ਨਾਨਕ ਹੁਕਮੈ ਜੇ ਬੁਝੈ

ਬਲਜੀਤ ਬਾਸੀ
ਹੁਕਮ ਅਰਬੀ ਅਸਲੇ ਦਾ ਲਫ਼ਜ਼ ਹੈ ਪਰ ਇਹ ਪੰਜਾਬੀ ਵਿਚ ਇਸ ਤਰ੍ਹਾਂ ਓਤਪੋਤ ਹੋ ਚੁਕਾ ਹੈ ਕਿ ਲਗਦਾ ਹੀ ਨਹੀਂ ਇਹ ਦੂਰ ਦੇਸੋਂ ਆਇਆ ਹੋਵੇਗਾ। ਅਸੀਂ ਇਸ ਦੀ ਤਨਜ਼ੀਆ ਲਹਿਜੇ ਵਿਚ ਵੀ ਵਰਤੋਂ ਕਰ ਲੈਂਦੇ ਹਾਂ। “ਉਸ ਨੇ ਰੋਟੀ ਦੀ ਬੁਰਕੀ ਤੋੜੀ ਹੀ ਸੀ ਕਿ ਖਾਣ ਦਾ ਹੁਕਮ ਨਾ ਹੋਇਆ, ਹਰਟ ਅਟੈਕ ਹੋ ਗਿਆ ਤੇ ਵਿਚਾਰਾ ਚਲ ਵਸਿਆ।” ਇਥੇ ਹੁਕਮ ਸ਼ਬਦ ਰੱਬ ਦੀ ਰਜ਼ਾ ਲਈ ਵਰਤਿਆ ਗਿਆ ਹੈ। ਅਕਸਰ ਹੀ ਕੋਈ ਉਕਤੀ ਵਾਰ ਵਾਰ ਵਰਤਣ ਨਾਲ ਮੁਹਾਵਰਾ ਬਣ ਜਾਂਦੀ ਹੈ ਤੇ ਸੁਤੰਤਰ ਅਰਥ ਦੇਣ ਲਗਦੀ ਹੈ। ਸੋ ਇਥੇ ਇਸ ਦਾ ਭਾਵ ਹੋਵੇਗਾ, ਖਾਣ ਦਾ ਟਾਈਮ ਨਹੀਂ ਮਿਲਿਆ।
ਸਾਡੀਆਂ ਭਾਸ਼ਾਵਾਂ ਨੇ ਹੁਕਮ ਸ਼ਬਦ ਤੋਂ ਆਪਣੇ ਮੁਹਾਵਰੇ, ਅਖਾਣ ਵੀ ਸਿਰਜੇ ਹਨ ਜਿਵੇਂ ਹੁਕਮ ਸਿਰ ਮੱਥੇ ‘ਤੇ-ਕਿਸੇ ਦਾ ਕਿਹਾ ਪੂਰੇ ਆਦਰ ਸਹਿਤ ਮੰਨ ਲੈਣ ਤੋਂ ਭਾਵ ਹੈ। ਨਾਲੇ ਹੁਕਮ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ। ਜੇ ਕੋਈ ਕਿਸੇ ਤੋਂ ਬਹੁਤਾ ਹੀ ਰੁਹਬ ਨਾਲ ਕੰਮ ਲਵੇ ਤਾਂ ਕਿਹਾ ਜਾਂਦਾ ਹੈ, ਉਹ ਤਾਂ ਹੁਕਮ ਚਲਾਉਂਦਾ ਹੈ। ਹੁਕਮ ਦਾ ਬੱਧਾ ਜਾਂ ਹੁਕਮ ਦਾ ਗੁਲਾਮ ਬਹੁਤੀ ਹੀ ਅਧੀਨਗੀ ਦਿਖਾਉਣ ਵਾਲੇ ਨੂੰ ਕਹਿੰਦੇ ਹਨ। ਆਮ ਵਰਤੋਂ ਵਿਚ ਹੁਕਮ ਵੱਡਿਆਂ ਦਾ ਕਿਹਾ ਹੁੰਦਾ ਹੈ ਜਿਸ ਦੀ ਛੋਟਿਆਂ ਨੇ ਪਾਲਣਾ ਕਰਨੀ ਹੁੰਦੀ ਹੈ। ਹੁਕਮ ਚਲਣਾ ਦਾ ਮਤਲਬ ਸ਼ਾਸਨ ਹੋਣਾ ਤੇ ਲਾਖਣਿਕ ਤੌਰ ‘ਤੇ ਕਿਸੇ ਦਾ ਰੁਹਬਦਾਰ ਹੋਣਾ ਹੈ। ਉਮਰ, ਲਿੰਗ, ਰੁਤਬੇ, ਜਾਤਪਾਤ ਦੇ ਲਿਹਾਜ ਨਾਲ ਵੱਡੇ ਛੋਟੇ ਦੀ ਦਰਜਾਬੰਦੀ ਵਿਚ ਬੱਝੇ ਸਮਾਜ ਵਿਚ ਹੁਕਮ ਦੀ ਅਹਿਮੀਅਤ ਇਕ ਵਿਵਸਥਾ ਨੂੰ ਕਾਇਮ ਰਖਣ ਦੀ ਹੈ। ਇਹ ਅਧੀਨਗੀ ਦੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਹੈ। ਮਾਂ ਬਾਪ ਦਾ ਬੱਚਿਆਂ ਉਤੇ, ਪਤੀ ਦਾ ਪਤਨੀ ਉਤੇ, ਅਧਿਆਪਕ ਦਾ ਸ਼ਿਸ਼ ਉਤੇ, ਅਫ਼ਸਰ ਦਾ ਨੌਕਰ ਉਤੇ, ਜੱਜ ਦਾ ਮੁਜਰਮ ਉਤੇ, ਰਾਜੇ ਦਾ ਪਰਜਾ ਉਤੇ ਅਤੇ ਫਿਰ ਰੱਬ ਦਾ ਸਾਰੀ ਕਾਇਨਾਤ ਉਤੇ। ਹੁਕਮ ਅਦੂਲੀ ਕਰਨ ਨਾਲ ਸਮਾਜਕ ਵਿਵਸਥਾ ਭੰਗ ਹੋ ਜਾਂਦੀ ਹੈ, ਇਸ ਲਈ ਇਸ ਨੂੰ ਗੁਨਾਹ ਜਾਂ ਪਾਪ ਸਮਝਿਆ ਜਾਂਦਾ ਹੈ।
ਸਿੱਖ ਤੇ ਸਾਮੀ ਧਰਮਾਂ ਵਿਚ ਹੁਕਮ ਦੀ ਧਾਰਨਾ ਕੇਂਦਰੀ ਸਥਾਨ ਰਖਦੀ ਹੈ। ਜਪੁਜੀ ਸਾਹਿਬ ਦੀ ਸੱਤਵੀਂ ਸਤਰ ਵਿਚ ਹੀ ਇਹ ਸ਼ਬਦ ਆ ਜਾਂਦਾ ਹੈ, ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ਭਾਵ ਦਿਖਾਵੇ ਦੀਆਂ ਵਿਧੀਆਂ ਨਾਲੋਂ ਰੱਬ ਦੀ ਰਜ਼ਾ ਵਿਚ ਤੁਰਨ ਨਾਲ ਹੀ ਸੰਸਾਰ ਦਾ ਭੇਤ ਪਾਇਆ ਜਾ ਸਕਦਾ ਹੈ। ਹੁਕਮ ਤੇ ਰਜਾਇ ਸ਼ਬਦ ਸਾਡੀ ਭਾਸ਼ਾ ਵਿਚ ਅਕਸਰ ਹੀ ਇਕੱਠੇ ਆ ਜਾਂਦੇ ਹਨ। ਵਾਰਿਸ ਸ਼ਾਹ ਲਿਖਦਾ ਹੈ,
ਰਜ਼ਾਇ ਅੱਲਾਹ ਦੀ ਹੁਕਮ ਕਤਈ ਜਾਣੋ,
ਕੁਤਬ ਕੋਹ ਕਾਹਬਾ ਹੈ ਮਾਮੂਲ ਨਾਹੀਂ।
ਜਪੁਜੀ ਸਾਹਿਬ ਵਿਚ ਹੀ ਦੋ ਦਰਜਨ ਤੋਂ ਵਧ ਵਾਰ ਇਸ ਦੀ ਵਰਤੋਂ ਹੋਈ ਮਿਲਦੀ ਹੈ। ਧਰਮਾਂ ਵਿਚ ਆਮ ਤੌਰ ‘ਤੇ ‘ਹੁਕਮ’ ਰੱਬ ਦੇ ਆਦੇਸ਼ ਵੱਲ ਇਸ਼ਾਰਾ ਕਰਦਾ ਹੈ ਜਿਸ ਅਨੁਸਾਰ ਸਾਰਾ ਬ੍ਰਹਿਮੰਡ ਚਲਦਾ ਹੈ। ਧਿਆਨ ਨਾਲ ਘੋਖਣ ‘ਤੇ ਪਤਾ ਲਗਦਾ ਹੈ ਕਿ ਹੁਕਮ ਇਕ ਤਰ੍ਹਾਂ ਅੰਗਰੇਜ਼ੀ ਸ਼ਬਦ ਆਰਡਰ ਵਾਲੇ ਦੋ ਅਰਥ ਰਖਦਾ ਹੈ। ਜਿਵੇਂ ਆਰਡਰ ਦਾ ਅਰਥ ਕਿਸੇ ਨੂੰ ਆਦੇਸ਼ ਦੇਣਾ ਵੀ ਹੈ ਤੇ ਕਿਸੇ ਪ੍ਰਬੰਧ ਨੂੰ ਵਿਵਸਥਾ ਜਾਂ ਤਰਤੀਬ ਵਿਚ ਰੱਖਣਾ ਵੀ ਹੈ। ਜਦ ਜੱਜ ਮੇਜ਼ ‘ਤੇ ਹਥੌੜਾ ਮਾਰਦਾ ਹੋਇਆ ‘ਆਰਡਰ ਆਰਡਰ’ ਕਹਿੰਦਾ ਹੈ ਤਾਂ ਉਹ ਇਕੋ ਵੇਲੇ ਆਪਣੀ ਪ੍ਰਭੁਤਾ ਵੀ ਜਤਲਾ ਰਿਹਾ ਹੁੰਦਾ ਹੈ ਤੇ ਰੌਲੇ ਗੌਲੇ ਵਿਚ ਵਿਵਸਥਾ ਵੀ ਕਾਇਮ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵਿਚ ਜਿਥੇ ਇਕ ਪਾਸੇ ਇਹ ਰੱਬ ਦੀ ਰਜ਼ਾ ਅਨੁਸਾਰ ਆਦੇਸ਼ ਦੇ ਅਰਥ ਦਿੰਦਾ ਹੈ ਉਥੇ ਨਾਲ ਹੀ ਇਸ ਸਾਰੀ ਕਾਇਨਾਤ ਦੇ ਇਕ ਵਿਵਸਥਿਤ ਰੂਪ ਵਿਚ ਹੋਣ ਦੇ ਵੀ ਅਰਥ ਦਿੰਦਾ ਹੈ, “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਇਸ ਤਰ੍ਹਾਂ ਰੱਬ ਇਕ ਅਟੱਲ ਨਿਯਮ ਦਾ ਅਰਥਾਵਾਂ ਵੀ ਬਣ ਜਾਂਦਾ ਹੈ। ਅਰਦਾਸ ਵਿਚ ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ’ ਕਹਿ ਕੇ ਸਿੱਖਾਂ ਵਿਚ ਹੁਕਮ ਦਾ ਸੰਕਲਪ ਸਦਾ ਦ੍ਰਿੜ ਕੀਤਾ ਜਾਂਦਾ ਹੈ। ਭਾਈ ਗੁਰਦਾਸ ਨੇ ਵੀ ਹੁਕਮ ਦੀ ਸਰਵੁਚਤਾ ਦਰਸਾਈ ਹੈ,
ਮੰਨੈ ਸਤਿਗੁਰ ਹੁਕਮੁ ਹੁਕਮਿ ਮੰਨਾਇਆ
ਭਾਣਾ ਮੰਨੈ ਹੁਕਮਿ ਗੁਰ ਫਰਮਾਇਆ।
ਹੁਕਮ ਸ਼ਬਦ ਕੁਰਾਨ ਸ਼ਰੀਫ ਵਿਚ ਵੀ ਆਇਆ ਹੈ ਤੇ ਮੋਟੇ ਤੌਰ ‘ਤੇ ਹੀ ਅਰਥ ਰਖਦਾ ਹੈ ਅਰਥਾਤ ਰੱਬ ਦੀ ਪਭੁਤਾ, ਉਸ ਦਾ ਫੈਸਲਾ, ਉਸ ਦੀ ਰਜ਼ਾ। ਇਸਲਾਮ ਅਨੁਸਾਰ ਸ਼ਰਾਅ ਦੀ ਪਾਲਣਾ, ਹਰਾਮ-ਹਲਾਲ ਦਾ ਭੇਦ, ਫਤਵਾ, ਅਦਾਲਤ ਦਾ ਫੈਸਲਾ, ਵਾਲਿਦ ਅਤੇ ਹਕੂਮਤ ਦੇ ਆਦੇਸ਼ ਹੁਕਮ ਕਹਾਉਂਦੇ ਹਨ। ਸ਼ਰੀਅਤ ਅਨੁਸਾਰ ਹੁਕਮ ਦਾ ਸਬੰਧ ਸੰਸਾਰਕ ਮਾਮਲਿਆਂ ਸਬੰਧੀ ਕਾਨੂੰਨ, ਉਨ੍ਹਾਂ ਦੇ ਮੁਲਾਂਕਣ ਅਤੇ ਫੈਸਲਿਆਂ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਮੁਹੰਮਦ ਪਿਛੋਂ ਸਰਕਾਰੀ ਅਤੇ ਨਿਆਇਕ ਫੈਸਲਿਆਂ ਨੂੰ ਹੁਕਮ ਕਿਹਾ ਜਾਣ ਲੱਗਾ। ਹੁਕਮ ਦਾ ਅਰਬੀ ਵਿਚ ਬਹੁਵਚਨ ਅਹਿਕਾਮ ਹੈ। ਅਰਬੀ ਵਿਚ ਸਰਕਾਰ ਨੂੰ ਹੁਕੂਮਾ ਕਹਿੰਦੇ ਹਨ ਅਤੇ ਨਿਆਇਕ ਫੈਸਲੇ ਨੂੰ ਹੁਕਮ। ਇਸ ਤਰ੍ਹਾਂ ਰੱਬ ਨੂੰ ਜਦ ਹੁਕਮ ਦਾ ਸ੍ਰੋਤ ਮੰਨਿਆ ਜਾਂਦਾ ਹੈ ਤਾਂ ਇਸ ਦਾ ਭਾਵ ਇਕੋ ਵੇਲੇ ਰੱਬ ਦੀ ਪ੍ਰਭੂਸੱਤਾ ਅਤੇ ਉਸ ਦੀ ਨਿਆਇਕ ਸ਼ਕਤੀ ‘ਤੇ ਜ਼ੋਰ ਦੇਣਾ ਹੈ। ਸਿੱਖ ਧਰਮ ਵਿਚ ‘ਹੁਕਮ’ ਸ਼ਬਦ ਲੱਗਭਗ ਇਨ੍ਹਾਂ ਅਰਥਾਂ ਵਿਚ ਹੀ ਹੈ।
ਅਰਬੀ ਦਾ ਇਕ ਧਾਤੂ ਹੈ ‘ਹ-ਕ-ਮ’ ਜਿਸ ਦਾ ਮੁਢਲਾ ਅਰਥ ‘ਨਿਯੰਤ੍ਰਣ ਕਰਨਾ, ਕਾਬੂ ਵਿਚ ਰੱਖਣਾ’ ਆਦਿ ਹੈ। ਇਸੇ ਤੋਂ ਹੁਕਮ ਬਣਿਆ। ‘ਹੁਕਮਨਾਮਾ’ ਇਕ ਤਰ੍ਹਾਂ ਦਾ ਲਿਖਤੀ ਹੁਕਮ ਜਾਂ ਫਰਮਾਨ ਹੈ ਜੋ ਇਕ ਹਾਕਿਮ ਵਲੋਂ ਆਪਣੇ ‘ਮਹਿਕੂਮਾਂ’ ਨੂੰ ਪਾਲਣਾ ਹਿਤ ਭੇਜਿਆ ਜਾਂਦਾ ਹੈ। ਇਹ ਅਦਾਲਤ ਵਲੋਂ ਵੀ ਹੋ ਸਕਦਾ ਹੈ, ਸਰਕਾਰ ਵਲੋਂ ਵੀ ਅਤੇ ਧਾਰਮਿਕ ਅਧਿਕਾਰੀ ਵਲੋਂ ਵੀ। ਜਿਵੇਂ ਗੁਰੂਆਂ ਜਾਂ ਪਿਛੋਂ ਮਾਤਾ ਸੁੰਦਰੀ ਵਲੋਂ ਸਿੱਖਾਂ ਨੂੰ ਜਾਰੀ ਕੀਤੇ ਆਗਿਆਪੱਤਰ। ਅੱਜ ਕਲ੍ਹ ਸਿੱਖ ਧਰਮ ਸਬੰਧੀ ਅਕਾਲ ਤਖਤ ਵਲੋਂ ਸਿੱਖਾਂ ਨੂੰ ਦਿੱਤੀਆਂ ਹਦਾਇਤਾਂ ਹੁਕਮਨਾਮਾ ਕਹਾਉਂਦੀਆਂ ਹਨ। ਦਰਬਾਰ ਸਾਹਿਬ ਤੋਂ ਰੋਜ਼ ਗੁਰਬਾਣੀ ‘ਚੋਂ ਜਾਰੀ ਹੁੰਦੇ ਮੁਖਵਾਕ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ। ਹੁਕਮ ਤੋਂ ਹੀ ਅੱਗੇ ਹਾਕਿਮ ਸ਼ਬਦ ਬਣਿਆ ਜਿਸ ਦਾ ਮੁਖ ਅਰਥ ਤਾਂ ਸ਼ਾਸਕ ਹੈ ਪਰ ਇਹ ਇਕ ਗਵਰਨਰ ਜਿਹੇ ਅਹੁਦੇ ਵਜੋਂ ਵੀ ਵਰਤਿਆ ਜਾਣ ਲੱਗਾ। ਇਸ ਦਾ ਇਕ ਅਰਥ ਸਾਲਸੀ ਅਰਥਾਤ ਫੈਸਲਾ ਕਰਨ ਵਾਲਾ ਵੀ ਹੈ। ਅੱਲਾ ਦਾ ਇਕ ਨਾਂ ਅਲ-ਹਾਕਿਮ ਹੈ। ਗ੍ਰੰਥ ਸਾਹਿਬ ਵਿਚ ‘ਹੁਕਮੀ’ ਸ਼ਬਦ ਲਗਭਗ ਇਸੇ ਅਰਥ ਵਿਚ ਆਇਆ ਹੈ, “ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥”
ਤਾਸ਼ ਦੇ ਇਕ ਰੰਗ ਵਜੋਂ ਹੁਕਮ ਦਾ ਭਾਵ ਹੈ ਨਿਯਮ ਅਨੁਸਾਰ ਸਭ ਤੋਂ ਪਹਿਲਾਂ ਸੁੱਟਿਆ ਜਾਣ ਵਾਲਾ ਪੱਤਾ। ਹੁਕਮ, ਹੁਕਮਾ ਤੇ ਹਾਕਮ ਖਾਸ ਨਾਂ ਵੀ ਹੁੰਦੇ ਹਨ। ਹੁਕਮ ਸਿੰਘ ਲੋਕ ਸਭਾ ਦਾ ਸਪੀਕਰ ਰਹਿ ਚੱਕਾ ਹੈ।
ਹਾਕਮ ਤੋਂ ਬਣੇ ਸ਼ਬਦ ‘ਹਾਕਮਾਨਾ’ ਵਿਚ ਧੌਂਸਕਾਰੀ ਭਾਵ ਸਮਾ ਗਏ। ਇਸ ਤੋਂ ਅੱਗੇ ਸਰਕਾਰ ਦੇ ਅਰਥਾਂ ਵਾਲਾ ਹਕੂਮਤ ਸ਼ਬਦ ਬਣਿਆ। ਹਕੂਮਤ ਦਾ ਅਰਥ ਰਾਜ ਪ੍ਰਬੰਧ ਵੀ ਹੈ ਪਰ ਆਮ ਬੋਲ ਚਾਲ ਵਿਚ ਹਕੂਮਤ ਚਲਾਉਣਾ ਦਾ ਮਤਲਬ ਆਪਣੇ ਅਧਿਕਾਰ ਦੀ ਰੁਹਬ ਨਾਲ ਵਰਤੋਂ ਕਰਨਾ ਹੈ। ਦੂਜੇ ਦੀ ਆਗਿਆ ਅਨੁਸਾਰ ਕੰਮ ਕਰਨ ਵਾਲਾ ਹੁਕਮੀ ਹੈ ਜਿਵੇਂ ਮੈਂ ਤਾਂ ਹੁਕਮੀ ਬੰਦਾ ਹਾਂ, ਮੇਰਾ ਕੀ ਕਸੂਰ। ਹੁਕਮੀ ਦਾ ਅਰਥ ਅਚੁਕ ਵੀ ਹੈ ਜਿਵੇਂ ਹੁਕਮੀ ਦਵਾ, ਹੁਕਮੀ ਤੀਰ। ਹੁਕਮਅੰਦੇਜ਼ ਦਾ ਵੀ ਇਹੀ ਅਰਥ ਹੁੰਦਾ ਹੈ। ਇਸ ਦਾ ਅਰਥ ਅਵੱਸ਼ ਪਾਲਿਆ ਜਾਣ ਵਾਲਾ ਹੁਕਮ ਵੀ ਹੈ। ਹੁਕਮੀਆ ਉਹ ਕਾਰਜ ਜਾਂ ਬੋਲ ਹੈ ਜਿਸ ਵਿਚੋਂ ਧੌਂਸ ਦੀ ਬੂ ਆਵੇ। ਸਿਧੇ ਜਾਂ ਟੇਢੇ ਢੰਗ ਨਾਲ ਹੁਕੂਮਤ ਚਲਾਉਣ ਵਾਲਾ ਹੁਕਮਰਾਨ ਹੁੰਦਾ ਹੈ, “ਸਰਕਾਰ ਲਾਖ ਜਗ ਮੇਂ ਹੂਏ ਸਦਹਾ ਹੁਕਮਰਾਨ।” ਸ਼ਾਸਨ ਚਲਾਉਣ ਦੇ ਭਾਵ ਲਈ ਹੁਕਮਰਾਨੀ ਸ਼ਬਦ ਹੈ, “ਜਮੀਂ ਸਾਰੀ ਪਰ ਹੁਕਮਰਾਨੀ ਹੂਈ। ਬਾਹਰ ਕੌਮ ਪਰ ਮੈਹਰਬਾਨੀ ਹੂਈ।” -ਭਗਤ ਕਬੀਰ। ਹੁਕਮ ਤੋਂ ਮਹਿਕੂਮ ਸ਼ਬਦ ਬਣਿਆ ਜਿਸ ਦਾ ਅਰਥ ਹੈ, ਅਧੀਨ ਜਾਂ ਪਰਜਾ ਅਰਥਾਤ ਜਿਨ੍ਹਾਂ ਉਤੇ ਹੁਕਮ ਚਲਾਇਆ ਜਾਵੇ।
‘ਹੁਕਮ’ ਦਾ ਇਕ ਅਰਥ ਮਜ਼ਬੂਤ ਜਾਂ ਪਾਏਦਾਰ ਬਣਾਉਣਾ ਹੁੰਦਾ ਹੈ। ਉਪਰ ਹੁਕਮੀ ਦਵਾ ਜਾਂ ਤੀਰ ਵਿਚ ਏਹੀ ਭਾਵ ਕੰਮ ਕਰਦਾ ਹੈ। ਇਸ ਤੋਂ ਹੀ ਅੱਗੇ ‘ਮੁ’ ਅਗੇਤਰ ਲੱਗ ਕੇ ‘ਮੁਹਕਮ’ ਸ਼ਬਦ ਬਣਿਆ। ਇਹ ਸ਼ਬਦ ‘ਹੁਕਮ’ ਦਾ ਭੁਤਕਾਲ ਹੈ ਤੇ ਅਰਥ ਹੋਇਆ ਮਜ਼ਬੂਤ, ਪਾਏਦਾਰ, ਨਿੱਗਰ, ਦ੍ਰਿੜ, ਪੱਕਾ, ਟਿਕਾਊ। ਕੁਰਾਨ ਦੀਆਂ ਆਇਤਾਂ ਦੇ ਸੰਦਰਭ ਵਿਚ ਇਸ ਦਾ ਅਰਥ ਹੈ ਪ੍ਰਤੱਖ, ਜੋ ਦੋ-ਅਰਥਾ ਨਾ ਹੋਵੇ ਅਰਥਾਤ ਪੁਖਤਾ, ਸਵੈ ਸਿਧ। ਜਿਵੇਂ “ਅੱਲਾ ਸਿਫਤਾਂ ਦਾ ਹੱਕਦਾਰ ਹੈ।” ਗੁਰੂ ਅਰਜਨ ਦੇਵ ਨੇ ਮੁਹਕਮ ਸ਼ਬਦ ਮਜ਼ਬੂਤ ਦੇ ਅਰਥਾਂ ਵਿਚ ਵਰਤਿਆ ਹੈ, “ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ” ਅਰਥਾਤ ਵਿਕਾਰਾਂ ਦਾ ਕੋੜਮਾ (ਕੋਮ) ਬਹੁਤ ਵੱਡਾ ਹੈ, ਇਹ ਕਾਬੂ ਨਹੀਂ ਆਉਂਦਾ, ਇਸ ਦੀ ਫੌਜ ਮਜ਼ਬੂਤ ਤੇ ਹਠ ਵਾਲੀ ਹੈ। ਅਰਬੀ ਫਾਰਸੀ ਵਿਚ ਮੁਹਕਮ ਦ੍ਰਿੜ ਆਚਰਣ ਵਾਲੀ ਔਰਤ ਨੂੰ ਵੀ ਕਹਿੰਦੇ ਹਨ। ਮੁਹਕਮ ਵਿਅਕਤੀ ਦੇ ਨਾਂ ਵੀ ਹੁੰਦੇ ਹਨ। ਮੁਹਕਮ ਸਿੰਘ ਇਕ ਪੰਜ ਪਿਆਰੇ ਦਾ ਨਾਂ ਸੀ ਤੇ ਮੁਹਕਮ ਚੰਦ ਰਣਜੀਤ ਸਿੰਘ ਦਾ ਇਕ ਜਰਨੈਲ। ਹਕਮ ਤੋਂਂ ਅਰਬੀ ‘ਮਹਿਕਮਤ’ ਬਣਿਆ ਜੋ ਫਾਰਸੀ ਵਿਚ ਆ ਕੇ ‘ਮਹਿਕਮਾ’ ਦਾ ਰੂਪ ਧਾਰ ਗਿਆ। ਇਸ ਦਾ ਅਸਲੀ ਅਰਥ ‘ਫੈਸਲਾ ਕਰਨ ਵਾਲੀ ਜਗਹ’ ਹੈ। ਫਾਰਸੀ ਵਿਚ ਮਹਿਕਮਾ-ਏ-ਅਦਾਲਤ ਦਾ ਅਰਥ ਕਚਹਿਰੀ ਹੈ। ਅਸੀਂ ਇਸ ਸ਼ਬਦ ਨੂੰ ਵਿਭਾਗ ਦੇ ਅਰਥਾਂ ਵਜੋਂ ਜਾਣਦੇ ਹਾਂ।
ਹੁਕਮ ਤੋਂ ਇਕ ਹੋਰ ਅਹਿਮ ਸ਼ਬਦ ਵਿਉਤਪਤ ਹੋਇਆ ਹੈ-ਹਿਕਮ ਜਿਸ ਦਾ ਅਰਥ ਸਿਆਣਪ, ਗਿਆਨ, ਵਿਗਿਆਨ ਹੈ। ਇਸ ਤੋਂ ਨਿਰਮਿਤ ਹੋਇਆ ਆਮ ਵਰਤੀਂਦਾ ਸ਼ਬਦ ਹੈ, ਹਕੀਮ। ਪੰਜਾਬੀ ਵਿਚ ਹਕੀਮ ਇਲਮ ਤਿਬੀ ਦਾ ਪੇਸ਼ਾ ਕਰਨ ਵਾਲੇ ਨੂੰ ਕਹਿੰਦੇ ਹਨ। ਨੀਮ ਹਕੀਮ ਖਤਰਾ-ਏ-ਜਾਨ ਹੁੰਦੇ ਹਨ। ਅਰਬੀ ਫਾਰਸੀ ਵਿਚ ਡਾਕਟਰ, ਵੈਦ ਤੋਂ ਇਲਾਵਾ ਇਸ ਦਾ ਅਰਥ ਬੁਧੀਮਾਨ, ਸਿਆਣਾ, ਦਾਰਸ਼ਨਿਕ ਵੀ ਹੁੰਦਾ ਹੈ ਮਿਸਾਲ ਵਜੋਂ ਅਰਸਤੂ ਨੂੰ ਹਕੀਮ ਅਰਸਤੂ ਕਿਹਾ ਜਾਵੇਗਾ। ਹਕੀਮੀ ਦੇ ਪੇਸ਼ੇ ਨੂੰ ਹਿਕਮਤ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਹਿਕਮਤਿ ਚਤੁਰਾਈ, ਚਲਾਕੀ, ਕਾਰੀਗਰੀ ਦੇ ਅਰਥਾਂ ਵਿਚ ਆਇਆ ਹੈ, “ਕਰਮਿ ਮਿਲੈ ਤਾ ਪਾਈਐ ਹੋਰ ਹਿਕਮਿਤ ਹੁਕਮੁ ਖੁਆਰ॥” -ਗੁਰੂ ਨਾਨਕ। ਭਾਵ ਰੱਬ ਮਿਹਰ ਨਾਲ ਤਾਂ ਮਿਲ ਪੈਂਦਾ ਹੈ ਹੋਰ ਚੁਸਤੀਆਂ ਚਲਾਕੀਆਂ ਵਰਤਣਾ ਵਿਅਰਥ ਹੈ। ਹਕੀਮ ਖਾਸ ਨਾਂ ਵੀ ਤੇ ਅਹੁਦਾ ਵੀ ਹੁੰਦਾ ਹੈ। ਹਿਕਮਤ ਸ਼ਬਦ ਅਰਬੀ ਤੇ ਤੁਰਕੀ ਵਿਚ ਵਿਅਕਤੀਆਂ ਦੇ ਨਾਂ ਵਜੋਂ ਵੀ ਵਰਤੇ ਜਾਂਦੇ ਹਨ। ਨਾਜ਼ਿਮ ਹਿਕਮਤ ਤੁਰਕੀ ਦਾ ਇਕ ਉਘਾ ਨਿਕਲਾਬੀ ਸ਼ਾਇਰ ਹੋਇਆ ਹੈ।

Be the first to comment

Leave a Reply

Your email address will not be published.