ਸਾਰਾਗੜ੍ਹੀ ਦੇ ਨਾਇਕ ਦਾ ਪਿੰਡ ਝੋਰੜਾਂ ਤੇ ਇਤਿਹਾਸਕਾਰ ਕੈਪਟਨ

ਗੁਲਜ਼ਾਰ ਸਿੰਘ ਸੰਧੂ
ਕੈਪਟਨ ਅਮਰਿੰਦਰ ਸਿੰਘ ਦੇ ਖੂਨ ਵਿਚ ਰਾਜ ਭਾਗ ਹੈ। ਪਿਤਾ ਪੁਰਖਿਆਂ ਦੇ ਖੂਨ ਤੋਂ ਬਿਨਾ ਉਹ ਇਕ ਹੋਰ ਅਵਤਾਰ ਦਾ ਧਾਰਨੀ ਵੀ ਹੈ, ਇਤਿਹਾਸਕਾਰਾਂ ਵਾਲਾ। ਪਿਛਲੇ ਹਫਤੇ ਚੰਡੀਗੜ੍ਹ ਵਿਚ ਰਿਲੀਜ਼ ਹੋਈ ਉਸ ਦੀ ਪੁਸਤਕ ‘ਸਾਰਾਗੜ੍ਹੀ ਦੀ ਲੜਾਈ ਵਿਚ 36ਵੀਂ ਸਿੱਖ ਰੈਜਮੈਂਟ ਦਾ ਮਾਅਰਕਾ’ ਕੈਪਟਨ ਦੀ ਇਤਿਹਾਸ ਵਿਚ ਰੁਚੀ ਤੇ ਪਹੁੰਚ ਨੂੰ ਉਜਾਗਰ ਕਰਦੀ ਹੈ।

120 ਸਾਲ ਪਹਿਲਾਂ ਸਿੱਖ ਰੈਜਮੈਂਟ ਦੇ 21 ਸਿਪਾਹੀਆਂ ਦੀ ਇੱਕ ਟੁਕੜੀ ਨੂੰ 8000 ਕਬਾਇਲੀ ਅਫਗਾਨਾਂ ਨੇ ਘੇਰਾ ਪਾ ਲਿਆ ਤਾਂ ਉਨ੍ਹਾਂ ਦੇ ਤੂਫਾਨੀ ਹਵਾਲਦਾਰ ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਸਮਰਪਣ ਕਰਨ ਨਾਲੋਂ ਲੜਦਿਆਂ ਮਰਨਾ ਠੀਕ ਰਹੇਗਾ। ਇਹ ਜਾਣਦਿਆਂ ਕਿ ਉਨ੍ਹਾਂ ਸਾਰਿਆਂ ਲਈ ਉਹ ਦਿਨ ਇਸ ਧਰਤੀ ਉਤੇ ਆਖਰੀ ਦਿਨ ਸੀ, ਉਨ੍ਹਾਂ 21 ਸਿਪਾਹੀਆਂ ਨੇ ਪੌਣੇ ਸੱਤ ਘੰਟੇ 8000 ਪਠਾਣਾਂ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਇੱਕ ਇੱਕ ਕਰਕੇ ਸਾਰੇ ਹੀ ਮਾਰੇ ਗਏ। ਜਦੋਂ ਦਾਦ ਨਾਂ ਵਜੋਂ ਜਾਣੇ ਜਾਂਦੇ ਰਸੋਈਏ ਨੂੰ ਇਹ ਪਤਾ ਲੱਗਾ ਤਾਂ ਉਸ ਨੇ ਵੀ ਸਮਰਪਣ ਕਰਨ ਦੀ ਥਾਂ ਆਪਣੇ ਇਕ ਮਰੇ ਹੋਏ ਸਾਥੀ ਦੀ ਬੰਦੂਕ ਚੁੱਕ ਕੇ ਚਾਰ ਦੁਸ਼ਮਣਾਂ ਦੀ ਜਾਨ ਲੈ ਲਈ।
ਕੈਪਟਨ ਅਮਰਿੰਦਰ ਸਿੰਘ ਦੀ ਸਿਰਜਣ ਕਲਾ ਦਾ ਕਮਾਲ ਇਸ ਵਿਚ ਇਹ ਹੈ ਕਿ ਉਸ ਨੇ ਇਸ ਲੜਾਈ ਨੂੰ ਰਸੋਈਏ ਦਾਦ ਦੇ ਆਲੇ-ਦੁਆਲੇ ਘੁਮਾਇਆ ਹੈ ਜਿਸ ਦੇ ਨਾਂ, ਧਰਮ ਤੇ ਮੂਲ ਦਾ ਇਸ ਤੋਂ ਵੱਧ ਕਿਸੇ ਨੂੰ ਕੋਈ ਪਤਾ ਨਹੀਂ ਕਿ ਉਸ ਦਾ ਜੱਦੀ ਖੇਤਰ ਨੌਸ਼ਹਿਰਾ ਸੀ। ਬੁੱਕ ਰਿਲੀਜ਼ ਸਮਾਗਮ ਸਮੇਂ ਸ਼ਿਰਕਤ ਕਰ ਰਹੇ ਫੌਜੀ ਅਫਸਰਾਂ, ਸਿਆਸਤਦਾਨਾਂ, ਪੱਤਰਕਾਰਾਂ ਤੇ ਫਿਲਮੀ ਦੁਨੀਆਂ ਦੇ ਚੋਣਵੇਂ ਕਾਰਕੁਨਾਂ ਨੂੰ ਲੇਖਕ ਨੇ ਦਸਿਆ ਕਿ ਭਾਵੇਂ ਸਾਰਾਗੜ੍ਹੀ ਦੀ ਲੜਾਈ ਸਾਂਝੀ ਦਲੇਰੀ ਤੇ ਬਹਾਦਰੀ ਦੀ ਗਾਥਾ ਹੈ ਪਰ ਉਸ ਤੋਂ ਪਹਿਲਾਂ ਵਾਲੇ ਇਤਿਹਾਸਕਾਰਾਂ ਨੇ ਰਸੋਈਏ ਦਾਦ ਦੇ ਯੋਗਦਾਨ ਵਲ ਲੋੜੀਂਦਾ ਧਿਆਨ ਨਹੀਂ ਦਿੱਤਾ। ਲੇਖਕ ਨੇ ਇਹ ਵੀ ਦੱਸਿਆ ਕਿ ਉਹ ਸੌਣ ਤੋਂ ਪਹਿਲਾਂ ਇਤਿਹਾਸ ਦੇ ਵਰਕੇ ਫਰੋਲੇ ਬਿਨਾ ਨਹੀਂ ਰਹਿ ਸਕਦਾ। ਇਤਿਹਾਸ ਦੀ ਪੈੜ ਨੱਪਣਾ ਉਸ ਦਾ ਸ਼ੌਕ ਹੈ।
ਇਹ ਵੀ ਲੇਖਕ ਦੀ ਸਿਰਜਣ ਕਲਾ ਦਾ ਕ੍ਰਿਸ਼ਮਾ ਸਮਝੋ ਕਿ 120 ਸਾਲ ਪਿੱਛੋਂ ਸਾਰਾਗੜ੍ਹੀ ਦੀ ਲੜਾਈ ਉਤੇ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਹੇਠ ਫਿਲਮ ਬਣ ਰਹੀ ਹੈ ਜਿਸ ਵਿਚ ਅਦਾਕਾਰ ਰਣਦੀਪ ਹੂਡਾ ਨੇ ਈਸ਼ਰ ਸਿੰਘ ਦਾ ਰੋਲ ਅਦਾ ਕਰਨਾ ਹੈ। ਸਮਾਗਮ ਵਿਚ ਹਾਜ਼ਰੀਨਾਂ ਦੀ ਮੰਗ ਉਤੇ ਕੈਪਟਨ ਨੇ 27 ਅਕਤੂਬਰ 2017 ਨੂੰ ਫੌਜੀ ਰਚਨਾਕਾਰਾਂ ਦਾ ਚੰਡੀਗੜ੍ਹ ਵਿਖੇ ਸਾਹਿਤ ਉਸਤਵ ਮਨਾਉਣ ਦਾ ਵਚਨ ਵੀ ਦਿੱਤਾ। ਇਸ ਦਿਨ ਇਕ ਸਿੱਖ ਰੈਜਮੈਂਟ ਪਾਕਿਸਤਾਨੀ ਧਾੜਵੀਆਂ ਤੋਂ ਜੰਮੂ-ਕਸ਼ਮੀਰ ਨੂੰ ਬਚਾਉਣ ਲਈ ਸ੍ਰੀਨਗਰ ਪਹੁੰਚੀ ਸੀ। ਇਸ ਮੌਕੇ ਹਵਾਲਦਾਰ ਈਸ਼ਰ ਸਿੰਘ ਦੇ ਜੱਦੀ ਪਿੰਡ ਝੋਰੜਾਂ ਵਿਚ ਵਧੀਆ ਸਮਾਰਕ ਦੀ ਉਸਾਰੀ ਕਰਨ ਦਾ ਵਚਨ ਵੀ ਦਿੱਤਾ। ਇਹ ਪਿੰਡ ਲੁਧਿਆਣਾ-ਰਾਏਕੋਟ ਸੜਕ ਤੋਂ ਪੰਜ ਕਿਲੋਮੀਟਰ ਦੀ ਦੂਰੀ ਉਤੇ ਹੈ ਤੇ ਇਸ ਨੂੰ ਜਗਰਾਓਂ ਦਾ ਰੇਲਵੇ ਸਟੇਸ਼ਨ ਲਗਦਾ ਹੈ, ਜੋ ਪਿੰਡ ਤੋਂ 25 ਕਿਲੋਮੀਟਰ ਦੂਰ ਹੈ।
ਸਮਾਗਮ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਇਤਿਹਾਸਕਾਰ ਕੈਪਟਨ ਅਮਰਿੰਦਰ ਸਿੰਘ ਹੁਣ 1984 ਦੇ ਲਹੂ ਭਿੱਜੇ ਵਰਕਿਆਂ ਉਤੇ ਕੰਮ ਕਰ ਰਿਹਾ ਹੈ। ਪੰਜਾਬ ਦੇ ਕਾਲੇ ਦਿਨਾਂ ਦੀ ਉਸ ਗਾਥਾ ਬਾਰੇ ਲੇਖਕ ਕੀ ਸੋਚਦਾ ਹੈ? ਇਸ ਦੀ ਥੋੜ੍ਹੀ ਜਿਹੀ ਭਿਣਕ ਦਾਸ (ਗੁਲਜ਼ਾਰ ਸੰਧੂ) ਨੂੰ ਵੀ ਹੈ। 1986 ਵਿਚ ਅਤਿਵਾਦ ਨਾਲ ਨਜਿਠਣ ਲਈ ‘ਪੰਜਾਬ ਗਰੁਪ’ ਦੀ ਸਥਾਪਨਾ ਹੋਈ ਸੀ ਜਿਸ ਦਾ ਕੈਪਟਨ ਅਮਰਿੰਦਰ ਸਿੰਘ ਮੈਂਬਰ ਸੀ ਤੇ ਮੈਨੂੰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਇਸ ਵਿਚ ਲਿਆ ਗਿਆ ਸੀ। ਕੈਪਟਨ ਨੇ ਉਹ ਦੌਰ ਦੋ ਦਹਾਕੇ ਆਪਣੀ ਹਿੱਕ ਵਿਚ ਕਿਉਂ ਤੇ ਕਿਵੇਂ ਸੰਭਾਲੀ ਰਖਿਆ, ਇਸ ਦੀ ਉਤਸੁਕਤਾ ਬਣੀ ਰਹੇਗੀ।
ਆਈ ਵਿਸਾਖੀ, ਗਈ ਵਿਸਾਖੀ: ਸਾਡੇ ਸਮਿਆਂ ਵਿਚ ਵਿਸਾਖੀ ਆਉਂਦੀ ਸੀ ਤਾਂ ਮੁੰਡੇ-ਕੁੜੀਆਂ ਰਲ ਕੇ ਗਾਉਂਦੇ ਸਨ, ‘ਕਣਕਾਂ ਦੀਆਂ ਫਸਲਾਂ ਪੱਕੀਆਂ ਨੇ, ਪਕਵਾਨ ਪਕਾਉਂਦੀਆਂ ਜੱਟੀਆਂ ਨੇ।’ ਅੱਜ ਫਸਲਾਂ ਪੱਕਦੀਆਂ ਪਿਛੋਂ ਨੇ ਤੇ ਵੱਢੀਆਂ ਪਹਿਲਾਂ ਜਾਂਦੀਆਂ ਹਨ। ਕੰਬਾਈਨ ਮਸ਼ੀਨਾਂ ਤੂੜੀ ਤੰਦ ਸਾਂਭ ਲੈਂਦੀਆਂ ਹਨ ਅਤੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕਰਨ ਦੀ ਲੋੜ ਨਹੀਂ ਪੈਂਦੀ। ਕਿਰਸਾਨੀ ਨੂੰ ਕਰਜ਼ੇ ਸਰਕਾਰ ਤੋਂ ਮਿਲ ਜਾਂਦੇ ਹਨ।
ਇਨ੍ਹੀਂ ਦਿਨੀਂ ਚੰਡੀਗੜ੍ਹ ਵਿਚ ਉਪਰ-ਥੱਲੇ ਦੋ ਕਵੀ ਦਰਬਾਰ ਹੋਏ। ਪਹਿਲਾ ਪੰਜਾਬ ਸਾਹਿਤ ਅਕਾਦਮੀ ਵੱਲੋਂ ਤੇ ਦੂਜਾ ਚੰਡੀਗੜ ਸਾਹਿਤ ਅਕਾਦਮੀ ਵੱਲੋਂ। ਵਿਸਾਖੀ ਨੂੰ ਕਿਸੇ ਕਵੀ ਨੇ ਚੇਤੇ ਨਹੀਂ ਕੀਤਾ। ਰਾਜਿੰਦਰ ਕੌਰ ਨੇ ਧੀਮੇ ਬੋਲਾਂ ਵਿਚ ਇੱਕ ਹਟਵਾਂ ਉਲਾਂਭਾ ਦਿੱਤਾ,
ਤੂੰ ਬੁੱਤ ਤੋੜਦਾ ਤੋੜਦਾ ਰੱਬ ਹੋ ਗਿਆ
ਤੇ ਮੈਂ ਕਿਚਰਾਂ ਚੁਗਦੀ ਬੁੱਤ ਹੋ ਗਈ।
ਮਨਜੀਤ ਇੰਦਰਾਂ ਨੇ ਹੌਸਲਾ ਦਿੱਤਾ,
ਗੈਰਾਂ ਦੇ ਮੋਢਿਆਂ ਦਾ ਆਸਰਾ ਨਾ ਲੋੜੀਏ
ਆਪਣੇ ਭਰੋਸੇ ਵਿਚ ਕਾਂਜੀ ਕਾਹਨੂੰ ਘੋਲੀਏ।
ਸੁਰਿੰਦਰ ਗਿੱਲ ਦੇ ਸ਼ਬਦ ਸਨ,
ਰੂਪ ਰੰਗ ਦੀ ਗੱਲ ਕਰੇ ਤਾਂ
ਪਿੰਡ ‘ਕੱਠਾ ਹੋ ਜਾਏ,
ਦਿਲ ਦੀ ਗੱਲ ਕਰੇ ਤਾਂ
ਬੰਦਾ ‘ਕੱਲਾ ਹੀ ਰਹਿ ਜਾਏ।
ਸ੍ਰੀ ਰਾਮ ਅਰਸ਼ ਨੇ ਬਦਲੇ ਹੋਏ ਸਮਿਆਂ ਦੀ ਜੜ੍ਹ ਫੜਨ ਦਾ ਯਤਨ ਕੁਝ ਇਸ ਤਰ੍ਹਾਂ ਕੀਤਾ,
ਲੱਗ ਗਿਆ ਵੀਜ਼ਾ ਜਦੋਂ
ਮੈਨੂੰ ਸਮੁੰਦਰ ਪਾਰ ਦਾ।
ਫਿਰ ਮੈਂ ਰਾਂਝੇ ਵਾਂਗ ਹੀਰੇ
ਕਿਉਂ ਫਿਰਾਂ ਵੱਗ ਚਾਰਦਾ।
ਰਮਨ ਸੰਧੂ ਵੀ ਪਹਿਲੇ ਸਮਿਆਂ ਦੀ ਵਿਸਾਖੀ ਬਾਰੇ ਗੱਲ ਨਹੀਂ ਕਰਦਾ ਪਰ ਇਸ ਦੇ ਕਾਰਨਾਂ ਦੀ ਘੋਖ ਜ਼ਰੂਰ ਕਰਦਾ ਹੈ,
ਹੜ੍ਹਾਂ ਨੇ ਡੋਬ’ਤੀ ਹਾੜ੍ਹੀ
ਲਿਆ ਮੁਟਿਆਰ ਨੇ ਹਉਕਾ,
ਉਹਨੇ ਜਦ ਪੜ੍ਹ ਲਿਆ ਕਰਜ਼ੇ ‘ਚ
ਡੁੱਬੇ ਬਾਪ ਦਾ ਚਿਹਰਾ।
ਉਤਰੀ ਭਾਰਤ ਦੀ ਕਿਸਾਨੀ ਨੂੰ ਵਿਸਾਖੀ ਦੀ ਕਣਕ ਕਰਜ਼ਿਆਂ ਦੇ ਭਾਰ ਥਲਿਓਂ ਕੱਢ ਸਕਦੀ ਹੈ ਜਾਂ ਨਹੀਂ? ਇਸ ਦਾ ਉਤਰ ਤਾਂ ਕੁਦਰਤ ਕੋਲ ਹੀ ਹੈ।
ਅੰਤਿਕਾ: ਡਾæ ਸਰਬਜੀਤ ਕੌਰ ਸੋਹਲ
ਜ਼ਿੰਦਗੀ ਚਗਲੇ ਸੁਆਦਾਂ ਦੀ ਚਵਿੰਗਮ
ਰਸ ਹੀਣ, ਬਕ ਬਕੀ।
ਰਬੜ ਦੀ ਅਲਕਤ, ਨਫਰਤੀ ਹਸਰਤ
ਜੁਬਾੜੇ ਦੁਖਣ, ਕੁੱਤੇ ਦੀ ਹੱਡੀ।
ਨਾ ਖਾਧੀ ਜਾਵੇ, ਨਾ ਜਾਵੇ ਛੱਡੀ।