ਕੁਲਦੀਪ ਕੌਰ
ਫੋਨ: +91-98554-04330
ਭਾਰਤੀ ਸਿਨੇਮਾ ਵਿਚ ਧਰਮ ਆਧਾਰਿਤ ਪਟਕਥਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿਰਫ ਇਕ ਧਰਮ ਦੇ ਮੁੱਲਾਂ ਅਤੇ ਮਾਨਤਾਵਾਂ ‘ਤੇ ਨਹੀਂ ਟਿਕੀਆਂ ਹੁੰਦੀਆਂ, ਸਗੋਂ ਆਪਣੀ ਸ਼ੁਰੂਆਤ ਤੋਂ ਹੀ ਇਸ ਨੇ ਹਰ ਅਕੀਦਤ ਨੂੰ ਬਣਦੀ ਸਪੇਸ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਭਾਰਤੀ ਸਮਾਜ ਦੀ ਤਰਜ਼ ‘ਤੇ ਹੀ ਭਾਰਤੀ ਸਿਨੇਮਾ ਅਜਿਹੇ ਸਾਂਝੇ ਪਲੇਟਫਾਰਮ ਵਾਂਗ ਹੈ ਜਿਸ ਵਿਚ ਹਰ ਧਰਮ, ਜਾਤ, ਖਿੱਤੇ, ਰੰਗ, ਨਸਲ ਤੇ ਲਿੰਗ ਦੇ ਲੋਕਾਂ ਨੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ।
ਲੋਹਾ ਮੰਨਵਾਉਣ ਦਾ ਇਹ ਸੰਘਰਸ਼ ਸਭ ਦਾ ਵੱਖਰਾ ਤੇ ਅਨੋਖਾ ਜ਼ਰੂਰ ਹੈ, ਪਰ ਦਿਲਚਸਪ ਤੱਥ ਇਹ ਹੈ ਕਿ ਇਥੇ ਟਿਕ ਉਹੀ ਸਕਿਆ ਹੈ ਜਿਸ ਵਿਚ ਕਲਾ ਲਈ ਮਰ ਮਿਟਣ ਦਾ ਜਜ਼ਬਾ ਹੁੰਦਾ ਹੈ।
ਭਾਰਤ ਵਿਚ ਬਹੁਤੇ ਧਰਮ ਅਵਾਮ ਦੀ ਜੀਵਨ-ਜਾਚ ਨਾਲ ਇਕਮਿਕ ਹੋਏ ਮਿਲਦੇ ਹਨ। ਧਰਮ ‘ਤੇ ਆਧਾਰਿਤ ਸਿਨੇਮਾ ਵੀ ਇਸ ਤੱਥ ਨੂੰ ਪਟਕਥਾ ਦਾ ਮੂਲ ਮੰਤਰ ਮੰਨ ਕੇ ਚੱਲਦਾ ਹੈ। ਮਹਾਤਮਾ ਬੁੱਧ ਦੀਆਂ ਸਿਖਿਆਵਾਂ ‘ਤੇ ਆਧਾਰਿਤ ਹਿੰਦੀ ਫਿਲਮਾਂ ਦਾ ਜ਼ਿਕਰ ਕਰੀਏ ਤਾਂ ਸਭ ਤੋਂ ਪਹਿਲਾਂ ਭਾਰਤੀ ਸਿਨੇਮਾ ਦੇ ਪਿਤਾਮਾ ਦੇ ਤੌਰ ‘ਤੇ ਜਾਣੇ ਜਾਂਦੇ ਦਾਦਾ ਸਹਿਬ ਫਾਲਕੇ ਸਾਹਿਬ ਦਾ ਜ਼ਿਕਰ ਆਉਂਦਾ ਹੈ। ਉਨ੍ਹਾਂ ਨੂੰ ਹਿੰਦੂ ਸਾਧੂ-ਸੰਤਾਂ ਦੀਆਂ ਜੀਵਨੀਆਂ ‘ਤੇ ਬਣਾਈਆਂ ਫਿਲਮਾਂ ਲਈ ਜਾਇਆ ਜਾਂਦਾ ਹੈ, ਪਰ ਉਨ੍ਹਾਂ ਨੇ 1923 ਵਿਚ ਮਹਾਤਮਾ ਬੁੱਧ ਦੀਆਂ ਸਿਖਿਆਵਾਂ ਨੂੰ ਆਧਾਰ ਬਣਾ ਕੇ ਫਿਲਮ ਬਣਾਈ ਜਿਸ ਦਾ ਨਾਮ ਸੀ- ‘ਬੁੱਧਦੇਵ’ (ਅੰਗਰੇਜ਼ੀ ਵਿਚ ਲਾਰਡ ਬੁੱਧਾ)। ਇਸ ਤੋਂ ਕੁਝ ਦੇਰ ਬਾਅਦ ਬਣੀ ਫਿਲਮ ‘ਦਿ ਲਾਈਟ ਆਫ ਏਸ਼ੀਆ’ ਨੂੰ ਹਿੰਦੀ ਵਿਚ ‘ਪ੍ਰੇਮ ਸੰਨਿਆਸ’ ਦੇ ਨਾਮ ਤਹਿਤ ਰਿਲੀਜ਼ ਕੀਤਾ ਗਿਆ। ਇਸ ਫਿਲਮ ਨੂੰ ਜਰਮਨੀ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ ਅਤੇ ਇਸ ਦੇ ਨਿਰਮਾਤਾ ਹਿਮਾਸ਼ੂ ਰਾਏ ਤੇ ਫਰਾਂਜ਼ ਔਸਿਟਨ ਸਨ।
ਬੰਗਲਾ ਨਿਰਦੇਸ਼ਕ ਬਿਮਲ ਰਾਏ ਨੇ ਮਹਾਤਮਾ ਬੁੱਧ ਦੀ ਜੀਵਨੀ ਨੂੰ ਆਧਾਰ ਬਣਾ ਕੇ ਦਸਤਾਵੇਜ਼ੀ ਫਿਲਮ ਦਾ ਨਿਰਮਾਣ ਕੀਤਾ ਜਿਸ ਦਾ ਨਾਮ ਸੀ- ‘ਗੌਤਮਾ: ਦਿ ਬੁੱਧਾ’। ਇਸ ਫਿਲਮ ਦਾ ਕਾਨਜ਼ ਫਿਲਮ ਮੇਲੇ ਵਿਚ ਖਾਸ ਸ਼ੋਅ ਵੀ ਦਿਖਾਇਆ ਗਿਆ ਸੀ। 1993 ਵਿਚ ਇਟਲੀ, ਫਰਾਂਸ ਅਤੇ ਬਰਤਾਨੀਆ ਦੇ ਨਿਰਦੇਸ਼ਕਾਂ ਦੀ ਸਾਂਝੀ ਫਿਲਮ ‘ਲਿਟਲ ਬੁੱਧਾ’ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਆਧੁਨਿਕ ਸਮਾਜਾਂ ਦੀ ਮਹਾਤਮਾ ਬੁੱਧ ਨਾਲ ਨਵੇਂ ਸਿਰਿਉਂ ਸਾਂਝ ਪਵਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਫਿਲਮ ਦਾ ਕੇਂਦਰੀ ਨੁਕਤਾ ਮਹਾਤਮਾ ਬੁੱਧ ਦੀ ਨਿਰਵਾਣ ਪ੍ਰਾਪਤ ਕਰਨ ਦੀ ਮਹੱਤਤਾ ਅਤੇ ਮਨੁੱਖੀ ਜ਼ਿੰਦਗੀ ਦੀ ਹੋਂਦ ਦੀ ਸਾਰਥਿਕਤਾ ਨੂੰ ਦਰਸਾਉਣ ਨਾਲ ਜੁੜਿਆ ਹੋਇਆ ਹੈ। ਫਿਲਮ ਤਿੰਨ ਬੱਚਿਆਂ ਦੀ ਕਹਾਣੀ ਰਾਹੀਂ ਮਹਾਤਮਾ ਬਣਨ ਦੇ ਸੰਸਿਆਂ ਅਤੇ ਜ਼ਿੰਮੇਵਾਰੀਆਂ ਦਾ ਚਿਤਰਨ ਕਰਦੀ ਹੈ। ਆਧੁਨਿਕ ਸਮਾਜਾਂ ਵਿਚ ਕਿਵੇਂ ਮਹਾਤਮਾ ਬੁੱਧ ਦੀ ਕਹਿਣੀ ਅਤੇ ਕਰਨੀ ਇਨ੍ਹਾਂ ਦੀ ਆਪਸੀ ਅਤੇ ਅੰਦਰੂਨੀ ਹਿੰਸਾ ਨੂੰ ਖਤਮ ਕਰ ਸਕਦੀ ਹੈ, ਇਸ ਫਿਲਮ ਦੇ ਸੁਨੇਹੇ ਨੂੰ ਪੜ੍ਹ ਕੇ ਸਮਝਿਆ ਜਾ ਸਕਦਾ ਹੈ। ਇਹ ਫਿਲਮ ਜਿਥੇ ਨਿਰਵਾਣ ਨੂੰ ਆਪਣੀ ਪਟਕਥਾ ਦਾ ਆਧਾਰ ਬਣਾਉਂਦੀ ਹੈ, ਉਥੇ ਬਾਬਾ ਅੰਬੇਦਕਰ ਦੀ ਕਿਤਾਬ ‘ਦਿ ਬੁੱਧਾ ਐਂਡ ਹਿਜ਼ ਕਾਂਸ਼ੀਅਸ’ ਇਸ ਨੂੰ ਜਨ ਕਲਿਆਣ ਨਾਲ ਜੋੜਦੀ ਹੈ।