ਇਕ ਸ਼ਾਮ ਧਰਮ ਪ੍ਰਚਾਰਕਾਂ ਦੇ ਨਾਮ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਿਦੇਸ਼ਾਂ ਵਿਚਲੇ ਗੁਰਦੁਆਰਿਆਂ ਵਿਚ ਜਿਵੇਂ ਗੁਰਪੁਰਬ ਜਾਂ ਹੋਰ ਇਤਿਹਾਸਕ ਦਿਹਾੜੇ ਦਿਨ ਦੇ ਦਿਨ ਮਨਾਉਣ ਦੀ ਬਜਾਏ ਨੇੜਲੇ ਐਤਵਾਰ ਨੂੰ ਹੀ ਮਨਾਏ ਜਾਂਦੇ ਹਨ, ਇਵੇਂ ਵਿਦੇਸ਼ੀ ਵਸਦੇ ਬਹੁਤੇ ਸ਼ਰਧਾਲੂ ਭਾਵੇਂ ਐਤਵਾਰ ਨੂੰ ਹੀ ਗੁਰਦੁਆਰੇ ਹਾਜ਼ਰੀਆਂ ਭਰਦੇ ਹਨ, ਪਰ ਕਈ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਹ ਦਿਨ ਸੂਤ ਨਹੀਂ ਬਹਿੰਦਾ। ਆਪਣੇ ਪਰਿਵਾਰਕ ਜੀਆਂ ਦੇ ਕੰਮਾਂ-ਕਾਰਾਂ ਜਾਂ ਹੋਰ ਰੁਝੇਵਿਆਂ ਸਦਕਾ, ਉਹ ਹਫਤੇ ਦਾ ਕੋਈ ਹੋਰ ਦਿਨ ਆਪਣੀ ਸਹੂਲਤ ਮੁਤਾਬਕ ਚੁਣ ਲੈਂਦੇ ਹਨ।

ਕੰਮ-ਕਾਜੀ ਦਿਨਾਂ ਵਿਚ ਗੁਰਦੁਆਰਿਆਂ ਵਿਚ ਭਾਵੇਂ ਸੰਗਤ ਦੀ ਬਹੁਤੀ ਗਹਿਮਾ-ਗਹਿਮੀ ਨਹੀਂ ਹੁੰਦੀ, ਪਰ ਗੁਰਦੁਆਰੇ ਜਾਣ ਦੀ ਸ਼ਰਧਾ ਜਾਂ ਰਵਾਇਤ ਦੀ ਪਾਲਣਾ ਹੋ ਜਾਂਦੀ ਹੈ।
ਇੰਜ ਸਾਡੇ ਪਰਿਵਾਰ ਦਾ ਵੀ ਅੱਜ ਗੁਰਦੁਆਰੇ ਜਾਣ ਦਾ ਤੈਅਸ਼ੁਦਾ ਦਿਨ ਸੀ। ਸ਼ਾਮ ਨੂੰ ਚਾਰ ਕੁ ਵਜੇ ਚਾਹ ਪੀਂਦਿਆਂ ਬੇਟੇ ਨੇ ਸਭ ਨੂੰ ਸੂਚਿਤ ਕਰ ਦਿੱਤਾ ਕਿ ਜਲਦੀ ਤਿਆਰ ਹੋ ਜਾਇਓ, ਅੱਜ ਆਪਾਂ ਜ਼ਰਾ ਜਲਦੀ ਪਹੁੰਚੀਏ ਗੁਰਦੁਆਰਾ ਸਾਹਿਬ। ਆਮ ਰੁਟੀਨ ਨਾਲੋਂ ਜ਼ਰਾ ਜਲਦੀ ਜਾਣ ਦਾ ਕਾਰਨ ਪੁੱਛੇ ਬਗੈਰ ਮੈਂ ਫਟਾ-ਫਟ ਇਸ਼ਨਾਨ ਕਰਨ ਵਾਸ਼ਰੂਮ ਜਾ ਵੜਿਆ। ਸਾਰੇ ਘਰਾਂ ਵਿਚ ਇਹ ਸੀਨ ਆਮ ਹੀ ਦੇਖਿਆ ਜਾ ਸਕਦਾ ਹੈ ਕਿ ਘਰੋਂ ਬਾਹਰ ਜਾਣ ਵੇਲੇ ਬੀਬੀਆਂ ਆਪ ਭਾਵੇਂ ਘੀਸ ਘੀਸ ਕਰਦੀਆਂ ਅੰਦਰ ਬੈਠੀਆਂ ਮੀਨ ਮੇਖ ਕਰੀ ਜਾਣ, ਪਰ ਜੇ ਕੋਈ ਮਰਦ ਜੀਅ ਤੁਰਨ ਵੇਲੇ ਸ਼ੀਸ਼ੇ ਮੋਹਰੇ ਖੜ੍ਹ ਕੇ ਦਾੜ੍ਹੀ ‘ਤੇ ਬੁਰਸ਼ ਵੀ ਮਾਰਨ ਲੱਗ ਜਾਏ, ਤਦ ਉਹਦੀ ਵਿਚਾਰੇ ਦੀ ਸ਼ਾਮਤ ਆ ਜਾਂਦੀ ਹੈ। ਬਸ ਫਿਰ ਲੇਟ ਹੋ ਜਾਣ ਦਾ ਸਾਰਾ ਗੁਨਾਹ ਉਸੇ ਦਾ ਹੀ ਬਣ ਜਾਂਦਾ ਹੈ।
ਗੱਡੀ ਗੁਰਦੁਆਰੇ ਵੱਲ ਜਾ ਰਹੀ ਸੀ। ਬੇਟੇ ਨੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਜਥੇ ਦੇ ਗਾਇਨ ਕੀਤੇ ਸ਼ਬਦਾਂ ਦੀ ਸੀæਡੀæ ਚਲਾਉਂਦਿਆਂ ‘ਜ਼ਰਾ ਜਲਦੀ ਜਾਣ’ ਦਾ ਕਾਰਨ ਦੱਸਿਆ ਕਿ ਅੱਜ ਗੁਰਦੁਆਰੇ ਇਹੀ ਭਾਈ ਸਾਹਿਬ ਆਏ ਹੋਏ ਨੇ; ਉਨ੍ਹਾਂ ਦਾ ਟਾਈਮ ਪਹਿਲਾਂ ਹੈ, ਬਾਅਦ ਵਿਚ ਦੂਜੇ ਜਥੇ ਨੇ ਕੀਰਤਨ ਕਰਨਾ ਹੈ। ਇਸ ਰਾਗੀ ਸਿੰਘ ਦਾ ਨਾਂ ਸੁਣਦਿਆਂ ਹੀ ਮੇਰੇ ਮਨ ਮਸਤਿਕ ਵਿਚ ਚੱਲ ਰਹੀ ਸੋਚ ਲੜੀ ਵਿਚ ‘ਤੜੱਕ’ ਜਿਹੀ ਹੋ ਗਈ।
ਆਪਣੇ ਸੁਭਾਅ ਮੁਤਾਬਕ ਪਹਿਲਾਂ ਤਾਂ ਮੈਂ ਉਸੇ ਵੇਲੇ ‘ਲੈਕਚਰ’ ਸ਼ੁਰੂ ਕਰਨ ਲੱਗਾ ਸੀ, ਪਰ ਸਮਾਂ, ਸਥਾਨ ਤੇ ਮਾਹੌਲ ਵਿਚਾਰ ਕੇ ਚੁੱਪ ਹੀ ਰਿਹਾ। ਆਪਣੇ ਸਮੇਂ ਦੀ ਪੰਜ ਸੌ ਤਰਤਾਲੀ ਨੰਬਰ ਮਾਡਲ ਵਾਲੀ ਟੇਪ ਰਿਕਾਰਡ ਯਾਦ ਆ ਗਈ ਜੋ ਅਸੀਂ ਬੜੀਆਂ ਰੀਝਾਂ ਨਾਲ ਬਾਹਰੋਂ ਮੰਗਵਾਈ ਸੀ ਤੇ ਉਨ੍ਹਾਂ ਦਿਨਾਂ ਵਿਚ ਮੈਂ ਟੇਪਾਂ ਵਾਲੀ ਦੁਕਾਨ ‘ਤੇ ਪੁੱਛਦਾ ਹੁੰਦਾ ਸੀ ਕਿ ਭਾਈ ਸ੍ਰੀਨਗਰ ਵਾਲਿਆਂ ਦੀ ਕੋਈ ਨਵੀਂ ਟੇਪ ਆਈ ਐ? ਸਾਡੇ ਘਰ ਸਵੇਰੇ ਸ਼ਾਮ ਉਨ੍ਹਾਂ ਦੀਆਂ ਕੈਸਟਾਂ ਵੱਜਦੀਆਂ ਸਨ- ਸਭੁ ਦੇਸ ਪਰਾਇਆæææ, ਮਤਲਬ, ਭਾਈ ਸਾਹਿਬ ਦੇ ਜਥੇ ਦੀ ਹਰ ਨਵੀਂ ਕੈਸਿਟ ਲਿਆਉਣੋਂ ਨਾ ਖੁੰਝਦੇ। ਕਈ ਵਾਰ ਅਸੀਂ ਸਟੇਜਾਂ ‘ਤੇ ਵੀ ਇਕੱਠੇ ਹੁੰਦੇ ਰਹੇ, ਪਰ ਹੁਣ ਉਨ੍ਹਾਂ ਦਾ ਨਾਂ ਸੁਣ ਕੇ ਹੋਈ ‘ਤੜੱਕ’ ਨੂੰ ਮੈਂ ਵਿਚੇ ਵਿਚ ਪੀ ਗਿਆ।
ਸ਼ਰਧਾ ਭਾਵਨਾ ਨਾਲ ਅਸੀਂ ਮੱਥਾ ਟੇਕ ਕੇ ਸੰਗਤ ਵਿਚ ਬਹਿ ਗਏ। ਜਿਵੇਂ ਇਕ ਸਾਖੀ ਦੱਸਦੀ ਹੈ ਕਿ ਗੁਰੂ ਨਾਨਕ ਨੇ ਨਮਾਜ ਪੜ੍ਹਦੇ ਕਾਜ਼ੀ ਤੇ ਨਵਾਬ ਨੂੰ ਕਿਹਾ ਸੀ ਕਿ ਤੁਹਾਡਾ ਧਿਆਨ ਤਾਂ ਘਰੇ ਸੂਈ ਘੋੜੀ ਤੇ ਵਛੇਰੇ ਵਿਚ ਹੀ ਰਿਹਾ; ਇਵੇਂ ਮੈਂ ਭਾਵੇਂ ਭਾਈ ਸ੍ਰੀਨਗਰ ਵਾਲੇ ਦੀ ਆਵਾਜ਼ ਵਿਚ ਸ਼ਬਦ ਸੁਣ ਰਿਹਾ ਸਾਂ, ਪਰ ਮੇਰੇ ਧਿਆਨ ਵਿਚ ‘ਤੜੱਕ’ ਹੀ ਤਾਂਹ-ਠਾਂਹ ਹੋ ਰਹੀ ਸੀ। ਅੱਖਾਂ ਮੀਚ ਮੀਚ ਹੱਥ ਜੋੜ ਜੋੜ, ਗਾਇਨ ਦੀ ਲੈਅ ਨਾਲ ਸਿਰ ਹਿਲਾਉਣ ਦਾ ਬਹੁਤ ਯਤਨ ਕਰ ਰਿਹਾ ਸਾਂ, ਪਰ ਮੇਰੀ ਲਿਵ ਸ਼ਬਦ ਨਾਲ ਜੁੜਨ ਤੋਂ ਮੁੜ ਮੁੜ ਆਕੀ ਹੋਈ ਜਾ ਰਹੀ ਸੀ।
ਉਤੋਂ ਭਾਈ ਸਾਹਿਬ ਸ਼ਬਦ ਹੀ ਉਹ ਗਾਉਣ ਲੱਗ ਪਏ ਜਿਸ ਦਾ ਭਾਵ ਅਰਥ ਕੁਝ ਅਜਿਹਾ ਸੀ ਕਿ ਐ ਇਨਸਾਨ! ਆਪਣੇ ਸੁੱਖਾਂ ਦੇ ਲਾਲਚ ਅਧੀਨ ਤੂੰ ਦੁਨਿਆਵੀ ਤਾਕਤਾਂ ਅੱਗੇ ਕਾਹਨੂੰ ਝੁਕਦਾ ਫਿਰਦਾ ਹੈਂ! ਸੰਗਤ ਵਿਚ ਬੈਠਾ ਭਾਵੇਂ ਮੈਂ ‘ਸ਼ਾਂਤ’ ਦਿਖਾਈ ਦੇ ਰਿਹਾ ਹੋਵਾਂਗਾ, ਪਰ ਮੇਰੇ ਅੰਦਰਲੀ ਸੋਚ ਲੜੀ ਵਿਚ ਫਸੀ ਪਈ ‘ਤੜੱਕ’ ਉਕਤ ਸ਼ਬਦ ਸੁਣਦਿਆਂ ਹੋਰ ਉਬਾਲੇ ਮਾਰਨ ਲੱਗ ਪਈ।
ਇਹ ਸ਼ਬਦ ਭਾਈ ਸਾਹਿਬ ਨੇ ਹੁਣ ਪਹਿਲੀ ਵਾਰ ਤਾਂ ਪੜ੍ਹਿਆ ਨਹੀਂ ਹੋਣਾæææ ਇਸ ਦੇ ਅਰਥਾਂ ਤੋਂ ਵੀ ਉਹ ਚੰਗੀ ਤਰ੍ਹਾਂ ਵਾਕਫ ਹੋਣਗੇ, ਪਰ ਕੁਝ ਸਾਲ ਪਹਿਲਾਂ ਇਸ ਰਾਗੀ ਜੀ ਨੇ ਉਸ ਬੀਬੀ ਨੂੰ ‘ਮਹਾਨ ਧਰਮੀ’ ਅਤੇ ‘ਗੁਰਮਤਿ ਦੀ ਧਾਰਨੀ’ ਕੀ ਸੋਚ ਕੇ ਬਿਆਨਿਆ ਹੋਵੇਗਾ ਜਿਸ ਦੇ ਨਾਮ ਨਾਲ ਰਿਸ਼ਵਤ ਦਾ ਧਨ ਸਾਂਭਣ ਦੇ ਕਿੱਸੇ ਪੰਜਾਬੀਆਂ ਵਿਚ ਦੰਦ ਕਥਾਵਾਂ ਬਣ ਗਏ ਸਨ? ਉਥੇ ਬੀਬੀ ਜੀ ਦੇ ਪਤੀ ਅਤੇ ਪੁੱਤ ਨੇ ਪੰਜਾਬ ਨੂੰ ਜੋਕਾਂ ਵਾਂਗ ਚੂਸਿਆ! ਪਰ ਪੰਥ ਵਿਚ ਚੰਗਾ ਨਾਮ ਬਣਾਉਣ ਵਾਲੇ ਅਤੇ ਨਿਰੰਕਾਰ ਦੀ ਸਿਫਤ ਸਲਾਹ ਕਰਨ ਵਾਲੇ ਇਸ ਪੰਥਕ ਰਾਗੀ ਨੇ ਬਿਨਸਣਹਾਰ ‘ਅਕਾਰ’ ਦੀ ਚਾਪਲੂਸੀ ਵਰਗੀ ‘ਸੋਭਾ’ ਕਿਉਂ ਕੀਤੀ ਹੋਵੇਗੀ?
ਖੈਰ! ਲੰਗਰ ਛਕਣ ਤੋਂ ਬਾਅਦ ਜਦ ਮੈਂ ਜੋੜਾ ਪਾ ਕੇ ਅਖਬਾਰਾਂ ਚੁੱਕਣ ਲੱਗਾ, ਤਾਂ ‘ਨੀਤ ਨੂੰ ਮੁਰਾਦਾਂ ਲੱਗਣ’ ਵਾਂਗ ਇਕ ਕੌਤਕ ਮੇਰੇ ਨਾਲ ਹੋਰ ਹੋ ਗਿਆ। ਪਤਾ ਨਹੀਂ ਸ਼ਰਧਾਲੂ-ਜਨ ਪ੍ਰਚਾਰ ਵਿਚ ‘ਯੋਗਦਾਨ’ ਪਾਉਣ ਦੀ ਮਨਸ਼ਾ ਨਾਲ ਜਾਂ ਆਪਣੇ ਘਰਾਂ ਦਾ ਫਾਲਤੂ ਸਮਾਨ ਬਾਹਰ ਕੱਢਣ ਹਿੱਤ ਇਹ ‘ਨੇਕ’ ਕਾਰਜ ਕਰਦੇ ਹੋਣਗੇ! ਉਹ ਗੁਰਦੁਆਰੇ ਅਖਬਾਰਾਂ ਵਾਲੇ ਟੇਬਲ ਕੋਲ ਪੁਰਾਣੀਆਂ ਕੈਸਟਾਂ ਤੇ ਸੀਡੀਆਂ ਦੀ ਢੇਰੀ ਲਾ ਜਾਂਦੇ ਹਨ। ਮੇਰੀ ਨਿਗ੍ਹਾ ਇਕ ਕੈਸਿਟ ‘ਤੇ ਪਈ। ਜਦ ਮੈਂ ਚੁੱਕ ਕੇ ਦੇਖੀ ਤਾਂ ਮੈਂ ਨਿਹਾਲੋ-ਨਿਹਾਲ ਹੋ ਗਿਆ। ਇਸ ਕੈਸਿਟ ਦਾ ਨਾਂ ਸੀ ‘ਸਿੱਖ ਅਤੇ ਅਸਿੱਖ।’ ਪ੍ਰਵਚਨ ਕਰਤਾ ਸਨ ਬਾਬਾ ਧਨਵੰਤ ਸਿੰਘ ਗੁਰਦਾਸਪੁਰ ਵਾਲੇ। ਇਸ ਕੈਸਿਟ ‘ਤੇ ਲਿਖੇ ਅਨੁਸਾਰ ‘ਗੁਰਮਤਿ ਚੇਤਨਾ ਲਹਿਰ’ ਚਲਾਉਂਦੇ ਰਹੇ ਇਸ ‘ਮਹਾਂਪੁਰਖ’ ਦੀ ‘ਬਾਪੂ’ ਆਸਾ ਰਾਮ ਦੇ ਕਾਰਿਆਂ ਵਰਗੀ ਸੋਭਾ ਤੋਂ ਸ਼ਾਇਦ ਹੀ ਕੋਈ ਪੰਜਾਬੀ ਨਾ-ਵਾਕਫ ਹੋਵੇ।
ਮੈਨੂੰ ਲੱਗਿਆ ਕਿ ਸ੍ਰੀਨਗਰ ਵਾਲੇ ਭਾਈ ਸਾਹਿਬ ਤੋਂ ਕੀਰਤਨ ਸੁਣ ਕੇ ਮੇਰਾ ਬੇਟਾ ਵੀ ਬਹੁਤਾ ਪ੍ਰਸੰਨ ਨਾ ਹੋਇਆ। ਸ਼ਾਇਦ ਇਸੇ ਕਰ ਕੇ ਉਸ ਨੇ ਘਰੇ ਆ ਕੇ ਵੱਡੀ ਸਕਰੀਨ ਉਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕੀਰਤਨ ਪ੍ਰੋਗਰਾਮ ਲਾ ਲਿਆ। ਯੂ-ਟਿਊਬ ‘ਤੇ ਪਈ ਇਸ ਵੀਡੀਓ ਦਾ ਸਿਰਲੇਖ ‘ਸਭ ਤੋਂ ਵੱਡੀ ਦੁਰਘਟਨਾ ਕੀ ਹੈ?’ ਦੇਖ ਕੇ ਮੈਂ ਵੀ ਉਤਸੁਕਤਾ ਨਾਲ ਸੁਣਨ ਲੱਗ ਪਿਆ। ਉਦੋਂ ਮੇਰੇ ਕੰਨ ਖੜ੍ਹੇ ਹੋ ਗਏ ਜਦ ਮੈਂ ਦੇਖਿਆ ਕਿ ਇਹ ਭਾਈ ਜੀ, ਭਗਤ ਕਬੀਰ ਦੇ ਉਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਜਿਸ ਦੇ ਅਰਥਾਂ ਬਾਰੇ ਮੈਂ ਕਈ ਸਾਲਾਂ ਤੋਂ ਭਾਰੀ ਦੁਬਿਧਾ ਵਿਚ ਸਾਂ। ਰਾਗ ਗੋਂਡ ਵਿਚਲੇ ਇਸ ਸ਼ਬਦ ਦੇ ਹੁਣ ਤੱਕ ਇਹੀ ਅਰਥ ਸੁਣਦੇ ਆਏ ਹਾਂ ਕਿ ਮਨੁੱਖ ਮਰ ਜਾਵੇ ਤਾਂ ਇਹ ਮਨੁੱਖਾਂ ਦੇ ਕੰਮ ਵੀ ਨਹੀਂ ਆਉਂਦਾ, ਪਰ ਪਸ਼ੂ ਮਰ ਕੇ ਵੀ ਦਸ ਕਾਜ ਸਵਾਰਦਾ ਹੈ।
ਨਰੂ ਮਰੈ ਨਰੁ ਕਾਮਿ ਨ ਆਵੈ
ਪਸੂ ਮਰੈ ਦਸ ਕਾਜ ਸਵਾਰੈ॥
ਉਧਰ ਤਾਂ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਮ੍ਰਿਤਕ ਸਰੀਰ ਦੇ ਵੱਖ ਵੱਖ ਅੰਗ ਕੱਢ ਕੇ, ਲੋੜਵੰਦ ਜੀਵਤ ਸਰੀਰਾਂ ਵਿਚ ਜੜਨੇ ਸ਼ੁਰੂ ਹੋ ਗਏ, ਤੇ ਇੰਜ ਮਰਨ ਕਿਨਾਰੇ ਪਹੁੰਚੇ ਹੋਏ ਸਰੀਰਾਂ ਨੂੰ ਲਾਸ਼ਾਂ ਤੋਂ ਵੀ ਨਵਾਂ ਜੀਵਨ ਮਿਲਣ ਲੱਗ ਪਿਆ। ਇਧਰ ਸਾਡੇ ਕਈ ਸਾਧ ਬਾਬੇ ਅਤੇ ਗੀਤਕਾਰ ਉਪਰੋਕਤ ਸ਼ਬਦ ਨੂੰ ਆਧਾਰ ਬਣਾ ਕੇ ਬਹੁਤ ਕਰੁਣਾਮਈ ਆਵਾਜ਼ਾਂ ਕੱਢ ਕੱਢ ਕੇ ਇੰਜ ਗੀਤ ਜਾਂ ਧਾਰਨਾ ਗਾਉਂਦੇ ਸੁਣੀਂਏ ਹਨ,
ਤੇਰਾ ਚੰਮ ਵੀ ਕਿਸੇ ਨੀ ਕੰਮ ਆਉਣਾ
ਪਸੂਆਂ ਦੇ ਹੱਡ ਵਿਕਦੇæææ।
ਗਾਹੇ-ਬ-ਗਾਹੇ ਮਿਲਦੇ ਰਹੇ ਗੁਣੀ-ਗਿਆਨੀਆਂ, ਪ੍ਰਚਾਰਕਾਂ ਪਾਸੋਂ ਮੌਕਾ ਮਿਲੇ ਤੋਂ ਉਕਤ ਸ਼ਬਦ ਦੇ ਅਰਥ ਪੁੱਛਦਾ ਰਿਹਾ ਹਾਂ, ਪਰ ਤਸੱਲੀਬਖਸ਼ ਅਰਥ ਕਿਸੇ ਕੋਲੋਂ ਵੀ ਸੁਣਨ ਨੂੰ ਨਹੀਂ ਮਿਲੇ। ਇਕ ਸੱਜਣ ਤਾਂ ਅਰਥ ਪੁੱਛਣ ਲੱਗਿਆਂ ਮੇਰੇ ਗਲ ਹੀ ਪੈ ਗਿਆ ਸੀ; ਅਖੇ, ਤੁੰ ਸਿੱਖ ਹੀ ਨਹੀਂ ਜੋ ਗੁਰਬਾਣੀ ‘ਤੇ ਕਿੰਤੂ ਪ੍ਰੰਤੂ ਕਰਦਾ ਹੈਂ! ਇਕ ਹੋਰ ਦੋਸਤ ਜੋ ਖੁਦ ਆਮ ਲੋਕਾਂ ਨੂੰ ਪ੍ਰੇਰ ਕੇ ਉਨ੍ਹਾਂ ਪਾਸੋਂ ਅੰਗ ਦਾਨ ਲਈ ਪ੍ਰਣ ਪੱਤਰ ਭਰਵਾਉਣ ਦੀ ਨਿਸ਼ਕਾਮ ਸੇਵਾ ਕਰ ਰਿਹਾ ਹੈ, ਕਹਿਣ ਲੱਗਾ, “ਮੈਂ ਆਪ ਇਸ ਸਵਾਲ ਦਾ ਸਾਹਮਣਾ ਕਰਨ ਤੋਂ ਅਸਮਰੱਥ ਹਾਂ।” ਕਈ ਦਫਾ ਇਸ ਸ਼ਬਦ ਦੀਆਂ ਤੁਕਾਂ ਬੋਲ ਕੇ ਲੋਕ ਅਕਸਰ ਪੁੱਛਦੇ ਨੇ ਕਿ ਤੁਸੀਂ ਅੰਗ ਦਾਨ ਲਈ ਪ੍ਰਚਾਰ ਕਰਦੇ ਹੋ, ਪਰ ਗੁਰਬਾਣੀ ਤਾਂ ਇੰਜ ਕਹਿੰਦੀ ਹੈæææ।
ਸੋ, ਮੈਂ ਆਪਣੀ ਚਿਰੋਕਣੀ ਜਿਗਿਆਸਾ ਦੀ ਚਰਚਾ ਸੁਣ ਕੇ ਅੱਖਾਂ ਤੇ ਕੰਨ ਖੋਲ੍ਹ ਕੇ ਬਹਿ ਗਿਆ। ਬਸ ਇਉਂ ਸਮਝੋ ਕਿ ਦਸਾਂ ਪੰਦਰਾਂ ਮਿੰਟਾਂ ਦੇ ਵਿਚ ਵਿਚ ਮੇਰੇ ਅਗਲੇ ਪਿਛਲੇ ਨਿਰੇ ਸ਼ੰਕੇ ਹੀ ਨਵਿਰਤ ਨਹੀਂ ਹੋਏ, ਸਗੋਂ ਸਹੀ ਅਰਥਾਂ ਵਿਚ ਇਨਸਾਨ ਬਣਨ ਦੀ ਪ੍ਰੇਰਨਾ ਵੀ ਮਿਲ ਗਈ। ਅਰਥਾਂ ਦੇ ਅਨਰਥ ਹੋਣ ਦੀ ਘੁੰਡੀ ਖੋਲ੍ਹਦਿਆਂ ਬੜੇ ਸਾਦ ਮੁਰਾਦੇ ਢੰਗ ਨਾਲ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਕਹਿਣ ਨੂੰ ਤਾਂ ਅਸੀਂ ਸਾਰੇ ਇਨਸਾਨ ਬਣੇ ਫਿਰਦੇ ਹਾਂ, ਪਰ ਅਸੀਂ ਆਪਣੇ ਕਰਮਾਂ (ਕੰਮਾਂ-ਕਰਤੂਤਾਂ) ਵੱਲ ਧਿਆਨ ਹੀ ਨਹੀਂ ਦਿੰਦੇ। ਕਿਸੇ ਨਾਲ ਛਲ ਕਪਟ ਕਰਨ ਵੇਲੇ ਸਾਡੇ ਅੰਦਰ ਲੂੰਬੜ, ਹਮਲਾਵਰ ਬਣ ਕੇ ਜਾਨ ਲੈਣ ਵੇਲੇ ਬਘਿਆੜ, ਅਕਾਰਨ ਜ਼ਿਦ ਜਾਂ ਖਹਿਬਾਜ਼ੀ ਕਰਨ ਵੇਲੇ ਝੋਟਾ ਜਾਂ ਢੱਠਾ ਅਤੇ ਚਲਾਕੀ ਕਰਨ ਵੇਲੇ ਲੂੰਬੜੀ ਉਠ ਖਲੋਂਦੇ ਹਨ। ਇਵੇਂ ਸਰੂਪ ਪੱਖੋਂ ‘ਨਰ’ ਬਣੇ ਫਿਰਦੇ ਮਨੁੱਖ ਵਿਚਲੇ ਪਸੂ ਜਦੋਂ ਮਰ ਜਾਂਦੇ ਹਨ, ਤਦ ਉਹ ਸਮਾਜ ਲਈ ਉਪਯੋਗੀ ਬਣਦਾ ਹੈ; ਲੇਕਿਨ ਜਿੰਨਾ ਚਿਰ ਉਸ ਵਿਚ ਮਾੜੀਆਂ ਬਿਰਤੀਆਂ (ਭਾਵ ਪਸ਼ੂ) ਰਹਿੰਦੀਆਂ ਨੇ ਤਾਂ ਉਸ ਵਿਚੋਂ ਇਨਸਾਨੀਅਤ ਮਰ ਜਾਂਦੀ ਹੈ। ਮਰੀ ਇਨਸਾਨੀਅਤ ਵਾਲਾ ‘ਨਰ’ ਤਾਂ ਦੂਸਰੇ ਨਰਾਂ ਦੇ ਕੰਮ ਵੀ ਨਹੀਂ ਆ ਸਕਦਾ।
ਬਹੁਤ ਪੁਰਾਣੀ ਅੜਾਉਣੀ ਹੱਲ ਹੋਣ ‘ਤੇ ਹਲਕਾ ਫੁੱਲ ਮਹਿਸੂਸ ਹੁੰਦਿਆਂ ਮੈਂ ਸੋਚਿਆ ਕਿ ਧਰਮ ਪ੍ਰਚਾਰਕਾਂ ਦੇ ਨਾਮ ਬਤੀਤ ਹੋਈ ਸ਼ਾਮ ਦਾ ਕਾਫੀ ਲਾਹਾ ਮਿਲ ਗਿਆ!