ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ, ਕੁਲਜੀਤ ਸਿੰਘ): ਪੰਜਾਬ ਟਾਈਮਜ਼ ਦੀ 17ਵੀਂ ਵਰ੍ਹੇਗੰਢ ਦੇ ਜਸ਼ਨ ਮੌਕੇ ਜਿਥੇ ਉਤਰੀ ਅਮਰੀਕਾ ਵਿਚ ਪੰਜਾਬੀ ਪੱਤਰਕਾਰੀ ਦੇ ਹਾਲਾਤ ਅਤੇ ਪੰਜਾਬ ਟਾਈਮਜ਼ ਦੇ ਪੱਤਰਕਾਰੀ ਮਿਆਰਾਂ ਬਾਰੇ ਵਿਚਾਰ-ਚਰਚਾ ਹੋਈ, ਉਥੇ ਗੀਤ-ਸੰਗੀਤ ਦਾ ਦੌਰ ਵੀ ਚੱਲਿਆ। ਇਸ ਮੌਕੇ ਮਿਡਵੈਸਟ ਦੀਆਂ ਧਾਰਮਿਕ, ਸਭਿਆਚਾਰਕ ਤੇ ਖੇਡ ਸੰਸਥਾਵਾਂ ਦੇ ਨੁਮਾਇੰਦੇ ਅਤੇ ਪੰਜਾਬ ਟਾਈਮਜ਼ ਦੇ ਪ੍ਰਸ਼ੰਸਕ ਹੁਮਹੁਮਾ ਕੇ ਪਹੁੰਚੇ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਪ੍ਰਗਟਾਏ ਕਿ ‘ਪੰਜਾਬ ਟਾਈਮਜ਼’ ਵਿਚ ਗਿਆਨ ਭਰਪੂਰ ਸਮੱਗਰੀ ਤੋਂ ਇਲਾਵਾ ਮਿਆਰੀ ਸਾਹਿਤ, ਸਥਾਈ ਕਾਲਮ ਤਾਂ ਪੜ੍ਹਨ ਨੂੰ ਮਿਲਦੇ ਹੀ ਹਨ, ਇਸ ਦੀ ਖਾਸੀਅਤ ਵੱਖ ਵੱਖ ਮੁੱਦਿਆਂ ਉਤੇ ਵਿਚਾਰ ਭਰਪੂਰ ਲੇਖ ਹਨ। ‘ਪੰਜਾਬ ਟਾਈਮਜ਼’ ਦਾ ਸਰੋਕਾਰ ਲੋਕ ਹਿੱਤ ਤੇ ਪੰਜਾਬੀ ਦਾ ਪ੍ਰਸਾਰ ਹੈ ਅਤੇ ਇਹ ਬੇਬਾਕ ਰਾਏ ਪ੍ਰਗਟ ਕਰਨ ਤੋਂ ਨਹੀਂ ਝਿਜਕਦਾ। ਪੰਜਾਬੀ ਪੱਤਰਕਾਰੀ ਦੇ ਆਪਣੇ ਉਚ ਮਿਆਰਾਂ ਕਰਕੇ ਇਹ ਇਸ ਸਮੇਂ ਨਾ ਸਿਰਫ ਉਤਰੀ ਅਮਰੀਕਾ ਵਿਚ ਹੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਹਫਤਾਵਾਰੀ ਅਖਬਾਰ ਹੈ ਸਗੋਂ ਵੈਬਸਾਈਟ ਰਾਹੀਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਵੀ ਇਸ ਦੇ ਪਾਠਕਾਂ ਦੀ ਗਿਣਤੀ ਵਸੀਹ ਹੈ।
ਯੂਬਾ ਸਿਟੀ ਤੋਂ ਆਏ ਪੱਤਰਕਾਰੀ ਨਾਲ ਨੇੜਿਓਂ ਜੁੜੇ ਰਹੇ ਚਿੰਤਕ ਸ਼ ਹਰਜਿੰਦਰ ਸਿੰਘ ਦੁਸਾਂਝ ਨੇ ਕਿਹਾ ਕਿ ਅਮਰੀਕਾ ਵਿਚ ਪੇਸ਼ੇਵਰ ਪੰਜਾਬੀ ਪੱਤਰਕਾਰੀ ਦਾ ਸਹੀ ਅਰਥਾਂ ਵਿਚ ਆਗਾਜ਼ ‘ਪੰਜਾਬ ਟਾਈਮਜ਼’ ਅਖਬਾਰ ਨਾਲ ਹੋਇਆ। ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿਚ ਬੇਸ਼ਕ ਕਈ ਪੰਜਾਬੀ ਪਰਚੇ ਸ਼ੁਰੂ ਹੋਏ ਪਰ ਬਹੁਤੀ ਦੇਰ ਚੱਲ ਨਾ ਸਕੇ। ਪੰਜਾਬ ਟਾਈਮਜ਼ ਤੋਂ ਕੁਝ ਹੀ ਮਹੀਨੇ ਪਹਿਲਾਂ ਅਜਿਹਾ ਹੀ ਇਕ ਹੋਰ ਪਰਚਾ ਨਿਊ ਯਾਰਕ ਤੋਂ ‘ਸ਼ੇਰ-ਏ-ਪੰਜਾਬ’ ਨਿਕਲਿਆ। ਹਾਲਾਂਕਿ ਇਸ ਪਰਚੇ ਪਿਛੇ ਸ਼ੁਰੂ ਵਿਚ ਇਕ ਵੱਡੀ ਹਸਤੀ ਗੋਪਾਲ ਰਾਜੂ ਸੀ ਪ੍ਰੰਤੂ ਅੱਜ ਪੰਜਾਬ ਟਾਈਮਜ਼ ਉਸ ਤੋਂ ਕਿਤੇ ਅੱਗੇ ਨਿਕਲ ਚੁਕਾ ਹੈ। ਅਮਰੀਕਾ ਵਿਚ ਬੇਸ਼ਕ ਇਸ ਵੇਲੇ ਬਹੁਤ ਸਾਰੇ ਪੰਜਾਬੀ ਪਰਚੇ ਨਿਕਲ ਰਹੇ ਹਨ ਪ੍ਰੰਤੂ ਉਨ੍ਹਾਂ ਵਿਚੋਂ ਬਹੁਤਿਆਂ ਦਾ ਪੱਤਰਕਾਰੀ ਪੱਖੋਂ ਕੋਈ ਮਿਆਰ ਨਹੀਂ।
ਸ਼ ਦੁਸਾਂਝ ਨੇ ਕਿਹਾ ਕਿ ਸੰਪਾਦਕ ਅਮੋਲਕ ਸਿੰਘ, ਜਿਨ੍ਹਾਂ ਨੂੰ ਪੱਤਰਕਾਰੀ ਦਾ ਲੰਮਾ ਤਜਰਬਾ ਹੈ, ਨੇ ਪਾਠਕਾਂ ਦੀ ਰੁਚੀ ਮੁਤਾਬਕ ਸਹੀ ਅਰਥਾਂ ਵਿਚ ਇਕ ਮਿਆਰੀ ਅਖਬਾਰ ‘ਪੰਜਾਬ ਟਾਈਮਜ਼’ ਸ਼ੁਰੂ ਕੀਤਾ। ਆਮ ਤੌਰ ‘ਤੇ ਕਿਹਾ ਜਾਂਦਾ ਸੀ ਕਿ ਪੇਪਰ ਈਸਟ ਕੋਸਟ ਤੇ ਵੈਸਟ ਕੋਸਟ ਤੋਂ ਤਾਂ ਚਲ ਸਕਦਾ ਹੈ ਪਰ ਮਿਡਵੈਸਟ ਵਿਚੋਂ ਨਹੀਂ। ਸ਼ਿਕਾਗੋ ਦਾ ਪੰਜਾਬੀ ਭਾਈਚਾਰਾ ਪ੍ਰਸੰæਸਾ ਦਾ ਹੱਕਦਾਰ ਹੈ ਕਿ ‘ਪੰਜਾਬ ਟਾਈਮਜ਼’ ਦਾ ਜੋ ਬੂਟਾ ਉਨ੍ਹਾਂ ਲਾਇਆ ਸੀ, ਅੱਜ ਪੱਤਰਕਾਰੀ ਦੇ ਮਿਆਰਾਂ ਪੱਖੋਂ ਉਤਰੀ ਅਮਰੀਕਾ ‘ਚ ਸਭ ਤੋਂ ਅੱਗੇ ਹੈ। ਸ਼ਿਕਾਗੋ ਤੋਂ ਮੈਗਜ਼ੀਨ ਸਾਈਜ਼ ਵਿਚ ਸ਼ੁਰੂ ਹੋਏ ਇਸ ਅਖਬਾਰ ਦੇ ਹੁਣ ਤਿੰਨ ਐਡੀਸ਼ਨ (ਮਿਡਵੈਸਟ, ਨਿਊ ਯਾਰਕ ਤੇ ਕੈਲੀਫੋਰਨੀਆ) ਹਨ ਜੋ ਆਪਣੇ ਆਪ ‘ਚ ਇਕ ਵੱਡੀ ਪ੍ਰਾਪਤੀ ਹੈ।
ਸ਼ ਦੁਸਾਂਝ ਨੇ ਹਵਾਲਾ ਦਿੱਤਾ ਕਿ ਭਾਰਤ ਦਾ ਇਲਸਟ੍ਰੇਟਿਡ ਵੀਕਲੀ ਮੈਗਜ਼ੀਨ ਜਦ ਬੰਦ ਹੋਣ ਦੇ ਕਰੀਬ ਸੀ ਤਾਂ ਖੁਸ਼ਵੰਤ ਸਿੰਘ ਨੇ ਸੰਪਾਦਕ ਵਜੋਂ ਮਿਹਨਤ ਨਾਲ ਇਸ ਮੈਗਜ਼ੀਨ ਵਿਚ ਜਾਨ ਪਾ ਦਿੱਤੀ ਸੀ। ਸੰਪਾਦਕ ਅਮੋਲਕ ਸਿੰਘ ਆਪਣੀ ਲਾਇਲਾਜ ਬਿਮਾਰੀ ਕਰਕੇ ਦਰਪੇਸ਼ ਸਭ ਮੁਸ਼ਕਿਲਾਂ ਦੇ ਬਾਵਜੂਦ ਅਖਬਾਰ ਨੂੰ ਉਚ ਪੱਧਰ ‘ਤੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਖਬਾਰ ਬਿਜਨਸ ਨਹੀਂ ਕਰ ਰਿਹਾ ਕਿAੁਂਕਿ ਇਹ ਹੀ ਇਕੋ ਇਕ ਅਖਬਾਰ ਹੈ ਜਿਸ ਵਿਚ ਤਾਂਤਰਿਕਾਂ ਤੇ ਪੀਰ ਬਾਬਿਆਂ, ਮੁੰਡਾ ਹੈ ਜਾਂ ਕੁੜੀ ਜਿਹੇ ਮਿਆਰੋਂ ਲੱਥੇ ਇਸ਼ਤਿਹਾਰ ਨਹੀਂ ਮਿਲਣਗੇ।
ਸ਼ ਦੁਸਾਂਝ ਨੇ ਟਿੱਪਣੀ ਕੀਤੀ ਕਿ ‘ਪੰਜਾਬ ਟਾਈਮਜ਼’ ਕਿਸੇ ਇਕ ਖਾਸ ਵਿਚਾਰਧਾਰਾ, ਸਿਆਸੀ ਜਾਂ ਧਾਰਮਿਕ ਧੜੇ ਨਾਲ ਜੁੜਿਆ ਹੋਇਆ ਨਹੀਂ ਹੈ, ਸਗੋਂ ਇਹ ਸਭ ਧਿਰਾਂ ਨੂੰ ਨਿਰਪੱਖਤਾ ਨਾਲ ਬਣਦੀ ਥਾਂ ਦਿੰਦਾ ਹੈ। ਇਸ ਵਿਚ ਸਭ ਵਰਗਾਂ ਦੇ ਪਾਠਕਾਂ/ਲੇਖਕਾਂ ਲਈ ਪੜ੍ਹਨ ਸਮੱਗਰੀ ਮੌਜੂਦ ਹੁੰਦੀ ਹੈ। ਅਹਿਮ ਮਾਮਲਿਆਂ ‘ਤੇ ਨਿਰਪੱਖ ਅਤੇ ਖੁੱਲ੍ਹੀ ਵਿਚਾਰ-ਚਰਚਾ ਦਾ ਮੰਚ ਮੁਹੱਈਆ ਕਰਨਾ ਇਸ ਦੀ ਖਾਸੀਅਤ ਹੈ।
ਸ਼ਿਕਾਗੋ ਦੇ ਸਭਿਆਚਾਰਕ ਹਲਕਿਆਂ ਵਿਚ ਜਾਣੀ-ਪਛਾਣੀ ਹਸਤੀ ਸ਼ ਠਾਕੁਰ ਸਿੰਘ ਬਸਾਤੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ‘ਪੰਜਾਬ ਟਾਈਮਜ਼’ ਵਿਚ ਨਵੇਂ ਤੋਂ ਨਵਾਂ ਮੈਟਰ ਪੜ੍ਹਨ ਨੂੰ ਮਿਲਦਾ ਹੈ। ਹਮੇਸ਼ਾ ਅਗਲੇ ਅੰਕ ਦੀ ਉਡੀਕ ਲੱਗੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੰਪਾਦਕ ਅਮੋਲਕ ਸਿੰਘ ਹਰ ਲਿਖਤ ਨੂੰ ਚੰਗੀ ਤਰ੍ਹਾਂ ਘੋਖ ਕੇ ਛਾਪਣ ਦਾ ਉਪਰਾਲਾ ਕਰਦੇ ਹਨ। ਉਨ੍ਹਾਂ ਅਖਬਾਰ ਦੀ ਤਰੱਕੀ ਅਤੇ ਇਸ ਦੇ ਪਾਠਕਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਅਰਦਾਸ ਕੀਤੀ।
ਸਥਾਨਕ ਹਰੀ ਓਮ ਮੰਦਿਰ, ਮੈਡਾਈਨਾ ਦੇ ਗਾਰਡੀਅਨ ਅਤੇ ‘ਪੰਜਾਬ ਟਾਈਮਜ਼’ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਸ੍ਰੀ ਅਯੁਧਿਆ ਸਲਵਾਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ‘ਪੰਜਾਬ ਟਾਈਮਜ਼’ ਨੂੰ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਪਣੀਆਂ ਅੱਖਾਂ ਨਾਲ ਵਧਦਾ-ਫੁਲਦਾ ਵੇਖਿਆ ਹੈ। ਉਨ੍ਹਾਂ ਆਪਣੀ ਇਕ ਯਾਦ ਸਾਂਝੀ ਕੀਤੀ ਕਿ ਜਦੋਂ ਅਮੋਲਕ ਸਿੰਘ ਨੇ ਪੰਜਾਬੀ ਅਖਬਾਰ ਸ਼ੁਰੂ ਕਰਨ ਦੀ ਗੱਲ ਕੀਤੀ ਤਾਂ ਸੱਚੀ ਮੁੱਚੀ ਮੈਨੂੰ ਵਿਆਹ ਜਿੰਨਾ ਚਾਅ ਚੜ੍ਹ ਗਿਆ ਸੀ। ਅਜ ਇਹ 18ਵੇਂ ਸਾਲ ਵਿਚ ਦਾਖਲ ਹੋ ਗਿਆ ਹੈ ਤੇ ਇਸ ਦਾ ਕੋਈ ਸਾਨੀ ਨਹੀਂ।
ਸ੍ਰੀ ਸਲਵਾਨ ਨੇ ਕਿਹਾ ਕਿ ਇਹ ਇਕੋ ਇਕ ਅਖਬਾਰ ਹੈ ਜੋ ਸਭ ਦੀ ਆਵਾਜ਼ ਬੇਖੌਫ, ਨਿਰਪੱਖ, ਨਿਧੜਕ ਹੋ ਕੇ ਸਭ ਤੱਕ ਪਹੁੰਚਾਉਂਦਾ ਹੈ। ਇਸ ਦੀ ਸੰਪਾਦਕੀ ਕਲਾਸਿਕ ਹੁੰਦੀ ਹੈ। ਉਨ੍ਹਾਂ ਆਪਣੇ ਮਨ ਦਾ ਵਲਵਲਾ ਸਾਂਝਾ ਕੀਤਾ ਕਿ ‘ਪੰਜਾਬ ਟਾਈਮਜ਼ ਨਾਈਟ’ ਵਾਲੇ ਦਿਨ ਦਾ ਮੈਨੂੰ ਅਮੋਲਕ ਦੇ ਮੁੰਡੇ ਮਨਦੀਪ ਦੇ ਵਿਆਹ ਵਰਗਾ ਚਾਅ ਚੜ੍ਹ ਜਾਂਦਾ ਹੈ। ਉਨ੍ਹਾਂ ਪ੍ਰਭੂ ਅੱਗੇ ਅਮੋਲਕ ਸਿੰਘ ਦੀ ਸਿਹਤਯਾਬੀ ਲਈ ਅਰਜੋਈ ਕਰਦਿਆਂ ਅਖਬਾਰ ਦੀ ਹੋਰ ਤਰੱਕੀ ਦੀ ਕਾਮਨਾ ਕੀਤੀ।
ਮਿਡਵੈਸਟ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਪੈਲਾਟਾਈਨ ਦੇ ਲੰਮਾ ਸਮਾਂ ਗ੍ਰੰਥੀ ਰਹੇ ਅਤੇ ਅੱਜ ਕੱਲ੍ਹ ਗੁਰਦੁਆਰਾ ਵ੍ਹੀਟਨ ਦੇ ਮੁੱਖ ਗ੍ਰੰਥੀ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਅਖਬਾਰ ਸ਼ੁਰੂ ਕਰਨਾ ਮੁਸ਼ਕਿਲ ਤਾਂ ਹੈ ਹੀ, ਪਰ ਇਸ ਦੇ ਮਿਆਰ ਕਾਇਮ ਰੱਖਣਾ ਹੋਰ ਵੀ ਮੁਸ਼ਕਿਲ ਹੁੰਦਾ ਹੈ। ਅਮੋਲਕ ਸਿੰਘ ਦੀ ਹਿੰਮਤ, ਹੌਸਲੇ ਤੇ ਵਿਸ਼ਵਾਸ ਨੂੰ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਸਿਹਤ ਦੀਆਂ ਮਜਬੂਰੀਆਂ ਦੇ ਬਾਵਜੂਦ ਅਜਿਹਾ ਕਰ ਦਿਖਾਇਆ ਹੈ। ਜੇ ਸੋਚ ਚੰਗੀ ਹੋਵੇ ਤਾਂ ਅਸੰਭਵ ਕੰਮ ਵੀ ਸੰਭਵ ਹੋ ਜਾਂਦਾ ਹੈ।
ਪੰਜਾਬ ਵਿਚ ਲੰਮਾ ਸਮਾਂ ਅਧਿਆਪਕ ਰਹੇ ਅਤੇ ਪਿਛਲੇ ਇਕ ਅਰਸੇ ਤੋਂ ਸ਼ਿਕਾਗੋਲੈਂਡ ਰਹਿ ਰਹੇ ਬੀਬੀ ਕਿਰਪਾਲ ਕੌਰ ਨੇ ਜਜ਼ਬਾਤੀ ਹੁੰਦਿਆਂ ਕਿਹਾ ਕਿ ਬੁਧਵਾਰ ਨੂੰ ਸਵੇਰੇ ਜਦੋਂ ਅਖਬਾਰ ਮਿਲਦਾ ਹੈ ਤਾਂ ਇਕ ਕਰਮਯੋਗੀ ਤੇ ਤਪੱਸਵੀ ਦਾ ਪ੍ਰਸ਼ਾਦ ਸਮਝ ਕੇ ਮੈਂ ਪਹਿਲਾਂ ਮੱਥੇ ਨਾਲ ਲਾਉਂਦੀ ਹਾਂ। ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਦਾ ਸਿਹਤ ਦੇ ਇਸ ਦੌਰ ਵਿਚੋਂ ਗੁਜਰ ਕੇ ਪਾਠਕਾਂ ਲਈ ਪੇਪਰ ਪੁਜਦਾ ਕਰਨਾ ਇੱਕ ਅੰਚਭੇ ਤੋਂ ਘਟ ਨਹੀਂ। ਸ਼ ਜੰਮੂ ਦੀ ਪਤਨੀ ਜਸਪ੍ਰੀਤ ਕੌਰ ‘ਦੋ ਰੂਪ ਇਕ ਜੋਤ’ ਕਥਨ ਨੂੰ ਸਹੀ ਸਿੱਧ ਕਰਦਿਆਂ ਹਰ ਮੁਸ਼ਕਿਲ ਘੜੀ ਵਿਚ ਆਪਣੇ ਪਤੀ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸ਼ ਜੰਮੂ ‘ਅਮੋਲਕ’ ਹਨ ਤਾਂ ਇਹ ਬੀਬੀ ‘ਅਨਮੋਲ’ ਹੈ। ਉਨ੍ਹਾਂ ਆਖਿਆ ਕਿ ਇਹ ਸ਼ ਜੰਮੂ ਦੇ ਦਲੇਰ ਮਾਤਾ-ਪਿਤਾ ਦੀ ਸਿਖਿਆ ਤੇ ਹੱਲਾਸ਼ੇਰੀ ਹੀ ਹੈ ਕਿ ਜ਼ਿੰਦਗੀ ਨਾਲ ਜੂਝਣ ਦਾ ਉਨ੍ਹਾਂ ਦਾ ਹੌਸਲਾ ਚਰਮ ਸੀਮਾ ‘ਤੇ ਹੈ। ਪੱਤਰਕਾਰੀ ਇਕ ਜੋਖਮ ਤੇ ਚੈਲੇਂਜ ਭਰਿਆ ਕਾਰਜ ਹੈ ਅਤੇ ਅਮੋਲਕ ਨੇ ਇਸ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਹੈ।
‘ਪੰਜਾਬ ਟਾਈਮਜ਼’ ਦੇ ਲੰਮੇ ਸਮੇਂ ਤੋਂ ਸੁਪੋਰਟਰ ਸ਼ ਅਵਤਾਰ ਸਿੰਘ ਸਪਰਿੰਗਫੀਲਡ ਨੇ ਅਖਬਾਰ ਦੀ ਵਰ੍ਹੇਗੰਢ ‘ਤੇ ਵਧਾਈ ਦਿੰਦਿਆਂ ਆਪਣੀ ਇਕ ਕਵਿਤਾ ਪੜ੍ਹੀ, “ਦਿੰਦਾ ਰਹੀਂ ਲੋਅ ਇਥੇ, ਉਏ ਅਸਮਾਨ ਦਿਆ ਤਾਰਿਆ; ਮੈਨੂੰ ਤੇ ਪੰਜਾਬ ਟਾਈਮਜ਼ ਦੀਆਂ ਮੁਹੱਬਤਾਂ ਨੇ ਮਾਰਿਆ।”
ਪੰਜਾਬੀ ਕਲਚਰਲ ਸੁਸਾਇਟੀ, ਮਿਸ਼ੀਗਨ ਦੇ ਨੁਮਾਇੰਦੇ ਸ਼ ਰਾਜਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਪੰਜਾਬੀ ਦੇ 35 ਅੱਖਰ ਜੇ ਕਿਸੇ ਪੈਗੰਬਰ ਦੇ ਹੱਥ ਆ ਜਾਣ ਤਾਂ ਉਹ ਗ੍ਰੰਥ ਤੇ ਸਿਮ੍ਰਤੀਆਂ ਦਾ ਰਚੈਤਾ ਬਣਦਾ ਹੈ। ਇਹੀ ਸ਼ਬਦ ਅਮੋਲਕ ਹੱਥ ਆਏ ਤਾਂ ਉਸ ਨੇ ਆਪਣੀ ਸੰਪਾਦਨ ਕਲਾ ਨਾਲ ਇਨ੍ਹਾਂ ਅੱਖਰਾਂ ਨੂੰ ਪਰੋ ਕੇ ‘ਪੰਜਾਬ ਟਾਈਮਜ਼’ ਵਰਗਾ ਮਿਆਰੀ ਅਖਬਾਰ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇ ਦ੍ਰਿੜ ਵਿਸ਼ਵਾਸ ਅਤੇ ਸੱਚੀ ਲਗਨ ਹੋਵੇ ਤਾਂ ਇਨਸਾਨ ਆਪਣੀ ਮੰਜ਼ਿਲ ਪਾ ਹੀ ਲੈਂਦਾ ਹੈ। ਉਨ੍ਹਾਂ ਸ਼ ਜੰਮੂ ਨੂੰ ਆਪਣਾ ਪ੍ਰੇਰਨਾ ਸਰੋਤ ਕਰਾਰ ਦਿੱਤਾ।
ਮਿਸ਼ੀਗਨ ਤੋਂ ਹੀ ਆਏ ਸ਼ ਸਿਕੰਦਰ ਸਿੰਘ ਨੇ ਆਪਣੀ ਤਕਰੀਰ ਵਿਚ ਕਿਹਾ ਕਿ ‘ਪੰਜਾਬ ਟਾਈਮਜ਼’ ਹਮੇਸ਼ਾ ਹੀ ਨਿਡਰ ਤੇ ਬੇਬਾਕ ਹੋ ਕੇ ਆਪਣੀ ਗੱਲ ਕਹਿੰਦਾ ਹੈ ਅਤੇ ਸ਼ ਜੰਮੂ ਇਸ ਨੂੰ ਧੜੇਬੰਦਕ ਸਿਆਸਤ ਤੋਂ ਉਪਰ ਉਠ ਕੇ ਚਲਾਉਂਦੇ ਹਨ।
ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਸਬੀਰ ਕੌਰ ਸਲੂਜਾ ਨੇ ਅਖਬਾਰ ਦੇ ਮਿਆਰਾਂ ਦੀ ਤਾਰੀਫ ਕਰਦਿਆਂ ਇਸ ਦੀ ਤਰੱਕੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਅੱਖੀਂ ਦੇਖਿਆ ਹੈ, ਅਮੋਲਕ ਸਿੰਘ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਬੜੀ ਹਿੰਮਤ ਤੇ ਦ੍ਰਿੜਤਾ ਨਾਲ ਕੰਮ ਕਰ ਰਹੇ ਹੁੰਦੇ ਹਨ। ਉਹ ਅਖਬਾਰ ਦੇ ਹਰ ਪੰਨੇ ਦਾ ਬੌਧਿਕ ਇਮਾਨਦਾਰੀ ਤੇ ਡੂੰਘੀ ਨੀਝ ਨਾਲ ਵਿਸ਼ਲੇਸ਼ਣ ਕਰਦੇ ਹਨ। ਉਨ੍ਹਾਂ ਹਾਜ਼ਰੀਨ ਨੂੰ ਪੰਜਾਬ ਟਾਈਮਜ਼ ਦੀ ਵੱਧ ਤੋਂ ਵੱਧ ਮਾਲੀ ਮਦਦ ਕਰਨ ਦਾ ਸੱਦਾ ਦਿੱਤਾ ਅਤੇ ਆਪ ਵੀ ਨਾਲ ਖੜ੍ਹੇ ਹੋਣ ਦਾ ਯਕੀਨ ਦਿਵਾਇਆ।
ਸਮਾਗਮ ਦੇ ਮੁੱਖ ਮਹਿਮਾਨ, ਸਥਾਨਕ ਸਿੱਖ ਹਲਕਿਆਂ ਵਿਚ ਇਕ ਉਘੀ ਹਸਤੀ, ਮੇਜਰ ਗੁਰਚਰਨ ਸਿੰਘ ਝੱਜ ਨੇ ਕਿਹਾ ਕਿ ਅਖਬਾਰ ਦੀ ਸੰਪਾਦਕੀ ਵਿਚ ਤਰਕ ਭਰਪੂਰ ਤੇ ਬੇਬਾਕ ਟਿੱਪਣੀ ਪੜ੍ਹਨ ਨੂੰ ਮਿਲਦੀ ਹੈ। ਅਮੋਲਕ ਸਿੰਘ ਵਾਂਗ ਸਿਰੜੀ ਤੇ ਸਮਰਪਿਤ ਹੋ ਕੇ ਪੰਜਾਬੀ ਪੱਤਰਕਾਰੀ ਦਾ ਇਕ ਮੁਕਾਮ ਹਾਸਲ ਕਰਨਾ, ਵੱਡੀ ਘਾਲਣਾ ਬਿਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਜ ਤੇ ਲੋਕਾਂ ਦੇ ਦੁਖ-ਦਰਦ ਨੂੰ ਅਖਬਾਰ ਰਾਹੀਂ ਜ਼ੁਬਾਨ ਦੇਣੀ ਅਮੋਲਕ ਜਾਣਦਾ ਹੈ। ਇਹੋ ਵਜ੍ਹਾ ਹੈ ਕਿ ‘ਪੰਜਾਬ ਟਾਈਮਜ਼’ ਲੋਕਾਂ ਵਿਚ ਇੰਨਾ ਮਕਬੂਲ ਹੈ। ਉਨ੍ਹਾਂ ਆਖਿਆ ਕਿ ਅਮੋਲਕ ਸਿੰਘ ਤੇ ਪੰਜਾਬ ਟਾਈਮਜ਼ ਦਾ ਘੇਰਾ ਬੜਾ ਵਸੀਹ ਹੈ, ਜਿਸ ਦਾ ਸਬੂਤ ਅੱਜ ਮਿਡਵੈਸਟ ਦੀਆਂ ਸਭ ਖੇਡ ਕਲੱਬਾਂ, ਧਾਰਮਿਕ ਤੇ ਸਭਿਆਚਾਰਕ ਸੰਸਥਾਵਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਇਥੇ ਮੌਜੂਦ ਹੋਣਾ ਹੈ। ਉਨ੍ਹਾਂ ਅਦਾਰਾ ਪੰਜਾਬ ਟਾਈਮਜ਼ ਨੂੰ ਸ਼ੁਭ ਇੱਛਾਵਾਂ ਭੇਟ ਕਰਦਿਆਂ ਇਸ ਦੀ ਤਰੱਕੀ ਦੀ ਕਾਮਨਾ ਕੀਤੀ।
‘ਪੰਜਾਬ ਟਾਈਮਜ਼’ ਦੀ ਸਲਾਹਕਾਰ ਕਮੇਟੀ ਨੇ ਸ਼ ਝੱਜ ਨੂੰ ਯਾਦਗਾਰੀ ਪਲੈਕ ਦੇ ਕੇ ਉਨ੍ਹਾਂ ਦਾ ਉਚੇਚਾ ਸਨਮਾਨ ਕੀਤਾ। ਸਮਾਗਮ ਦੇ ਮੁੱਖ ਸਪਾਂਸਰ ਸ਼ ਰਘਬੀਰ ਸਿੰਘ ਘੁੰਨ, ਸ਼ ਪ੍ਰੀਤਮ ਸਿੰਘ ਗਰੇਵਾਲ ਅਤੇ ਗੁਲਜ਼ਾਰ ਸਿੰਘ ਮੁਲਤਾਨੀ ਜਰੂਰੀ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ।
ਗੀਤ-ਸੰਗੀਤ ਦੇ ਦੌਰ ਵਿਚ ਤਾਰਾ ਮੁਲਤਾਨੀ ਤੇ ਮਨਦੀਪ ਸਿੰਘ ਸੈਣੀ ਨੇ ਆਪਣੀ ਗਾਇਕੀ ਨਾਲ ਆਏ ਮਹਿਮਾਨਾਂ ਦਾ ਭਰਪੂਰ ਮਨੋਰੰਜਨ ਕੀਤਾ। ਉਨ੍ਹਾਂ ਮਿਲ ਕੇ ਗੁਰਦਾਸ ਮਾਨ ਦਾ ਮਸ਼ਹੂਰ ਗੀਤ ‘ਕੀ ਬਣੂੰ ਦੁਨੀਆਂ ਦਾ’ ਅਤੇ ‘ਛੱਲਾ’ ਗਾ ਕੇ ਖੂਬ ਰੰਗ ਬੰਨਿਆ। ਤਾਰਾ ਮੁਲਤਾਨੀ ਨੇ ਲਾਲ ਚੰਦ ਯਮਲਾ ਜੱਟ ਨੂੰ ਯਾਦ ਕਰਦਿਆਂ ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਤੇ ‘ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ’ ਗਾ ਕੇ ਯਮਲਾ ਜੱਟ ਨੂੰ ਸ਼ਰਧਾਂਜਲੀ ਭੇਟ ਕੀਤੀ। ਫਿਰ ਉਸ ਨੇ ‘ਕੋਈ ਕਮੀ ਮੇਰੇ ਵਿਚ ਹੋਵੇਗੀ’ ਅਤੇ ‘ਆ ਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ’ ਗਾ ਕੇ ਵਾਹ ਵਾਹ ਖੱਟੀ।
ਮਨਦੀਪ ਸਿੰਘ ਸੈਣੀ ਨੇ ਗੀਤ ‘ਮਿੱਟੀ ਦਾ ਬਾਵਾ’ ਪੇਸ਼ ਕਰ ਕੇ ਮਾਹੌਲ ਨੂੰ ਇਕ ਵੱਖਰਾ ਰੰਗ ਦਿੱਤਾ। ਫਿਰ ਤਾਰੇ ਤੇ ਮਨਦੀਪ ਨੇ ‘ਮਾਂਵਾਂ ਠੰਡੀਆਂ ਛਾਂਵਾਂ’, ‘ਤਿੰਨ ਰੰਗ ਨਹੀਂ ਲੱਭਣੇ ਬੀਬਾ-ਹੁਸਨ, ਜਵਾਨੀ ਤੇ ਮਾਪੇ’ ਅਤੇ ‘ਜੇ ਤੇਰਾ ਆਸਰਾ ਹੋਵੇ ਤਾਂ ਸਹਾਰੇ ਹੀ ਸਹਾਰੇ ਨੇ’ ਗੀਤ ਗਾ ਕੇ ਦਾਦ ਹਾਸਿਲ ਕੀਤੀ। ਅਖੀਰ ਵਿਚ ਦੋਹਾਂ ਨੇ ਰਲ ਕੇ ਬੋਲੀਆਂ ਪਾ ਕੇ ਆਏ ਮਹਿਮਾਨਾਂ ਨੂੰ ਖੂਬ ਨਚਾਇਆ। ਅਖਬਾਰ ਦੀ ਸਲਾਹਕਾਰ ਕਮੇਟੀ ਵਲੋਂ ਤਾਰੇ ਤੇ ਮਨਦੀਪ ਦਾ ਮਾਣ-ਤਾਣ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਜਗਮੀਤ ਸਿੰਘ ਨੇ ‘ਤੇਰੀ ਜੀਨ ਕੁੜੀਏ’ ਗੀਤ ਅਤੇ ਜਸਦੇਵ ਸਿੰਘ ਨੇ ਅੱਲਗ ਤਰ੍ਹਾਂ ਦੇ ਗੀਤ ‘ਛੋਟਾ ਜਿਹਾ ਕੰਮ ਧੰਨੇ ਕਰ ਦੇ ਗਰੀਬ ਦਾ’ ਨਾਲ ਹਾਜ਼ਰੀ ਲੁਆਈ।
ਮੰਚ ਸੰਚਾਲਨ ਡਾæ ਹਰਜਿੰਦਰ ਸਿੰਘ ਖਹਿਰਾ ਅਤੇ ਗੁਰਮੁਖ ਸਿੰਘ ਭੁੱਲਰ ਨੇ ਬਾਖੂਬੀ ਕੀਤਾ। ਪੰਜਾਬੀ ਵਿਰਾਸਤ ਸੰਸਥਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਟਾਈਮਜ਼ ਦੇ ਵਿਸ਼ੇਸ਼ ਸਹਿਯੋਗੀ ਜੈਰਾਮ ਸਿੰਘ ਕਾਹਲੋਂ ਨੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਸ਼ਾਮ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਦੇ ਮੈਂਬਰ ਡਾæ ਗੁਰਦਿਆਲ ਸਿੰਘ ਬਸਰਾਨ, ਹਰਦਿਆਲ ਸਿੰਘ ਦਿਓਲ, ਡਾæ ਹਰਗੁਰਮੁਖਪਾਲ ਸਿੰਘ, ਜੈਦੇਵ ਸਿੰਘ ਭੱਠਲ, ਦਰਸ਼ਨ ਸਿੰਘ ਗਰੇਵਾਲ, ਬਲਵਿੰਦਰ ਕੌਰ (ਨਿੱਕੀ) ਸੇਖੋਂ, ਮਨਦੀਪ ਸਿੰਘ ਭੂਰਾ, ਡਾæ ਨਵਦੀਪ ਕੌਰ ਸੰਧੂ, ਸਰਵਣ ਸਿੰਘ ਟਿਵਾਣਾ ਅਤੇ ਜਗਦੀਸ਼ਰ ਸਿੰਘ ਕਲੇਰ ਹਾਜ਼ਰ ਸਨ ਜਦਕਿ ਜੱਸੀ ਗਿੱਲ, ਡਾæ ਤੇਜਿੰਦਰ ਸਿੰਘ ਮੰਡੇਰ, ਹਰਜੀਤ ਸਿੰਘ ਸਾਹੀ, ਦਰਸ਼ਨ ਸਿੰਘ ਦਰੜ, ਸਵਰਨਜੀਤ ਸਿੰਘ ਢਿੱਲੋਂ, ਪ੍ਰੋæ ਜੋਗਿੰਦਰ ਸਿੰਘ ਰਮਦੇਵ, ਬਲਵਿੰਦਰ (ਬਾਬ) ਸਿੰਘ ਸੰਧੂ, ਅਮੋਲਕ ਸਿੰਘ ਗਾਖਲ, ਰਾਜਿੰਦਰ ਸਿੰਘ ਬੈਂਸ ਅਤੇ ਵਰਿੰਦਰ ਕੌਰ ਗਿੱਲ (ਸੁਪਤਨੀ ਮਰਹੂਮ ਗੁਰਿੰਦਰ ਸਿੰਘ ਗਿੱਲ) ਜਰੂਰੀ ਰੁਝੇਵਿਆਂ ਕਾਰਨ ਪਹੁੰਚ ਨਾ ਸਕੇ ਪਰ ਉਨ੍ਹਾਂ ਨੇ ਆਪਣੀਆਂ ਸ਼ੁਭ ਇਛਾਵਾਂ ਭੇਜੀਆਂ।
ਸਥਾਨਕ ਸਭਿਆਚਾਰਕ ਸੰਸਥਾਵਾਂ-ਪੰਜਾਬੀ ਕਲਚਰਲ ਸੁਸਾਇਟੀ (ਪੀæਸੀæਐਸ), ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ (ਪੀæਐਚæਓ), ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀæਏæਓæ); ਖੇਡ ਸੰਸਥਾਵਾਂ-ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ-ਸ਼ਿਕਾਗੋ ਤੋਂ ਇਲਾਵਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਸਥਾਨਕ ਇਕਾਈ ਦੇ ਨੁਮਾਇੰਦੇ ਵੀ ਹਾਜ਼ਰ ਸਨ। ਨਿਊ ਯਾਰਕ ਤੋਂ ਗੁਰਦੁਆਰਾ ਸੰਤ ਸਾਗਰ, ਬੈਲਰੋਜ਼ ਦੇ ਮੁੱਖ ਸੇਵਾਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਸੱਜਣ ਸਿੰਘ ਨੇ ਅਖਬਾਰ ਲਈ ਸ਼ੁਭ ਕਾਮਨਾਵਾਂ ਭੇਜੀਆਂ ਅਤੇ ਸੰਪਾਦਕ ਅਮੋਲਕ ਸਿੰਘ ਜੰਮੂ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।
ਸਿਨਸਿਨੈਟੀ, ਓਹਾਇਓ ਤੋਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਸੁਰਜੀਤ ਸਿੰਘ ਮਾਵੀ, ਗੁਰਮਿੰਦਰ ਸੰਧੂ, ਗੁਰਪ੍ਰੀਤ ਗਿੱਲ, ਬਹਾਦਰ ਸਿੰਘ ਮੁੰਡੀ ਆਪਣੇ ਹੋਰ ਸਾਥੀ ਲੈ ਕੇ ਪਹੁੰਚੇ।
ਮਿਲਵਾਕੀ ਤੋਂ ਹਰਵਿੰਦਰ ਸਿੰਘ ਆਹੂਜਾ, ਅੰਮ੍ਰਿਤਪਾਲ ਗਿੱਲ, ਹਰਵਿੰਦਰ ਸਿੰਘ (ਲਾਲੀ) ਸਿੱਧੂ, ਗੁਰਦੇਵ ਸਿੰਘ ਜੌੜਾ, ਪਰਮਜੀਤ ਸਿੰਘ ਬਿਲਕੂ, ਦਰਸ਼ਨ ਗਰੇਵਾਲ, ਮੇਜਰ ਸਿੰਘ ਕੈਲੇ, ਡਾæ ਗੁਰਚਰਨ ਸਿੰਘ ਗਰੇਵਾਲ, ਆਰæਐਸ਼ ਰਿਹਾਲ ਤੇ ਸਾਥੀ ਅਤੇ ‘ਗੁਰੂ ਲਾਧੋ ਰੇ ਸੇਵਾ ਸੁਸਾਇਟੀ ਬਾਬਾ ਮੱਖਣ ਸ਼ਾਹ ਲੁਬਾਣਾ’ ਦੇ ਸੁਖਦੇਵ ਸਿੰਘ ਖਾਲਸਾ, ਜਰਨੈਲ ਸਿੰਘ, ਪਰਮਿੰਦਰ ਸਿੰਘ ਗੋਲਡੀ, ਜੱਗੀ ਸਿੰਘ ਘੋਤੜਾ, ਸਤਪਾਲ ਸਿੰਘ ਬੈਂਸਾ ਤੇ ਸਾਥੀ ਹਾਜ਼ਰ ਹੋਏ।
ਪੰਜਾਬੀ ਹੈਰੀਟੇਜ ਸੁਸਾਇਟੀ, ਕੈਲਮਜ਼ੂ (ਮਿਸ਼ੀਗਨ) ਵਲੋਂ ਦਲਬਾਰਾ ਸਿੰਘ ਮਾਂਗਟ, ਕੁਲਵਿੰਦਰ ਗਿੱਲ, ਮਨਜਿੰਦਰ ਸਿੰਘ ਬੈਨੀਪਾਲ, ਪਾਲੀ ਧਾਲੀਵਾਲ ਤੇ ਸਾਥੀ ਰੌਣਕ ਵਧਾ ਰਹੇ ਸਨ। ਪੰਜਾਬੀ ਕਲਚਰਲ ਸੁਸਾਇਟੀ, ਮਿਸ਼ੀਗਨ ਵਲੋਂ ਕੁਲਦੀਪ ਸਿੰਘ ਗਿੱਲ, ਪਲਵਿੰਦਰ ਸਿੰਘ ਬਾਠ, ਤਰਸੇਮ ਸਿੰਘ, ਸੁਖਵੀਰ ਸਿੰਘ, ਮੁਖਤਿਆਰ ਸਿੰਘ ਖਹਿਰਾ, ਕਰਮਜੀਤ ਸਿੰਘ ਜਰੀਆ, ਧਰਮਵੀਰ ਸਿੰਘ, ਰਾਜ ਗਰੇਵਾਲ ਅਤੇ ਨਰਿੰਦਰ ਮੁੰਦਰ ਪਹੁੰਚੇ ਹੋਏ ਸਨ। ਇੰਡੀਆਨਾ ਤੋਂ ਜਸਵਿੰਦਰ ਸਿੰਘ ਸਾਹੀ, ਸੰਦੀਪ ਸਿੰਘ ਤੇ ਚਰਨਜੀਤ ਸਮਰਾ ਅਤੇ ਪੰਜਾਬੀ ਅਮੈਰਿਕਨ ਯੂਥ ਕਲੱਬ, ਇੰਡੀਆਨਾ ਤੋਂ ਸਤਵਿੰਦਰ ਸਿੰਘ ਸੱਤਾ, ਕੁਲਦੀਪ ਸਿੰਘ ਢੱਠ, ਰਣਜੀਤ ਸਿੰਘ ਕਾਹਲੋਂ, ਬਲਪ੍ਰੀਤ ਸਿੰਘ ਮਾਨ, ਜੱਗਾ ਸਿੰਘ, ਜਸਪਾਲ ਸਿੰਘ ਜੱਸੀ ਤੇ ਸਾਥੀ ਹਾਜ਼ਰ ਸਨ।
ਹੋਰ ਮੁਅੱਜ਼ਜ਼ ਮਹਿਮਾਨਾਂ ‘ਚ ਵਰਜੀਨੀਆ ਤੋਂ ਗੁਰਮੇਲ ਸਿੰਘ ਕੰਗ ਤੇ ਪਰਿਵਾਰ; ਮਿਸ਼ੀਗਨ ਦੇ ਸਿਆਸੀ ਹਲਕਿਆਂ ਵਿਚ ਸਰਗਰਮ ਤੇ ਮਿਸ਼ੀਗਨ ਸੈਣੀ ਸਭਾ ਦੇ ਮੁਖੀ ਸੰਨੀ ਧੂੜ, ਮਿਸ਼ੀਗਨ ਤੋਂ ਹੀ ਬਲਬੀਰ ਸਿੰਘ ਗਰੇਵਾਲ ਅਤੇ ਫਿਲਮ ਨਿਰਮਾਤਾ-ਨਿਰਦੇਸ਼ਕ ਬਾਬ ਖਹਿਰਾ, ਓਹਾਇਓ ਤੋਂ ਡਾæ ਦਰਸ਼ਨ ਸਿੰਘ ਸਹਿਬੀ ਤੇ ਪਰਿਵਾਰ ਜਸ਼ਨ ਦਾ ਹਿੱਸਾ ਬਣੇ।
ਸ਼ਿਕਾਗੋ ਤੋਂ ਗੁਰਦੁਆਰਾ ਪੈਲਾਟਾਈਨ ਦੇ ਪ੍ਰਧਾਨ ਮਹਾਂਬੀਰ ਸਿੰਘ ਬਰਾੜ, ਸਾਬਕਾ ਪ੍ਰਧਾਨ ਇਕਬਾਲ ਸਿੰਘ ਚੋਪੜਾ, ਬੋਰਡ ਮੈਂਬਰ ਸੁਰਿੰਦਰ ਕੌਰ ਸੈਣੀ ਤੇ ਗੁਰਮੀਤ ਸਿੰਘ ਬੈਂਸ, ਗੁਰਦੁਆਰਾ ਪੈਲਾਟਾਈਨ ਦੇ ਸਾਬਕਾ ਬੋਰਡ ਮੈਂਬਰ ਗਿਆਨ ਸਿੰਘ ਸੀਹਰਾ, ਗੁਰਦੁਆਰਾ ਪੈਲਾਟਾਈਨ ਵਿਚ ਕਾਰ ਸੇਵਾ ਪ੍ਰਾਜੈਕਟ ਦੇ ਕਨਵੀਨਰ ਸਤਨਾਮ ਸਿੰਘ ਔਲਖ ਤੇ ਸਾਥੀ; ਪੀæਸੀæਐਸ਼ ਦੇ ਪ੍ਰਧਾਨ ਸੁਖਮੇਲ ਸਿੰਘ ਅਟਵਾਲ, ਸਾਬਕਾ ਪ੍ਰਧਾਨ ਅਮਰਜੀਤ ਕੌਰ ਅਟਵਾਲ, ਵਿੱਕ ਸਿੰਘ ਤੇ ਹਰਿੰਦਰਪਾਲ ਸਿੰਘ ਲੈਲ; ਅਕਾਲੀ ਆਗੂ ਤੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦੇ ਪ੍ਰਧਾਨ ਅਮਰੀਕ ਸਿੰਘ (ਅਮਰ ਕਾਰਪੈਟਸ), ਸਾਬਕਾ ਪ੍ਰਧਾਨ ਜਸਕਰਨ ਸਿੰਘ ਧਾਲੀਵਾਲ, ਲਵਦੀਪ ਸਿੰਘ ਦੁੱਲਤ, ਮਨਮਿੰਦਰ ਸਿੰਘ ਹੀਰ, ਹਰਵਿੰਦਰ ਸਿੰਘ ਬਿੱਲਾ; ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ, ਸਾਬਕਾ ਪ੍ਰਧਾਨ ਅਮਰਦੇਵ ਸਿੰਘ ਬੰਦੇਸ਼ਾ ਤੇ ਪਰਮਿੰਦਰ ਸਿੰਘ ਵਾਲੀਆ, ਦਰਸ਼ਨ ਪੰਮਾ, ਲਖਵਿੰਦਰ ਬਿਹਾਰੀਪੁਰੀਆ, ਜੋਧ ਸਿੰਘ ਸਿੱਧੂ; ਪੀæਏæਓæ ਵਲੋਂ ਪ੍ਰਧਾਨ ਦਵਿੰਦਰ ਸਿੰਘ, ਇੰਦਰ ਹੁੰਝਣ, ਹੈਪੀ ਮੁਲਤਾਨੀ ਤੇ ਸਾਥੀ; ਸਵਰਨ ਸਿੰਘ ਸੇਖੋਂ, ਦਰਸ਼ਨ ਸਿੰਘ ਬੈਨੀਪਾਲ, ਭੁਪਿੰਦਰ ਸਿੰਘ ਬਾਵਾ, ਜਸਵਿੰਦਰ ਸਿੰਘ ਸੰਧੂ, ਗੁਰਬਚਨ ਸਿੰਘ, ਮੱਤ ਸਿੰਘ ਢਿੱਲੋਂ, ਲਾਲ ਸਿੰਘ, ਗੁਰਦੀਪ ਸਿੰਘ ਸੈਣੀ, ਲਖਬੀਰ ਸਿੰਘ ਸੰਧੂ, ਸ਼ਮਿੰਦਰ ਸਿੰਘ ਬਰਾੜ, ਡਾæ ਸਵਰਨਜੀਤ ਸਿੰਘ, ਬਜੁਰਗ ਦੌੜਾਕ ਕੁਲਦੀਪ ਸਿੰਘ ਸਿੱਬਲ, ਡਾæ ਜਸਵਿੰਦਰ ਸਿੰਘ ਚਾਵਲਾ ਤੇ ਪਰਿਵਾਰ, ਹਰਜਿੰਦਰ ਸਿੰਘ ਸੰਧੂ ਤੇ ਪਰਿਵਾਰ, ਓਂਕਾਰ ਸਿੰਘ ਸੰਘਾ ਤੇ ਪਰਿਵਾਰ, ਮਿੱਕੀ ਕਾਹਲੋਂ, ਬਲਵਿੰਦਰ ਸਿੰਘ ਨਿੱਕ, ਰਵਿੰਦਰ ਰਵੀ (ਆਰæਕੇæ ਕਾਰਪੈਟਸ), ਸੰਤੋਖ ਸਿੰਘ, ਜਸਬੀਰ ਕੌਰ ਮਾਨ ਤੇ ਪਰਸ਼ਨ ਸਿੰਘ ਮਾਨ, ਦਵਿੰਦਰ ਸਿੰਘ ਰੰਗੀ, ਢੋਲ ਰੇਡੀਓ ਦੇ ਸੁਖਪਾਲ ਗਿੱਲ ਤੇ ਅਮਨ, ਸਿੱਖ ਟੀæਵੀæ ਦੇ ਇੰਦਰਮੋਹਨ ਸਿੰਘ ਛਾਬੜਾ, ਮਹਿੰਦਰ ਸਿੰਘ ਰਕਾਲਾ ਅਤੇ ਕਮਲਜੀਤ ਸਿੰਘ ਵਿਰਦੀ ਤੋਂ ਇਲਾਵਾ ਕਈ ਹੋਰ ਪਤਵੰਤੇ ਸੱਜਣ ਅਖਬਾਰ ਪ੍ਰਤੀ ਆਪਣੀ ਸਾਂਝ ਪ੍ਰਗਟਾਉਣ ਲਈ ਪਹੁੰਚੇ। ਕਿਰਪਾਲ ਸਿੰਘ ਰੰਧਾਵਾ, ਸਰਬਜੀਤ ਸਿੰਘ ਭੰਡਾਲ, ਮੱਖਣ ਸਿੰਘ ਕਲੇਰ, ਹਰਿੰਦਰ ਸਿੰਘ (ਐਮæਆਈæਟੀæਐਸ਼) ਅਤੇ ਗੁਰਬਖਸ਼ ਰਾਹੀ ਆ ਨਹੀਂ ਸਕੇ ਪਰ ਉਨ੍ਹਾਂ ਸ਼ੁਭ ਕਾਮਨਾਵਾਂ ਦਿੰਦਿਆਂ ਪੰਜਾਬ ਟਾਈਮਜ਼ ਦੇ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ।
ਸਵਾਦੀ ਖਾਣਾ ਕੇæਕੇæ ਪੰਮਾ ਨੇ ਪਰੋਸਿਆ।