ਚੰਡੀਗੜ੍ਹ: ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਾਲ ਵਿਚ ਜਾਰੀ ਆਦੇਸ਼ ਮੁਤਾਬਕ ਸਿਆਸੀ ਪਾਰਟੀਆਂ ਨੂੰ ਸਿਆਸੀ ਕੰਮਾਂ ੱੱਲਈ ਸਿਰੋਪਾਉ ਦੀ ਵਰਤੋਂ ਕਰਨ ਸਬੰਧੀ ਸਖਤ ਤਾੜਨਾ ਕੀਤੀ ਗਈ ਹੈ। ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ “ਸੰਗਤਾਂ ਵੱਲੋਂ ਆਈਆਂ ਚਿੱਠੀਆਂ ‘ਤੇ ਵਿਚਾਰਾਂ ਕਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਸਿਰੋਪਾਉ ਦੀ ਮਹਾਨਤਾ ਨੂੰ ਗੁਰਮਤਿ ਅਨੁਸਾਰ ਬਰਕਰਾਰ ਰੱਖਿਆ ਜਾਵੇ।
ਜੋ ਪਾਰਟੀਆਂ ਆਪਣੇ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਸਿਰੋਪਾਉ ਦੀ ਵਰਤੋਂ ਕਰਦੀਆਂ ਹਨ, ਉਹ ਪਾਰਟੀਆਂ ਆਪਣਾ ਵੱਖਰਾ ਪਾਰਟੀ-ਚਿੰਨ ਬਣਾਉਣ। ਪੰਜ ਸਿੰਘ ਸਾਹਿਬਾਨ ਵੱਲੋਂ ਰਾਜਨੀਤਕ ਪਾਰਟੀਆਂ ਵੱਲੋਂ ਕੀਤੀ ਜਾਂਦੀ ਸਿਰੋਪਾਉ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਾਈ ਜਾਂਦੀ ਹੈ।”
ਦਰਅਸਲ, ਪਿਛਲੇ ਕੁਝ ਸਾਲਾਂ ਤੋਂ ਸਿੱਖ ਧਰਮ ਦੀ ਸਿਰੋਪਾਉ ਮਰਿਆਦਾ ਨੂੰ ਸਿਆਸੀ ਪਾਰਟੀਆਂ ਆਪਣੀ ਜਗੀਰ ਸਮਝਦੇ ਹੋਏ ਹਰ ਛੋਟੇ ਤੋਂ ਛੋਟੇ ਮੌਕਿਆਂ ਸਮੇਂ ਸਿਆਸੀ ਹਥਿਆਰ ਬਣਾ ਕੇ ਵਰਤਦੀਆਂ ਹਨ। ਪਾਰਟੀ ਵਿਚ ਸ਼ਾਮਲ ਹੋਣ ਵਾਲੇ ਛੋਟੇ ਤੋਂ ਵੱਡੇ ਵਰਕਰ ਜਾਂ ਆਗੂ ਨੂੰ ਸਿਰੋਪਾਉ ਦੇਣਾ ਆਮ ਹੀ ਬਣਿਆ ਹੋਇਆ ਹੈ। ਸਿੱਖ ਧਰਮ ਦੀ ਮਰਿਆਦਾ ਤੇ ਸੱਭਿਆਚਾਰ ਮੁਤਾਬਕ ਸਿਰੋਪਾਉ ਕੋਈ ਆਮ ਕੱਪੜਾ ਨਹੀਂ, ਬਲਕਿ ਸਿੱਖ ਇਤਿਹਾਸ ਤੇ ਰਵਾਇਤਾਂ ਮੁਤਾਬਕ ਇਹ ਕੱਪੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਕੱਜਣ ਲਈ ਬਖਸ਼ਿਸ਼ ਹੈ। ਇਹ ਧਰਮ, ਸਮਾਜ ਜਾਂ ਮਨੁੱਖਤਾ ਵਾਸਤੇ ਕੋਈ ਨੇਕ ਕਾਰਜ ਕਰਨ ਬਦਲੇ ਕੇਸਰੀ ਰੰਗ ਦੇ ਕੱਪੜੇ ਦੇ ਰੂਪ ਵਿਚ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਦਿੱਤਾ ਜਾਂਦਾ ਹੈ। ਅਕਾਲ ਤਖਤ ਸਾਹਿਬ ਨੇ ਇਸ ਦਾ ਬਦਲ ਵੀ ਪਾਰਟੀਆਂ ਨੂੰ ਦਿੱਤਾ ਹੈ ਕਿ ਆਪਣੀ ਅਜਿਹੀਆਂ ਸਿਆਸੀ ਗਤੀਵਿਧੀਆਂ ਮੌਕੇ ਸਿਆਸੀ ਪਾਰਟੀਆਂ ਨੂੰ ਆਪਣਾ ਕੋਈ ਵੱਖਰਾ ਪਾਰਟੀ ਚਿੰਨ ਸਨਮਾਨ ਵਜੋਂ ਦਿੱਤਾ ਜਾਣਾ ਚਾਹੀਦਾ ਹੈ।
______________________________________________
ਬੇਅਦਬੀ ਹੋਈ ਤਾਂ ਨਹੀਂ ਮਿਲਣਗੇ ਪਾਵਨ ਸਰੂਪ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉਤੇ ਦੁੱਖ ਪ੍ਰਗਟ ਕਰਦਿਆਂ ਸਖਤ ਤਾੜਨਾ ਕੀਤੀ ਹੈ ਕਿ ਜੇਕਰ ਕਿਸੇ ਗੁਰੂ ਘਰ ਵਿਚ ਗ੍ਰੰਥੀ ਸਿੰਘ ਜਾਂ ਪ੍ਰਬੰਧਕ ਕਮੇਟੀਆਂ ਦੀ ਅਣਗਹਿਲੀ ਕਾਰਨ ਪਾਵਨ ਸਰੂਪ ਦੀ ਬੇਅਦਬੀ ਹੋਈ ਤਾਂ ਉਥੇ ਮੁੜ ਪਾਵਨ ਸਰੂਪ ਨਹੀਂ ਦਿੱਤੇ ਜਾਣਗੇ। ਸਿੰਘ ਸਾਹਿਬ ਨੇ ਕਿਹਾ ਕਿ ਇਹ ਬੇਅਦਬੀਆਂ ਕਿਸੇ ਸਾਜਿਸ਼ ਤਹਿਤ ਹੀ ਹੋ ਰਹੀਆਂ ਹਨ। ਇਸ ਨੂੰ ਰੋਕਣ ਵਿਚ ਸਮੇਂ ਦੀਆਂ ਸਰਕਾਰਾਂ ਜਿਥੇ ਅਸਫਲ ਹਨ, ਉਥੇ ਅਸੀਂ ਵੀ ਦੋਸ਼ੀ ਹਾਂ। ਉਨ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਖਤ ਹਦਾਇਤ ਕੀਤੀ ਕਿ ਗੁਰੂ ਘਰ ਦੀ ਸੇਵਾ ਕਰਨ ਲਈ ਚੰਗੇ ਵਿਦਵਾਨ, ਪੜ੍ਹੇ-ਲਿਖੇ ਅੰਮ੍ਰਿਤਧਾਰੀ ਗ੍ਰੰਥੀ ਸਿੰਘ ਹੀ ਰੱਖੇ ਜਾਣ, ਉਨ੍ਹਾਂ ਨੂੰ ਚੰਗੀ ਤਨਖਾਹ ਦਿੱਤੀ ਜਾਵੇ ਤੇ ਹਰ ਗੁਰੂ ਘਰ ਵਿਚ ਲੰਗਰ ਦੇ ਨਾਲ ਨਾਲ ਆਏ ਯਾਤਰੀਆਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ।