ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਜਾ ਕੇ ਆਸ਼ੀਰਵਾਦ ਲੈਣ ਵਾਲੇ 44 ਸਿੱਖ ਰਾਜਸੀ ਆਗੂਆਂ ਨੂੰ 17 ਅਪਰੈਲ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਅਕਾਲ ਤਖਤ ਉਤੇ ਤਲਬ ਕੀਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੁਝ ਸਿਆਸੀ ਪਾਰਟੀਆਂ ਦੇ ਸਿੱਖ ਆਗੂਆਂ ਨੇ ਡੇਰਾ ਸਿਰਸਾ ਜਾ ਕੇ ਵੋਟਾਂ ਲਈ ਸਮਰਥਨ ਮੰਗਿਆ ਸੀ ਅਤੇ ਆਸ਼ੀਰਵਾਦ ਵੀ ਲਿਆ ਸੀ।
ਇਸ ਸਬੰਧੀ ਆਈਆਂ ਸ਼ਿਕਾਇਤਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ 3 ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ ਜਿਸ ਨੇ ਆਪਣੀ ਜਾਂਚ ਰਿਪੋਰਟ ਸ੍ਰੀ ਅਕਾਲ ਤਖਤ ਵਿਖੇ ਸੌਂਪੀ ਹੈ। ਜਾਂਚ ਰਿਪੋਰਟ ਵਿਚ 44 ਸਿਆਸੀ ਆਗੂਆਂ ਦੇ ਨਾਂ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਸਬੰਧੀ ਦਿੱਤੇ ਬਿਆਨ ਉਤੇ ਕੋਈ ਕਾਰਵਾਈ ਕਰਨ ਬਾਰੇ ਵੀ ਉਨ੍ਹਾਂ ਕੁਝ ਨਹੀਂ ਆਖਿਆ, ਜਿਨ੍ਹਾਂ ਸਿੱਖ ਆਗੂਆਂ ਨੂੰ ਸਪਸ਼ਟੀਕਰਨ ਲਈ ਤਲਬ ਕੀਤਾ ਗਿਆ ਹੈ, ਉਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਜੀਤ ਮਹਿੰਦਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕੋਟ ਭਾਈ, ਹਰਦੀਪ ਸਿੰਘ ਢਿੱਲੋਂ, ਦਿਲਰਾਜ ਸਿੰਘ ਭੂੰਦੜ, ਵਰਿੰਦਰ ਕੌਰ, ਪ੍ਰਕਾਸ਼ ਸਿੰਘ ਭੱਟੀ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਨਿਸ਼ਾਨ ਸਿੰਘ ਬੁਢਲਾਡਾ, ਮਨਤਾਰ ਸਿੰਘ ਬਰਾੜ ਸ਼ਾਮਲ ਹਨ; ਕਾਂਗਰਸ ਦੇ ਆਗੂਆਂ ਵਿਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਸਿੰਘ ਬਾਦਲ ਦਾ ਪੁੱਤਰ ਅਰਜੁਨ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਜੀਤਇੰਦਰ ਸਿੰਘ ਮੋਫਰ, ਕੇਵਲ ਸਿੰਘ ਢਿੱਲੋਂ, ਰਣਦੀਪ ਸਿੰਘ ਨਾਭਾ, ਅਜੈਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਕਰਨ ਕੌਰ ਬਰਾੜ, ਖੁਸ਼ਬਾਜ਼ ਸਿੰਘ ਜਟਾਣਾ, ਰਾਜਿੰਦਰ ਸਿੰਘ ਸਮਾਣਾ, ਦਮਨ ਕੌਰ ਬਾਜਵਾ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸਿੰਘ ਸੰਘਾ ਫਿਰੋਜ਼ਪੁਰ ਸ਼ਾਮਲ ਹਨ। ਡੇਰੇ ਦੇ ਸ਼ਰਧਾਲੂਆਂ ਨਾਲ ਬਾਹਰ ਮੀਟਿੰਗਾਂ ਕਰਨ ਵਾਲੇ ਸਿੱਖ ਆਗੂਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਇੰਦਰ ਇਕਬਾਲ ਸਿੰਘ ਅਟਵਾਲ, ਰਣਜੀਤ ਸਿੰਘ ਤਲਵੰਡੀ, ਦੀਦਾਰ ਸਿੰਘ ਭੱਟੀ, ਦਰਬਾਰਾ ਸਿੰਘ ਗੁਰੂ, ਈਸ਼ਰ ਸਿੰਘ ਮਿਹਰਬਾਨ, ਜਗਦੀਪ ਸਿੰਘ ਨਕਈ, ਦਰਸ਼ਨ ਸਿੰਘ ਕੋਟਫੱਤਾ, ਗੁਲਜ਼ਾਰ ਸਿੰਘ ਦਿੜ੍ਹਬਾ, ਇਕਬਾਲ ਸਿੰਘ ਝੂੰਦਾ, ਗੋਬਿੰਦ ਸਿੰਘ ਲੌਂਗੋਵਾਲ, ਹਰੀ ਸਿੰਘ ਨਾਭਾ, ਅਜੀਤ ਸਿੰਘ ਸ਼ਾਂਤ, ਸੁਰਿੰਦਰ ਸਿੰਘ ਸਿਬੀਆ, ਪਰਮਬੰਸ ਸਿੰਘ ਬੰਟੀ ਅਤੇ ਮਨਪ੍ਰੀਤ ਸਿੰਘ ਇਆਲੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਦੇ ਬਰਾਬਰ ਹੀ ਇਸ ਮਾਮਲੇ ਨੂੰ ਵਿਚਾਰ ਰਹੇ ਮੁਤਵਾਜ਼ੀ ਜਥੇਦਾਰਾਂ ਵਲੋਂ ਲਗਭਗ 40 ਸਿੱਖ ਆਗੂਆਂ ਨੂੰ ਇਸੇ ਦੋਸ਼ ਹੇਠ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਇਨ੍ਹਾਂ ਖਿਲਾਫ 20 ਅਪਰੈਲ ਨੂੰ ਅਗਲੀ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ।
______________________________________________
ਜਗਦੀਸ਼ ਸਿੰਘ ਝੀਂਡਾ ਤਨਖਾਹੀਆ ਕਰਾਰ
ਅੰਮ੍ਰਿਤਸਰ: ਜੁਲਾਈ 2014 ਵਿਚ ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕਰ ਕੇ ਸਿੱਖ ਪੰਥ ਵਿਚ ਦੁਫੇੜ ਪਾਉਣ ਅਤੇ ਗੁਰੂ ਘਰਾਂ ਦੀ ਬੇਅਦਬੀ ਦੇ ਦੋਸ਼ ਹੇਠ ਪੰਥ ਵਿਚੋਂ ਛੇਕੇ ਗਏ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਖਿਮਾ ਯਾਚਨਾ ਕੀਤੀ। ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਉਨ੍ਹਾਂ ਖਿਲਾਫ ਤਨਖਾਹ ਦਾ ਐਲਾਨ ਕਰਦਿਆਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ 16 ਜੁਲਾਈ 2014 ਨੂੰ ਸ੍ਰੀ ਅਕਾਲ ਤਖਤ ਤੋਂ ਇਕ ਹੁਕਮਨਾਮਾ ਜਾਰੀ ਕਰ ਕੇ ਜਗਦੀਸ਼ ਸਿੰਘ ਝੀਂਡਾ ਕੋਲੋਂ ਸਿੱਖੀ ਦੇ ਸਾਰੇ ਹੱਕ ਹਕੂਕ ਖੋਹ ਲਏ ਗਏ ਸਨ। ਹੁਣ ਉਨ੍ਹਾਂ ਨੇ ਲਿਖਤੀ ਰੂਪ ਵਿਚ ਆਪਣਾ ਸਪਸ਼ਟੀਕਰਨ ਦਿੱਤਾ ਹੈ ਜੋ ਅਕਾਲ ਤਖਤ ਨੂੰ ਸਮਰਪਤ ਹੋਣ ਦੀ ਭਾਵਨਾ ਹੈ।