ਕਰਕੇ ਗੁਰੂ ਦਾ ਮੰਤਰ ਲੈਣ ਨਾਲ ਹੀ ਮਨ ਜਿੱਤਿਆ ਜਾਂਦਾ ਹੈ; ਗੁਰਮੁਖਾਂ ਦੇ ਗੁਣ ਆਪਣੇ ਅੰਦਰ ਸ਼ਾਮਲ ਕਰ ਲੈਣੇ ਚਾਹੀਦੇ ਹਨ। ਗੁਰੂ ਦੇ ਚਰਨਾਂ ਦੀ ਧੂੜ ਬਣ ਕੇ ਭਾਵ ਚਰਨੀਂ ਲੱਗ ਕੇ, ਹਲੀਮ ਬਣ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਗੁਰੂ ਦੇ ਚਰਨਾਂ ਦੇ ਬਰਾਬਰ ਉਹ ਕਾਮਧੇਨ ਗਊ, ਜਿਸ ਨੂੰ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲੀ ਮੰਨਿਆ ਜਾਂਦਾ ਹੈ, ਵੀ ਨਹੀਂ ਹੈ।
ਸਾਧ ਸੰਗਤਿ ਵਿਚ ਜਾ ਕੇ ਗੁਰੂ ਦੇ ਸ਼ਬਦ ਵਿਚ ਲਿਵ ਲਾਉਣੀ, ਗੁਰੂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ, ਗੁਰਮੁਖਾਂ ਦੀ ਸੇਵਾ ਕਰਨਾ ਭਾਵੇਂ ਅਲੂਣੀ ਸਿਲ ਚੱਟਣ ਵਰਗਾ ਬਿਖੜਾ ਕਾਰਜ ਹੈ ਪਰ ਇਸ ਦੀ ਮਿਠਾਸ ਨੂੰ ਹਾਸਲ ਕਰਨ ਲਈ ਲੱਖਾਂ ਅੰਮ੍ਰਿਤ ਰਸ ਤਰਸਦੇ ਹਨ। ਕੋਈ ਵਿਰਲਾ ਸਿੱਖ ਹੁੰਦਾ ਹੈ ਜੋ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ ਅਤੇ ਗ੍ਰਹਿਣ ਕਰਦਾ ਹੈ:
ਹੀਰੇ ਹੀਰਾ ਬੇਧੀਐ ਬਰਮੇ ਕਣੀ ਅਣੀ ਹੋਇ ਹੀਰੈ।
ਧਾਗਾ ਹੋਇ ਪਰੋਈਐ ਹੀਰੈ ਮਾਲ ਰਸਾਲ ਗਹੀਰੈ।
ਸਾਧਸੰਗਤਿ ਗੁਰੁ ਸਬਦ ਲਿਵ ਹਉਮੈ ਮਾਰਿ ਮਰੈ ਮਨੁ ਧੀਰੈ।
ਮਨਜਿਣਿ ਮਨੁ ਦੇ ਲਏ ਮਨ ਗੁਣਿ ਵਿਚਿ ਗੁਣ ਗੁਰਮੁਖਿ ਸਰੀਰੈ।
ਪੈਰੀ ਪੈ ਪਾ ਖਾਕੁ ਹੋਇ ਕਾਮਧੇਨੁ ਸੰਤ ਰੇਣੁ ਨ ਨੀਰੈ।
ਸਿਲਾ ਅਲੂਣੀ ਚਟਣੀ ਲਖ ਅੰਮ੍ਰਿਤ ਰਸ ਤਰਸਨ ਸੀਰੈ।
ਵਿਰਲਾ ਸਿਖ ਸੁਣੈ ਗੁਰ ਪੀਰੈ॥੧੬॥
ਗੁਰੂ ਸਾਹਿਬਾਨ ਨੇ ਜੀਵਨ-ਮੁਕਤਿ ਦਾ ਸਿਧਾਂਤ ਦਿੱਤਾ ਹੈ ਜਿਸ ਅਨੁਸਾਰ ਮਨੁੱਖ ਇਸ ਸਰੀਰ ਵਿਚ ਰਹਿੰਦਿਆਂ ਹੀ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲ ਕੇ ਦੁੱਖ-ਸੁੱਖ ਤੋਂ ਪਾਰ ਜਾ ਕੇ ਅਕਾਲ ਪੁਰਖ ਨਾਲ ਇਕਸੁਰਤਾ ਵਾਲਾ ਜੀਵਨ ਜਿਉਂਦਾ ਹੈ। ਇਸ ਜੀਵਨ ਦਾ ਅੰਤ ਹੋਣ ‘ਤੇ ਜੋ ਮੁਕਤੀ ਮਿਲਦੀ, ਉਸ ਨੂੰ ਅਕਾਲ ਪੁਰਖ ਵਿਚ ਅਭੇਦ ਹੋ ਜਾਣਾ ਕਿਹਾ ਹੈ ਜਿਵੇਂ ਜਲ ਵਿਚ ਜਲ ਸਮਾ ਜਾਂਦਾ ਹੈ ਜਾਂ ਸੂਰਜ ਦੀ ਕਿਰਨ ਸੂਰਜ ਵਿਚ ਸਮਾ ਜਾਂਦੀ ਹੈ।
ਇਸ ਪਉੜੀ ਵਿਚ ਭਾਈ ਗੁਰਦਾਸ ਨੇ ਸਪੱਸ਼ਟ ਕੀਤਾ ਹੈ ਕਿ ਇੱਕ ਜੀਵਨ-ਮੁਕਤਿ ਦੀ ਰਹਿਣੀ ਇਸ ਕਿਸਮ ਦੀ ਹੁੰਦੀ ਹੈ ਕਿ ਉਹ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣ ਸੁਣ ਕੇ ਉਨ੍ਹਾਂ ਨੂੰ ਆਪਣੇ ਮਨ ਅੰਦਰ ਵਸਾਉਂਦਾ ਹੈ ਜਿਸ ਨਾਲ ਉਹ ਅੰਦਰੋਂ ਸਿਆਣਪ ਗ੍ਰਹਿਣ ਕਰਕੇ ਸਮਝਦਾਰ ਹੋ ਜਾਂਦਾ ਹੈ ਪਰ ਬਾਹਰ ਤੋਂ ਦੇਖਣ ਨੂੰ ਉਹ ਬਿਲਕੁਲ ਸਿੱਧੀ-ਸਾਦੀ ਰਹਿਣੀ ਵਾਲਾ ਮਨੁੱਖ ਨਜ਼ਰ ਆਉਂਦਾ ਹੈ। ਉਹ ਆਪਣੀ ਸੁਰਤਿ ਨੂੰ ਪੂਰੀ ਤਰ੍ਹਾਂ ਗੁਰੂ ਦੇ ਸ਼ਬਦ ਵਿਚ ਜੋੜ ਲੈਂਦਾ ਹੈ, ਗੁਰੂ ਦੇ ਸ਼ਬਦ ਪ੍ਰਤੀ ਉਹ ਪੂਰੀ ਤਰ੍ਹਾਂ ਚੇਤੰਨ ਹੁੰਦਾ ਹੈ ਅਤੇ ਗੁਰੂ ਦੀ ਸਿੱਖਿਆ ਤੋਂ ਬਿਨਾ ਉਹ ਹੋਰ ਬਾਕੀ ਗੱਲਾਂ ਵੱਲੋਂ ਆਪਣੇ ਕੰਨ ਬੰਦ ਕਰ ਲੈਂਦਾ ਹੈ ਭਾਵ ਗੁਰੂ ਦੀ ਸਿੱਖਿਆ ‘ਤੇ ਹੀ ਪੂਰੀ ਤਰ੍ਹਾਂ ਅਮਲ ਕਰਦਾ ਹੈ। ਉਹ ਗੁਰੂ ਦੇ ਦਰਸ਼ਨ ਦੇਖਣ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲੈਂਦਾ ਹੈ ਅਤੇ ਸਾਧ ਸੰਗਤਿ ਵਿਚ ਜਾ ਕੇ ਗੁਰੂ ਦੀ ਸਿੱਖਿਆ ਸੁਣਦਾ ਹੈ। ਬਾਕੀ ਹੋਰ ਕਿਸੇ ਕਿਸਮ ਦੀ ਸੰਗਤਿ ਨਹੀਂ ਕਰਦਾ ਅਤੇ ਨਾ ਹੀ ਕਿਸੇ ਕਿਸਮ ਦੀਆਂ ਹੋਰ ਚੀਜ਼ਾਂ ਵੱਲ ਧਿਆਨ ਦਿੰਦਾ ਹੈ ਅਰਥਾਤ ਬਾਕੀ ਹਰ ਤਰ੍ਹਾਂ ਦੀਆਂ ਵਾਸ਼ਨਾਵਾਂ ਵੱਲੋਂ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰ ਲੈਂਦਾ ਹੈ। ਉਹ ਗੁਰੂ ਪਾਸੋਂ ਅਕਾਲ ਪੁਰਖ ਦੀ ਵਡਿਆਈ ਦਾ ਸ਼ਬਦ ਪ੍ਰਾਪਤ ਕਰਦਾ ਹੈ ਜਿਸ ਵਿਚ ਲੀਨ ਹੋਇਆ ਉਹ ਆਤਮਕ ਅਨੰਦ ਮਾਣਦਾ ਹੈ ਅਤੇ ਵਾਹਿਗੁਰੂ ਦੇ ਪ੍ਰੇਮ-ਰਸ ਦਾ ਪਿਆਲਾ ਪੀ ਕੇ ਉਸ ਵਿਚ ਮਸਤ ਰਹਿੰਦਾ ਹੈ। ਉਹ ਗੁਰੂ ਦੇ ਚਰਨੀਂ ਲੱਗ ਕੇ ਆਪਣੇ ਅੰਦਰ ਹਲੀਮੀ ਪੈਦਾ ਕਰਦਾ ਹੈ ਅਤੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੀ ਧੂੜ ਸਮਝਦਾ ਹੈ, ਗੁਰੂ ਦੇ ਚਰਨਾਂ ਦਾ ਅੰਮ੍ਰਿਤ ਪੀਂਦਾ ਹੈ। ਭਾਵ ਗੁਰੂ ਦੇ ਚਰਨਾਂ ਨਾਲ ਪ੍ਰੇਮ ਕਰਦਾ ਹੈ ਅਤੇ ਹਲੀਮੀ ਵਾਲਾ ਜੀਵਨ ਜਿਉਂਦਾ ਹੈ। ਜਿਸ ਤਰ੍ਹਾਂ ਭੌਰਾ ਫੁੱਲਾਂ ਵਿਚ ਮਸਤ ਹੋਇਆ ਰਹਿੰਦਾ ਹੈ ਇਸੇ ਤਰ੍ਹਾਂ ਜੀਵਨ ਮੁਕਤਿ ਵੀ ਗੁਰੂ ਦੇ ਚਰਨਾਂ ਨਾਲ ਲੱਗਾ ਰਹਿੰਦਾ ਹੈ ਜਿਸ ਕਰਕੇ ਉਹ ਇਸ ਭਵਜਲ ਸੰਸਾਰ ਵਿਚ ਬਿਲਕੁਲ ਨਿਰਲੇਪ ਹੋ ਕੇ ਵਿਚਰਦਾ ਹੈ, ਸੰਸਾਰਕ ਦੁੱਖ-ਸੁੱਖ ਉਸ ਨੂੰ ਆਪਣੇ ਜੀਵਨ ਮਾਰਗ ਤੋਂ ਵਿਚਲਿਤ ਨਹੀਂ ਕਰਦੇ। ਇੰਜ ਜੀਵਨ ਮੁਕਤਿ ਇਸ ਸੰਸਾਰ ਵਿਚ ਰਹਿ ਕੇ ਵੀ ਸੱਚ ਦਾ ਪਹਿਰਾਵਾ ਪਹਿਨ ਕੇ ਇੱਕ ਮੁਕਤਿ ਜੀਵਨ ਜਿਉਂਦਾ ਹੈ:
ਗੁਰ ਸਿਖੀ ਗੁਰ ਸਿਖ ਸੁਣਿ
ਅੰਦਰਿ ਸਿਆਣਾ ਬਾਹਰਿ ਭੋਲਾ।
ਸਬਦਿ ਸੁਰਤਿ ਸਾਵਧਾਨ ਹੋਇ
ਵਿਣੁ ਗੁਰਸਬਦਿ ਨ ਸੁਣਈ ਬੋਲਾ।
ਸਤਿਗੁਰ ਦਰਸਨੁ ਦੇਖਣਾ
ਸਾਧਸੰਗਤਿ ਵਿਣੁ ਅੰਨਾਂ ਖੋਲਾ।
ਵਾਹਗੁਰੂ ਗੁਰੁ ਸਬਦੁ ਲੈ
ਪਿਰਮ ਪਿਆਲਾ ਚੁਪਿ ਚਬੋਲਾ।
ਪੈਰੀ ਪੈ ਪਾ ਖਾਕ ਹੋਇ
ਚਰਣਿ ਧੋਇ ਚਰਣੋਦਕ ਝੋਲਾ।
ਚਰਣ ਕਵਲ ਚਿਤੁ ਭਵਰੁ ਕਰਿ
ਭਵਜਲ ਅੰਦਰਿ ਰਹੈ ਨਿਰੋਲਾ।
ਜੀਵਣਿ ਮੁਕਤਿ ਸਚਾਵਾ ਚੋਲਾ॥੧੭॥
ਇਸ ਤੋਂ ਅੱਗੇ ਭਾਈ ਗੁਰਦਾਸ ਸਿਰ ਵਿਚ ਉਗੇ ਛੋਟੇ ਛੋਟੇ ਵਾਲਾਂ ਦੇ ਦ੍ਰਿਸ਼ਟਾਂਤ ਰਾਹੀਂ ਗੁਰਮੁਖਿ ਅੰਦਰ ਪੈਦਾ ਹੋਈ ਹਲੀਮੀ ਦੀ ਗੱਲ ਕਰਦੇ ਹਨ ਕਿ ਗੁਰਮੁਖਿ ਅੰਦਰ ਏਨੀ ਹਲੀਮੀ ਹੋਣੀ ਚਾਹੀਦੀ ਹੈ ਜਿਵੇਂ ਉਹ ਆਪਣੇ ਸਿਰ ਵਿਚ ਉਗੇ ਕੇਸਾਂ ਨੂੰ ਗੁਰੂ ਦੇ ਚਰਨਾਂ ‘ਤੇ ਝੁਲਾ ਰਿਹਾ ਹੋਵੇ। ਗੁਰੂ-ਰੂਪ ਤੀਰਥ ਸਥਾਨ ‘ਤੇ ਇਸ਼ਨਾਨ ਕਰਦੇ ਸਮੇਂ ਉਹ ਆਪਣੇ ਪ੍ਰੇਮ ਦੇ ਹੰਝੂਆਂ ਨਾਲ ਗੁਰੂ ਦੇ ਚਰਨ ਧੋਵੇ (ਇਹ ਸਭ ਦ੍ਰਿਸ਼ਟਾਂਤ ਗੁਰਮੁਖਿ ਦੀ ਹਲੀਮੀ ਵੱਲ ਸੰਕੇਤ ਕਰਦੇ ਹਨ)। ਵਾਲ ਕਾਲਿਆਂ ਤੋਂ ਚਿੱਟੇ ਹੋ ਰਹੇ ਹਨ ਤੇ ਉਸ ਦਾ ਇਸ ਸੰਸਾਰ ਤੋਂ ਵਿਦਾ ਲੈਣ ਦਾ ਸਮਾਂ ਨੇੜੇ ਆ ਰਿਹਾ ਹੁੰਦਾ ਹੈ। ਇਸ ਦਾ ਅਹਿਸਾਸ ਆਪਣੇ ਮਨ ਵਿਚ ਕਰਕੇ ਇਸ ਨੂੰ ਅਕਾਲ ਪੁਰਖ ਦੇ ਪ੍ਰੇਮ ਦਾ ਚਿੰਨ੍ਹ ਸਮਝ ਕੇ ਮਨ ਵਿਚ ਉਸ ਅਕਾਲ ਪੁਰਖ ਦੇ ਪ੍ਰੇਮ ਨੂੰ ਮਾਣਨਾ ਚਾਹੀਦਾ ਹੈ। ਪੂਰੇ ਸਤਿਗੁਰੂ ਦੇ ਚਰਨੀਂ ਲੱਗ ਕੇ ਆਪਣੇ ਆਪ ਨੂੰ ਉਸ ਦੇ ਚਰਨਾਂ ਦੀ ਧੂੜ ਬਣਾਉਂਦਾ ਹੈ ਅਰਥਾਤ ਮਨ ਵਿਚੋਂ ਹਉਮੈ ਨੂੰ ਦੂਰ ਕਰਕੇ ਹਲੀਮੀ ਧਾਰਨ ਕਰਦਾ ਹੈ ਤਾਂ ਸਤਿਗੁਰੂ ਉਸ ਨੂੰ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ, ਉਸ ‘ਤੇ ਨਿਹਾਲ ਹੁੰਦਾ ਹੈ ਭਾਵ ਸਤਿਗੁਰੂ ਦੀ ਮਿਹਰ ਪਾਉਣ ਲਈ ਮਨ ਵਿਚੋਂ ਹਰ ਤਰ੍ਹਾਂ ਦੀ ਹਉਮੈ ਦੂਰ ਕਰਨੀ ਪੈਂਦੀ ਹੈ ਤੇ ਹਲੀਮ ਬਣਨਾ ਪੈਂਦਾ ਹੈ।
ਅਗਲੀ ਪੰਕਤੀ ਵਿਚ ਦੱਸਿਆ ਗਿਆ ਹੈ ਕਿ ਕਾਂ ਦੀ ਸਿਆਣਪ ਛੱਡ ਕੇ (ਕਾਂ ਨੂੰ ਬਹੁਤ ਸਿਆਣਾ ਅਤੇ ਨਾਲ ਹੀ ਚੁਸਤ ਪੰਛੀ ਮੰਨਿਆ ਗਿਆ ਹੈ ਪਰ ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਸਿਆਣਾ ਕਾਂ ਹਮੇਸ਼ਾ ਗੰਦੀ ਥਾਂ ਹੀ ਡਿਗਦਾ ਹੈ। ਇਸੇ ਲਈ ਇਥੇ ਕਾਂ ਵਾਲੀ ਸਿਆਣਪ ਨੂੰ ਛੱਡਣ ਦੀ ਗੱਲ ਕੀਤੀ ਹੈ) ਹੰਸ ਵਾਲੀ ਵਿਰਤੀ ਅਪਨਾਵੇ ਜੋ ਸਿਰਫ ਮੋਤੀ ਪਛਾਣਦੀ ਤੇ ਚੁਗਦੀ ਹੈ (ਕਿਹਾ ਜਾਂਦਾ ਹੈ ਕਿ ਪੱਥਰ ਗੀਟਿਆਂ ਦੇ ਢੇਰ ਵਿਚੋਂ ਵੀ ਹੰਸ ਸਿਰਫ ਮੋਤੀ ਚੁਣ ਚੁਣ ਕੇ ਖਾਂਦਾ ਹੈ) ਅਰਥਾਤ ਚੰਗੀ ਗੁਰੂ ਵਾਲੀ ਮੱਤ ਗ੍ਰਹਿਣ ਕਰੇ ਅਤੇ ਦੂਸਰਿਆਂ ਨੂੰ ਵੀ ਇਹੀ ਮੱਤ ਦੇਵੇ। ਗੁਰੂ ਦੀ ਸਿੱਖੀ ਨੂੰ ਖੰਡੇ ਨਾਲੋਂ ਤਿੱਖੀ ਅਤੇ ਵਾਲ ਤੋਂ ਵੀ ਬਰੀਕ ਮੰਨਿਆ ਗਿਆ ਹੈ ਭਾਵ ਸਿੱਖੀ ਦੇ ਮਾਰਗ ਨੂੰ ਬਹੁਤ ਔਖਾ ਰਸਤਾ ਮੰਨਿਆ ਜਾਂਦਾ ਹੈ ਪਰ ਫਿਰ ਵੀ ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਨੂੰ ਸੁਣੇ ਤੇ ਇਸ ਦਾ ਪਾਲਣ ਕਰੇ। ਇਸ ਤਰ੍ਹਾਂ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਪ੍ਰੇਮ ਦੇ ਪਿਆਲੇ ਨੂੰ ਪੀ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ:
ਸਿਰਿ ਵਿਚਿ ਨਿਕੈ ਵਾਲ ਹੋਇ
ਸਾਧੂ ਚਰਣ ਚਵਰ ਕਰਿ ਢਾਲੈ।
ਗੁਰ ਸਰ ਤੀਰਥ ਨਾਇ ਕੈ
ਅੰਝੂ ਭਰਿ ਭਰਿ ਪੈਰਿ ਪਖਾਲੈ।
ਕਾਲੀ ਹੂੰ ਧਉਲੇ ਕਰੇ ਚਲਣਾ
ਜਾਣਿ ਨੀਸਾਣੁ ਸਮ੍ਹਾਲੈ।
ਪੈਰੀ ਪੈ ਪਾ ਖਾਕ ਹੋਇ
ਪੂਰਾ ਸਤਿਗੁਰੁ ਨਦਰਿ ਨਿਹਾਲੈ।
ਕਾਗ ਕੁਮੰਤਹੁੰ ਪਰਮ ਹੰਸੁ
ਉਜਲ ਮੋਤੀ ਖਾਇ ਖਵਾਲੈ।
ਵਾਲਹੁ ਨਿਕੀ ਆਖੀਐ
ਗੁਰ ਸਿਖੀ ਸੁਣਿ ਗੁਰਸਿਖ ਪਾਲੈ।
ਗੁਰਸਿਖੁ ਲੰਘੈ ਪਿਰਮ ਪਿਆਲੈ॥੧੮॥
ਗੁਰੂ ਅਮਰਦਾਸ ਜੀ ਨੇ ਭਗਤੀ, ਗੁਰਮੁਖਿ ਅਤੇ ਸਿੱਖੀ ਦੇ ਮਾਰਗ ਦੀ ਵਿਆਖਿਆ ਕਰਦਿਆਂ ਦੱਸਿਆ ਹੈ ਕਿ ਭਗਤਾਂ ਦਾ ਮਾਰਗ ਬਹੁਤ ਹੀ ਅਨੋਖਾ, ਦੁਨੀਆਂ ਤੋਂ ਬਿਲਕੁਲ ਹੀ ਵੱਖਰੀ ਕਿਸਮ ਦਾ ਹੈ। ਇਹ ਚਾਲ ਨਿਰਾਲੀ ਜਾਂ ਵਿਲੱਖਣ ਜਾਂ ਅਨੋਖੀ ਕਿਉਂ ਹੈ? ਇਸ ਦਾ ਕਾਰਨ ਦੱਸਦਿਆਂ ਗੁਰੂ ਸਾਹਿਬ ਸੁਚੇਤ ਕਰਦੇ ਹਨ ਕਿ ਇਹ ਭਗਤੀ ਵਾਲਾ ਮਾਰਗ, ਸਿੱਖੀ ਦਾ ਮਾਰਗ ਜਿਸ ‘ਤੇ ਗੁਰਮੁਖਿ ਜਾਂ ਭਗਤ ਨੇ ਤੁਰਨਾ ਹੈ, ਬਹੁਤ ਹੀ ਔਖਾ ਪੈਂਡਾ ਹੈ, ਇਸੇ ਲਈ ਇਹ ਵਿਲੱਖਣ ਜਾਂ ਅਨੋਖਾ ਹੈ। ਸੰਸਾਰ ਵਿਚ ਰਹਿੰਦਿਆਂ ਮਨੁੱਖ ਲਾਲਚ, ਲੋਭ-ਮੋਹ ਅਤੇ ਸੌ ਤਰ੍ਹਾਂ ਦੀਆਂ ਅਕਾਂਖਿਆਵਾਂ ਨੂੰ ਪਾਲਦਾ ਹੈ। ਪ੍ਰੰਤੂ ਭਗਤੀ ਦੇ ਮਾਰਗ ‘ਤੇ ਚੱਲਦਿਆਂ ਮਨੁੱਖ ਨੂੰ ਲੋਭ ਅਤੇ ਲਾਲਚ ਦਾ ਤਿਆਗ ਕਰਕੇ, ਆਪਣੇ ਅੰਦਰੋਂ ਹਉਮੈ ਖਤਮ ਕਰਕੇ, ਹਰ ਤਰ੍ਹਾਂ ਦੀ ਤ੍ਰਿਸ਼ਨਾ ਦਾ ਤਿਆਗ ਕਰਕੇ, ਇੱਥੋਂ ਤੱਕ ਕਿ ਬੋਲਣ ਵਿਚ ਕਿਸੇ ਨੂੰ ਕੁੱਝ ਕਹਿਣ ਤੋਂ ਵੀ ਪ੍ਰਹੇਜ਼ ਕਰਨਾ ਪੈਂਦਾ ਹੈ, ਸੰਜਮ ਨਾਲ ਗੱਲ ਕਰਨੀ ਹੁੰਦੀ ਹੈ। ਸਿੱਖੀ ਦੇ ਇਸ ਮਾਰਗ ਦੀ ਧਾਰ ਖੰਡੇ ਨਾਲੋਂ ਵੀ ਤਿੱਖੀ ਹੈ ਅਤੇ ਇਹ ਵਾਲ ਤੋਂ ਵੀ ਬਾਰੀਕ ਹੈ ਜਿਸ ਉਤੇ ਭਗਤ ਨੇ ਤੁਰਨਾ ਹੈ, ਇਸ ਤੋਂ ਫਿਸਲਣ ਦਾ, ਤਿਲਕ ਜਾਣ ਦਾ ਡਰ ਸਦਾ ਹੀ ਬਣਿਆ ਰਹਿੰਦਾ ਹੈ। ਇਸ ਮਾਰਗ ‘ਤੇ ਉਹ ਚੱਲਦੇ ਹਨ ਜਿਨ੍ਹਾਂ ਨੇ ਗੁਰੂ ਦੀ ਮਿਹਰ ਪ੍ਰਾਪਤ ਕਰਕੇ ਆਪਣੇ ਅੰਦਰੋਂ ‘ਮੈਂ’ ਦੀ ਭਾਵਨਾ ਦਾ ਤਿਆਗ ਕਰ ਦਿੱਤਾ ਹੈ, ਉਨ੍ਹਾਂ ਦੀ ਮਾਇਆ ਦੀ ਮਮਤਾ, ਮਾਇਆ ਦੀ ਵਾਸ਼ਨਾ ਅਕਾਲ ਪੁਰਖ ਨੂੰ ਯਾਦ ਕਰਦਿਆਂ ਮੁੱਕ ਜਾਂਦੀ ਹੈ। ਇਸੇ ਲਈ, ਗੁਰੂ ਸਾਹਿਬ ਕਹਿੰਦੇ ਹਨ ਕਿ ਭਗਤਾਂ ਦਾ ਰਸਤਾ, ਉਨ੍ਹਾਂ ਦਾ ਰਹਿਣ-ਸਹਿਣ ਸੰਸਾਰ ਭਰ ਤੋਂ ਜੁਗਾਂ ਜੁਗਾਂ ਤੋਂ ਵੱਖਰਾ ਅਤੇ ਅਨੋਖਾ ਚਲਿਆ ਆ ਰਿਹਾ ਹੈ:
ਭਗਤਾ ਕੀ ਚਾਲ ਨਿਰਾਲੀ॥
ਚਾਲਾ ਨਿਰਾਲੀ ਭਗਤਾਹ ਕੇਰੀ
ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ
ਬਹੁਤੁ ਨਾਹੀ ਬੋਲਣਾ॥
ਖੰਨਿਅਹੁ ਤਿਖੀ ਵਾਲਹੁ ਨਿਕੀ
ਏਤੁ ਮਾਰਗਿ ਜਾਣਾ॥
ਗੁਰ ਪਰਸਾਦੀ ਜਿਨੀ ਆਪੁ ਤਜਿਆ
ਹਰਿ ਵਾਸਨਾ ਸਮਾਣੀ॥
ਕਹੈ ਨਾਨਕੁ ਚਾਲ ਭਗਤਾ
ਜੁਗਹੁ ਜੁਗੁ ਨਿਰਾਲੀ॥੧੪॥ (ਪੰਨਾ ੯੧੮)
ਅੱਗੇ ਭਾਈ ਗੁਰਦਾਸ ਗੁਲਰ ਅਰਥਾਤ ਅੰਜੀਰ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਅੰਜੀਰ ਦੇ ਦਰਖਤ ਵਿਚ ਬੈਠਾ ਨਿੱਕਾ ਜਿਹਾ ਕੀੜਾ ਉਸ ਗੁਲਰ ਨੂੰ ਇੱਕ ਬ੍ਰਹਿਮੰਡ ਸਮਝਦਾ ਹੈ ਕਿਉਂਕਿ ਉਸ ਦੀ ਚੇਤਨਾ ਉਥੋਂ ਤੱਕ ਹੀ ਜਾਂਦੀ ਹੈ। ਉਸ ਅੰਜੀਰ ਦੇ ਦਰਖਤ ਨੂੰ ਲੱਖਾਂ ਫਲ ਪੈਂਦੇ ਹਨ ਜਿਹੜੇ ਫਿਰ ਅੱਗੇ ਵਧਦੇ ਜਾਂਦੇ ਹਨ ਜਿਨ੍ਹਾਂ ਦੀ ਗਿਣਤੀ ਮੁਸ਼ਕਿਲ ਹੈ। ਜਿਸ ਤਰ੍ਹਾਂ ਇੱਕ ਦਰਖਤ ਨੂੰ ਅਨੇਕ ਫਲ ਲੱਗਦੇ ਹਨ, ਉਸੇ ਤਰ੍ਹਾਂ ਇੱਕ ਇੱਕ ਬਗ਼ੀਚੇ ਵਿਚ ਅਨੇਕਾਂ ਦਰਖਤ ਹਨ ਅਤੇ ਇੱਕ ਇੱਕ ਬਾਗ ਵਿਚ ਅਜਿਹੇ ਅਨੇਕਾਂ ਬਗੀਚੇ ਹਨ। ਇਸੇ ਤਰ੍ਹਾਂ ਇਸ ਬ੍ਰਹਿਮੰਡ ਵਿਚ ਅਨੇਕਾਂ ਬਾਗ ਹਨ ਅਤੇ ਅਕਾਲ ਪੁਰਖ ਦੇ ਇੱਕ ਰੋਮ (ਵਾਲ) ਵਿਚ ਅਨੇਕਾਂ ਬ੍ਰਹਿਮੰਡ ਹਨ ਅਰਥਾਤ ਇਸ ਸੌਰ-ਮੰਡਲ ਵਿਚ ਅਣਗਿਣਤ ਬ੍ਰਹਿਮੰਡ ਹਨ ਤੇ ਅਕਾਲ ਪੁਰਖ ਦੀ ਇਸ ਰਚਨਾ ਵਿਚ ਅਨੇਕਾਂ ਸੌਰ-ਮੰਡਲ ਹਨ। ਜੇ ਅਕਾਲ ਪੁਰਖ ਦੀ ਮਿਹਰ ਹੋਵੇ ਤਾਂ ਗੁਰਮੁਖਿ ਸਾਧ-ਸੰਗਤਿ ਦਾ ਅਨੰਦ ਮਾਣਦਾ ਹੈ ਭਾਵ ਉਸ ਦੀ ਮਿਹਰ ਨਾਲ ਮਨੁੱਖ ਦੇ ਅੰਦਰ ਦੀ ਸੰਕੀਰਣਤਾ ਦੂਰ ਹੁੰਦੀ ਹੈ ਅਤੇ ਉਸ ਦਾ ਗਿਆਨ ਵਿਸ਼ਾਲ ਹੁੰਦਾ ਹੈ ਜਿਸ ਨਾਲ ਉਸ ਦਾ ਹਿਰਦਾ ਵੀ ਵਿਸ਼ਾਲ ਹੁੰਦਾ ਹੈ ਤੇ ਉਹ ਆਪਣੀ ਤੰਗ-ਦਿਲੀ ਦਾ ਤਿਆਗ ਕਰਕੇ ਸਾਧ ਸੰਗਤਿ ਵਿਚ ਜਾਂਦਾ ਹੈ। ਅਕਾਲ ਪੁਰਖ ਦੀ ਇਸ ਮਿਹਰ ਸਦਕਾ ਉਹ ਆਪਣੇ ਅੰਦਰ ਹਲੀਮੀ ਪੈਦਾ ਕਰਦਾ ਹੈ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੀ ਧੂੜ ਸਮਝਦਿਆਂ ਗੁਰੂ ਦੀ ਸਿੱਖਿਆ ਹਾਸਲ ਕਰਦਾ ਹੈ ਅਤੇ ਅਕਾਲ ਪੁਰਖ ਦਾ ਭਾਣਾ ਮੰਨਣ ਦੀ ਜਾਚ ਸਿੱਖਦਾ ਹੈ। ਇਸ ਤੱਥ ਦਾ ਅਨੁਭਵ ਤਾਂ ਹੀ ਹੁੰਦਾ ਹੈ ਜੇ ਉਹ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰਦਾ ਹੈ; ਤਾਂ ਹੀ ਉਸ ਦੀ ਪਛਾਣ ਬਣਦੀ ਹੈ:
ਗੁਲਰ ਅੰਦਰਿ ਭੁਣਹਣਾ
ਗੁਲਰ ਨੌਂ ਬ੍ਰਹਮੰਡੁ ਵਖਾਣੈ।
ਗੁਲਰ ਲਗਣਿ ਲਖ ਫਲ
ਇਕ ਦੂ ਲਖ ਅਲਖ ਨ ਜਾਣੈ।
ਲਖ ਲਖ ਬਿਰਖ ਬਗੀਚਿਅਹੁ
ਲਖ ਬਗੀਚੇ ਬਾਗ ਬਬਾਣੈ।
ਲਖ ਬਾਗ ਬ੍ਰਹਮੰਡ ਵਿਚਿ
ਲਖ ਬ੍ਰਹਮੰਡ ਲੂਅ ਵਿਚਿ ਆਣੈ।
ਮਿਹਰਿ ਕਰੇ ਜੇ ਮਿਹਰਿਵਾਨੁ
ਗੁਰਮੁਖਿ ਸਾਧਸੰਗਤਿ ਰੰਗੁ ਮਾਣੈ।
ਪੈਰੀ ਪੈ ਪਾ ਖਾਕੁ ਹੋਇ
ਸਾਹਿਬੁ ਦੇ ਚਲੈ ਓਹੁ ਭਾਣੈ।
ਹਉਮੈ ਜਾਇ ਤ ਜਾਇ ਸਿਞਾਣੈ॥੧੯॥
ਅੱਗੇ ਦੂਜ ਦੇ ਚੰਦ ਦਾ ਦ੍ਰਿਸ਼ਟਾਂਤ ਦਿੱਤਾ ਹੈ। ਦੂਜ ਦਾ ਚੰਦ ਬਹੁਤ ਛੋਟਾ ਹੁੰਦਾ ਹੈ ਇਸ ਲਈ ਨਜ਼ਰ ਨਹੀਂ ਆਉਂਦਾ ਅਤੇ ਤੀਸਰੇ ਦਿਨ ਭਾਵ ਤੀਜ ‘ਤੇ ਉਹ ਛੋਟੇ ਜਿਹੇ ਅਕਾਰ ਵਿਚ (ਇੱਕ ਫਾਂਕ ਵਾਂਗ) ਚੜ੍ਹਦਾ ਹੈ। ਤੀਜ ਦੇ ਚੰਦ ਨੂੰ ਲੋਕ ਸ਼ਿਵਜੀ ਦੇ ਮੱਥੇ ਦਾ ਟਿੱਕਾ ਜਾਣ ਕੇ ਦੇਖਦੇ ਹਨ ਅਤੇ ਵਾਰ ਵਾਰ ਮੱਥਾ ਟੇਕਦੇ ਹਨ। ਇਸ ਤਰ੍ਹਾਂ ਇਸ ਦਾ ਆਕਾਰ ਵੱਡਾ ਹੁੰਦਾ ਰਹਿੰਦਾ ਹੈ ਅਤੇ ਸੋਲ੍ਹਾਂ ਦਿਨ ਪੂਰੇ ਹੋਣ ‘ਤੇ ਇਸ ਦਾ ਆਕਾਰ ਵੀ ਪੂਰਾ ਹੋ ਜਾਂਦਾ ਹੈ ਭਾਵ ਪੂਰਨਮਾਸ਼ੀ ‘ਤੇ ਇਹ ਪੂਰਨ ਰੂਪ ਧਾਰ ਲੈਂਦਾ ਹੈ। ਇਸ ਪਿਛੋਂ ਇਹ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਪਣੇ ਪਹਿਲੇ ਸਰੂਪ ਵਿਚ ਆ ਜਾਂਦਾ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੈ। ਚੰਦਰਮਾ ਦੀਆਂ ਕਿਰਨਾਂ ਵਿਚੋਂ ਅੰਮ੍ਰਿਤ ਝਰਦਾ ਹੈ ਅਤੇ ਇਹ ਸਾਰੀਆਂ ਚੀਜ਼ਾਂ ਜਿਵੇਂ ਬ੍ਰਿਛ ਅਤੇ ਧਰਤੀ ਦੀ ਪਿਆਸ ਬੁਝਾਉਂਦਾ ਹੈ, ਸਭ ਨੂੰ ਠੰਡਕ ਦਿੰਦਾ ਹੈ। ਇਹ ਬੇਸ਼ਕੀਮਤੀ ਰਤਨ ਜਿਵੇਂ ਠੰਡਕ, ਸ਼ਾਂਤੀ ਸਬਰ-ਸੰਤੋਖ ਆਦਿ ਇਕਰਸ ਸਭ ‘ਤੇ ਵਰਸਾਉਂਦਾ ਹੈ। ਹਨੇਰੇ ਵਿਚ ਇਹ ਚਾਨਣ ਦਿੰਦਾ ਹੈ ਜਿਸ ਵਿਚ ਚਕੋਰ ਵਰਗੇ ਪੰਛੀ ਨੂੰ ਸਮਾਧੀ ਲਾਉਣ ਦਾ, ਧਿਆਨ ਧਰਨ ਦਾ ਮੌਕਾ ਮਿਲਦਾ ਹੈ, ਚੰਦਰਮਾ ਉਸ ਦੀ ਖਿਚ ਦਾ ਕਾਰਨ ਬਣਦਾ ਹੈ। ਚੰਦਰਮਾ ਆਪਣੇ ਆਪ ਨੂੰ ਗੁਆ ਕੇ ਹੀ, ਇੱਕ ਬੇਸ਼ਕੀਮਤੀ ਰਤਨ ਬਣਦਾ ਹੈ (ਹਿੰਦੂ ਮਿੱਥ ਅਨੁਸਾਰ ਦੇਵਤਿਆਂ ਵੱਲੋਂ ਖੀਰ ਸਮੁੰਦਰ ਰਿੜਕਣ ‘ਤੇ ਨਿਕਲੇ ਚੌਦਾਂ ਰਤਨਾਂ ਵਿਚੋਂ ਚੰਦਰਮਾ ਵੀ ਇੱਕ ਰਤਨ ਹੈ):
ਦੁਇ ਦਿਹਿ ਚੰਦੁ ਅਲੋਪੁ ਹੋਇ
ਤੀਐ ਦਿਹ ਚੜ੍ਹਦਾ ਹੋਇ ਨਿਕਾ।
ਉਠਿ ਉਠਿ ਜਗਤੁ ਜੁਹਾਰਦਾ
ਗਗਨ ਮਹੇਸੁਰ ਮਸਤਕਿ ਟਿਕਾ।
ਸੋਲਹ ਕਲਾ ਸੰਘਾਰੀਐ
ਸਫਲੁ ਜਨਮੁ ਸੋਹੈ ਕਲਿ ਇਕਾ।
ਅੰਮ੍ਰਿਤ ਕਿਰਣਿ ਸੁਹਾਵਣੀ
ਨਿਝਰੁ ਝਰੈ ਸਿੰਜੈ ਸਹਸਿਕਾ।
ਸੀਤਲੁ ਸਾਂਤਿ ਸੰਤੋਖੁ ਦੇ
ਸਹਜ ਸੰਜੋਗੀ ਰਤਨ ਅਮਿਕਾ।
ਕਰੈ ਅਨੇਰਹੁ ਚਾਨਣਾ ਡੋਰ
ਚਕੋਰ ਧਿਆਨੁ ਧਰਿ ਛਿਕਾ।
ਆਪੁ ਗਵਾਇ ਅਮੋਲ ਮਣਿਕਾ॥੨੦॥