ਉਂਟਾਰੀਓ ਵਿਧਾਨ ਸਭਾ ਵਿਚ ਸਿੱਖ ਨਸਲਕੁਸ਼ੀ ਦਾ ਮਤਾ ਪ੍ਰਵਾਨ

ਟਰਾਂਟੋ: ਵਿਧਾਨ ਸਭਾ ਵਿਚ 1984 ਦੀ ਸਿੱਖ ਨਸਲਕੁਸ਼ੀ ਬਾਰੇ ਮਤਾ ਵੱਡੀ ਹਮਾਇਤ ਨਾਲ ਪ੍ਰਵਾਨ ਕਰ ਲਿਆ ਗਿਆ। ਹੁਕਮਰਾਨ ਲਿਬਰਲ ਪਾਰਟੀ ਦੀ ਐਮæਐਲ਼ਏæ ਬੀਬੀ ਹਰਿੰਦਰ ਕੌਰ ਮੱਲ੍ਹੀ ਵੱਲੋਂ ਪੇਸ਼ ਕੀਤੇ ਗਏ ਨਿੱਜੀ ਮਤੇ-46 ਦੀ ਪ੍ਰਵਾਨਗੀ ਉਤੇ ਵਰਲਡ ਸਿੱਖ ਸੰਸਥਾ ਨੇ ਤਸੱਲੀ ਜ਼ਾਹਰ ਕਰਦਿਆਂ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।

ਮਤੇ ਵਿਚ ਕਿਹਾ ਗਿਆ ਹੈ ਕਿ ਸਦਨ ਭਾਰਤ ਅਤੇ ਦੁਨੀਆਂ ਭਰ ਵਿਚ ਹੋ ਰਹੀ ਹਿੰਸਾ, ਨਫਰਤ, ਫਿਰਕਾਵਾਦ, ਅਸਹਿਣਸ਼ੀਲਤਾ ਅਤੇ 1984 ਵਿਚ ਭਾਰਤ ਅੰਦਰ ਸਿੱਖਾਂ ਦੀ ਨਸਲਕੁਸ਼ੀ ਵਰਗੀ ਘਟਨਾ ਦੀ ਨਿਖੇਧੀ ਕਰਦਾ ਹੋਇਆ ਆਪਣੀਆਂ, ਇਨਸਾਫ ਪਸੰਦ, ਮਨੁੱਖੀ ਅਧਿਕਾਰਾਂ ਸਬੰਧੀ ਕਦਰਾਂ ਕੀਮਤਾਂ ਲਈ ਵਚਨਬੱਧ ਹੈ।
ਧਿਆਨਯੋਗ ਹੈ ਕਿ ਅਜਿਹਾ ਹੀ ਮਤਾ ਪਿਛਲੇ ਸਾਲ ਜੂਨ ਵਿਚ ਵਿਰੋਧੀ ਧਿਰ ਐਨæਡੀæਪੀæ ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਵੀ ਪੇਸ਼ ਕੀਤਾ ਸੀ, ਪਰ ਉਦੋਂ ਉਸ ਦੀ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਹਮਾਇਤ ਕਰਨ ਦੇ ਬਾਵਜੂਦ ਇਹ ਬਿੱਲ ਪਾਸ ਨਾ ਹੋ ਸਕਿਆ। ਉਦੋਂ ਇਹੋ ਲਿਬਰਲ ਪਾਰਟੀ ਇਸ ਦੇ ਹੱਕ ਵਿਚ ਨਹੀਂ ਸੀ ਭੁਗਤੀ। ਵਰਲਡ ਸਿੱਖ ਸੰਸਥਾ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਆਖਿਆ ਕਿ ਜਿਥੇ ਉਹ ਲਿਬਰਲ ਸਰਕਾਰ ਵੱਲੋਂ ਇਸ ਮਤੇ ਦੀ ਪ੍ਰਵਾਨਗੀ ‘ਤੇ ਖੁਸ਼ ਹਨ, ਉਥੇ ਉਹ ਜਗਮੀਤ ਸਿੰਘ ਵੱਲੋਂ ਅਸੈਂਬਲੀ ‘ਚ ਪਹਿਲੀ ਵਾਰ ਇਹ ਮਾਮਲਾ ਚੁੱਕਣ ਲਈ ਧੰਨਵਾਦੀ ਹਨ। ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਉਹ ਇਹ ਮਾਮਲਾ ਪਾਰਟੀ ਹਾਈ ਕਮਾਂਡ ਕੋਲ ਰੱਖਣਗੇ ਅਤੇ ਜੇਕਰ ਪ੍ਰਵਾਨਗੀ ਮਿਲੀ ਤਾਂ ਸੰਸਦ ਵਿੱਚ ਮੁਆਫੀ ਦੀ ਮੰਗ ਰੱਖਣਗੇ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਇਸ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ 11 ਅਗਸਤ 2005 ਨੂੰ ਮੁਆਫੀ ਮੰਗੀ ਸੀ। ਕੌਮੀ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀ 16 ਮਾਰਚ 2014 ਨੂੰ ਇਸ ਸਬੰਧੀ ਮੁਆਫ ਮੰਗੀ ਸੀ।
ਇਸ ਤੋਂ ਇਲਾਵਾ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਵੀ ਸਿੱਖ ਭਾਈਚਾਰੇ ਪ੍ਰਤੀ ਇਸ ਹਿੰਸਾ ਲਈ ਦੁੱਖ ਦਾ ਪ੍ਰਗਟਾਵਾ ਕਰ ਚੁੱਕੀ ਹੈ। ਦੂਜੇ ਪਾਸੇ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਨਵੰਬਰ 1984 ਸਿੱਖ ਕਤਲੇਆਮ ਨੂੰ ਵਾਪਰਿਆਂ ਤਿੰਨ ਦਹਾਕੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਇਸ ਸਬੰਧੀ ਸੰਸਦ ਵਿਚ ਕਦੇ ਵੀ ਰਸਮੀ ਤੌਰ ਉਤੇ ਮੁਆਫੀ ਨਹੀਂ ਮੰਗੀ ਗਈ। ਸਾਬਕਾ ਪ੍ਰਧਾਨ ਮੰਤਰੀ ਵੱਲੋਂ ਇਸ ਸਬੰਧੀ ਮੰਗੀ ਮੁਆਫੀ ਵੀ ਰਾਜ ਸਭਾ ਵਿਚ ਚੱਲ ਰਹੀ ਇਕ ਬਹਿਸ ਦੌਰਾਨ ਮੰਗੀ ਗਈ ਸੀ, ਜਦੋਂਕਿ ਰਾਹੁਲ ਗਾਂਧੀ ਨੇ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੀ ਮੁਆਫੀ ਮੰਗੀ ਸੀ।
___________________________________________
ਮੋਦੀ ਨੂੰ ਫਰਾਖਦਿਲੀ ਵਿਖਾਉਣ ਦਾ ਸਲਾਹ
ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬੰਡੂਗਰ ਨੇ ਕੈਨੇਡਾ ਦੇ ਉਂਟਰੀਓ ਸੂਬੇ ਦੀ ਵਿਧਾਨ ਸਭਾ ਵੱਲੋਂ 1984 ਦੀ ਸਿੱਖ ਨਸਲਕੁਸ਼ੀ ‘ਤੇ ਪਾਸ ਮਤੇ ਦੀ ਭਾਰਤ ਸਰਕਾਰ ਵੱਲੋਂ ਨਿੰਦਾ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫਰਾਖਦਿਲੀ ਦਿਖਾਉਣ ਲਈ ਕਿਹਾ ਹੈ। ਪ੍ਰੋæ ਬੰਡੂਗਰ ਨੇ ਸਭਾ ਦੇ ਮਤੇ ਦਾ ਸਵਾਗਤ ਕੀਤਾ ਅਤੇ ਮੰਗ ਕੀਤੀ ਕਿ ਭਾਰਤ ਸਰਕਾਰ ਵੀ ਚੁਰਾਸੀ ਦੀ ਸਿੱਖ ਨਸਲਕੁਸ਼ੀ ਸਬੰਧੀ ਮੁਆਫੀ ਮੰਗੇ। ਦੱਸਣਯੋਗ ਹੈ ਕਿ ਉਂਟਾਰੀਓ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦੀ ਭਾਰਤ ਸਰਕਾਰ ਨੇ ਨਿੰਦਾ ਕੀਤੀ ਹੈ। ਪ੍ਰੋæ ਬੰਡੂਗਰ ਨੇ ਆਖਿਆ ਹੈ ਕਿ ਸਿੱਖ ਨਸਲਕੁਸ਼ੀ ਕਾਰਨ ਸਿੱਖਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ।
________________________________________
ਸਰਕਾਰੀ ਮਦਦ ਨਾਲ ਹੋਇਆ ਸੀ ਮਨੁੱਖਤਾ ਦਾ ਘਾਣ: ਫੂਲਕਾ
ਨਵੀਂ ਦਿੱਲੀ: ਸੀਨੀਅਰ ਵਕੀਲ ਤੇ ‘ਆਪ’ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਨਵੰਬਰ 1984 ਸਿੱਖ ਕਤਲੇਆਮ ਨਰਸੰਹਾਰ ਸੀ, ਹਿੰਦੂਆਂ ਨੇ ਨਹੀਂ, ਬਲਕਿ ਉਸ ਸਮੇਂ ਦੀ ਸੱਤਾਧਾਰੀ ਪਾਰਟੀ ਨੇ ਸਰਕਾਰ ਦੀ ਮਦਦ ਨਾਲ ਸਿੱਖਾਂ ਨੂੰ ਮਾਰਿਆ। ਨਵੰਬਰ 1984 ਕਤਲੇਆਮ ਦੇ ਕੇਸ ਲੜ ਰਹੇ ਸ੍ਰੀ ਫੂਲਕਾ ਨੇ ਉਂਟਾਰੀਓ ਅਸੈਂਬਲੀ ਵੱਲੋਂ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਮੰਨਦੇ ਹੋਏ ਮਤਾ ਪਾਸ ਕਰਨ ਦਾ ਸਵਾਗਤ ਕੀਤਾ ਹੈ।
______________________________________
ਭਾਰਤ ਵੱਲੋਂ ਮਤਾ ਪਾਸ ਕਰਨ ਨਿਖੇਧੀ
ਨਵੀਂ ਦਿੱਲੀ: ਭਾਰਤ ਵਿਚ ਸਿੱਖਾਂ ਦੀ ਨਸਲਕੁਸ਼ੀ ਵਿਰੁੱਧ ਕੈਨੇਡਾ ਦੇ ਸੂਬੇ ਉਂਟਾਰੀਓ ਦੀ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦੀ ਭਾਰਤ ਸਰਕਾਰ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਮਤੇ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ ਕਿ ਕਿਹਾ ਕਿ ਭਾਰਤ ਦੇ ਪੱਖ ਤੋਂ ਕੈਨੇਡਾ ਸਰਕਾਰ ਅਤੇ ਰਾਜਸੀ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਹੈ।