ਕਿਲਾ ਰਾਏਪੁਰ ਖੇਡਾਂ:ਬੈਲਗੱਡੀਆਂ ਦੀਆਂ ਦੌੜਾਂ ਨੇ ਪਾਈ ਮੇਲੇ ਵਿਚ ਜਾਨ

ਚੰਡੀਗੜ੍ਹ: ਸੰਸਾਰ ਪ੍ਰਸਿੱਧ ਮਿੰਨੀ ਪੇਂਡੂ ਉਲੰਪਿਕਸ 77ਵੀਂਆਂ ਕਿਲ੍ਹਾ ਰਾਏਪੁਰ ਖੇਡਾਂ ਵਿਚ ਬੈਲਗੱਡੀਆਂ ਦੀਆਂ ਦੌੜਾਂ ਸ਼ੁਰੂ ਹੋਣ ਨਾਲ ਮੁੜ ਜਾਨ ਪੈ ਗਈ ਹੈ। ਪਿਛਲੇ ਸਾਲ ਸਰਕਾਰ ਵੱਲੋਂ ਬੈਲਗੱਡੀਆਂ ਦੀਆਂ ਦੌੜਾਂ ‘ਤੇ ਪਾਬੰਦੀ ਲਾ ਦਿੱਤੀ ਗਈ ਸੀ ਪਰ ਖੇਡ ਪ੍ਰੇਮੀਆਂ ਦੇ ਵਿਰੋਧ ਕਾਰਨ ਇਹ ਫੈਸਲਾ ਵਾਪਸ ਲੈਣਾ ਪਿਆ। ਇਸ ਵਾਰ ਹੋਈਆਂ ਬੈਲਗੱਡੀਆਂ ਦੀਆਂ ਦੌੜਾਂ ਨੇ ਕਿਲ੍ਹਾ ਰਾਏਪੁਰ ਖੇਡਾਂ ਵਿਚ ਜਾਨ ਪਾ ਦਿੱਤੀ। ਕਿਲਾ ਰਾਏਪੁਰ ਦੀਆਂ ਖੇਡਾਂ ਰਵਾਇਤੀ ਤੌਰ ‘ਤੇ ਬੈਲ ਗੱਡੀਆਂ ਦੀਆਂ ਦੌੜਾਂ ਲਈ ਵੱਖਰੀ ਪਛਾਣ ਰੱਖਦੀਆਂ ਹਨ। ਸਰਦ ਰੁੱਤ ਦੇ ਖਾਤਮੇ ‘ਤੇ ਹੋਣ ਵਾਲੇ ਇਸ ਖੇਡ ਮੇਲੇ ਲਈ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਵੱਡੀ ਗਿਣਤੀ ਵਿਚ ਆਉਂਦੇ ਹਨ। ਸਾਰੇ ਪੰਜਾਬ ਦੇ ਖੇਡ ਪ੍ਰੇਮੀ ਇਨ੍ਹਾਂ ਖੇਡਾਂ ਲਈ ਕਈ ਮਹੀਨੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਖਾਸ ਤੌਰ ‘ਤੇ ਗੱਡੀਆਂ ਦੀਆਂ ਦੌੜਾਂ ਦੇ ਸ਼ੌਕੀਨ ਤਾਂ ਆਪਣੇ ਬਲਦਾਂ ਨੂੰ ਦੌੜਾਂ ਲਈ ਤਿਆਰ ਕਰਨ ਵਾਸਤੇ ਸਾਲ ਭਰ ਤਿਆਰੀਆਂ ਕਰਦੇ ਰਹਿੰਦੇ ਹਨ। ਸਿਰਫ ਕਿਲਾ ਰਾਏਪੁਰ ਦੀਆਂ ਖੇਡਾਂ ਹੀ ਨਹੀਂ ਸਗੋਂ ਸ਼ਾਇਦ ਹੀ ਪੰਜਾਬ ਦਾ ਕੋਈ ਖੇਡ ਮੇਲਾ ਹੋਵੇਗਾ ਜਿੱਥੇ ਬਲਦਾਂ ਦੀਆਂ ਦੌੜਾਂ ਨਾ ਹੋਣ ਸਗੋਂ ਕਈ ਖੇਡਾਂ ਤਾਂ ਸਿਰਫ ਬਲਦਾਂ ਦੀਆਂ ਦੌੜਾਂ ਲਈ ਹੀ ਕਰਵਾਈਆਂ ਜਾਂਦੀਆਂ ਹਨ।
ਪਿਛਲੇ ਸਾਲ ਕੇਂਦਰੀ ਪਸ਼ੂ ਭਲਾਈ ਬੋਰਡ ਵੱਲੋਂ ਕਿਲਾ ਰਾਏਪੁਰ ਦੀਆਂ ਖੇਡਾਂ ਸ਼ੁਰੂ ਹੋਣ ਮੌਕੇ ਪੰਜਾਬ ਦੇ ਮੁੱਖ ਸਕੱਤਰ ਨੂੰ ਬਕਾਇਦਾ ਪੱਤਰ ਲਿਖ ਕੇ ਕਿਹਾ ਸੀ ਕਿ ਖੇਡਾਂ ਵਿਚ ਬਲਦ ਗੱਡੀਆਂ ਦੀ ਦੌੜ ਰੋਕਣੀ ਯਕੀਨੀ ਬਣਾਈ ਜਾਵੇ। ਇਸ ਪੱਤਰ ਵਿਚ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ ਕੇਂਦਰ ਨੇ ਪਸ਼ੂਆਂ ‘ਤੇ ਨਿਰਦਈਪੁਣਾ ਰੋਕਣ ਲਈ ਬਣੇ ਐਕਟ 1960 ਦੀ ਧਾਰਾ 22 ਤਹਿਤ  ਜੁਲਾਈ, 2011 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਬਲਦਾਂ ਦੀਆਂ ਦੌੜਾਂ ਤੇ ਭਿੜਨ ਵਾਲੀਆਂ ਖੇਡਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਐਕਟ ਅਧੀਨ ਹੀ ਪਸ਼ੂ ਭਲਾਈ ਬੋਰਡ ਬਣਿਆ ਸੀ ਜਿਸ ਦੀ ਸਲਾਹ ‘ਤੇ ਸਰਕਾਰ ਪਸ਼ੂਆਂ ਉੱਤੇ ਅੱਤਿਆਚਾਰ ਰੋਕਣ ਲਈ ਨੋਟੀਫਿਕੇਸ਼ਨ ਜਾਰੀ ਕਰਦੀ ਹੈ। ਇਸ ਬੋਰਡ ਨੇ ਵੇਖਣਾ ਹੁੰਦਾ ਹੈ ਕਿ ਪਸ਼ੂਆਂ ਨਾਲ ਖੇਡਾਂ ਜਾਂ ਦੌੜਾਂ ਵਿਚ ਕਿਹੋ ਜਿਹਾ ਵਤੀਰਾ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਬਹੁਤ ਮਾਮਲੇ ਬੋਰਡ ਦੇ ਫ਼ੈਸਲੇ ‘ਤੇ ਨਿਰਭਰ ਕਰਦੇ ਹਨ। ਇਸ ਤੋਂ ਪਹਿਲਾਂ ਬੋਰਡ ਨੇ ਬਾਂਦਰ, ਰਿੱਛ ਤੇ ਸ਼ੇਰ ਜਾਤੀ ਦੀਆਂ ਵੱਖ-ਵੱਖ ਨਸਲਾਂ ਨੂੰ ਸਿਖਾਉਣ ਤੇ ਤਮਾਸ਼ੇ ਵਿਖਾਉਣ ‘ਤੇ ਪਾਬੰਦੀ ਲਾ ਦਿੱਤੀ ਸੀ।
ਇਹ ਪਹਿਲੀ ਵਾਰ ਹੋਇਆ ਸੀ ਕਿ ਬਲਦ ਵੀ ਇਸ ਸ਼੍ਰੇਣੀ ਵਿਚ ਆ ਗਏ ਸਨ। ਇਸ ਤੋਂ ਪਹਿਲਾਂ ਦੱਖਣ ਵਿਚ ਬਲਦਾਂ ਦੇ ਭੇੜ ਕਰਵਾਏ ਜਾਂਦੇ ਸਨ ਤੇ ਉਨ੍ਹਾਂ ਭੇੜਾਂ ਵਿਚ ਜਾਨਵਰ ਬੁਰੀ ਤਰ੍ਹਾਂ ਲਹੂ ਲੁਹਾਣ ਹੋ ਜਾਂਦੇ ਸਨ। ਉਂਜ ਪੰਜਾਬ ਵਿਚ ਬਲਦਾਂ ਦੀਆਂ ਦੌੜਾਂ ਦਾ ਬਹੁਤ ਪੁਰਾਣਾ ਇਤਿਹਾਸ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਹ ਦੌੜਾਂ ਪਿੰਡਾਂ ਵਿਚ ਬਹੁਤ ਖਿੱਚ ਦਾ ਕੇਂਦਰ ਬਣ ਗਈਆਂ ਹਨ। ਇਨ੍ਹਾਂ ਦੌੜਾਂ ਵਾਲੇ ਬਲਦਾਂ ਨੂੰ ਦੇਸੀ ਘਿਉ ਤੇ ਹੋਰ ਕਈ ਤਰ੍ਹਾਂ ਦੀ ਖੁਰਾਕ ਖਵਾਉਂਦੇ ਹਨ। ਖਾਸ ਢੰਗ ਨਾਲ ਇਨ੍ਹਾਂ ਜਾਨਵਰਾਂ ਦੀ ਕਸਰਤ ਕਰਵਾਈ ਜਾਂਦੀ ਹੈ। ਜਿਹੜੇ ਬਲਦ ਖੇਡਾਂ ਵਿਚ ਨਾਮਣਾ ਖੱਟਦੇ ਹਨ, ਉਨ੍ਹਾਂ ‘ਤੇ ਸ਼ਰਤਾਂ ਲੱਗਦੀਆਂ ਹਨ। ਇਸ ਬਾਰੇ ਕੋਈ ਦੋ ਰਾਏ ਨਹੀਂ ਹੈ ਕਿ ਬਲਦਾਂ ਦੇ ਸ਼ੌਕੀਨ ਉਨ੍ਹਾਂ ਦੀ ਪੁੱਤਾਂ ਨਾਲੋਂ ਵੱਧ ਸੇਵਾ ਕਰਦੇ ਹਨ। ਹੁਣ ਗੱਡੇ ਤੇ ਗੱਡੀਆਂ ਪੰਜਾਬ ਵਿਚੋਂ ਗਾਇਬ ਹੋਣ ਲੱਗੇ ਹਨ ਤੇ ਸਿਰਫ ਦੌੜਾਂ ਦੇ ਸ਼ੌਕੀਨ ਹੀ ਬਲਦਾਂ ਨੂੰ ਪਾਲਦੇ ਹਨ।
______________________________
ਮੁਕੰਦਪੁਰ ਅਕੈਡਮੀ ਨੇ ਜਿੱਤਿਆ ਸੌ ਤੋਲੇ ਸੋਨੇ ਦਾ ਕੱਪ
ਡੇਹਲੋਂ: ਇਨ੍ਹਾਂ ਖੇਡਾਂ ਵਿਚ ਭਗਵੰਤ ਯਾਦਗਾਰੀ ਸੌ ਤੋਲੇ ਸੋਨੇ ਦੇ ਕੱਪ ਲਈ ਹਾਕੀ ਮੁਕਾਬਲੇ, ਕਬੱਡੀ ਓਪਨ, ਬੈਲ ਗੱਡੀਆਂ ਦੀਆਂ ਦੌੜਾਂ, ਘੋੜ ਸਵਾਰੀ, ਟਰੈਕਟਰ ਦੌੜਾਂ, ਟਰਾਲੀ ਦੀ ਲਦਾਈ ਤੇ ਲੁਹਾਈ, ਮੋਟਰਸਾਈਕਲਾਂ ਦੇ ਕਰਤੱਬ, ਕੁੱਤਿਆਂ ਦੀਆਂ ਦੌੜਾਂ, ਗਿੱਧਾ, ਭੰਗੜਾ, ਐਥਲੈਟਿਕਸ, ਸਾਈਕਲ ਦੌੜ, ਵਿਰਾਸਤੀ, ਸੱਭਿਆਚਾਰਕ ਤੇ ਅਧੁਨਿਕ ਖੇਡਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਕੈਬਨਿਟ ਮੰਤਰੀ ਸਰਵਣ ਸਿੰਘ ਫ਼ਿਲੌਰ ਨੇ ਸੱਭਿਆਚਾਰਕ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ 25 ਲੱਖ ਰੁਪਏ ਜਲਦ ਭੇਜਣ ਦਾ ਐਲਾਨ ਕੀਤਾ ਜਦੋਂਕਿ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜ ਲੱਖ ਦੇਣ ਦਾ ਐਲਾਨ ਕੀਤਾ। ਕਿਲ੍ਹਾ ਰਾਏਪੁਰ ਮਿੰਨੀ ਉਲੰਪਿਕਸ ਵਿਚ ਖਿੱਚ ਦੇ ਕੇਂਦਰ ਬੈਲਗੱਡੀਆਂ ਦੇ ਫ਼ਾਈਨਲ ਹੀਟ ਮੁਕਾਬਲੇ ਵਿਚੋਂ ਸੁੱਖ ਨਾਗਰਾ, ਗੋਲੂ ਜੋਧਾਂ ਦੀ ਬੈਲਗੱਡੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਗਵੰਤ ਯਾਦਗਾਰੀ ਸੌ ਤੋਲੇ ਦੇ ਹਾਕੀ ਕੱਪ ਦੌਰਾਨ ਮੁਕੰਦਪੁਰ ਤੇ ਹਾਂਸ ਕਲਾਂ ਦੀਆਂ ਟੀਮਾਂ ਦਰਮਿਆਨਮੁਕਾਬਲਾ ਹੋਇਆ ਜਿਨ੍ਹਾਂ ਵਿਚ ਪਹਿਲੇ ਤੈਅ ਸਮੇਂ ਵਿਚ 1-1 ਗੋਲਾਂ ਦੀ ਬਰਾਬਰੀ ਰਹੀ ਪਰ ਮੁਕੰਦਪੁਰ ਅਕੈਡਮੀ ਨੇ ਹਾਂਸ ਕਲਾਂ ਕਲੱਬ ਨੂੰ ਟਾਈ ਬਰੇਕਰ ਦੌਰਾਨ 9-8 ਗੋਲਾਂ ਦੇ ਨਾਲ ਹਰਾ ਕੇ ਸੌ ਤੋਲੇ ਸੋਨੇ ਦੇ ਹਾਕੀ ਕੱਪ ‘ਤੇ ਕਬਜ਼ਾ ਕੀਤਾ। ਅੰਡਰ 17 ਸਾਲ ਲੜਕਿਆਂ ਦੇ ਫ਼ਾਈਨਲ ਮੁਕਾਬਲੇ ਦੌਰਾਨ ਜਰਖ਼ੜ ਅਕੈਡਮੀ ਨੇ ਕਿਲ੍ਹਾ ਰਾਏਪੁਰ ਨੂੰ 9-8 ਗੋਲਾਂ ਹਰਾਕੇ ਟਰਾਫ਼ੀ ਅਪਣੇ ਨਾਂ ਕਰਵਾਈ। ਲੜਕੀਆਂ ਦੇ ਹਾਕੀ ਮੁਕਾਬਲੇ ਵਿਚੋਂ ਬਠਿੰਡਾ ਨੇ ਕੈਰੋ ਕਲੱਬ ਦੀ ਟੀਮ ਨੂੰ 9-6 ਦੇ ਹਰਾ ਕੇ ਟਰਾਫ਼ੀ ‘ਤੇ ਕਬਜ਼ਾ ਕੀਤਾ। ਟਰਾਲੀ ਦੀ ਲਦਾਈ ਤੇ ਲੁਹਾਈ ਮੁਕਾਬਲੇ ਵਿਚੋਂ ਗੁਰਦੀਪ ਸਿੰਘ ਰਾਏਕੋਟ ਐਫ਼ਸੀæਆਈæ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਓਪਨ ਦੇ ਫ਼ਾਈਨਲ ਮੁਕਾਬਲੇ ਦੌਰਾਨ ਬੁਰਜ਼ ਹਰੀ ਸਿੰਘ ਦੀ ਟੀਮ ਨੇ ਮਲਕ ਨੂੰ 25-9 ਅੰਕਾਂ ਨਾਲ ਹਰਾ ਕੇ ਗਰੇਵਾਲ ਸਪੋਰਟਸ ਟਰਾਫ਼ੀ ‘ਤੇ ਕਬਜ਼ਾ ਕੀਤਾ।
_________________
ਇਉਂ ਤੁਰਿਆ ਖੇਡਾਂ ਦਾ ਇਤਿਹਾਸ
ਚੰਡੀਗੜ੍ਹ: ਕਿਲਾ ਰਾਏਪੁਰ ਦਾ ਪੇਂਡੂ ਖੇਡ ਮੇਲਾ ਪੰਜਾਬ ਦੇ ਪੇਂਡੂ ਉਲੰਪਿਕਸ ਦੇ ਨਾਂ ਨਾਲ ਮਸ਼ਹੂਰ ਹੈ। ਇਹ ਸਭ ਤੋਂ ਵੱਡਾ ਪੇਂਡੂ ਖੇਡ ਮੇਲਾ ਹੈ। ਇਸ ਵਰ੍ਹੇ ਦਾ ਇਹ 76ਵਾਂ ਖੇਡ ਮੇਲਾ 9 ਤੋਂ 12 ਫਰਵਰੀ ਤੱਕ ਗਰੇਵਾਲਾਂ ਦੀ ਤੀਜੀ ਪੀੜੀ ਵੱਲੋਂ ਕਰਵਾਆਿ ਗਿਆ। ਇਨ੍ਹਾਂ ਖੇਡਾਂ ਦਾ ਆਰੰਭ 1933 ਵਿੱਚ ਕਿਲਾ ਰਾਏਪੁਰ ਦੇ ਮੋਢੀਆਂ ਨੇ ਰਲ ਕੇ ਕੀਤਾ। ਉਨ੍ਹਾਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਜਿਸ ਦੇ ਮੋਢੀ ਇੰਦਰ ਸਿੰਘ ਗਰੇਵਾਲ ਨੂੰ ਥਾਪਿਆ ਗਿਆ। ਹਿੰਦ-ਪਾਕਿ ਦੀ ਵੰਡ ਤੱਕ ਗਰੇਵਾਲ ਇਸ ਐਸੋਸੀਏਸ਼ਨ ਦੇ ਪ੍ਰਧਾਨ ਰਹੇ।
ਵੰਡ ਹੋਣ ਤੋਂ ਪਹਿਲਾਂ ਇਸ ਖੇਡ ਮੇਲੇ ‘ਚ ਲਾਹੌਰ ਦੀ ਕਬੱਡੀ ਟੀਮ ਵੀ ਹਿੱਸਾ ਲਿਆ ਕਰਦੀ ਸੀ। ਭਾਰਤ-ਪਾਕਿ ਵੰਡ ਪਿੱਛੋਂ ਇਸ ਮੇਲੇ ‘ਚ ਆਧੁਨਿਕ ਖੇਡਾਂ ਅਥਲੈਟਿਕਸ, ਹਾਕੀ, ਵਾਲੀਬਾਲ ਤੇ ਜਿਮਨਾਸਟਿਕ ਨੂੰ ਵੀ ਸ਼ਾਮਲ ਕੀਤਾ ਗਿਆ।
1955 ਵਿਚ ਗੁਆਂਢੀ ਪਿੰਡ ਦੇ ਧਨਾਡ ਵਪਾਰੀ ਪ੍ਰਹਿਲਾਦ ਸਿੰਘ ਨੇ ਆਪਣੇ ਪੁੱਤਰ ਭਗਵੰਤ ਸਿੰਘ ਦੀ ਯਾਦ ਵਿਚ 100 ਤੋਲੇ ਦਾ ਸ਼ੁੱਧ ਸੋਨੇ ਦਾ ਕੱਪ ਬਣਾ ਕੇ ਇਸ ਐਸੋਸੀਏਸ਼ਨ ਨੂੰ ਦਿੱਤਾ ਜੋ ਹਾਕੀ ਮੁਕਾਬਲਿਆਂ ਲਈ ਰੱਖਿਆ ਗਿਆ। ਸਾਲ 1964 ਵਿੱਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਕਾਰਜ ਕੌਮੀ ਪੱਧਰ ਦੇ ਖਿਡਾਰੀ ਹਰਭਜਨ ਸਿੰਘ ਤੇ ਦਲਜੀਤ ਸਿੰਘ ਨੂੰ ਸੌਂਪਿਆ ਗਿਆ। ਇਸੇ ਸਦਕਾ 1977 ਦੇ ਖੇਡ ਮੇਲੇ ‘ਚ ਖੇਡ ਪ੍ਰੇਮੀਆਂ ਦੀ ਗਿਣਤੀ ਤਿੰਨ ਲੱਖ ਤੋਂ ਉਪਰ ਪਹੁੰਚੀ। ਇਸ ਖੇਡ ਮੇਲੇ ‘ਚ ਰਵਾਇਤੀ ਤੇ ਨਵੀਨ ਖੇਡਾਂ ਦਾ ਖੂਬਸੂਰਤ ਸੁਮੇਲ ਹੁੰਦਾ ਹੈ।

1 Comment

Leave a Reply

Your email address will not be published.