ਸੀਰੀਆ ‘ਚ ਹੋਇਆ ਮਨੁੱਖਤਾ ਦਾ ਘਾਣ

ਬੈਰੂਤ: ਸੀਰੀਆ ਦੇ ਇੰਦਲੀਬ ਸੂਬੇ ਦੇ ਖਾਨ ਸ਼ੇਖੂਨ ਕਸਬੇ ਉਤੇ ਰਸਾਇਣਕ ਹਮਲੇ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿਚ ਤਕਰੀਬਨ 100 ਲੋਕਾਂ ਦੀ ਮੌਤ ਹੋ ਗਈ ਤੇ 200 ਤੋਂ ਵੱਧ ਸਖਤ ਬਿਮਾਰ ਹਨ। ਹਮਲੇ ਤੋਂ ਬਾਅਦ ਮ੍ਰਿਤਕ ਬੱਚਿਆਂ ਦੀਆਂ ਖੌਫ਼ਨਾਕ ਤਸਵੀਰਾਂ ਅਤੇ ਜ਼ਖ਼ਮੀ ਬੱਚਿਆਂ ਨੂੰ ਬਚਾਉਣ ਲਈ ਮਾਪਿਆਂ ਵੱਲੋਂ ਕੀਤੀਆਂ ਜਾ ਰਹੀਆਂ ਸਿਰਤੋੜ ਕੋਸ਼ਿਸ਼ਾਂ ਦੇ ਦਰਦਨਾਕ ਵੀਡੀਓਜ਼ ਮਨੁੱਖਤਾ ਦੇ ਘਾਣ ਦੀਆਂ ਵੱਡੀਆਂ ਉਦਾਹਰਨਾਂ ਹਨ।

ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ ਨਿਗਰਾਨ ਮੁਤਾਬਕ ਹਮਲੇ ਕਾਰਨ ਕਈ ਲੋਕਾਂ ਦਾ ਦਮ ਘੁਟਣ ਲੱਗਾ ਜਾਂ ਬੇਹੋਸ਼ ਹੋ ਗਏ ਅਤੇ ਕੁਝ ਦੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ। ਇਸ ਤੋਂ ਬਾਅਦ ਸ਼ਹਿਰ ਖਾਨ ਸ਼ੇਖੂਨ ਉਤੇ ਹਵਾਈ ਹਮਲੇ ਵਿਚ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਰਸਾਇਣਕ ਹਥਿਆਰਾਂ ਦੀ ਵਰਤੋਂ ਉਤੇ ਸੰਯੁਕਤ ਰਾਸ਼ਟਰ ਵੱਲੋਂ ਦੁਨੀਆਂ ਭਰ ਵਿਚ ਪਾਬੰਦੀ ਹੈ, ਪਰ ਸੀਰੀਆ ਵਿਚ ਚੱਲ ਰਹੀ ਖਾਨਾਜੰਗੀ ਦੌਰਾਨ ਇਨ੍ਹਾਂ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ।
ਹਮਲੇ ਪਿੱਛੋਂ ਸੀਰੀਆ ਦੀ ਖਾਨਾਜੰਗੀ ਬੰਦ ਕਰਵਾਉਣ ਤੇ ਰਸਾਇਣਕ ਹਥਿਆਰਾਂ ਦੇ ਵਰਤੋਂਕਾਰਾਂ ਵਿਰੁੱਧ ਮਿਸਾਲੀ ਕਾਰਵਾਈ ਕਰਨ ਦੀ ਮੰਗ ਦੁਨੀਆਂ ਭਰ ਵਿਚ ਉਠੀ ਹੈ। ਪਿਛਲੇ ਛੇ ਸਾਲਾਂ ਦੌਰਾਨ ਸੀਰੀਆਈ ਲੋਕ ਇਸ ਤਰ੍ਹਾਂ ਦੇ ਦਰਦਨਾਕ ਮੰਜ਼ਰਾਂ ਦਾ ਲਗਾਤਾਰ ਸਾਹਮਣਾ ਕਰ ਰਹੇ ਹਨ। ਇੰਦਲੀਬ ਸੂਬੇ ਉਤੇ ਅਸਦ ਸਰਕਾਰ-ਵਿਰੋਧੀ ਬਾਗੀਆਂ ਦਾ ਕਬਜ਼ਾ ਹੈ। ਖਾਨ ਸ਼ੇਖੂਨ ਬਾਗੀਆਂ ਦਾ ਗੜ੍ਹ ਹੈ। ਇਸੇ ਲਈ ਉਥੇ ਬੰਬਾਂ ਰਾਹੀਂ ਅਤਿਅੰਤ ਜ਼ਹਿਰੀਲੀ ਕੀਮੀਆਈ ਗੈਸ ਛੱਡੇ ਜਾਣ ਦਾ ਸ਼ੱਕ ਸੀਰੀਆ ਸਰਕਾਰ ਉਤੇ ਹੈ। ਸਰਕਾਰ ਤੇ ਉਸ ਦੇ ਹਮਾਇਤੀ ਰੂਸ ਨੇ ਇਸ ਸ਼ੱਕ ਨੂੰ ਬੇਬੁਨਿਆਦ ਦੱਸਦਿਆਂ ਦਾਅਵਾ ਕੀਤਾ ਹੈ ਕਿ ਸੀਰੀਆਈ ਤੇ ਰੂਸੀ ਜੈੱਟਾਂ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਬਾਗੀਆਂ ਦੇ ਰਸਾਇਣਕ ਹਥਿਆਰਾਂ ਦੇ ਜ਼ਖ਼ੀਰੇ ਨੂੰ ਨੁਕਸਾਨ ਪੁੱਜਾ ਅਤੇ ਉਸ ਕਰ ਕੇ ਜ਼ਹਿਰੀਲੀ ਗੈਸ ਫੈਲੀ। ਤਬਾਹੀ ਦੇ ਮੰਜ਼ਰ ਨੇ ਦੁਨੀਆਂ ਨੂੰ ਜਜ਼ਬਾਤੀ ਤੌਰ ‘ਤੇ ਹਲੂਣਿਆ ਹੈ। ਦਰਅਸਲ, ਸੀਰੀਆ ਦੀ ਛੇ ਸਾਲਾਂ ਦੀ ਖਾਨਾਜੰਗੀ ਦੌਰਾਨ ਪੰਜ ਲੱਖ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਅਤੇ 1æ15 ਕਰੋੜ ਹੋਰ ਦੇ ਉਜਾੜੇ ਦੇ ਅੰਕੜੇ ਸਾਹਮਣੇ ਆਏ ਹਨ। ਰਾਜਧਾਨੀ ਦਮਸ਼ਕ ਦੇ ਬਾਹਰਵਾਰ ਪੈਂਦੇ ਕਸਬੇ ਗੂਟਾ ਵਿਚ 2013 ਵਾਲੇ ਹਮਲੇ ਮਗਰੋਂ ਅਮਰੀਕਾ ਤੇ ਰੂਸ ਦਰਮਿਆਨ ਸੀਰੀਆ ਵਿਚੋਂ ਸਾਰੇ ਰਸਾਇਣਕ ਹਥਿਆਰ ਹਟਾਉਣ ਸਬੰਧੀ ਸਮਝੌਤਾ ਹੋਇਆ ਸੀ। ਇਸੇ ਸਮਝੌਤੇ ਤਹਿਤ 1300 ਟਨ ਰਸਾਇਣਕ ਸਮੱਗਰੀ ਸੀਰੀਆ ਵਿਚੋਂ ਬਾਹਰ ਲਿਜਾ ਕੇ ਨਸ਼ਟ ਕੀਤੀ ਗਈ। ਇਸ ਦੇ ਬਾਵਜੂਦ ਹੁਣ ਫਿਰ ਰਸਾਇਣਕ ਹਥਿਆਰਾਂ ਦੇ ਜ਼ਖ਼ੀਰੇ ਸਾਹਮਣੇ ਆਉਣੇ ਚਿੰਤਾ ਦਾ ਵਿਸ਼ਾ ਹੈ।
ਰੂਸ ਨੇ ਸੀਰੀਆ ਦਾ ਪੱਖ ਪੂਰਿਆ : ਰਸਾਇਣਕ ਹਮਲੇ ਬਾਰੇ ਕੌਮਾਂਤਰੀ ਪੱਧਰ ਉਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਸੀਰੀਆ ਦਾ ਬਚਾਅ ਕਰਦਿਆਂ ਰੂਸ ਨੇ ਕਿਹਾ ਕਿ ਇਸ ਹਵਾਈ ਹਮਲੇ ਦੌਰਾਨ ‘ਅਤਿਵਾਦੀਆਂ ਦਾ ਮਾਲਖਾਨਾ’ ਨਿਸ਼ਾਨਾ ਬਣਿਆ ਸੀ। ਅਮਰੀਕਾ ਤੇ ਬਰਤਾਨੀਆ ਨੇ ਇਸ ਹਮਲੇ ਲਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਉਤੇ ਉਂਗਲ ਚੁੱਕੀ ਹੈ, ਜਦੋਂ ਕਿ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਰਸਾਇਣਕ ਹਥਿਆਰਾਂ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ।
_______________________________
ਅਬਦੁਲ ਯੂਸਫ ਦਾ ਦਰਦæææ
ਬੈਰੂਤ: ਬੱਚਿਆਂ ਨੂੰ ਪਿਆਰ ਨਾਲ ਗੋਦੀ ਚੁੱਕਣਾ ਸਾਰੇ ਮਾਪਿਆਂ ਲਈ ਸਕੂਨ ਵਾਲੀ ਗੱਲ ਹੈ, ਪਰ ਆਪਣੇ ਮਰੇ ਹੋਏ ਬੱਚਿਆਂ ਦੇ ਮ੍ਰਿਤਕ ਸਰੀਰਾਂ ਨੂੰ ਚੁੱਕਣਾ ਤੇ ਫਿਰ ਜ਼ਮੀਨ ‘ਚ ਦਫਨ ਕਰਨਾ, ਕਿੰਨਾ ਮੁਸ਼ਕਲ ਹੈ। ਇਹ ਤਾਂ ਉਹ ਮਾਪੇ ਹੀ ਜਾਣ ਸਕਦੇ ਹਨ ਜਿਨ੍ਹਾਂ ਉਤੇ ਅਜਿਹਾ ਦੁੱਖ ਭਰਿਆ ਭਾਣਾ ਵਾਪਰਦਾ ਹੈ। ਅਬਦੁਲ ਯੂਸਫ ਨੇ ਜਦੋਂ ਆਪਣੇ 9 ਮਹੀਨੇ ਦੇ ਜੁੜਵਾ ਮ੍ਰਿਤਕ ਬੱਚਿਆਂ ਨੂੰ ਦੋਵਾਂ ਬਾਂਹਾਂ ‘ਚ ਲੈ ਕੇ ਸੀਨੇ ਨਾਲ ਲਾਇਆ ਸੀ, ਉਸ ਸਮੇਂ ਦੁਨੀਆਂ ਦੀ ਕੋਈ ਵੀ ਤਾਕਤ ਯੂਸਫ ਨੂੰ ਰਾਹਤ ਨਹੀਂ ਦੇ ਸਕਦੀ ਸੀ। ਰਸਾਇਣਕ ਹਮਲੇ ‘ਚ ਉਸ ਦੇ ਪਰਵਾਰ ਦੇ 22 ਮੈਂਬਰ ਮਾਰੇ ਗਏ। ਯੂਸਫ ਨੇ ਉਨ੍ਹਾਂ ਸਾਰਿਆਂ ਨੂੰ ਇਕ ਵੱਡੀ ਕਬਰ ‘ਚ ਇਕੱਠਿਆਂ ਹੀ ਦਫਨ ਕਰ ਦਿੱਤਾ। ਇਸ ਹਮਲੇ ‘ਚ ਸਾਰਿਨ ਨਾਮਕ ਰੰਗ-ਰਹਿਤ ਮਾਰੂ ਰਸਾਇਣਕ ਗੈਸ ਦੀ ਵਰਤੋਂ ਕੀਤੀ ਗਈ, ਜੋ ਕਿ ਨਾੜੀ ਤੰਤਰ ਉਪਰ ਅਜਿਹਾ ਹਮਲਾ ਕਰਦੀ ਹੈ ਕਿ ਕੁਝ ਸਮੇਂ ‘ਚ ਹੀ ਇਨਸਾਨ ਦੀ ਮੌਤ ਹੋ ਜਾਂਦੀ ਹੈ।