ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਡੇਰਾ ਸਿਰਸਾ ਦਾ ਸਿਆਸੀ ਸਮਰਥਨ ਲੈਣ ਗਏ ਵੱਖ-ਵੱਖ ਪਾਰਟੀਆਂ ਦੇ ਸਿੱਖ ਉਮੀਦਵਾਰਾਂ ਨੂੰ ਮੁਤਵਾਜ਼ੀ ਜਥੇਦਾਰਾਂ ਨੇ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਸਿਆਸੀ ਆਗੂਆਂ ਖਿਲਾਫ਼ ਧਾਰਮਿਕ ਸਜ਼ਾ ਦਾ ਐਲਾਨ 20 ਅਪਰੈਲ ਨੂੰ ਕੀਤਾ ਜਾਵੇਗਾ। ਇਸ ਦੌਰਾਨ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਸਿੱਖ ਆਗੂਆਂ ਨੂੰ ਲਾਈ ਜਾਣ ਵਾਲੀ ਧਾਰਮਿਕ ਸਜ਼ਾ ਬਾਰੇ ਆਪਣੇ ਵਿਚਾਰ ਦੇਣ।
ਹਰਿਮੰਦਰ ਸਾਹਿਬ ਦੇ ਬਾਹਰ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਸ ਸਬੰਧੀ ਐਲਾਨ ਕੀਤਾ। ਇਸ ਮੌਕੇ ਪੰਚ ਪ੍ਰਧਾਨੀ ਪ੍ਰਥਾ ਨੂੰ ਪੂਰਾ ਕਰਨ ਲਈ ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਵੀ ਸ਼ਾਮਲ ਸਨ। ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਵਿਖੇ ਨਤਮਸਤਕ ਹੋਣ ਮਗਰੋਂ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਡੇਰਾ ਸਿਰਸਾ ਜਾ ਕੇ ਸਿਆਸੀ ਸਮਰਥਨ ਮੰਗਣ ਵਾਲਿਆਂ ਨੇ 17 ਮਈ 2007 ਨੂੰ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਨੂੰ 30 ਮਾਰਚ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਤਲਬ ਕੀਤਾ ਸੀ, ਪਰ ਕੋਈ ਹਾਜ਼ਰ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਦੋਸ਼ੀ ਕਰਾਰ ਦਿੱਤੇ ਸਾਰੇ ਵਿਅਕਤੀਆਂ ਨੂੰ 20 ਅਪਰੈਲ ਨੂੰ ਧਾਰਮਿਕ ਸਜ਼ਾ ਸੁਣਾਈ ਜਾਵੇਗੀ। ਮੁਤਵਾਜ਼ੀ ਜਥੇਦਾਰਾਂ ਵੱਲੋਂ ਜਿਨ੍ਹਾਂ ਸਿੱਖ ਆਗੂਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਉਨ੍ਹਾਂ ਵਿਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਪ੍ਰਕਾਸ਼ ਸਿੰਘ ਭੱਟੀ, ਜਨਮੇਜਾ ਸਿੰਘ ਸੇਖੋਂ, ਜੀਤ ਮਹਿੰਦਰ ਸਿੰਘ ਸਿੱਧੂ, ਦਿਲਰਾਜ ਸਿੰਘ ਭੂੰਦੜ, ਵਰਿੰਦਰ ਕੌਰ ਲੂੰਬਾ, ਕੰਵਲਜੀਤ ਸਿੰਘ ਰੋਜੀ ਸਰਕੰਦੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਦੀਪ ਸਿੰਘ ਢਿੱਲੋਂ, ਦੀਦਾਰ ਸਿੰਘ ਭੱਟੀ, ਦਰਬਾਰਾ ਸਿੰਘ ਗੁਰੂ, ਹਰਪ੍ਰੀਤ ਸਿੰਘ ਕੋਟ ਭਾਈ, ਰਣਜੀਤ ਸਿੰਘ ਤਲਵੰਡੀ, ਇੰਦਰ ਇਕਬਾਲ ਸਿੰਘ ਅਟਵਾਲ, ਸ਼ਰਨਜੀਤ ਸਿੰਘ ਢਿੱਲੋਂ, ਈਸ਼ਰ ਸਿੰਘ ਮੇਹਰਬਾਨ, ਜਗਦੀਪ ਸਿੰਘ ਨਕਈ, ਪਰਮਬੰਸ ਸਿੰਘ ਬੰਟੀ ਰੁਮਾਣਾ, ਅਜੀਤ ਸਿੰਘ ਸ਼ਾਂਤ, ਬਲਬੀਰ ਸਿੰਘ ਘੁੰਸ, ਹਰੀ ਸਿੰਘ ਧੁਰੀ, ਗੋਬਿੰਦ ਸਿੰਘ ਲੌਂਗੋਵਾਲ, ਸੁਰਿੰਦਰਪਾਲ ਸਿੰਘ ਸਿਲੀਆਂ, ਮਨਪ੍ਰੀਤ ਸਿੰਘ ਇਆਲੀ, ਦਰਸ਼ਨ ਸਿੰਘ ਕੋਟ ਫੱਤਾ, ਕੇਵਲ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਅਜੀਤ ਇੰਦਰ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਜਿੰਦਰ ਕੌਰ ਭੱਠਲ, ਕੁਸ਼ਲਦੀਪ ਸਿੰਘ ਢਿੱਲੋਂ, ਅਜਾਇਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਕਾਕਾ ਰਣਦੀਪ ਸਿੰਘ, ਖੁਸ਼ਬਾਜ਼ ਸਿੰਘ ਜਟਾਣਾ, ਦਮਨ ਕੌਰ ਬਾਜਵਾ ਤੇ ਨਰਿੰਦਰਪਾਲ ਸਿੰਘ ਸੰਧਾ ਸ਼ਾਮਲ ਹਨ।