ਅੰਮ੍ਰਿਤਸਰ: ਦੇਸ਼ ਵਿਦੇਸ਼ ਤੋਂ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਠਹਿਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਰਿਮੰਦਰ ਸਾਹਿਬ ਸਮੂਹ ਨੇੜੇ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਅਕਾਲੀ ਮਾਰਕੀਟ ਵਿਚ ਇਕ ਹਜ਼ਾਰ ਕਮਰਿਆਂ ਦੀ ਅਤਿ-ਆਧੁਨਿਕ ਸਰਾਂ ਉਸਾਰਨ ਦੀ ਯੋਜਨਾ ਹੈ। ਇਸ ਦੇ ਪਹਿਲੇ ਪੜਾਅ ਲਈ ਇਸ ਵਰ੍ਹੇ ਦੇ ਬਜਟ ਵਿਚ ਦਸ ਕਰੋੜ ਰੁਪਏ ਰੱਖੇ ਗਏ ਹਨ।
ਜਾਣਕਾਰੀ ਅਨੁਸਾਰ ਤਕਰੀਬਨ ਪੰਜ ਏਕੜ ਰਕਬੇ ਵਾਲੀ ਇਹ ਜ਼ਮੀਨ ਹਰਿਮੰਦਰ ਸਾਹਿਬ ਸਮੂਹ ਦੇ ਨੇੜੇ ਹੀ ਹੈ, ਜਿਸ ਵਿਚ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਦੇ ਰਿਹਾਇਸ਼ੀ ਕੁਆਰਟਰ ਬਣੇ ਹੋਏ ਹਨ ਅਤੇ ਕੁਝ ਦੁਕਾਨਾਂ ਵੀ ਹਨ।
ਇਥੇ ਪਹੁੰਚਣ ਲਈ ਆਲੇ-ਦੁਆਲੇ ਦਾ ਰਾਹ ਵੀ ਤੰਗ ਹੈ, ਜੋ ਹੁਣ ਤੱਕ ਇਥੇ ਸਰਾਂ ਦੀ ਉਸਾਰੀ ਵਿਚ ਮੁੱਖ ਅੜਿੱਕਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਇਥੇ ਸਰਾਂ ਉਸਾਰਨ ਦੀ ਯੋਜਨਾ ਬਣਾਈ ਜਾ ਚੁੱਕੀ ਹੈ, ਜਿਸ ਨੂੰ ਮਗਰੋਂ ਮਿਊਜ਼ੀਅਮ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਪਰ ਨਾ ਸਰਾਂ ਬਣੀ ਅਤੇ ਨਾ ਹੀ ਮਿਊਜ਼ੀਅਮ ਬਣ ਸਕਿਆ। ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਯਾਤਰੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲ ਹੀ ਵਿਚ ਪਿਛਲੀ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਆਉਣ ਵਾਲੇ ਮੁੱਖ ਰਸਤੇ ਨੂੰ ਦਿੱਤੀ ਵਿਰਾਸਤੀ ਦਿੱਖ ਤੋਂ ਬਾਅਦ ਯਾਤਰੂਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਇਆ ਹੈ।
ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੂਆਂ ਦੀ ਇੱਛਾ ਹੁੰਦੀ ਹੈ ਕਿ ਉਹ ਗੁਰਦੁਆਰੇ ਵਿਚ ਬਣੀਆਂ ਸਰਾਵਾਂ ਵਿਚ ਹੀ ਠਹਿਰਨ। ਇਸ ਵੇਲੇ ਸ਼੍ਰੋਮਣੀ ਕਮੇਟੀ ਕੋਲ ਕੁੱਲ 9 ਸਰਾਵਾਂ ਹਨ ਅਤੇ ਇਨ੍ਹਾਂ ਸਰਾਵਾਂ ਵਿਚ 800 ਤੋਂ ਵੱਧ ਕਮਰੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਰਾਗੜ੍ਹੀ ਨੇੜੇ ਸਾਰਾਗੜ੍ਹੀ ਸਰਾਂ ਦੀ ਉਸਾਰੀ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ 15 ਅਪਰੈਲ ਨੂੰ ਕੀਤੀ ਜਾ ਰਹੀ ਹੈ। ਇਸ ਵਿਚ ਵੀ ਤਕਰੀਬਨ 200 ਕਮਰੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਕੁਝ ਹੋਰ ਸਰਾਵਾਂ ਵੀ ਉਸਾਰਨ ਦੀ ਯੋਜਨਾ ਹੈ। ਬਜਟ ਵਿਚ ਇਸ ਨੂੰ ਚਾਰ ਪੜਾਅ ਵਿਚ ਮੁਕੰਮਲ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਪਹਿਲੇ ਪੜਾਅ ਵਾਸਤੇ 10 ਕਰੋੜ ਰੁਪਏ ਰੱਖੇ ਗਏ ਹਨ।
________________________________________
ਸਿੱਖ ਰੈਫਰੈਂਸ ਲਾਇਬ੍ਰੇਰੀ ਮੁੜ ਕਾਇਮ ਕਰਨ ਦਾ ਫੈਸਲਾ
ਅੰਮ੍ਰਿਤਸਰ: ਜੂਨ 1984 ਵਿਚ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਾਪਤ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਗ ਲੱਗਣ ਨਾਲ ਨੁਕਸਾਨੀ ਗਈ ਸੀ, ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਨਵੇਂ ਸਿਰਿਉਂ ਕੰਪਲੈਕਸ ਤੋਂ ਬਾਹਰ ਭਾਈ ਗੁਰਦਾਸ ਹਾਲ ਦੀ ਇਮਾਰਤ ਨੇੜੇ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਾਕਾ ਨੀਲਾ ਤਾਰਾ ਸਮੇਂ ਰੈਫਰੈਂਸ ਲਾਇਬ੍ਰੇਰੀ ਦੀ ਇਮਾਰਤ ਨੂੰ ਅੱਗ ਲੱਗ ਗਈ ਸੀ ਅਤੇ ਇਸ ਵਿਚ ਰੱਖਿਆ ਬੇਸ਼ਕੀਮਤੀ ਖਜ਼ਾਨਾ ਤਬਾਹ ਹੋ ਗਿਆ ਸੀ। ਇਸ ਦਾ ਬਚਿਆ ਹੋਇਆ ਸਾਮਾਨ ਉਸ ਵੇਲੇ ਫੌਜ ਬੋਰੀਆਂ ਵਿਚ ਭਰ ਕੇ ਆਪਣੇ ਨਾਲ ਲੈ ਗਈ ਸੀ। ਫੌਜੀ ਹਮਲੇ ਤੋਂ ਬਾਅਦ ਇਥੇ ਤਾਇਨਾਤ ਮਰਹੂਮ ਪੁਲਿਸ ਅਧਿਕਾਰੀ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਲਾਇਬ੍ਰੇਰੀ ਨੂੰ ਅੱਗ ਲੱਗਣ ਤੋਂ ਪਹਿਲਾਂ ਫੌਜ ਵੱਲੋਂ ਲਾਇਬ੍ਰੇਰੀ ਦਾ ਸਮੁੱਚਾ ਸਾਮਾਨ ਕੱਢ ਲਿਆ ਗਿਆ ਸੀ ਅਤੇ ਇਸ ਨੂੰ ਆਪਣੇ ਨਾਲ ਅਣਦੱਸੀ ਥਾਂ ‘ਤੇ ਲੈ ਗਈ ਸੀ। ਇਸ ਖ਼ਜ਼ਾਨੇ ਨੂੰ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਪਿਛਲੇ 33 ਸਾਲਾਂ ਤੋਂ ਯਤਨਸ਼ੀਲ ਹੈ। ਕੁਝ ਵਰ੍ਹੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਦਬਾਅ ਕਾਰਨ ਕੇਂਦਰ ਸਰਕਾਰ ਵੱਲੋਂ ਕੁਝ ਦਸਤਾਵੇਜ਼ ਵਾਪਸ ਕੀਤੇ ਗਏ ਸਨ, ਜਿਨ੍ਹਾਂ ਵਿਚ ਕੁਝ ਅਖਬਾਰਾਂ ਅਤੇ ਹੋਰ ਸ਼ਾਮਲ ਸਨ ਜਦੋਂਕਿ ਅਹਿਮ ਖਜ਼ਾਨਾ ਹੁਣ ਤੱਕ ਵਾਪਸ ਨਹੀਂ ਮਿਲਿਆ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਕਈ ਰੱਖਿਆ ਮੰਤਰੀਆਂ, ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀ ਕੋਲ ਵੀ ਪਹੁੰਚ ਕੀਤੀ ਜਾ ਚੁੱਕੀ ਹੈ।