ਸਾਥ ਲੋੜੀਏ ਕੇਹਾ…

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ, ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ?

ਉਨ੍ਹਾਂ ਪਿੰਡਾਂ ਵਿਚ ਜੰਮੇ-ਪਲੇ ਪਾਠਕਾਂ ਨੂੰ ਪਿੰਡ ਦੀਆਂ ਨਿਆਮਤਾਂ ਚੇਤੇ ਕਰਵਾਈਆਂ ਸਨ ਕਿ ਖੂਹ ਦੇ ਔਲੂ ‘ਚ ਕੋਸੇ ਪਾਣੀਆਂ ਵਿਚ ਲਾਈਆਂ ਡੁਬਕੀਆਂ ਦਾ ਕਿਵੇਂ ਘਰਾਂ ਦੀਆਂ ਟੂਟੀਆਂ ‘ਚੋਂ ਟਪਕਦੇ ਪਾਣੀ ਸੰਗ ਇਸ਼ਨਾਨ ਦਾ ਮੁਕਾਬਲਾ ਕਰਦਾ ਹੋਵੇਗਾ? ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਆਸ ਦੀ ਗੱਲ ਕਰਦਿਆਂ ਦੱਸਿਆ ਹੈ ਕਿ ਆਸ ਵਿਹੂਣੇ ਮਨੁੱਖ, ਤਿੜਕੀ ਜ਼ਿੰਦਗੀ ਦੇ ਮਨਹੂਸ ਖੰਡਰਾਤ ਹੁੰਦੇ ਨੇ, ਜਿਨ੍ਹਾਂ ਲਈ ਜੀਵਨ, ਸੁੱਕਣੇ ਪਏ ਸਾਹਾਂ ਦੀ ਹਟਕੋਰੇ ਭਰਦੀ ਲੋਅ ਹੁੰਦਾ ਏ। ਹਥਲੇ ਲੇਖ ਵਿਚ ਉਨ੍ਹਾਂ ਜ਼ਿੰਦਗੀ ਦੇ ਸਾਥ ਦੀ ਗੱਲ ਕਰਦਿਆਂ ਨਸੀਹਤ ਦਿੱਤੀ ਹੈ ਕਿ ਸੰਦਲੀ ਰੁੱਤ ਦੀ ਦਹਿਲੀਜ਼ ‘ਤੇ ਪੈਰ ਧਰਨ ਵਾਲਿਉ, ਇਸ ਰਿਸ਼ਤੇ ‘ਚ ਬੱਝਣ ਵੇਲੇ, ਮਖੌਟੇ ਉਤਾਰ ਦੇਵੋ, ਮਨ ਦੀਆਂ ਕਾਲਖੀ ਪਰਤਾਂ ਨੂੰ ਚਾਨਣ ਸੰਗ ਧੋਵੋ, ਇਕ ਦੂਜੇ ਦੇ ਸਾਹਾਂ ਦੀ ਮਹਿਕ ਦਾ ਸਿਰਨਾਵਾਂ ਬਣੋ, ਇਕ ਦੂਜੇ ਦੇ ਕਦਮਾਂ ਦੀ ਪੈੜ-ਚਾਲ ਨੂੰ ਨਿਹਾਰੋ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਪਿੰਡ ਦੀ ਸੜਕ ‘ਤੇ ਕਾਰ ਵਿਚ ਜਾ ਰਿਹਾ ਜੋੜਾ। ਦੋਹਾਂ ਦੇ ਮੁਖੜਿਆਂ ‘ਤੇ ਉਕਰੀ ਹੋਈ ਤਲਖੀ। ਕਾਰ ਵਿਚ ਮਾਤਮੀ ਚੁੱਪ ਦਾ ਪਹਿਰਾ। ਇਕ ਦੂਜੇ ਨੂੰ ਘੂਰਦੀਆਂ ਨਜ਼ਰਾਂ। ਮਨਾਂ ‘ਚ ਡੂੰਘੀ ਉਤਰ ਚੁੱਕੀ ਨਫਰਤ। ਨੇੜੇ-ਨੇੜੇ ਹੁੰਦਿਆਂ, ਦੂਰੀਆਂ ਦਾ ਫੈਲਿਆ ਰੇਗਿਸਤਾਨ, ਬੋਲਾਂ ਦਾ ਕਬਰਿਸਤਾਨ ਅਤੇ ਉਸ ‘ਚੋਂ ਸਹਿਹੋਂਦ ਦੇ ਨਿਸ਼ਾਨ ਭਾਲਦੇ, ਬੁੱਤਾਂ ਵਰਗੇ ਦੋ ਇਨਸਾਨ। ਸਾਹਮਣਿਓਂ ਆ ਰਿਹਾ ਸਾਈਕਲ ਸਵਾਰ। ਸਾਈਕਲ ਚਲਾ ਰਿਹਾ ਘਰਵਾਲਾ ਅਤੇ ਕਾਠੀ ਵਿਹੂਣੇ ਸਾਈਕਲ ਦੇ ਮੂਹਰੇ ਬੈਠੀ ਹੋਈ ਘਰਵਾਲੀ। ਨਿੱਕੇ-ਨਿੱਕੇ ਹਾਸਿਆਂ ‘ਚ ਲਪੇਟੀਆਂ ਗੱਲਾਂ ਦਾ ਨਿਰੰਤਰ ਪ੍ਰਵਾਹ, ਆਪਸੀ ਮੋਹ ‘ਚ ਭਿੱਜੀਆਂ ਹੋਈਆਂ ਦੋ ਰੂਹਾਂ ਨੂੰ, ਖੁਦ ਦੀ ਵੀ ਨਾ ਪ੍ਰਵਾਹ। ਪਤੀ ਦੇ ਸਾਹਾਂ ਦੇ ਸੇਕ ‘ਚ ਪਿਘਲ ਰਹੀ ਪਤਨੀ। ਜ਼ਿੰਦਗੀ ਦੇ ਅਰਥਾਂ ਦੀ ਸੱਚੀ ਸੁੱਚੀ ਇਬਾਦਤ ਕਰਦਾ ਖੂਬਸੂਰਤ ਜੋੜਾ। ਕਾਰ ਦੀ ਸਵਾਰੀ, ਉਨ੍ਹਾਂ ਲਈ ਅਰਥਹੀਣ। ਹੌਲੀ-ਹੌਲੀ ਮੰਜ਼ਿਲ ਵੰਨੀਂ ਵਧ ਰਹੇ ਜੋੜੇ ਲਈ, ਕਾਹਲ ਦੇ ਅਰਥ ਬੇ-ਮਾਅਨੇ। ਸਹਿਜ ‘ਚ ਰਹਿੰਦਿਆਂ, ਨਿਰਛਲ ਤੇ ਮਾਸੂਮ ਜਿੰਦਾਂ ਦਾ ਅਨੂਠਾ ਸੰਗਮ। ਜ਼ਿੰਦਗੀ ਦੀ ਤਰਤੀਬਤਾ ਦਾ ਸਿਰਲੇਖ।
ਇਕੱਲਾ ਬੰਦਾ ਕਦੇ ਸੰਪੂਰਨ ਨਹੀਂ ਹੁੰਦਾ। ਜੀਵਨ-ਸਾਥੀ ਹੀ ਜੀਵਨ ਨੂੰ ਸੰਪੂਰਨਤਾ ਬਖਸ਼ਦਾ ਏ। ਇਕੱਲਾ ਪਰਿੰਦਾ ਆਲ੍ਹਣਾ ਪਾਉਣ ਤੋਂ ਝਿਜਕਦਾ ਏ ਜਾਂ ਅਸਮਰਥ ਹੁੰਦਾ ਏ ਅਤੇ ਜੇ ਆਲ੍ਹਣਾ ਪਾ ਵੀ ਲਵੇ ਤਾਂ ਉਸ ਦੀ ਪਹਿਲੀ ਲੋੜ ਹੁੰਦੀ ਹੈ ਕਿ ਕੋਈ ਆ ਕੇ ਆਲ੍ਹਣੇ ਨੂੰ ਘਰ ਦੇ ਅਰਥ ਦੇਵੇ।
‘ਕੱਲਾ ਮਨੁੱਖ ਕਿਵੇਂ ਘਰ ਵਸਾਏਗਾ, ਕਿਵੇਂ ਪਰਿਵਾਰ ਸਿਰਜੇਗਾ ਅਤੇ ਕਿਸ ਨੂੰ ਸਮਾਜ ਦਾ ਭਵਿੱਖੀ ਅੰਗ ਬਣਾਏਗਾ? ਭਾਵੇਂ ਇਕ ਮੈਂਬਰੀ ਪਰਿਵਾਰ ਪੱਛਮੀ ਦੇਸ਼ਾਂ ‘ਚ ਹੋਂਦ ‘ਚ ਆ ਰਹੇ ਨੇ, ਪਰ ਮਾਨਸਿਕ ਭਟਕਣਾ ‘ਚ ਗ੍ਰਸੇ ਉਹ ਲੋਕ ਮਾਨਸਿਕ ਸੰਤੁਸ਼ਟੀ ਲਈ ਪੂਰਬ ਵੱਲ ਨੂੰ ਭੱਜ ਰਹੇ ਨੇ। ਪਰਿਵਾਰ ਦਾ ਟੁੱਟਿਆ ਸੰਕਲਪ ਚਿਰ ਸਥਾਈ ਸਮਾਜ ਸਿਰਜਣ ਤੋਂ ਅਸਮਰਥ ਹੁੰਦਾ ਏ।
ਜੀਵਨ ਸਾਥੀ ਤੋਂ ਬਗੈਰ ਅਸੀਂ ਅਧੂਰੇ ਹੁੰਦੇ ਹਾਂ, ਸਾਡੀਆਂ ਲੋੜਾਂ ਤੇ ਥੋੜਾਂ ਕੌਣ ਪੂਰੀਆਂ ਕਰੇਗਾ? ਕੌਣ ਸਾਡੇ ਨਾਵੇਂ ਮਾਨਸਿਕ ਸੁੱਖਾਂ ਦਾ ਸੰਸਾਰ ਕਰੇਗਾ? ਕਿਹੜਾ ਸਾਡਾ ਸਰਬਮੁਖੀ ਖਿਆਲ ਕਰੇਗਾ ਅਤੇ ਕੌਣ ਸਾਡੀਆਂ ਸੋਚਾਂ ‘ਚ, ਜੀਵਨ ਵਿਚਲੇ ਸਵਰਗ ਦੀ ਅਰਾਧਨਾ ਕਰੇਗਾ?
ਦੋ ਜਿਸਮ, ਇਕ ਰੂਹ ਦੀ ਆਰਤੀ ਉਤਾਰਦੇ ਵਕਤ ਦੇ ਸਫੇ ‘ਤੇ ਸੂਹੇ ਹਸਤਾਖਰ ਹੁੰਦੇ ਨੇ ਜਿਸ ਦੇ ਨਿੱਘ ‘ਚ ਰਿਸ਼ਤਿਆਂ ਦੀ ਪ੍ਰਫੁੱਲਤਾ ਮੌਲਦੀ ਏ ਅਤੇ ਉਸ ਦੇ ਚਾਨਣ ‘ਚ ਮੰਜ਼ਿਲਾਂ ਦੀ ਨਿਸ਼ਾਨਦੇਹੀ ਹੁੰਦੀ ਏ।
ਫੁੱਲ ਕਰਕੇ ਹੀ ਭੌਰੇ ਦੀ ਮਾਨਤਾ ਹੁੰਦੀ ਏ। ਫੁੱਲ ਦੀ ਅਣਹੋਂਦ ‘ਚ ਭੌਰੇ ਦੀ ਭਟਕਣਾ ਦਾ ਕੋਈ ਅਰਥ ਨਹੀਂ ਹੁੰਦਾ।
ਰੁਜਗਾਰ ਜਾਂ ਵਧੇਰੇ ਪੈਸਾ ਕਮਾਉਣ ਦੀ ਲਾਲਸਾ ਵਿਚ ਜਦੋਂ ਇਕ ਸਾਥੀ ਦੂਰ ਤੁਰ ਜਾਂਦਾ ਏ ਤਾਂ ਵਿਛੋੜੇ ਦੇ ਸਾਹੀਂ ਜਿਊਂਦੇ ਸਾਥੀ ਦੇ ਸਾਹ ਸਰਾਪੇ ਜਾਂਦੇ ਨੇ। ਸੰਦਲੀ ਰੁੱਤ ਉਦਾਸ ਹੋ ਜਾਂਦੀ ਏ। ਜੀਵਨ ਬਹਾਰਾਂ ਪੱਤਝੜਾਂ ਦਾ ਲਿਬਾਸ ਪਹਿਨਦੀਆਂ ਨੇ। ਬੇਹੀਆਂ ਹੋ ਜਾਂਦੀਆਂ ਨੇ ਮਹਿਕਾਂ। ਸੂਹੇ ਰੰਗਾਂ ‘ਤੇ ਪੱਤਝੜਾਂ ਦਾ ਪਹਿਰਾ ਛਾ ਜਾਂਦਾ ਏ। ਨੈਣਾਂ ‘ਚ ਉਡੀਕ ਦੇ ਦੀਵੇ ਕਦੇ ਬੁੱਝਦੇ, ਕਦੇ ਜਗਦੇ ਨੇ। ਰਾਤਾਂ ਨੂੰ ਲੰਮਿਆਉਣ ਦੀ ਰੀਝ ਰਾਤ ਦੇ ਜਲਦੀ ਖਤਮ ਹੋਣ ਦੀ ਕਾਮਨਾ ‘ਚ ਬਦਲ ਜਾਂਦੀ ਏ। ਇਕਲਾਪਾ ਹਾਸਿਆਂ ਨੂੰ ਨਿਗਲ ਜਾਂਦਾ ਏ ਅਤੇ ਸਮਾਂ ਉਮਰ ਦੀ ਵਹੀ ‘ਤੇ ਸਾਲ ਉਲੀਕਦਿਆਂ ਵੀ ਤੁਰਨ ਤੋਂ ਆਕੀ ਹੁੰਦਾ ਏ।
ਬੜਾ ਔਖਾ ਹੁੰਦਾ ਏ ਜੀਵਨ-ਗੱਡੀ ਨੂੰ ਇਕੱਲਿਆਂ ਹੀ ਤੋਰੀ ਰੱਖਣਾ। ਇਸ ਦੀ ਸੁਚਾਰੂ ਤੇ ਉਸਾਰੂ ਭੂਮਿਕਾ ਲਈ ਯਤਨਸ਼ੀਲ ਰਹਿਣਾ, ਸਾਵੇਂਪਣ ਨੂੰ ਕਾਇਮ ਰੱਖਣਾ, ਤੋਰ ਨੂੰ ਰਵਾਨੀ ਬਖਸ਼ਣੀ ਅਤੇ ਇਸ ਦੀ ਸਦੀਵਤਾ ਲਈ ਸਮਰਪਿਤ ਰਹਿਣਾ।
ਸਾਹਾਂ ਦੇ ਸੰਗੀ ਤੋਂ ਬਗੈਰ ਘਰ ਖਾਣ ਨੂੰ ਆਉਂਦਾ ਏ, ਹਰ ਕਮਰਾ ਤਲੀ ‘ਤੇ ਬੇਮੁੱਖਤਾ ਟਿਕਾਉਂਦਾ ਏ, ਹਰ ਵਸਤ ਡਰਾਉਂਦੀ ਏ ਅਤੇ ਕੰਧਾਂ ਦੀ ਚੁੱਪ ਵੱਢ ਵੱਢ ਖਾਂਦੀ ਏ। ਤੁਸੀਂ ਆਪਣੇ ਘਰ ‘ਚ ਹੀ ਗਵਾਚ ਜਾਂਦੇ ਹੋ, ਬੇਗਾਨੇ ਹੋ ਜਾਂਦੇ ਹੋ। ਤੁਸੀਂ ਭੁਲਭਲੱਈਆਂ ‘ਚ ਉਲਝੇ ਘਰ ਦੀ ਸਮੁੱਚੀ ਤਰਤੀਬ ਨੂੰ ਨਸ਼ਟ ਕਰਦੇ ਬੇਤਰਤੀਬੀ ਦਾ ਖਿਲਾਰਾ ਪਾ ਬਹਿੰਦੇ ਹੋ। ਭਟਕਣਾ ਤੋਂ ਬਗੈਰ ਤੁਹਾਡੇ ਪੱਲੇ ਕੁਝ ਵੀ ਨਹੀਂ ਪੈਂਦਾ।
ਘਰ ਕਬਰਾਂ ਵਰਗੀ ਚੁੱਪ ਹੰਢਾਉਣ ਲਈ ਮਜ਼ਬੂਰ ਹੁੰਦਾ ਏ ਜਦੋਂ ਜੋੜੀ ਵਿਚੋਂ ਇਕ ਦੂਰ ਉਡਾਰੀ ਮਾਰ ਜਾਵੇ ਜਿਥੋਂ ਕਦੀ ਕੋਈ ਪਰਤਦਾ ਨਹੀਂ। ਜੀਵਨ ਦੀ ਬਦਲੀ ਪਰਿਭਾਸ਼ਾ ਅਣਹੋਏ ਵਕਤਾਂ ਦੀ ਮਰਨ ਮਿੱਟੀ ਢੋਣ ਲਈ ਮਜ਼ਬੂਰ ਕਰਦੀ ਏ। ਸਿਰਫ ਮਰਿਆਂ ਨਾਲ ਮਰ ਹੀ ਨਹੀਂ ਹੁੰਦਾ, ਪਰ ਜਿਉਣ ਦਾ ਕੋਈ ਚਾਅ ਨਹੀਂ ਰਹਿੰਦਾ।
ਦੋ ਖੜਕਦੇ ਭਾਂਡੇ ਹੀ ਵਸਦੇ-ਰਸਦੇ ਘਰ ਦੀ ਨਿਸ਼ਾਨਦੇਹੀ ਕਰਦੇ ਨੇ। ਦੋ ਜਿਊਂਦੇ-ਜਾਗਦੇ ਵਿਚਾਰਾਂ ਦਾ ਵਣਜ ਕਰਦੇ ਉਹ ਵਿਅਕਤੀ ਹੁੰਦੇ ਨੇ ਜਿਹੜੇ ਜੀਵਨ ਨੂੰ ਆਪੋ-ਆਪਣੇ ਢੰਗਾਂ ਨਾਲ ਪਰਿਭਾਸ਼ਤ ਕਰਦਿਆਂ ਵੀ, ਦੋ ਜਿਸਮ ਇਕ ਜਾਨ ਹੁੰਦੇ ਨੇ।
ਜ਼ਿੰਦਗੀ ਜਿਉਣ ਦਾ ਅਦਬ ਤਾਂ ਆਪਣਿਆਂ ਨਾਲ ਹੀ ਹੁੰਦਾ ਏ। ਆਪਣਾ ਜੋ ਤੁਹਾਡੀ ਹਰ ਅਣਕਹੀ ਗੱਲ ਦਾ ਹੁੰਗਾਰਾ ਏ, ਤੁਹਾਡੀ ਭਵਿੱਖੀ ਕਾਮਨਾ ਦਾ ਤਾਰਾ ਏ, ਲੜਖੜਾਉਂਦੀ ਤੋਰ ਲਈ ਮੋਢੇ ਦਾ ਸਹਾਰਾ ਏ ਅਤੇ ਜੀਵਨ ਦੇ ਬਿਖੜੇ ਪੈਂਡਿਆਂ ਵਿਚੀਂ ਰਾਹ ਬਣਾਉਂਦਾ ਸਿਦਕੀ ਉਜਿਆਰਾ ਏ।
ਆਪਣੇ ਹੀ ਆਪਣਿਆਂ ਦੀ ਪ੍ਰਾਪਤੀ ਦਾ ਜ਼ਸ਼ਨ ਮਨਾਉਂਦੇ ਨੇ। ਆਪਣਿਆਂ ਦੇ ਚਾਵਾਂ ਦਾ ਅਰਗ ਉਤਾਰਦੇ ਨੇ, ਨੈਣਾਂ ਦਿਆਂ ਪਲਕਾਂ ‘ਤੇ ਮੋਹ ਦੇ ਦੀਵੇ ਜਗਾਉਂਦੇ ਨੇ ਜਿਸ ਦੀ ਚਾਨਣੀ ‘ਚ ਮਨ ਦੇ ਜਜ਼ਬੇ ਪੀਡੀ ਗਲਵੱਕੜੀ ਪਾਉਂਦੇ ਨੇ।
ਜਦੋਂ ਇਕ ਦੀ ਅੱਖ ਨਮ ਹੋਵੇ, ਹਰ ਬੋਲ ‘ਤੇ ਖੁਣਿਆ ਗਮ ਹੋਵੇ ਅਤੇ ਉਸ ਗਮ ‘ਚ ਡੁੱਬਿਆ ਤੁਹਾਡੇ ਅਜ਼ੀਜ਼ ਦਾ ਮਨ ਹੋਵੇ ਤਾਂ ‘ਤੈਨੂੰ ਤਾਪ ਚੜੇ ਮੈਂ ਹੂੰਗਾਂ’ ਦੀ ਭਾਵਨਾ ਪੈਦਾ ਕਰਨ ਵਾਲੀਆਂ ਰੂਹਾਂ ਹੀ ਜੀਵਨ-ਸ਼ੈਲੀ ਦਾ ਸਮਰਪਣ ਬਣਦੀਆਂ ਨੇ।
ਬਲਦਾ ਚਿਰਾਗ ਜਦੋਂ ਚੌਗਿਰਦੇ ‘ਚ ਰੌਸ਼ਨੀ ਦੀ ਸੱਦ ਲਾਵੇ ਤਾਂ ਉਸ ਦੇ ਮੁਖੜੇ ਤੋਂ ਟਪਕਦੇ ਸਕੂਨ ਨੂੰ ਆਪਣੇ ਮਸਤਕ ਵਿਚ ਜ਼ਰੂਰ ਉਤਾਰਿਓ।
ਜੀæਟੀæ ਰੋਡ ‘ਤੇ ਬੱਸ ਤੋਂ ਉਤਰ ਪਿੰਡ ਵੰਨੀਂ ਜਾਂਦੀ ਸੜਕ ‘ਤੇ ਤੁਰੇ ਜਾਂਦੇ ਮੀਆਂ-ਬੀਵੀ ਤੇ ਦੋ ਕੁ ਸਾਲ ਦਾ ਬੱਚਾ। ਆਰਥਿਕ ਤੰਗੀ ਕਾਰਨ ਰਿਕਸ਼ੇ ਦਾ ਕਿਰਾਇਆ ਦੇਣ ਤੋਂ ਅਸਮਰਥ। ਪੰਜ ਕਿਲੋਮੀਟਰ ਦਾ ਪੈਂਡਾ ਪੈਦਲ ਹੀ ਤੈਅ ਕਰਨ ਦੀ ਮਜ਼ਬੂਰੀ। ਕਦੇ ਬੱਚਾ ਪਿਓ ਦੀ ਕਨ੍ਹੇੜੀ, ਕਦੇ ਮਾਂ ਦੀ ਗੋਦ ਤੇ ਕਦੇ ਮਾਂ-ਪਿਓ ਵਲੋਂ, ਦੋਹਾਂ ਪਾਸਿਆਂ ਤੋਂ ਬਾਹਾਂ ਫੜ ਕੇ ਝੂਟੇ ਦੇਣ ਦੇ ਆਹਰ ‘ਚ ਤੁਰਨ ਦਾ ਵਿਸਮਾਦ। ਸਮਾਜਿਕ ਬੇਇਨਸਾਫੀ ਤੇ ਤੰਗੀਆਂ ਤੁਰਸ਼ੀਆਂ ਦੀ ਸ਼ਿਕਨ ਦੋਹਾਂ ਦੇ ਮੁਖੜੇ ਤੋਂ ਗਾਇਬ। ਜ਼ਿੰਦਗੀ ਨੂੰ ਸਾਂਝੇ ਸੰਦਲੀ ਸਾਹਾਂ ਸੰਗ ਜਿਉਣ ਦੀ ਤਮੰਨਾ ਭਾਰੂ ਅਤੇ ਹਾਰ ਨਾ ਮੰਨਦਿਆਂ ਜੀਵਨ ਨੂੰ ਆਪਣੇ ਨਜ਼ਰੀਏ ਤੋਂ ਪਰਿਭਾਸ਼ਤ ਕਰਨ ਦਾ ਸਿਰੜ। ਇਕ ਦੂਜੇ ਦਾ ਹੌਸਲਾ ਤੇ ਸਹਾਰਾ ਬਣਨ ਦੀ ਤਮੰਨਾ, ਜੀਵਨ-ਅਭਿਲਾਸ਼ਾ ਜ਼ਿੰਦਗੀ ਨੂੰ ਇਸ ਰੂਪ ‘ਚ ਮਾਣਦਿਆਂ ਉਹ ਬਹੁਤਿਆਂ ਲਈ ਰਸ਼ਕ ਦਾ ਕਾਰਨ। ਜਦੋਂ ਹਰ ਮੁਸ਼ਕਲ ਨੂੰ ਸਾਹਮਣੇ ਹੋ ਕੇ ਟੱਕਰੀਏ ਤਾਂ ਤੁਸੀਂ ਚਾਨਣ ਦੀਆਂ ਰਿਸ਼ਮਾਂ ਦਾ ਵਣਜ ਕਰਦੇ ਹੋ।
ਜਗਦੀ ਜੋਤ ਵਰਗਾ ਜੀਵਨ ਸਾਥੀ ਤੁਹਾਡੀ ਸੋਚ ‘ਚ ਸੂਰਜਾਂ ਦਾ ਜਾਗ ਲਾਉਂਦਾ ਏ। ਤੁਹਾਡੀਆਂ ਰਾਹਾਂ ਰੁਸ਼ਨਾਉਂਦਾ ਏ, ਤੁਹਾਡੇ ਮਸਤਕ ‘ਚ ਉਚੇਰੇ ਦਿਸਹੱਦਿਆਂ ਦਾ ਸੁਪਨਾ ਟਿਕਾਉਂਦਾ ਏ ਤੇ ਉਸ ਸੁਪਨੇ ਦੀ ਸੰਪੂਰਨਤਾ ਲਈ ਆਪਾ ਵਾਰੂ ਭਾਵਨਾਵਾਂ ਉਪਜਾਉਂਦਾ ਏ। ਸਾਹਾਂ ਵਿਚ ਨਿੱਘ ਅਤੇ ਰਿਸ਼ਤਿਆਂ ‘ਚ ਅਪਣੱਤ ਦੀ ਸੱਦ ਲਾਉਂਦਾ ਏ ਅਤੇ ਜਿਊਣ ਜੋਗਿਆਂ ਵਾਲੀ ਭੂਮਿਕਾ ਨਿਭਾਉਂਦਾ ਏ।
ਆਪਸੀ ਸਾਂਝ ਦੀ ਤੰਦੀ ‘ਤੇ ਮੋਹ ਦੀਆਂ ਲੰਮੀਆਂ ਤੰਦਾਂ, ਉਪਰੋਂ ਵਡੇਰੀਆਂ ਆਸਾਂ ਤੇ ਅਸੀਸਾਂ ਦੀ ਆਧਾਰਸ਼ਿਲਾ ਬਣਦੀਆਂ ਵਕਤ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਰੱਖਦੀਆਂ ਨੇ। ਇਨ੍ਹਾਂ ਕੱਚੀਆਂ ਤੰਦਾਂ ਦੇ ਆਸਰੇ ਹੀ ਚਿਰ ਸਥਾਈ ਰਿਸ਼ਤਿਆਂ ਦੀਆਂ ਨੀਂਹਾਂ, ਪਰਪੱਕਤਾ ਅਖਤਿਆਰ ਕਰਦੀਆਂ ਨੇ ਅਤੇ ਸਮਾਜ ਦਾ ਅਰੋਗ ਅੰਗ ਬਣਦੀਆਂ ਨੇ
‘ਤੰਦ ਤੇਰਿਆਂ ਦੁੱਖਾਂ ਦੀ ਪਾਵਾਂ, ਚਰਖਾ ਮੈਂ ਆਪਣਾ ਕੱਤਾਂ’ ਵਰਗੀ ਸੰਵੇਦਨਾ, ਜਦੋਂ ਹਰ ਸਾਹ ਦਾ ਨਸੀਬ ਬਣਦੀ ਏ ਤਾਂ ਜ਼ਿੰਦਗੀ ਦੇ ਅਰਥ ਵੱਟਣਾ ਮੱਲਦੇ ਨੇ। ਜਿਉਣਾ, ਇਕ ਅਭਿਲਾਸ਼ਾ ਬਣਦਾ ਏ ਅਤੇ ਅਸੀਂ ਉਸ ਅਭਿਲਾਸ਼ਾ ‘ਚੋਂ ਸੁੱਚੀ ਅਰਾਧਨਾ ਦੀ ਆਰਤੀ ਉਤਾਰਦੇ ਹਾਂ।
ਸਵੇਰ ਦਾ ਵਕਤ। ਸ਼ਹਿਰ ਦੀ ਠੰਡੀ ਸੜਕ ‘ਤੇ ਸੈਰ ਕਰ ਰਹੇ ਲੋਕ। ਮਾਨਸਿਕ ਤੇ ਸਰੀਰਕ ਤੰਦਰੁਸਤੀ ਦੀ ਫਿਕਰਮੰਦੀ ‘ਚੋਂ ਉਪਜੀ ਸਵੇਰ ਦੀ ਸੈਰ। ਪੰਛੀਆਂ ਦਾ ਚਹਿਚਹਾਉਣਾ, ਖੁਸ਼ਗਵਾਰ ਦਿਨ ਦੀ ਸ਼ੁਰੂਆਤ ਦਾ ਸੁਨੇਹਾ। ਸੜਕ ਕਿਨਾਰੇ ਬੈਂਚ ‘ਤੇ ਬੈਠਾ ਇਕ ਬਜ਼ੁਰਗ ਜੋੜਾ। ਮੁਖੜਿਆਂ ‘ਤੇ ਪੁਰ-ਸਕੂਨ ਅਹਿਸਾਸ ਭਾਰੂ। ਜੀਵਨ ਦੀ ਸੰਪੂਰਨਤਾ ਦਾ ਜਲੌਅ ਸਰੀਰਕ ਤੰਦਰੁਸਤੀ ਤੇ ਮਾਨਸਿਕ ਸੋਚ ਵਿਚ ਝਲਕਦਾ। ਇਕ ਦੂਜੇ ਦੇ ਲਈ ਜਿਊਣ ਦਾ ਪ੍ਰਤੱਖ ਮੁਜੱਸਮਾ। ਜੀਵਨ ਦੀ ਉਤਰੀ ਸ਼ਾਮ ‘ਚ ਇਕ ਦੂਜੇ ਉਪਰ ਵਧੀ ਨਿਰਭਰਤਾ ਤੇ ਆਸਥਾ ‘ਚੋਂ ਉਪਜਿਆ ਇਲਾਹੀ ਵਿਸਮਾਦ। ਜਦੋਂ ਬੱਚੇ ਵੱਡੇ ਹੋ ਕੇ ਆਪੋ-ਆਪਣੇ ਆਲ੍ਹਣਿਆਂ ਵੰਨੀਂ ਉਡਾਣ ਭਰਦੇ ਨੇ ਤਾਂ ਜੀਵਨ ਦਾ ਸਮੁੱਚਾ ਲੇਖਾ-ਜੋਖਾ ਕਰਦਿਆਂ, ਆਪਣਿਆਂ ਸੰਗ ਹੀ ਜੀਵਨ ਦੀਆਂ ਮਿੱਠੀਆਂ ਤੇ ਕੁਸੈਲੀਆਂ ਯਾਦਾਂ ਦਾ ਇਤਿਹਾਸ ਫਰੋਲਿਆ ਜਾ ਸਕਦਾ ਏ, ਨਿੱਘੇ ਤੇ ਠਰੇ ਹੋਏ ਪਲਾਂ ਨੂੰ ਚਿਤਰਿਆ ਜਾ ਸਕਦਾ ਏ। ਹੁਸੀਨ ਤੇ ਉਦਾਸ ਵਕਤ ਦੀ ਨਿਸ਼ਾਨਦੇਹੀ ਕਰਨ ਲਈ ਮਨ ਦੇ ਘੋੜੇ ਦੀਆਂ ਲਗਾਮਾਂ ਪਿੱਛਲਖੁਰੀ ਮੋੜਨੀਆਂ ਪੈਂਦੀਆਂ ਨੇ। ਜੀਵਨ ‘ਚ ਆਈਆਂ ਔਕੜਾਂ ਅਤੇ ਉਨ੍ਹਾਂ ਲਈ ਕੀਤੀ ਜਦੋ-ਜਹਿਦ ਦਾ ਸਮੁੱਚਾ ਚਿਤਰਣ ਕੀਤਾ ਜਾ ਸਕਦਾ ਏ। ਹੱਥਾਂ ‘ਤੇ ਖੁਣੀਆਂ ਨਰਮ-ਰੇਖਾਵਾਂ ਦੀ ਤਫਸੀਲ ਨੂੰ ਪੜ੍ਹਿਆ ਜਾ ਸਕਦਾ ਏ। ਆਪਣਿਆਂ ਦੇ ਸਾਥ ‘ਚ ਜੀਵਨ ਦੀ ਸਾਰਥਿਕਤਾ ਨੂੰ ਸੂਹੇ ਫੁੱਲ ਲੱਗਦੇ ਨੇ। ਕੇਸਰ ਕਿਆਰੀ ਮੌਲਦੀ ਏ ਅਤੇ ਫਿਜ਼ਾ ਵੀ ਧੰਨ-ਭਾਗੀ ਹੋਣ ਦਾ ਵਰ ਮਾਣਦੀ ਏ।
ਵਕਤ ਬਦਲਦਾ ਏ ਤਾਂ ਬਦਲਦੀਆਂ ਨੇ ਸਾਂਝਾਂ, ਤਬਦੀਲ ਹੁੰਦੇ ਨੇ ਨਿਜੀ ਮੁਫਾਦ ਅਤੇ ਸਥਾਪਤ ਦੋਸਤੀਆਂ; ਤਿੜਕ ਜਾਂਦੇ ਨੇ ਵਿਸ਼ਵਾਸ, ਬੇਆਸ ਹੋ ਜਾਂਦੀ ਏ ਆਸ, ਠਰ ਜਾਂਦਾ ਏ ਰਿਸ਼ਤਿਆਂ ਦਾ ਨਿੱਘ, ਦਫਨ ਹੋ ਜਾਂਦਾ ਏ ਮਿੱਤਰਾਂ ਦਾ ਮਾਣ, ਆਂਦਰਾਂ ਵੀ ਹੋ ਜਾਂਦੀਆਂ ਨੇ ਬੇਵਫਾ, ਆਲ੍ਹਣੇ ਦੇ ਤੀਲੇ ਵੀ ਹਵਾ ਹੋ ਜਾਂਦੇ ਨੇ, ਪਰ ਜੀਵਨ ਸਾਥੀ ਦਾ ਰਿਸ਼ਤਾ ਸਦੀਵ ਏ। ਇਸ ਦੇ ਰੰਗ ਸਮੇਂ ਦੀਆਂ ਤਲਖ ਧੁੱਪਾਂ ਨਾਲ ਫਿੱਕੇ ਨਹੀਂ ਪੈਂਦੇ, ਸਗੋਂ ਗੂੜ੍ਹੇ ਹੋ ਜਾਂਦੇ ਨੇ। ਇਸ ਵਿਚਲੀ ਮਜੀਠੀ ਰੰਗਤ, ਇਸ਼ਕ-ਹਕੀਕੀ ਦਾ ਰੂਪ ਧਾਰ ਇਲਾਹੀ ਮਰਤਬੇ ਦਾ ਮਾਣ ਬਣਦੀ ਏ।
ਕਦੇ ਕਦੇ ਬਜ਼ੁਰਗ ਨੂੰ ਬੋਤੇ ‘ਤੇ ਲਿਆਂਦੇ ਮੁਕਲਾਵੇ ਬਾਰੇ ਪੁੱਛਿਉ। ਘੋੜੀ ‘ਤੇ ਆਪਣੀ ਘਰਵਾਲੀ ਨਾਲ ਸਹੁਰੇ ਜਾਣ ਦਾ ਹਾਲ ਜਾਣਿਉ, ਤੁਰ ਕੇ ਮੇਲੇ ਜਾਂ ਮੱਸਿਆ ਜਾਣ ਦੀ ਰੌਚਕ ਵਿਥਿਆ ਜ਼ਰੂਰ ਸੁਣਿਉ। ਤੁਹਾਨੂੰ ਜਦੋਂ ਮੋਹ, ਅਪਣੱਤ ਤੇ ਸਾਹੀਂ-ਸਾਂਝ ਦੀ ਸੰਵੇਦਨਾ ਦੇ ਦਰਸ਼ਨ ਹੋਣਗੇ ਤਾਂ ਤੁਸੀਂ ਉਨ੍ਹਾਂ ਪਲਾਂ ਨੂੰ ਜ਼ਰੂਰ ਨਮਸਕਾਰੋਗੇ।
ਸੰਦਲੀ ਰੁੱਤ ਦੀ ਦਹਿਲੀਜ਼ ‘ਤੇ ਪੈਰ ਧਰਨ ਵਾਲਿਉ, ਇਸ ਰਿਸ਼ਤੇ ‘ਚ ਬੱਝਣ ਵੇਲੇ, ਮਖੌਟੇ ਉਤਾਰ ਦੇਵੋ, ਮਨ ਦੀਆਂ ਕਾਲਖੀ ਪਰਤਾਂ ਨੂੰ ਚਾਨਣ ਸੰਗ ਧੋਵੋ, ਇਕ ਦੂਜੇ ਦੇ ਸਾਹਾਂ ਦੀ ਮਹਿਕ ਦਾ ਸਿਰਨਾਵਾਂ ਬਣੋ, ਇਕ ਦੂਜੇ ਦੇ ਕਦਮਾਂ ਦੀ ਪੈੜ-ਚਾਲ ਨੂੰ ਨਿਹਾਰੋ। ਮਾਨਵੀ ਕਦਰਾਂ-ਕੀਮਤਾਂ ਦੀ ਧਰਤ ‘ਤੇ ਉਸਰੀਆਂ ਸਾਂਝਾਂ ਅਤੇ ਪ੍ਰਵਾਨ ਚੜ੍ਹੇ ਰਿਸ਼ਤੇ ਹੀ, ਚੰਗੇ ਵਕਤਾਂ ਦੇ ਤਰਜਮਾਨ ਬਣਦੇ ਨੇ। ਅਜਿਹੇ ਰਿਸ਼ਤਿਆਂ ਦੇ ਵਿਹੜੇ ਹੀ ਜੀਵਨ ਮੌਲਦਾ ਏ, ਮਨ ਉਚੇਰੀਆਂ ਉਡਾਣਾਂ ਭਰਦਿਆਂ ਗਗਨ-ਚੁੱਭੀਆਂ ਲਾਉਂਦਾ ਏ ਅਤੇ ਵਕਤ ਦੀ ਤਲੀ ‘ਤੇ ਸ਼ੁਭ-ਸ਼ਗਨਾਂ ਦਾ ਨਿਊਂਦਾ ਧਰਦਾ ਏ। ਸਮਾਂ ਤਾਂ ਹਾਣ ਭਾਲਦਾ ਏ, ਇਕ ਦੂਜੇ ਦੇ ਦੀਦਿਆਂ ਦੀ ਇਬਾਦਤ ਪੜ੍ਹਦੇ ਦੋ ਅੰਬਰੀ ਪਰਿੰਦਿਆਂ ਦਾ, ਜਿਨ੍ਹਾਂ ਦੀ ਸੋਚ ‘ਤੇ ਦੋ ਜਿੰਦ ਇਕ ਜਾਨ ਦਾ ਸੰਕਲਪ ਉਕਰਿਆ ਹੋਵੇ। ਸਮੇਂ ਨੂੰ ਨਿਰਾਸ਼ ਨਾ ਕਰਿਉ ਕਿਉਂਕਿ ਸਮਾਂ, ਸਾਂਝੇ ਸੰਦਲੀ ਸਾਹਾਂ ਦੀ ਸਰਗਮ ਹੀ ਤਾਂ ਹੈ।