ਆਰਥਿਕ ਤੰਗੀ ਨੇ ਕੈਪਟਨ ਸਰਕਾਰ ਨੂੰ ਚੁਫੇਰਿਓਂ ਘੇਰਿਆ

ਚੰਡੀਗੜ੍ਹ: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰæਬੀæਆਈæ) ਨੇ 29 ਮਾਰਚ ਤੋਂ ਪੰਜਾਬ ਸਰਕਾਰ ਨੂੰ ਵੱਖ-ਵੱਖ ਬੈਂਕਾਂ ਤੋਂ ਸਾਰੀਆਂ ਅਦਾਇਗੀਆਂ ਰੋਕ ਦਿੱਤੀਆਂ। ਅਜਿਹਾ ਰਾਜ ਸਰਕਾਰ ਵੱਲੋਂ ਓਵਰਡ੍ਰਾਫਟ ਦੀ ਸੀਮਾ ਉਲੰਘਣ ਮਗਰੋਂ ਅਗਲੇਰੀ ਰਿਆਇਤੀ ਸੀਮਾ ਵੀ ਪਾਰ ਕਰ ਲੈਣ ਕਾਰਨ ਹੋਇਆ।

ਰਿਜ਼ਰਵ ਬੈਂਕ ਵੱਲੋਂ ਜਾਰੀ ਪੱਤਰ ਅਨੁਸਾਰ ਸਰਕਾਰ ਨੇ ਪਹਿਲਾਂ 925 ਕਰੋੜ ਰੁਪਏ ਦੀਆਂ ਪੇਸ਼ਗੀਆਂ (ਵੇਅਜ਼ ਐਂਡ ਮੀਨਜ਼ ਐਡਵਾਂਸਿਜ਼) ਮੁਕਾ ਲਈਆਂ ਅਤੇ ਫਿਰ 760 ਕਰੋੜ ਰੁਪਏ ਹੋਰ ਬੈਂਕਾਂ ਤੋਂ ਕਢਾ ਲਏ। ਇਸ ਤਰ੍ਹਾਂ ਰਾਜ ਸਰਕਾਰ ਦੇ ਓਵਰਡ੍ਰਾਫਟ ਦੀ ਕੁੱਲ ਰਕਮ 1680 ਕਰੋੜ ਰੁਪਏ ਤੋਂ ਵੀ ਜ਼ਿਆਦਾ ਵਧ ਗਈ। ਅਜਿਹੀ ਸੂਰਤ ਵਿਚ ਰਿਜ਼ਰਵ ਬੈਂਕ ਕੋਲ ਸਖਤ ਕਾਰਵਾਈ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਿਹਾ।
ਪੰਜਾਬ ਸਰਕਾਰ ਦੇ ਮੰਤਰੀ ਤੇ ਉਚ ਅਫਸਰ ਇਸ ਸਥਿਤੀ ਨੂੰ ਇਕ ਰੁਟੀਨ ਮਾਮਲਾ ਦੱਸਦੇ ਹਨ, ਪਰ ਅਸਲ ਮਾਅਨਿਆਂ ਵਿਚ ਇਹ ਰਾਜ ਸਰਕਾਰ ਲਈ ਨਮੋਸ਼ੀ ਵਾਲਾ ਘਟਨਾਕ੍ਰਮ ਹੈ। ਬਾਦਲਾਂ ਵੇਲੇ ਕਦੇ ਪੀæਆਈæਡੀæਬੀæ, ਕਦੇ ਪੰਜਾਬ ਮੰਡੀ ਬੋਰਡ ਤੇ ਸ਼ਾਇਦ ਇਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਰਜ਼ਾ ਲੈ ਕੇ ਅਤੇ ਰਕਮ ਰਾਜ ਸਰਕਾਰ ਦੇ ਖਾਤਿਆਂ ਵਿਚ ਪਾ ਕੇ ਓਵਰਡ੍ਰਾਫਟ ਸਬੰਧੀ ਰਿਜ਼ਰਵ ਬੈਂਕ ਦੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਗਈਆਂ ਸਨ, ਪਰ ਇਸ ਵਾਰ ਅਜਿਹਾ ਕੋਈ ਉਪਾਅ ਨਜ਼ਰ ਨਹੀਂ ਆਇਆ। ਦੂਜੇ ਪਾਸੇ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਕੇਂਦਰ ਪਾਸੋਂ 1230 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਮਿਲਣੇ ਸਨ, ਪਰ ਇਨ੍ਹਾਂ ਦੀ ਆਮਦ ਵਿਚ ਦੇਰੀ ਨੇ ਮੌਜੂਦਾ ਸਥਿਤੀ ਪੈਦਾ ਕੀਤੀ। ਆਰæਬੀæਆਈæ ਪਹਿਲਾਂ ਵੀ ਪਿਛਲੀ ਪੰਜਾਬ ਸਰਕਾਰ ਦੇ ਕਾਰਜਕਾਲ ਵਿਚ ਬੈਂਕਾਂ ਤੋਂ ਓਵਰਡਰਾਫਟ ਦੀ ਲਿਮਟ ਤੋਂ ਜ਼ਿਆਦਾ ਅਦਾਇਗੀ ਲੈਣ ਕਰ ਕੇ ਰੋਕ ਲਾਉਂਦੀ ਰਹੀ।
ਗੌਰਤਲਬ ਹੈ ਕਿ ਆਰæਬੀæਆਈæ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਆਪਣੀ ਬਣਦੀ ਰਕਮ ਬੈਂਕਾਂ ਤੋਂ ਲੈ ਚੁੱਕੀ ਹੈ, ਜਿਸ ਦੇ ਚੱਲਦਿਆਂ ਇਸ ਮਾਮਲੇ ਵਿਚ ਆਰæਬੀæਆਈæ ਨੇ ਸਬੰਧਤ ਬੈਂਕਾਂ ਨੂੰ ਹਦਾਇਤ ਜਾਰੀ ਕੀਤੀ ਹੈ।
_______________________________________
ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਥੋੜ੍ਹੀ ਰਾਹਤ
ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਉਦੋਂ ਵੱਡੀ ਰਾਹਤ ਮਿਲੀ ਜਦੋਂ ਕੇਂਦਰ ਨੇ ਕੇਂਦਰੀ ਫੰਡਾਂ ਵਿਚੋਂ ਪੰਜਾਬ ਨੂੰ 800 ਕਰੋੜ ਰੁਪਏ ਜਾਰੀ ਕਰ ਦਿੱਤੇ। ਇਸ ਨਾਲ ਭਾਰਤੀ ਰਿਜ਼ਰਵ ਬੈਂਕ (ਆਰæਬੀæਆਈæ) ਵੱਲੋਂ ਸੀਲ ਕੀਤੇ ਗਏ ਪੰਜਾਬ ਸਰਕਾਰ ਦੇ ਖਾਤਿਆਂ ਨੂੰ ਖੋਲ੍ਹਿਆ ਜਾ ਸਕੇਗਾ, ਜਿਸ ਨਾਲ ਸਰਕਾਰ ਆਪਦਾ ਬੰਦ ਹੋਇਆ ਲੈਣ-ਦੇਣ ਤੇ ਅਦਾਇਗੀਆਂ ਸ਼ੁਰੂ ਕਰ ਸਕੇਗੀ। ਦੱਸਣਯੋਗ ਹੈ ਕਿ ਪੰਜਾਬ ਦੇ ਕੇਂਦਰੀ ਫੰਡਾਂ ਵਿਚੋਂ 1200 ਕਰੋੜ ਰੁਪਏ ਬਣਦੇ ਸਨ, ਪਰ ਕੇਂਦਰ ਨੇ ਹਾਲੇ 800 ਕਰੋੜ ਰੁਪਏ ਹੀ ਜਾਰੀ ਕੀਤੇ ਹਨ ਤੇ ਇਸ ਨਾਲ ਰਾਜ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਇਸ ਨਾਲ ਰਾਜ ਸਰਕਾਰ ਦਾ ਰੁਕਿਆ ਲੈਣ-ਦੇਣ ਸ਼ੁਰੂ ਹੋ ਜਾਵੇਗਾ। ਆਰæਬੀæਆਈæ ਨੇ ਖਾਤੇ ਸੀਲ ਕਰਨ ਦਾ ਕਦਮ ਪਿਛਲੇ 15 ਦਿਨਾਂ ਤੋਂ ਪੰਜਾਬ ਸਰਕਾਰ ਦਾ ਓਵਰਡਰਾਫਟ ਬਹੁਤ ਵਧ ਜਾਣ ਕਾਰਨ ਚੁੱਕਿਆ ਸੀ ਤੇ ਸਰਕਾਰ ਓਵਰਡਰਾਫਟ ਦੀ ਮਿਥੀ 925 ਕਰੋੜ ਰੁਪਏ ਦੀ ਹੱਦ ਨਾਲੋਂ ਵੀ 750 ਕਰੋੜ ਰੁਪਏ ਵੱਧ ਖਰਚ ਕਰ ਚੁੱਕੀ ਸੀ।
_________________________________________
ਲਾਲ ਬੱਤੀ ਬਾਰੇ ਸੁਖਬੀਰ ਬਾਦਲ ਦਾ ਤਰਕ
ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਵੀæਆਈæਪੀæ ਕਲਚਰ ਨੂੰ ਖਤਮ ਕਰਨ ਦੇ ਕਦਮਾਂ ਉਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਵਾਲ ਚੁੱਕੇ ਹਨ। ਸੁਖਬੀਰ ਬਾਦਲ ਨੇ ਆਖਿਆ ਕਿ ਲਾਲ ਬੱਤੀਆਂ ਤਾਂ ਉਤਰ ਗਈਆਂ, ਪਰ ਸਰਕਾਰ ਨੇ ਵੀæਆਈæਪੀæ ਵਿਅਕਤੀਆਂ ਦੀਆਂ ਗੱਡੀਆਂ ਅੱਗੇ ਪੁਲਿਸ ਦੀਆਂ ਜਿਪਸੀਆਂ ਦੀ ਗਿਣਤੀ ਵਿਚ ਪਹਿਲਾਂ ਨਾਲੋਂ ਵਾਧਾ ਕਰ ਦਿੱਤਾ ਹੈ।