ਸਾ ਰੁਤ ਸੁਹਾਵੀ-2

ਡਾ. ਗੁਰਨਾਮ ਕੌਰ, ਕੈਨੇਡਾ
ਗੁਰਮਤਿ ਅਨੁਸਾਰ ਉਸ ਹਰ ਪਲ, ਹਰ ਦਿਨ, ਹਰ ਰੁਤ ਜਾਂ ਮੌਸਮ ਦਾ ਆਪਣਾ ਮਹੱਤਵ ਤੇ ਸੁਹਪਣ ਹੈ ਜੋ ਉਸ ਸ਼ੁਭ ਕਰਮ, ਨਾਮ ਸਿਮਰਨ ਲਈ ਅਕਾਲ ਪੁਰਖ ਦੇ ਲੇਖੇ ਲਾਇਆ ਜਾਂਦਾ ਹੈ। ਇਸ ਲਈ ਸਾਰੇ ਦਿਨ, ਮਹੀਨੇ, ਰੁੱਤਾਂ ਸੁਹਣੀਆਂ ਹਨ। ਚੇਤ ਤੋਂ ਅਗਲਾ ਮਹੀਨਾ ਵੈਸਾਖ ਦਾ ਹੈ। ਵੈਸਾਖ ਸਿੱਖ ਧਰਮ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ 1699 ਦੀ ਵੈਸਾਖੀ ਖਾਲਸੇ ਦਾ ਜਨਮ ਦਿਨ ਹੈ। ਇਹ ਉਹ ਸ਼ੁਭ ਦਿਹਾੜਾ ਹੈ ਜਦੋਂ ਦਸਮ ਪਾਤਿਸ਼ਾਹ ਹਜ਼ੂਰ ਨੇ ਸਿੱਖ ਇਲਹਾਮ, “ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥” ਦਾ ਅਮਲੀ ਪ੍ਰਕਾਸ਼ਨ ਕਰਦਿਆਂ ਖਾਲਸੇ ਦੀ ਸਿਰਜਣਾ ਕਰਕੇ ਗੁਰੂ ਨਾਨਕ ਦੇ ਮਿਸ਼ਨ ਦੀ ਪੂਰਤੀ ਕੀਤੀ। ਇਸ ਨੂੰ ਭਾਈ ਗੁਰਦਾਸ ਸਿੰਘ ਦੂਜੇ ਨੇ ‘ਸੰਗਤਿ ਕੀਨੀ ਖਾਲਸਾ’ ਕਿਹਾ ਹੈ ਅਰਥਾਤ ਨਾਨਕ ਨਾਮ ਲੇਵਾ ਸੰਗਤਿ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ਖਾਲਸੇ ਦਾ ਰੂਪ ਬਖ਼ਸ਼ਿਸ਼ ਕੀਤਾ।
ਗੁਰੂ ਨਾਨਕ ਵੈਸਾਖ ਦੇ ਮਹੀਨੇ ਦਾ ਜ਼ਿਕਰ ਕਰਦਿਆਂ ‘ਤੁਖਾਰੀ ਛੰਤ ਮਹਲਾ 1 ਬਾਰਹਮਾਹਾ’ ਵਿਚ ਫਰਮਾਉਂਦੇ ਹਨ ਕਿ ਵੈਸਾਖ ਦਾ ਮਹੀਨਾ ਮਨ ਨੂੰ ਭਲਾ ਲਗਦਾ ਹੈ, ਇਸ ਮਹੀਨੇ ਬਨਸਪਤੀ ਮੌਲਦੀ ਹੈ, ਦਰਖਤਾਂ/ਬ੍ਰਿਛਾਂ, ਪੌਧਿਆਂ ‘ਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ, ਨਵੀਆਂ ਟਾਹਣੀਆਂ/ਪੱਤੇ ਉਗਦੇ ਹਨ ਜਿਨ੍ਹਾਂ ਦੀ ਕੋਮਲਤਾ ਮਨ ਨੂੰ ਭਲੀ ਲਗਦੀ ਹੈ। ਇਸ ਸੁਹਾਵਣੀ ਰੁੱਤੇ ਪਤਨੀ ਆਪਣੇ ਦੂਰ ਗਏ ਪਤੀ ਦੀ ਉਡੀਕ ਕਰਦੀ ਹੈ, ਉਸ ਦੇ ਮਨ ਵਿਚ ਪਤੀ ਨੂੰ ਮਿਲਣ ਦੀ ਇੱਛਾ ਪਰਬਲ ਹੁੰਦੀ ਹੈ ਕਿ ਉਹ ਘਰ ਆਵੇ। ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਅਰਥਾਤ ਜਗਿਆਸੂ ਦੇ ਮਨ ਵਿਚ ਕੁਦਰਤਿ ਦਾ ਇਹ ਖਿੜਿਆ ਸੁਹੱਪਣ ਆਪਣੇ ਪ੍ਰੀਤਮ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਕਰਦਾ ਹੈ। ਜੀਵ-ਇਸਤਰੀ ਅਕਾਲ ਪੁਰਖ ਅੱਗੇ ਉਸ ਦੀ ਮਿਹਰ ਪ੍ਰਾਪਤ ਕਰਨ ਲਈ ਅਰਦਾਸ ਕਰਦੀ ਹੈ ਕਿ ਅਕਾਲ ਪੁਰਖ ਉਸ ਦੇ ਹਿਰਦੇ ਵਿਚ ਨਿਵਾਸ ਕਰੇ, ਉਸ ਨੂੰ ਆਤਮ-ਅਨੁਭਵ ਹੋਵੇ ਅਤੇ ਉਸ ਦੀ ਮਿਹਰ ਸਦਕਾ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੇ। ਉਸ ਪਤੀ-ਪਰਮੇਸ਼ਰ ਤੋਂ ਬਿਨਾਂ ਜੀਵ ਦਾ ਮੁੱਲ ਅੱਧੀ ਕੌਡੀ ਜਿੰਨਾ ਵੀ ਨਹੀਂ, ਉਸੇ ਤਰ੍ਹਾਂ ਜਿਵੇਂ ਪਤੀ ਤੋਂ ਬਿਨਾਂ ਸਮਾਜ ਵਿਚ ਇਸਤਰੀ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੁੰਦੀ। ਜੇ ਗੁਰੂ ਆਪ ਪਰਮਾਤਮਾ ਦੇ ਦਰਸ਼ਨ ਕਰੇ ਅਤੇ ਜਗਿਆਸੂ ਨੂੰ ਉਸ ਦੇ ਦਰਸ਼ਨ ਕਰਵਾ ਦੇਵੇ ਤੇ ਉਹ ਪਰਮਾਤਮਾ ਨੂੰ ਚੰਗਾ ਲੱਗ ਜਾਵੇ ਤਾਂ ਉਸ ਦੀ ਕੀਮਤ ਕੌਣ ਪਾ ਸਕਦਾ ਹੈ? ਗੁਰੂ ਰਾਹੀਂ ਉਸ ਨੂੰ ਯਕੀਨ ਹੋ ਜਾਵੇਗਾ ਕਿ ਅਕਾਲ ਪੁਰਖ ਕਿਤੇ ਬਾਹਰ ਨਹੀਂ ਵੱਸਦਾ ਜੀਵ ਦੇ ਅੰਦਰ ਹੀ ਵੱਸਦਾ ਹੈ, ਲੋੜ ਸਿਰਫ ਉਸ ਨੂੰ ਅਨੁਭਵ ਕਰਨ ਦੀ ਹੈ, ਅਕਾਲ ਪੁਰਖ ਦੇ ਅਸਲੀ ਨਿਵਾਸ ਸਥਾਨ ਦੀ ਮਨੁੱਖ ਨੂੰ ਪਛਾਣ ਹੋ ਜਾਵੇਗੀ। ਵੈਸਾਖ ਵਿਚ ਕੁਦਰਤਿ ਦੇ ਸੁਹਜ-ਸ਼ਿੰਗਾਰ ਨੂੰ ਦੇਖ ਕੇ ਉਸ ਜੀਵ-ਇਸਤਰੀ ਨੂੰ ਪਰਮਾਤਮ-ਅਨੁਭਵ ਹੁੰਦਾ ਹੈ ਜਿਸ ਦੀ ਸੁਰਤਿ-ਗੁਰੂ ਸ਼ਬਦ ਵਿਚ ਜੁੜਦੀ ਹੈ,
ਦੂਰਿ ਨ ਜਾਨਾ ਅੰਤਰਿ ਮਾਨਾ
ਹਰਿ ਕਾ ਮਹਲੁ ਪਛਾਨਾ॥
ਨਾਨਕ ਵੈਸਾਖੀਂ ਪ੍ਰਭੁ ਭਾਵੈ
ਸੁਰਤਿ ਸਬਦਿ ਮਨੁ ਮਾਨਾ॥6॥
ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਵੈਸਾਖ ਦਾ ਮਹੀਨਾ ਹਰ ਇਕ ਵਾਸਤੇ ਰੀਝਾਂ ਵਾਲਾ ਹੁੰਦਾ ਹੈ ਪਰ ਉਨ੍ਹਾਂ ਇਸਤਰੀਆਂ ਦਾ ਮਨ ਧੀਰਜ ਕਿਵੇਂ ਕਰ ਸਕਦਾ ਹੈ ਜਿਹੜੀਆਂ ਆਪਣੇ ਪ੍ਰੀਤਮ ਤੋਂ ਵਿਛੜੀਆਂ ਹੋਈਆਂ ਹਨ? ਇਸੇ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਹੜਾ ਅਕਾਲ ਪੁਰਖ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ, ਜਿਸ ਨੂੰ ਮਾਇਆ ਚੰਬੜੀ ਹੋਈ ਹੈ। ਪੁੱਤਰ, ਇਸਤਰੀ, ਧਨ/ਦੌਲਤ ਆਦਿ ਕੁੱਝ ਵੀ ਮਨੁੱਖ ਨਾਲ ਨਹੀਂ ਨਿਭਦਾ, ਉਸ ਦਾ ਸਦੀਵੀ ਸਾਥ ਨਹੀਂ ਦਿੰਦਾ। ਸਦੀਵੀ ਹਸਤੀ ਇੱਕ ਅਕਾਲ ਪੁਰਖ ਹੀ ਹੈ ਜੋ ਮਨੁੱਖ ਦੇ ਅੰਗ ਸੰਗ ਨਿਭਦੀ ਹੈ। ਦੁਨਿਆਵੀ ਮੋਹ ਸਾਰੀ ਲੋਕਾਈ ਨੂੰ ਵਿਆਪ ਰਿਹਾ ਹੈ ਜਿਸ ਵਿਚ ਸੰਸਾਰ ਵਾਰ ਵਾਰ ਫਸਦਾ ਹੈ ਅਤੇ ਆਤਮਕ ਮੌਤ ਮਰਦਾ ਹੈ। ਪਰਮਾਤਮਾ ਦਾ ਨਾਮ ਹੀ ਹੈ ਜੋ ਮਨੁੱਖ ਦੇ ਨਾਲ ਜਾਂਦਾ ਹੈ ਬਾਕੀ ਸਾਰੇ ਕਰਮ ਮਰਨ ਤੋਂ ਪਹਿਲਾਂ ਇਥੇ ਇਸ ਦੁਨੀਆਂ ਵਿਚ ਹੀ ਖੋਹ ਲਏ ਜਾਂਦੇ ਹਨ। ਪਰਮਾਤਮਾ ਤੋਂ ਬਿਨਾ ਇਸ ਜਿੰਦ ਦਾ ਹੋਰ ਕੋਈ ਸਦੀਵੀ ਸਾਥੀ ਨਹੀਂ ਹੁੰਦਾ। ਇਸ ਲਈ ਪ੍ਰੇਮ-ਸਰੂਪ ਪਰਮਾਤਮਾ ਨੂੰ ਵਿਸਾਰਨ ਨਾਲ ਖੁਆਰੀ ਹੀ ਹੁੰਦੀ ਹੈ। ਜਿਹੜੇ ਮਨੁੱਖ ਅਕਾਲ ਪੁਰਖ ਦੇ ਚਰਨੀਂ ਲੱਗਦੇ ਹਨ, ਉਸ ਦਾ ਓਟ-ਆਸਰਾ ਤੱਕਦੇ ਹਨ ਉਨ੍ਹਾਂ ਦੀ ਸ਼ੋਭਾ ਹੁੰਦੀ ਹੈ, ਉਨ੍ਹਾਂ ਨੂੰ ਵਡਿਆਈ ਮਿਲਦੀ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਸ ਨੂੰ ਅਕਾਲ ਪੁਰਖ ਦਾ ਦਿਲ-ਰਜਵਾਂ ਮਿਲਾਪ ਨਸੀਬ ਹੋਵੇ। ਵੈਸਾਖ ਦਾ ਮਹੀਨਾ ਜਿੰਨਾ ਮਰਜ਼ੀ ਕੁਦਰਤੀ ਸੁਹੱਪਣ ਨਾਲ ਭਰਪੂਰ ਹੋਵੇ ਪਰ ਇਹ ਤਾਂ ਹੀ ਸੁਹਣਾ ਲੱਗ ਸਕਦਾ ਹੈ ਜੇ ਪਰਮਾਤਮਾ ਨਾਲ ਮਿਲਾਪ ਹੋ ਜਾਵੇ:
ਨਾਨਕ ਕੀ ਪ੍ਰਭ ਬੇਨਤੀ
ਪ੍ਰਭ ਮਿਲਹੁ ਪਰਾਪਤਿ ਹੋਇ॥
ਵੈਸਾਖੁ ਸੁਹਾਵਾ ਤਾਂ ਲਗੈ
ਜਾ ਸੰਤ ਭੇਟੈ ਹਰਿ ਸੋਇ॥3॥
ਵੈਸਾਖ ਦਾ ਜੋ ਵਰਣਨ ਗੁਰੂ ਸਾਹਿਬਾਨ ਨੇ ਕੀਤਾ ਹੈ, ਚੰਦਰਮਾ ਦੀਆਂ ਤਿਥੀਆਂ ਅਨੁਸਾਰ ਜਦੋਂ ਇਹ ਖਿਸਕਦਾ ਹੋਇਆ ਅੱਗੇ ਚਲਿਆ ਜਾਵੇਗਾ ਫਿਰ ਕੁਦਰਤਿ ਦੇ ਮੌਲਣ ਦੀ ਸੁੰਦਰਤਾ ਦਾ ਸੰਦਰਭ ਕਿਥੇ ਜਾਵੇਗਾ?
ਗੁਰੂ ਨਾਨਕ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਜੇਠ ਦਾ ਮਹੀਨਾ ਉਨ੍ਹਾਂ ਨੂੰ ਹੀ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਆਪਣਾ ਪ੍ਰੀਤਮ ਪਿਆਰਾ ਕਦੇ ਵਿਸਰਦਾ ਨਹੀਂ। ਜੇਠ ਦੇ ਮਹੀਨੇ ਲੋਅ ਵਗਦੀ ਹੈ ਭਾਵ ਗਰਮ ਹਵਾ ਚਲਦੀ ਹੈ ਤੇ ਜ਼ਮੀਨ ਤਪਣ ਲੱਗ ਪੈਂਦੀ ਹੈ। (ਗੁਰਮੁਖਿ ਜਗਿਆਸੂ) ਜੀਵ-ਇਸਤਰੀ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਅਤੇ ਉਸ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਂਦੀ ਹੈ ਤਾਂ ਕਿ ਉਨ੍ਹਾਂ ਗੁਣਾਂ ਕਰਕੇ ਉਹ ਉਸ ਪਰਮਾਤਮਾ ਨੂੰ ਚੰਗੀ ਲੱਗੇ ਜਿਹੜਾ ਇਸ ਸੰਸਾਰਕ ਤਪਸ਼ ਤੋਂ ਨਿਰਾਲਾ ਹੈ। ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਜੇ ਉਸ ਦੀ ਆਗਿਆ ਹੋਵੇ ਤਾਂ ਉਹ ਉਸ ਪਰਮਾਤਮਾ ਦੇ ਮਹਿਲਾਂ ਅੰਦਰ ਚਲੀ ਜਾਵੇ ਅਤੇ ਸੰਸਾਰਕ ਤਪਸ਼ ਤੋਂ ਬਚ ਜਾਵੇ। ਜਦੋਂ ਤੱਕ ਜੀਵ-ਇਸਤਰੀ ਸੰਸਾਰਕ ਵਿਕਾਰਾਂ ਦੇ ਸੇਕ ਨਾਲ ਕਮਜ਼ੋਰ ਅਤੇ ਨਿਢਾਲ ਹੈ, ਉਦੋਂ ਤੱਕ ਉਸ ਪਰਮਾਤਮਾ ਦੇ ਨਿਵਾਸ ਦਾ, ਉਸ ਦੇ ਮਹਿਲਾਂ ਦਾ ਅਨੰਦ ਨਹੀਂ ਮਾਣ ਸਕਦੀ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਕੇ ਉਸ ਨਾਲ ਆਪਣੀ ਸਾਂਝ ਕਾਇਮ ਕਰ ਲੈਂਦਾ ਹੈ, ਉਹ ਉਸ ਪਰਮਾਤਮਾ ਵਰਗਾ ਹੀ ਸ਼ਾਂਤ-ਚਿੱਤ ਹੋ ਜਾਂਦਾ ਹੈ, ਉਸ ਦੀ ਮਿਹਰ ਸਦਕਾ ਉਸ ਨਾਲ ਇੱਕ ਰੂਪ ਹੋ ਜਾਂਦਾ ਹੈ ਅਰਥਾਤ ਦੁਨਿਆਵੀ ਵਿਕਾਰਾਂ ਦੀ ਤਪਸ਼ ਤੋਂ ਬਚਿਆ ਰਹਿੰਦਾ ਹੈ:-
ਮਾਹੁ ਜੇਠੁ ਭਲਾ
ਪ੍ਰੀਤਮੁ ਕਿਉ ਬਿਸਰੈ॥
ਥਲ ਤਾਪਹਿ ਸਰ ਭਾਰ
ਸਾਧਨ ਬਿਨਉ ਕਰੈ॥
ਗੁਰੂ ਅਰਜਨ ਦੇਵ ਫੁਰਮਾਉਂਦੇ ਹਨ ਕਿ ਜੇਠ ਦੇ ਮਹੀਨੇ ਵਿਚ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਜਿਸ ਅੱਗੇ ਸਾਰੇ ਸੀਸ ਝੁਕਾਉਂਦੇ ਹਨ। ਪਰਮਾਤਮਾ ਦੇ ਲੜ ਲੱਗੇ ਰਹਿਣ ਨਾਲ ਉਹ ਆਗਿਆ ਨਹੀਂ ਦਿੰਦਾ ਕਿ ਜਮ ਆਦਿ ਜੀਵ ਨੂੰ ਅੱਗੇ ਲਾ ਤੁਰਨ, ਅਰਥਾਤ ਜੀਵ ਨੂੰ ਮੌਤ ਦਾ ਭੈਅ ਮੁੱਕ ਜਾਂਦਾ ਹੈ। ਪਰਮਾਤਮਾ ਦਾ ਨਾਮ ਇੱਕ ਅਜਿਹਾ ਕੀਮਤੀ ਧਨ ਹੈ, ਜਿਸ ਨੂੰ ਕੋਈ ਚੁਰਾ ਨਹੀਂ ਸਕਦਾ। ਉਸ ਦੇ ਨਾਮ ਸਿਮਰਨ ਰਾਹੀਂ ਅਜਿਹੀ ਸਮਝ ਆ ਜਾਂਦੀ ਹੈ ਕਿ ਉਸ ਪਰਮਾਤਮਾ ਦੇ ਕੀਤੇ ਜਾ ਰਹੇ ਸਾਰੇ ਕੌਤਕ ਮਨ ਨੂੰ ਚੰਗੇ ਲੱਗਦੇ ਹਨ। ਉਸ ਪਰਮਾਤਮਾ ਦੇ ਹੁਕਮ ਦੀ ਸਮਝ ਲੱਗ ਜਾਂਦੀ ਹੈ ਕਿ ਉਹ ਆਪ ਅਤੇ ਉਸ ਦੇ ਪੈਦਾ ਕੀਤੇ ਸਭ ਜੀਅ ਉਸ ਦੇ ਭਾਣੇ ਅਨੁਸਾਰ ਹੀ ਕਰਮ ਕਰ ਰਹੇ ਹਨ ਅਰਥਾਤ ਜੋ ਉਸ ਨੂੰ ਚੰਗਾ ਲੱਗਦਾ ਹੈ, ਉਹੀ ਕਰਦੇ ਹਨ। ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪਣਾ ਬਣਾ ਲਿਆ ਹੈ, ਸੰਸਾਰ ਉਨ੍ਹਾਂ ਦੀ ਵਡਿਆਈ ਕਰਦਾ ਹੈ। ਪਰਮਾਤਮਾ ਦੀ ਪ੍ਰਾਪਤੀ ਲਈ ਉਸ ਦੀ ਮਿਹਰ ਹੋਣੀ ਜ਼ਰੂਰੀ ਹੈ, ਮਨੁੱਖ ਦਾ ਇਕੱਲਾ ਆਪਣਾ ਉਦਮ ਕਾਫੀ ਨਹੀਂ ਹੈ। ਜੇ ਮਨੁੱਖ ਦੇ ਕੀਤਿਆਂ ਹੀ ਪ੍ਰਾਪਤੀ ਹੋ ਜਾਣੀ ਹੋਵੇ ਫਿਰ ਮਨੁੱਖ ਉਸ ਤੋਂ ਵਿਛੜ ਕੇ ਦੁਖੀ ਹੀ ਕਿਉਂ ਹੋਵੇ? ਅਜਿਹੀ ਪ੍ਰਾਪਤੀ ਸਤਿ-ਸੰਗਤਿ ਵਿਚ ਹੁੰਦੀ ਹੈ ਅਤੇ ਆਨੰਦ ਮਾਣੀਦਾ ਹੈ। ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਣ ਉਸ ਨੂੰ ਜੇਠ ਦਾ ਮਹੀਨਾ ਸੁਹਾਵਣਾ ਲਗਦਾ ਹੈ ਕਿਉਂਕਿ ਉਸ ਨੂੰ ਪ੍ਰਭੂ-ਪ੍ਰੀਤਮ ਮਿਲ ਪੈਂਦਾ ਹੈ:
ਸਾਧੂ ਸੰਗਿ ਪਰਾਪਤੇ
ਨਾਨਕ ਰੰਗ ਮਾਣੰਨਿ॥
ਹਰਿ ਜੇਠੁ ਰੰਗੀਲਾ ਤਿਸੁ ਧਣੀ
ਜਿਸ ਕੈ ਭਾਗੁ ਮਥੰਨਿ॥4॥
ਗੁਰੂ ਨਾਨਕ ਹਾੜ ਦੇ ਮਹੀਨੇ ਦਾ ਜ਼ਿਕਰ ਕਰਦੇ ਹਨ ਕਿ ਹਾੜ ਦਾ ਮਹੀਨਾ ਜਦੋਂ ਪੂਰੇ ਜੋਬਨ ਵਿਚ ਹੁੰਦਾ ਹੈ ਤਾਂ ਅਸਮਾਨ ਵਿਚ ਸੂਰਜ ਤਪਦਾ ਹੈ। ਸੂਰਜ ਦੀ ਅੱਗ ਨਾਲ ਧਰਤੀ ਦੀ ਨਮੀ ਜਿਵੇਂ ਜਿਵੇਂ ਸੁੱਕਦੀ ਹੈ ਧਰਤੀ ਦੁੱਖ ਸਹਿੰਦੀ ਹੈ। ਸੂਰਜ ਅੱਗ ਵਾਂਗ ਪਾਣੀ ਨੂੰ ਸੁਕਾਉਂਦਾ ਹੈ ਤਾਂ ਜੀਵ ਤ੍ਰਾਸ ਤ੍ਰਾਸ ਕਰਦੇ ਹਨ, ਫਿਰ ਵੀ ਸੂਰਜ ਆਪਣਾ ਕਰਮ ਨਹੀਂ ਛੱਡਦਾ। ਸੂਰਜ ਦਾ ਰੱਥ ਚੱਕਰ ਲਾਉਂਦਾ ਹੈ ਅਤੇ ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ। ਬੀਂਡਾ ਬਾਹਰ ਕਿਧਰੇ ਰੁੱਖ ਦੀ ਛਾਵੇਂ ਟੀਂ ਟੀਂ ਕਰਦਾ ਹੈ ਅਰਥਾਤ ਹਰ ਜੀਵ ਆਪਣੇ ਆਪ ਨੂੰ ਤਪਸ਼ ਤੋਂ ਲੁਕਾਉਂਦਾ ਫਿਰਦਾ ਹੈ। ਅਜਿਹੀ ਮਾਨਸਿਕ ਤਪਸ਼ ਦਾ ਦੁੱਖ ਉਸ ਮਨੁੱਖ ਦੇ ਜੀਵਨ ਸਫਰ ਵਿਚ ਖੜ੍ਹਾ ਰਹਿੰਦਾ ਹੈ ਜਿਹੜਾ ਆਪਣੇ ਸਿਰ ਤੇ ਮੰਦੇ ਕਰਮ ਚੁੱਕੀ ਫਿਰਦਾ ਹੈ। ਜਿਹੜਾ ਮਨੁੱਖ ਆਪਣੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਨੂੰ ਟਿਕਾਈ ਰੱਖਦਾ ਹੈ ਉਸ ਨੂੰ ਹੀ ਆਤਮਕ ਅਨੰਦ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਰੱਬ ਨੇ ਨਾਮ-ਸਿਮਰਨ ਵਾਲਾ ਮਨ ਦਿੱਤਾ ਹੈ, ਉਸ ਦਾ ਪਰਮਾਤਮਾ ਨਾਲ ਜਨਮ-ਮਰਨ ਦਾ ਅਰਥਾਤ ਸਦੀਵੀ ਸਾਥ ਬਣ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਉਸ ਨੂੰ ਫਿਰ ਵਿਕਾਰਾਂ ਦੀ ਤਪਸ਼ ਨਹੀਂ ਪੋਹ ਸਕਦੀ:
ਅਵਗਣ ਬਾਧਿ ਚਲੀ ਦੁਖੁ ਆਗੈ
ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਜਿਸ ਨੋ ਇਹੁ ਮਨੁ ਦੀਆ
ਮਰਣੁ ਜੀਵਣੁ ਪ੍ਰਭ ਨਾਲੇ॥8॥
ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਹਾੜ ਦਾ ਮਹੀਨਾ ਉਨ੍ਹਾਂ ਮਨੁੱਖਾਂ ਨੂੰ ਤਪਦਾ ਲਗਦਾ ਹੈ ਜਿਨ੍ਹਾਂ ਦੇ ਮਨ ਅੰਦਰ ਅਕਾਲ ਪੁਰਖ ਨਹੀਂ ਵੱਸਦਾ। ਅਜਿਹੇ ਮਨੁੱਖ ਉਸ ਪਰਵਰਦਗਾਰ ਦੇ ਸਹਾਰੇ ਨੂੰ ਛੱਡ ਕੇ ਬੰਦਿਆਂ ਤੋਂ ਆਸਾਂ ਲਾਈ ਰੱਖਦੇ ਹਨ। ਪਰਮਾਤਮਾ ਨੂੰ ਛੱਡ ਕੇ ਮਨੁੱਖ ਦਾ ਆਸਰਾ ਤੱਕਣ ਨਾਲ ਖ਼ੁਆਰ ਹੀ ਹੋਈਦਾ ਹੈ। ਅਜਿਹੇ ਮਨੁੱਖ ਨੂੰ ਹਰ ਸਮੇਂ ਜਮਾਂ ਦਾ ਭੈ ਅਰਥਾਤ ਮੌਤ ਦਾ ਭੈ ਬਣਿਆ ਰਹਿੰਦਾ ਹੈ। ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ ਲੇਖ ਉਸ ਦੇ ਮੱਥੇ ‘ਤੇ ਲਿਖਿਆ ਜਾਂਦਾ ਹੈ, ਉਸੇ ਕਿਸਮ ਦਾ ਉਹ ਫਲ ਪ੍ਰਾਪਤ ਕਰਦਾ ਹੈ। ਅਜਿਹੇ ਮਨੁੱਖ ਦਾ ਸਾਰਾ ਜੀਵਨ ਪਛਤਾਵਿਆਂ ਵਿਚ ਗੁਜ਼ਰਦਾ ਹੈ ਅਤੇ ਉਹ ਟੁੱਟੇ ਹੋਏ ਮਨ ਨਾਲ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖਰੂ ਹੋ ਜਾਂਦੇ ਹਨ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਉਸ ਦੀ ਮਿਹਰ ਲਈ ਅਰਦਾਸ ਕਰਦੇ ਹਨ ਤਾਂ ਕਿ ਉਸ ਦੇ ਦਰਸ਼ਨਾਂ ਦੀ ਤਾਂਘ ਹਮੇਸ਼ਾ ਬਣੀ ਰਹੇ ਕਿਉਂਕਿ ਪਰਮਾਤਮਾ ਦੇ ਓਟ-ਆਸਰੇ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ। ਜਿਸ ਮਨੁੱਖ ਦੇ ਮਨ ਵਿਚ ਅਕਾਲ ਪੁਰਖ ਦੇ ਚਰਨਾਂ ਦਾ ਨਿਵਾਸ ਬਣਿਆ ਰਹਿੰਦਾ ਹੈ, ਉਸ ਨੂੰ ਹਾੜ ਦਾ ਤਪਦਾ ਮਹੀਨਾ ਵੀ ਸੁਹਣਾ ਲੱਗਦਾ ਹੈ, ਅਰਥਾਤ ਉਸ ਨੂੰ ਦੁਨੀਆਂ ਦੇ ਦੁੱਖ-ਦਰਦ ਵੀ ਨਹੀਂ ਪੋਂਹਦੇ:
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ
ਨਾਨਕ ਕੀ ਅਰਦਾਸਿ॥
ਆਸਾੜੁ ਸੁਹੰਦਾ ਤਿਸੁ ਲਗੈ
ਜਿਸੁ ਮਨਿ ਹਰਿ ਚਰਣ ਨਿਵਾਸ॥5॥
ਸਾਵਣ ਦਾ ਮਹੀਨਾ ਸਾਡੇ ਸਭਿਆਚਾਰ ਵਿਚ ਬਹੁਤ ਮਹੱਤਵ ਰੱਖਦਾ ਹੈ। ਹਾੜ ਦੀ ਤਪਦੀ ਗਰਮੀ ਤੋਂ ਬਾਅਦ ਸਾਵਣ ਦੇ ਬੱਦਲਾਂ ਦੀ ਗਰਜ, ਮੀਂਹ ਦਾ ਵਰਸਣਾ ਸਭ ਦੇ ਮਨ ਨੂੰ ਚੰਗਾ ਲੱਗਦਾ ਹੈ, ਗਰਮੀ ਤੋਂ ਰਾਹਤ ਮਿਲਦੀ ਹੈ। ਹਾੜ ਦੀ ਤਪਸ਼ ਨਾਲ ਸੁੱਕ ਕੇ ਸੜੇ ਘਾਹ-ਬੂਟੇ ਹਰਿਆਵਲ ਵਿਚ ਆ ਜਾਂਦੇ ਹਨ, ਹਰ ਜੀਅ-ਜੰਤ ਵਿਚ ਜ਼ਿੰਦਗੀ ਸੰਚਾਰ ਕਰਨ ਲੱਗ ਜਾਂਦੀ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਸਾਵਣ ਮਹੀਨੇ ਵਿਚ ਵਰਖਾ ਦੀ ਰੁੱਤ ਆ ਗਈ ਹੈ, ਬੱਦਲ ਵਰਸ ਰਹੇ ਹਨ, ਹੁਣ ਤੂੰ ਵੀ ਉਮਾਹ ਵਿਚ ਆ। ਜਿਸ ਇਸਤਰੀ ਦਾ ਪਤੀ ਪਰਦੇਸ ਗਿਆ ਹੋਵੇ, ਉਸ ਨੂੰ ਇਹ ਮੌਸਮ ਵੀ ਚੰਗਾ ਨਹੀਂ ਲੱਗਦਾ ਸਗੋਂ ਉਸ ਨੂੰ ਤੜਪਾਉਂਦਾ ਹੈ। ਬਿਰਹੋਂ ਕੁੱਠੀ ਅਜਿਹੀ ਇਸਤਰੀ ਆਪਣੀ ਮਾਂ ਨੂੰ ਆਪਣੇ ਦਿਲ ਦਾ ਹਾਲ ਦੱਸਦੀ ਹੈ ਕਿ ਇਨ੍ਹਾਂ ਬੱਦਲਾਂ ਨੂੰ ਦੇਖ ਕੇ ਉਸ ਨੂੰ ਆਪਣਾ ਪਤੀ ਆਪਣੇ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ ਪਰ ਉਹ ਤਾਂ ਪਰਦੇਸ ਗਿਆ ਹੈ। ਜਦੋਂ ਤੱਕ ਉਹ ਘਰ ਨਹੀਂ ਆਉਂਦਾ ਉਹ ਹਉਕਿਆਂ ਨਾਲ ਮਰ ਰਹੀ ਹੈ ਅਤੇ ਬਿਜਲੀ ਦੀ ਚਮਕ ਉਸ ਨੂੰ ਡਰਾ ਰਹੀ ਹੈ। ਉਸ ਨੂੰ ਆਪਣੀ ਸੱਖਣੀ ਸੇਜ ਦੁੱਖਦਾਈ ਲੱਗਦੀ ਹੈ ਅਤੇ ਵਿਛੋੜੇ ਦਾ ਦੁੱਖ ਮੌਤ ਵਰਗਾ ਲੱਗਦਾ ਹੈ।
ਜਿਸ ਮਨੁੱਖ ਨੂੰ ਅਕਾਲ ਪੁਰਖ ਨਾਲ ਪਿਆਰ ਹੈ, ਉਸ ਨੂੰ ਪਰਮਾਤਮਾ ਦੇ ਮੇਲ ਤੋਂ ਬਿਨਾ ਨਾ ਹੀ ਭੁੱਖ ਹੈ ਅਤੇ ਨਾ ਹੀ ਨੀਂਦ ਹੈ। ਉਸ ਨੂੰ ਤਨ ਤੇ ਕੱਪੜਾ ਵੀ ਸੁਖਾਵਾਂ ਨਹੀਂ ਲੱਗਦਾ ਭਾਵ ਸੰਸਾਰਕ ਸੁੱਖ ਵੀ ਸੁਖੀ ਨਹੀਂ ਕਰਦੇ। ਗੁਰੂ ਸਾਹਿਬ ਅਨੁਸਾਰ ਉਹ ਹੀ ਭਾਗਾਂ ਵਾਲੀ ਜੀਵ-ਇਸਤਰੀ ਅਰਥਾਤ ਮਨੁੱਖ ਪਰਮਾਤਮਾ ਦੇ ਪਿਆਰ ਦਾ ਹੱਕਦਾਰ ਬਣਦਾ ਹੈ ਜੋ ਹਮੇਸ਼ਾ ਉਸ ਦੀ ਯਾਦ ਵਿਚ ਲੀਨ ਰਹਿੰਦਾ ਹੈ:
ਹਰਿ ਬਿਨੁ ਨੀਦ ਭੂਖ ਕਹੁ ਕੈਸੀ
ਕਾਪੜੁ ਤਨਿ ਨ ਸੁਖਾਵਏ॥
ਨਾਨਕ ਸਾ ਸੋਹਾਗਣਿ ਕੰਤੀ
ਪਿਰ ਕੇ ਅੰਕਿ ਸਮਾਵਏ॥9॥
ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਸਾਵਣ ਦੇ ਮਹੀਨੇ ਉਸ ਜੀਵ-ਇਸਤਰੀ ਦਾ ਮਨ ਖਿੜ ਜਾਂਦਾ ਹੈ ਜਿਸ ਨੂੰ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਹੁੰਦੀ ਹੈ। ਉਸ ਦਾ ਮਨ ਅਤੇ ਤਨ ਅਕਾਲ ਪੁਰਖ ਦੇ ਪ੍ਰੇਮ ਵਿਚ ਰੰਗੇ ਜਾਂਦੇ ਹਨ ਅਤੇ ਪਰਮਾਤਮਾ ਦਾ ਨਾਮ ਹੀ ਉਸ ਦਾ ਆਸਰਾ ਬਣ ਜਾਂਦਾ ਹੈ। ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸੁਆਹ ਵਰਗੇ ਲਗਦੇ ਹਨ। ਪਰਮਾਤਮਾ ਦੇ ਨਾਮ ਦੀ ਅੰਮ੍ਰਿਤ-ਬੂੰਦ, ਆਤਮਕ ਅਨੰਦ ਦੇਣ ਵਾਲਾ ਨਾਮ-ਰਸ ਪਿਆਰਾ ਲੱਗਦਾ ਹੈ। ਸਤਿ-ਸੰਗਤਿ ਵਿਚ ਜਾ ਕੇ ਗੁਰੂ ਨੂੰ ਮਿਲਣ ਵਾਲਾ ਮਨੁੱਖ ਇਸ ਨੂੰ ਪੀਣ ਦੇ ਯੋਗ ਹੋ ਜਾਂਦਾ ਹੈ। ਜਿਸ ਰੱਬ ਦੇ ਮੇਲ ਨਾਲ ਇਹ ਸਾਰਾ ਸੰਸਾਰ ਮੌਲਿਆ ਹੈ, ਹਰਿਆ-ਭਰਿਆ ਹੋਇਆ ਹੈ, ਜੋ ਸਰਬ-ਸ਼ਕਤੀਮਾਨ ਹੈ, ਵਿਆਪਕ ਅਤੇ ਬੇਅੰਤ ਹੈ ਉਸ ਨੂੰ ਮਿਲਣ ਵਾਸਤੇ ਮਨ ਤਾਂਘਦਾ ਹੈ। ਪਰ ਉਹ ਆਪ ਹੀ ਆਪਣੀ ਮਿਹਰ ਕਰਕੇ ਮਿਲਾਉਣ ਦੇ ਸਮਰੱਥ ਹੈ।
ਗੁਰੂ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਸਤਿ-ਸੰਗੀਆਂ ਦੇ ਸਦਕੇ ਜਾਈਏ, ਕੁਰਬਾਨ ਜਾਈਏ ਜਿਨ੍ਹਾਂ ਨੇ ਇਹ ਮਿਲਾਪ ਪ੍ਰਾਪਤ ਕਰ ਲਿਆ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਉਸ ਦੀ ਮਿਹਰ ਲਈ ਅਰਦਾਸ ਕਰਦੇ ਹਨ ਕਿ ਗੁਰੂ ਦੇ ਸ਼ਬਦ ਰਾਹੀਂ ਉਹ ਅਕਾਲ ਪੁਰਖ ਹੀ ਜੀਵਨ ਨੂੰ ਸਵਾਰਨ ਦੇ ਸਮਰੱਥ ਹੈ। ਸਾਵਣ ਦਾ ਮਹੀਨਾ ਉਨ੍ਹਾਂ ਭਾਗਾਂ ਵਾਲੇ ਮਨੁੱਖਾਂ ਦੇ ਮਨ ਨੂੰ ਠੰਢਕ ਅਤੇ ਖੇੜਾ ਦਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪੀ ਹਾਰ ਪਾਇਆ ਹੋਇਆ ਹੈ:
ਨਾਨਕ ਹਰਿ ਜੀ ਮਇਆ ਕਰਿ
ਸਬਦਿ ਸਵਾਰਣਹਾਰੁ॥
ਸਾਵਣੁ ਤਿਨਾ ਸੁਹਾਗਣੀ
ਜਿਨਿ ਰਾਮ ਨਾਮੁ ਉਰਿ ਹਾਰੁ॥6॥

Be the first to comment

Leave a Reply

Your email address will not be published.