ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ: ਵਿਸਾਖੀ 1699

ਡਾæ ਗੁਰਨਾਮ ਕੌਰ, ਕੈਨੇਡਾ
ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਦੇ ਇਸ ਧਰਤੀ ‘ਤੇ ਹੋਏ ਪ੍ਰਕਾਸ਼ ਨੂੰ ਸੰਨ 2016 ਵਿਚ ਪੂਰੇ 350 ਸਾਲ ਹੋ ਗਏ ਅਤੇ ਇਹ ਸਾਢੇ ਤਿੰਨ ਸੌ ਸਾਲਾ ਜਨਮ ਦਿਹਾੜਾ ਦੁਨੀਆਂ ਭਰ ਵਿਚ ਸਿੱਖ ਭਾਈਚਾਰੇ ਵੱਲੋਂ ਪੂਰੇ ਜੋਸ਼ ਨਾਲ ਮਨਾਇਆ ਗਿਆ। ਗੁਰੂ ਗੋਬਿੰਦ ਸਿੰਘ ਗੁਰੂ ਜੋਤਿ ਅਤੇ ਗੁਰੂ ਜੁਗਤਿ ਦੇ ਰੂਪ ਵਿਚ ਸਿੱਖ ਧਰਮ ਦੇ ਇਸ ਧਰਤੀ ਤੇ ਇਲਹਾਮ ਦੀ ਨਿਰੰਤਰਤਾ ਵਿਚ ਦਸਵੀਂ ਅਤੇ ਆਖਰੀ ਸਰੀਰਕ ਜੋਤਿ ਹਨ।

ਸਿੱਖ ਧਰਮ ਦੀ ਪਹਿਲੀ ਗੁਰੂ ਜੋਤਿ ਦਾ ਪ੍ਰਕਾਸ਼ ਗੁਰੂ ਨਾਨਕ ਦੇ ਰੂਪ ਵਿਚ 1469 ਈਸਵੀ ਨੂੰ ਅਣਵੰਡੇ ਪੰਜਾਬ ਵਿਚ ਰਾਏ ਭੋਂਇ ਦੀ ਤਲਵੰਡੀ ਵਿਖੇ ਹੋਇਆ ਜਿਸ ਨਾਲ ਭਾਰਤ ਦੀ ਧਰਤੀ ‘ਤੇ ਅਜਿਹੇ ਸਮੇਂ ਵਿਚ ਇੱਕ ਰੌਸ਼ਨ ਯੁੱਗ ਦਾ ਅਰੰਭ ਹੋਇਆ ਜਿਸ ਨੂੰ ਸੰਸਾਰ ਭਰ ਵਿਚ ਡਾਰਕ ਪੀਰੀਅਡ ਅਰਥਾਤ ਹਨੇਰੇ ਯੁਗ ਦੇ ਤੌਰ ‘ਤੇ ਲਿਖਿਆ ਅਤੇ ਯਾਦ ਕੀਤਾ ਜਾਂਦਾ ਹੈ। ਬਿਲਕੁਲ ਹੀ ਇਕ ਨਿਵੇਕਲੇ ਮਿਸ਼ਨ ਦੀ ਨੀਂਹ ਗੁਰੂ ਨਾਨਕ ਸਾਹਿਬ ਦੇ 1499 ਈæ ਵਿਚ Ḕਵੇਈਂ ਨਦੀ ਪ੍ਰਵੇਸ਼Ḕ ਤੋਂ ਰੱਖੀ ਗਈ ਮੰਨੀ ਜਾਂਦੀ ਹੈ। ਇਸ ਮਿਸ਼ਨ ਨੂੰ ਆਪਣੀ ਮੰਜ਼ਿਲ ਵੱਲ ਲੈ ਜਾਣ ਲਈ ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਤੋਂ ਲੈ ਕੇ ਨੌਵੀਂ ਨਾਨਕ ਜੋਤਿ ਗੁਰੂ ਤੇਗ ਬਹਾਦਰ ਤੱਕ ਸਾਰੇ ਗੁਰੂ ਸਾਹਿਬਾਨ ਨੇ ਆਪੋ ਆਪਣਾ ਯੋਗਦਾਨ ਪਾਇਆ।
ਇਸ ਮਿਸ਼ਨ ਨੂੰ ਪੂਰਾ ਕਰਨ ਲਈ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਦੇ ਘਰ ਪਟਨੇ ਵਿਚ 22 ਦਸੰਬਰ 1666 ਈæ ਨੂੰ ਦਸਵੀਂ ਨਾਨਕ ਜੋਤਿ ਗੁਰੂ ਗੋਬਿੰਦ ਸਿੰਘ ਦਾ ਜਨਮ ਹੁੰਦਾ ਹੈ ਜੋ 1499 ਵਿਚ Ḕਵੇਈਂ ਨਦੀ ਪ੍ਰਵੇਸ਼Ḕ ਤੋਂ ਅਰੰਭ ਕੀਤੇ ਗਏ ਮਿਸ਼ਨ ਨੂੰ 1699 ਦੀ ਵਿਸਾਖੀ ਨੂੰ ਖਾਲਸਾ ਸਾਜ ਕੇ ਪੂਰਾ ਕਰਦੇ ਹਨ ਅਤੇ Ḕਵੇਈਂ ਨਦੀ ਪ੍ਰਵੇਸ਼Ḕ ਤੋਂ 1699 ਦੀ ਵਿਸਾਖੀ ਤੱਕ ਦਾ ਸਮਾਂ ਪੂਰਾ 200 ਸਾਲ ਦਾ ਹੈ। ਸਮੇਂ ਦੀ ਇਹ ਯਾਤਰਾ ਰਾਇ ਭੋਂਇ ਦੀ ਤਲਵੰਡੀ ਵਿਚ 1469 ਈæ ਤੋਂ ਸ਼ੁਰੂ ਹੋ ਕੇ ਦੱਖਣ ਵਿਚ ਨਾਂਦੇੜ (ਹਜ਼ੂਰ ਸਾਹਿਬ) ਜਾ ਕੇ 1708 ਨੂੰ ਪੂਰੀ ਹੁੰਦੀ ਹੈ। ਸਿੱਖ ਧਰਮ ਦੇ ਸਾਰ-ਤੱਤ ਤੋਂ ਇਸ ਮਿਸ਼ਨ ਦੀ ਅਸਲੀਅਤ ਨੂੰ ਨਾ ਸਮਝ ਸਕਣ ਵਾਲੇ ਅਣਜਾਣ ਲੋਕ ਕਈ ਵਾਰ ਇਹ ਵਿਚਾਰ ਪ੍ਰਗਟ ਕਰਦੇ ਦੇਖੇ ਗਏ ਹਨ ਕਿ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਭਗਤੀ ਦਾ ਮਾਰਗ ਦਿੱਤਾ ਸੀ ਪਰ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਕਰਕੇ ਇੱਕ ਵੱਖਰਾ ਹੀ ਜੁਝਾਰੂ ਰੂਪ ਦੇ ਦਿੱਤਾ। ਇਸ ਕਿਸਮ ਦੀ ਸੋਚ ਸਿੱਖ ਧਰਮ ਦੀ ਅਸਲੀ ਭਾਵਨਾ ਅਤੇ ਮਿਸ਼ਨ ਤੋਂ ਅਣਜਾਣ ਲੋਕਾਂ ਦੀ ਹੀ ਹੋ ਸਕਦੀ ਹੈ। ਅਸਲ ਵਿਚ ਗੁਰੂ ਨਾਨਕ ਸਾਹਿਬ ਨੇ ਇੱਕ ਪਾਸੇ ਸਦੀਆਂ ਤੋਂ ਦੱਬੀ-ਕੁਚਲੀ, ਆਪਣੇ ਹੀ ਤਾਕਤਵਾਰ ਲੋਕਾਂ ਹੱਥੋਂ ਲਿਤਾੜੀ ਜਾ ਰਹੀ ਤੇ ਸ਼ੋਸ਼ਿਤ ਹੋ ਰਹੀ, ਦੂਸਰੇ ਪਾਸੇ ਬਾਹਰੋਂ ਆਏ ਹੁਕਮਰਾਨਾਂ ਦੇ ਜਬਰ-ਜ਼ੁਲਮ ਨੂੰ ਸਹਿ ਰਹੀ ਲੋਕਾਈ ਦੇ ਉਧਾਰ ਅਤੇ ਸੁਧਾਰ ਲਈ ਜੋ ਅਭਿਆਨ ਸ਼ੁਰੂ ਕੀਤਾ ਸੀ, ਉਸੇ ਜਨ-ਸਧਾਰਨ ਰੂਪੀ ਗੁਰੂ ਦੀ ਸੰਗਤਿ ਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕੇ ਲਿਤਾੜੇ ਜਾਣ ਅਤੇ ਸ਼ੋਸ਼ਿਤ ਹੋਣ ਤੋਂ ਇਨਕਾਰ ਕਰਨ ਅਤੇ ਜ਼ੁਲਮ ਨਾਲ ਟੱਕਰ ਲੈਣ ਦੇ ਸਮਰੱਥ ਬਣਾਇਆ। ਗੁਰੂ ਗੋਬਿੰਦ ਸਿੰਘ ਦਾ ਗੁਰੂ ਨਾਨਕ ਸਾਹਿਬ ਨਾਲੋਂ ਕੋਈ ਸਿਧਾਂਤਕ ਵਖਰੇਵਾਂ ਨਹੀਂ ਹੈ ਅਤੇ ਨਾ ਹੀ ਅਮਲੀ ਪ੍ਰਗਟਾਵਾ ਵੱਖਰਾ ਹੈ ਬਲਕਿ ਗੁਰੂ ਨਾਨਕ ਸਾਹਿਬ ਦੇ ਮਿਸ਼ਨ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥” ਨੂੰ ਹੀ ਪੂਰਾ ਕੀਤਾ। ਉਨ੍ਹਾਂ ਨੇ ਫਾਰਸੀ ਲਫਜ਼ਾਂ ਵਿਚ ਜੋ Ḕਜ਼ਫਰਨਾਮਾḔ (ਜਿੱਤ ਦੀ ਚਿੱਠੀ) ਔਰੰਗਜ਼ੇਬ ਨੂੰ ਲਿਖ ਕੇ ਭੇਜਿਆ, ਉਸ ਵਿਚ ਸਪੱਸ਼ਟ ਲਿਖਿਆ ਹੈ ਕਿ ਜਦੋਂ ਹੋਰ ਸਾਰੇ ਹੀਲੇ ਮੁੱਕ ਜਾਣ ਤਾਂ ਹੱਥ ਵਿਚ ਤਲਵਾਰ ਉਠਾਉਣੀ ਹੀ ਠੀਕ ਹੁੰਦੀ ਹੈ। ਦਿੱਲੀ ਦੀ ਗੱਦੀ ‘ਤੇ ਬੈਠੇ ਸਾਰੇ ਹਿੰਦੁਸਤਾਨ ਦਾ Ḕਸ਼ਹਿਨਸ਼ਾਹḔ ਕਹਾਉਣ ਵਾਲੇ, ਰਾਜੇ-ਮਹਾਰਾਜੇ ਕਹਾਉਣ ਵਾਲਿਆਂ ਤੱਕ ਨੂੰ ਖੌਫਜ਼ਦਾ ਕਰਨ ਵਾਲੇ ਔਰੰਗਜ਼ੇਬ ਨੂੰ Ḕਜ਼ਫਰਨਾਮਾḔ ਲਿਖ ਭੇਜਣ ਦੀ ਜ਼ੁਰਅਤ ਗੁਰੂ ਗੋਬਿੰਦ ਸਿੰਘ ਜਿਹਾ Ḕਮਰਦ ਅਗੰਮੜਾḔ ਹੀ ਕਰ ਸਕਦਾ ਹੈ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।
ਸਿੱਖ ਧਰਮ ਦੇ ਪ੍ਰਕਾਸ਼ਨ ਤੋਂ ਪਹਿਲਾਂ ਭਾਰਤੀ ਜਨਤਾ ਦੂਹਰੀ ਗੁਲਾਮੀ ਹੰਢਾ ਰਹੀ ਸੀ। ਸਦੀਆਂ ਤੋਂ ਉਸ ਦਾ ਸ਼ੋਸ਼ਣ ਵਰਣ-ਵੰਡ ਦੇ ਆਧਾਰ ‘ਤੇ ਕੀਤਾ ਜਾ ਰਿਹਾ ਸੀ, ਜਿਸ ਨੇ ਕੱਟੜ ਜਾਤ-ਪਾਤ ਦਾ ਰੂਪ ਧਾਰਨ ਕਰਕੇ ਸਮਾਜ ਦੇ ਦੋ ਤਿਹਾਈ ਹਿੱਸੇ ਤੋਂ ਮਨੁੱਖ ਹੋਣ ਦਾ ਅਧਿਕਾਰ ਹੀ ਖੋਹ ਲਿਆ ਹੋਇਆ ਸੀ ਅਤੇ ਇਸ ਗੁਲਾਮੀ ਦੀਆਂ ਜੰਜ਼ੀਰਾਂ ਬਹੁਤ ਹੀ ਸੂਖਮ ਸਨ, ਜਿਨ੍ਹਾਂ ਨੂੰ ਤੋੜਨਾ ਬੇਹੱਦ ਮੁਸ਼ਕਿਲ ਕਾਰਜ ਸੀ। ਗੁਲਾਮੀ ਦੀ ਇਹ ਬਹੁਤ ਹੀ ਘਿਨਾਉਣੀ ਕਿਸਮ ਸੀ ਜਿਸ ‘ਤੇ ਧਰਮ ਦਾ ਲਬਾਦਾ ਪਾਇਆ ਹੋਇਆ ਸੀ ਤਾਂ ਕਿ ਇਸ ਕਿਸਮ ਦੀ ਗੁਲਾਮੀ ਨੂੰ ਕੋਈ ਵੀ ਚੁਣੌਤੀ ਦੇਣ ਦੀ ਹਿੰਮਤ ਨਾ ਕਰ ਸਕੇ। ਦੂਜੇ ਪਾਸੇ ਵਿਦੇਸ਼ੀ ਹਮਲਾਵਰਾਂ ਦੀ ਲੁੱਟ-ਖਸੁੱਟ ਤੇ ਗੁਲਾਮੀ, ਜਿਨ੍ਹਾਂ ਨੇ ਨਾ ਸਿਰਫ ਰਾਜਸੀ ਤਾਕਤ ਹਥਿਆ ਲਈ ਸੀ ਬਲਕਿ ਆਪਣਾ ਧਰਮ ਵੀ ਲੋਕਾਂ ‘ਤੇ ਜ਼ਬਰੀ ਥੋਪਣਾ ਸ਼ੁਰੂ ਕਰ ਦਿੱਤਾ ਸੀ। ਇਸ ਦੋਹਰੀ ਗੁਲਾਮੀ ਤੋਂ ਨਿਜ਼ਾਤ ਦੁਆਉਣ ਦਾ ਮਿਸ਼ਨ ਗੁਰੂ ਨਾਨਕ ਸਾਹਿਬ ਨੇ ਅਰੰਭ ਕੀਤਾ ਜਿਸ ਵਿਚੋਂ ਸਮਾਜ ਨੂੰ ਕੱਢਣ ਲਈ ਲੋਕਾਂ ਦੀ ਮਾਨਸਿਕਤਾ ਨੂੰ ਬਦਲਨਾ ਅਤੇ ਸਵੈ-ਸਮਰੱਥ ਬਣਾਉਣਾ ਜ਼ਰੂਰੀ ਸੀ। ਸਦੀਆਂ ਤੋਂ ਚਲੀ ਆ ਰਹੀ ਇਸ ਹੀਣ-ਭਾਵਨਾ ਤੇ ਗੁਲਾਮ ਮਾਨਸਿਕਤਾ ਅਤੇ ਆਮ ਮਨੁੱਖ ਨੂੰ ਬਦਲਣ ਲਈ ਇੱਕ ਲੰਬੇ ਅਭਿਆਨ ਦੀ ਲੋੜ ਸੀ ਜਿਸ ਲਈ ਦਸ ਜਾਮਿਆਂ ਤੱਕ ਅਮਲੀ ਅਭਿਆਸ ਲਗਾਤਾਰ ਜਾਰੀ ਰਿਹਾ, ਕਿਉਂਕਿ ਸਦੀਆਂ ਤੋਂ ਪਰਪੱਕ ਹੋ ਚੁਕੀ ਗੁਲਾਮ ਮਨੁੱਖੀ ਮਾਨਸਿਕਤਾ ਨੂੰ ਬਦਲਨਾ ਏਨਾ ਸੌਖਾ ਕਾਰਜ ਨਹੀਂ ਹੁੰਦਾ।
ਮਨੁੱਖੀ ਬਰਾਬਰੀ ਦਾ ਅਹਿਸਾਸ ਪੈਦਾ ਕਰਨ ਲਈ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ੴ ਦਾ ਮੰਤਰ ਸੁਣਾਇਆ ਅਰਥਾਤ ਮਨੁੱਖ ਨੂੰ ਇਹ ਅਹਿਸਾਸ ਕਰਾਇਆ ਕਿ ਅਕਾਲ ਪੁਰਖ ਕੇਵਲ ਇੱਕੋ ਇੱਕ ਹਸਤੀ ਹੈ ਜਿਸ ਤੋਂ ਇਹ ਸਾਰਾ ਬ੍ਰਹਿਮੰਡ ਹੋਂਦ ਵਿਚ ਆਇਆ ਹੈ ਅਤੇ ਸਾਰੇ ਜੀਵਾਂ ਵਿਚ ਉਸ ਇੱਕ ਦੀ ਹੀ ਜੋਤਿ ਵਿਆਪਕ ਹੈ। ਇਸ ਲਈ ਸਾਰੇ ਮਨੁੱਖ ਬਰਾਬਰ ਹਨ ਅਤੇ ਇੱਕੋ ਹਸਤੀ ਤੋਂ ਪੈਦਾ ਹੋਣ ਕਰਕੇ ਅਧਿਆਤਮਕ ਤੇ ਸਮਾਜਿਕ ਅਧਿਕਾਰਾਂ ਦੇ ਇੱਕੋ ਜਿਹੇ ਹੱਕਦਾਰ ਹਨ। ਕੋਈ ਵੀ ਮਨੁੱਖ ਜਨਮ, ਜਾਤ, ਰੰਗ, ਨਸਲ, ਇਸਤਰੀ/ਪੁਰਖ ਹੋਣ ਦੇ ਨਾਤੇ ਉਚਾ ਜਾਂ ਨੀਵਾਂ, ਛੋਟਾ ਜਾਂ ਵੱਡਾ ਨਹੀਂ ਹੈ। ਦੱਬੀ-ਕੁਚਲੀ ਲੋਕਾਈ ਵਿਚ ਸਵੈ-ਵਿਸ਼ਵਾਸ ਪੈਦਾ ਕਰਨ ਲਈ, ਅਹਿਮੀਅਤ ਦਾ ਅਹਿਸਾਸ ਪੈਦਾ ਕਰਨ ਲਈ ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਐਲਾਨ ਵੀ ਕੀਤਾ ਅਤੇ ਰੱਬ ਅੱਗੇ ਅਰਦਾਸ ਵੀ ਕੀਤੀ ਕਿ ਉਹ ਉਨ੍ਹਾਂ ਬੰਦਿਆਂ ਨਾਲ ਖੜੇ ਹਨ, ਉਨ੍ਹਾਂ ਦੇ ਸੰਗੀ ਸਾਥੀ ਹਨ ਜਿਨ੍ਹਾਂ ਨੂੰ ਨੀਵੇਂ ਅਤੇ ਨੀਵਿਆਂ ਤੋਂ ਵੀ ਨੀਵੇਂ ਕਿਹਾ ਜਾਂਦਾ ਹੈ; ਅਮੀਰ ਜਾਂ ਉਚਾ ਕਹਾਉਣ ਵਾਲਿਆਂ ਨਾਲ ਉਨ੍ਹਾਂ ਦਾ ਸਾਥ ਨਹੀਂ ਹੈ ਕਿਉਂਕਿ ਉਹ ਜਾਣਦੇ ਹਨ ਕਿ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਉਥੇ ਹੁੰਦੀ ਹੈ ਜਿਥੇ ਗਰੀਬਾਂ ਦੀ ਸਾਰ ਲਈ ਜਾਂਦੀ ਹੈ, ਸੰਭਾਲ ਹੁੰਦੀ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15)
ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਵੱਲੋਂ ਵਰੋਸਾਈ ਇਸੇ ਸੰਗਤ ਨੂੰ ਖਾਲਸੇ ਦਾ ਰੂਪ ਦੇਣ ਲਈ Ḕਸਿਰੁ ਦੀਜੈ ਕਾਣਿ ਨ ਕੀਜੈḔ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਇਨ੍ਹਾਂ ਹੀ ਛੋਟੇ ਕਹੇ ਜਾਣ ਵਾਲੇ ਆਮ ਲੋਕਾਂ ਵਿਚੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜੇ। ਇੱਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਊਚ-ਨੀਚ ਦਾ ਸਭ ਭਿੰਨ-ਭੇਦ ਮਿਟਾ ਦਿੱਤਾ। ਫਿਰ ਇਨ੍ਹਾਂ ਪੰਜਾਂ ਪਾਸੋਂ ਆਪ ਅੰਮ੍ਰਿਤ ਪਾਨ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਅਤੇ ਗੁਰੂ ਨਾਨਕ ਦਰਸ਼ਨ Ḕਪੰਚ ਪਰਵਾਣ ਪੰਚ ਪਰਧਾਨੁḔ ਦਾ ਅਮਲੀ ਪ੍ਰਕਾਸ਼ਨ ਕਰ ਦਿੱਤਾ। ਇਨ੍ਹਾਂ ਦੱਬੇ-ਕੁਚਲੇ ਲਿਤਾੜੇ ਹੋਇਆਂ ਨੂੰ ਨਾ ਸਿਰਫ ਆਪਣੇ ਸਵੈਮਾਨ ਦੀ ਰੱਖਿਆ ਕਰਨ ਦੇ ਯੋਗ ਬਣਾਇਆ ਬਲਕਿ ਉਨ੍ਹਾਂ ਨੂੰ ਸਰਬੱਤ ਦੇ ਭਲੇ ਲਈ ਹਰ ਤਰ੍ਹਾਂ ਦੇ ਜ਼ੁਲਮ ਨਾਲ ਟੱਕਰ ਲੈਣ ਦੇ ਵੀ ਸਮਰੱਥ ਕੀਤਾ।
ਹਿੰਦੂ ਸ਼ਾਸਤਰਾਂ ਵਿਚ ਜਿੱਥੇ ਵਰਣ-ਵੰਡ ਅਨੁਸਾਰ Ḕਸ਼ੂਦਰḔ ਕਹਿ ਕੇ ਭਾਰਤੀ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਉਸ ਦੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਇੱਥੋਂ ਤੱਕ ਅਧਿਆਤਮਕ ਅਧਿਕਾਰਾਂ ਤੋਂ ਵੀ ਵਾਂਝਿਆਂ ਰੱਖਿਆ ਗਿਆ, ਉਥੇ ਇਸਤਰੀ ਵਰਗ ਨੂੰ ਵੀ ਇਹੀ ਦਰਜ਼ਾ ਦਿੱਤਾ ਗਿਆ ਜਿਸ ਵਿਰੁਧ ਅਵਾਜ਼ ਉਠਾਉਂਦਿਆਂ ਗੁਰੂ ਨਾਨਕ ਨੇ Ḕਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨḔ ਦਾ ਐਲਾਨ ਕਰਕੇ ਉਸ ਨੂੰ ਪੁਰਸ਼ ਦੇ ਬਰਾਬਰ ਦੀ ਹਸਤੀ ਸਵੀਕਾਰ ਕੀਤਾ। ਆਪਣੇ ਆਪ ਨੂੰ ਖਾਲਸੇ ਦਾ ਪਿਤਾ ਅਤੇ ਮਾਤਾ ਸਾਹਿਬ ਕੌਰ (ਜੋ ਅੰਮ੍ਰਿਤ ਪਾਨ ਕਰਕੇ ਸਾਹਿਬ ਦੇਵਾਂ ਤੋਂ ਸਾਹਿਬ ਕੌਰ ਬਣੇ) ਨੂੰ ਖਾਲਸੇ ਦੀ ਮਾਤਾ ਐਲਾਨ ਕਰਕੇ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੇ ਦਿੱਤੇ ਸਿਧਾਂਤ ਦਾ ਪ੍ਰਤੱਖ ਪ੍ਰਗਟਾਵਾ ਕਰਦਿਆਂ Ḕਏਕ ਪਿਤਾ ਏਕਸ ਕੇ ਹਮ ਬਾਰਿਕḔ ਹੋਣ ਦਾ ਸਬੂਤ ਦਿੱਤਾ।
ਭਾਈ ਗੁਰਦਾਸ ਦੂਜੇ ਨੇ 1699 ਵਿਚ ਅਨੰਦਪੁਰ ਦੀ ਧਰਤੀ ‘ਤੇ ਰਚਾਏ ਗਏ ਇਸ ਅਨੋਖੇ ਕੌਤਕ ਦਾ ਬਿਆਨ ਇਸ ਤਰ੍ਹਾਂ ਕੀਤਾ ਹੈ:
ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ।
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥1॥
ਗੁਰੂ ਨਾਨਕ ਨੇ ਮਨੁੱਖ ਮਾਤਰ ਨੂੰ ਹਰ ਤਰ੍ਹਾਂ ਦੇ ਕਰਮ-ਕਾਂਡ ਅਤੇ ਧਾਰਮਿਕ ਪਖੰਡ ਵਿਚੋਂ ਕੱਢ ਕੇ ਕੇਵਲ ਤੇ ਕੇਵਲ ਉਸ ਇੱਕ ਅਕਾਲ ਪੁਰਖ ਦੇ ਨਾਮ ਸਿਮਰਨ ਨਾਲ ਜੋੜਿਆ। ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਆਪਣਾ ਰਬਾਬੀ ਸਾਥੀ ਚੁਣਨਾ ਅਤੇ ਮਲਿਕ ਭਾਗੋ ਦੇ ਛੱਤੀ ਪ੍ਰਕਾਰ ਦੇ ਭੋਜਨ ਦੀ ਥਾਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਖਿੜੇ ਮੱਥੇ ਸਵੀਕਾਰ ਕਰਨਾ, ਮਨੁੱਖੀ ਏਕਤਾ ਅਤੇ ਬਰਾਬਰੀ ਦੇ ਵੱਡੇ ਪ੍ਰਤੀਕ ਹਨ। ਇਸੇ ਮਨੁੱਖੀ ਏਕਤਾ ਅਤੇ ਬਰਾਬਰੀ ਦੇ ਪ੍ਰਤੀਕ ਦਾ ਪ੍ਰਕਾਸ਼ਨ ਪੀਰ ਬੁੱਧੂ ਸ਼ਾਹ ਵੱਲੋਂ ਆਪਣੇ ਮੁਰੀਦਾਂ ਸਮੇਤ ਮੁਗਲੀਆ ਫੌਜ ਦੇ ਉਲਟ ਗੁਰੂ ਗੋਬਿੰਦ ਸਿੰਘ ਦਾ ਸਾਥ ਦੇਣ, ਗਨੀ ਖਾਂ ਅਤੇ ਮਨੀ ਖਾਂ, ਰਾਏ ਕਲਹਾ ਦੀ ਸ਼ਰਧਾ ਅਤੇ ਨੀਵੇਂ ਕਹੇ ਜਾਣ ਵਾਲੇ ਸਿਦਕਵਾਨਾਂ ਨੂੰ ਇੱਕੋ ਬਾਟੇ ਵਿਚੋਂ ਖੰਡੇ ਦੀ ਪਾਹੁਲ ਛਕਾਉਣ ਵਿਚ ਹੁੰਦਾ ਹੈ।
ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਨੇ ਮਹਿਜ ਨੌਂ ਸਾਲ ਦੀ ਉਮਰ ਵਿਚ, ਜਦੋਂ ਇੱਕ ਆਮ ਬੱਚੇ ਨੂੰ ਆਪਣੇ ਆਪ ਬਾਰੇ ਵੀ ਬਹੁਤੀਆਂ ਗੱਲਾਂ ਦੀ ਸੋਝੀ ਨਹੀਂ ਹੁੰਦੀ, ਆਪਣੇ ਗੁਰੂ-ਪਿਤਾ ਤੇਗ ਬਹਾਦਰ ਨੂੰ ਆਪਣੀ ਸ਼ਹੀਦੀ ਦੇਣ ਲਈ ਇਹ ਕਹਿ ਕੇ ਬੇਨਤੀ ਕੀਤੀ ਕਿ ਇਨ੍ਹਾਂ ਲੋਕਾਂ ਦਾ ਇਸ ਹੋ ਰਹੇ ਜ਼ੁਲਮ ਦੇ ਸਮੇਂ ਵਿਚ, ਇਸ ਔਖੀ ਘੜੀ ਵਿਚ ਇਸ ਵੇਲੇ ਤੁਹਾਡੇ ਤੋਂ ਬਿਨਾ ਬਾਂਹ ਫੜਨ ਵਾਲਾ ਹੋਰ ਕੌਣ ਹੋ ਸਕਦਾ ਹੈ? ਗੁਰੂ ਗੋਬਿੰਦ ਸਿੰਘ ਨੂੰ ਆਪਣੇ ਇਨ੍ਹਾਂ ਲੋਕਾਂ ਦੀ ਸੰਗਤ ਕਿੰਨੀ ਚੰਗੀ ਲਗਦੀ ਹੈ, ਉਨ੍ਹਾਂ ਨੂੰ ਆਪਣੇ ਖਾਲਸੇ ਨਾਲ ਕਿੰਨਾ ਪ੍ਰੇਮ ਹੈ, ਇਸ ਤੱਥ ਦਾ ਅਹਿਸਾਸ ਇਸ ਤੋਂ ਹੁੰਦਾ ਹੈ ਜਦੋਂ ਉਹ ਐਲਾਨ ਕਰਦੇ ਹਨ:
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੋਂ ਦਾਨ ਕਰੇ।
ਅਘ ਓਘ ਟਰੇ ਇਨ ਹੀ ਕੇ ਪ੍ਰਸਾਦਿ
ਕ੍ਰਿਪਾ ਇਨ ਕੀ ਪੁਨਿ ਧਾਮ ਭਰੇ।
ਇਨ ਹੀ ਕੇ ਪ੍ਰਸਾਦਿ ਸੁਬਿੱਦਿਯ ਭਏ
ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋਸੋ ਗਰੀਬ ਕਰੋਰ ਪਰੇ॥52
ਬਾਬਰ ਨੇ ਜਦੋਂ ਭਾਰਤ ‘ਤੇ ਹਮਲਾ ਕੀਤਾ ਤਾਂ ਗੁਰੂ ਨਾਨਕ ਦੇਵ ਐਮਨਾਬਾਦ ਵਿਚ ਸਨ। ਉਨ੍ਹਾਂ ਨੇ ਬਾਬਰ ਦੇ ਹਮਲੇ ਅਤੇ ਉਸ ਵੱਲੋਂ ਕੀਤੀ ਗਈ ਕਤਲੋ-ਗਾਰਤ, ਲੁੱਟ-ਖਸੁੱਟ ਆਪਣੇ ਅੱਖੀਂ ਦੇਖੀ। ਉਨ੍ਹਾਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਬਾਬਰ ਦੇ ਹਮਲੇ ਨੂੰ Ḕਪਾਪੁ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋḔ ਕਿਹਾ ਅਤੇ ਆਪਣੇ ਲੋਕਾਂ ਨੂੰ ਦੱਸਿਆ ਕਿ ਮਹਿਜ ਪੂਜਾ ਕਰਨ ਤੇ ਪੀਰ ਧਿਆਉਣ ਨਾਲ ਜ਼ਾਲਮ ਨੂੰ ਨਹੀਂ ਰੋਕਿਆ ਜਾ ਸਕਦਾ। ਜ਼ੁਲਮ ਨਾਲ ਟੱਕਰ ਲੈਣ ਅਤੇ ਆਪਣੇ ਸਵੈਮਾਣ ਦੀ ਰੱਖਿਆ ਕਰਨ ਲਈ ਮਨੁੱਖ ਨੂੰ ਖੁਦ ਤਿਆਰ ਹੋਣਾ ਪੈਂਦਾ ਹੈ। ਜ਼ੁਲਮ ਨਾਲ ਟੱਕਰ ਲੈਣ ਜੋਗੇ ਹੋਣ ਦਾ ਸਪੱਸ਼ਟ ਸੰਦੇਸ਼ ਗੁਰੂ ਨਾਨਕ ਦੀ ਬਾਣੀ ਵਿਚੋਂ ਮਿਲਦਾ ਹੈ ਜਦੋਂ ਉਹ ਕਹਿੰਦੇ ਹਨ:
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲੁ ਨ ਹੋਆ ਅੰਧਾ ਕਿਨੇ ਨ ਪਰਚਾ ਲਾਇਆ॥
ਨਿਹੱਥੇ ਅਤੇ ਕਮਜ਼ੋਰ ਕਹੇ ਜਾਣ ਵਾਲੇ ਲੋਕ ਗੁਰੂ ਨਾਨਕ ਰਾਹੀਂ ਕਾਇਮ ਕੀਤੀ ਸੰਗਤ ਵਿਚ Ḕਨਾਮ ਸਿਮਰਨ, ਕਿਰਤ ਕਰਨ ਤੇ ਵੰਡ ਛਕਣḔ ਦੇ ਰਸਤੇ ‘ਤੇ ਅਮਲ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਇੱਕ ਇੱਕ, ਸਵਾ ਸਵਾ ਲੱਖ ‘ਤੇ ਭਾਰੂ ਹੋਣ ਦੇ ਕਾਬਲ ਹੋਏ। ਚਮਕੌਰ ਦੀ ਕੱਚੀ ਗੜ੍ਹੀ ਵਿਚ 40 ਸਿੱਖਾਂ ਨੇ ਲੱਖਾਂ ਦੀ ਗਿਣਤੀ ਵਿਚ ਚੜ੍ਹ ਕੇ ਆਏ ਮੁਗਲ ਅਤੇ ਪਹਾੜੀ ਰਾਜਿਆਂ ਦੇ ਲਸ਼ਕਰ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕੀਤਾ। ਇਸੇ ਅੰਮ੍ਰਿਤ ਦੀ ਬਰਕਤ ਨਾਲ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਜੰਗ ਵਿਚ ਹੱਸਦੇ ਹੱਸਦੇ ਦੁਸ਼ਮਣ ਨਾਲ ਦੋ ਦੋ ਹੱਥ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਨਿੱਕੀ ਉਮਰੇ ਹੀ ਇਸਲਾਮ ਕਬੂਲਣ ਨਾਲੋਂ ਸ਼ਹੀਦ ਹੋਣ ਨੂੰ ਤਰਜੀਹ ਦਿੱਤੀ। ਅੰਮ੍ਰਿਤ ਦੀ ਦਾਤ ਮਾਤਾ ਜੀਤੋ ਜੀ (ਕਈਆਂ ਅਨੁਸਾਰ ਮਾਤਾ ਸਾਹਿਬ ਦੇਵਾਂ) ਵੱਲੋਂ ਪਤਾਸੇ ਪਾ ਦੇਣ ਨਾਲ ਸੰਪੂਰਨ ਹੁੰਦੀ ਹੈ। ਇਹ ਹੀ ਨਹੀਂ, ਬੇਦਾਵਾ ਦੇ ਕੇ ਘਰਾਂ ਨੂੰ ਜਾਣ ਵਾਲੇ 40 ਸਿੰਘਾਂ ਨੂੰ ਮੋੜ ਕੇ ਮੈਦਾਨੇ ਜੰਗ ਵਿਚ ਮਾਈ ਭਾਗੋ ਵਾਪਸ ਲੈ ਕੇ ਆਉਂਦੀ ਹੈ ਅਤੇ ਜਥੇ ਦੀ ਅਗਵਾਈ ਕਰਦੀ ਹੈ। ਮਾਈ ਭਾਗੋ ਕਾਰਨ ਉਹ ਦਸਮ ਪਿਤਾ ਤੋਂ ਬੇਦਾਵਾ ਪੜਵਾ ਕੇ 40 ਮੁਕਤਿਆਂ ਦੇ ਰੁਤਬੇ ਦੇ ਹੱਕਦਾਰ ਬਣਦੇ ਹਨ। ਮਾਈ ਭਾਗੋ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ-ਰਖਿਅਕ ਦਾ ਫਰਜ਼ ਨਿਭਾਉਂਦੇ ਹੋਏ ਉਨ੍ਹਾਂ ਨਾਲ ਦੱਖਣ ਵਿਚ ਜਾਂਦੀ ਹੈ। ਦਸਮ ਪਾਤਿਸ਼ਾਹ ਨੇ ਨੌਵੇਂ ਗੁਰੂ ਦੀ ਬਾਣੀ ਦਰਜ ਕਰਕੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਾਕਾਇਦਾ ਪਰੰਪਰਾ ਅਨੁਸਾਰ ਦੇ ਕੇ ਆਉਣ ਵਾਲੇ ਸਦੀਵ ਸਮਿਆਂ ਲਈ ਸਿੱਖ ਪੰਥ ਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ ਅਤੇ ਸਦਾ ਸਦਾ ਲਈ ਸ਼ਬਦ ਗੁਰੂ ਤੋਂ ਅਗਵਾਈ ਲੈਣ ਦਾ ਹੁਕਮ ਕਰ ਦਿੱਤਾ।
ਇੱਥੇ ਇਹ ਗੱਲ ਅਹਿਮ ਵੀ ਅਤੇ ਯਾਦ ਰੱਖਣ ਵਾਲੀ ਵੀ ਹੈ ਕਿ ḔਗੁਰਗੱਦੀḔ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਅਤੇ ਪੰਥਕ ਫੈਸਲੇ ਕਰਨ ਦਾ ਹੱਕ ਖਾਲਸੇ ਨੂੰ ਸ਼ਬਦ ਗੁਰੂ ਦੀ ਅਗਵਾਈ ਵਿਚ ਗੁਰੂ ਦੇ ਸਿਧਾਂਤਾਂ ਅਨੁਸਾਰ ਹੀ ਕਰਨ ਦਾ ਦਿੱਤਾ। ਦਸਮ ਪਾਤਿਸ਼ਾਹ ਹਜ਼ੂਰ ਬਾਰੇ ਭਾਈ ਨੰਦ ਲਾਲ ਗੋਯਾ ਦੀ ਲਿਖਤ Ḕਗੰਜ ਨਾਮਾḔ, ਜਿਸ ਦਾ ਅਨੁਵਾਦ ਡਾæ ਗੰਡਾ ਸਿੰਘ ਨੇ ਕੀਤਾ ਹੈ, ਵਿਚੋਂ ਕੁੱਝ ਪੰਕਤੀਆਂ ਹਨ:
ਨਾਸਿਰੋ ਮਨਜ਼ੂਰ ਗੁਰ ਗੋਬਿੰਦ ਸਿੰਘ
ਈਜ਼ਦਿ ਮਨਜ਼ੂਰ ਗੁਰ ਗੋਬਿੰਦ ਸਿੰਘ
ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ
ਜੁਮਲਾ ਫੈਜਿ ਨੂਰ ਗੁਰ ਗੋਬਿੰਦ ਸਿੰਘ
(ਗਰੀਬਾਂ ਦਾ ਰਾਖਾ) ਗੁਰੂ ਗੋਬਿੰਦ ਸਿੰਘ
ਰੱਬ ਦੀ ਰੱਖਿਆ ਵਿਚ ਗੁਰੂ ਗੋਬਿੰਦ ਸਿੰਘ
ਰੱਬ ਵੱਲੋਂ ਪਰਵਾਣ ਗੁਰੂ ਗੋਬਿੰਦ ਸਿੰਘ
ਗੁਰੂ ਗੋਬਿੰਦ ਸਿੰਘ ਸੱਚ ਦਾ ਖਜ਼ਾਨਾ ਹੈ
ਗੁਰੂ ਗੋਬਿੰਦ ਸਿੰਘ ਸਮੂਹ ਨੂਰ ਦੀ ਮਿਹਰ ਹੈ।