ਨਵੀਂ ਦਿੱਲੀ: ਭਾਰਤ ਵਿਚ ਗਊ ਰੱਖਿਆ ਦੇ ਨਾਂ ਉਤੇ ਗੁੰਡਾਗਰਦੀ ਹੱਦਾਂ ਪਾਰ ਕਰ ਗਈ ਹੈ। ਰਾਜਸਥਾਨ ਦੇ ਅਲਵਰ ਵਿਚ ਗਊ ਰਾਖਿਆਂ ਨੇ ਹਰਿਆਣਾ ਦੇ ਕੁਝ ਲੋਕਾਂ ਨੂੰ ਘੇਰ ਲਿਆ ਤੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਇਨ੍ਹਾਂ ਵਿਚੋਂ ਇਕ ਜਣੇ ਦੀ ਮੌਤ ਹੋ ਗਈ। ਮ੍ਰਿਤਕ ਤੇ ਉਸ ਦੇ ਸਾਥੀ ਜੈਪੁਰ ਦੇ ਪਸ਼ੂ ਮੇਲੇ ਤੋਂ ਕੁਝ ਦੁਧਾਰੂ ਗਾਵਾਂ ਖਰੀਦ ਕੇ ਲਿਆਏ ਸਨ।
ਅਲਵਰ ਵਿਖੇ ਕੁਝ ਲੋਕਾਂ ਦੀ ਭੀੜ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ‘ਤੇ ਗਊ ਤਸਕਰੀ ਦਾ ਦੋਸ਼ ਲਾ ਕੇ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਪੀੜਤਾਂ ਨੇ ਜੈਪੁਰ ਦੇ ਨਗਰ ਨਿਗਮ ਵੱਲੋਂ ਗਾਵਾਂ ਦੀ ਖਰੀਦ ਦੇ ਜਾਰੀ ਕੀਤੇ ਗਏ ਕਾਗਜ਼ਾਤ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਲੋਕਾਂ ਨੇ ਕੋਈ ਪਰਵਾਹ ਨਹੀਂ ਕੀਤੀ। ਇਸ ਕੁੱਟਮਾਰ ਵਿਚ ਪਹਿਲੂ ਖਾਨ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਸਾਥੀ ਜ਼ਖ਼ਮੀ ਹੋ ਗਏ। ਭਾਰਤ ਵਿਚ ਅਜਿਹੀਆਂ ਘਟਨਾਵਾਂ ਗਲਾਤਾਰ ਵਾਪਰ ਰਹੀਆਂ ਹਨ। ਤਕਰੀਬਨ ਇਕ ਸਾਲ ਪਹਿਲਾਂ ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਦਾਦਰੀ ਦੇ ਪਿੰਡ ਬਿਸ਼ੇਹਰਾ ਵਿਚ ਮੁਹੰਮਦ ਇਖਲਾਕ ਨਾਂ ਦੇ ਵਿਅਕਤੀ ‘ਤੇ ਗਾਂ ਦਾ ਮੀਟ ਰੱਖਣ ਦੇ ਸ਼ੱਕ ਵਿਚ ਘਰ ਵਿਚ ਦਾਖਲ ਹੋ ਕੇ ਕੁਝ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਗੁਜਰਾਤ ਦੇ ਇਕ ਸ਼ਹਿਰ ਵਿਚ ਮਰੀ ਗਾਂ ਦੀ ਖੱਲ ਲਾਹੁਣ ਵਾਲੇ ਦਲਿਤ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਕਾਰ ਪਿੱਛੇ ਬੰਨ੍ਹ ਕੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ।
ਯਾਦ ਰਹੇ ਕਿ ਇਹ ਗਊ ਰਾਖੇ ਕੇਂਦਰ ਵਿਚ ਭਾਜਪਾ ਸਰਕਾਰ ਆਉਣ ਪਿੱਛੋਂ ਸਰਗਰਮ ਹੋਏ ਹਨ। ਨਰੇਂਦਰ ਮੋਦੀ ਸਰਕਾਰ ਦੀ ਇਨ੍ਹਾਂ ਨੂੰ ਗੁੰਝੀ ਹੱਲਾਸ਼ੇਰੀ ਨਾਲ ਇਨ੍ਹਾਂ ਦੇ ਹੌਂਸਲੇ ਬੁਲੰਦ ਹਨ। ਅਸਲ ਵਿਚ ਰਾਸ਼ਟਰੀ ਸੋਇਮ ਸੇਵਕ ਸੰਘ, ਭਾਰਤੀ ਜਨਤਾ ਪਾਰਟੀ ਅਤੇ ਸੰਘ ਪਰਿਵਾਰ ਨਾਲ ਸਬੰਧਤ ਹੋਰ ਬਹੁਤ ਸਾਰੇ ਸੰਗਠਨ ਦੇਸ਼ ਦੇ ਧਰਮ-ਨਿਰਪੱਖ ਖਾਸੇ ਨੂੰ ਬਦਲ ਕੇ ਇਸ ਨੂੰ ਹਿੰਦੂ ਰਾਸ਼ਟਰ ਦੇ ਢਾਂਚੇ ਵਿਚ ਢਾਲਣਾ ਚਾਹੁੰਦੇ ਹਨ। ਆਪਣਾ ਇਹ ਮਕਸਦ ਹਾਸਲ ਕਰਨ ਅਤੇ ਫਿਰਕੂ ਆਧਾਰ ‘ਤੇ ਆਪਣੇ ਲਈ ਇਕ ਪੱਕਾ ਵੋਟ ਬੈਂਕ ਕਾਇਮ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ।
ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸੰਚਾਲਕ ਮੋਹਨ ਭਾਗਵਤ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਹੀ ਹਿੰਦੂ ਹਨ। ਜਦੋਂ 2014 ‘ਚ ਨਰੇਂਦਰ ਮੋਦੀ ਨੇ ਭਾਜਪਾ ਦੇ ਸਪੱਸ਼ਟ ਬਹੁਮਤ ਨਾਲ ਕੇਂਦਰ ਵਿਚ ਸਰਕਾਰ ਬਣਾਈ ਸੀ ਤਾਂ ਉਸ ਸਮੇਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਉਘੇ ਆਗੂ ਮਰਹੂਮ ਸ੍ਰੀ ਅਸ਼ੋਕ ਸਿੰਘਲ ਨੇ ਬਿਆਨ ਦਿੱਤਾ ਸੀ ਕਿ 800 ਸਾਲਾਂ ਬਾਅਦ ਦੇਸ਼ ਵਿਚ ਹਿੰਦੂਆਂ ਦਾ ਰਾਜ ਸਥਾਪਤ ਹੋ ਗਿਆ ਹੈ। 2014 ਤੋਂ ਬਾਅਦ ਲਗਾਤਾਰ ਦੇਸ਼ ਭਰ ਵਿਚ ਹਿੰਦੂਤਵੀ ਸੰਗਠਨਾਂ ਵੱਲੋਂ ਘੱਟ-ਗਿਣਤੀਆਂ ਅਤੇ ਖਾਸ ਕਰ ਕੇ ਮੁਸਲਮਾਨ ਭਾਈਚਾਰੇ ਨੂੰ ਵੱਖ-ਵੱਖ ਢੰਗਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ।
ਆਜ਼ਾਦ ਅਤੇ ਨਿਰਪੱਖ ਵਿਚਾਰ ਰੱਖਣ ਵਾਲੇ ਬੁੱਧੀਜੀਵੀਆਂ ‘ਤੇ ਹਮਲੇ ਕੀਤੇ ਗਏ ਹਨ। ਕਿਸੇ ਸਮੇਂ ਭਾਜਪਾ ਦੇ ਬੜੇ ਨੇੜੇ ਰਹੇ ਉਘੇ ਚਿੰਤਕ ਕੁਲਕਰਨੀ ਦਾ ਮੁੰਬਈ ਵਿਚ ਇਕ ਕਾਨਫਰੰਸ ਦੌਰਾਨ ਸ਼ਰੇਆਮ ਸਿਆਹੀ ਸੁੱਟ ਕੇ ਮੂੰਹ ਕਾਲਾ ਕੀਤਾ ਗਿਆ। ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਅਨੇਕਾਂ ਵਾਰ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹਨ।
ਰਾਸ਼ਟਰੀ ਸੋਇਮ ਸੇਵਕ ਸੰਘ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਵੀ ਵੱਖਰੇ ਵਿਚਾਰ ਰੱਖਣ ਵਾਲੇ ਵਿਦਿਆਰਥੀ ਸੰਗਠਨਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨੱਈਆ ਨਾਲ ਕੀ ਕੁਝ ਵਾਪਰਿਆ ਹੈ ਅਤੇ ਕਿਸ ਤਰ੍ਹਾਂ ਉਨ੍ਹਾਂ ‘ਤੇ ਦੇਸ਼ ਧ੍ਰੋਹ ਦੇ ਦੋਸ਼ ਲਾਏ ਗਏ ਅਤੇ ਦਿੱਲੀ ਦੀ ਇਕ ਅਦਾਲਤ ਵਿਚ ਉਨ੍ਹਾਂ ਦੀ ਸ਼ਰੇਆਮ ਕੁੱਟਮਾਰ ਕੀਤੀ ਗ। ਹੈਦਰਾਬਾਦ ਦੇ ਦਲਿਤ ਵਿਦਿਆਰਥੀ ਵਾਮੂਲਾ ਨੂੰ ਅਖਿਲ ਭਾਰਤੀ ਵਿਦਿਆਰਥੀ ਸੰਗਠਨ ਅਤੇ ਹੋਰ ਹਿੰਦੂਤਵੀ ਸੰਗਠਨਾਂ ਦੇ ਦਬਾਅ ਕਾਰਨ ਹੀ ਖੁਦਕੁਸ਼ੀ ਕਰਨੀ ਪਈ। ਦਿੱਲੀ ਦੇ ਰਾਮਜਸ ਕਾਲਜ ਵਿਚ ਇਕ ਸੈਮੀਨਾਰ ਨੂੰ ਰੋਕਣ ਲਈ ਕਿਸ ਤਰ੍ਹਾਂ ਉਕਤ ਸੰਗਠਨ ਵੱਲੋਂ ਧੱਕੇਸ਼ਾਹੀ ਦਾ ਮੁਜ਼ਾਹਰਾ ਕੀਤਾ ਗਿਆ, ਉਹ ਵੀ ਸਭ ਦੇ ਸਾਹਮਣੇ ਹੈ। ਜਦੋਂ ਇਸੇ ਕਾਲਜ ਵਿਚ ਪੜ੍ਹਦੀ ਜਲੰਧਰ ਦੀ ਇਕ ਲੜਕੀ ਗੁਰਮੇਹਰ ਕੌਰ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਇਸ ਬੁਰਸ਼ਾਗਰਦੀ ਵਿਰੁੱਧ ਆਵਾਜ਼ ਉਠਾਈ ਤਾਂ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਥੋਂ ਤੱਕ ਕਿ ਰੇਪ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਦੇਸ਼ ਦੇ ਹੋਰ ਵਿਦਿਅਕ ਅਦਾਰਿਆਂ ਵਿਚ ਵੀ ਹਿੰਦੂਤਵੀ ਸੰਗਠਨਾਂ ਵੱਲੋਂ ਵੱਖਰੇ ਵਿਚਾਰ ਰੱਖਣ ਵਾਲੇ ਸੰਗਠਨਾਂ ਦੀਆਂ ਸਰਗਰਮੀਆਂ ਰੋਕੀਆਂ ਜਾ ਰਹੀਆਂ ਹਨ।
ਉਤਰ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਇਕ ਹੋਰ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਫਿਰਕੂ ਆਧਾਰ ‘ਤੇ ਵੋਟਰਾਂ ਦਾ ਧਰੁਵੀਕਰਨ ਕਰਨ ਲਈ ਕਿਹੋ ਜਿਹੀ ਬਿਆਨਬਾਜ਼ੀ ਕੀਤੀ ਹੈ, ਮੀਡੀਆ ਉਸ ਦਾ ਗਵਾਹ ਹੈ। ਬਹੁਤ ਸਾਰੇ ਬੁੱਚੜਖਾਨਿਆਂ ਨੂੰ ਨਵਾਂ ਮੰਤਰੀ ਮੰਡਲ ਬਣਨ ਤੋਂ ਪਹਿਲਾਂ ਹੀ ਪੁਲਿਸ ਅਤੇ ਪ੍ਰਸ਼ਾਸਨ ਨੇ ਵਧੇਰੇ ਉਤਸ਼ਾਹ ਦਿਖਾਉਂਦਿਆਂ ਨਾਜਾਇਜ਼ ਕਰਾਰ ਦੇ ਕੇ ਬੰਦ ਕਰਵਾ ਦਿੱਤਾ। ਬਾਅਦ ਵਿਚ ਇਹ ਸਚਾਈ ਸਾਹਮਣੇ ਆਈ ਕਿ ਇਹ ਬੁੱਚੜਖਾਨੇ ਨਿੱਜੀ ਨਹੀਂ ਸਨ, ਸਗੋਂ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਨਗਰ ਨਿਗਮਾਂ ਅਤੇ ਮਿਊਂਸਪਲ ਕਮੇਟੀਆਂ ਵੱਲੋਂ ਹੀ ਚਲਾਏ ਜਾ ਰਹੇ ਸਨ। ਇਸੇ ਤਰ੍ਹਾਂ ਰੋਮੀਓ ਸਕੁਐਡ ਬਣਾ ਕੇ ਅਤੇ ਨੌਜਵਾਨਾਂ ਨੂੰ ਸ਼ਰੇਆਮ ਵੱਖ-ਵੱਖ ਢੰਗਾਂ ਨਾਲ ਜ਼ਲੀਲ ਕਰ ਕੇ ਵੀ ਸਮਾਜ ਵਿਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ ਲੜਕੀਆਂ ਨਾਲ ਛੇੜਖਾਨੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਪੁਲਿਸ ਦੀ ਇਕ ਆਮ ਜ਼ਿੰਮੇਵਾਰੀ ਹੈ।
_____________________________________
ਗਊ ਹੱਤਿਆ ਪਾਪ: ਮੋਹਨ ਭਾਗਵਤ
ਨਵੀਂ ਦਿੱਲੀ: ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਗਊ ਰੱਖਿਆ ਗਰੁੱਪਾਂ ਵੱਲੋਂ ਕੀਤੀ ਜਾ ਰਹੀ ਹਿੰਸਾ ਕਾਰਨ ਮੂਲ ਉਦੇਸ਼ ਦੀ ‘ਬਦਨਾਮੀ’ ਹੁੰਦੀ ਹੈ। ਇਸ ਮੁਹਿੰਮ ਵਿਚ ਹੋਰ ਲੋਕਾਂ ਨੂੰ ਲਿਆ ਕੇ ਗਾਵਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ, ਪਰ ਇਹ ਸਾਰਾ ਕੁਝ ਕਾਨੂੰਨ ਤੇ ਸੰਵਿਧਾਨ ਦੇ ਦਾਇਰੇ ਵਿਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਊ ਹੱਤਿਆ ‘ਪਾਪ’ ਹੈ, ਜੋ ਲਾਜ਼ਮੀ ਖਤਮ ਹੋਣਾ ਚਾਹੀਦਾ ਹੈ।
______________________________________
ਬੁਰਛਾਗਰਦੀ ਖਿਲਾਫ ਸੁਪਰੀਮ ਕੋਰਟ ਸਖਤ
ਨਵੀਂ ਦਿੱਲੀ: ਰਾਜਸਥਾਨ ਦੇ ਅਲਵਰ ਵਿਚ ਗਊ ਰਾਖਿਆਂ ਵੱਲੋਂ ਕੀਤੀ ਗੁੰਡਾਗਰਦੀ ਪਿੱਛੋਂ ਸੁਪਰੀਮ ਕੋਰਟ ਨੇ ਕੇਂਦਰ ਤੇ ਛੇ ਰਾਜ ਸਰਕਾਰਾਂ ਤੋਂ ਇਸ ਮੁੱਦੇ ਉਤੇ ਜਵਾਬ ਮੰਗਿਆ ਹੈ। ਕੋਰਟ ਨੇ ਪੁੱਛਿਆ ਹੈ ਕਿ ਗਊ ਰੱਖਿਆ ਦੇ ਨਾਂ ਉਤੇ ਗੁੰਡਾਗਰਦੀ ਕਰਨ ਵਾਲੇ ਅਜਿਹੇ ਸੰਗਠਨਾਂ ਉਤੇ ਬੈਨ ਕਿਉਂ ਨਹੀਂ ਲਾਉਣਾ ਚਾਹੀਦਾ। ਅਦਾਲਤ ਨੇ ਜਿਨ੍ਹਾਂ ਰਾਜਾਂ ਵਿਚ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿਚ ਰਾਜਸਥਾਨ, ਝਾਰਖੰਡ, ਉਤਰ ਪ੍ਰਦੇਸ਼, ਗੁਜਰਾਤ, ਕਰਨਾਟਕਾ ਤੇ ਮਹਾਰਾਸ਼ਟਰ ਸ਼ਾਮਲ ਹੈ। ਮਾਮਲੇ ਦੀ ਅਗਲੀ ਸੁਣਵਾਈ 3 ਮਈ ਨੂੰ ਹੋਵੇਗੀ। ਕਾਂਗਰਸ ਆਗੂ ਸ਼ਹਿਜਾਦ ਪੂਨਾਵਾਲਾ ਦੀ ਪਟੀਸ਼ਨ ਉਤੇ ਕੋਰਟ ਨੇ ਇਹ ਨੋਟਿਸ ਜਾਰੀ ਕੀਤਾ ਹੈ। ਪੁਨਾਵਾਲਾ ਦੀ ਪਟੀਸ਼ਨ ਵਿਚ ਗਊ ਹੱਤਿਆ ਤੇ ਗੌਮੂਤਰ ਦੇ ਦਸ ਮਾਮਲਿਆਂ ਵਿਚ ਹੋਈ ਹਿੰਸਾ ਦਾ ਜ਼ਿਕਰ ਕੀਤਾ ਗਿਆ ਹੈ।