ਸਿਮਰਨ ਬਨਾਮ ਭੋਰਾ

ਪੰਜਾਬ ਟਾਈਮਜ਼ ਨਾਲ ਜੁੜੇ ਲੇਖਕ ਮਝੈਲ ਸਿੰਘ ਸਰਾਂ ਹਰ ਵਾਰ ਵਾਂਗ ਐਤਕੀਂ ਵੀ ਇਕ ਖਾਸ ਮੁੱਦਾ ਲੈ ਕੇ ਹਾਜ਼ਰ ਹਨ। ਆਪਣੀਆਂ ਦਲੀਲ ਸਹਿਤ ਗੱਲਾਂ ਪਹਿਲੀਆਂ ਲਿਖਤਾਂ ਵਾਂਗ ਆਪਣੀ ਇਸ ਰਚਨਾ ‘ਸਿਮਰਨ ਬਨਾਮ ਭੋਰਾ’ ਵਿਚ ਵੀ ਉਨ੍ਹਾਂ ਬਿਪਰ ਕੀ ਰੀਤ ਦੀ ਨਿਸ਼ਾਨਦੇਹੀ ਕਰਦਿਆਂ ਕੀਤੀਆਂ ਹਨ। ਸਿੱਖ ਜਿਊੜਿਆਂ ਨੂੰ ਬਿਪਰ ਕੀ ਰੀਤ ਬਾਰੇ ਚੇਤੰਨ ਕਰਦਿਆਂ ਉਨ੍ਹਾਂ ਸਿੱਖੀ ਦੀ ਰੂਹ ਦੀ ਚਰਚਾ ਵੀ ਨਾਲੋ-ਨਾਲ ਕੀਤੀ ਹੈ।

-ਸੰਪਾਦਕ

ਮਝੈਲ ਸਿੰਘ ਸਰਾਂ

ਸਿੱਖ ਧਰਮ ਜਿੰਨਾ ਸਰਲ ਤੇ ਸਪਸ਼ਟ ਹੈ, ਉਨਾ ਹੀ ਗੁਰੂ ਸਾਹਿਬਾਨ ਦਾ ਜੀਵਨ ਚਿੱਟੇ ਦਿਨ ਵਰਗਾ ਸਾਫ ਤੇ ਰੂਹਾਨੀਅਤ ਨਾਲ ਲਬਾ-ਲਬ ਤੇ ਕੁਲ ਲੋਕਾਈ ਨੂੰ ਸੇਧ ਦੇਣ ਵਾਲਾ ਹੈ। ਕਿਤੇ ਕੋਈ ਗੁੰਝਲ ਨਹੀਂ| ਇਨਸਾਨ ਤੇ ਰੱਬ ਵਿਚਕਾਰ ਕੋਈ ਵਿਚੋਲਾ ਰੱਖਿਆ ਹੀ ਨਹੀਂ| ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ-ਸਿੱਧਾ ਜਿਹਾ ਸਿਧਾਂਤ ਦਿੱਤਾ ਜਿਹੜਾ ਹਰ ਇਕ ਦੀ ਸਮਝ ਵਿਚ ਆ ਗਿਆ। ਫਜ਼ੂਲ ਮਨੌਤਾਂ ਨੂੰ ਕੋਈ ਮਾਨਤਾ ਨਹੀਂ। ਸ਼ਾਇਦ ਇਹੀ ਇਹਦੀ ਵਿਲੱਖਣਤਾ ਅਤੇ ਵਡੱਪਣ ਹੈ ਕਿ ਇਹ ਧਰਮ ਕਿਸੇ ਹਕੂਮਤ ਦੀ ਮਦਦ ਬਗੈਰ ਦੁਨੀਆਂ ਦੇ ਵੱਡੇ ਧਰਮਾਂ ਵਿਚ ਸ਼ੁਮਾਰ ਹੋ ਗਿਆ|
ਗੁਰੂ ਸਾਹਿਬਾਨ ਵਲੋਂ ਪ੍ਰਚਲਿਤ ਬਿਪਰ ਦੀਆਂ ਧਾਰਮਿਕ ਮਨੌਤਾਂ ਨੂੰ ਦਿੱਤੀ ਚੁਣੌਤੀ ਨੇ ਸਦਾ ਹੀ ਗੁਰੂ ਘਰ ਨਾਲ ਵੈਰ ਪਾ ਲਿਆ ਜਿਹੜਾ ਅੱਜ ਵੀ ਬਾਦਸਤੂਰ ਜਾਰੀ ਹੈ। ਬਿਪਰ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ ਅਤੇ ਡੰਗ ਮਾਰਨ ਲੱਗਾ ਕਦੇ ਵੀ ਲਿਹਾਜ਼ ਨਹੀਂ ਕਰਦਾ। ਅੱਜ ਕੱਲ੍ਹ ਇਹਨੇ ਡੰਗ ਮਾਰਨ ਲਈ ਸਿੱਖ ਹੀ ਪਾਲੇ ਹੋਏ ਹਨ ਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਨੂੰ ਆਪਣੇ ਮੁਤਾਬਿਕ ਇਤਿਹਾਸਕ ਬਣਾ ਕੇ ਪੇਸ਼ ਕਰ ਕੇ, ਇਸ ਤਰ੍ਹਾਂ ਡੰਗ ਮਾਰਨ ਦੀ ਤਾਕ ਵਿਚ ਰਹਿੰਦੇ ਹਨ ਕਿ ਸਿੱਖ, ਸਿੱਖ ਦਾ ਹੀ ਦੁਸ਼ਮਣ ਬਣ ਜਾਵੇ| ਨਿਤ ਨਵੇਂ ਦਿਨ ਸਿੱਖਾਂ ਵਿਚ ਕੋਈ ਨਾ ਕੋਈ ਵਿਵਾਦ ਐਸਾ ਖੜ੍ਹਾ ਕਰ ਦਿੱਤਾ ਜਾਂਦਾ ਹੈ ਜਿਸ ਦਾ ਨਾ ਕੋਈ ਸਿਰ ਹੁੰਦਾ, ਨਾ ਪੈਰ। ਬਸ, ਸਿੱਖਾਂ ਨੂੰ ਦੁਫੇੜ ਕਰਨ ਲਈ ਫਲੂਹਾ ਸੁੱਟ ਦਿੱਤਾ ਜਾਂਦਾ ਹੈ|
ਹੁਣ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲੇ ਵਿਚ ਭੋਰੇ ਸਬੰਧੀ ਹਾਸੋ-ਹੀਣੀ ਬਹਿਸ ਛੇੜ ਦਿੱਤੀ ਗਈ| ਇਕ ਧਿਰ ਇਸ ਨੂੰ ਇਤਿਹਾਸਕ ਕਤਲ ਕਹਿ ਕੇ ਦੂਜੀ ਧਿਰ ਨੂੰ ਮੁਆਫੀ ਮੰਗਣ ਲਈ ਦਬਾਅ ਪਾਉਣ ਲੱਗ ਪਈ, ਤੇ ਦਬਾਅ ਦਾ ਤਰੀਕਾ ਸੰਵਾਦ ਜਾਂ ਭਰਾਵਾਂ ਵਾਂਗ ਗੁਰਮਤਿ ਦੀ ਰੌਸ਼ਨੀ ਵਾਲਾ ਨਹੀਂ, ਧੌਂਸ ਦੇ ਨਾਲ ਨਾਲ ਧਮਕੀ ਵਾਲੀ ਬੋਲੀ ਬੋਲ ਕੇ ਗੁਰਮਤਿ ਤੋਂ ਕੋਹਾਂ ਦੂਰ ਮੰਦਾ ਬੋਲ ਕੇ ਸਦਾ ਲਈ ਚੁੱਪ ਕਰਾਉਣ ਦੀਆਂ ਗੱਲਾਂ ਕੀਤੀਆਂ ਗਈਆਂ| ਸੁੰਹਦਾ ਨਹੀਂ ਗੁਰਸਿੱਖਾਂ ਨੂੰ ਇਹੋ ਜਿਹਾ ਵਿਹਾਰ। ਸਿੱਖ ਇੱਦਾਂ ਕਰ ਹੀ ਨਹੀਂ ਸਕਦਾ, ਜੇ ਉਹਨੂੰ ਕੋਈ ਬਾਹਰੋਂ ਸ਼ਹਿ ਨਾ ਹੋਵੇ ਤਾਂ!
ਥੋੜ੍ਹੀ ਜਿਹੀ ਜਾਣਕਾਰੀ ਭੋਰੇ ਬਾਰੇ ਵੀ ਕਰ ਲਈਏæææ ਭੋਰਾ ਵੀ ਘਰ ਦਾ ਹਿੱਸਾ ਹੀ ਹੁੰਦਾ। ਇਹ ਕਿਉਂ ਬਣਾਇਆ ਜਾਂਦਾ, ਇਹ ਜਾਣਨਾ ਜ਼ਰੂਰੀ ਹੈ| ਭਾਰਤ ਵਿਚ ਭੋਰੇ ਬਣਾਉਣ ਦਾ ਰੁਝਾਨ ਅਰਬਾਂ ਵਲੋਂ ਕੀਤੇ ਹਮਲਿਆਂ ਤੋਂ ਬਾਅਦ ਸ਼ੁਰੂ ਹੋਇਆ। ਉਨ੍ਹਾਂ ਮੁਲਕਾਂ ਵਿਚ ਗਰਮੀ ਬਹੁਤ ਪੈਂਦੀ ਅਤੇ ਲੋਕ ਸੂਰਜ ਦੀ ਤਪਸ਼ ਤੋਂ ਬਚਣ ਲਈ ਆਪਣੇ ਘਰਾਂ ਵਿਚ ਭੋਰੇ ਬਣਾ ਲੈਂਦੇ। ਜਦੋਂ ਉਹ ਭਾਰਤ ਪੁੱਜੇ ਤਾਂ ਇਥੇ ਵੀ ਗਰਮੀ ਸੀ ਅਤੇ ਇਸ ਤੋਂ ਬਚਣ ਤੇ ਆਰਾਮ ਲਈ ਉਨ੍ਹਾਂ ਭੋਰੇ ਬਣਾਏ। ਉਨ੍ਹਾਂ ਤੋਂ ਸਿੱਖ ਕੇ ਹੀ ਇਥੋਂ ਦੇ ਬਾਸ਼ਿੰਦਿਆਂ ਨੇ ਗਰਮੀ ਤੋਂ ਬਚਾਅ ਲਈ ਘਰਾਂ ਵਿਚ ਭੋਰੇ ਬਣਾ ਲਏ| ਭੋਰੇ ਦਾ ਮਕਸਦ ਆਰਾਮ ਲਈ ਸੀ। ਜੇ ਕੋਈ ਧਰਮੀ ਬੰਦਾ ਆਪਣੇ ਘਰ ਵਿਚ ਆਰਾਮ ਵਾਲੀ ਜਗ੍ਹਾ, ਭਾਵੇਂ ਭੋਰਾ ਹੀ ਕਿਉਂ ਨਾ ਹੋਵੇ, ਉਥੇ ਰੱਬ ਦਾ ਨਾਂ ਲੈ ਲਵੇ, ਤਾਂ ਕਿਹੜਾ ਹਰਜ ਹੋ ਜਾਣਾ! ਭੋਰਾ ਘਰ ਵਿਚ ਨਿਰੋਲ ਇਬਾਦਤ, ਤਪੱਸਿਆ ਜਾਂ ਸਿਮਰਨ ਲਈ ਨਹੀਂ ਸੀ ਬਣਾਇਆ ਜਾਂਦਾ| ਬਾਬਾ ਬਕਾਲੇ ਵਿਚ ਵੀ ਹੋਰ ਘਰਾਂ ਵਾਂਗ ਗੁਰੂ ਤੇਗ ਬਹਾਦਰ ਜੀ ਦੇ ਘਰ ਵਿਚ ਵੀ ਭੋਰਾ ਹੋਣਾ, ਇਸ ਤੋਂ ਕੋਈ ਮੁਨਕਰ ਥੋੜ੍ਹਾ; ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਗੁਰੂ ਜੀ ਸਾਲਾਂ ਬੱਧੀ ਉਸੇ ਭੋਰੇ ਵਿਚ ਹੀ ਵੜੇ ਸਿਮਰਨ ਵਿਚ ਲੀਨ ਰਹੇ, ਕੋਈ ਕਿਰਤ ਨਹੀਂ ਕੀਤੀ ਆਪਣੇ ਟੱਬਰ ਨੂੰ ਪਾਲਣ ਦੀ| ਗੁਰੂ ਤੇਗ ਬਹਾਦਰ ਜੀ ਨੂੰ ਇਨ੍ਹਾਂ ਸਾਲਾਂ ਵਿਚ ਸ੍ਰੀ ਆਦਿ ਗ੍ਰੰਥ ਦੀ ਬਾਣੀ ਕਿਹੜੀ ਵਿਸਰੀ ਰਹੀ ਹੋਣੀ! ਉਨ੍ਹਾਂ ਨੂੰ ਕਿਹੜਾ ਬਾਬੇ ਨਾਨਕ ਦੀ ਸਿੱਧ ਗੋਸ਼ਟਿ ਭੁਲੀ ਹੋਈ ਸੀ ਜਿਸ ਵਿਚ ਬਾਬੇ ਨੇ ਸਿਧਾਂ ਨੂੰ ਗੁਫਾਵਾਂ ਵਿਚੋਂ ਬਾਹਰ ਨਿਕਲ ਕੇ ਖਲਕਤ ਦੀ ਸੇਵਾ ਲਈ ਪ੍ਰੇਰਿਆ|
ਭੋਰੇ ਤੇ ਸਿਮਰਨ ਦਾ ਕੋਈ ਤਰਕ ਹੀ ਨਹੀਂ ਗੁਰਬਾਣੀ ਵਿਚ, ਨਾਲੇ ਗੁਰਬਾਣੀ ਤਾਂ ਸਰੀਰਕ ਨਾਲੋਂ ਆਤਮਿਕ ਸਿਮਰਨ ਦੀ ਗੱਲ ਕਰਦੀ ਹੈ ਤੇ ਉਹ ਸਿਮਰਨ ਹਲ ਦੀ ਹੱਥੀ ਫੜ ਕੇ ਖੇਤ ਵਾਹੁੰਦੇ ਵਕਤ ਵੀ ਹੁੰਦਾ ਰਿਹਾ, ਮਰੇ ਪਸ਼ੂ ਦੀ ਖੱਲ ਲਾਹੁੰਦੇ ਵਕਤ ਵੀ ਹੁੰਦਾ ਰਿਹਾ, ਖੱਡੀ ਲਾ ਕੇ ਖੱਦਰ ਬੁਣਨ ਵਕਤ ਵੀ ਹੁੰਦਾ ਰਿਹਾ| ਕਿਹੜੇ ਭਗਤ ਨੇ ਭੋਰੇ ‘ਚ ਵੜ ਕੇ ਸਾਲਾਂ ਬੱਧੀ ਭਗਤੀ ਕੀਤੀ ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ? ਸਾਰੇ ਭਗਤ ਕਿਰਤੀ ਹੀ ਤਾਂ ਸਨ|
ਸਾਰੇ ਵਿਦਵਾਨ ਇਸ ਗੱਲ ‘ਤੇ ਸਹਿਮਤ ਹਨ ਕਿ ਗੁਰੂ ਤੇਗ ਬਹਾਦਰ ਜੀ ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦੇ ਸਮੇਂ ਵੀ ਬਹੁਤਾ ਵਕਤ ਪੰਥ ਦੇ ਪ੍ਰਚਾਰ ‘ਤੇ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਜਾਂਦੇ ਰਹੇ ਅਤੇ ਵਾਪਸ ਆਪਣੇ ਘਰ ਬਾਬਾ ਬਕਾਲੇ ਆ ਜਾਂਦੇ। ਗੁਰੂ ਨਾਨਕ ਜੀ ਵੀ ਤਾਂ ਉਦਾਸੀਆਂ ਵਿਚ ਇਸੇ ਤਰ੍ਹਾਂ ਕਰਦੇ ਰਹੇ| ਚਲੋ, ਜੇ ਇਹ ਮੰਨ ਵੀ ਲਈਏ ਕਿ ਗੁਰੂ ਤੇਗ ਬਹਾਦਰ ਜੀ ਟਕਸਾਲੀਆਂ ਦੇ ਕਹਿਣ ਮੁਤਾਬਿਕ 26-27 ਸਾਲ ਭੋਰੇ ਵਿਚ ਸਿਮਰਨ ਵਿਚ ਹੀ ਰਹੇ, ਤਾਂ ਇਹਦੇ ਨਾਲ ਉਹ ਗੁਰੂ ਸਾਹਿਬ ਜੀ ਦੀ ਕਿਹੜੀ ਵਡਿਆਈ ਕਰਨੀ ਚਾਹੁੰਦੇ ਹਨ ਜਿਹੜੀ ਉਨ੍ਹਾਂ ਵਲੋਂ ਪੰਥ ਦੇ ਪ੍ਰਚਾਰ ਕਰਨ ਕਰ ਕੇ ਨਹੀਂ ਹੋਈ? ਕੀ ਉਹ ਵਕਤ ਭੋਰੇ ਵਿਚ ਵੜਨ ਦਾ ਸੀ ਜਦੋਂ ਪੰਥ ਨੂੰ ਗੁਰੂਡੰਮ ਤੋਂ ਵੱਡਾ ਖਤਰਾ ਪੈ ਚੁਕਾ ਸੀ, ਜਾਂ ਪੰਥ ਪ੍ਰਚਾਰ ਕਰ ਕੇ ਸਿੱਖ ਸੰਗਤ ਵਿਚ ਜਾਗ੍ਰਿਤੀ ਲਿਆਉਣ ਦਾ ਸੀ ਤਾਂ ਜੋ ਬਾਬੇ ਨਾਨਕ ਨੇ ਜਿਹੜਾ ਨਿਰਮਲ ਪੰਥ ਚਲਾਇਆ ਤੇ ਜਿਸ ਦੀ ਕਾਇਮੀ ਲਈ ਉਨ੍ਹਾਂ ਦੇ ਬਾਬਾ ਜੀ, ਪੰਜਵੇਂ ਪਾਤਿਸ਼ਾਹ ਨੇ ਸ਼ਹੀਦੀ ਦਿੱਤੀ ਤੇ ਪਿਤਾ ਜੀ, ਛੇਵੇਂ ਪਾਤਿਸ਼ਾਹ ਨੇ ਹਕੂਮਤ ਨਾਲ ਟੱਕਰ ਲਈ, ਤੇ ਤੇਗ ਬਹਾਦਰ ਜੀ ਨੇ ਦੂਜਾ ਰਸਤਾ ਅਖਤਿਆਰ ਕੀਤਾ ਤਾਂ ਕਿ ਉਸ ਦਾ ਤਾਅ ਕਿਤੇ ਮੱਠਾ ਨਾ ਪੈ ਜਾਵੇ| (ਗੁਰੂ) ਤੇਗ ਬਹਾਦਰ ਜੀ ਦੀ ਮਹਾਨਤਾ ਇਸ ਵਿਚ ਵੀ ਹੈ ਕਿ ਜਦੋਂ ਗੁਰਿਆਈ ਉਨ੍ਹਾਂ ਨੂੰ ਦੇਣ ਦੀ ਬਜਾਏ ਉਨ੍ਹਾਂ ਦੇ ਭਤੀਜੇ ਸ੍ਰੀ ਹਰਿ ਰਾਏ ਜੀ ਨੂੰ ਦਿੱਤੀ ਗਈ ਤਾਂ ਉਨ੍ਹਾਂ ਬਾਕੀ ਗੁਰੂ ਪਰਿਵਾਰਾਂ ਦੇ ਮੈਂਬਰਾਂ ਵਾਂਗ ਖੁਣਸ ਨਹੀਂ ਖਾਧੀ, ਤੇ ਨਾ ਹੀ ਬਾਕੀਆਂ ਵਾਂਗ ਗੁਰੂਡੰਮ ਦੀ, ਬਰਾਬਰ ਗੱਦੀ ਲਾ ਕੇ ਬੈਠੇ, ਸਗੋਂ ਗੁਰਗੱਦੀ ਨੂੰ ਮਾਨਤਾ ਦੇ ਕੇ ਖੁਦ ਉਹਦੇ ਪ੍ਰਚਾਰ ‘ਤੇ ਨਿਕਲੇ।
ਕਿੰਨਾ ਵਡੱਪਣ ਹੈ (ਗੁਰੂ) ਤੇਗ ਬਹਾਦਰ ਜੀ ਵਿਚ! ਕੀ ਭੋਰੇ ਵਿਚ ਵੜ ਕੇ ਸਭ ਪਾਸੇ ਤੋਂ ਬੇਖਬਰ ਹੋ ਕੇ ਰਹਿਣ ਨਾਲ ਉਨ੍ਹਾਂ ਦੀ ਰੂਹਾਨੀ ਸ਼ਖਸੀਅਤ ਵਿਚ ਜ਼ਿਆਦਾ ਵਾਧਾ ਹੁੰਦਾ, ਜਾਂ ਗੁਰਬਾਣੀ ਦਾ ਸੰਗਤਾਂ ਵਿਚ ਪ੍ਰਚਾਰ ਕਰ ਕੇ ਜ਼ਿੰਦਗੀ ਨੂੰ ਸਹੀ ਅਰਥਾਂ ਵਿਚ ਜੀਵਨ ਜਾਚ ਸਮਝਾਉਣ ਨਾਲ! ਕੀ ਉਨ੍ਹਾਂ ਦੀ ਜ਼ੁਲਮ ਵਿਰੁਧ ਦਿੱਤੀ ਸ਼ਹਾਦਤ ਭੋਰੇ ਕਰ ਕੇ ਵਿਲੱਖਣ ਹੈ ਜਾਂ ਸੱਚ ਦੇ ਨਿਰਭਉ ਤੇ ਨਿਰਵੈਰ ਸਿਧਾਂਤ ਦੇ ਪ੍ਰਚਾਰ ਕਰ ਕੇ ਹੈ? ਕਸ਼ਮੀਰੀ ਪੰਡਿਤਾਂ ਨੂੰ ਗੁਰੂ ਤੇਗ ਬਹਾਦਰ ਜੀ ਦਾ ਪਤਾ ਉਨ੍ਹਾਂ ਦੇ ਭੋਰੇ ਵਿਚ ਵੜੇ ਰਹਿਣ ਕਰ ਕੇ ਨਹੀਂ ਹੋਇਆ ਹੋਣਾ, ਬਲਕਿ ਉਨ੍ਹਾਂ ਵਲੋਂ ਕੀਤੇ ਜਾਂਦੇ ਗੁਰਮਤਿ ਦੇ ਉਸ ਪ੍ਰਚਾਰ ਕਰ ਕੇ ਹੋਇਆ ਹੋਣਾ, ਜਿਹੜਾ ਜ਼ੁਲਮ ਕਰਨ ਅਤੇ ਜ਼ੁਲਮ ਸਹਿਣ ਨੂੰ ਵੀ ਬਰਾਬਰ ਦਾ ਗੁਨਾਹਗਾਰ ਦੱਸਦਾ ਸੀ। ਹੁਣ ਹਾਲਾਤ ਤਾਂ ਐਦਾਂ ਦੇ ਆ ਕਿ ਜੇ ਖੁਦ ਗੁਰੂ ਤੇਗ ਬਹਾਦਰ ਜੀ ਵੀ ਅੱਜ ਆ ਕੇ ਕਹਿਣ ਕਿ ਮੈਂ ਤਾਂ ਭਾਈ ਭੋਰੇ ਵਿਚ ਵੜਿਆ ਹੀ ਨਹੀਂ, ਤਾਂ ਸਾਡੇ ਤਿੰਨ ਫੁੱਟੀਆਂ ਕਿਰਪਾਨਾਂ ਵਾਲੇ ਮਹਾਂਪੁਰਖ ਉਨ੍ਹਾਂ ਦੇ ਵੀ ਗਲ ਪੈ ਜਾਣ, ਤੇ ਜੇ ਵਸ ਚਲੇ ਤਾਂ ਹੁਣ ਜ਼ਰੂਰ ਭੋਰੇ ‘ਚ ਬੰਦ ਕਰ ਦੇਣਗੇ!
ਕੁਝ ਸਿੱਖ ਸੰਸਥਾਵਾਂ ਅਤੇ ਡੇਰੇਦਾਰ ਸੰਤ, ਭੋਰੇ ਨੂੰ ਐਨੀ ਵੱਡੀ ਮਹੱਤਤਾ ਕਿਉਂ ਦੇਣ ਲੱਗੇ ਹੋਏ ਹਨ? ਇਹਦੇ ‘ਚ ਭਲਾ ਕਿਹੜੀ ਇਤਿਹਾਸਕ ਉਕਾਈ ਕੀਤੀ ਜਾ ਰਹੀ ਹੈ? ਅਸਲ ਵਿਚ ਬਿਨਾ ਕਿਸੇ ਕਾਰਨ ਸਿੱਖਾਂ ਵਿਚ ਭੰਬਲਭੂਸਾ ਪਾ ਕੇ ਦੁਫੇੜ ਕਰਨ ਦੀ ਚਾਲ ਚੱਲੀ ਜਾ ਰਹੀ ਹੈ| ਜੇ ਭੋਰੇ ਸਚਮੁਚ ਹੀ ਸਿਮਰਨ ਲਈ ਵਰਤੇ ਜਾਂਦੇ ਹਨ ਤਾਂ ਸੌਦੇ ਵਾਲੇ ਸਾਧ ਦੇ ਡੇਰੇ ਵਿਚ ਤਾਂ ਕਈ ਭੋਰੇ ਸੁਣੀਂਦੇ ਹਨ ਤੇ ਜਿਹੜਾ ਸਿਮਰਨ ਉਨ੍ਹਾਂ ਭੋਰਿਆਂ ਵਿਚ ਸਾਧ ਕਰਦਾ ਰਿਹਾ, ਉਹਦੀ ਚਰਚਾ ਹੁਣ ਕੋਰਟਾਂ-ਕਚਹਿਰੀਆਂ ‘ਚ ਹੋ ਰਹੀ ਹੈ। ਫਿਰ ਕਰੋ ਪੂਜਾ ਉਨ੍ਹਾਂ ਭੋਰਿਆਂ ਦੀ ਹੁਣ! ਪਹਿਲੇ ਜ਼ਮਾਨੇ ਵਿਚ ਲੋਕ ਘਰਾਂ ‘ਚ ਗਰਮੀ ਤੋਂ ਬਚਣ ਲਈ ਭੋਰੇ ਬਣਾਉਂਦੇ ਸੀ, ਤੇ ਜਦੋਂ ਦੀ ਹੁਣ ਬਿਜਲੀ ਆ ਗਈ, ਤਾਂ ਬਣਾਉਣ ਤੋਂ ਹਟ ਗਏ, ਪਰ ਕਈ ਸੰਤਾਂ ਦੇ ਡੇਰਿਆਂ ‘ਤੇ ਕਿਉਂ ਅਜੇ ਵੀ ਭੋਰੇ ਬਣੀ ਜਾਂਦੇ ਹਨ? ਉਨ੍ਹਾਂ ਦੇ ਡੇਰੇ ਤਾਂ ਹੈ ਈ ਸਾਰੇ ਏਅਰ-ਕੰਡੀਸ਼ੰਡ।
ਕੁਝ ਡੇਰੇਦਾਰਾਂ ਨੇ ਆਪਣੇ ਕੁਲੱਛਣਾਂ ਕਰ ਕੇ ਭੋਰੇ ਬਦਨਾਮ ਕਰ ਦਿੱਤੇ। ਬਸ, ਆਪਣੀ ਇਸ ਬਦਨਾਮੀ ‘ਤੇ ਪਰਦਾ ਪਾ ਰਹੇ ਹਨ, ਗੁਰੂ ਸਾਹਿਬਾਨ ਦੇ ਨਾਵਾਂ ਨਾਲ ਭੋਰਿਆਂ ਨੂੰ ਇਤਿਹਾਸਿਕ ਤੇ ਸਿਮਰਨ ਨਾਲ ਜੋੜ ਕੇ| ਸਿੱਖ ਇਸ ਗੱਲ ਦਾ ਧਿਆਨ ਰੱਖਣ, ਪਈ ਜਿਹੜਾ ਜ਼ਿਆਦਾ ਤੱਤਾ ਹੁੰਦਾ ਨਾ ਭੋਰੇ ਦੇ ਨਾਮ ‘ਤੇ, ਸਮਝੋ ਦਾਲ ‘ਚ ਕੁਝ ਕਾਲਾ ਹੈ।
ਸਿੱਖ ਧਰਮ ਵਿਚ ਟਕਸਾਲਾਂ ਦੀ ਬੜੀ ਮਾਨਤਾ ਹੈ ਕਿਉਂਕਿ ਇਨ੍ਹਾਂ ਹੀ ਟਕਸਾਲਾਂ ਵਿਚੋਂ ਨਿਕਲੇ ਗੁਰ ਸ਼ਬਦ ਨਾਲ ਗੜੂੰਦ ਟਕਸਾਲੀਆਂ ਨੇ ਸਿੱਖੀ ਦੇ ਪ੍ਰਚਾਰ ਵਿਚ ਮੋਹਰੀ ਹੋ ਕੇ ਲੋਕਾਂ ਨੂੰ ਸਿੱਖ ਧਰਮ ਨਾਲ ਜੋੜਿਆ, ਐਨ ਉਸੇ ਤਰ੍ਹਾਂ ਜਿਵੇਂ ਗੁਰੂ ਕਾਲ ਵਿਚ ਮੰਜੀਦਾਰਾਂ ਤੇ ਮਸੰਦਾਂ ਨੇ ਕੀਤਾ ਸੀ; ਪਰ ਜਿਉਂ ਹੀ ਉਨ੍ਹਾਂ ਵਿਚ ਖੋਟ ਆਇਆ ਤਾਂ ਗੁਰੂ ਸਾਹਿਬਾਨ ਨੇ ਆਪ ਆਪਣੇ ਹੱਥੀਂ ਬਣਾਈਆਂ ਇਹ ਪ੍ਰਚਾਰ ਸੰਸਥਾਵਾਂ ਬੰਦ ਕਰ ਦਿੱਤੀਆਂ| ਟਕਸਾਲ ਦਾ ਸ਼ਬਦੀ ਅਰਥ ਹੈ ਜਿਥੇ ਧਾਤ ਦੇ ਸਿੱਕੇ ਢਾਲੇ ਜਾਂਦੇ ਹਨ, ਮਤਲਬ ਪੈਸੇ ਜਿਨ੍ਹਾਂ ਦਾ ਮੁੱਲ ਧਾਤ ਨਾਲੋਂ ਕਈ ਗੁਣਾਂ ਜ਼ਿਆਦਾ ਹੁੰਦਾ ਹੈ ਤੇ ਹਰ ਜਗ੍ਹਾ ਉਸ ਸਿੱਕੇ ਦੀ ਮਾਨਤਾ ਹੁੰਦੀ ਹੈ, ਪਰ ਕਈ ਵਾਰ ਕਿਸੇ ਗਲਤੀ ਕਰ ਕੇ ਉਸੇ ਟਕਸਾਲ ਵਿਚੋਂ ਖੋਟੇ ਸਿੱਕੇ ਵੀ ਨਿਕਲ ਜਾਂਦੇ ਹਨ ਜਿਹੜੇ ਦੇਖਣ-ਪਾਖਣ ਨੂੰ ਖਰੇ ਸਿੱਕਿਆਂ ਤੋਂ ਵੀ ਵੱਧ ਚਮਕ ਰੱਖਦੇ ਹਨ। ਪਾਰਖੂ ਲੋਕ ਉਸ ਖੋਟੇ ਸਿੱਕੇ ਦੀ ਪਛਾਣ ਉਹਦੀ ਆਵਾਜ਼ ਦੀ ਟੁਣਕਾਰ ਤੋਂ ਪਰਖ ਲੈਂਦੇ ਸੀ ਅਤੇ ਇਹ ਸਿੱਕੇ ਫਿਰ ਢੇਰ ‘ਤੇ ਹੀ ਸੁੱਟੇ ਜਾਂਦੇ ਸੀ। ਬਸ, ਇਸੇ ਤਰ੍ਹਾਂ ਸਿੱਖ ਟਕਸਾਲਾਂ ਵਿਚੋਂ ਵੀ ਕੁਝ ਖੋਟੇ ਟਕਸਾਲੀ ਨਿਕਲ ਆਏ ਹਨ ਜਿਨ੍ਹਾਂ ਦੀ ਪਛਾਣ ਵੀ ਉਨ੍ਹਾਂ ਦੀ ਬੋਲੀ ਤੇ ਵਿਹਾਰ ਤੋਂ ਹੀ ਹੁੰਦੀ ਹੈ। ਇਹੋ ਜਿਹੇ ਹੀ ਫੁੱਟ ਦਾ ਬੀਅ ਬੀਜਦੇ ਹਨ। ਸੋ, ਸਭ ਦਾ ਫਰਜ਼ ਬਣਦਾ ਕਿ ਜਦੋਂ ਇਨ੍ਹਾਂ ਖੋਟਿਆਂ ਦੀ ਪਛਾਣ ਹੋ ਗਈ ਤਾਂ ਕਿਉਂ ਨਾ ਇਨ੍ਹਾਂ ਨੂੰ ਕੂੜੇ ਦੇ ਢੇਰ ‘ਤੇ ਸੁੱਟ ਕੇ ਕੇ ਬਾਬੇ ਨਾਨਕ ਦੇ ਨਿਰਮਲ ਪੰਥ ਨੂੰ ਗੰਧਲਾ ਹੋਣ ਤੋਂ ਬਚਾਈਏ|
ਖੋਟ ਇਕੱਲਾ ਟਕਸਾਲਾਂ ਵਿਚੋਂ ਨਹੀਂ ਨਿਕਲਦਾ, ਤੇ ਜੇ ਇਹਦਾ ਇਲਾਜ ਨਾ ਕੀਤਾ ਤਾਂ ਇਹਦੀ ਲਾਗ ਮਿਸ਼ਨਰੀ ਕਹਾਉਣ ਵਾਲਿਆਂ ਵੱਲ ਵੀ ਜਾਣੀ ਸ਼ੁਰੂ ਹੋ ਗਈ ਸਮਝੋ। ਇਹ ਬਿਪਰ ਸਿੱਖਾਂ ਨੂੰ ਪੰਥ ਨਾਲੋਂ ਤੋੜ ਕੇ ਸੰਸਥਾਵਾਂ ਵਿਚ ਵੰਡਣ ਦੀ ਤਾਕ ਵਿਚ ਹੈ ਅਤੇ ਇਸ ਵੰਡ ਦਾ ਰਸਤਾ ਗੁਲਾਮੀ ਵੱਲ ਹੀ ਜਾਂਦੈ। ਭੋਰੇ ਨੂੰ ਸਿਮਰਨ ਨਾਲ ਜੋੜਨਾ ਵੀ ਇਹਦੀ ਹੀ ਕੜੀ ਹੈ।