ਪਹਿਲੀ ਵਾਰ-ਪ੍ਰਾਜੈਕਟ ਪੇਸ਼ਾਵਰ

ਆਮਨਾ ਸਿੰਘ
ਫਿਲਮ ‘ਪ੍ਰਾਜੈਕਟ ਪੇਸ਼ਾਵਰ’ ਨਾਲ ਕਿਸੇ ਵੇਲੇ ਫਿਲਮੀ ਦੁਨੀਆ ਲਈ ਪ੍ਰਸਿਧ ਸ਼ਹਿਰ ਪੇਸ਼ਾਵਰ (ਪਾਕਿਸਤਾਨ) ਵਿਚ ਫਿਲਮ ਸਨਅਤ ਨੂੰ ਇਕ ਵਾਰ ਫਿਰ ਲੀਹ ‘ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਯਾਦ ਰਹੇ ਕਿ ਪੇਸ਼ਾਵਰ ਜੋ ਖੈਬਰ ਪਖਤੂਨਖਵਾ (ਇਸ ਦਾ ਪਹਿਲਾ ਨਾਂ ਸਰਹੱਦੀ ਸੂਬਾ ਸੀ) ਅਤਿਵਾਦ ਦੀ ਮਾਰ ਹੇਠ ਆਉਣ ਕਰ ਕੇ ਇਥੇ ਫਿਲਮੀ ਦੁਨੀਆ ਇਕ ਲਿਹਾਜ਼ ਨਾਲ ਉਜੜ-ਪੁਜੜ ਗਈ ਸੀ।

ਹੁਣ ਫਿਲਮਸਾਜ਼ ਇਰਸ਼ੂ ਬੰਗਸ਼ ਨੇ ‘ਪ੍ਰਾਜੈਕਟ ਪੇਸ਼ਾਵਰ’ ਫਿਲਮ ਇਸ ਸ਼ਹਿਰ ਵਿਚ ਰਿਲੀਜ਼ ਕਰਨ ਦਾ ਇਰਾਦਾ ਕੀਤਾ ਹੈ। ਇਹ ਫਿਲਮ ਪਾਕਿਸਤਾਨ ਦੇ ਨਾਲ ਨਾਲ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਹਾਲੈਂਡ ਵਿਚ ਵੀ ਰਿਲੀਜ਼ ਕੀਤੀ ਜਾਵੇਗੀ।
ਇਸ ਫਿਲਮ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਫਿਲਮ ਦਾ ਮੁੱਖ ਪਾਤਰ ਇੰਗਲੈਂਡ ਵਿਚ ਵਸਦਾ ਹੈ ਜੋ ਇੰਟਰਨੈਟ ‘ਤੇ ਗਪ-ਸ਼ਪ ਦੌਰਾਨ ਪੇਸ਼ਾਵਰ ਦੀ ਕਿਸੇ ਕੁੜੀ ਨਾਲ ਮੁਹੱਬਤ ਕਰ ਬੈਠਦਾ ਹੈ। ਆਪਣੀ ਮੁਹੱਬਤ ਨੂੰ ਪਾਉਣ ਲਈ ਉਹ ਇਕ ਦਿਨ ਲੰਡਨ ਤੋਂ ਪੇਸ਼ਾਵਰ ਪਹੁੰਚਦਾ ਹੈ, ਪਰ ਉਥੇ ਉਸ ਨੂੰ ਅਗਵਾ ਕਰ ਲਿਆ ਜਾਂਦਾ ਹੈ। ਅਸਲ ਵਿਚ ਉਸ ਨੂੰ ਅਗਵਾ ਕਰਨ ਲਈ ਹੀ ਮੁਹੱਬਤ ਵਾਲਾ ਪੇਚਾ ਪਾਇਆ ਗਿਆ ਸੀ।
ਇਰਸ਼ੂ ਬੰਗਸ ਨੇ ਆਸ ਪ੍ਰਗਟਾਈ ਕਿ ਇਸ ਫਿਲਮ ਨਾਲ ਪੇਸ਼ਾਵਰ ਵਿਚ ਫਿਲਮੀ ਰੌਣਕਾਂ ਮੁੜ ਆਉਣਗੀਆਂ। ਉਸ ਦੀ ਇਹ ਫਿਲਮ ਅੰਗਰੇਜ਼ੀ ਤੋਂ ਇਲਾਵਾ ਡੱਚ, ਉਰਦੂ ਅਤੇ ਪਸ਼ਤੋ ਵਿਚ ਵੀ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਇਕ ਪੱਖ ਇਹ ਵੀ ਜੋੜਿਆ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਪਿਛਲੇ ਦੋ ਸਾਲ ਤੋਂ ਇਹ ਦਾਅਵੇ ਕਰ ਰਹੀ ਹੈ ਕਿ ਖੈਬਰ ਪਖਤੂਨਖਵਾ ਵਿਚ ਹੁਣ ਹਾਲਾਤ ਆਮ ਵਰਗੇ ਬਣ ਰਹੇ ਹਨ, ਤੇ ਇਸ ਦਾਅਵੇ ਨੂੰ ਸਾਬਤ ਕਰਨ ਲਈ ਹੀ ਅਜਿਹੇ ਪ੍ਰਾਜੈਕਟ ਉਚੇਚੇ ਤੌਰ ‘ਤੇ ਉਲੀਕੇ ਜਾ ਰਹੇ ਹਨ। ਯਾਦ ਰਹੇ ਕਿ ਦਸੰਬਰ 2014 ਵਿਚ ਤਾਲਿਬਾਨ ਦੇ ਸਭ ਤੋਂ ਭਿਅੰਕਰ ਹਮਲੇ ਵਿਚ ਤਕਰੀਬਨ 150 ਜਾਨਾਂ ਚਲੀਆਂ ਗਈਆਂ ਸਨ। ਇਨ੍ਹਾਂ ਵਿਚੋਂ ਬਹੁਤੇ ਫੌਜੀ ਸਕੂਲ ਵਿਚ ਪੜ੍ਹਦੇ ਨੰਨ੍ਹੇ ਬੱਚੇ ਸਨ।
ਉਧਰ, ਇਰਸ਼ੂ ਬੰਗਸ ਨੂੰ ਆਪਣੀ ਇਸ ਫਿਲਮ ਤੋਂ ਬੜੀਆਂ ਆਸਾਂ ਹਨ। ਉਸ ਦਾ ਕਹਿਣਾ ਹੈ ਕਿ ਆਪਣੀ ਫਿਲਮ ਦੀ ਕਹਾਣੀ, ਉਸ ਨੇ ਲੋਕ ਪੱਖ ਦੇ ਬਹੁਤ ਨੇੜੇ ਹੋ ਕੇ ਬੁਣੀ ਹੈ ਅਤੇ ਇਹ ਲੋਕਾਂ ਨੂੰ ਪਸੰਦ ਆਵੇਗੀ। ਫਿਲਮ ਅਗਲੇ ਦੋ ਮਹੀਨਿਆਂ ਦੌਰਾਨ ਬਣ ਕੇ ਤਿਆਰ ਹੋਵੇਗੀ ਅਤੇ ਸਿਨੇਮਿਆਂ ਵਿਚ ਰਿਲੀਜ਼ ਕਰਨ ਤੋਂ ਪਹਿਲਾਂ ਪਾਕਿਸਤਾਨ ਵਿਚ ਇਸ ਦਾ ਵਿਸ਼ੇਸ਼ ਸ਼ੋਅ ਰੱਖਿਆ ਜਾਵੇਗਾ।
ਖੈਬਰ ਪਖਤੂਨਖਵਾ ਦੀ ਫਿਲਮ ਸਅਨਤ ਤਾਂ ਅਤਿਵਾਦ ਕਰ ਕੇ ਉਜੜੀ ਹੈ, ਪਰ ਪਾਕਿਸਤਾਨ ਵਿਚ ਫਿਲਮ ਸਨਅਤ ਦਾ ਉਂਜ ਵੀ ਮਾੜਾ ਹਾਲ ਹੀ ਹੈ। ਲਾਹੌਰ ਦੀ ਫਿਲਮ ਸਨਅਤ ਅੱਜ ਕੱਲ੍ਹ ਬੇਰੇ ਹਾਲੀਂ ਹੈ। ਲਾਲੌਰ ਦੀ ਇਹ ਸਨਅਤ ਹੌਲੀ ਹੌਲੀ ਕਰ ਕੇ ਸਿੰਧ ਸੂਬੇ ਦੇ ਸ਼ਹਿਰ ਕਰਾਚੀ ਚਲੇ ਗਈ ਸੀ, ਪਰ ਉਥੇ ਵੀ ਨਿੱਤ ਦਿਨ ਹੁੰਦੀਆਂ ਹਿੰਸਕ ਵਾਰਦਾਤਾਂ ਕਾਰਨ ਫਿਲਮ ਸਨਅਤ ਉਤੇ ਮਾੜਾ ਅਸਰ ਪੈ ਰਿਹਾ ਹੈ। ਦਰਅਸਲ ਪਾਕਿਸਤਾਨ ਦੇ ਪਿਛਾਂਹ ਖਿਚੂ ਸਮਾਜ, ਅਤਿਵਾਦ ਅਤੇ ਮੁਲਾਣਿਆਂ ਦੀ ਸਿਆਸਤ ਨੇ ਮੁਲਕ ਦੀ ਫਿਲਮ ਸਨਅਤ ਉਤੇ ਬਹੁਤ ਮਾੜਾ ਅਸਰ ਪਾਇਆ ਹੈ।