ਠੇਕਿਆਂ ਦੀ ਨਿਲਾਮੀ ਨਾਲ ਪੰਜਾਬ ਸਰਕਾਰ ਮਾਲੋਮਾਲ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਠੇਕਿਆਂ ਦੀ ਨਿਲਾਮੀ ਤੋਂ ਮਿਥੇ ਟੀਚੇ ਨਾਲੋਂ 28 ਕਰੋੜ ਰੁਪਏ ਵੱਧ ਪ੍ਰਾਪਤ ਕਰ ਕੇ ਠੇਕਿਆਂ ਦੀ ਨਿਲਾਮੀ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਲਿਆ ਹੈ। ਆਬਕਾਰੀ ਵਿਭਾਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਠੇਕਿਆਂ ਦੀ ਪੰਜ ਫੀਸਦੀ ਗਿਣਤੀ ਘਟਾਉਣ ਬਾਅਦ 1701 ਕਰੋੜ ਰੁਪਏ ਦੀ ਰਿਜ਼ਰਵ ਕੀਮਤ ਰੱਖੀ ਸੀ, ਪਰ 1729 ਕਰੋੜ ਦਾ ਮਾਲੀਆ ਪ੍ਰਾਪਤ ਕਰ ਲਿਆ ਗਿਆ ਹੈ।

ਠੇਕਿਆਂ ਦੀ ਨਿਲਾਮੀ ਮਾਰਚ ਵਿਚ ਸਿਰੇ ਚਾੜ੍ਹੀ ਜਾਣੀ ਸੀ, ਪਰ ਕੁਝ ਕਾਰਨਾਂ ਕਰ ਕੇ ਸਿਰੇ ਨਹੀਂ ਸੀ ਚੜ੍ਹ ਸਕੀ ਤੇ ਇਸ ਲਈ ਆਬਕਾਰੀ ਵਿਭਾਗ ਨੇ ਸੀਲਬੰਦ ਲਿਫਾਫਿਆਂ ਵਿਚ ਕੁਟੇਸ਼ਨਾਂ ਮੰਗੀਆਂ ਸਨ। ਠੇਕੇਦਾਰਾਂ ਨੇ ਆਪਣੇ ਜ਼ਿਲ੍ਹੇ ਵਿਚ ਸ਼ਰਾਬ ਦੀ ਖਪਤ ਨੂੰ ਮੁੱਖ ਰੱਖਦਿਆਂ ਹੀ ਕੁਟੇਸ਼ਨਾਂ ਦਿੱਤੀਆਂ ਸਨ। ਵਿਭਾਗ ਨੂੰ ਸਭ ਤੋਂ ਵੱਧ ਮਾਲੀਆ ਲੁਧਿਆਣਾ ਡਿਵੀਜ਼ਨ ਤੋਂ ਮਿਲਿਆ ਹੈ ਤੇ ਇਸ ਡਿਵੀਜ਼ਨ ਦੀ ਰਾਖਵੀਂ ਕੀਮਤ 735 ਕਰੋੜ ਸੀ, ਪਰ ਵਿਭਾਗ ਨੂੰ 755 ਕਰੋੜ ਮਿਲੇ ਹਨ। ਪਟਿਆਲਾ ਡਿਵੀਜ਼ਨ ਦੀ ਰਾਖਵੀਂ ਕੀਮਤ 495 ਕਰੋੜ ਸੀ ਤੇ ਇਸ ਨੂੰ 496 ਕਰੋੜ ਰੁਪਏ ਮਿਲੇ ਹਨ।
ਫਿਰੋਜ਼ਪੁਰ ਦੀ ਰਾਖਵੀਂ ਕੀਮਤ 284 ਕਰੋੜ ਸੀ ਜਦਕਿ 285 ਕਰੋੜ ਮਿਲੇ ਹਨ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਸਬੰਧੀ ਰਾਖਵੀਂ ਕੀਮਤ 96 ਕਰੋੜ ਸੀ ਜਦਕਿ ਮਿਲੇ 102 ਕਰੋੜ ਰੁਪਏ ਹਨ। ਫਰੀਦਕੋਟ ਦੀ ਰਾਖਵੀਂ ਕੀਮਤ 91 ਕਰੋੜ ਸੀ ਤੇ ਮਿਲੇ ਵੀ 91 ਕਰੋੜ ਰੁਪਏ ਹਨ। ਇਸ ਨਾਲ ਲਾਇਸੈਂਸ ਫੀਸ ਤੋਂ 3600 ਕਰੋੜ ਰੁਪਏ ਦਾ ਟੀਚਾ ਪੂਰਾ ਹੋ ਗਿਆ ਹੈ ਤੇ 1800 ਕਰੋੜ ਰੁਪਏ ਹੋਰ ਪਾਸਿਓਂ ਮਿਲਣੇ ਹਨ ਤੇ ਵਿਭਾਗ ਨੂੰ ਆਸ ਹੈ ਕਿ ਜਿਹੜਾ ਟੀਚਾ ਮਿਥਿਆ ਗਿਆ ਹੈ, ਉਸ ਨੂੰ ਪ੍ਰਾਪਤ ਕਰ ਲਿਆ ਜਾਵੇਗਾ।
ਪਿਛਲੇ ਸਾਲ ਵੀ 5400 ਕਰੋੜ ਰੁਪਏ ਦਾ ਟੀਚਾ ਸੀ ਤੇ ਇਸ ਵਾਰ ਵੀ ਉੱਨਾ ਹੀ ਸੀ। ਇਸ ਵਾਰ ਰਾਜ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਠੇਕੇ ਦੇਣ ਦੀ ਨੀਤੀ ਅਪਣਾਈ ਹੈ ਤੇ ਇਸ ਵਿਚ ਸਫਲਤਾ ਵੀ ਹਾਸਲ ਕੀਤੀ ਹੈ।
_______________________________________________
ਠੇਕਿਆਂ ਬਾਰੇ ਅਦਾਲਤੀ ਹੁਕਮਾਂ ਦਾ ਲੱਭਿਆ ਤੋੜ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੌਮੀ ਤੇ ਰਾਜ ਮਾਰਗਾਂ ਦੇ ਪੰਜ ਸੌ ਮੀਟਰ ਦੇ ਘੇਰੇ ਵਿਚ ਠੇਕੇ ਖੋਲ੍ਹਣ ਦਾ ਰਾਹ ਲੱਭ ਲਿਆ ਹੈ। ਸਰਕਾਰ ਨੇ ਰਾਜ ਮਾਰਗਾਂ ਦੇ ਸ਼ਹਿਰਾਂ ਵਿਚੋਂ ਲੰਘਦੇ ਕੁਝ ਹਿੱਸੇ ਰਾਜ ਮਾਰਗਾਂ ਦੀ ਸੂਚੀ ਤੋਂ ਬਾਹਰ ਕਰ ਦਿੱਤੇ ਹਨ। ਇਹ ਰਾਜ ਮਾਰਗ 25 ਸ਼ਹਿਰਾਂ ਵਿਚੋਂ ਲੰਘਦੇ ਹਨ। ਸਰਕਾਰ ਨੇ ਇਹ ਕਦਮ ਸੁਪਰੀਮ ਕੋਰਟ ਵੱਲੋਂ ਕੌਮੀ ਤੇ ਰਾਜ ਮਾਰਗਾਂ ਦੇ ਪੰਜ ਸੌ ਮੀਟਰ ਦੇ ਘੇਰੇ ਵਿਚ ਸ਼ਰਾਬ ਵੇਚਣ ਉਤੇ ਪਾਬੰਦੀ ਲਾਉਣ ਤੋਂ ਬਾਅਦ ਚੁੱਕਿਆ ਹੈ। ਦਰਅਸਲ, ਰਾਜ ਮਾਰਗਾਂ ਉਤੇ ਚੱਲਦੇ ਵਪਾਰਕ ਅਦਾਰਿਆਂ, ਜਿਨ੍ਹਾਂ ਵਿਚ ਰੈਸਟੋਰੈਂਟ ਤੇ ਬਾਰਾਂ, ਅਹਾਤੇ ਸ਼ਾਮਲ ਹਨ, ਨੂੰ ਫਾਇਦਾ ਪਹੁੰਚਾਉਣ ਦੇ ਯਤਨ ਵਜੋਂ ਰਾਜ ਮਾਰਗਾਂ ਦੇ 1æ70 ਕਿਲੋਮੀਟਰ ਤੋਂ ਲੈ ਕੇ 5æ50 ਕਿਲੋਮੀਟਰ ਤੱਕ ਰਾਜ ਮਾਰਗਾਂ ਦੇ ਹਿੱਸਿਆਂ ਨੂੰ ਰਾਜ ਮਾਰਗਾਂ ਨਾਲੋਂ ਵੱਖ ਕਰ ਦਿੱਤਾ ਹੈ। ਇਸ ਬਾਰੇ ਨੋਟੀਫਿਕੇਸ਼ਨ ਉਦੋਂ ਜਾਰੀ ਕੀਤਾ ਗਿਆ ਜਦੋਂ ਇਨ੍ਹਾਂ ਹੁਕਮਾਂ ਤੋਂ ਪ੍ਰਭਾਵਿਤ ਲੋਕਾਂ ਨੇ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ। ਕੌਮੀ ਮਾਰਗਾਂ ਬਾਰੇ ਵੀ ਸਰਕਾਰ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੀ ਕੌਮੀ ਮਾਰਗਾਂ ਬਾਰੇ ਮੌਜੂਦਾ ਨੀਤੀ ਅਨੁਸਾਰ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਫਗਵਾੜਾ ਨਾਲ ਲੱਗਦੇ ਬਾਈਪਾਸ, ਕੌਮੀ ਮਾਰਗਾਂ ਦੇ ਕੁਝ ਹਿੱਸੇ ਸੂਚੀ ਵਿਚੋਂ ਬਾਹਰ ਕਰ ਦਿੱਤੇ ਹਨ। ਇਨ੍ਹਾਂ ਮਾਰਗਾਂ ਉਤੇ ਇਸ ਤਰ੍ਹਾਂ ਦੇ ਸੜਕਾਂ ਦੇ ਟੋਟੇ 31 ਕਿਲੋਮੀਟਰ ਹਨ ਜਿਨ੍ਹਾਂ ਨੂੰ ਰਾਜ ਮਾਰਗਾਂ ਤੋਂ ਵੱਖ ਕਰ ਦਿੱਤਾ ਗਿਆ ਹੈ