ਸਰਕਾਰੀ ਸੁੱਖ ਸਹੂਲਤਾਂ ਪੱਖੋਂ ਬਾਦਲਾਂ ਦੀਆਂ ਅਜੇ ਵੀ ਮੌਜਾਂ

ਬਠਿੰਡਾ: ਕਾਂਗਰਸ ਸਰਕਾਰ ਨੇ ਖੁਦ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ, ਪਰ ਮੌਜੂਦਾ ਸਰਕਾਰ ਬਾਦਲ ਪਰਿਵਾਰ ਲਈ ਸਪੈਸ਼ਲ ਹੈਲੀਪੈਡ ਦੀ ਸੁਵਿਧਾ ਜਾਰੀ ਰੱਖ ਰਹੀ ਹੈ। ਬਾਦਲਾਂ ਨੇ ਪਿੰਡ ਬਾਦਲ ਆਉਣ ਜਾਣ ਲਈ ਹੁਣ ਪ੍ਰਾਈਵੇਟ ਹੈਲੀਕਾਪਟਰ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਪਿੰਡ ਕਾਲਝਰਾਣੀ ਵਿਚ ਆਰਜ਼ੀ ਹੈਲੀਪੈਡ ਬਣਾਇਆ ਗਿਆ ਸੀ, ਜਿਥੇ ਛੇ ਮੁਲਾਜ਼ਮਾਂ ਦੀ ਗਾਰਦ ਪੱਕੇ ਤੌਰ ‘ਤੇ ਲਾਈ ਹੋਈ ਹੈ।

ਹਕੂਮਤ ਬਦਲਣ ਮਗਰੋਂ ਵੀ ਜ਼ਿਲ੍ਹਾ ਪੁਲਿਸ ਨੇ ਇਹ ਗਾਰਦ ਵਾਪਸ ਨਹੀਂ ਬੁਲਾਈ। ਪੰਜਾਬ ਵਿਚ ਹੋਰ ਕਿਧਰੇ ਵੀ ਇਸ ਤਰ੍ਹਾਂ ਪ੍ਰਾਈਵੇਟ ਹੈਲੀਕਾਪਟਰ ਲਈ ‘ਸਪੈਸ਼ਲ ਹੈਲੀਪੈਡ’ ਦੀ ਸਹੂਲਤ ਨਹੀਂ ਦਿੱਤੀ ਗਈ।
ਜਾਣਕਾਰੀ ਅਨੁਸਾਰ ਪਿੰਡ ਕਾਲਝਰਾਣੀ ਦੀ ਦਾਣਾ ਮੰਡੀ ਵਿਚ ਕਈ ਵਰ੍ਹਿਆਂ ਤੋਂ ਫਸਲ ਨਹੀਂ ਆ ਸਕੀ ਕਿਉਂਕਿ ਇਸ ਦਾਣਾ ਮੰਡੀ ਨੂੰ ਹੈਲੀਪੈਡ ਵਜੋਂ ਵਰਤਿਆ ਜਾ ਰਿਹਾ ਹੈ। ਪਿੰਡ ਦੇ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਬਦਲਣ ਮਗਰੋਂ ਉਨ੍ਹਾਂ ਨੂੰ ਇਹ ਦਾਣਾ ਮੰਡੀ ਮਿਲ ਜਾਵੇਗੀ, ਪਰ ਕੈਪਟਨ ਹਕੂਮਤ ਲੋਕਾਂ ਦੀ ਆਸ ਉਤੇ ਖਰੀ ਨਹੀਂ ਉਤਰੀ। ਜਦੋਂ ਵੀ ਬਾਦਲ ਪਰਿਵਾਰ ਦਾ ਹੈਲੀਕਾਪਟਰ ਇਥੇ ਲੈਂਡ ਕਰਦਾ ਹੈ ਤਾਂ ਦੋ ਥਾਣਿਆਂ ਦੀ ਪੁਲਿਸ ਹਾਜ਼ਰ ਹੁੰਦੀ ਹੈ। ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਪੁਲਿਸ ਰੂਟ ਵੀ ਲੱਗਦਾ ਹੈ। ਸੂਤਰਾਂ ਮੁਤਾਬਕ ਜ਼ੈੱਡ ਪਲੱਸ ਸੁਰੱਖਿਆ ਕਰ ਕੇ ਅਜਿਹਾ ਨਿਯਮਾਂ ਅਨੁਸਾਰ ਹੀ ਹੁੰਦਾ ਹੈ।
ਹੈਲੀਪੈਡ ਦੀ ਗਾਰਦ ਵਿਚ ਤਿੰਨ ਪੁਲਿਸ ਮੁਲਾਜ਼ਮ ਤਾਂ ਪਿੰਡ ਬਾਦਲ ਦੇ ਹੀ ਵਸਨੀਕ ਹਨ। ਹਾਲੇ 5 ਅਪਰੈਲ ਨੂੰ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈਲੀਕਾਪਟਰ ਇਸ ਹੈਲੀਪੈਡ ‘ਤੇ ਲੈਂਡ ਕੀਤਾ ਸੀ। ਬਾਦਲ ਪਰਿਵਾਰ ਆਪਣਾ ਪ੍ਰਾਈਵੇਟ ਔਰਬਿਟ ਕੰਪਨੀ ਦਾ ਹੈਲੀਕਾਪਟਰ ਆਉਣ ਜਾਣ ਵਾਸਤੇ ਵਰਤ ਰਿਹਾ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਸ ਹੈਲੀਕਾਪਟਰ ‘ਤੇ ਆਏ ਹਨ। ਹੈਲੀਪੈਡ ਦੇ ਦੋ ਕਮਰੇ ਹਨ, ਜਿਨ੍ਹਾਂ ‘ਚੋਂ ਇਕ ਏਸੀ ਕਮਰਾ ਬਾਦਲ ਪਰਿਵਾਰ ਲਈ ਰਾਖਵਾਂ ਹੈ ਜਦੋਂ ਕਿ ਦੂਜਾ ਕਮਰਾ ਗਾਰਦ ਵਰਤਦੀ ਹੈ। ਹੈਲੀਪੈਡ ‘ਤੇ ਲੱਗੇ ਬਿਜਲੀ ਦੇ ਮੀਟਰ ਦਾ ਬਿੱਲ ਮਾਰਕੀਟ ਕਮੇਟੀ ਗਿੱਦੜਬਾਹਾ ਵੱਲੋਂ ਭਰਿਆ ਜਾ ਰਿਹਾ ਹੈ। ਪਹਿਲਾਂ ਇਥੇ ਕੁੰਡੀ ਕੁਨੈਕਸ਼ਨ ਚੱਲਦਾ ਸੀ ਅਤੇ ਫਰਵਰੀ 2014 ਵਿਚ ਮਾਰਕੀਟ ਕਮੇਟੀ ਨੇ ਹੈਲੀਪੈਡ ਲਈ ਬਕਾਇਦਾ ਬਿਜਲੀ ਕੁਨੈਕਸ਼ਨ ਲੈ ਲਿਆ ਸੀ। ਪਿੰਡ ਕਾਲਝਰਾਣੀ ਦੇ ਆਗੂ ਬਲਵੰਤ ਸਿੰਘ ਨੇ ਕਿਹਾ ਕਿ ਇਸ ਹੈਲੀਪੈਡ ਨੇ ਪਿੰਡ ਵਾਲਿਆਂ ਤੋਂ ਦਾਣਾ ਮੰਡੀ ਖੋਹ ਲਈ ਹੈ ਅਤੇ ਦਬਾਅ ਪੈਣ ਮਗਰੋਂ ਸਰਕਾਰ ਨੇ ਨਵੀਂ ਦਾਣਾ ਮੰਡੀ ਹੋਰ ਥਾਂ ਬਣਾ ਦਿੱਤੀ। ਉਨ੍ਹਾਂ ਕਿਹਾ ਕਿ ਗਾਰਦ ਵੀ ਪਹਿਲਾਂ ਦੀ ਤਰ੍ਹਾਂ ਹੀ ਲੱਗੀ ਹੋਈ ਹੈ।