ਇਸਲਾਮਾਬਾਦ: ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਸ਼ਾਹਿਦ ਅਜ਼ੀਜ਼ ਨੇ ਦਾਅਵਾ ਕੀਤਾ ਹੈ ਕਿ ਕਾਰਗਿਲ ਯੁੱਧ ਦੌਰਾਨ ਪਾਕਿਸਤਾਨ ਸੈਨਾ ਵੱਲੋਂ ਭਾਰਤੀ ਖੇਤਰ ਜਦੋਂ ਘੁਸਪੈਠ ਕੀਤੀ ਗਈ ਸੀ ਤਾਂ ਸੈਨਾ ਦੀ ਅਗਵਾਈ ਪਾਕਿਸਤਾਨੀ ਫੌਜ ਦੇ ਚਾਰ ਜਨਰਲਾਂ ਨੇ ਸੰਭਾਲੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਫੌਜ ਨੇ ਸਭ ਤੋਂ ਪਹਿਲਾਂ ਘੁਸਪੈਠ 18 ਦਸੰਬਰ, 1998 ਨੂੰ ਕੀਤੀ ਸੀ ਜਦੋਂ ਕੈਪਟਨ ਨਦੀਮ ਤੇ ਕੈਪਟਨ ਅਲੀ ਨੂੰ ਹੌਲਦਾਰ ਲਲਿਕ ਜਨ ਸਮੇਤ ਭਾਰਤੀ ਖੇਤਰ ਦੀ ਜਾਂਚ ਕਰਨ ਵਾਸਤੇ ਭੇਜਿਆ ਗਿਆ ਸੀ।
ਇਸ ਮਗਰੋਂ ਪਾਕਿ ਸੈਨਾ ਦੀਆਂ ਕਈ ਟੁਕੜੀਆਂ ਨੇ ਕੰਟਰੋਲ ਰੇਖਾ ਪਾਰ ਕੀਤੀ ਤੇ ਭਾਰਤੀ ਖੇਤਰ ਵਿਚ ਦਾਖਲ ਹੋ ਗਈਆਂ। ਇਸ ਦੌਰਾਨ ਪਾਕਿ ਫੌਜ ਵਿਚ ਇਹ ਮੁਕਾਬਲਾ ਹੋ ਰਿਹਾ ਸੀ ਕਿ ਕੌਣ ਭਾਰਤੀ ਖੇਤਰ ਵਿਚ ਸਭ ਤੋਂ ਅੱਗੇ ਵਧਦਾ ਹੈ। ਇਸ ਮਗਰੋਂ ਕੁਝ ਭੇੜ ਪਾਲਕਾਂ ਨੇ ਪਾਕਿਸਤਾਨੀ ਫੌਜ ਦੀ ਭਾਰਤ ਵਿਚ ਮੌਜੂਦਗੀ ਬਾਰੇ ਪ੍ਰਸ਼ਾਸਨ ਤੇ ਫੌਜ ਨੂੰ ਸੂਚਿਤ ਕੀਤਾ।
ਕਰਨਲ ਅਸ਼ਫਾਕ ਹੁਸੈਨ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਕਾਰਗਿਲ ਘੁਸਪੈਠ ਦੌਰਾਨ ਪਾਕਿਸਤਾਨ ਨੇ ਕੋਈ ਖਾਸ ਟੀਚਾ ਨਹੀਂ ਮਿਥਿਆ ਸੀ ਤੇ ਪਾਕਿ ਫੌਜ ਦਾ ਮੰਤਵ ਸਿਰਫ ਭਾਰਤੀ ਖੇਤਰ ਬਾਰੇ ਜਾਣਕਾਰੀ ਲੈਣਾ ਸੀ। ਉਨ੍ਹਾਂ ਕਿਹਾ ਕਿ ਕਾਰਗਿਲ ਅਪਰੇਸ਼ਨ ਮੇਜਰ ਜਨਰਲ ਜਾਵੇਦ ਹਸਨ ਦੇ ਦਿਮਾਗ ਦੀ ਉਪਜ ਸੀ। ਹਸਨ ਨੇ ਯੋਜਨਾ ਬਣਾਈ ਕਿ ਕੰਟਰੋਲ ਰੇਖਾ ਨੇੜੇ ਭਾਰਤੀ ਪੁਜ਼ੀਸ਼ਨਾਂ ‘ਤੇ ਕਬਜ਼ਾ ਕੀਤਾ ਜਾਵੇ ਤੇ ਇਸ ਬਾਰੇ ਉਨ੍ਹਾਂ ਨੇ ਤਤਕਾਲੀ ਰਾਵਲਪਿੰਡੀ ਕੋਰਜ਼ ਕਮਾਂਡਰ ਲੈਫਟੀਨੈਂਟ ਜਨਰਲ ਮਹਿਮੂਦ ਅਹਿਮਦ, ਤਤਕਾਲੀ ਚੀਫ ਆਫ ਜਨਰਲ ਸਟਾਫ ਲੈਫਟੀਨੈਂਟ ਜਨਰਲ ਮੁਹੰਮਦ ਅਜ਼ੀਜ਼ ਤੇ ਮੁਸ਼ੱਰਫ ਤੋਂ ਸਹਿਯੋਗ ਵੀ ਮੰਗਿਆ। ਇਸ ਮਗਰੋਂ ਮੁਸ਼ਰੱਫ ਨੇ ਕੰਟਰੋਲ ਰੇਖਾ ਪਾਰ ਕੀਤੀ ਤੇ ਇਕ ਮਹੀਨੇ ਮਗਰੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਕਾਰਗਿਲ ਦਾ ਯੁੱਧ ਹੋਇਆ। ਹੁਸੈਨ ਨੇ ਆਪਣੀ ਕਿਤਾਬ ਲਿਖਣ ਦੌਰਾਨ ਉਨ੍ਹਾਂ ਫੌਜੀ ਅਧਿਕਾਰੀਆਂ ਦੀ ਵੀ ਇੰਟਰਵਿਊ ਲਈ ਜਿਨ੍ਹਾਂ ਨੇ ਕਾਰਗਿਲ ਯੁੱਧ ਵਿਚ ਹਿੱਸਾ ਲਿਆ ਸੀ। ਹੁਸੈਨ ਨੇ ਮੁਸ਼ੱਰਫ ਦੇ ਉਸ ਦਾਅਵੇ ਨੂੰ ਵੀ ਝੁਠਲਾਇਆ ਹੈ ਜਿਸ ਵਿਚ ਮੁਸ਼ੱਰਫ ਨੇ ਕਿਹਾ ਸੀ ਕਿ ਕਾਰਗਿਲ ਅਪਰੇਸ਼ਨ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਫੌਜ ਦੇ ਕਮਾਂਡਿੰਗ ਅਫਸਰਾਂ ਤੇ ਬ੍ਰਿਗੇਡੀਅਰਾਂ ਤੋਂ ਪੁੱਛਿਆ ਕਿ ਕਾਰਗਿਲ ਅਪਰੇਸ਼ਨ ਦਾ ਮੰਤਵ ਕੀ ਸੀ ਪਰ ਕੋਈ ਵੀ ਅਧਿਕਾਰੀ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
ਉਨ੍ਹਾਂ ਕਿਹਾ ਕਿ ਪਾਕਿ ਕਮਾਂਡਰਾਂ ਨੂੰ ਆਸ ਸੀ ਕਿ ਭਾਰਤੀ ਫੌਜ ਨੂੰ ਘੁਸਪੈਠ ਬਾਰੇ ਪਤਾ ਨਹੀਂ ਲੱਗੇਗਾ ਪਰ ਅਜਿਹਾ ਨਹੀਂ ਹੋ ਸਕਿਆ। ਹੁਸੈਨ ਮੁਸ਼ੱਰਫ ਦੇ ਉਸ ਦਾਅਵੇ ਨੂੰ ਵੀ ਝੁਠਲਾਇਆ ਹੈ ਜਿਸ ਵਿਚ ਮੁਸ਼ੱਰਫ ਨੇ ਕਿਹਾ ਸੀ ਕਿ ਕਾਰਗਿਲ ਯੁੱਧ ਦੌਰਾਨ ਪਾਕਿਸਤਾਨ ਦੇ ਸਿਰਫ 270 ਫੌਜੀ ਹੀ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਇਕ ਖੋਜ ਦੌਰਾਨ ਇਸ ਯੁੱਧ ਵਿਚ ਪਾਕਿਸਤਾਨ ਦੇ ਤਕਰੀਬਨ ਇਕ ਹਜ਼ਾਰ ਫੌਜੀ ਮਾਰੇ ਗਏ ਸਨ ਪਰ ਇਸ ਬਾਰੇ ਸਰਕਾਰੀ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।
____________________________________
ਕਾਰਗਿਲ ਵਿਚ ਉਲਝਿਆ ਮੁਸ਼ਰਫ!
ਇਸਲਾਮਾਬਾਦ: ਕਾਰਗਿਲ ਜੰਗ ਨਾਲ ਜੁੜੇ ਅਹਿਮ ਖੁਲਾਸਿਆਂ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਜੰਗ ਵਿਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਤੇ ਦੇਸ਼ ‘ਤੇ ਬੇਵਜ੍ਹਾ ਜੰਗ ਥੋਪਣ ਨੂੰ ਲੈ ਕੇ ਪਾਕਿਸਤਾਨ ਵਿਚ ਇਸ ਖ਼ਿਲਾਫ਼ ਜਾਂਚ ਕਰਾਉਣ ਦੀ ਮੰਗ ਤੇਜ਼ ਹੋ ਰਹੀ ਹੈ। ਪਾਕਿ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਸੇਵਾ-ਮੁਕਤ ਨਿਰਦੇਸ਼ਕ ਜਿਆਊਦੀਨ ਬੱਟ ਦਾ ਕਹਿਣਾ ਹੈ ਕਿ ਪ੍ਰਵੇਜ਼ ਮੁਸ਼ੱਰਫ਼ ਜੰਗ ਦੇ ਅਪਰਾਧੀ ਹਨ ਤੇ ਜੇ ਇਸ ਮਾਮਲੇ ਵਿਚ ਜਾਂਚ ਹੁੰਦੀ ਹੈ ਤਾਂ ਉਨ੍ਹਾਂ ਨੂੰ ਫਾਂਸੀ ਤੋਂ ਕੋਈ ਨਹੀਂ ਬਚਾ ਸਕਦਾ। ਬੱਟ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੁਸ਼ੱਰਫ਼ ਦੇ ਕਿਸੇ ਵੀ ਬਿਆਨ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਹਰ ਵਾਰ ਇਸ ਮੁੱਦੇ ‘ਤੇ ਪਾਕਿ ਜਨਤਾ ਨੂੰ ਹਨੇਰੇ ਵਿਚ ਰੱਖਿਆ ਹੈ। ਬੱਟ ਨੇ ਇਥੋਂ ਤੱਕ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਹੋਣ ਤੋਂ ਬਾਅਦ ਮੁਸ਼ੱਰਫ਼ ਨੂੰ ਫਾਂਸੀ ਤੋਂ ਕੋਈ ਨਹੀਂ ਬਚਾ ਸਕਦਾ। ਬੱਟ ਨੇ ਕਰਨਲ ਅਸ਼ਫਾਕ ਹੁਸੈਨ ਦੀ ਕਿਤਾਬ ਨੂੰ ਮੁਸ਼ੱਰਫ਼ ਖ਼ਿਲਾਫ਼ ਪੁਖ਼ਤਾ ਚਾਰਜਸ਼ੀਟ ਕਰਾਰ ਦਿੱਤਾ ਹੈ। ਪਾਕਿਸਤਾਨ ਦੀ ਮੁੱਖ ਵਿਰੋਧੀ ਪਾਰਟੀ ਪੀਐਮਐਲ (ਐਨ) ਨੇ 1999 ਵਿਚ ਭਾਰਤ ਨਾਲ ਹੋਈ ਕਾਰਗਿਲ ਜੰਗ ਦੀ ਜੁਡੀਸ਼ਲ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਨਿਸਾਰ ਅਲੀ ਖ਼ਾਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਕਰੀਬੀ ਫੌਜੀ ਅਧਿਕਾਰੀ ਨੇ ਜੋ ਇੰਕਸਾਫ ਕੀਤਾ ਹੈ, ਉਸ ਤੋਂ ਬਾਅਦ ਕਾਰਗਿਲ ਜੰਗ ਬਾਰੇ ਜੁਡੀਸ਼ਲ ਜਾਂਚ ਜ਼ਰੂਰੀ ਹੋ ਗਈ ਹੈ।
__________________
ਮੁਸ਼ੱਰਫ਼ ਖੁਦ ਪਹੁੰਚਿਆ ਸੀ ਕਾਰਗਿਲ
ਇਸਲਾਮਾਬਾਦ: ਭਾਰਤ ਤੇ ਪਾਕਿਸਤਾਨ ਦਰਮਿਆਨ ਕਾਰਗਿਲ ਯੁੱਧ ਤੋਂ ਕੁਝ ਹਫਤੇ ਪਹਿਲਾਂ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਹੈਲੀਕਾਪਟਰ ਰਾਹੀਂ ਕੰਟਰੋਲ ਰੇਖਾ ਪਾਰ ਕੀਤੀ ਤੇ 11 ਕਿਲੋਮੀਟਰ ਭਾਰਤੀ ਸਰਹੱਦ ਅੰਦਰ ਦਾਖਲ ਹੋ ਕੇ ਰਾਤ ਵੀ ਬਿਤਾਈ ਸੀ। ਇਹ ਖੁਲਾਸਾ ਪਾਕਿ ਫੌਜ ਦੇ ਮੀਡੀਆ ਵਿਭਾਗ ਦੇ ਸੀਨੀਅਰ ਅਧਿਕਾਰੀ ਕਰਨਲ (ਸੇਵਾ-ਮੁਕਤ) ਅਸ਼ਫਾਕ ਹੁਸੈਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਰਲ ਮੁਸ਼ੱਰਫ ਨੇ 28 ਮਾਰਚ, 1999 ਨੂੰ ਕੰਟਰੋਲ ਰੇਖਾ ਪਾਰ ਕੀਤੀ ਸੀ। ਉਨ੍ਹਾਂ ਨਾਲ ’80 ਬ੍ਰਿਗੇਡ’ ਦੇ ਕਮਾਂਡਰ ਬ੍ਰਿਗੇਡੀਅਰ ਮਸੂਦ ਅਸਮਲ ਵੀ ਸ਼ਾਮਲ ਸਨ ਤੇ ਦੋਹਾਂ ਨੇ ਜ਼ਿਕਰੀਆ ਮੁਸ਼ਤਾਕਰ ਨਾਂ ਦੀ ਥਾਂ ‘ਤੇ ਰਾਤ ਬਿਤਾਈ। ਇਥੇ ਕਰਨਲ ਅਮਜਦ ਸ਼ਬੀਰ ਦੀ ਅਗਵਾਈ ਵਿਚ ਪਾਕਿ ਫੌਜੀ ਦਸਤਾ ਵੀ ਮੌਜੂਦ ਸੀ। ਉਸ ਸਮੇਂ ਜਨਰਲ ਮੁਸ਼ੱਰਫ ਪਾਕਿ ਫੌਜ ਦੇ ਮੁਖੀ ਸਨ ਤੇ ਰਾਤ ਕੱਟਣ ਮਗਰੋਂ ਉਹ ਅਗਲੇ ਦਿਨ ਪਾਕਿਸਤਾਨ ਪਰਤ ਗਏ। ਇਹ ਸਾਰੀ ਜਾਣਕਾਰੀ ਅਸ਼ਫਾਕ ਹੁਸੈਨ ਵੱਲੋਂ ਲਿਖੀ ਪੁਸਤਕ ‘ਵਿਟਨੈਸ ਟੂ ਬਲੰਡਰ: ਕਾਰਗਿਲ ਸਟੋਰੀ ਅਨਫੋਲਡਜ਼’ ਵਿਚ ਦਿੱਤੀ ਗਈ ਹੈ। ਇਹ ਪੁਸਤਕ 2008 ਵਿਚ ਛਪੀ ਸੀ।
________________________________________________
ਆਈæਐਸ਼ਆਈæ ਸੀ ਪੂਰੀ ਤਰ੍ਹਾਂ ਬੇਖ਼ਬਰ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਜਨਰਲ ਨੇ ਆਪਣੀ ਕਿਤਾਬ ਵਿਚ ਖੁਲਾਸਾ ਕੀਤਾ ਹੈ ਕਿ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨੇ 1999 ਵਿਚ ਪਾਕਿ ਫੌਜੀਆਂ ਦੀ ਕਾਰਗਿਲ ਵਿਚ ਘੁਸਪੈਠ ਦੀ ਕਾਰਵਾਈ ਨੂੰ ਇੰਨਾ ਗੁਪਤ ਰੱਖਿਆ ਸੀ ਕਿ ਇਸ ਦੀ ਭਿਣਕ ਖੁਫੀਆ ਏਜੰਸੀ ਆਈਐਸਆਈ ਨੂੰ ਵੀ ਨਹੀਂ ਪਈ ਸੀ। ਸਾਬਕਾ ਲੈਫਟੀਨੈਂਟ ਜਨਰਲ (ਸੇਵਾਮੁਕਤ) ਸ਼ਾਹਿਦ ਅਜ਼ੀਜ਼ ਨੇ ਆਪਣੀ ਨਵੀਂ ਕਿਤਾਬ ਵਿਚ ਕਾਰਗਿਲ ਲੜਾਈ ਬਾਰੇ ਤੱਥ ਛਾਪ ਕੇ ਪਾਕਿਸਤਾਨ ਦੀ ਸਿਆਸਤ ਵਿਚ ਤਰਥੱਲੀ ਮਚਾ ਦਿੱਤੀ ਹੈ। ਉਸ ਵੇਲੇ ਆਈਐਸਆਈ ਦੇ ਵਿਸ਼ਲੇਸ਼ਨ ਵਿੰਗ ਦੇ ਮੁਖੀ ਰਹੇ ਜਨਰਲ ਅਜ਼ੀਜ਼ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਇਸ ਕਾਰਵਾਈ ਦਾ ਪਤਾ ਭਾਰਤੀ ਫੌਜ ਵਿਚਾਲੇ ਰਾਬਤੇ ਤੋਂ ਹੀ ਲੱਗਾ ਸੀ। ਉਨ੍ਹਾਂ ਲਿਖਿਆ ਹੈ ਕਿ 1999 ਵਿਚ ਤਿੰਨ ਜਾਂ ਚਾਰ ਮਈ ਨੂੰ ਜਦੋਂ ਉਨ੍ਹਾਂ ਅਜਨਬੀ ਵਾਇਰਲੈਸ ਰਾਹੀਂ ਹੁੰਦੀ ਗੱਲਬਾਤ ਸੁਣੀ ਤਾਂ ਤੁਰੰਤ ਏਜੰਸੀ ਦੇ ਮੁਖੀ ਲੈਫ਼ ਜਨਰਲ ਜ਼ਿਆਉਦੀਨ ਬੱਟ ਨੇ ਧਿਆਨ ਵਿਚ ਲਿਆਂਦਾ। ਜਨਰਲ ਅਜ਼ੀਜ਼ ਨੇ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਵਾਇਰਲੈਸ ਆਵਾਜ਼ਾਂ ਤੋਂ ਸਪਸ਼ਟ ਹੋ ਗਿਆ ਕਿ 10 ਕਾਰਪਸ ਦੇ ਸਿਪਾਹੀ ਕੰਟਰੋਲ ਰੇਖਾ ਦੇ ਨਾਲ ਜੰਗੀ ਅਪਰੇਸ਼ਨ ਚਲਾ ਰਹੇ ਹਨ। ਆਪਣੀ ਕਿਤਾਬ ‘ਫਾਰ ਹਾਓ ਲਾਂਗ ਦਿਸ ਸਾਇਲੈਂਸ’ ਵਿਚ ਜਨਰਲ ਅਜ਼ੀਜ਼ ਨੇ ਲਿਖਿਆ ਹੈ ਕਿ ਕਾਰਗਿਲ ਵਿਚ ਸਾਰਾ ਅਪਰੇਸ਼ਨ ਉਸ ਵੇਲੇ ਦੇ ਫੌਜ ਦੇ ਮੁਖੀ ਜਨਰਲ ਪਰਵੇਜ਼ ਮੁਸ਼ੱਰਫ, ਲੈਫ਼ ਜਨਰਲ ਅਜ਼ੀਜ਼ ਮੁਹੰਮਦ ਖਾਨ, 10 ਕਾਰਪਸ ਦੇ ਮੁਖੀ ਲੈਫ਼ ਜਨਰਲ ਮਹਿਮੂਦ ਅਹਿਮਦ ਤੇ ਮੇਜਰ ਜਨਰਲ ਜਾਵੇਦ ਹਸਨ ਨੇ ਚਲਾਇਆ ਸੀ। ਇਨ੍ਹਾਂ ਚਾਰਾਂ ਜਨਰਲਾਂ ਤੋਂ ਬਿਨਾਂ ਹੋਰ ਕੋਈ ਵੀ ਸੀਨੀਅਰ ਫੌਜੀ ਅਫਸਰ ਇਸ ਕਾਰਵਾਈ ਬਾਰੇ ਨਹੀਂ ਜਾਣਦਾ ਸੀ। ਇਥੋਂ ਤਕ ਕਿ ਸ਼ੁਰੂ ਵਿਚ ਤਾਂ 10 ਕਾਰਪਸ ਹੈੱਡਕੁਆਰਟਰ ਦਾ ਸਟਾਫ ਵੀ ਇਸ ਅਪਰੇਸ਼ਨ ਬਾਰੇ ਕੁਝ ਨਹੀਂ ਜਾਣਦਾ ਸੀ। ਮਿਲਟਰੀ ਅਪਰੇਸ਼ਨ ਡਾਇਰੈਕਟੋਰੇਟ ਨੂੰ ਵੀ ਉਦੋਂ ਹੀ ਪਤਾ ਲੱਗਾ ਜਦੋਂ ਸਭ ਕੁਝ ਹੋ ਚੁੱਕਾ ਸੀ। ਆਈਐਸਆਈ ਦੇ ਮੁਖੀ ਬੱਟ ਨੂੰ ਬਾਅਦ ਵਿਚ ਪਤਾ ਲੱਗਾ ਕਿ ਪਾਕਿਸਤਾਨੀ ਫੌਜੀਆਂ ਨੇ ਕੰਟਰੋਲ ਰੇਖਾ ਨੇੜੇ ਕਈ ਭਾਰਤੀ ਇਲਾਕਿਆਂ ਦਾ ਕੰਟਰੋਲ ਸੰਭਾਲ ਲਿਆ ਹੈ। ਇਹ ਇਲਾਕੇ ਜਾਂ ਤਾਂ ਖਾਲੀ ਪਏ ਸਨ ਜਾਂ ਫਿਰ ਸਰਦੀ ਦੇ ਮੌਸਮ ਕਰਕੇ ਭਾਰਤੀ ਫੌਜ ਇਥੋਂ ਚਲੀ ਗਈ ਸੀ।
________________________________________
ਨਵਾਜ਼ ਸ਼ਰੀਫ਼ ਨੂੰ ਪਤਾ ਸੀ ਸਾਰੀ ਕਹਾਣੀ
ਇਸਲਾਮਾਬਾਦ: 1999 ਵਿਚ ਕਾਰਗਿਲ ਵਿਚ ਰਣਨੀਤਕ ਪੱਖੋਂ ਅਹਿਮ ਚੋਟੀਆਂ ਉਤੇ ਕਬਜ਼ਾ ਕਰਨ ਲਈ ਪਾਕਿਸਤਾਨ ਵੱਲੋਂ ਛੇੜੀ ਜੰਗ ‘ਚਾਰ ਬੰਦਿਆਂ ਦਾ ਸ਼ੋਅ’ ਸੀ ਤੇ ਇਸ ਦਾ ਸੂਤਰਧਾਰ ਸਾਬਕਾ ਸੈਨਾ ਮੁਖੀ ਜਨਰਲ ਪ੍ਰਵੇਜ਼ ਮੁਸ਼ੱਰਫ ਸੀ ਤੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਹਨੇਰੇ ਵਿਚ ਨਹੀਂ ਰੱਖਿਆ ਗਿਆ ਸੀ। ਲੈਫਟੀਨੈਂਟ ਜਨਰਲ (ਸੇਵਾਮੁਕਤ) ਸ਼ਾਹਿਦ ਅਜ਼ੀਜ਼ ਨੇ ਪਿਛਲੇ ਦਿਨੀਂ ਲੇਖ ਵਿਚ ਇਹ ਪ੍ਰਗਟਾਵਾ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਕਾਰਗਿਲ ਅਪਰੇਸ਼ਨ ਵਿਚ ਪਾਕਿਸਤਾਨੀ ਸੈਨਾ ਦੇ ਜਵਾਬ ਸ਼ਾਮਲ ਸਨ। ਇਸ ਸਬੰਧੀ ਨਵਾਂ ਪ੍ਰਗਟਾਵਾ ਕਰਦਿਆਂ ਸੇਵਾਮੁਕਤ ਜਨਰਲ ਨੇ ਕਿਹਾ ਕਿ ਇਸ ਅਸਫਲ ਕਾਰਵਾਈ ਵਿਚ ਚਾਰ ਬੰਦਿਆਂ ਦਾ ਹੱਥ ਸੀ ਤੇ ਮੁਢਲੇ ਤੌਰ ‘ਤੇ ਇਸ ਦੇ ਵੇਰਵੇ ਸੈਨਾ ਦੇ ਜਨਰਲਾਂ ਤੋਂ ਵੀ ਛੁਪਾਏ ਗਏ ਸਨ। ਜਦੋਂ ਕਾਰਗਿਲ ਵਿਚ ਕਾਰਵਾਈ ਸ਼ੁਰੂ ਹੋਈ ਤਾਂ ਸਿਰਫ ਤਤਕਾਲੀ ਸੈਨਾ ਮੁਖੀ ਮੁਸ਼ੱਰਫ, ਲੈਫਟੀਨੈਂਟ ਜਨਰਲ ਮੁਹੰਮਦ ਅਜ਼ੀਜ਼, ਉੱਤਰੀ ਖੇਤਰ ਕਮਾਂਡ ਮੁਖੀ ਮੁੱਖ ਲੈਫਟੀਨੈਂਟ ਜਨਰਲ ਜਾਵੇਦ ਹਸਨ ਤੇ 10ਵੀਂ ਕੌਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਮੁਹੰਮਦ ਅਹਿਮਦ ਨੂੰ ਇਸ ਦੀ ਜਾਣਕਾਰੀ ਸੀ। ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉਸ ਸਮੇਂ ਇਹ ਦਾਅਵਾ ਕਰਦੇ ਸਨ ਕਿ ਉਨ੍ਹਾਂ ਨੂੰ ਕਾਰਗਿਲ ਵਿਚ ਹਮਲੇ ਦੀ ਜਾਣਕਾਰੀ ਨਹੀਂ ਹੈ ਪਰ ਜਨਰਲ ਅਜ਼ੀਜ਼ ਵੱਲੋਂ ਕੀਤੇ ਦਾਅਵੇ ਅਨੁਸਾਰ ਉਨ੍ਹਾਂ ਨੂੰ ਇਸ ਬਾਰੇ ਪੂਰੀ ਤਰ੍ਹਾਂ ਹਨੇਰੇ ਵਿਚ ਨਹੀਂ ਰੱਖਿਆ ਗਿਆ ਸੀ।
_________________________________
ਕਾਰਗਿਲ : ਘਟਨਾਕ੍ਰਮ
ਦਸੰਬਰ, 1998 ਨੂੰ ਕਾਰਗਿਲ ਵਿਚ ਪਾਕਿ ਫੌਜ ਨੇ ਘੁਸਪੈਠ ਕੀਤੀ।
3 ਮਈ, 1999 ਨੂੰ ਚਰਵਾਹਾ ਨੇ ਭਾਰਤੀ ਫੌਜ ਨੂੰ ਜਾਣਕਾਰੀ ਦਿੱਤੀ।
5 ਮਈ, 1999 ਨੂੰ ਕਾਰਗਿਲ ਵਿਚ ਗਸ਼ਤ ਕਰ ਰਹੇ ਪੰਜ ਭਾਰਤੀ ਫੌਜੀ ਸ਼ਹੀਦ।
15 ਮਈ, 1999 ਨੂੰ ਭਾਰਤੀ ਸੈਨਾ ਦੇ ‘ਆਪ੍ਰੇਸ਼ਨ ਵਿਜੇ’ ਦੀ ਸ਼ੁਰੂਆਤ।
26 ਮਈ, 1999 ਨੂੰ ਭਾਰਤੀ ਹਵਾਈ ਸੈਨਾ ਨੇ ਘੁਸਪੈਠੀਆਂ ‘ਤੇ ਹਵਾਈ ਹਮਲੇ।
6 ਜੂਨ, 1999 ਨੂੰ ਭਾਰਤੀ ਸੈਨਾ ਨੇ ਜ਼ਮੀਨੀ ਕਾਰਵਾਈ ਤੇਜ਼ ਕੀਤੀ।
15 ਜੂਨ, 1999 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਿਲੰਟਨ ਵੱਲੋਂ ਦਖ਼ਲ।
4 ਜੁਲਾਈ, 1999 ਨੂੰ ਭਾਰਤੀ ਫੌਜ ਵੱਲੋਂ ਟਾਈਗਰ ਹਿੱਲ ਫਤਹਿ।
11 ਜੁਲਾਈ, 1999 ਨੂੰ ਬਟਾਇਕ ਸੈਕਟਰ ਵਿਚ ਭਾਰਤੀ ਫੌਜ ਕਾਮਯਾਬ।
26 ਜੁਲਾਈ, 1999 ਨੂੰ ਭਾਰਤੀ ਫੌਜ ਦਾ ‘ਆਪ੍ਰੇਸ਼ਨ ਵਿਜੇ’ ਮੁਕੰਮਲ।
Leave a Reply