ਕਸ਼ਮੀਰ ‘ਚ ਮੋਦੀ ਸਰਕਾਰ ਪ੍ਰਤੀ ਬੇਵਸਾਹੀ ਦਾ ਆਲਮ

ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਹੋਈ ਜ਼ਿਮਨੀ ਚੋਣ ਵਿਚ ਹਿੰਸਾ ਦੌਰਾਨ ਅੱਠ ਮੌਤਾਂ ਅਤੇ ਮਹਿਜ਼ 7 ਫੀਸਦੀ ਵੋਟਿੰਗ ਨੇ ਸਰਕਾਰ ਪ੍ਰਤੀ ਲੋਕਾਂ ਦੇ ਗੁੱਸੇ ਬਾਰੇ ਵੱਡੇ ਸੰਕੇਤ ਦਿੱਤੇ ਹਨ। ਇਸ ਪਿੱਛੋਂ ਚੋਣ ਕਮਿਸ਼ਨ ਨੇ ਅਨੰਤਨਾਗ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਲਤਵੀ ਕਰ ਦਿੱਤੀ। ਘਾਟੀ ਵਿਚ ਵੱਖਵਾਦੀ ਆਗੂ ਸ਼ੁਰੂ ਤੋਂ ਹੀ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੰਦੇ ਆਏ ਹਨ, ਪਰ ਇਸ ਵਾਰ ਉਹ ਆਪਣੇ ‘ਮਿਸ਼ਨ’ ਵਿਚ ਜਿੰਨਾ ਸਫਲ ਰਹੇ,

ਉਹ ਪੀæਡੀæਪੀæ ਤੇ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਹੀ ਦਰਸਾਉਂਦਾ ਹੈ। ਘਾਟੀ ਵਿਚ ਪੀæਡੀæਪੀæ ਅਤੇ ਭਾਜਪਾ ਸਰਕਾਰ ਦੌਰਾਨ 2016 ਵਿਚ ਇਕ ਮਹੀਨਾ ਚੱਲੇ ਪ੍ਰਦਰਸ਼ਨ ਦੌਰਾਨ 90 ਤੋਂ ਵੱਧ ਲੋਕ ਮਾਰੇ ਗਏ। ਸਰਕਾਰ ਨੇ ਮਾਮਲੇ ਦਾ ਢੁਕਵੇਂ ਹੱਲ ਦੀ ਥਾਂ ‘ਬਲ’ ਦਾ ਇਸਤੇਮਾਲ ਹੀ ਕੀਤਾ। ਭਾਜਪਾ ਸਰਕਾਰ ਦੀਆਂ ਕਾਰਵਾਈ ਤੋਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਇਸ ਲਈ ਖਾਸ ਕਰ ਕਸ਼ਮੀਰ ਦੇ ਨੌਜਵਾਨਾਂ ਵਿਚ ਰੋਹ ਵੱਧ ਹੈ। ਲੋਕਾਂ ਵਿਚ ਇਸ ਗੱਲ ਦਾ ਵੀ ਗੁੱਸਾ ਹੈ ਕਿ ਕਿਸੇ ਵੀ ਮੁੱਦੇ ਨੂੰ ਲੈ ਕੇ ਕੋਈ ਪਹਿਲ ਨਹੀਂ ਕੀਤੀ ਜਾ ਰਹੀ। ਸੜਕਾਂ ਉਤੇ ਜੋ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ, ਉਹ 17-18 ਸਾਲ ਦੇ ਹਨ। ਉਨ੍ਹਾਂ ਕੋਲ ਹਥਿਆਰ ਨਹੀਂ ਹਨ, ਪਰ ਉਹ ਮਰਨ ਲਈ ਤਿਆਰ-ਬਰ-ਤਿਆਰ ਹਨ।
ਸ੍ਰੀਨਗਰ ਸੰਸਦੀ ਹਲਕੇ ਵਿਚ ਪੈਂਦੇ ਤਿੰਨ ਜ਼ਿਲ੍ਹਿਆਂ ਸ੍ਰੀਨਗਰ, ਬਡਗਾਮ ਤੇ ਗੰਦਰਬਲ ਵਿਚ ਦੋ ਦਰਜਨ ਥਾਂਵਾਂ ਉਤੇ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ। ਇਥੋਂ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਵਜੋਂ ਫਾਰੂਕ ਅਬਦੁੱਲਾ ਅਤੇ ਸੱਤਾਧਾਰੀ ਪੀæਡੀæਪੀæ ਵੱਲੋਂ ਨਜ਼ੀਰ ਅਹਿਮਦ ਖਾਨ ਚੋਣ ਲੜ ਰਹੇ ਹਨ। ਗੰਦਰਬਲ ਵਿਚ ਇਕ ਚੋਣ ਬੂਥ ਨੂੰ ਫੂਕਣ ਲਈ ਪੈਟਰੋਲ ਬੰਬ ਸੁੱਟ ਰਹੀ ਭੀੜ ਉਤੇ ਕਾਬੂ ਪਾਉਣ ਲਈ ਸੁਰੱਖਿਆ ਦਸਤਿਆਂ ਦੇ ਸਹਿਯੋਗ ਵਾਸਤੇ ਫੌਜ ਸੱਦਣੀ ਪਈ। ਅਧਿਕਾਰੀਆਂ ਨੇ ਕਿਹਾ ਕਿ ਇਸ ਹਿੰਸਾ ਵਿਚ 100 ਤੋਂ ਵੱਧ ਸੁਰੱਖਿਆ ਜਵਾਨ ਜ਼ਖ਼ਮੀ ਹੋਏ, ਜਦੋਂ ਕਿ ਪੁਲਿਸ ਗੋਲੀਬਾਰੀ ਵਿਚ ਕਈ ਨਾਗਰਿਕ ਵੀ ਫੱਟੜ ਹੋਏ।
ਲੋਕ ਸਭਾ ਦੀ ਸੀਟ ਲਈ ਇਹ ਉਪ ਚੋਣ ਜਿਸ ਵਿਚ ਸ੍ਰੀਨਗਰ ਤੋਂ ਇਲਾਵਾ ਬਡਗਾਮ ਅਤੇ ਗੰਦਰਬਲ ਦੇ ਜ਼ਿਲ੍ਹੇ ਪੈਂਦੇ ਹਨ, ਕਰਵਾਉਣੀ ਬੇਹੱਦ ਚੁਣੌਤੀ ਭਰਪੂਰ ਸੀ, ਕਿਉਂਕਿ ਇਹ ਪ੍ਰਸ਼ਾਸਨ ਚਲਾ ਰਹੀ ਪਾਰਟੀ ਪੀæਡੀæਪੀæ ਦੇ ਚੁਣੇ ਹੋਏ ਮੈਂਬਰ ਤਾਰਿਕ ਕਾਰਾ ਵੱਲੋਂ ਅਸਤੀਫਾ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ।
ਦਰਅਸਲ, ਜਦੋਂ ਤੋਂ ਕੇਂਦਰ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਐਨæਡੀæਏæ ਸਰਕਾਰ ਆਈ ਹੈ, ਉਦੋਂ ਤੋਂ ਕਸ਼ਮੀਰੀਆਂ ਵਿਚ ਮੋਦੀ ਪ੍ਰਤੀ ਬੇਵਸਾਹੀ ਵਧ ਰਹੀ ਹੈ।
ਭਾਰਤੀ ਜਨਤਾ ਪਾਰਟੀ ਜੰਮੂ ਕਸ਼ਮੀਰ ਵਿਚੋਂ ਸੰਵਿਧਾਨ ਦੀ ਧਾਰਾ 370 ਵਾਪਸ ਲੈਣ ਅਤੇ ਇਸ ਰਿਆਸਤ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਦੀਆਂ ਗੱਲਾਂ ਕਰਦੀ ਆਈ ਹੈ। ਇਸੇ ਲਈ ਕੇਂਦਰ ਦੀ ਹਰ ਚਾਲ ਨੂੰ ਕਸ਼ਮੀਰੀਆਂ ਵੱਲੋਂ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਬੁਰਹਾਨ ਵਾਨੀ ਦੀ ਮੌਤ ਮਗਰੋਂ ਵਾਦੀ ਵਿਚ ਉਭਰੇ ਰੋਸ ਵਿਖਾਵਿਆਂ ਦੌਰਾਨ ਸੁਰੱਖਿਆ ਬਲਾਂ ਵੱਲੋਂ ਪੈਲਟ ਬੰਦੂਕਾਂ ਦੀ ਵਰਤੋਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਨੇ ਵੀ ਨੌਜਵਾਨ ਪੀੜ੍ਹੀ ਵਿਚ ਰੋਹ ਵਧਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬਿਜਲੀ, ਪਾਣੀ ਤੇ ਸੜਕ ਦੇ ਵਾਅਦਿਆਂ ਨਾਲ ਕਸ਼ਮੀਰੀਆਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ, ਪਰ ਕਸ਼ਮੀਰੀਆਂ ਦਾ ਇਕ ਵੱਡਾ ਵਰਗ ਇਨ੍ਹਾਂ ਵਾਅਦਿਆਂ ਤੋਂ ਪ੍ਰਭਾਵਿਤ ਨਹੀਂ।