ਅੰਮ੍ਰਿਤਸਰ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰਾ ਦਿਨ ਹੁੰਦੇ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਦਾ ਹਜ਼ਾਰਾਂ ਮੀਲ ਦੂਰ ਦੇਸ਼ਾਂ-ਵਿਦੇਸ਼ਾਂ ‘ਚ ਵਸਦੇ ਕਰੋੜਾਂ ਸ਼ਰਧਾਲੂ ਇਕ ਵਿਸ਼ੇਸ਼ ਮੋਬਾਈਲ ਐਪ ‘ਤੇ ਹੁਣ ਸਿੱਧੇ (ਲਾਈਵ ਆਡੀਓ) ਪ੍ਰਸਾਰਣ ਰਾਹੀਂ ਵੀ ਅਨੰਦ ਮਾਣ ਸਕਣਗੇ।
ਇਸ ਵਿਸ਼ੇਸ਼ ਮੋਬਾਈਲ ਐਪ ‘ਤੇ ਇਕ ਕਲਿੱਕ ਨਾਲ ਸੰਗਤ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਆਏ ਹੁਕਮਨਾਮੇ, ਹੁਕਮਨਾਮੇ ਦੀ ਕਥਾ ਵਿਆਖਿਆ, ਹਜ਼ੂਰੀ ਰਾਗੀ ਜਥਿਆਂ ਵੱਲੋਂ ਸਾਰਾ ਦਿਨ ਗਾਇਨ ਕੀਤੇ ਸ਼ਬਦ ਕੀਰਤਨ, ਪੰਥ ਦੇ ਪੁਰਾਤਨ ਤੇ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਗਾਇਨ ਤੇ ਰਿਕਾਰਡ ਕੀਤਾ ਕੀਰਤਨ ਅਤੇ ਕਿਸੇ ਸ਼ਬਦ ਕੀਰਤਨ ਜਾਂ ਹੁਕਮਨਾਮੇ ਨੂੰ ਐਪ ਤੋਂ ਡਾਉਨਲੋਡ ਕਰਨ ਦੀ ਸੁਵਿਧਾ ਵੀ ਪ੍ਰਦਾਨ ਹੋਵੇਗੀ।
ਸੰਗਤ ਦੀ ਸਹੂਲਤ ਅਤੇ ਸ਼੍ਰੋਮਣੀ ਕਮੇਟੀ ਨੂੰ ਹਾਈਟੈਕ ਕਰਨ ਲਈ ਪ੍ਰਧਾਨ ਪ੍ਰੋæ ਕਿਰਪਾਲ ਬਡੂੰਗਰ ਵੱਲੋਂ ਇਸ ਸਬੰਧੀ ਬਜਟ ਇਜਲਾਸ ਦੌਰਾਨ ਵੀ ਐਲਾਨ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਇਨਟਰਨੈਟ ਵਿਭਾਗ ਦੇ ਮੁੱਖੀ ਜਸਪਾਲ ਸਿੰਘ ਦੀ ਅਗਵਾਈ ‘ਚ ਕਾਫੀ ਚਿਰ ਤੋਂ ਇਕ ਨਵਾਂ ਅਜਿਹਾ ਮੋਬਾਈਲ ਐਪ ਵਿਕਸਤ ਕਰਨ ਲਈ ਯਤਨਸ਼ੀਲ ਸੀ, ਜੋ ਕਿ ਹੁਣ ਅੰਤਿਮ ਪੜਾਅ ‘ਤੇ ਹੈ ਤੇ ਵਿਸਾਖੀ ਪੁਰਬ ਨੇੜੇ ਇਸ ਮੋਬਾਈਲ ਨੂੰ ਪ੍ਰਧਾਨ ਪ੍ਰੋæ ਬਡੂੰਗਰ ਵੱਲੋਂ ਸੰਗਤ ਨੂੰ ਅਰਪਿਤ ਕੀਤਾ ਜਾ ਸਕਦਾ ਹੈ। ਜਸਪਾਲ ਸਿੰਘ ਮੁਤਾਬਕ ਨਵੇਂ ਮੋਬਾਈਲ ਐਪ, ਜਿਸ ਦਾ ਕਿ ਅਜੇ ਨਾਮਕਰਨ ਕੀਤਾ ਜਾਣਾ ਹੈ, ਦੀ ਵਰਤੋਂ ਆਈਫੋਨ ਦੇ ਨਾਲ-ਨਾਲ ਐਂਡਰਾਇਡ ਤੇ ਵਿੰਡੋਜ਼ ਆਧਾਰਤ ਮੋਬਾਈਲ ਫੋਨ ਧਾਰਕ ਵੀ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਛੇਤੀ ਹੀ ਇਹ ਮੁਫਤ ਮੋਬਾਈਲ ਐਪ ਗੂਗਲ ਪਲੇਅ ਸਟੋਰ ‘ਤੇ ਉਪਲਬਧ ਹੋਵੇਗਾ। ਇਸ ‘ਚ ਕਿਸੇ ਮੋਬਾਈਲ ਸੈਟ ਦੀ ਇੰਟਰਨੈਟ ਸਪੀਡ 2 ਜੀ, 3 ਜੀ ਜਾਂ 4 ਜੀ ਦੇ ਹਿਸਾਬ ਨਾਲ ਆਟੋਮੈਟਿਕ ਫੀਚਰਜ਼ ਸ਼ਾਮਲ ਕੀਤੇ ਗਏ ਹਨ ਤੇ ਵਾਈਫਾਈ ਸਹੂਲਤ ਵਾਲੇ ਸੈਟਾਂ ‘ਤੇ ਕੀਰਤਨ ਦੀ ਕੁਆਲਿਟੀ ਬਹੁਤ ਵਧੀਆ ਸਰਵਣ ਕੀਤੀ ਜਾ ਸਕੇਗੀ।
ਸ਼ਰਧਾਲੂ ਰੋਜ਼ਾਨਾ ਹੁੰਦੇ ਹੁਕਮਨਾਮੇ, ਸੰਗਰਾਂਦ ਦੇ ਹੁਕਮਨਾਮੇ ਦੀ ਹੇਠਾਂ ਚੱਲਦੀ ਸਕਰੋਲ ਬਾਰ ‘ਤੇ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ‘ਚ ਵਿਆਖਿਆ ਵੀ ਪੜ੍ਹ ਸਕਣਗੇ ਤੇ ਇਨ੍ਹਾਂ ਨੂੰ ਤਰੀਕਵਾਰ ਡਾਊਨਲੋਡ ਕੀਤੇ ਫੋਲਡਰਾਂ ਰਾਹੀਂ ਕਿਸੇ ਸਮੇਂ ਵੀ ਖੋਲ੍ਹ ਕੇ ਮੁੜ ਸੁਣਿਆਂ ਜਾ ਸਕੇਗਾ। ਇਸ ਐਪ ‘ਚ ਸਿੱਖ ਧਰਮ ਬਾਰੇ ਵੱਖ-ਵੱਖ ਭਾਸ਼ਾਵਾਂ ‘ਚ ਜਾਣਕਾਰੀ, ਸਿੱਖ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਕਮੇਟੀਆਂ ਦੀਆਂ ਧਾਰਮਿਕ ਸਰਗਰਮੀਆਂ, ਆਉਣ ਵਾਲੇ ਗੁਰਪੁਰਬ ਤੇ ਦਿਨ ਤਿਉਹਾਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਗੁਰਮਤਿ ਪ੍ਰਕਾਸ਼ ਆਦਿ ਰਸਾਲੇ ਵੀ ਉਪਲਬਧ ਹੋਣਗੇ।
________________________________________
ਪੰਜਾਬੀ ਸਿੱਖਣ ਲਈ ਬਣੇਗੀ ‘ਐਪ’
ਨਵੀਂ ਦਿੱਲੀ: ਲੋਕਾਂ ਨੂੰ ਪੰਜਾਬੀ ਸਿਖਾਉਣ ਲਈ ਕੈਨੇਡਾ ਦੀ ਇਕ ਕੰਪਨੀ ਨੇ ਭਾਰਤ ਦੀ ਕੰਪਨੀ ਨਾਲ ਹੱਥ ਮਿਲਾਏ ਹਨ। ਇਸ ਤਹਿਤ ਦੋਵੇਂ ਸਾਂਝੇ ਰੂਪ ਵਿਚ ਇਕ ਐਪ ਤਿਆਰ ਕਰਨਗੇ। ਇਹ ਐਪ ਲੋਕਾਂ ਨੂੰ ਪੰਜਾਬੀ ਲਿਖਣ ਤੇ ਪੜ੍ਹਨ ‘ਚ ਮਦਦ ਕਰੇਗੀ। ਇਹ ਜਾਣਕਾਰੀ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿਚ ਸਰਕਾਰ ਦੀ ਪਹਿਲੀ ਮਹਿਲਾ ਆਗੂ ਬਰਦੀਸ਼ ਚੱਗਰ ਨੇ ਦਿੱਤੀ। ਉਨ੍ਹਾਂ ਦੱਸਿਆ,”ਪੰਜਾਬੀ ਸਾਡੀ ਮਾਂ ਭਾਸ਼ਾ ਹੈ, ਮੇਰੇ ਮਾਤਾ ਫਿਲੌਰ ਤੇ ਪਿਤਾ ਲੁਧਿਆਣਾ ਤੋਂ ਹਨ। ਕੈਨੇਡਾ ਵਿਚ ਰਹਿੰਦਿਆਂ ਮੈਂ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਹੀ ਸਿੱਖੀ ਸੀ।”ਚੱਗਰ ਨੇ ਕਿਹਾ ਕਿ ਸਾਨੂੰ ਪੰਜਾਬੀ ਨਹੀਂ ਬਲਕਿ ਸ਼ੁੱਧ ਪੰਜਾਬੀ ਬੋਲਣੀ ਆਉਣੀ ਚਾਹੀਦੀ ਹੈ। ਇਹ ਐਪ ਲੋਕਾਂ ਨੂੰ ਪੰਜਾਬੀ ਸਿਖਾਉਣ ਵਿਚ ਕਾਫੀ ਮਦਦਗਾਰ ਸਾਬਤ ਹੋਵੇਗੀ।