ਕਹਾਣੀਕਾਰ ਮਨਿੰਦਰ ਕਾਂਗ ਨਹੀਂ ਰਹੇ

ਜਲੰਧਰ: ਪੰਜਾਬੀ ਦੇ ਨਾਮੀ ਕਹਾਣੀਕਾਰ ਤੇ ਆਲੋਚਕ ਮਨਿੰਦਰ ਕਾਂਗ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਕਈ ਕਿਤਾਬਾਂ ਪਾਈਆਂ। ਪੰਜਾਬੀ ਤੋਂ ਇਲਾਵਾ ਉਨ੍ਹਾਂ ਅੰਗਰੇਜ਼ੀ ਤੇ ਹਿੰਦੀ ‘ਚ ਵੀ ਲਿਖਿਆ ਸੀ ਤੇ ਉਨ੍ਹਾਂ ਦੀ ਹਿੰਦੀ ਦੀ ਕਿਤਾਬ ਛਪਣ ਵਾਲੀ ਸੀ। ਉਨ੍ਹਾਂ ਦੇ ਪਿਤਾ ਕੁਲਬੀਰ ਸਿੰਘ ਕਾਂਗ ਪੰਜਾਬੀ ਦੇ ਪਹਿਲੇ ਆਲੋਚਕਾਂ ਦੀ ਕਤਾਰ ‘ਚ ਆਉਂਦੇ ਸਨ। ਮਨਿੰਦਰ ਕਾਂਗ ਪਹਿਲਾਂ-ਪਹਿਲ ਆਪਣੇ ਕਹਾਣੀ ਸੰਗ੍ਰਹਿ ‘ਜੂਨ’ ਵਿਚਲੀ ਕਹਾਣੀ ‘ਜੂਨ’ ਕਰ ਕੇ ਚਰਚਾ ਵਿਚ ਆਏ। ‘ਕੁੱਤੀ ਵਿਹੜਾ’ ਕਹਾਣੀ ਵਿਚ ਉਨ੍ਹਾਂ ਨੇ ਗੁਰੂ ਰਾਮਦਾਸ ਦੇ ਵੇਲਿਆਂ ਤੋਂ ਲੈ ਕੇ ਹੁਣ ਤੱਕ ਦੇ ਦਲਿਤਾਂ ਦੇ ਹਾਲਾਤ ਬਾਰੇ ਵਿਲੱਖਣ ਅੰਦਾਜ਼ ‘ਚ ਲਿਖਿਆ ਸੀ। ਉਨ੍ਹਾਂ ਦੀ ਕਹਾਣੀ ‘ਭਾਰ’ ਪੰਜਾਬ ਦੇ ਸੰਕਟ ਬਾਰੇ ਲਿਖੀ ਬੜੀ ਜਾਨਦਾਰ ਟਿੱਪਣੀ ਹੈ। ਪੰਜਾਬੀ ਸਾਹਿਤ ਜਗਤ ਵਿਚ ਉਨ੍ਹਾਂ ਦੀ ਨਿੱਗਰ ਪਛਾਣ ਇਨ੍ਹਾਂ ਦੋ ਕਹਾਣੀਆਂ ਨੇ ਬਹੁਤ ਗੂੜ੍ਹੀ ਕਰ ਦਿੱਤੀ। ‘ਭਾਰ’ ਉਤੇ ਤਾਂ ਫਿਲਮ ਵੀ ਬਣੀ। ਪਾਠਕ ਇਹ ਕਹਾਣੀਆਂ ਪੰਜਾਬ ਟਾਈਮਜ਼ ਵਿਚ ਪੜ੍ਹ ਚੁਕੇ ਹਨ। ਉਹ ਆਪਣੇ ਪਿਛੇ ਪਤਨੀ ਨਰਿੰਦਰ ਕੌਰ ਅਤੇ ਦੋ ਪੁੱਤਰ ਗੋਬਿੰਦਪਾਲ ਤੇ ਅੰਗਦਪਾਲ ਛੱਡ ਗਏ ਹਨ। ਸਾਹਿਤ ਪ੍ਰੇਮੀਆਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਈ ਦਿੱਤੀ। ਵੱਖ ਵੱਖ ਸਾਹਿਤਕ ਜਥੇਬੰਦੀਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।

Be the first to comment

Leave a Reply

Your email address will not be published.