ਟਰਾਂਸਪੋਰਟ ਦੇ ਖੇਤਰ ਵਿਚ ਇਜਾਰੇਦਾਰੀ ਤੋੜਨ ਲਈ ਚਾਰਾਜੋਈ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਵਿਚ ਟਰਾਂਸਪੋਰਟ ਵਿਭਾਗ ਨੂੰ ਲੀਹ ਉਤੇ ਲਿਆਉਣ ਲਈ ਵੱਡੇ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ। ਨਵੀਂ ਟਰਾਂਸਪੋਰਟ ਨੀਤੀ ਤਹਿਤ ਮੌਜੂਦਾ ਇਜਾਰੇਦਾਰੀ ਨੂੰ ਤੋੜ ਕੇ ਜਨਤਕ ਆਵਾਜਾਈ ਪ੍ਰਣਾਲੀ ਨੂੰ ਮੁਕਤ ਕਰਵਾਉਣ ਲਈ ਕਦਮ ਚੁੱਕੇ ਜਾਣਗੇ।

ਕੈਬਨਿਟ ਦੀ ਮੀਟਿੰਗ ਵਿਚ ਪੰਜਾਬ ਵਿਚ ਸੰਕਟ ਨਾਲ ਜੂਝ ਰਹੇ ਟਰਾਂਸਪੋਰਟ ਢਾਂਚੇ ਦੀ ਕਾਇਆ ਕਲਪ ਕਰਨ ਲਈ ਵੱਖ-ਵੱਖ ਫੈਸਲੇ ਲੈਣ ਬਾਰੇ ਸੁਝਾਅ ਦਿੱਤੇ ਗਏ। ਇਨ੍ਹਾਂ ਸੁਝਾਵਾਂ ਵਿਚ 22 ਡੀæਟੀæਓæ ਦਫਤਰਾਂ ਦਾ ਪੁਨਰ-ਗਠਨ ਤੇ ਪਰਮਿਟ ਅਲਾਟ ਕਰਨ ਦੀ ਪ੍ਰਕ੍ਰਿਆ ਨੂੰ ਹੋਰ ਪਾਰਦਰਸ਼ੀ ਬਣਾਉਣਾ ਸ਼ਾਮਲ ਹੈ।
ਇਸੇ ਤਰ੍ਹਾਂ ਪਟਿਆਲਾ, ਜਲੰਧਰ, ਫਿਰੋਜ਼ਪੁਰ ਤੇ ਬਠਿੰਡਾ ਵਿਖੇ ਰੀਜ਼ਨਲ ਟਰਾਂਸਪੋਰਟ ਅਥਾਰਟੀ (ਆਰæਟੀæਓæ) ਦੇ ਚਾਰ ਦਫਤਰਾਂ ਦਾ ਵੀ ਪੁਨਰ-ਗਠਨ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਨੂੰ ਹੋਰ ਵਧੇਰੇ ਸਰਲ ਬਣਾਇਆ ਜਾ ਸਕੇ। ਨਵੀਂ ਨੀਤੀ 15 ਮਈ, 2017 ਤੱਕ ਤਿਆਰ ਕਰ ਲਈ ਜਾਵੇਗੀ। ਇਸ ਨਾਲ ਜਨਤਕ ਟਰਾਂਸਪੋਰਟ ਸਥਿਰ ਹੋਣ ਦੇ ਨਾਲ-ਨਾਲ ਨਿੱਜੀ ਖੇਤਰ ਦੇ ਟਰਾਂਸਪੋਰਟਰਾਂ ਲਈ ਬਰਾਬਰ ਦੇ ਮੌਕੇ ਮੁਹੱਈਆ ਹੋਣਗੇ ਤੇ ਬੇਰੁਜ਼ਗਾਰਾਂ ਨੂੰ ਵੀ ਲਾਭ ਹੋਵੇਗਾ। ਮੁੱਖ ਮੰਤਰੀ ਨੇ ਮੋਟਰ ਵਹੀਕਲ ਅਥਾਰਟੀਆਂ ਨੂੰ ਐਸ਼ਡੀæਐਮਜ਼ ਅਧੀਨ ਲਿਆ ਕੇ ਹੋਰ ਜੁਆਬਦੇਹ ਬਣਾਉਣ ਦੀ ਵੀ ਹਦਾਇਤ ਕੀਤੀ। ਲਾਇਸੰਸ ਪ੍ਰਣਾਲੀ ਨੂੰ ਲੀਹ ‘ਤੇ ਲਿਆਉਣ ਲਈ ਕੈਪਟਨ ਨੇ ਵਿਭਾਗ ਨੂੰ ਲਾਇਸੰਸਾਂ ਦੇ ਡਿਜੀਟਲੀਕਰਨ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਤੇ ਡਰਾਈਵਿੰਗ ਟੈਸਟਾਂ ਲਈ ਆਊਟਸੋਰਸਿੰਗ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ।
________________________________________
ਬਾਦਲ ਦੀਆਂ ਲਗਜ਼ਰੀ ਬੱਸਾਂ ਘੇਰੇ ਵਿਚ
ਚੰਡੀਗੜ੍ਹ: ਪੰਜਾਬ ਦੀ ਨਵੀਂ ਟਰਾਂਸਪੋਰਟ ਨੀਤੀ ਦੀ ਜਦ ਹੇਠ ਬਾਦਲ ਪਰਿਵਾਰ ਦੀਆਂ ਲਗਜ਼ਰੀ ਬੱਸਾਂ ਵੀ ਆਉਣਗੀਆਂ। ਪੰਜਾਬ ਸਰਕਾਰ ਦੀ ਨਵੀਂ ਨੀਤੀ ਵਿਚ ਲਗਜ਼ਰੀ ਬੱਸਾਂ ‘ਤੇ ਟੈਕਸ ਵਧੇਗਾ। ਇਸ ਦਾ ਵੱਡਾ ਅਸਰ ਬਾਦਲ ਪਰਿਵਾਰ ਦੀ ਟਰਾਂਸਪੋਰਟ ਦੇ ਪਵੇਗਾ ਕਿਉਂਕਿ ਪੰਜਾਬ ਵਿਚ ਸਭ ਤੋਂ ਵੱਧ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਚੱਲਦੀਆਂ ਹਨ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਦਲ ਖਾਨਦਾਨ ਸਮੇਤ ਪੰਜਾਬ ਦੀਆਂ ਸਾਰੀਆਂ ਲਗਜ਼ਰੀ ਬੱਸਾਂ ‘ਤੇ ਟੈਕਸ ਵਧੇਗਾ। ਆਮ ਬੱਸਾਂ ਦਾ ਟੈਕਸ ਘਟਾਇਆ ਜਾਵੇਗਾ।
________________________________________
ਮੇਰਾ ਕਿਸੇ ਟਰਾਂਸਪੋਰਟ ਕੰਪਨੀ ‘ਚ ਹਿੱਸਾ ਨਹੀਂ: ਬਾਦਲ
ਲੰਬੀ: ਵੱਡ-ਅਕਾਰੀ ਟਰਾਂਸਪੋਰਟ ਕਾਰੋਬਾਰ ਕਰ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਚੱਲ ਰਹੇ ਬਾਦਲ ਪਰਿਵਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਕਿਸੇ ਟਰਾਂਸਪੋਰਟ ਕੰਪਨੀ ਵਿੱਚ ਕੋਈ ਹਿੱਸਾ ਨਹੀਂ। ਉਨ੍ਹਾਂ ਨੂੰ ਤਾਂ ਪਤਾ ਹੀ ਕੁਝ ਨਹੀਂ। ਸ਼ ਬਾਦਲ ਨੇ ਅਕਾਲੀ ਸਰਕਾਰ ਸਮੇਂ ਵਿਉਂਤੀ ਟਰਾਂਸਪੋਰਟ ਨੀਤੀ ਕਰ ਕੇ ਬਾਦਲ ਪਰਿਵਾਰ ਦੀਆਂ ਲਗਜ਼ਰੀ ਬੱਸਾਂ ਨੂੰ ਲਗਭਗ 400 ਕਰੋੜ ਰੁਪਏ ਦੇ ਫਾਇਦੇ ਸਬੰਧੀ ਦੋਸ਼ ਸਿਆਸੀ ਫਿਜ਼ਾ ‘ਚ ਗੂੰਜਣ ਬਾਰੇ ਕਿਹਾ ‘ਅਸੀਂ ਜੋ ਕੁਝ ਵੀ ਕੀਤਾ ਲੋਕ ਦੇ ਹਿੱਤਾਂ ਲਈ ਕੀਤਾ।’