ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ 11 ਅਰਬ ਤੋਂ ਵੱਧ ਦਾ ਬਜਟ ਪਾਸ

ਅੰਮ੍ਰਿਤਸਰ: ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਤੀ ਵਰ੍ਹੇ 2017-18 ਲਈ 11 ਅਰਬ 6 ਕਰੋੜ 59 ਲੱਖ 98 ਹਜ਼ਾਰ 434 ਰੁਪਏ ਦਾ ਬਜਟ ਪੇਸ਼ ਕੀਤਾ ਗਿਆ, ਜਿਸ ਨੂੰ ਹਾਊਸ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦੇ ਬੀਤੇ ਵਰ੍ਹੇ 2016-17 ਲਈ 10 ਅਰਬ 64 ਕਰੋੜ ਦੇ ਕਰੀਬ ਬਜਟ ਨਾਲੋਂ ਇਸ ਵਾਰ ਬਜਟ ‘ਚ 8æ65 ਫੀਸਦੀ ਵਾਧਾ ਦਰ ਨਾਲ 88 ਕਰੋੜ, 10 ਲੱਖ, 6 ਹਜ਼ਾਰ ਰੁਪਏ ਵੱਧ ਰਕਮ ਸ਼ਾਮਲ ਕੀਤੀ ਗਈ ਹੈ।

ਪਿਛਲੇ ਸਮਿਆਂ ‘ਚ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਦੇ ਮਾਮਲੇ ਸਬੰਧੀ ਕੇਸ ਸੁਪਰੀਮ ਕੋਰਟ ਚੱਲਦਾ ਰਿਹਾ ਹੋਣ ਕਾਰਨ ਅਦਾਲਤ ਦੇ ਆਦੇਸ਼ਾਂ ਉਤੇ ਬੀਤੇ 5 ਸਾਲ ਸ਼੍ਰੋਮਣੀ ਕਮੇਟੀ ਦੀ 2010 ਵਾਲੀ ਅੰਤ੍ਰਿੰਗ ਕਮੇਟੀ ਵੱਲੋਂ ਹੀ ਸ਼੍ਰੋਮਣੀ ਕਮੇਟੀ ਦਾ ਬਜਟ ਪੇਸ਼ ਕੀਤਾ ਜਾਂਦਾ ਰਿਹਾ ਹੈ, ਪਰ ਅਦਾਲਤੀ ਫੈਸਲੇ ਉਪਰੰਤ 5 ਨਵੰਬਰ 2016 ਨੂੰ 2011 ਵਾਲੇ ਹਾਊਸ ਦੇ ਗਠਨ ਉਪਰੰਤ ਇਸ ਹਾਊਸ ਵੱਲੋਂ ਕਮੇਟੀ ਦਾ ਪਲੇਠਾ ਬਜਟ ਪੇਸ਼ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦਫਤਰ ਸਮੂਹ ਵਿਖੇ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸਿੰਘ ਸਾਹਿਬਾਨ, ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ 127 ਦੇ ਕਰੀਬ ਮੈਂਬਰਾਂ ਦੀ ਹਾਜ਼ਰੀ ‘ਚ ਬਜਟ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਪੇਸ਼ ਕੀਤਾ ਗਿਆ। ਸ਼ ਚਾਵਲਾ ਵੱਲੋਂ ਬਜਟ ਭਾਸ਼ਣ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਸ਼ੇਸ਼ ਕਾਰਜਾਂ ਦੀ ਸੰਖੇਪ ਜਾਣਕਾਰੀ ਦੇਣ ਦੇ ਨਾਲ-ਨਾਲ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ ਗਿਆ।
30 ਸਫਿਆਂ ਦੇ ਬਜਟ ਭਾਸ਼ਣ ਦੇ ਅਜੇ ਅੱਧੇ ਕੁ ਸਫੇ ਹੀ ਸ਼ ਚਾਵਲਾ ਵੱਲੋਂ ਪੜ੍ਹੇ ਗਏ ਸਨ ਕਿ ਕੁਝ ਮੈਂਬਰਾਂ ਦੀ ਸਲਾਹ ‘ਤੇ ਬਾਕੀ ਬਜਟ ਤਜਵੀਜ਼ਾਂ ਨੂੰ ਬਿਨ੍ਹਾਂ ਪੜ੍ਹੇ ਹੀ ਹਾਜ਼ਰ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰ ਕੇ ਤੇ ਜੈਕਾਰੇ ਬੁਲਾ ਕੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਕਮੇਟੀ ਦੇ ਜਨਰਲ ਬੋਰਡ ਫੰਡ ਲਈ 64 ਕਰੋੜ 50 ਲੱਖ ਰੁਪਏ, ਕਮੇਟੀ ਦੇ ਟਰੱਸਟ ਫੰਡ ਲਈ 51 ਕਰੋੜ ਰੁਪਏ, ਵਿੱਦਿਆ ਫੰਡ ਲਈ 33 ਕਰੋੜ ਰੁਪਏ, ਧਰਮ ਪ੍ਰਚਾਰ ਕਾਰਜਾਂ ਲਈ 73 ਕਰੋੜ ਰੁਪਏ, ਗੁਰਦੁਆਰਾ ਸਾਹਿਬਾਨ ਸੈਕਸ਼ਨ-85 ਤੇ ਅਟੈਚ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਲਈ 6 ਅਰਬ 49 ਕਰੋੜ 48 ਲੱਖ 15 ਹਜ਼ਾਰ ਰੁਪਏ, ਵਿੱਦਿਅਕ ਅਦਾਰਿਆਂ (ਸਕੂਲਾਂ/ਕਾਲਜਾਂ) ਲਈ 2 ਅਰਬ 27 ਕਰੋੜ 37 ਲੱਖ 83 ਹਜ਼ਾਰ 850 ਰੁਪਏ ਤੇ ਪ੍ਰਿੰਟਿੰਗ ਪ੍ਰੈਸਾਂ ਲਈ 8 ਕਰੋੜ 5 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਸਿੱਖ ਐਕਟ ਦੀ ਧਾਰਾ 85 ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ 78 ਗੁਰਦੁਆਰਿਆਂ ਲਈ ਬਜਟ ‘ਚ 41 ਕਰੋੜ 53 ਲੱਖ 20 ਹਜ਼ਾਰ ਰੁਪਏ ਦੀ ਰਕਮ ਰਾਖਵੀਂ ਰੱਖੀ ਗਈ ਹੈ।
________________________________________________
ਕੈਂਸਰ ਤੇ ਕੁਦਰਤੀ ਆਫਤਾਂ ਲਈ ਵਿਸ਼ੇਸ਼ ਰਕਮ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਇਸ ਵਾਰ ਦੇ ਬਜਟ ‘ਚ ਜਿਥੇ ਸਮਾਜ ਭਲਾਈ ਦੇ ਕਾਰਜਾਂ ਲਈ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ, ਉਥੇ ਹੀ ਧਰਮ ਪ੍ਰਚਾਰ, ਵਿਦਿਆ, ਖੇਡਾਂ, ਦੇਸ਼-ਵਿਦੇਸ਼ ‘ਚ ਕੁਦਰਤੀ ਆਫਤਾਂ ਲਈ ਰਾਹਤ ਰਾਸ਼ੀ ਤੇ ਕੈਂਸਰ ਤੋਂ ਪੀੜਤ ਰੋਗੀਆਂ ਦੀ ਸਹਾਇਤਾ ਦੇ ਨਾਲ-ਨਾਲ ਸੰਗਤਾਂ ਦੀ ਸੁਵਿਧਾ ਲਈ ਵੱਖ-ਵੱਖ ਯੋਜਨਾਵਾਂ ਵੀ ਉਲੀਕੀਆਂ ਗਈਆਂ ਹਨ।
________________________________________
ਬੰਗਲਾਦੇਸ਼ ਦੇ ਗੁਰਧਾਮਾਂ ਦੀ ਯਾਤਰਾ ਲਈ ਜਥੇ ਭੇਜੇ ਜਾਣਗੇ
ਅੰਮ੍ਰਿਤਸਰ:ਸ਼੍ਰੋਮਣੀ ਕਮੇਟੀ ਵੱਲੋਂ ਪਾਸ ਮਤਿਆਂ ‘ਚ ਬੰਗਲਾਦੇਸ਼ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਲਈ ਗ੍ਰੰਥੀ, ਰਾਗੀ ਤੇ ਹੋਰ ਸਟਾਫ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਤੇ ਪਾਕਿਸਤਾਨ ਦੀ ਤਰਜ਼ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਬੰਗਲਾਦੇਸ਼ ਵਿਖੇ ਜਥੇ ਭੇਜੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ।