ਮੁੱਦਾ ਸਿੱਖਾਂ ਦੀ ਰਾਜਸੀ ਅਕਾਂਖਿਆ ਦਾ

‘ਪੰਜਾਬ ਟਾਈਮਜ਼’ ਵਿਚ ਨੇਸ਼ਨ ਸਟੇਟ ਬਾਰੇ ਹਾਲ ਹੀ ‘ਚ ਚੱਲੀ ਬਹਿਸ ਦੇ ਸਿਲਸਿਲੇ ਵਿਚ ਉਘੇ ਵਿਦਵਾਨ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਦਾ ਲੇਖ ‘ਮੁੱਦਾ ਸਿੱਖਾਂ ਦੀ ਰਾਜਸੀ ਅਕਾਂਖਿਆ ਦਾ’ ਸਾਨੂੰ ਜਰਾ ਪਛੜ ਕੇ ਮਿਲਿਆ ਹੈ। ਪਰ ਇਸ ਲੇਖ ਵਿਚ ਉਨ੍ਹਾਂ ਇਸ ਮਸਲੇ ਬਾਰੇ ਮੁੱਢ ਤੋਂ ਗੱਲਬਾਤ ਕੀਤੀ ਹੈ। ਲੇਖ ਨੂੰ ਇਸ ਬਹਿਸ ਵਿਚ ਪ੍ਰਸੰਗਿਕ ਜਾਣ ਕੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਹ ਇਕ ਲਿਹਾਜ਼ ਨਾਲ ਸਮੁੱਚੀ ਬਹਿਸ ਬਾਰੇ ਟਿੱਪਣੀ ਹੀ ਹੈ।

-ਸੰਪਾਦਕ

ਪ੍ਰਿੰæ ਅਮਰਜੀਤ ਸਿੰਘ ਪਰਾਗ
ਫੋਨ: 91-98761-23833

ਸੰਸਾਰ ਭਰ ਦੇ ਕੌਮ-ਕਬੀਲਿਆਂ ਦਾ ਹਰ ਬੰਦਾ ਚਾਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਰਾਜ ਹੋਵੇ| ਝੰਡੇ ਝੂਲਦੇ ਹੋਣ| ਗੂੰਜਾਂ ਪੈਂਦੀਆਂ ਹੋਣ| ਸਿੱਖ ਵੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅਜਿਹਾ ਦੇਸ਼ ਕਾਲ ਮਿਲੇ, ਜਿੱਥੇ ਉਹ ਗੁਰੂ ਅਮਲ ਅਤੇ ਗੁਰੂਬਾਣੀ ਤੋਂ ਪ੍ਰਾਪਤ ਵਿਸ਼ਵ-ਦ੍ਰਿਸ਼ਟੀ ਅਨੁਸਾਰ ਇਤਿਹਾਸ ਵਿਚ ਆਪਣੀ ਬਣਦੀ ਭੂਮਿਕਾ ਬੇਰੋਕ ਨਿਭਾ ਸਕਣ|
ਇਤਿਹਾਸਕ ਹਾਦਸਿਆਂ, ਜੁਗ ਗਰਦੀਆਂ, ਕੁਦਰਤੀ ਆਫਤਾਂ, ਜੰਗੀ ਤਬਾਹੀਆਂ ਜਾਂ ਸਮੇਂ ਦੀ ਕਿਸੇ ਮੁੱਖ ਸਮੱਸਿਆ ਨਿਪਟਾਉਣ ਵਿਚ ਅਸਫਲਤਾ ਕਾਰਨ ਸਲਤਨਤਾਂ, ਸੱਭਿਅਤਾਵਾਂ ਅਤੇ ਕੌਮਾਂ ਦਾ ਉਥਾਨ-ਪਤਨ ਹੁੰਦਾ ਰਹਿੰਦਾ ਹੈ| ਕਾਲ ਚੱਕਰ ਦੇ ਅਜਿਹੇ ਬਿੰਦੂਆਂ ਉਪਰ ਸ਼ਕਤੀਆਂ ਦੇ ਸਾਜ਼ਗਾਰ ਸਮੀਕਰਨਾਂ, ਸਮਰੱਥ ਆਗੂਆਂ ਅਤੇ ਲੋੜੀਂਦੇ ਪਦਾਰਥਕ ਸਾਧਨਾਂ ਵਾਲੀਆਂ ਕੌਮਾਂ ਸਿੱਕਦਾਰੀ ਜਿੱਤ ਲੈਂਦੀਆਂ ਹਨ, ਪੰ੍ਰਤੂ ਅੰਨੇ ਜੋਸ਼, ‘ਦਾਨੇ’ ਦੋਸਤਾਂ ਦੀ ਹੱਲਾਸ਼ੇਰੀ, ਸ਼ਰੀਕਾਂ ਵੱਲੋਂ ਉਕਸਾਹਟ ਅਤੇ ਵਕਤ ਦੇ ਸਮੀਕਰਨਾਂ ਬਾਰੇ ਭਰਮ ਭੁਲੇਖੇ ਕਾਰਨ ਖੰਡਾ ਖੜਕਾਉਣ ਵਾਲੀਆਂ ਕੌਮਾਂ ਉਪਰ ਉਠਣ ਦੀ ਬਜਾਏ ਫਾਡੀ ਰਹਿ ਜਾਂਦੀਆਂ ਹਨ| ਸਿੱਖ ਚਿੰਤਕਾਂ ਅੱਗੇ ਚੈਲੰਜ ਇਹ ਹੈ ਕਿ ਤੇਜੀ ਨਾਲ ਬਦਲ ਰਹੇ ਅਜੋਕੇ ਸੰਸਾਰ ਅੰਦਰ ਉਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਆਦਰਸ਼ ਕਿਸ ਕਿਸਮ ਦੇ ਰੱਖਣੇ ਹਨ ਕਿ ਉਹ ਆਪਣੀ ਵਿਲੱਖਣ ਹਸਤੀ ਵੀ ਕਾਇਮ ਰੱਖਣ ਅਤੇ ਆਪਣੇ ਪੁਰਖਿਆਂ ਦੇ ਆਸ਼ਿਆਂ ਅਨੁਸਾਰ ਸਰਬ ਸਾਂਝੀ ਕਾਇਨਾਤ ਉਸਾਰੀ ‘ਚ ਬਣਦੀ ਭੂਮਿਕਾ ਨਿਭਾਉਣ ਦੀ ਉਨ੍ਹਾਂ ਦੀ ਰੀਝ ਵਿਚ ਵੀ ਕੋਈ ਰੁਕਾਵਟ ਨਾ ਆਵੇ।
ਮੁਗਲ ਬਾਦਸ਼ਾਹਤ ਦੇ ਪਤਨ ਪਿੱਛੋਂ ਸਿੱਖਾਂ ਨੂੰ ਇੱਕ ਇਤਿਹਾਸਕ ਮੌਕਾ ਮਿਲਿਆ ਸੀ, ਪਰ ਸਿੱਖ ਉਸ ਤੋਂ ਲਾਭ ਉਠਾਉਣ ਦੇ ਸਮਰੱਥ ਸਾਬਤ ਨਾ ਹੋਏ, ਜਿਸ ਕਰਕੇ ਉਹ ਦਿੱਲੀ ਉਪਰ ਕਬਜ਼ਾ ਕਰਕੇ ਵੀ ਰਾਜ ਨਾ ਸਥਾਪਤ ਕਰ ਸਕੇ| ਮਹਾਰਾਜਾ ਰਣਜੀਤ ਸਿੰਘ ਨੇ ਸ਼ਕਤੀਸ਼ਾਲੀ ਸਿੱਖ ਰਾਜ ਦੀ ਸਥਾਪਨਾ ਕੀਤੀ, ਜੋ ਉਸ ਦੀ ਮੌਤ ਉਪਰੰਤ ਭਰਾ ਮਾਰੂ ਜੰਗ ਅਤੇ ਬੁਰਛਾਗਰਦੀ ਦੀ ਭੇਂਟ ਚੜ੍ਹ ਗਿਆ| ਛੇਤੀ ਹੀ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਨੂੰ ਵਰਦਾਨ ਵਾਂਗ ਕਬੂਲ ਕਰ ਲਿਆ ਅਤੇ ਹਰ ਫਰੰਟ ਉਤੇ ਅੰਗਰੇਜ਼ ਸਾਮਰਾਜ ਲਈ ਜਾਨਾਂ ਵਾਰੀਆਂ|
ਸੁਤੰਤਰਤਾ ਸੰਗਰਾਮ ਵਿਚ ਸਿੱਖ ਸਭ ਤੋਂ ਅੱਗੇ ਹੋ ਕੇ ਲੜੇ| ਦੇਸ਼ ਦੀ ਵੰਡ ਸਮੇਂ ਅਸੀਂ ਆਪਣੇ ਲਈ ਕਿਸੇ ਕਿਸਮ ਦੀ ਵੱਖਰੀ ਵਿਵਸਥਾ ਦੀ ਮੰਗ ਨਾ ਕੀਤੀ| ਕੇਵਲ ਪਾਕਿਸਤਾਨ ਬਣਨ ਤੋਂ ਰੋਕਣ ਲਈ ਸਿੱਖ ਸਟੇਟ ਦਾ ਮਤਾ ਬੇਮਨੇ ਜਿਹੇ ਢੰਗ ਨਾਲ ਪਾਸ ਕੀਤਾ| ਇਸ ਮੰਗ ਨੂੰ ਮਨਵਾਉਣ ਲਈ ਕੋਈ ਗੰਭੀਰ ਉਪਰਾਲਾ ਨਹੀਂ ਕੀਤਾ| ਪਾਕਿਸਤਾਨ ਬਣਾਏ ਜਾਣ ਦੇ ਵਿਰੋਧ ਵਿਚ ਹਿੰਦੂ ਮਹਾਂ ਸਭਾ ਨਾਲ ਮਿਲ ਕੇ ਰੋਸ ਪ੍ਰਗਟ ਕਰਦੇ ਸਮੇਂ ਸਾਡੇ ਸੁਪਰੀਮ ਨੇਤਾ ਮਾਸਟਰ ਤਾਰਾ ਸਿੰਘ ਹੋਰਾਂ ਨੇ ਜਜ਼ਬਾਤੀ ਉਬਾਲ ਅਧੀਨ ਕਿਰਪਾਨ ਨਾਲ ਪਾਕਿਸਤਾਨ ਦਾ ਝੰਡਾ ਪਾੜ ਦਿੱਤਾ| ਇਸ ‘ਤੇ ਲੀਗੀਆਂ ਵੱਲੋਂ ਤੁਰੰਤ ਫਿਰਕੂ ਦੰਗੇ ਸ਼ੁਰੂ ਕਰ ਦਿੱਤੇ ਗਏ| ਇਨ੍ਹਾਂ ਦੰਗਿਆਂ ਵਿਚ ਸਿੱਖਾਂ ਦੇ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਤਬਾਹੀ ਤੇ ਬਰਬਾਦੀ ਹੋਈ| ਦੂਜੇ ਬੰਨੇ ਆਪਣੇ ਹਮਸਾਏ ਅਤੇ ਘਰ ਘਾਟ ਤੋਂ ਉਜੜ ਕੇ ਜਾ ਰਹੇ ਮੁਸਲਮਾਨਾਂ ਦੇ ਕਾਫਲਿਆਂ ਨੂੰ ਘੇਰ-ਘੇਰ ਕੇ ਲੀਗੀਆਂ ਦੇ ਬਰਾਬਰ ਹੀ ਅਤਿਘ੍ਰਿਣਤ ਲੁੱਟ-ਖੋਹ, ਕਤਲ ਅਤੇ ਬੇਪੱਤੀ ਦੇ ਕਾਰੇ ਕੀਤੇ| ਦੁੱਧ ਚੁੰਘਦੇ ਹੀ ਨਹੀਂ ਕੁੱਖਾਂ ਵਿਚ ਪਲਦੇ ਮਾਸੂਮਾਂ ਨੂੰ ਵੀ ਬੇਕਿਰਕ ਹਿੰਸਾ ਦਾ ਨਿਸ਼ਾਨਾ ਬਣਾਇਆ| ਇਸ ਸਮੇਂ ਅਸੀਂ ਗੁਰੂ ਪੁੱਤਰਾਂ ਦੀਆਂ ਸ਼ਹੀਦੀਆਂ ਦੇ ਦਰਦ ਅਤੇ ਗੁਰੂ ਸਾਹਿਬਾਨ ਦਾ ਮਾਨਵ ਏਕਤਾ, ਸਾਂਝੀਵਾਲਤਾ ਅਤੇ ਦਇਆ ਦਾ ਉਪਦੇਸ਼ ਵੀ ਭੁੱਲ ਗਏ| ਅੱਜ ਤੱਕ ਸੰਗਤੀ ਰੂਪ ਵਿਚ ਆਪਣੇ ਇਨ੍ਹਾਂ ਪਾਪਾਂ ਲਈ ਕਦੇ ਪਸ਼ਚਾਤਾਪ ਦੀ ਲੋੜ ਵੀ ਅਨੁਭਵ ਨਹੀਂ ਕੀਤੀ| ਅਜਿਹੇ ਕਲੰਕ ਖੱਟ ਕੇ ਅਸੀਂ ਆਪਣੇ ਆਪ ਨੂੰ ‘ਹਲੀਮੀ ਰਾਜ’ ਦੇ ਵਾਰਸ ਹੋਣ ਦਾ ਦਾਅਵਾ ਕਿਵੇਂ ਕਰ ਸਕਦੇ ਹਾਂ?
ਦੇਸ਼ ਵੰਡ ਸਮੇਂ ਸਿੱਖਾਂ ਨੇ ਆਪਣੀ ਹੋਣੀ ਖੁਦ ਭਾਰਤ ਨਾਲ ਜੋੜੀ| ਪੂਰਬੀ ਅਤੇ ਪੱਛਮੀ ਪਾਕਿਸਤਾਨ ਵਿਚ ਗਏ ਇਲਾਕਿਆਂ ਵਿਚੋਂ ਉਜੜ ਕੇ ਆਉਣ ਸਮੇਂ ਸਿੱਖ ਅਸਾਮ ਤੋਂ ਪੰਜਾਬ ਤੱਕ ਸਾਰੀ ਸਰਹੱਦ ਨੇੜੇ ਪੈਂਦੇ ਭਾਰਤ ਦੇ ਵੱਖ-ਵੱਖ ਭਾਗਾਂ ਨੂੰ ਆਪਣੀ ਮਾਤ ਭੂਮੀ ਮੰਨ ਕੇ ਆ ਵਸੇ| ਇਨ੍ਹਾਂ ਸਿੱਖ ਸ਼ਰਨਾਰਥੀਆਂ ਨਾਲ ਕਿਸੇ ਥਾਂ ਕਿਸੇ ਹਿੰਦੂਤਵੀ ਸੰਗਠਨ ਵੱਲੋਂ ਸਿੱਖਾਂ ਦਾ ਵਿਰੋਧ ਜਾਂ ਉਨ੍ਹਾਂ ਨੂੰ ਪੀੜਿਤ ਕਰਨ ਦੀਆਂ ਘਟਨਾਵਾਂ ਬਾਰੇ ਕਦੇ ਕੋਈ ਗੱਲ ਨਹੀਂ ਪੜ੍ਹੀ-ਸੁਣੀ| ਦੰਗਿਆਂ ਦੇ ਅਰੰਭ ਵਿਚ ਬੰਗਾਲ ਦੇ ਹਿੰਦੂਆਂ ਨੂੰ ਲੀਗੀਆਂ ਵੱਲੋਂ ਹਿੰਸਾ ਦਾ ਸ਼ਿਕਾਰ ਬਣਾਉਣ ਪਿੱਛੋਂ ਸਿੱਖਾਂ ਨੇ ਦੂਜੇ ਹੀ ਦਿਨ ਲੀਗੀਆਂ ਤੋਂ ਇਨ੍ਹਾਂ ਦਾ ਬਦਲਾ ਲਿਆ ਸੀ| ਇਸ ਦਾ ਸਿੱਧਾ ਮਤਲਬ ਇਹੀ ਹੈ ਕਿ ਯਹੂਦੀ ਅਤੇ ਈਸਾਈ ਧਰਮਾਂ ਦੀ ਹਜ਼ਾਰਾਂ ਸਾਲ ਚੱਲੀ ਤੁਅਸਬੀ ਦੇ ਉਲਟ ਸਿੱਖਾਂ ਅਤੇ ਹਿੰਦੂਆਂ ਦੀ ਸਾਂਝ ਬਹੁਪਰਤੀ ਅਤੇ ਪੀਡੀ ਹੈ ਕਿ ਇਹ ਇੱਕ-ਦੂਜੇ ਨੂੰ ਘਰ ਦੇ ਜੀਅ ਹੀ ਸਮਝਦੇ ਹਨ| ਇਹੀ ਕਾਰਨ ਹੈ ਕਿ ਬਲੂ ਸਟਾਰ ਅਤੇ ਦਿੱਲੀ ਦੀ ਸਿੱਖ ਵਿਰੋਧੀ ਹਿੰਸਾ ਤੋਂ ਪੈਦਾ ਹੋਈ ਸਾਰੀ ਕੜਵਾਹਟ ਅਤੇ ਗਮ-ਗੁੱਸੇ ਦੇ ਬਾਵਜੂਦ ਪੰਜਾਬ ਵਿਚ ਫਿਰਕੂ ਦੰਗੇ ਨਹੀਂ ਭੜਕਾਏ ਜਾ ਸਕੇ|
ਪੰਜਾਬ ਵਿਚ ਸਾਲਾਂ ਬੱਧੀ ਹੁੰਦੇ ਰਹੇ ਹਿੰਦੂਆਂ ਦੇ ਇੱਕਤਰਫਾ ਕਤਲ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਕਾਰਨ ਪੈਦਾ ਹੋਏ ਰੋਸ ਨੂੰ ਵਰਤ ਕੇ ਹੁਕਮਰਾਨ ਪਾਰਟੀ ਕਾਂਗਰਸ ਦੇ ਕੁੱਝ ਲੀਡਰ ਦਿੱਲੀ ਵਿਚ ਸਿੱਖ ਵਿਰੋਧੀ ਹਿੰਸਕ ਦੰਗੇ ਭੜਕਾਉਣ ਵਿਚ ਕਾਮਯਾਬ ਹੋਏ| ਪ੍ਰੰਤੂ ਇੱਥੇ ਇਹ ਤੱਥ ਵੀ ਅੱਖੋਂ ਪਰੋਖੇ ਕਰਨ ਵਾਲਾ ਨਹੀਂ ਕਿ ਨਹਿਸ਼ ਕਿਸਮ ਦੇ ਕੁਝ ਕਾਂਗਰਸੀ ਨੇਤਾਵਾਂ ਨੇ ਆਪਣੇ ਸੌੜੇ ਰਾਜਸੀ ਮੰਤਵਾਂ ਦੀ ਸਿੱਧੀ ਲਈ ਦਿੱਲੀ ਤੇ ਕੁਝ ਹੋਰ ਸ਼ਹਿਰਾਂ ਅੰਦਰ ਜੇ ਕਰ ਨਿਹੱਥੇ, ਨਿਰਦੋਸ਼ ਸਿੱਖਾਂ ਉਪਰ ਕਹਿਰੀ ਹਿੰਸਾ ਭੜਕਾਈ ਤਾਂ ਉਨੀਆਂ ਹੀ ਕਹਾਣੀਆਂ ਦਿੱਲੀ ਦੇ ਹਿੰਦੂਆਂ ਵੱਲੋਂ ਸਿੱਖਾਂ ਦੀ ਸਹਾਇਤਾ ਕਰਨ ਦੀਆਂ ਵੀ ਮਿਲਦੀਆਂ ਹਨ| ਹਿੰਦੂ ਦਾਨਿਸ਼ਵਰਾਂ ਨੇ ਹੀ ਦੰਗਿਆਂ ਦੇ ਸੱਚ ਨੂੰ ਸਭ ਤੋਂ ਪਹਿਲਾਂ ਦੁਨੀਆਂ ਦੇ ਸਾਹਮਣੇ ਲਿਆਂਦਾ ਸੀ| ਅੱਜ ਤੱਕ ਸਾਰਾ ਭਾਰਤੀ ਮੀਡੀਆ ਸਿੱਖ ਦੰਗਾ ਪੀੜਿਤਾਂ ਲਈ ਇਨਸਾਫ ਅਤੇ ਸਹਾਇਤਾ ਦੀ ਜ਼ੋਰਦਾਰ ਮੰਗ ਕਰਦਾ ਆ ਰਿਹਾ ਹੈ| ਦੰਗਿਆਂ ਕਾਰਨ ਦਿੱਲੀ ਤੋਂ ਉਠ ਕੇ ਪੰਜਾਬ ਆਏ ਲਗਭਗ ਸਾਰੇ ਸਿੱਖ ਹੀ ਮੁੜ ਦਿੱਲੀ ਜਾ ਵਸੇ| ਕੀ ਇਹ ਉਨ੍ਹਾਂ ਦੇ ਹਿੰਦੂਆਂ ਨਾਲ ਭਾਈਚਾਰਕ ਏਕਤਾ ਵਿਚ ਯਕੀਨ ਦੀ ਗਵਾਹੀ ਨਹੀਂ ਹੈ। ਇਸ ਦੇ ਉਲਟ ਬੰਗਲਾ ਦੇਸ਼ ਵਿਚ ਹਿੰਦੂ ਭਾਈਚਾਰੇ ਦੀ ਲਗਾਤਾਰ ਹੋ ਰਹੀ ਬਰਬਾਦੀ ਦੇ ਕਿੱਸੇ ਸਾਰਿਆਂ ਦੇ ਸਾਮ੍ਹਣੇ ਹਨ। ਇੰਟਰਨੈਟ ਤੇ ਲੂੰ-ਕੰਡੇ ਖੜੇ ਕਰਨ ਵਾਲੀ ਜਾਣਕਾਰੀ ਭਰੀ ਪਈ ਹੈ। ਸ਼ਾਇਦ ਇਹੋ ਕਾਰਨ ਹੈ ਕਿ ਭਾਰਤ ਵਿਚ ਰਹਿਣ ਨੂੰ ਸਿੱਖਾਂ ਵੱਲੋਂ ਹਿੰਦੂਆਂ ਦੀ ਗੁਲਾਮੀ ਭੋਗਣ ਵਾਲੀ ਦਲੀਲ ਖੁਦ ਸਿੱਖਾਂ ਨੂੰ ਕਾਇਲ ਨਹੀਂ ਕਰ ਸਕੀ ਅਤੇ ਸ਼ਾਇਦ ਇਸੇ ਕਰਕੇ ‘ਹਿੰਦੂ ਭਾਰਤ’ ਵਿਰੁਧ ਸਿੱਖਾਂ ਵੱਲੋਂ ਆਜ਼ਾਦੀ ਦੀ ਜੰਗ ਛੇੜਨ ਦੇ ਜਤਨਾਂ ਨੂੰ ਕੋਈ ਪ੍ਰਭਾਵਸ਼ਾਲੀ ਹੁੰਗਾਰਾ ਨਹੀਂ ਮਿਲ ਸਕਿਆ| ਹਾਂ ਸੰਘ ਪਰਿਵਾਰ ਪਿਛਲੇ ਕੁੱਝ ਸਮੇਂ ਤੋਂ ਜੋ ਕਰ ਰਿਹਾ ਹੈ-ਉਹ ਨਿਰਸੰਦੇਹ ਚਿੰਤਾਜਨਕ ਹੈ ਅਤੇ ਸੰਭਵ ਹੈ ਕਿ ਸਿੱਖਾਂ ਸਮੇਤ ਸਭ ਘੱਟ ਗਿਣਤੀ ਅਤੇ ਦਲਿਤ ਭਾਈਚਾਰਿਆਂ ਨੂੰ ਉਸ ਰੁਝਾਨ ਵਿਰੁਧ ਡਟ ਕੇ ਖੜੇ ਹੋਣਾ ਪੈ ਜਾਵੇ।
19ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਸਿੰਘ ਸਭਾ ਲਹਿਰ ਦੇ ਯਤਨਾਂ ਨਾਲ ਸਿੱਖਾਂ ਵਿਚ ਪੁਨਰ ਜਾਗ੍ਰਤੀ ਦੀ ਲਹਿਰ ਪੈਦਾ ਹੋਈ| ਇਸ ਦੇ ਪ੍ਰਭਾਵ ਹੇਠ ਗੁਰਦੁਆਰਾ ਸੁਧਾਰ ਲਹਿਰ ਚੱਲੀ| ਇਸ ਲਹਿਰ ਦੀ ਖਾਸ ਪਛਾਣ ਇਹ ਸੀ ਕਿ ਅੰਗਰੇਜ਼ ਸਰਕਾਰ ਦੇ ਸਾਰੇ ਤਸ਼ਦਦ ਦਾ ਸਿੱਖਾਂ ਨੇ ਪੂਰਨ ਸ਼ਾਂਤਮਈ ਢੰਗ ਨਾਲ ਸਾਹਮਣਾ ਕੀਤਾ| ਇਸ ਵਰਤਾਰੇ ਦੀ ਸਾਰੀ ਦੁਨੀਆਂ ਵਿਚ ਪ੍ਰਸੰæਸਾ ਹੋਈ| ਅਖੀਰ ਉਸ ਸਮੇਂ ਦੀ ਮਹਾਂਸ਼ਕਤੀ ਨੂੰ ਸਿੱਖਾਂ ਦੀਆਂ ਮੰਗਾਂ ਮੰਨਣੀਆਂ ਪਈਆਂ| ਇਸ ਨਾਲ ਜਿੱਥੇ ਸੁਤੰਤਰਤਾ ਸੰਗਰਾਮ ਨੂੰ ਬਲ ਮਿਲਿਆ, ਉਥੇ ਸਿੱਖ ਸੰਘਰਸ਼ ਵਿਚ ਕੌਮੀ ਨੇਤਾਵਾਂ ਦਾ ਸਮਰਥਨ ਵੀ ਸਿੱਖਾਂ ਨੂੰ ਮਿਲਿਆ| ਮਿਸਾਲੀ ਸ਼ਾਂਤਮਈ ਅੰਦੋਲਨ ਬਾਰੇ ਜੈਤੋ ਦੇ ਮੋਰਚੇ ਦੋਰਾਨ ਪੰਜਵੇਂ ਸ਼ਹੀਦੀ ਜੱਥੇ ਵਿਚ ਗ੍ਰਿਫਤਾਰ ਹੋ ਕੇ ਤਸ਼ਦਦ ਝੱਲ ਚੁੱਕੇ ਮੇਰੇ ਬਾਪੂ ਜੀ ਦੱਸਦੇ ਸਨ ਕਿ ਸਿੱਖ ਵਾਲੰਟੀਅਰਾਂ ਨੂੰ ਇਹ ਸਖਤ ਹਦਾਇਤ ਸੀ ਕਿ ਸਰਕਾਰ ਦੇ ਕਿਸੇ ਵੀ ਤਸ਼ਦਦ ਵਿਰੁਧ ਹੱਥ ਨਹੀਂ ਚੁੱਕਣਾ| ਚਾਰ-ਚਾਰ ਦੀਆਂ ਟੋਲੀਆਂ ਵਿਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਾਣਾ ਹੈ| ਨਾਅਰਾ ਕੇਵਲ ‘ਪੰਥ ਕੀ ਜੀਤ’ ਦਾ ਹੀ ਲਾਉਣਾ ਹੈ| ਗੁਰਦੁਆਰਾ ਸੁਧਾਰ ਸਮੇਂ ਲਾਏ ਗਏ ਸਾਰੇ ਮੋਰਚਿਆਂ ਵਿਚ ਇਹੀ ਸੰਪੂਰਨ ਸ਼ਾਂਤਮਈ ਸੰਘਰਸ਼ ਦੀ ਪ੍ਰਥਾ ਕਾਇਮ ਰਹੀ| 20ਵੀਂ ਸਦੀ ਦੇ ਸਿੱਖ ਸੰਘਰਸ਼ ਲਈ ਇਹੀ ਪ੍ਰਥਾ ਪੰਥ ਪ੍ਰਵਾਣਤ ਨੀਤੀ ਬਣ ਗਈ| ਪੰਜਾਬੀ ਸੂਬੇ ਦੀ ਮੰਗ ਉਪਰ ਪਾਬੰਦੀ ਲਾਏ ਜਾਣ ਦੇ ਵਿਰੋਧ ਵਿਚ ਲਾਏ ਗਏ 1955 ਦੇ ਮੋਰਚੇ ਸਮੇਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦਾ ਸਾਂ| ਅਸੀਂ ਪੰਜ ਜਣੇ ਘਰਦਿਆਂ ਤੋਂ ਚੋਰੀ ਰਾਤ ਦੀ ਗੱਡੀ ਚੜ੍ਹ ਕੇ ਅੰਮ੍ਰਿਤਸਰ ਜਾ ਕੇ ਜੱਥੇਦਾਰ ਪ੍ਰੀਤਮ ਸਿੰਘ ਮੋਫਰ ਦੇ ਜੱਥੇ ਨਾਲ ਗ੍ਰਿਫਤਾਰ ਹੋਏ| ਅਕਾਲ ਤਖਤ ਸਾਹਿਬ ਤੋਂ ਤੋਰਨ ਸਮੇਂ ਸਾਨੂੰ ਇਹੋ ਕਿਹਾ ਗਿਆ ਸੀ ਕਿ ਚਾਰ-ਚਾਰ ਦੇ ਗਰੁੱਪਾਂ ਵਿਚ ‘ਪੰਜਾਬੀ ਸੂਬਾ ਜਿੰਦਾਬਾਦ’ ‘ਹਿੰਦੂ-ਸਿੱਖ ਏਕਤਾ ਜਿੰਦਾਬਾਦ’ ਅਤੇ ‘ਪੰਥ ਕੀ ਜੀਤ’ ਦੇ ਜੈਕਾਰੇ ਹੀ ਲਾਉਣੇ ਹਨ| ਪੰਜਾਬੀ ਸੂਬੇ ਦੇ ਦੂਜੇ ਮੋਰਚੇ ਅਤੇ ਐਮਰਜੈਂਸੀ ਵਿਰੁੱਧ ਮੋਰਚੇ ਦੌਰਾਨ ਵੀ ਇਹੋ ਸ਼ਾਂਤਮਈ ਨੀਤੀ ਦੀ ਪਾਲਣਾ ਕੀਤੀ ਗਈ|
Ḕਧਰਮਯੁੱਧ’ ਮੋਰਚਾ ਵੀ ਪਹਿਲੇ ਮੋਰਚਿਆਂ ਵਾਲੀ ਪੰਥ ਪ੍ਰਵਾਣਤ ਪਰੰਪਰਾ ਅਨੁਸਾਰ ਹੀ ਚੱਲਦਾ ਰਿਹਾ| ਸੰਤ ਹਰਚੰਦ ਸਿੰਘ ਲੌਂਗੋਵਾਲ ਸਰਬ ਸੰਮਤੀ ਨਾਲ ਮੋਰਚੇ ਦੇ ਡਿਕਟੇਟਰ ਥਾਪੇ ਗਏ| ਇੰਨੀ ਵੱਡੀ ਗਿਣਤੀ ਵਿਚ ਅਕਾਲੀ ਵਾਲੰਟੀਅਰ ਗ੍ਰਿਫਤਾਰੀ ਲਈ ਆਉਂਦੇ ਰਹੇ ਕਿ ਜੇਲ੍ਹਾਂ ਵਿਚ ਥਾਉਂ ਨਾ ਰਿਹਾ, ਪਰ ਛੇਤੀ ਹੀ ਦੋਵਾਂ ਸੰਤਾਂ ਵਿਚ ਮਤਭੇਦ ਪੈਦਾ ਕਰਨ ਦੇ ਯਤਨ ਭੀ ਰੰਗ ਲਿਆਉਣ ਲੱਗੇ| ਖਾਲਿਸਤਾਨ ਸ਼ਬਦ ਦੀ ਸੁਗਬੁਗਾਹਟ ਹੋਣ ਲੱਗੀ| ਜਦੋਂ ਕਿ ਧਰਮਯੁੱਧ ਮੋਰਚੇ ਦੀਆਂ ਤਿੰਨ ਦਰਜਨ ਮੰਗਾਂ ਵਿਚ ਖਾਲਿਸਤਾਨ ਵਰਗੀ ਕੋਈ ਮੰਗ ਸ਼ਾਮਿਲ ਹੀ ਨਹੀਂ ਸੀ| ਨਾ ਇਹ ਮੰਗ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਵਿਚ ਸ਼ਾਮਿਲ ਰਹੀ ਸੀ| ਫਿਰ ‘ਅਚਿੰਤੇ ਬਾਜ਼ ਪਏ’ ਵਾਂਗ 25 ਅਪ੍ਰੈਲ, 1983 ਨੂੰ ਬੜੀ ਹੀ ਮੰਦਭਾਗੀ ਘਟਨਾ ਵਾਪਰੀ। ਕਿਸੇ ਨੌਜਵਾਨ ਨੇ ਘੰਟਾ ਘਰ ਵੱਲੋਂ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਮੁਖ ਦੁਆਰ ਤੇ ਅੰਦਰ ਮੱਥਾ ਟੇਕ ਕੇ ਆ ਰਹੇ ਡੀæ ਆਈæ ਜੀæ ਏæ ਐਸ ਅਟਵਾਲ ਦੀ ਹੱਤਿਆ ਕੀਤੀ ਅਤੇ ਕਾਰਾ ਕਰ ਕੇ ਕੰਪਲੈਕਸ ਅੰਦਰ ਜਾ ਛੁਪਿਆ। 6 ਅਕਤੂਬਰ ਨੂੰ ਕੁੱਝ ਨੌਜਵਾਨਾਂ ਨੇ ਢਿੱਲਵਾਂ ਵਿਖੇ ਚੰਡੀਗੜ੍ਹ ਨੂੰ ਜਾ ਰਹੀ ਬੱਸ ਵਿਚੋਂ ਕੱਢ ਕੇ 6 ਹਿੰਦੂ ਮੁਸਾਫਰਾਂ ਨੂੰ ਮਾਰਿਆ ਅਤੇ ਉਸ ਤੋਂ ਬਾਅਦ ਇਸ ਕਿਸਮ ਦੀਆਂ ਹਿੰਸਕ ਵਾਰਦਾਤਾਂ ਦੀ ਲੜੀ ਸ਼ੁਰੂ ਹੋ ਗਈ। ਸਿੱਖਾਂ ਨੂੰ ਯਕੀਨ ਹੀ ਨਾ ਆਵੇ ਕਿ ਨਿਰਦੋਸ਼ ਹਮਸਾਇਆਂ ਨੂੰ ਕਤਲ ਕਰਨ ਵਾਲੇ ਸਿੱਖ ਨੌਜਵਾਨ ਵੀ ਹੋ ਸਕਦੇ ਹਨ? ਅਜਿਹੇ ਕਤਲ ਸਿੱਖੀ ਦੇ ਅਸੂਲਾਂ ਅਤੇ ਸਿੱਖ ਚਰਨ ਦੀ ਘੋਰ ਉਲੰਘਣਾ ਸਨ|
ਸਾਡੇ ਖਿਆਲ ਵਿਚ ਇਹੀ ਉਹ ਮੋੜ ਸੀ ਜਿੱਥੇ ਆ ਕੇ ਸਾਰੀ ਸਿੱਖ ਲੀਡਰਸ਼ਿਪ-ਸਣੇ ਦੋਵਾਂ ਸੰਤਾਂ, ਤਖਤਾਂ ਦੇ ਜੱਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ਼ ਗੁਰਚਰਨ ਸਿੰਘ ਟੌਹੜਾ, ਸਿੱਖ ਪੰਥ ਨੂੰ ਸੇਧ ਦੇਣ ਵਿਚ ਫੇਲ੍ਹ ਹੋਈ| ਇੰਦਰਾ ਗਾਂਧੀ ਨੇ ਤਾਂ ਇਸ ਘਟਨਾ ਉਪਰੰਤ ਦਰਬਾਰਾ ਸਿੰਘ ਦੀ ਸਰਕਾਰ ਨੂੰ ਭੰਗ ਕਰਕੇ ਇਸ ਹਿੰਸਕ ਵਾਰਦਾਤ ਵਿਰੁਧ ਆਪਣੀ ਕਾਰਵਾਈ ਪਾ ਦਿੱਤੀ| ਪੰ੍ਰਤੂ ਉਸ ਸਮੇਂ ਤੱਕ ਭਾਰੂ ਹੋ ਚੁਕੀ ਸਿੱਖ ਲੀਡਰਸ਼ਿਪ ਵੱਲੋਂ ਘਟਨਾ ਦੀ ਖੁਲ੍ਹ ਕੇ ਨਿਖੇਧੀ ਵੀ ਨਾ ਕੀਤੀ ਗਈ| ਜਦੋਂ ਕਿ ਇਸ ਸਮੇਂ ਮੋਰਚਾ ਸਸਪੈਂਡ ਕਰਨਾ ਸਭ ਤੋਂ ਸਹੀ ਗੱਲ ਹੋਣੀ ਸੀ| ਅੰਗਰੇਜ਼ਾਂ ਵਿਰੁਧ ਸ਼ਾਂਤਮਈ ਨਾਮਿਲਵਰਤਣ ਲਹਿਰ ਸਮੇਂ ਇੱਕ ਹਿੰਸਕ ਘਟਨਾ ਹੋਣ ‘ਤੇ ਮਹਾਤਮਾ ਗਾਂਧੀ ਵੱਲੋਂ ਜੋਬਨ ਤੇ ਆਈ ਲਹਿਰ ਬੰਦ ਕਰ ਦੇਣ ਦੀ ਉਦਾਹਰਣ ਉਨ੍ਹਾਂ ਦੇ ਸਾਹਮਣੇ ਸੀ। ਇਸ ਮੋੜ ‘ਤੇ ਦੋ ਟੁੱਕ ਫੈਸਲਾ ਹੋ ਜਾਣਾ ਚਾਹੀਦਾ ਸੀ ਕਿ ਮੋਰਚੇ ਨੂੰ ਅਗਵਾਈ ਕਿਸ ਧਿਰ ਵਲੋਂ ਦਿਤੀ ਜਾਣੀ ਹੈ।
ਸਾਕਾ ਬਲਿਊ ਸਟਾਰ ਨਾਲ ਸੰਸਾਰ ਭਰ ਦੇ ਸਿੱਖਾਂ ਅੰਦਰ ਵਿਆਪਕ ਰੰਜ ਦੀ ਲਹਿਰ ਫੈਲ ਗਈ| ਆਹਤ ਸਿਦਕੀ ਸਿੱਖ ਨੌਜੁਆਨ ਕੁੱਝ ਵੀ ਕਰ ਗੁਜਰਨ ਉਪਰ ਉਤਾਰੂ ਸਨ| ਇਸ ਸਿਰਲੱਥ ਜਜ਼ਬੇ ਨੂੰ ਪੰਥ ਹਿਤਕਾਰੀ ਦਿਸ਼ਾ ਦੇਣ ਦੀ ਸਮਰੱਥਾ ਵਾਲੀ ਸਿੱਖ ਲੀਡਰਸ਼ਿਪ ਨਦਾਰਦ ਸੀ| ਸਿੱਖ ਦਰਦ ਦਾ ਸੋæਸ਼ਣ ਕਰਨ ਲਈ ਦੇਸ਼ੀ-ਵਿਦੇਸ਼ੀ ਏਜੰਸੀਆਂ ਸਰਗਰਮ ਹੋ ਗਈਆਂ| ਕੁੱਝ ਮੌਕਾਪ੍ਰਸਤ ਜਾਂ ਗੁੱਝੇ ਹਿੱਤਾਂ ਨਾਲ ਜੁੜੇ ਸਿੱਖ ਲੀਡਰ ਵੀ ਅੱਗੇ ਆਏ| ਡਾæ ਜਗਜੀਤ ਸਿੰਘ ਚੌਹਾਨ ਨੇ ਕਿਸੇ ਟਾਪੂ ਵਿਚ ਖਾਲਿਸਤਾਨ ਬਣਾ ਲੈਣ ਅਤੇ ਖੁਦ ਨੂੰ ਉਸ ਦਾ ਰਾਸ਼ਟਰਪਤੀ ਐਲਾਨ ਕਰਦੇ ਹੋਏ ‘ਇੰਦਰਾ ਨੂੰ ਮਾਰੋ’ ਦਾ ਤੱਤਾ ਨਾਅਰਾ ਦਿੱਤਾ| ਅੱਗੋਂ ਚੱਲ ਕੇ ਜਿਸ ਕਿਸਮ ਦੀਆਂ ਖਾੜਕੂ ਕਾਰਵਾਈਆਂ ਦਾ ਵਰਤਾਰਾ ਸ਼ੁਰੂ ਹੋਇਆ, ਉਸ ਦੀ ਤਫਸੀਲ ਵਿਚ ਜਾਣ ਦੀ ਇਥੇ ਜ਼ਰੂਰਤ ਨਹੀਂ|
ਸ਼ਾਂਤਮਈ ਸਿੱਖ ਅੰਦੋਲਨ ਵਿਚ ਇਹ ਹਿੰਸਕ ਕਾਰਵਾਈ ਕਿਸੇ ਨਾਸਮਝ ਦੋਸਤ ਜਾਂ ਮੱਕਾਰ ਦੁਸ਼ਮਣ ਦੀ ਛਾਤਰ ਚਾਲ ਸੀ| ਕੀ ਇਹ ਕੁੱਝ ਪੱਲੇ ਨਾ ਪੈਂਦਾ ਵੇਖ ਕੇ ਸਿੱਖ ਨੌਜਵਾਨਾਂ ਵੱਲੋਂ ਬੇਸਬਰੀ ਅਤੇ ਕਾਹਲ ਦਾ ਨਤੀਜਾ ਸੀ? ਜਾਂ ਇਹ ਨਕਸਲਾਈਟ ਤੱਤਾਂ ਵੱਲੋਂ ਭਾਰਤ ਵਿਚ ‘ਜਮਾਤੀ ਘੋਲ’ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਨਾ ਦਿਖਦੀਆਂ ਹੋਣ ਕਰ ਕੇ ਕੌਮੀਅਤਾਂ ਦੇ ਸਵਾਲ ਨੂੰ ਲੈ ਕੇ ਸਿੱਖਾਂ ਨੂੰ ਭਾਰਤੀ ਸਟੇਟ ਵਿਰੁਧ ਲਾਮਬੰਦ ਕਰਨ ਦੇ ਪੈਂਤੜੇ ਦਾ ਹਿੱਸਾ ਸੀ? ਅੱਜ ਤੱਕ ਇਸ ‘ਬੇਮੁਹਾਰੀ ਸੂਰਮਗਤੀ’ ਦੀਆਂ ਜੜਾਂ ਨੰਗੀਆਂ ਨਹੀਂ ਹੋ ਸਕੀਆਂ| ਇਸ ਦੁੱਖਭਰੀ ਹੈਰਾਨੀ ਨੂੰ ਹੀ ਕਵੀ ‘ਮਿੰਦਰ’ ਨੇ ਇਨ੍ਹਾਂ ਸ਼ਬਦਾਂ ਵਿਚ ਜ਼ਾਹਰ ਕੀਤਾ ਸੀ:
ਮੈਂ ਸੁੱਤਾ ਵੀ ਨਹੀਂ
ਕਿਧਰੇ ਗਿਆ ਵੀ ਨਹੀਂ
ਫਿਰ ਮੇਰੇ ਹੱਥ ਵਿਚ ਬੰਦੂਕ
ਅਤੇ ਮੇਰੇ ਮੋਢੇ ਉਪਰ
ਲਾਸ਼ ਕੌਣ ਧਰ ਗਿਆ ਹੈ?
ਅਜੋਕੇ ਸਮਿਆਂ ਵਿਚ ‘ਸਿੱਖ ਸ਼ਿਕਵੇ’ ਦੀ ਇਤਿਹਾਸਕਾਰੀ ਕਰਨ ਵਾਲੇ ਸ਼ ਅਜਮੇਰ ਸਿੰਘ ਅਤੇ ਸ਼ ਕਰਮਜੀਤ ਸਿੰਘ ਜੇ ਉਪਰੋਕਤ ਸਵਾਲਾਂ ਬਾਰੇ ਸਟੀਕ ਜਾਣਕਾਰੀ ਸਿੱਖ ਸੰਗਤਾਂ ਨੂੰ ਦੇ ਸਕਣ ਤਾਂ ਇਹ ਉਨ੍ਹਾਂ ਦਾ ਪਰਉਪਕਾਰ ਹੋਵੇਗਾ| ਖਾਲਿਸਤਾਨੀ ਅਨਸਰਾਂ ਬਾਰੇ ਸ਼ ਅਜਮੇਰ ਸਿੰਘ ਦੀਆਂ ਬੇਬਾਕ ਟਿੱਪਣੀਆਂ ਉਨ੍ਹਾਂ ਦੀ ਜ਼ੁਰਅਤ ਨੂੰ ਦਰਸਾਉਂਦੀਆਂ ਹਨ| ਉਨ੍ਹਾਂ ਵੱਲੋਂ ਖਾਲਿਸਤਾਨੀਆਂ ਲਈ ਵਰਤੇ ਗਏ ਸ਼ਬਦ ਡਿਸਗਸਟਿੰਗ (ਕਾਣਤ) ਬਾਰੇ ਕਈ ਇਤਰਾਜ਼ ਉਠਾਏ ਗਏ ਹਨ, ਪਰ ਅਸੀਂ ਸਮਝਦੇ ਹਾਂ ਕਿ ਉਨ੍ਹਾਂ ਸੱਜਣਾਂ ਦੇ ਇਤਰਾਜ਼ ਸਹੀ ਨਹੀਂ ਹਨ।
ਨੇਸ਼ਨ ਸਟੇਟ ਦੇ ਮਾਡਲ ਦੀਆਂ ਸੀਮਾਵਾਂ ਅਤੇ ਖਰਾਬੀਆਂ ਜੱਗ ਜ਼ਾਹਰ ਹੋ ਚੁੱਕੀਆਂ ਹਨ| ਖਾਲਿਸਤਾਨ ਦਾ ‘ਨੇਸ਼ਨ ਸਟੇਟ’ ਜਾਂ ਅਜੋਕੇ ਪਾਕਿਸਤਾਨ-ਇਜ਼ਰਾਈਲ ਵਰਗਾ ਹੀ ਕੁੱਝ ਬਣ ਜਾਣ ਦੇ ਖਦਸ਼ੇ ਨੂੰ ਮੁੱਖ ਰੱਖ ਕੇ ਜਸਪਾਲ ਸਿੰਘ ਸਿੱਧੂ ਵਰਗੇ ਸਿੱਖ ਚਿੰਤਕ ਇਸ ਤੋਂ ਪਾਸਾ ਵੱਟ ਰਹੇ ਹਨ| ਪਾਕਿਸਤਾਨ-ਇਜ਼ਰਾਈਲ ਵਰਗਾ ‘ਖਾਲਿਸਤਾਨ ਨਹੀਂ ਬਣਨਾ ਚਾਹੀਦਾ’ ਅਤੇ ਖਾਲਿਸਤਾਨੀਆਂ ਨੂੰ ‘ਡਿਸਗਸਟਿੰਗ’ ਕਹਿਣ ਨਾਲ ਅਜਮੇਰ ਸਿੰਘ ਦੇ ਮਾਸੂਮ ਪ੍ਰਸ਼ੰਸਕਾਂ, ਸਹਾਇਕਾਂ ਅਤੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਲੱਗਣੀ ਸੁਭਾਵਿਕ ਹੈ| ਭਾਵੇਂ ਸ਼ ਜਸਜੀਤ ਸਿੰਘ ਹੋਰਾਂ ਨੇ ਇਸੇ ਸ਼ਬਦ ਨੂੰ ਹੀ ਢੁੱਕਵਾਂ ਮੰਨਿਆ ਹੈ|
ਅਜਮੇਰ ਸਿੰਘ ਨੇ ਬਹੁਤ ਹੀ ਮਿਹਨਤ ਕੀਤੀ ਹੈ ਪ੍ਰੰਤੂ ਗੁੱਸੇ ਨਾਲ ਤਿਆਰ ਕੀਤੀ ਆਪਣੀ ਪੁਸਤਕ ਲੜੀ ਦੀ ਸਾਰੀ ਧਮ੍ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਖਤਮ ਕਰਨ ਜਾਂ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਤੇ ਫੌਜ਼ੀ ਹਮਲੇ ਵਿਰੁਧ ਰੋਸ ਵਜੋਂ ਹੀ ਬੱਧੀ ਹੈ। ਇਹ ਹਮਲਾ ਮਾੜੀ ਗੱਲ ਸੀ, ਇਸ ਦੀ ਨਿਖੇਧੀ ਹੋਣੀ ਚਾਹੀਦੀ ਹੈ। ਹਰ ਸਿੱਖ ਹਿਤੈਸ਼ੀ ਦੇ ਮਨ ਅੰਦਰ ਇਸ ਕਾਰਵਾਈ ਪ੍ਰਤੀ ਰੋਸ ਹੈ।
ਅਜਮੇਰ ਸਿੰਘ ਨੂੰ ਯਾਦ ਹੋਵੇਗਾ ਕਿ ਇਹ ਰੋਸ ਸੰਤ ਭਿੰਡਰਾਂਵਾਲੇ ਦੇ ਸਭ ਤੋਂ ਵੱਡੇ ਆਲੋਚਕ ਸ੍ਰæ ਖੁਸ਼ਵੰਤ ਸਿੰਘ ਦੇ ਮਨ ਅੰਦਰ ਵੀ ਅਜਮੇਰ ਸਿੰਘ ਨਾਲੋਂ ਘੱਟ ਨਹੀਂ ਸੀ। ਉਸ ਦੀ ਪੁਸਤਕ ‘ਮਾਈ ਬਲੀਡਿੰਗ ਪੰਜਾਬ’ ਵਿਚ ਅਟਵਾਲ ਹੱਤਿਆ ਕਾਂਡ ਤੋਂ ਤੁਰਤ ਪਿਛੋਂ, 28 ਅਪਰੈਲ ਨੂੰ ਰਾਜ ਸਭਾ ਵਿਚ ਦਿਤੀ ਉਹ ਲੰਮੀ ਸਪੀਚ ਪੂਰੀ ਦਰਜ਼ ਹੈ ਜਿਸ ਵਿਚ ਉਸ ਨੇ ਸਿੱਖਾਂ ਦੀਆਂ ਜਾਇਜ਼ ਮੰਗਾਂ ਲਈ ਗੁਹਾਰ ਲਾਈ ਅਤੇ ਕਿਸੇ ਵੀ ਸੂਰਤ ਵਿਚ ਕੰਪਲੈਕਸ ਅੰਦਰ ਫੌਜ ਜਾਂ ਪੁਲੀਸ ਭੇਜਣ ਵਿਰੁੱਧ ਸਖਤ ਚਿਤਾਵਨੀ ਦਿਤੀ ਹੋਈ ਹੈ। ਕੰਪਲੈਕਸ ਵਿਚ ਪਨਾਹ ਲਈ ਬੈਠੇ ਨੌਜਵਾਨਾਂ ਦੀਆਂ ਕਾਰਵਾਈਆਂ ਵਧਦੀਆਂ ਜਾਣ ਦੇ ਬਾਵਜੂਦ ਇਸੇ ਕਿਤਾਬ ਵਿਚ 3 ਮਾਰਚ 1984 ਨੂੰ ਲਿਖੇ ਉਸ ਦੇ ਚਰਚਿਤ ‘ਨਾ ਕਾਹੂੰ ਸੇ ਦੋਸਤੀ’ ਸਿਰਲੇਖ ਹੇਠਲੇ ਕਾਲਮ ਦੀਆਂ ਸਤਰਾਂ ਦਰਜ ਹਨ: ਪ੍ਰੰਤੂ (ਜੋ ਵੀ ਹੋਵੇ) ਇਸ ਘੜੀ ਸ੍ਰੀ ਹਰਿਮੰਦਰ ਸਾਹਿਬ ਵਿਚ ਫੌਜ ਭੇਜਣ ਦੀ ਗੁਸਤਾਖੀ ਨਾ ਕੀਤੀ ਜਾਵੇ। ਅਜਿਹੀ ਹਿਮਾਕਤ ਕਰਨ ਦੀ ਸੂਰਤ ਵਿਚ ਖੂਨ ਖਰਾਬੇ ਦਾ ਮੁਢ ਬਝੇਗਾ; ਸਮੁੱਚਾ ਸਿੱਖ ਭਾਈਚਾਰਾ ਬਦਜ਼ਨ ਹੋਵੇਗਾ ਅਤੇ ਦੇਸ਼ ਦਾ ਬੇੜਾ ਗਰਕ ਹੋ ਜਾਵੇਗਾ। ਲੇਖ ਵਿਚ ਅਗੇ ਖੁਸ਼ਵੰਤ ਸਿੰਘ ਨੇ ਉਨ੍ਹੀਂ ਦਿਨੀਂ ਸੁਮੀਤ ਸਿੰਘ ‘ਪ੍ਰੀਤਲੜੀ’ ਅਤੇ ਕਈ ਹੋਰ ਲੋਕਾਂ ਦੀਆਂ ਹੱਤਿਆਵਾਂ ਦੀ ਆਲੋਚਨਾ ਕੀਤੀ ਹੋਈ ਹੈ। ਅਜਮੇਰ ਸਿੰਘ ਦਾ ਫਰਜ਼ ਇਹ ਬਣਦਾ ਹੈ ਕਿ ਉਹ ਬਹੁਗਿਣਤੀ ਸਿੱਖ ਭਾਈਚਾਰੇ ਨੂੰ ਜਚਣਯੋਗ ਤਰੀਕੇ ਨਾਲ ਇਹ ਦਸੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਦੇ ਨਾਲ ਹੀ ਕੰਪਲੈਕਸ ਵਿਚੋਂ ਹਿੰਸਕ ਕਾਰਵਾਈਆਂ ਨੂੰ ਪ੍ਰੇਰਨਾ ਕਿਵੇਂ ਠੀਕ ਸੀ?
ਅਜਮੇਰ ਸਿੰਘ ਨੂੰ ਪਤਾ ਹੋਵੇਗਾ ਕਿ ਪੂਰੇ ਜੋਸ਼ ਨਾਲ ਕੌਮੀ ਪਹਿਚਾਣ ਦੀ ਰਾਜਨੀਤੀ ਕਰ ਰਹੇ ਐਲ਼ ਕੇæ ਅਡਵਾਨੀ, ਸਾਧਵੀ ਰਿਤੰਭਰਾ ਅਤੇ ਉਮਾ ਭਾਰਤੀ ਵਰਗੇ ਤੱਤੇ ਰਾਜਨੀਤਕਾਂ ਦੀ ਸਿੱਧੀ ਭੜਕਾਹਟ ‘ਤੇ 6 ਦਸੰਬਰ 1992 ਨੂੰ ਬਾਬਰੀ ਮਸਜ਼ਿਦ ਢਾਹੀ ਗਈ ਤਾਂ ਅਗਲੇ ਸਾਲ ਅਡਵਾਨੀ ਵਿਰੁਧ ਇਖ਼ਲਾਕੀ ਜ਼ੁਰਅਤ ਅਤੇ ਬੇਖੌਫ ਅੰਦਾਜ਼ ਵਿਚ ਗਵਾਹੀ ਉਸ ਦੇ ਸੁਰੱਖਿਆ ਅਮਲੇ ਦੀ ਮੁਖੀ ਵਜੋਂ ਤਾਇਨਾਤ ਨੌਜਵਾਨ ਪੁਲੀਸ ਅਧਿਕਾਰੀ ਬੀਬੀ ਅੰਜੂ ਗੁਪਤਾ ਵਲੋਂ ਦਿਤੀ ਗਈ ਸੀ। ਉਸੇ ਗਵਾਹੀ ‘ਤੇ ਉਹ ਅਜੇ ਤਕ 84 ਦੇ ਗੇੜ ਵਿਚ ਫਸੇ ਹੋਏ ਹਨ। ਕੇਵਲ ਇਨਾ ਹੀ ਨਹੀਂ, ਹਰ ਤਰ੍ਹਾਂ ਦੇ ਰਾਜਸੀ ਉਤਾਰ-ਚੜ੍ਹਾਵਾਂ ਤੇ ਦਬਾਵਾਂ ਦੇ ਬਾਵਜੂਦ ਪੂਰੇ 18 ਵਰ੍ਹੇ ਉਹ ਬੀਬੀ ਆਪਣੇ ਅਕੀਦੇ ‘ਤੇ ਦ੍ਰਿੜ ਰਹੀ ਅਤੇ ਮਾਰਚ 2010 ‘ਚ ਆਪਣੀ ਗਵਾਹੀ ਜਦੋਂ ਹੋਰ ਵੀ ਦ੍ਰਿੜਤਾ ਨਾਲ ਦੁਹਰਾ ਦਿਤੀ ਤਾਂ ਇਹ ਕੋਈ ਹੋਰ ਨਹੀਂ ਬਲਕਿ ਖੁਸ਼ਵੰਤ ਸਿੰਘ ਹੀ ਸੀ ਜਿਸ ਨੇ ਅਡਵਾਨੀ ਨਾਲ ਪਰਿਵਾਰਕ ਮਿੱਤਰਤਾ ਦੇ ਬਾਵਜੂਦ ਉਸ ਨਾਮੁਆਫ ਕਰਨ ਯੋਗ ਕਾਰੇ ਲਈ ਅੰਜੂ ਦੀ ਗਵਾਹੀ ਦੇ ਅਧਾਰ ‘ਤੇ ਉਸ ਨੂੰ ਗੁੰਡਿਆਂ ਦਾ ਸਰਦਾਰ ਕਿਹਾ ਸੀ ਅਤੇ ਉਸ ਲਈ ਅਤੇ ਦੋਵਾਂ ਸਾਧਵੀਆਂ ਲਈ ਸਖਤ ਸਜਾਵਾਂ ਦੀ ਮੰਗ ਕੀਤੀ ਸੀ। ਇਸ ਪ੍ਰਥਾਏ ਸ੍ਰæ ਅਜਮੇਰ ਸਿੰਘ ਨੂੰ ਬੇਨਤੀ ਹੈ ਕਿ ਉਹ ਰੋਜ਼ਾਨਾ ‘ਅਜੀਤ’ ਅਖ਼ਬਾਰ ਵਿਚ 10 ਅਪਰੈਲ 2010 ਨੂੰ ‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’ ਹੇਠ ਉਸ ਦਾ “ਇਹੀ ਹੈ ਬਾਬਰੀ ਮਸਜਿਦ ਨੂੰ ਢਾਹੁਣ ਵਾਲਿਆਂ ਨੂੰ ਸਜਾ ਦੇਣ ਦਾ ਢੁਕਵਾਂ ਸਮਾਂ” ਸਿਰਲੇਖ ਹੇਠਲਾ ਉਸਦਾ ਕਾਲਮ ਜ਼ਰੂਰ ਹੀ ਪੜ੍ਹੇ। ਅਜਮੇਰ ਸਿੰਘ ਅਨੇਕਾਂ ਵਾਰ ਸੱਚ ਬੋਲਣ ਦੀ ਕਸਮ ਦਾ ਦਾਅਵਾ ਕਰ ਚੁੱਕਾ ਹੈ। ਇਸ ਕਾਲਮ ਦੀ ਪੜ੍ਹਤ ਉਸ ਨੂੰ ਹੋਰ ਵੀ ਵਧੇਰੇ ਬਲ ਬਖਸ਼ੇਗੀ। ਰਹੀ ਗੱਲ ਕਰਮਜੀਤ ਸਿੰਘ ਦੀ-ਮੇਰੀ ਸੋਝੀ ਅਨੁਸਾਰ ਉਸ ਨੂੰ ਜਸਜੀਤ ਸਿੰਘ ਨੇ ਤਿੰਨ-ਚਾਰ ਬਹੁਤ ਹੀ ਪਤੇ ਦੇ ਸਵਾਲ ਪੁੱਛੇ ਹੋਏ ਹਨ, ਜੋ ਕਿ ਬਿਲਕੁਲ ਵਾਜਬ ਹਨ।
ਕਰਮਜੀਤ ਸਿੰਘ ਵੱਲੋਂ ਅਜਮੇਰ ਸਿੰਘ ਦੇ ਨਵੇਂ ਪੈਂਤੜੇ ਨੂੰ ਬੜੀ ਹੀ ਗੈਰਜ਼ਿੰਮੇਵਾਰੀ ਨਾਲ ‘ਪਲਾਇਣ’ ਕਿਹਾ ਗਿਆ ਹੈ| ਇਤਿਹਾਸ ਦੀਆਂ ‘ਅਦ੍ਰਿਸ਼ਟ ਗਤੀਆਂ’ ਦੇ ਰਾਜ਼ਦਾਨ ਹੋਣ ਦਾ ਭਰਮ ਪਾਲਣ ਵਾਲੇ ਕਰਮਜੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜਮੇਰ ਸਿੰਘ ਵੱਲੋਂ ਅਜਿਹਾ ਕੁੱਝ ਕਰਨ ਬਾਰੇ ਪਹਿਲਾਂ ਹੀ ਪਤਾ ਸੀ| ਜਦੋਂ ਕਿ ਬਰੈਂਪਟਨ ਰਹਿੰਦੇ ਹਜ਼ਾਰਾ ਸਿੰਘ ਨਾਂ ਦੇ ਸੱਜਣ ਨੇ ਨਿੱਜੀ ਜਾਣਕਾਰੀ ਅਤੇ ਤੱਥਾਂ ਦੇ ਅਧਾਰ ‘ਤੇ ਦੱਸਿਆ ਹੈ ਕਿ ਅਜਮੇਰ ਸਿੰਘ ਦੇ ਤਾਂ ਕਈ ਸਾਲ ਪਹਿਲਾਂ ਵੀ ਇਹੀ ਵਿਚਾਰ ਸਨ| ਤੱਥ ਅਤੇ ਮਿੱਥ ਦਾ ਇਹ ਸੰਜੋਗ ਕਾਫੀ ਦਿਲਚਸਪ ਹੈ| ਖੁਦ ਕਰਮਜੀਤ ਸਿੰਘ ਨੇਸ਼ਨ ਸਟੇਟ ਦੇ ਦਸ ਬਾਰਾਂ ਨਾਮ ਗਿਣਾ ਕੇ ਹੀ ਇਹ ਪ੍ਰਭਾਵ ਦਿੰਦੇ ਹਨ ਜਿਵੇਂ ਉਨ੍ਹਾਂ ਨੂੰ ਇਸ ਵਰਤਾਰੇ ਦਾ ਸਟੀਕ ਗਿਆਨ ਹੈ| ਉਨ੍ਹਾਂ ਵਰਗੇ ਸੀਨੀਅਰ ਪੱਤਰਕਾਰ ਅਤੇ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਸੱਜਣ ਵੱਲੋਂ ਇੰਟਰਨੈਟ ਤੋਂ ਪੋਟਿਆਂ ਰਾਹੀਂ ਚੁਗੀ ਜਾਣਕਾਰੀ ਨੂੰ ਗਿਆਨ ਵੱਜੋਂ ਪਰੋਸਣਾ ਜਾਇਜ਼ ਨਹੀਂ| ਅਜਮੇਰ ਸਿੰਘ ਵੱਲੋਂ ਸਿੱਖਾਂ ਦਾ ਭਾਰਤ ਵਿਚ ਹਿੰਦੂਆਂ ਨਾਲ ਹਮਸਾਇਆਂ ਵਾਂਗ ਰਹਿਣ ਨੂੰ ‘ਦੂਜੀ ਗੁਲਾਮੀ’ ਮੰਨਣ ਦੇ ਵਿਚਾਰ ਨਾਲ ਖੁਦ ਸਿੱਖ ਸਮਾਜ ਵੀ ਸਹਿਮਤ ਨਹੀਂ ਹੈ| ਕੂਟਨੀਤਿਕ, ਪ੍ਰਬੰਧਕੀ, ਨਿਆਇਕ, ਸੈਨਿਕ ਅਤੇ ਰਾਜਨੀਤਿਕ ਖੇਤਰ ਵਿਚ ਕੋਈ ਵੀ ਅਜਿਹੀ ਪਦਵੀ ਨਹੀਂ ਜਿਸ ਉਪਰ ਸਿੱਖਾਂ ਨੂੰ ਆਪਣੀ ਵਸੋਂ ਦੇ ਅਨੁਪਾਤ ਨਾਲੋਂ ਵੱਧ ਨੁਮਾਇੰਦਗੀ ਨਾ ਮਿਲਦੀ ਰਹੀ ਹੋਵੇ| ਪ੍ਰਧਾਨ ਮੰਤਰੀ, ਸੈਨਾਪਤੀ, ਚੀਫ ਜਸਟਿਸ, ਗਵਰਨਰ, ਅੰਬੈਸਡਰ, ਗੁਪਤ ਏਜੰਸੀਆਂ ਦੇ ਮੁਖੀ, ਯੋਜਨਾ ਬੋਰਡ ਦੇ ਮੁਖੀ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਵਰਗੇ ਅਹੁਦਿਆਂ ਉਪਰ ਆਪਣੀ ਯੋਗਤਾ ਨਾਲ ਪਹੁੰਚਣ ਵਾਲੇ ਸਿੱਖਾਂ ਨੂੰ ਹਿੰਦੂਆਂ ਦੀਆਂ ਕਠਪੁਤਲੀਆਂ ਕਹਿਣ ਵਾਲੇ ਡਾæ ਸੰਦੀਪ ਸਿੰਘ ਵਰਗੇ ਵਿਦਵਾਨ ਖੁਦ ਪ੍ਰਤਿਭਾਵਾਨ ਸਿੱਖਾਂ ਦਾ ਨਿਰਾਦਰ ਕਰਨ ਦੇ ਦੋਸ਼ੀ ਹਨ| ਅਜਿਹੇ ਸੱਜਣਾਂ ਨੂੰ ਮੁੱਖ ਰੱਖ ਕੇ ਹੀ ਕਮਲਜੀਤ ਸਿੰਘ ਫਰੀਮਾਂਟ ਨੇ ਖਾਲਿਸਤਾਨੀ ਸਰਗਰਮੀਆਂ ਨੂੰ ‘ਧੰਦਾ’ ਬਣ ਜਾਣਾ ਕਿਹਾ ਹੈ| ਪੰਜਾਬ ਖਾੜਕੂਵਾਦ ਦੇ ਦੌਰ ਦੇ ਦੁੱਖਦਾਈ ਨਤੀਜੇ ਭੁਗਤ ਰਿਹਾ ਹੈ| ਇਸ ਨੂੰ ਹਮਦਰਦੀ ਦੀ ਲੋੜ ਹੈ, ਭੜਕਾਹਟ ਦੀ ਨਹੀਂ|
ਇਸ ਬਹਿਸ ਵਿਚ ਸ਼ ਹਾਕਮ ਸਿੰਘ ਦੀ ਸ਼ਮੂਲੀਅਤ ਵੀ ਬੜੀ ਮਾਅਨੀਖੇਜ਼ ਹੈ। ਪ੍ਰੰਤੂ ਅਜਮੇਰ ਸਿੰਘ ਦੇ ਪੁਰਾਣੇ ਸਾਥੀ ਗੁਰਬਚਨ ਸਿੰਘ ਦੇ ਕਿੰਤੂ ਵੀ ਵਿਚਾਰਨਯੋਗ ਹਨ। ਉਸ ਦੀ ‘ਸੰਤ ਭਿੰਡਰਾਂਵਾਲਾ ਅਤੇ ਖਾਲਿਸਤਾਨੀ ਲਹਿਰ’ ਨਾਂ ਵਾਲੀ ਪੁਸਤਕ ਦਾ ਜ਼ਿਕਰ ਵੀ ਇਥੇ ਕੁਥਾਂ ਨਹੀਂ ਹੈ। ਅਜਮੇਰ ਸਿੰਘ ਨੂੰ ਆਪਣੇ ਉਸ ਸਾਥੀ ਦੀ ਇਹ ਕਿਤਾਬ ਵੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਸ ਦਾ ਅਤੇ ਸਿੱਖ ਕੌਮ, ਜਿਸ ਦਾ ਉਹ ਆਪਣੇ ਆਪ ਨੂੰ ਰਾਹ ਦਸੇਰਾ ਮੰਨਦਾ ਹੈ; ਦੋਵਾਂ ਦਾ ਹੀ ਭਲਾ ਹੋਵੇਗਾ।
ਗੁਰਬਚਨ ਸਿੰਘ ਦੀਆਂ ਇਹ ਗੱਲਾਂ ਸੋਲਾਂ ਆਨੇ ਸੱਚੀਆਂ ਹਨ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਵਿਚ ਖਤਰਨਾਕ ਤਬਦੀਲੀਆਂ ਹੋ ਰਹੀਆਂ ਹਨ| ਜੂਡੀਓ-ਕ੍ਰਿਸਚੀਅਨ ਅਤੇ ਇਸਲਾਮਿਕ ਸੱਭਿਆਤਾਵਾਂ ਵਿਚਕਾਰ ਹਿੰਸਕ ਟਕਰਾਉ ਚੱਲ ਰਿਹਾ ਹੈ| ਦਰਜਨਾਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ ਜਿਨ੍ਹਾਂ ਵਿਚੋਂ ਕਈ ਦੇਸ਼ ਗੈਰ-ਜ਼ਿੰਮੇਵਾਰ ਵੀ ਹਨ| ਅਜਿਹੇ ਸਮਿਆਂ ਵਿਚ ਸਿੱਖ ਪੰਥ ਗੁਰਬਾਣੀ ਅਤੇ ਗੁਰੂ ਅਮਲ ਉਪਰ ਅਧਾਰਿਤ ਦਇਆ, ਸਾਂਝੀਵਾਲਤਾ, ਸੇਵਾ, ਸਿਮਰਨ ਅਤੇ ਮਾਨਸ ਕੀ ਜਾਤ ਸਭ ਏਕੋ ਪਹਿਚਾਨਬੋ ਦੇ ਉਪਦੇਸ਼ ਦੀ ਭਾਰੀ ਸਾਰਥਿਕਤਾ ਹੈ| ਸਾਨੂੰ ਬੀਤ ਚੁੱਕੇ ਸਮਿਆਂ ਦੇ ਗਿਲੇ-ਸ਼ਿਕਵਿਆਂ ਨੂੰ ਹਵਾ ਦੇਣ ਦੀ ਥਾਂ ਆਪਣਾ ਸਿੱਖੀ ਸਰੂਪ ਦੁਨੀਆਂ ਅੰਦਰ ਪੂਰੀ ਯੋਗਤਾ ਨਾਲ ਪ੍ਰਗਟ ਕਰਨਾ ਚਾਹੀਦਾ ਹੈ| ਕੁਦਰਤੀ ਆਫਤਾਂ ਅਤੇ ਹੋਰ ਦੁਰਘਟਨਾਵਾਂ ਸਮੇਂ ਸਿੱਖਾਂ ਵੱਲੋਂ ਜੋ ਵੀ ਨਿਸ਼ਕਾਮ ਅਤੇ ਵਿਤਕਰੇ ਰਹਿਤ ਸੇਵਾ ਅਮਰੀਕਾ, ਕੈਨੇਡਾ, ਭਾਰਤ ਅਤੇ ਹੋਰ ਕਿਸੇ ਵੀ ਥਾਂ ਕੀਤੀ ਗਈ ਹੈ ਉਸ ਦੀ ਸੰਸਾਰ ਭਰ ਵਿਚ ਪ੍ਰਸ਼ੰਸਾ ਹੋਈ ਹੈ| ਏਦਾਂ ਹੀ ਸ਼ਰਨਾਰਥੀਆਂ, ਘੱਟ ਗਿਣਤੀਆਂ, ਭਿਆਨਕ ਰੋਗਾਂ ਤੋਂ ਪੀੜਿਤ ਰੋਗੀਆਂ, ਯਤੀਮਾਂ, ਵਿਧਵਾਵਾਂ ਦੀ ਭਿੰਨ ਭੇਦ ਰਹਿਤ ਸੇਵਾ ‘ਨਾਨਕ ਨਿਰਮਲ ਪੰਥ’ ਅਤੇ ਖਾਲਸੇ ਦੇ ਨਿਆਰੇਪਣ ਦਾ ਸੰਦੇਸ਼ ਅਮਲੀ ਰੂਪ ਵਿਚ ‘ਜਗਤ ਜਲੰਦੇ’ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ| ਨਹੀਂ ਤਾਂ ਹਿੰਸਾ ਅਤੇ ਵੱਖਵਾਦ ਦੇ ਰਾਹ ‘ਤੇ ਚੱਲ ਕੇ ਇਜ਼ਰਾਈਲ ਜਾਂ ਪਾਕਿਸਤਾਨ ਵਰਗੀ ਕਿਸੇ ਸਿੱਖ ਸਟੇਟ ਦੀ ਸਥਾਪਤੀ ਲਈ ਖੰਡਾ ਖੜਕਾਉਣਾ ਦੁਨੀਆਂ ਦੇ ਵਿਹੜੇ ਵਿਚ ‘ਸੇਹ ਦਾ ਤੱਕਲਾ’ ਗੱਡਣ ਵਾਂਗ ਘਾਤਕ ਵਰਤਾਰਾ ਹੀ ਸਾਬਤ ਹੋਵੇਗਾ|
ਭਾਵੇਂ ਉਦਾਰ ਜਨਤੰਤਰਿਕ ਵਿਵਸਥਾ ਦਾ ਕਾਰਗਰ ਬਦਲ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ| ਪੰ੍ਰਤੂ ਇਸ ਵਰਤਾਰੇ ਨੂੰ ਇਤਿਹਾਸ ਦਾ ਅੰਤਮ ਪੜਾਅ ਮੰਨਣ ਵਾਲਾ ਸਿਧਾਂਤ ਵੀ ਖੋਖਲਾ ਸਾਬਤ ਹੋ ਚੁੱਕਾ ਹੇ| ਇਰਾਨੀ, ਇਜ਼ਰਾਇਲੀ, ਪੱਛਮੀ-ਅਮਰੀਕੀ ਜਾਂ ਭਾਰਤੀ ਕੋਈ ਵੀ ਵਿਵਸਥਾ ਸਦੀਵੀ ਨਹੀਂ ਹੈ| ਵੱਡੇ ਤੋਂ ਵੱਡਾ ਸਿਤਾਰਾ ਵੀ ਹਾਦਸਿਆਂ ਦੀ ਜ਼ੱਦ ਤੋਂ ਬਾਹਰ ਨਹੀਂ ਹੁੰਦਾ| ਲੋੜ ਤਾਂ ਸਿੱਖਾਂ ਨੂੰ ਗੁਰੂ ਅਮਲ, ਗੁਰੂ ਉਪਦੇਸ਼ ਅਤੇ ਸਿੱਖ ਇਤਿਹਾਸ ਦੀ ‘ਲੰਮੀ ਨਜਰ’ ‘ਸਰਬ ਚਿੰਤ’ ‘ਸੱਭੋ ਸਾਂਝੀਵਾਲਤਾ’ ਵਾਲੀ ਜੀਵਨ-ਜਾਚ ‘ਤੇ ਚੱਲਦੇ ਹੋਏ ਅਧਿਆਤਮਕ, ਬੌਧਿਕ ਅਤੇ ਰਾਜਨੀਤਿਕ ਸੂਝ-ਸਮਰੱਥਾ ਵਿਕਸਿਤ ਕਰਨ ਦੀ ਹੈ ਤਾਂ ਕਿ ਕਿਸੇ ਵੀ ਸੰਭਾਵੀ ਜੁਗ ਗਰਦੀ ਨਾਲ ਜੇਤੂ ਦਸਤਪੰਜਾ ਲੈ ਸਕਣ ਦੀ ਯੋਗਤਾ ਪੰਥ ਕੋਲ ਹੋਵੇ|