ਪੁਸਤਕ ‘ਪੰਜਾਬ ਦੇ ਕੋਹੇਨੂਰ’ ਦਾ ਦੂਜਾ ਭਾਗ ਪੜ੍ਹਦਿਆਂ

ਪੂਰਨ ਸਿੰਘ ਪਾਂਧੀ, ਕੈਨੇਡਾ
ਫੋਨ: 905-789-6670
ਪ੍ਰਿੰਸੀਪਲ ਸਰਵਣ ਸਿੰਘ ਜਿੰਨੇ ਤਾਅ ਨਾਲ ਲਿਖ ਰਿਹੈ, ਉਨੇ ਹੀ ਚਾਅ ਨਾਲ ਪੜ੍ਹਿਆ ਜਾ ਰਿਹੈ। ਉਸ ਦੀ ਲਿਖਣ ਚਾਲ ਏਨੀ ਤੇਜ਼ ਤੇ ਅਣਥੱਕ ਹੈ ਕਿ ਨਾ ਉਹ ਆਪ ਥੱਕੇ ਤੇ ਨਾ ਹੀ ਉਸ ਦੇ ਪਾਠਕਾਂ ਨੂੰ ਥਕੇਵਾਂ, ਅਕੇਵਾਂ ਜਾਂ ਰੱਜ ਆਵੇ। ਪਹਿਲਾਂ ਇੱਕ ਸਾਲ ਵਿਚ ਉਸ ਦੀ ਇੱਕ ਪੁਸਤਕ ਛਪਦੀ ਸੀ ਜੋ ਹੱਥੋ-ਹੱਥ ਪੜ੍ਹੀ ਜਾਂਦੀ। ਹੁਣ ਉਹ ਇੱਕੋ ਸਾਲ ਵਿਚ ਦੋ ਦੋ ਤਿੰਨ ਤਿੰਨ ਕਿਤਾਬਾਂ ਲਿਖ ਰਿਹੈ ਤੇ ਉਸ ਦੇ ਪਾਠਕਾਂ ਦਾ ਦਾਇਰਾ ਵੀ ਹੋਰ ਵਿਸ਼ਾਲ ਹੋਈ ਜਾ ਰਿਹੈ।

2016 ਵਿਚ ਉਸ ਦੀ ਪੁਸਤਕ ‘ਪੰਜਾਬ ਦੇ ਕੋਹੇਨੂਰ’ ਭਾਗ ਪਹਿਲਾ ਛਪੀ ਸੀ, ਦੂਜੀ ਪੁਸਤਕ ‘ਅਰਥਚਾਰੇ ਦਾ ਧਰੂ ਤਾਰਾ ਡਾæ ਸਰਦਾਰਾ ਸਿੰਘ ਜੌਹਲ’ ਛਪੀ ਅਤੇ ਤੀਜੀ ਪੁਸਤਕ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ ਪੂਰਨ ਸਿੰਘ ਪਾਂਧੀ’ ਸੰਪਾਦਿਤ ਕਰ ਕੇ ਛਪਵਾਈ। ਇਕੋ ਸਾਲ ‘ਚ ਤਿੰਨ ਕਿਤਾਬਾਂ!
2017 ਦਾ ਸਾਲ ਚੜ੍ਹਦਿਆਂ ਹੀ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਛਪ ਗਈ ਹੈ। ਤਿੰਨ ਕੁ ਸੌ ਸਫੇ ਦੀ ਕਿਤਾਬ ਲਿਖ ਲੈਣੀ ਤਾਂ ਜਿਵੇਂ ਉਸ ਦਾ ਖੱਬੇ ਹੱਥ ਦਾ ਖੇਲ੍ਹ ਹੋਵੇ! ਵਿਚ ਵਿਚਾਲੇ ਅਖਬਾਰਾਂ-ਰਸਾਲਿਆਂ ਵਿਚ ਵੀ ਛਪੀ ਜਾਂਦੈ, ਇੰਟਰਵਿਊਆਂ ਵੀ ਕਰੀ-ਕਰਾਈ ਜਾਂਦੈ ਤੇ ਖੇਡ ਮੇਲੇ ਵੀ ਵੇਖੀ ਜਾਂਦੈ। ਰੇਡੀਓ, ਟੀæਵੀæ ਵਾਲਿਆਂ ਲਈ ਵੀ ਹਾਜ਼ਰ ਨਾਜ਼ਰ ਹੁੰਦੈ। ਉਹਦੇ ਦੱਸਣ ਮੂਜਬ ਉਹ ਰੋਜ਼ ਸੱਤ ਅੱਠ ਘੰਟੇ ਪੜ੍ਹਦਾ ਲਿਖਦਾ ਤੇ ਸੱਤ ਅੱਠ ਕਿਲੋਮੀਟਰ ਤੁਰਦਾ-ਫਿਰਦਾ ਹੈ। ਸਤੱਤਰ ਸਾਲਾਂ ਦਾ ਹੋ ਕੇ ਵੀ ਅਜੇ ਜੁਆਨ ਹੈ!
ਸਰਵਣ ਸਿੰਘ ਦੀਆਂ ਅਜੋਕੀਆਂ ਰਚਨਾਵਾਂ ਅਕਸਰ ਲੰਮੀਆਂ ਹੁੰਦੀਆਂ। ਥੋੜ੍ਹੇ ਜਿਹੇ ਲੇਖਕ ਹੀ ਹਨ ਜਿਨ੍ਹਾਂ ਦੀ ਲੰਮੀ ਰਚਨਾ ਵੀ ਅਕਾਊ ਨਹੀਂ ਲਗਦੀ; ਸਗੋਂ ਏਨੀ ਰਸਭਰੀ ਤੇ ਸੁਆਦਲੀ ਲੱਗਦੀ ਹੈ ਕਿ ਪੜ੍ਹਨ ਵਿਚ ਖੁੱਭਿਆ ਪਾਠਕ ਅਕਸਰ ਸੋਚਦਾ ਹੈ-ਕਿਧਰੇ ਇਹ ਛੇਤੀ ਮੁੱਕ ਨਾ ਜਾਵੇ, ਲੜੀ ਟੁੱਟ ਨਾ ਜਾਵੇ। ਪੰਜਾਬੀ ਦੇ ਸਿਰਮੌਰ ਲੇਖਕ ਡਾæ ਵਰਿਆਮ ਸਿਘ ਸੰਧੂ ਨੇ ਬੜੀ ਪਤੇ ਦੀ ਗੱਲ ਲਿਖੀ ਹੈ ਕਿ ਬਹੁਤੇ ਲੇਖਕ ਆਪਣੀ ਰਚਨਾ ਨੂੰ ਰੌਚਕ ਤੇ ਰਸੀਲੀ ਬਣਾਉਣ ਅਤੇ ਪਾਠਕ ਨੂੰ ਰਚਨਾ ਨਾਲ ਜੋੜੀ ਰੱਖਣ ਲਈ ‘ਕਾਮੁਕ ਤੇ ਕਰੁਣਾ’ ਦੀਆਂ ਜੁਗਤਾਂ ਵਰਤਦੇ ਹਨ, ਭਾਵ ਕਾਮ ਉਕਸਾਊ ਅਤੇ ਦੁੱਖ-ਦਰਦ ਤੇ ਤੜਪ ਭਰੀਆਂ ਬੇਲੋੜੀਆਂ ਭਾਵਕ ਗੱਲਾਂ ਸੁਆਦ ਲੈਣ ਤੇ ਸਨਸਨੀ ਪੈਦਾ ਕਰਨ ਲਈ ਹੀ ਆਪਣੀਆਂ ਲਿਖਤਾਂ ਵਿਚ ਭਰੀ ਜਾਂਦੇ ਹਨ। ਪਰ ਸਰਵਣ ਸਿੰਘ ਅਜਿਹਾ ਲੇਖਕ ਹੈ ਜੋ ਕਾਮ, ਕਰੁਣਾ, ਕ੍ਰੋਧ ਤੇ ਦੂਈ-ਦਵੈਤ ਦੇ ਬੇਸ਼ਰਮ ਵੇਰਵਿਆਂ ਨਾਲ ਆਪਣੀ ਰਚਨਾ ਨੂੰ ਨਹੀਂ ਲਬੇੜਦਾ। ਉਹ ਸ਼ਬਦਾਂ ਤੇ ਵਾਕਾਂ ਦੀ ਕਲਾਤਮਿਕ ਬਾਜ਼ੀਗਰੀ ਨਾਲ ਹੀ ਆਪਣੀ ਰਚਨਾ ਨੂੰ ਰੌਚਕ ਬਣਾਈ ਰਖਦਾ ਹੈ।
‘ਸਰਵਣ ਸ਼ੈਲੀ’ ਦੀ ਵਿਸੇæਸ਼ਤਾ ਉਸ ਦੀ ਵਾਰਤਕ ਵਿਚਲੀ ਕਵਿਤਾ ਵਰਗੀ ਲੈਅ, ਸ਼ਬਦਾਵਲੀ ਦੀ ਸਾਦਗੀ, ਸਰਲਤਾ, ਸਾਖੀ ਬਿਰਤਾਂਤ ਵਰਗੀ ਰੌਚਕਤਾ ਅਤੇ ਸਥਾਨਕ ਤੇ ਨਿਜੀ ਛੋਹਾਂ ਨਾਲ ਪਾਠਕ ਨੂੰ ਕੀਲੀ ਰੱਖਣ ਦੀ ਸਮਰੱਥਾ ਹੈ। ਮੈਂ ਉਸ ਦੀਆਂ ਜਿੰਨੀਆਂ ਵੀ ਰਚਨਾਵਾਂ ਪੜ੍ਹੀਆਂ, ਸੁਆਦ ਨਾਲ ਪੜ੍ਹੀਆਂ ਤੇ ਇੱਕੋ ਬੈਠਕ ਵਿਚ ਪੜ੍ਹੀਆਂ। ਉਸ ਦੀ ਹਰ ਰਚਨਾ ਵਿਚੋਂ ਮਾਨਸਕ ਤ੍ਰਿਪਤੀ ਮਿਲਦੀ ਤੇ ਗਿਆਨ ਵਿਚ ਵਾਧਾ ਹੁੰਦਾ ਹੈ। ਮੈਂ ਇਕੱਲਾ ਹੀ ਨਹੀਂ, ਮੇਰੇ ਵਰਗੇ ਹੋਰ ਵੀ ਉਸ ਦੀ ਇਸ ਟੂਣੇਹਾਰੀ ਸ਼ੈਲੀ ਦੇ ਦੀਵਾਨੇ-ਮਸਤਾਨੇ ਹਨ। ਕਵੀ ਹਰਿੰਦਰ ਸਿੰਘ ਮਹਿਬੂਬ ਵੀ ਉਸ ਦੀ ਵਾਰਤਕ ਦਾ ਮਤਵਾਲਾ ਸੀ ਜੋ ਉਸ ਦਾ ਸਫਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਰਾਤ ਨੂੰ ਪੜ੍ਹਨ ਲੱਗਾ ਤਾਂ ਪਹੁਫੁਟਾਲੇ ਤਕ ਪੜ੍ਹੀ ਗਿਆ। ਇਹ ਉਸ ਦੀ ਸ਼ੈਲੀ ਦਾ ਹੀ ਕਮਾਲ ਹੈ ਜਿਸ ਨੇ ਮਹਿਬੂਬ ਵਰਗੇ ਪ੍ਰੌਢ ਪਾਠਕ ਨੂੰ ਵੀ ਉਦੋਂ ਤਕ ਜਗਾਈ ਰੱਖਿਆ, ਜਦੋਂ ਤਕ ਕਿਤਾਬ ਮੁੱਕ ਨਾ ਗਈ!
ਇਸ ਪੁਸਤਕ ਵਿਚ ਪੰਜਾਬ ਦੀਆਂ ਸੱਤ ਨਾਮੀ ਹਸਤੀਆਂ ਦੇ ਜੀਵਨੀ ਸ਼ਬਦ ਚਿੱਤਰ ਹਨ। ਭਾਗ ਪਹਿਲੇ ਵਿਚ ਨੌਂ ਰਤਨਾਂ ਦੇ ਜੀਵਨੀ ਸ਼ਬਦ ਚਿੱਤਰ ਸਨ ਜੋ 320 ਸਫਿਆਂ ‘ਤੇ ਛਪੇ। ਭਾਗ ਦੂਜਾ ਵਿਚ ਸੱਤ ਹਸਤੀਆਂ ਸ਼ਾਮਲ ਹਨ ਅਤੇ ਉਨ੍ਹਾਂ ਦੇ ਜੀਵਨੀ ਸ਼ਬਦ ਚਿੱਤਰਾਂ ਦੇ 296 ਸਫੇ ਹਨ। ਇਹ ਹਸਤੀਆਂ ਹਨ-ਡਾæ ਮਹਿੰਦਰ ਸਿੰਘ ਰੰਧਾਵਾ, ਭਾਪਾ ਪ੍ਰੀਤਮ ਸਿੰਘ, ਬਲਵੰਤ ਗਾਰਗੀ, ਪਹਿਲਵਾਨ ਦਾਰਾ ਦੁਲਚੀਪੁਰੀਆ, ਡਾæ ਹਰਿਭਜਨ ਸਿੰਘ, ਗੁਲਜ਼ਾਰ ਸਿੰਘ ਸੰਧੂ ਤੇ ਸੰਤ ਰਾਮ ਉਦਾਸੀ। ਹਰ ਹਸਤੀ ਦਾ ਵੇਰਵਾ ਵਿਸਥਾਰ ਭਰਿਆ ਹੈ। ਉਨ੍ਹਾਂ ਦੇ ਜੀਵਨ, ਪ੍ਰਾਪਤੀਆਂ ਤੇ ਦੇਣਾਂ ਬਾਰੇ ਭਰਪੂਰ ਜਾਣਕਾਰੀ ਦੇਣ ਵਾਲਾ। ਉਸ ਦੀ ਇਹ ਕਿਤਾਬ ਵੀ ਪਹਿਲੀਆਂ ਕਿਤਾਬਾਂ ਵਾਂਗ ਰਸ, ਰੰਗ, ਵੇਗ ਤੇ ਵਹਾਅ ਵਿਚ ਨ੍ਰਿਤ ਕਰਦੀ ਰਚਨਾ ਦਾ ਪ੍ਰਭਾਵ ਸਿਰਜਦੀ ਹੈ। ਇਨ੍ਹਾਂ ਕੋਹੇਨੂਰਾਂ ਦੇ ਸ਼ਬਦ ਚਿੱਤਰ ਜਿੰਨੇ ਨਿਰਭੈ ਤੇ ਨਿਰਪੱਖ ਹੋ ਕੇ, ਸਹੀ ਤੇ ਯਥਾਰਥੀ ਢੰਗ ਨਾਲ ਚਿੱਤਰੇ ਹਨ; ਉਸ ਸਾਧਨਾ, ਸਵੱਛਤਾ ਤੇ ਪਵਿੱਤਰਤਾ ਲਈ ਲੇਖਕ ਦੀ ਕਲਮ ਨੂੰ ਸਲਾਮ! ਇਹ ਰੇਖਾ ਚਿੱਤਰ ਗੁਜ਼ਰ ਗਿਆਂ ਲਈ ਸੁੱਚੀ ਸ਼ਰਧਾਂਜਲੀ ਹੈ ਅਤੇ ਜੀਂਦਿਆਂ ਲਈ ਪੁਰਸਕਾਰ।
ਸਰਵਣ ਸਿੰਘ ਦੇ ਰੇਖਾ ਚਿੱਤਰ ਜਾਂ ਸ਼ਬਦ ਚਿੱਤਰਾਂ ਦੀਆਂ ਖੂਬੀਆਂ ਹੋਰਾਂ ਤੋਂ ਇਸ ਕਾਰਨ ਵੱਖਰੀਆਂ ਹਨ ਕਿ ਉਹ ਸਬੰਧਤ ਵਿਅਕਤੀ ਦਾ ਨਿਰਾ ਗੁਣ-ਗਾਣ ਨਹੀਂ ਕਰਦਾ, ਉਸ ਦੀਆਂ ਚੰਗੀਆਂ-ਮੰਦੀਆਂ ਆਦਤਾਂ ਤੇ ਬਹਿਵਤਾਂ ਦਾ ਵੀ ਨਾਲੋ-ਨਾਲ ਬਿਆਨ ਕਰਦਾ ਹੈ। ਇਸ ਤਰ੍ਹਾਂ ਗੱਲ ਸੁਭਾਵਕ ਤੇ ਯਥਾਰਥੀ ਹੋ ਨਿਬੜਦੀ ਹੈ। ਗੱਲ ਭਾਵੇਂ ਮਹਿੰਦਰ ਸਿੰਘ ਰੰਧਾਵੇ ਦੀ ਹੋਵੇ, ਭਾਵੇਂ ਬਲਵੰਤ ਗਾਰਗੀ ਦੀ, ਡਾæ ਹਰਿਭਜਨ ਸਿੰਘ ਜਾਂ ਹੋਰਾਂ ਦੀ, ਹਰ ਥਾਂ, ਹਰ ਵਿਅਕਤੀ ਨਾਲ ਉਹ ਉਸ ਦੇ ਸਮਕਾਲੀ ਸੱਜਣਾਂ ਮਿੱਤਰਾਂ ਦੇ ਹਵਾਲੇ ਵੀ ਦਿੰਦਾ ਜਾਂਦਾ ਹੈ। ਕਿਸੇ ਨੇ ਕੀ ਆਖਿਆ ਤੇ ਕਿਵੇਂ ਆਖਿਆ ਦੀ ਵਿਧੀ ਨਾਲ ਰਚਨਾ ਹੋਰ ਯਥਾਰਥਕ, ਰੌਚਕ, ਰਸਦਾਰ ਤੇ ਪ੍ਰਭਾਵਸ਼ਾਲੀ ਬਣਦੀ ਜਾਂਦੀ ਹੈ।
ਇਨ੍ਹਾਂ ਕੋਹੇਨੂਰਾਂ ਬਾਰੇ ਕੁਝ ਸ਼ਬਦ ਪੁਸਤਕ ਦੇ ਸਰਵਰਕ ਉਤੇ ਵੀ ਛਪੇ ਹਨ: ਡਾæ ਮਹਿੰਦਰ ਸਿੰਘ ਰੰਧਾਵਾ ਕਰਨੀ ਵਾਲਾ ਪੁਰਸ਼ ਸੀ। ਉਸ ਨੇ ਜਿਸ ਕੰਮ ਨੂੰ ਵੀ ਹੱਥ ਪਾਇਆ ਕਾਮਯਾਬੀ ਨਾਲ ਸਿਰੇ ਲਾਇਆ। ਉਹ ਪਰਤਾਪੀ ਪੁਰਖਾਂ ਵਾਂਗ ਜੀਵਿਆ ਤੇ ਕਰਨੀ ਵਾਲੇ ਮਹਾਂਪੁਰਖਾਂ ਵਾਂਗ ਸੁਰਗਵਾਸ ਹੋਇਆ। ਭਾਪਾ ਪ੍ਰੀਤਮ ਸਿੰਘ ਪੁਸਤਕ ਪ੍ਰਕਾਸ਼ਨ ਦਾ ਚੈਂਪੀਅਨ ਸੀ ਜਿਸ ਨੇ ਛਪਾਈ ਦੇ ਅਨੇਕਾਂ ਨੈਸ਼ਨਲ ਅਵਾਰਡ ਜਿੱਤੇ। ਉਸ ਨੇ ਲੋਹੇ ਦੇ ਸਿੱਕਿਆਂ ਨੂੰ ਸੋਨੇ ਦੇ ਹਰਫਾਂ ਵਿਚ ਢਾਲਣ ਦਾ ਕੌਤਕ ਵਰਤਾਇਆ ਤੇ ਸ਼ਬਦਾਂ ਦੀ ਲੀਲ੍ਹਾ ਰਚੀ। ਬਲਵੰਤ ਗਾਰਗੀ ਹਰ ਗੱਲ ਨਾਟਕੀ ਅੰਦਾਜ਼ ਵਿਚ ਕਰਦਾ ਸੀ। ਉਹ ਨਾਟਕਕਾਰ ਹੋਣ ਦੇ ਨਾਲ ਸਿਰੇ ਦਾ ਡਰਾਮੇਬਾਜ਼ ਵੀ ਸੀ। ਡਰਾਮੇਬਾਜ਼ ਕੀ, ਉਹ ਸੀ ਹੀ ਡਰਾਮਾ! ਪਹਿਲਵਾਨ ਦਾਰਾ ਦੁਲਚੀਪੁਰੀਆ, ਦੇਵੇ ਹਿੰਦ ਪਹਿਲਵਾਨ ਕਿੱਕਰ ਸਿੰਘ ਵਾਂਗ ਸੱਤ ਫੁੱਟਾ ਭਲਵਾਨ ਸੀ। ਜੇ ਉਹ ਕਤਲ ਨਾ ਕਰਦਾ ਤਾਂ ਹੋਰ ਵੀ ਉਚੀਆਂ ਬੁਲੰਦੀਆਂ ਛੋਂਹਦਾ। ਉਹ ਵੀ ਦੂਜੇ ਦਾਰੇ ਵਾਂਗ ਕਿਸਮਤ ਦਾ ਧਨੀ ਕਹਾਉਂਦਾ। ਫਿਰ ਉਹਦੇ ਨਾਲ ਦੁਖਾਂਤਕ ਭਾਣੇ ਵੀ ਨਾ ਵਾਪਰਦੇ। ਡਾæ ਹਰਿਭਜਨ ਸਿੰਘ ਪੰਜਾਬੀ ਵਿਦਵਤਾ ਦਾ ਭਰ ਵਗਦਾ ਦਰਿਆ ਸੀ। ਅੰਤਾਂ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਉਸ ਨੇ ਬੇਅੰਤ ਸਿਰਜਣਾਤਮਕ ਕਾਰਜ ਕੀਤਾ। ਕਵਿਤਾ, ਆਲੋਚਨਾ, ਅਨੁਵਾਦ ਤੇ ਸੰਪਾਦਨ ਦੀਆਂ 73 ਪੁਸਤਕਾਂ ਦੀ ਰਚਨਾ ਕੀਤੀ। ਗੁਲਜ਼ਾਰ ਸਿੰਘ ਸੰਧੂ ਸਦਾਬਹਾਰ ਲੇਖਕ ਹੈ। ਤਰਾਸੀ ਕੋਹ ਦੀ ਦੌੜ ਲਾ ਕੇ ਵੀ ਉਹਦੀ ਕਲਮ ਪਹਿਲਾਂ ਵਾਂਗ ਹੀ ਚੱਲ ਰਹੀ ਹੈ ਤੇ ਹਾਸਾ ਵੀ ਪਹਿਲਾਂ ਵਾਂਗ ਹੀ ਛਣਕ ਰਿਹੈ। ਸੰਤ ਰਾਮ ਉਦਾਸੀ ਲੋਕ ਕਾਵਿ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ ਪਰ ਉਹਦੀਆਂ ਕਵਿਤਾਵਾਂ ਤੇ ਗੀਤਾਂ ਦਾ ਤਪ-ਤੇਜ ਸਦਾ ਮਘਦਾ ਰਹੇਗਾ ਅਤੇ ਕਿਰਤੀ ਕਾਮਿਆਂ ਅੰਦਰ ਰੋਹ ਦੀਆਂ ਚਿਣਗਾਂ ਬਾਲਦਾ ਰਹੇਗਾ।
ਸਰਵਣ ਸਿੰਘ ਦੀ ਵਾਰਤਕ ਤੇ ਪੁਸਤਕ ਬਾਰੇ ਸਰਵਰਕ ਉਤੇ ਕੁਝ ਕਥਨ ਦਰਜ ਹਨ, “ਹੱਥਲੀ ਪੁਸਤਕ ਜਿਥੇ ਸਰਵਣ ਸਿੰਘ ਦੀ ਪੱਕੀ-ਰਸੀ ਕਲਮ ਦਾ ਭਾਸ਼ਾਈ ਅਨੰਦ ਦਿੰਦੀ ਹੈ, ਉਥੇ ਉਹਦੀਆਂ ਮਨੁੱਖੀ ਸਾਂਝਾਂ ਦੀ ਥਾਹ ਵੀ ਪੁਆਉਂਦੀ ਹੈ। ਪਾਠਕ ਹੈਰਾਨ ਹੋਣਗੇ ਕਿ ਉਹ ਕਿਹੜੇ ਕਿਹੜੇ ਖੇਤਰ ਦੇ ਕਿਸ ਕਿਸ ਮਹਾਂਰਥੀ ਨਾਲ ਜਾ ਸਾਂਝ ਪਾਉਂਦਾ ਹੈ। ਸਾਂਝ ਵੀ ਏਨੀ ਗੂੜ੍ਹੀ ਕਿ ਮਹਾਂਰਥੀ ਦਾ ਅੰਤਰ-ਮਨ ਵੀ ਸਾਫ ਵਿਖਾਉਂਦਾ ਜਾਂਦਾ ਹੈ। ਇਨ੍ਹਾਂ ਕੋਹੇਨੂਰਾਂ ਦੇ ਦਰਸ਼ਨਾਂ ਵਿਚੋਂ ਨਾਲੋ-ਨਾਲ ਪੰਜਾਬ, ਪੰਜਾਬੀ ਰਹਿਤਲ ਤੇ ਪੰਜਾਬੀ ਸੁਭਾਅ ਦੇ ਵੀ ਦਰਸ਼ਨ ਹੁੰਦੇ ਜਾਂਦੇ ਹਨ।” (ਗੁਰਬਚਨ ਸਿੰਘ ਭੁੱਲਰ)
“ਜੇ ਤੁਸੀਂ ਸਰਵਣ ਸਿੰਘ ਨੂੰ ਅਜੇ ਤਕ ਨਹੀਂ ਪੜ੍ਹਿਆ ਤਾਂ ਇਕ ਵਾਰ ਜ਼ਰੂਰ ਪੜ੍ਹੋ। ਤੁਸੀਂ ਕਵਿਤਾ, ਕਹਾਣੀ ਦੇ ਗਿੱਝੇ ਹੋਏ ਉਹਦੀ ਲਿਖਤ ਵੱਲ ਧਿਆਨ ਦੇਵੋਗੇ ਤਾਂ ਤੁਹਾਨੂੰ ਆਪਣੇ ਮੂੰਹ ਦਾ ਸਵਾਦ ਬਦਲਿਆ ਜਾਪੇਗਾ। ਅੱਜ-ਕੱਲ੍ਹ ਦੀ ਕਵਿਤਾ-ਕਹਾਣੀ ਵਿਚ ਕੋੜਕੂ ਬਹੁਤੇ ਤੇ ਚਿੱਥਣ ਜੋਗਾ ਦਾਣਾ ਕੋਈ ਕੋਈ ਹੀ ਹੁੰਦਾ ਹੈ। ਸਾਹਿਤ ਦਿਨੋ ਦਿਨ ਨਿੰਦਣਯੋਗ, ਭੰਡਣਯੋਗ ਤੇ ਖੰਡਣਯੋਗ ਚਤਰਾਈ ਨਾਲ ਏਨਾ ਘਿਰ ਗਿਆ ਹੈ ਕਿ ਇਸ ਨੂੰ ਪਿਆਰਯੋਗ, ਸਤਿਕਾਰਯੋਗ ਤੇ ਸਵੀਕਾਰਯੋਗ ਵਰਗੇ ਵਿਸ਼ੇਸ਼ ਗੁਣਾਂ ਨਾਲ ਜਿਵੇਂ ਵਾਕਫੀ ਹੀ ਨਹੀਂ ਰਹੀ। ਜੇ ਸਾਹਿਤ ਵਿਚਲੇ ਕੋਝ ਤੋਂ ਤੁਹਾਡਾ ਮਨ ਉਚਾਟ ਹੋ ਜਾਵੇ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ। ਤੁਹਾਨੂੰ ਪਤਾ ਲੱਗੇਗਾ ਕਿ ਨਿਰਭਉ ਤੇ ਨਿਰਵੈਰ ਅਕਾਲ ਪੁਰਖ ਅਜੇ ਜਿਊਂਦਾ ਹੈ।” (ਡਾæ ਹਰਿਭਜਨ ਸਿੰਘ)
“ਸਰਵਣ ਸਿੰਘ ਦੀ ਬੋਲੀ ਘੁਲ ਕੇ ਘਿਓ-ਗੱਚ ਚੂਰੀ ਬਣ ਗਈ ਹੈ। ਛੋਟੇ ਹੁੰਦਿਆਂ ਉਸ ਨੇ ਮੱਝਾਂ ਚਾਰੀਆਂ ਤੇ ਹਾਲੀਆਂ ਪਾਲੀਆਂ ਦੀਆਂ ਬੋਲੀਆਂ ਦੀ ਲੈਅ ਵਿਚ ਸਰਸ਼ਾਰਿਆ ਰਿਹਾ। ਉਸ ਨੂੰ ਪੜ੍ਹਨ ਲਈ ਕੁਝ ਸਾਲ ਫਾਜ਼ਿਲਕਾ ਰਹਿਣਾ ਪਿਆ ਸੀ ਜਿਥੇ ਮਲਵਈ, ਮਝੈਲ, ਦੁਆਬੀਏ, ਆਰ-ਪਾਰ ਦੇ ਰਾਏ ਸਿੱਖ, ਕੰਬੋਅ, ਰਾਠੌੜ, ਧਾਣਕੇ, ਮੁਲਤਾਨੀ, ਦੇਸੀ ਬਾਣੀਏ, ਬਾਗੜੀਏ, ਬਾਜ਼ੀਗਰ ਤੇ ਬਾਰ ਦੇ ਰਿਫੂਜ਼ੀਆਂ ਨਾਲ ਸਾਰਾ ਪੰਜਾਬ ਇਕੱਠਾ ਹੋ ਗਿਆ ਸੀ। ਉਨ੍ਹਾਂ ਦੇ ਭਾਂਤ-ਸੁਭਾਂਤੇ ਬੋਲਾਂ ਨੇ ਉਸ ਅੱਗੇ ਬੋਲੀ ਦੀਆਂ ਮਰੋੜੀਆਂ ਤੇ ਤੈਹਾਂ ਖੋਲ੍ਹ ਕੇ ਰੱਖ ਦਿੱਤੀਆਂ।” (ਜਸਵੰਤ ਸਿੰਘ ਕੰਵਲ)
“ਸਰਵਣ ਸਿੰਘ ਦੀ ਰਚਨਾ ਕੇਵਲ ਤਰਦੀ-ਤਰਦੀ ਬਿਰਤਾਂਤਬਾਜ਼ੀ ਤਕ ਸੀਮਤ ਨਹੀਂ ਸਗੋਂ ਉਹ ਬੰਦਿਆਂ, ਘਟਨਾਵਾਂ, ਸਥਿਤੀਆਂ ਅਤੇ ਵਰਤਾਰਿਆਂ ਦੇ ਡੂੰਘ ਵਿਚ ਉਤਰ ਜਾਣ ਦੀ ਅਸੀਮ ਰਚਨਈ ਸਮਰੱਥਾ ਦਾ ਮਾਲਕ ਹੈ। ਉਹ ਜ਼ਿੰਦਗੀ ਦੇ, ਮਨੁੱਖੀ ਵਿਹਾਰ ਦੇ ਅਨੇਕਾਂ ਝਰੋਖੇ ਖੋਲ੍ਹ ਦਿੰਦਾ ਹੈ ਜਿਨ੍ਹਾਂ ਵਿਚੋਂ ਜ਼ਿੰਦਗੀ ਦੀ ਸਮਝ ਦੇ ਅਨੇਕਾਂ ਕੋਨੇ ਸਾਡੇ ਸਾਹਵੇਂ ਲਿਸ਼-ਲਿਸ਼ ਲਿਸ਼ਕਣ ਲੱਗਦੇ ਹਨ। ਉਹ ਮਨੁੱਖ ਦੇ ਮਨ ਅੰਦਰ ਪਏ ਸਥਾਈ ਭਾਵਾਂ ਨੂੰ ਟੁੰਬਣ ਦਾ ਹੁਨਰ ਭਲੀ ਭਾਂਤ ਜਾਣਦਾ ਹੈ। ਸੂਖਮ ਕਿਸਮ ਦਾ ਹਾਸ-ਵਿਅੰਗ ਤੇ ਟਿੱਚਰ-ਵਿਨੋਦ ਉਹਦੀ ਰਚਨਾ-ਜੁਗਤ ਦਾ ਮੀਰੀ ਗੁਣ ਹੈ।” (ਵਰਿਆਮ ਸਿੰਘ ਸੰਧੂ)
ਜਿਸ ਚਾਲ ਨਾਲ ਪ੍ਰਿੰਸੀਪਲ ਸਰਵਣ ਸਿੰਘ ਲਿਖੀ ਜਾ ਰਿਹੈ, ਆਸ ਹੈ ‘ਪੰਜਾਬ ਦੇ ਕੋਹੇਨੂਰ ਭਾਗ ਤੀਜਾ’ ਵੀ ਛੇਤੀ ਹੀ ਆ ਜਾਵੇਗੀ।