ਝੂਠੇ ਪੁਲਿਸ ਮੁਕਾਬਲੇ:ਨਿਆਂ ਲਈ ਮੁੜ ਚਾਰਾਜੋਈ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ 80ਵੇਂ ਅਤੇ 90ਵੇਂ ਦਹਾਕੇ ਵਿਚ ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਅਤੇ ਲਾਵਾਰਿਸ ਕਰਾਰ ਦੇ ਕੇ ਸਾੜੇ ਗਏ ਸਿੱਖ ਨੌਜਵਾਨਾਂ ਦਾ ਮਾਮਲਾ ਇਕ ਵਾਰ ਉਠਿਆ ਹੈ। ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀ ‘ਇੰਡੀਪੈਂਡੈਂਟ ਪੀਪਲਜ਼ ਟ੍ਰਿਬਿਊਨਲ’ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਲਿਜਾਣ ਦੀ ਤਿਆਰੀ ਕਰ ਲਈ ਹੈ।

ਟ੍ਰਿਬਿਊਨਲ ਨੇ ਸਿਫਾਰਸ਼ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਦਾ ਸੱਚ ਸਾਹਮਣੇ ਲਿਆਉਣ ਲਈ ਆਜ਼ਾਦ ਤੇ ਨਿਰਪੱਖ ਸੱਚਾਈ ਕਮਿਸ਼ਨ ਬਣਨਾ ਚਾਹੀਦਾ ਹੈ। ਟ੍ਰਿਬਿਊਨਲ ਵੱਲੋਂ ਦੋ ਦਿਨਾਂ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਪੀੜਤਾਂ ਦੇ ਬਿਆਨ ਕਲਮਬੱਧ ਕੀਤੇ ਗਏ। ਦੋ ਦਿਨਾਂ ਵਿਚ ਤਕਰੀਬਨ 700 ਪੀੜਤ ਪਰਿਵਾਰ ਪੁੱਜੇ ਹਨ ਜਿਨ੍ਹਾਂ ਵਿਚੋਂ 100 ਪਰਿਵਾਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਪੈਨਲ ਵੱਲੋਂ ਦੋ ਦਿਨਾਂ ਦੀ ਕਾਰਵਾਈ ਮਗਰੋਂ ਮੁਢਲੀ ਸਿਫਾਰਸ਼ ਜਾਰੀ ਕੀਤੀ ਗਈ ਹੈ ਅਤੇ ਕੁਝ ਸਮੇਂ ਬਾਅਦ ਇਸ ਸਬੰਧੀ ਮੁਕੰਮਲ ਰਿਪੋਰਟ ਜਾਰੀ ਕੀਤੀ ਜਾਵੇਗੀ ਤੇ ਕਾਨੂੰਨੀ ਚਾਰਾਜੋਈ ਲਈ ਸੁਪਰੀਮ ਕੋਰਟ ਵਿਚ ਵਰਤੀ ਜਾਵੇਗੀ। ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਵਿਚ ਦੱਸਿਆ ਗਿਆ ਹੈ ਕਿ ਲੋਕਾਂ ਦੀ ਵੱਡੀ ਵਿਚ ਹੋਈ ਆਮਦ ਤੋਂ ਸਪਸ਼ਟ ਹੈ ਕਿ ਇਹ ਮਾਮਲਾ ਕਿੰਨਾ ਅਹਿਮ ਹੈ।
ਪੈਨਲ ਦਾ ਮੰਨਣਾ ਹੈ ਕਿ ਜੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ਼ ਉਸ ਵੇਲੇ ਕਾਨੂੰਨ ਅਨੁਸਾਰ ਕਾਰਵਾਈ ਹੁੰਦੀ ਤਾਂ ਦੇਸ਼ ਦੇ ਹੋਰ ਸੂਬਿਆਂ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਦੀਆਂ, ਪਰ ਪੰਜਾਬ ਦੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ ਗਿਆ ਜਿਸ ਦਾ ਸਿੱਟਾ ਹੈ ਕਿ ਛੱਤੀਸਗੜ੍ਹ, ਮਨੀਪੁਰ ਅਤੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।
ਪੈਨਲ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਪਰਿਵਾਰ ਪਟਿਆਲਾ, ਹੁਸ਼ਿਆਰਪੁਰ, ਫਿਰੋਜ਼ਪੁਰ ਤੇ ਹੋਰ ਜ਼ਿਲ੍ਹਿਆਂ ਵਿਚ ਵੀ ਹਨ। ਅਜਿਹੇ ਪੀੜਤ ਪਰਿਵਾਰਾਂ ਦੀ ਗਿਣਤੀ 2500 ਤੋਂ 3000 ਤੱਕ ਹੈ। ਯਾਦ ਰਹੇ ਕਿ ਮਨੀਪੁਰ ਦਾ ਇਸੇ ਤਰ੍ਹਾਂ ਦਾ ਮਾਮਲਾ ਪਹਿਲਾਂ ਸੁਪਰੀਮ ਕੋਰਟ ਵਿਚ ਵਿਚਾਰਿਆ ਜਾ ਚੁੱਕਾ ਹੈ ਅਤੇ ਅਦਾਲਤ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਅਤਿਵਾਦ ਦੇ ਦੌਰ ਦੌਰਾਨ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਕੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਬਾਰੇ ਪੁਖਤਾ ਸਬੂਤ ਵੀ ਪੇਸ਼ ਕੀਤੇ ਗਏ, ਪਰ ਸਰਕਾਰ ਦੀ ਨੀਅਤ ਸਾਫ ਨਾ ਹੋਣ ਕਰਨ ਪੀੜਤ ਅੱਜ ਤੱਕ ਇਨਸਾਫ ਲਈ ਭਟਕ ਰਹੇ ਹਨ। ਦਸੰਬਰ 2015 ਵਿਚ ਪੰਜਾਬ ਪੁਲਿਸ ਦੇ ਬਰਖਾਸਤ ਇੰਸਪੈਕਟਰ ਅਤੇ ‘ਪੁਲਿਸ ਕੈਟ’ ਗੁਰਮੀਤ ਸਿੰਘ ਪਿੰਕੀ ਨੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਅਹਿਮ ਖੁਲਾਸੇ ਕੀਤੇ ਸਨ। ਉਸ ਨੇ ਚਰਚਿਤ ਤੇ ਵਿਵਾਦਤ ਡੀæਜੀæਪੀæ ਰੈਂਕ ਦੇ ਸੀਨੀਅਰ ਅਧਿਕਾਰੀ ਸਮੇਤ ਕਈ ਹੋਰਾਂ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਸੀ। ਪਿੰਕੀ ਦਾ ਦਾਅਵਾ ਸੀ ਕਿ ਉਹ ਪੰਜਾਹ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਹੈ। ਇਨ੍ਹਾਂ 50 ਵਾਰਦਾਤਾਂ ਵਿਚ ਤਤਕਾਲੀ ਪੁਲਿਸ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਕਿਸੇ ਰਿਕਾਰਡ ‘ਚ ਲਿਆਉਣ ਦੀ ਥਾਂ ਮੌਤ ਦੇ ਘਾਟ ਉਤਾਰ ਦਿੱਤਾ। ਝੂਠੇ ਮੁਕਾਬਲਿਆਂ ਵਾਲੀ ਸੂਚੀ ਵਿਚ ਬੱਬਰ ਖਾਲਸਾ ਦੇ ਤਤਕਾਲੀ ਮੁਖੀ ਸੁਖਦੇਵ ਸਿੰਘ ਬੱਬਰ ਦਾ ਨਾਂ ਵੀ ਸ਼ਾਮਲ ਹੈ ਜਿਸ ਨੂੰ ਪੰਜਾਬ ਪੁਲਿਸ ਨੇ ਮੁਕਾਬਲੇ ‘ਚ ਮਾਰਨ ਦਾ ਦਾਅਵਾ ਕੀਤਾ ਸੀ।
ਗੁਰਮੀਤ ਸਿੰਘ ਪਿੰਕੀ ਜੋ ਲੰਮਾ ਸਮਾਂ ਲੁਧਿਆਣਾ ਜ਼ਿਲ੍ਹੇ ਵਿਚ ਤਾਇਨਾਤ ਰਿਹਾ ਹੈ, ਨੇ ਜ਼ਿਲ੍ਹੇ ਵਿਚ ਸਿੱਖ ਨੌਜਵਾਨਾਂ ਨੂੰ ਸੀæਆਈæਏæ ਸਟਾਫ ਅੰਦਰ ਕਿਸ ਤਰ੍ਹਾਂ ਤਸੀਹੇ ਦੇ ਕੇ ਮਾਰਿਆ ਗਿਆ, ਬਾਰੇ ਵਿਸਥਾਰਪੂਰਵਕ ਦੱਸਿਆ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕਈ ਵਿਅਕਤੀਆਂ ਦੇ ਮੂੰਹ ਵਿਚ ਪਹਿਲਾਂ ਸਾਈਨਾਈਡ ਦੇ ਕੈਪਸੂਲ ਤੇ ਕੀਟਨਾਸ਼ਕ ਦਵਾਈਆਂ ਤੱਕ ਪਾਈਆਂ ਗਈਆਂ, ਜਦੋਂ ਫਿਰ ਵੀ ਮੌਤ ਨਾ ਆਈ ਤਾਂ ਗੋਲੀ ਮਾਰ ਦਿੱਤੀ ਗਈ।
_____________________

ਸੱਚ ਸਾਹਮਣੇ ਲਿਆਉਣ ਤੋਂ ਟਲਦੀਆਂ ਰਹੀਆਂ ਸਰਕਾਰਾਂ
ਚੰਡੀਗੜ੍ਹ: ਸਰਕਾਰਾਂ ਦੀ ਨੀਅਤ ‘ਚ ਖੋਟ ਕਾਰਨ ਹੀ ਪੀੜਤ ਇਨਸਾਫ ਲਈ ਭਟਕ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2007 ਵਿਚ ਕੁਝ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੇ ਹੁਕਮ ਦਿੱਤੇ ਸਨ। ਪੰਜਾਬ ਪੁਲਿਸ ਦੇ ਸੇਵਾ ਮੁਕਤ ਡੀæਜੀæਪੀæ ਜੇæਪੀæ ਬਿਰਦੀ ਵੱਲੋਂ ਇਸ ਸਬੰਧੀ ਜਾਂਚ ਕੀਤੀ ਗਈ ਸੀ, ਪਰ ਸਰਕਾਰ ਨੇ ਇਹ ਰਿਪੋਰਟ ਹੀ ਦੱਬ ਲਈ ਹੈ। ਇਨ੍ਹਾਂ ਮੁਕਾਬਲਿਆਂ ਵਿਚ ਵੀ ਇਕ ਆਈæਜੀæ ਉਤੇ ਕਈ ਵਿਅਕਤੀਆਂ ਨੂੰ ਮਾਰ ਮੁਕਾਉਣ ਦੇ ਦੋਸ਼ ਲੱਗੇ ਸਨ। ਇਹ ਆਈæਜੀæ ਅਕਾਲੀ-ਭਾਜਪਾ ਸਰਕਾਰ ਦਾ ਚਹੇਤਾ ਅਫਸਰ ਰਿਹਾ ਹੈ।