ਵੋਟ ਮਸ਼ੀਨ ਬਾਰੇ ਸ਼ੱਕ ਅਤੇ ਸੁਆਲ

ਇਲੈਕਟਰੀਕਲ ਵੋਟਿੰਗ ਮਸ਼ੀਨ (ਈæਵੀæਐਮæ) ਇਕ ਵਾਰ ਫਿਰ ਵਿਵਾਦ ਵਿਚ ਘਿਰ ਗਈ ਹੈ। ਇਸ ਵਾਰ ਉਤਰ ਪ੍ਰਦੇਸ਼ ਅਤੇ ਪੰਜਾਬ ਵਿਚ ਵੋਟਾਂ ਦੀ ਹੇਰਾ-ਫੇਰੀ ਦਾ ਮੁੱਦਾ ਕ੍ਰਮਵਾਰ ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਉਠਾਇਆ ਹੈ। ਫਿਲਹਾਲ ਭਾਰਤੀ ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਕੋਈ ਵਜ਼ਨ ਨਹੀਂ ਦਿੱਤਾ ਹੈ, ਪਰ ਮੱਧ ਪ੍ਰਦੇਸ਼ ਵਿਚ ਇਨ੍ਹਾਂ ਮਸ਼ੀਨਾਂ ਦੀ ਡੈਮੋ ਦੌਰਾਨ ਜੋ ਤੱਥ ਸਾਹਮਣੇ ਆਏ, ਉਸ ਨੇ ਇਨ੍ਹਾਂ ਮਸ਼ੀਨਾਂ ਦੀ ਭਰੋਸੇਯੋਗਤਾ ਉਤੇ ਸਵਾਲੀਆ ਨਿਸ਼ਾਨ ਜ਼ਰੂਰ ਲਗਾ ਦਿੱਤਾ ਹੈ। ਡੈਮੋ ਦੌਰਾਨ ਹਰ ਇਕ ਬਟਨ ਦੱਬਣ ‘ਤੇ ਪਰਚੀ ਭਾਰਤੀ ਜਨਤਾ ਪਾਰਟੀ ਵਾਲੀ ਹੀ ਨਿਕਲੀ।

ਇਸ ਮਸ਼ੀਨ ਬਾਰੇ ਸੀਨੀਅਰ ਪੱਤਰਕਾਰ ਸਿੱਧੂ ਦਮਦਮੀ ਨੇ ਇਹ ਲੇਖ ਭੇਜਿਆ ਹੈ ਜਿਸ ਵਿਚ ਇਨ੍ਹਾਂ ਮਸ਼ੀਨਾਂ ਦੀ ਭਰੋਸੇਯੋਗਤਾ ਅਤੇ ਹੋਣ ਵਾਲੀ ਸੰਭਾਵੀ ਹੇਰਾ-ਫੇਰੀ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। -ਸੰਪਾਦਕ

ਸਿੱਧੂ ਦਮਦਮੀ (ਅਮਰੀਕਾ)
ਫੋਨ: 626-400-3567
ਮੈਸੂਰ ‘ਚ ਕੰਨੜ ਦੇ ਗਿਆਨਪੀਠ ਪੁਰਸਕਾਰ ਵਿਜੇਤਾ ਲੇਖਕ ਕੁਵੈਂਪੂ ਨੂੰ ਮਿਲਣ ਦਾ ਸਬੱਬ ਨਾ ਬਣਦਾ ਤਾਂ ਉਸ ਸ਼ਖਸੀਅਤ ਨਾਲ ਮੁਲਾਕਾਤ ਨਹੀਂ ਸੀ ਹੋਣੀ ਜਿਸ ਦੀ ਡਿਜ਼ਾਈਨ ਕੀਤੀ ਮਸ਼ੀਨ ਭਾਰਤ ‘ਚ ਪਿਛਲੇ 28 ਸਾਲਾਂ ਤੋਂ ਹੁੰਦੀ ਆ ਰਹੀ ਹਰ ਚੋਣ ਸਮੇਂ ਚਰਚਾ ‘ਚ ਰਹਿੰਦੀ ਹੈ!æææ
ਗੱਲ ਅੱਸੀ ਦੇ ਅੱਧ-ਦਹਾਕੇ ਦੀ ਹੈ। ਤਦ ਮੈਂ ਭਾਰਤੀ ਸੂਚਨਾ ਸੇਵਾ ਵਿਚ ਸਾਂ ਅਤੇ ਮਨਾਸਾ ਗੰਗੋਤਰੀ ਯੂਨੀਵਰਸਿਟੀ ਵਿਚੋਂ ਪਤਰਾਚਾਰ ਰਾਹੀਂ ਕਰਵਾਈ ਜਾ ਰਹੀ ਪੱਤਰਕਾਰੀ ਦੀ ਡਿਗਰੀ ਦਾ ਇਮਤਹਾਨ ਦੇਣ ਚੰਡੀਗੜ੍ਹ ਤੋਂ ਮੈਸੂਰ ਗਿਆ ਹੋਇਆ ਸਾਂ। ਪਰਚੇ ਖਤਮ ਹੋਏ ਤਾਂ ਯੂਨੀਵਰਸਿਟੀ ਦੇ ਫੋਟੋ ਆਰਟਿਸਟ ਤਿਪੈ ਸਵਾਮੀ ਨੇ ਕੁਵੈਂਪੂ ਨਾਲ ਮੁਲਾਕਾਤ ਲਈ ਸਮਾਂ ਲੈ ਦਿਤਾ (ਮਾਸਕ ਪਰਚੇ ‘ਆਰਸੀ’ ਨੇ ਇਹ ਮੁਲਾਕਾਤ ਤਸਵੀਰ ਸਾਹਿਤ ਛਾਪੀ ਸੀ)। ਮਹਾਂਰਥੀ ਲੇਖਕ ਦੇ ਨਾਂ ‘ਤੇ ਵਸਾਏ ‘ਕੁਵੈਂਪੂ ਨਗਰ’ ਵਿਚਲੇ ਘਰ ਵਿਚ ਜਦੋਂ ਮੈਂ ਪਹੁੰਚਿਆ ਤਾਂ ਇਤਫਾਕਨ ਰੰਗਾਰਾਜਨ ਉਥੇ ਆਏ ਹੋਏ ਸਨ। ਉਨ੍ਹਾਂ ਬਾਰੇ ਮੈਨੂੰ ਪਹਿਲਾਂ ਕੋਈ ਵਾਕਫੀ ਨਹੀਂ ਸੀ, ਪਰ ਜਦੋਂ ਕੁਵੈਂਪੂ ਤੋਂ ਰੰਗਾਰਾਜਨ ਦੇ ਰਚਨਾ ਸੰਸਾਰ ਬਾਰੇ ਸੁਣਿਆ ਤਾਂ ਹਾਲਤ ਮੂੰਹ ਵਿਚ ਉਂਗਲ ਪੈਣ ਵਾਲੀ ਹੋ ਗਈ: ਦਰਜਨਾਂ ਨਾਵਲ, ਦਰਜਨਾਂ ਫਿਲਮਾਂ ਦੇ ਸੰਵਾਦ ਤੇ ਸਕਰਿਪਟਾਂ, ਦਰਜਨਾਂ ਕਾਵਿ ਤੇ ਕਹਾਣੀ ਸੰਗ੍ਰਿਹ; ਪਰ ਮੇਰੇ ਲਈ ਇਸ ਬਹੁਰੰਗੇ ਸਿਰਜਕ ਦੀ ਜਾਣ-ਪਛਾਣ ਉਦੋਂ ਹੋਰ ਖਿੜ ਗਈ ਜਦੋਂ ਪਤਾ ਲੱਗਿਆ ਕਿ ਉਹ ਨਾ ਕੇਵਲ ਭਾਰਤ ਇਲੈਕਟ੍ਰੀਕਲਜ਼ ਲਿਮਟਿਡ ਦੇ ਜਾਣੇ-ਪਛਾਣੇ ਇਲੈਕਟਰੀਕਲ ਇੰਜਨੀਅਰ ਸਨ, ਸਗੋਂ ਭਾਰਤ ਦੀ ਪਹਿਲੀ ਇਲੈਕਟਰੀਕਲ ਵੋਟਿੰਗ ਮਸ਼ੀਨ (ਈæਵੀæਐਮæ) ਨੂੰ ਡਿਜ਼ਾਇਨ ਕਰਨ ਅਤੇ ਬਣਾਉਣ ਵਾਲੀ ਟੀਮ ਦੇ ਮੁਖੀ ਵੀ ਰਹੇ ਸਨ। ਫਿਰ ਕੁਵੈਂਪੂ ਨਾਲ ਬਾਕਾਇਦਾ ਮੁਲਾਕਾਤ ਸ਼ੁਰੂ ਕਰਨ ਅਤੇ ਰੰਗਾਰਾਜਨ ਦੇ ਰੁਖਸਤ ਹੋਣ ਤਕ ਇੰਜਨੀਅਰਿੰਗ ਬਨਾਮ ਸਾਹਿਤ ਅਤੇ ਈæਵੀæਐਮæ ਬਨਾਮ ਚੋਣਾਂ ਹੀ ਸਾਡੀ ਗਲਬਾਤ ਦਾ ਮੌਜੂ ਬਣੇ ਰਹੇ। ਉਨ੍ਹਾਂ ਨੂੰ ਈæਵੀæਐਮæ ਦੇ ‘ਮੇਡ ਇਨ ਇੰਡੀਆ’ ਹੋਣ ਦਾ ਬਹੁਤ ਮਾਣ ਸੀ। ਤਦ ਤਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਟਾਵਾਂ-ਟੱਲਾ ਸ਼ੱਕ ਪ੍ਰਗਟ ਕੀਤਾ ਜਾਣ ਲੱਗਿਆ ਸੀ। ਜਦ ਮੈਂ ਰੰਗਾਰਾਜਨ ਨੂੰ ਇਸ ਪੱਖੋਂ ਕੁਰੇਦਿਆ ਤਾਂ ਉਸ ਦਾ ਸਪਸ਼ਟ ਕਹਿਣਾ ਸੀ- ‘ਮਸ਼ੀਨ ਫੂਲਪਰੂਫ ਹੈ, ਏਕਦਮ’!
ਇਸ ਮੁਲਾਕਾਤ ਕਾਰਨ ਹੁਣ ਜਦੋਂ ਕਦੇ ਵੀ ਭਾਰਤੀ ਇਲੈਕਟਰਾਨਕ ਵੋਟਿੰਗ ਮਸ਼ੀਨ ਬਾਰੇ ਕਿਸੇ ਕਾਰਨ ਚਰਚਾ ਛਿੜਦੀ ਹੈ- ਜਿਵੇਂ ਇਸ ਦੀ ਭਰੋਸੇਯੋਗਤਾ ਨੂੰ ਲੈ ਕੇ ਹੁਣ ਛਿੜੀ ਹੋਈ ਹੈ, ਤਾਂ 2008 ਵਿਚ ਗੁਜ਼ਰ ਗਏ ਐਸ਼ ਰੰਗਾਰਾਜਨ ਤੇ ਉਸ ਦੀ ਕਾਢ ਯਾਦ ਆ ਜਾਂਦੇ ਹਨ। ਨਾਲ ਹੀ ਯਾਦ ਆ ਜਾਂਦਾ ਹੈ, ਮਸ਼ੀਨ ਦੇ ਫੂਲਪਰੂਫ ਹੋਣ ਬਾਰੇ ਉਸ ਦਾ ਹਿੱਕ ਠੋਕ ਕੇ ਕੀਤਾ ਦਾਅਵਾ।
ਰੌਚਕ ਗੱਲ ਇਹ ਕਿ ਭਾਰਤ ਦੇ ਕਰੋੜਾਂ ਵੋਟਰਾਂ ਨਾਲ ਨਜਿੱਠਣ ਵਾਲੇ ਵੋਟਿੰਗ ਸਿਸਟਮ ਦੇ ਇਸ ਅਹਿਮ ਡਿਜੀਟਲ ਯੰਤਰ ਵਿਚ ਇਸ ਦੇ ਨਿਰਮਾਤਾ ਵਾਂਗ ਭਾਰਤੀ ਚੋਣ ਕਮਿਸ਼ਨ ਦਾ ਵੀ ਅਟੱਲ ਯਕੀਨ ਹੈ, ਪਰ ਇਸ ਵਾਰ ਉਤਰ ਪ੍ਰਦੇਸ਼ ਵਿਚ ਚੋਣ ਹਾਰ ਗਈ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦੇ ‘ਮੋਦੀ ਨੇ ਨਹੀਂ, ਮਸ਼ੀਨ ਨੇ ਹਰਾਇਆ’ ਤੋਂ ਲੈ ਕੇ ਪੰਜਾਬ ਹਾਰ ਗਏ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਕੇਜਰੀਵਾਲ ਦੇ ‘ਕੁਝ ਤਾਂ ਜ਼ਰੂਰ ਹੋਇਆ ਹੈ’ ਤਕ ਈæਵੀæਐਮæ ਦੀ ਭਰੋਸੇਯੋਗਤਾ ਬਾਰੇ ਇਸ ਵਾਰ ਲਾਏ ਜਾ ਰਹੇ ਇਲਜ਼ਾਮ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਜਾਪਦੇ ਹਨ। ਪਿਛਲੇ ਦਿਨੀਂ ਮੱਧ ਪ੍ਰਦੇਸ਼ ਅਸੈਂਬਲੀ ਦੀ ਇਕ ਸੀਟ ਦੀ ਚੋਣ ਸਮੇਂ ਜਿਵੇਂ ਉਚ ਚੋਣ ਅਫਸਰਾਂ ਦੀ ਹਾਜ਼ਰੀ ਵਿਚ ਟੈਸਟ ਕੀਤੀ ਜਾ ਰਹੀ ਮਸ਼ੀਨ ਦਾ ਹਰ ਬਟਨ ਦਬਾਇਆਂ ਵੋਟ ਪਰਚੀ ਭਾਜਪਾ ਦੀ ਹੀ ਨਿਕਲੀ, ਤਾਂ ਉਸ ਤੋਂ ਮਾਮਲਾ ਗੰਭੀਰ ਮੋੜ ਕਟ ਰਿਹਾ ਲਗਦਾ ਹੈ। ਬਿਨਾਂ ਸ਼ੱਕ, ਇਨ੍ਹਾਂ ਸੁਆਲਾਂ ਦਾ ਆਧਾਰ ਬਣਾਏ ਜਾ ਰਹੇ ਤੱਥਾਂ ਦੀ ਪੁਸ਼ਟੀ ਅਤੇ ਇਨ੍ਹਾਂ ਬਾਰੇ ਅਦਾਲਤੀ ਫੈਸਲੇ ਅਜੇ ਹੋਣੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸੇ ਮੁੱਦੇ ‘ਤੇ ਦੇਸ਼ ਦੀਆਂ ਅਦਾਲਤਾਂ ਵਿਚ ਵੱਖ-ਵੱਖ ਪੱਧਰ ‘ਤੇ ਦਰਜਨਾਂ ਮਾਮਲੇ ਪਹਿਲਾਂ ਹੀ ਲਮਕੇ ਹੋਏ ਹਨ। ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ 1989 ਵਿਚ ਵੋਟਿੰਗ ਮਸ਼ੀਨਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦੇਸ਼ ਦੀਆਂ ਲਗਪਗ ਸਾਰੀਆਂ ਵੱਡੀਆਂ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਅਤੇ ਇਨ੍ਹਾਂ ਦੇ ਲੀਡਰ ਸਮੇਂ ਸਮੇਂ ਈæਵੀæਐਮæ ਬਾਰੇ ਬੇਵਸਾਹੀ ਪ੍ਰਗਟ ਕਰਦੇ ਆਏ ਹਨ। ਜਿਹੜੀ ਪਾਰਟੀ ਚੋਣ ਹਾਰਨ ‘ਤੇ ਵੋਟਿੰਗ ਮਸ਼ੀਨ ਵਿਚ ਆਪਣਾ ਭਰੋਸਾ ਟੁੱਟਣ ਦਾ ਰੌਲਾ ਪਾਉਂਦੀ ਹੈ, ਉਹੀ ਕੋਈ ਹੋਰ ਚੋਣ ਜਿੱਤਣ ਪਿਛੋਂ ਇਸ ਮੁੱਦੇ ‘ਤੇ ਖਾਮੋਸ਼ ਹੋ ਜਾਂਦੀ ਰਹੀ ਹੈ। ਮਸਲਨ 2009 ਦੀਆਂ ਆਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਈæਵੀæਐਮæ ਦੇ ਸੁਰੱਖਿਅਤ ਹੋਣ ਬਾਰੇ ਨਾ ਕੇਵਲ ਸ਼ੱਕ ਪ੍ਰਗਟ ਕੀਤਾ ਸੀ, ਸਗੋਂ ਪਾਰਟੀ ਦੇ ਬੁਲਾਰੇ ਜੀæਵੀæਐਲ਼ ਨਰਸਿਮਹਾ ਰਾਉ ਦੀ ਇਸੇ ਵਿਸ਼ੇ ‘ਤੇ ਲਿਖੀ ਕਿਤਾਬ ‘ਡੈਮੋਕਰੇਸੀ ਐਟ ਰਿਸਕ- ਕੈਨ ਵਈ ਟਰਸਟ ਅਵਰ ਇਲੈਕਟਰਾਨਿਕ ਵੋਟਿੰਗ ਮਸ਼ੀਨਜ਼’ ਦੀ ਭੂਮਿਕਾ ਵੀ ਲਿਖੀ, ਪਰ ਉਸ ਤੋਂ ਬਾਅਦ ਦੀਆਂ ਚੋਣਾਂ ਵਿਚ ਭਾਜਪਾ ਇਸ ਮੁੱਦੇ ‘ਤੇ ਚੁੱਪ ਹੀ ਰਹੀ ਹੈ। ਇਵੇਂ ਹੀ ਪੰਜਾਬ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਹਾਰ ਜਾਣ ‘ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਈæਵੀæਐਮæ ਦੀ ਵਿਸ਼ਵਾਸਯੋਗਤਾ ‘ਤੇ ਚੋਣ ਕਮਿਸ਼ਨ ਕੋਲ ਸੁਆਲ ਖੜ੍ਹੇ ਕੀਤੇ ਸਨ, ਪਰ ਇਸ ਵਾਰ ਚੋਣ ਜਿੱਤਣ ‘ਤੇ ਉਨ੍ਹਾਂ ਦੀ ਰਾਏ ਬਦਲ ਗਈ ਹੈ। ਸ਼ਾਇਦ ਸਿਆਸੀ ਪਾਰਟੀਆਂ ਦੇ ਇਸੇ ਦੋਗਲੇ ਸਟੈਂਡ ਕਾਰਨ ਚੋਣ ਕਮਿਸ਼ਨ ਨੇ ਇਸ ਮਾਮਲੇ ਨੂੰ ਲੋੜੀਂਦੀ ਗੰਭੀਰਤਾ ਤੇ ਤੱਤਪਰਤਾ ਨਾਲ ਨਹੀਂ ਲਿਆ।
ਲੋਕਰਾਜ ਦੀ ਮੂਲ ਪ੍ਰਕਿਰਿਆ ਨਿਭਾਉਣ ਵਾਲੇ ਕੰਪਿਊਟਰ ਆਧਾਰਿਤ ਇਸ ਯੰਤਰ ਦੀ ਭਰੋਸੇਯੋਗਤਾ ਬਾਰੇ ਸ਼ੱਕ ਮਿਟਣ ਦੀ ਥਾਂ ਵਧਦੇ ਰਹੇ ਹਨ। ਦੂਜੇ ਪਾਸੇ ਰੰਗਾਰਾਜਨ ਦੇ ਤੁਰ ਜਾਣ ਪਿਛੋਂ ਵੀ ਈæਵੀæਐਮæ ਦੀ ਭਰੋਸੇਯੋਗਤਾ ਬਾਰੇ ਚੋਣ ਕਮਿਸ਼ਨ ਦੀ ਧਾਰਨਾ ਉਹਦੇ ਵਾਲੀ ਹੀ ਹੈ ਕਿ ਇਹ ਸੌ ਫੀਸਦੀ ਫੂਲਪਰੂਫ ਹੈ; ਜਦੋਂਕਿ ਡਿਜੀਟਲ ਮਸ਼ੀਨਾਂ ਨੂੰ ਹਰ ਦੇਸ਼ ਵਿਚ ਲੱਗ ਰਹੀਆਂ ਸੰਨ੍ਹਾਂ ਤੋਂ ਚਿੰਤਤ ਸੂਚਨਾ ਤਕਨਾਲੋਜੀ ਦੇ ਮਾਹਰ ਹਾਲੀ ਅਜਿਹਾ ਇਕ ਵੀ ਕੰਪਿਊਟਰ ਨਹੀਂ ਬਣਾ ਸਕੇ ਜਿਸ ਨੂੰ ਸੰਨ੍ਹ ਨਾ ਲਾਈ ਜਾ ਸਕੇ। ਦੂਜੇ ਪਾਸੇ ‘ਵਿਕੀਲੀਕਸ’ ਦੇ ਜੋਟੀਦਾਰਾਂ ਦੀ ਗਿਣਤੀ ਅਤੇ ਮੁਹਾਰਤ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਉਨ੍ਹਾਂ ਨੇ ਅਮਰੀਕਾ ਜਿਹੀ ਸੁਪਰ-ਪਾਵਰ ਦੀ ਸਾਇਬਰ ਸੁਰੱਖਿਆ ਨੂੰ ਵੀ ਤਾਰ ਤਾਰ ਕਰ ਦਿੱਤਾ ਹੈ। ਸੋ, ਪਿਛਲੇ ਵਰ੍ਹਿਆਂ ਦੇ ਉਲਟ ਹੁਣ ਭਾਰਤੀ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਦੇ ਮੁੱਦੇ ਨੂੰ ਵੀ ਇਸ ਬਦਲੇ ਹੋਏ ਪ੍ਰਸੰਗ ਵਿਚ ਜਾਚਣ ਦੀ ਜ਼ਰੂਰਤ ਹੈ, ਨਾ ਕਿ ਲਾਲਫੀਤਾਸ਼ਾਹੀ ਨਾਲ ਕੱਜਣ ਦੀ, ਤੇ ਨਾ ਇਸ ਦੀਆਂ ਖਾਮੀਆਂ ਨਸ਼ਰ ਕਰਨ ਵਾਲੇ ਹਰੀ ਪ੍ਰਸਾਦ ਜਿਹੇ ਲੋਕ ਹਿਤੈਸ਼ੀਆਂ ਨੂੰ ਦਬਕਾਉਣ ਤੇ ਗ੍ਰਿਫਤਾਰ ਕਰਵਾਉਣ ਦੀ।
ਮੂਲ ਰੂਪ ਵਿਚ ਰੰਗਾਰਾਜਨ ਵਲੋਂ ਬਣਾਈ ਈæਵੀæਐਮæ ਦੇ ਸੁਰੱਖਿਆ ਪਖੋਂ ਫੂਲ਼ਪਰੂਫ ਹੋਣ ਦਾ ਦਾਅਵਾ ਮੁੱਖ ਤੌਰ æਤੇ ਜਿਨ੍ਹਾਂ ਤੱਥਾਂ ‘ਤੇ ਟਿਕਿਆ ਹੋਇਆ ਹੈ, ਉਹ ਹਨ: ਵਰਤਣ ਵੇਲੇ ਇਸ ਦਾ ਨੈੱਟਵਰਕ ਨਾਲ ਜੁੜੀ ਨਾ ਹੋਣਾ, ਭਾਵ ਇਸ ਦਾ ਕਿਸੇ ਸਰਕਾਰ ਨਾਲ ਸਬੰਧਤ ਨਾ ਹੋਣਾ; ਸਿਲੀਕੌਨ ਚਿਪ ਵਿਚ ਖੁਣੀ ਇਸ ਦੀ ਪ੍ਰੋਗਰਾਮਿੰਗ ਵਿਚ ਮਸ਼ੀਨ ਦੇ ਇਕ ਵਾਰ ਬਣ ਜਾਣ ਪਿਛੋਂ ਕੋਈ ਤਬਦੀਲੀ ਨਾ ਹੋ ਸਕਣਾ; ਸੰਨ੍ਹ ਲਾਉਣ ਲਈ ਸੰਨ੍ਹਬਾਜ਼ ਦੀ ਈæਵੀæਐਮæ ਤਕ ਜਿਹੜੀ ਨਾਜਾਇਜ਼ ਪਹੁੰਚ ਹੋਣੀ ਚਾਹੀਦੀ ਹੈ, ਉਸ ਦਾ ਨਾਮੁਮਕਿਨ ਹੋਣਾ, ਕਿਉਂਕਿ ਪੋਲਿੰਗ ਤੋਂ ਲੈ ਕੇ ਨਤੀਜਿਆਂ ਤਕ ਈæਵੀæਐਮæ ਸਖਤ ਪਹਿਰੇ ਹੇਠ ਰੱਖੀਆਂ ਜਾਂਦੀਆਂ ਹਨ ਜਿਸ ਦੀ ਨਜ਼ਰਸਾਨੀ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਉਮੀਦਵਾਰ ਅਤੇ ਉਨ੍ਹਾਂ ਦੇ ਏਜੰਟ ਕਰਦੇ ਹਨ। ਮਸ਼ੀਨਾਂ ਦੀ ਭਰੋਸੇਯੋਗਤਾ ਦੇ ਹੱਕ ਵਿਚ ਚੋਣ ਕਮਿਸ਼ਨ ਦੀ ਇਹ ਵੀ ਧਾਰਨਾ ਹੈ ਕਿ ਇਕ ਚੋਣ ‘ਤੇ ਅਸਰ ਪਾਉਣ ਲਈ ਸੈਂਕੜੇ/ਹਜ਼ਾਰਾਂ ਮਸ਼ੀਨਾਂ ਵਿਚ ਹੇਰਾਫੇਰੀ ਕਰਨ ਦੀ ਲੋੜ ਹੋਵੇਗੀ ਅਤੇ ਅਜਿਹੀ ਵੱਡੀ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਨਾ ਕੇਵਲ ਭਾਰੀ ਗਿਣਤੀ ਵਿਚ ਉਚ-ਮਾਹਰ ਤਾਇਨਾਤ ਕਰਨੇ ਪੈਣਗੇ, ਸਗੋਂ ਇੰਨੀ ਵੱਡੀ ਪੱਧਰ ‘ਤੇ ਗੁਪਤ ਕੰਮ ਨੇਪਰੇ ਚਾੜ੍ਹਨ ਲਈ ਜਿੰਨਾ ਸਮਾਂ ਚਾਹੀਦਾ ਹੋਵੇਗਾ, ਇੰਨੀ ਸਖਤ ਪਹਿਰੇਦਾਰੀ ਦੇ ਹੁੰਦਿਆਂ ਉਹ ਸੰਭਵ ਨਹੀਂ ਹੋ ਸਕਦਾ। ਵੋਟਾਂ ਪੈਣੀਆਂ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਪੋਲਿੰਗ ਖਤਮ ਹੋਣ ‘ਤੇ ਮਸ਼ੀਨ ਨੂੰ ਲਾਖ ਦੀਆਂ ਮੋਹਰਾਂ ਨਾਲ ਸੀਲ ਕੀਤਾ ਜਾਂਦਾ ਹੈ ਜਿਨ੍ਹਾਂ ‘ਤੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਵਲੋਂ ਸਹੀ ਪਾਈ ਜਾਂਦੀ ਹੈ। ਇਸ ਲਈ ਸੀਲ ਤੋੜੇ ਬਿਨਾਂ ਮਸ਼ੀਨ ਵਿਚ ਹੇਰਫੇਰ ਨਹੀਂ ਕੀਤੀ ਜਾ ਸਕਦੀ। ਇਥੇ ਹੀ ਬਸ ਨਹੀਂ, ਇਨ੍ਹਾਂ ਮਸ਼ੀਨਾਂ ਦੇ ਪ੍ਰੋਗਰਾਮਿੰਗ ਦੀ ਡਿਜੀਟਲ ਕੁੰਜੀ ਨੂੰ ਅਤਿ ਗੁਪਤ ਰੱਖਿਆ ਜਾਂਦਾ ਹੈ।
ਚੋਣ ਕਮਿਸ਼ਨ ਵਲੋਂ ਵੋਟਿੰਗ ਮਸ਼ੀਨ ਦੀ ਭਰੋਸੇਯੋਗਤਾ ਦੇ ਹੱਕ ਵਿਚ ਦਿਤੀਆਂ ਜਾ ਰਹੀਆਂ ਇਨ੍ਹਾਂ ਦਲੀਲਾਂ ਨੂੰ ਵੀ ਸਾਨੂੰ ਕੰਪਿਊਟਰ ਸੰਨ੍ਹਬਾਜ਼ੀ ਦੇ ਖੇਤਰ ਵਿਚ ਅਤਿ ਦੀ ਤੇਜ਼ੀ ਨਾਲ ਵਾਪਰ ਰਹੀਆਂ ਤਬਦੀਲੀਆਂ ਦੇ ਪ੍ਰਸੰਗ ਵਿਚ ਵਾਚਣਾ ਪਵੇਗਾ। ਹੁਣ ਜਦੋਂ ਰੂਸ ਅਤੇ ਕੁਝ ਹੋਰ ਦੇਸ਼ਾਂ ਵਿਚ ਨੈਟਵਰਕ ਨਾਲ ਜੋੜੇ ਬਿਨਾਂ ਹੀ ਕੰਪਿਊਟਰ ਵਲੋਂ ਪੈਦਾ ਕੀਤੇ ਜਾ ਰਹੇ ਚੁੰਬਕੀ ਖੇਤਰ ਅਤੇ ਗਰਮਾਇਸ਼ ਰਾਹੀਂ ਇਸ ਅੰਦਰਲਾ ਡਾਟਾ ਚੋਰੀ/ਤਬਦੀਲ ਕਰਨ ਵਾਲੇ ਜਸੂਸੀ ਯੰਤਰ ਬਣਾਉਣ ਦੀਆਂ ਖਬਰਾਂ ਆ ਰਹੀਆਂ ਹਨ, ਤਾਂ ਮਸ਼ੀਨ ਦੇ ਫੂਲਪਰੂਫ ਹੋਣ ਦੀ ਬਿਨਾ ‘ਤੇ ਇਸ ਵਿਚ ਪ੍ਰਗਟਾਏ ਜਾ ਰਹੇ ਭਰੋਸੇ ਦਾ ਆਧਾਰ ਹਿੱਲ ਸਕਦਾ ਹੈ।
ਬੀæਬੀæਸੀæ ਅਨੁਸਾਰ ਸਕਿਉਰਿਟੀ ਦੇ ਪੱਖ ਤੋਂ ਭਾਰਤੀ ਈæਵੀæਐਮæ ਦਾ ਕੱਚ-ਸੱਚ ਲੱਭਣ ਲਈ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਪ੍ਰੋæ ਜੇæ ਅਲੈਕਸ ਹਾਲਡਰਮੈਨ ਦੀ ਅਗਵਾਈ ਵਿਚ ਕੀਤੀ ਗਈ ਖੋਜ ਦਾ ਇਹ ਸਿੱਟਾ ਨਿਕਲਿਆ ਹੈ ਕਿ ਭਾਵੇਂ ਕੁਝ ਮਿੰਟਾਂ ਲਈ ਹੀ ਸਹੀ, ਜੇ ਕੰਪਿਊਟਰ ਸੰਨ੍ਹਬਾਜ਼ਾਂ ਦੇ ਹੱਥ ਵੋਟਿੰਗ ਮਸ਼ੀਨ ਲੱਗ ਜਾਵੇ ਤਾਂ ਨਾ ਕੇਵਲ ਉਹ ਇਸ ਅੰਦਰਲੀ ਪ੍ਰੋਗਰਾਮਿੰਗ ਤੇ ਡਿਸਪਲੇਅ ਬੋਰਡ ਬਦਲ ਸਕਦੇ ਹਨ, ਸਗੋਂ ਇਸ ਅੰਦਰ ਮਾਇਕਰੋ-ਪ੍ਰੋਸੈਸਰ ਤੇ ਬਲੂਟੁੱਥ ਛੁਪਾ ਕੇ ਇਸ ਨੂੰ ਰਿਮੋਟ ਰਾਹੀਂ ਕੰਟਰੋਲ ਵੀ ਕਰ ਸਕਦੇ ਹਨ। ਬੀæਬੀæਸੀæ ਵਲੋਂ 18 ਮਈ 2010 ਨੂੰ ਪ੍ਰਸਾਰਤ ਤੇ ਯੂਟਿਊਬ ਉਤੇ ਮੁਹੱਈਆ ਜੂਲੀਅਨ ਸਿੱਡਲ ਦੀ ਰਿਪੋਰਟ ਅਨੁਸਾਰ ਪ੍ਰੋæ ਹਾਲਡਰਮੈਨ ਦਾ ਇਹ ਵੀ ਕਹਿਣਾ ਹੈ ਕਿ ਈæਵੀæਐਮæ ਵਿਚ ਚੋਰੀ-ਛੁਪੇ ਲਾਏ ਮਾਇਕਰੋ-ਪ੍ਰੋਸੈਸਰ ਰਾਹੀਂ ਵੋਟਾਂ ਪੈਣ ਅਤੇ ਵੋਟਾਂ ਗਿਣਨ ਦੇ ਵਕਫੇ ਦੌਰਾਨ ਉਮੀਦਵਾਰਾਂ ਨੂੰ ਪਈਆਂ ਵੋਟਾਂ ਵਿਚ ਅਦਲਾ-ਬਦਲੀ ਕਰਨੀ ਵੀ ਸੰਭਵ ਹੈ।
ਅਸਲ ਵਿਚ ਈæਵੀæਐਮæ ਉਨਾ ਚਿਰ ਹੀ ਛੇੜਛਾੜ ਤੋਂ ਸੁਰੱਖਿਅਤ ਹਨ ਜਿੰਨਾ ਚਿਰ ਇਸ ਦੇ ਤਕਨੀਕੀ, ਮਕੈਨੀਕਲ ਤੇ ਸਾਫਟਵੇਅਰ ਵੇਰਵੇ ਕਿਸੇ ਸੰਨ੍ਹਬਾਜ਼ ਦੇ ਢੇਹੇ ਨਹੀਂ ਚੜ੍ਹਦੇ, ਗੁਪਤ ਰਹਿੰਦੇ ਹਨ। ਹਕੀਕਤ ਇਹ ਹੈ ਕਿ ਜੇ ਮੌਕਾ ਮਿਲੇ ਤਾਂ ਕੋਈ ਵੀ ਚੰਗਾ ਕੰਪਿਊਟਰ ਮਾਹਰ ਵੋਟਿੰਗ ਮਸ਼ੀਨ ਨੂੰ ਖੋਲ੍ਹ ਕੇ ਥੋੜ੍ਹੇ ਚਿਰ ਵਿਚ ਹੀ ਇਹ ਸਾਰੇ ਵੇਰਵੇ ਪ੍ਰਾਪਤ ਕਰ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਹੈਦਰਾਬਾਦ ਤੇ ਬੰਗਲੌਰ ਵਿਚ ਤਿਆਰ ਹੋਣ ਤੋਂ ਲੈ ਕੇ ਵਰਤੋਂ ਦੀ ਹਰ ਸਟੇਜ ‘ਤੇ ਚੋਣ ਕਮਿਸ਼ਨ ਮਸ਼ੀਨਾਂ ਦੀ ਸਖਤ ਪਹਿਰੇਦਾਰੀ ਕਰਵਾਉਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਈæਵੀæਐਮæ ਦੇ ਪਾਰਦਰਸ਼ੀ ਨਾ ਹੋਣ ਦੀ ਸ਼ਿਕਾਇਤ ਲਾਉਣ ਵਾਲਿਆਂ ਨੂੰ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਮਸ਼ੀਨ ਨੂੰ ਬਿਨਾ ਹੱਥ ਲਾਏ ਆਪਣੀ ਸ਼ਿਕਾਇਤ ਦੇ ਸਬੂਤ ਪੈਦਾ ਕਰਨ ਲਈ ਕਿਹਾ ਜਾਂਦਾ ਰਿਹਾ ਹੈ। ਭਾਰਤ ਵਿਚ ਚੋਣ ਜਿੱਤਣ ਲਈ ਜਿਸ ਕਿਸਮ ਦੇ ਹੱਥਕੰਡੇ ਅਪਣਾਏ ਜਾਂਦੇ ਹਨ; ਜਿਸ ਤਰ੍ਹਾਂ ਪੈਸਾ ਵਹਾਇਆ ਜਾਂਦਾ ਹੈ; ਚੋਣਾਂ ਤੇ ਕਾਲੇ ਧਨ ਦਾ ਜਿਸ ਤਰ੍ਹਾਂ ਦਾ ਗੂੜ੍ਹਾ ਰਿਸ਼ਤਾ ਬਣ ਰਿਹਾ ਹੈ; ਜਿਸ ਤਰ੍ਹਾਂ ਕਈ ਵਾਰ ਅਤਿ ਅਹਿਮ ਤੇ ਗੁਪਤ ਸੂਚਨਾਵਾਂ ਨੂੰ ਸਰਕਾਰੀ ਗਲਿਆਰਿਆਂ ਵਿਚ ਪੈਸਿਆਂ ਵੱਟੇ ਖਰੀਦਿਆ/ਵੇਚਿਆ ਜਾਂਦਾ ਹੈ; ਜਿਸ ਤਰ੍ਹਾਂ ਰਸੂਖਵਾਨਾਂ ਵਲੋਂ ਸਰਕਾਰੀ ਦਫਤਰਾਂ ਵਿਚ ਬਾਹੂਬਲ ਤੇ ਪੈਸੇ ਦੀ ਧੌਂਸ ‘ਤੇ ਸੀਲਾਂ ਲਵਾਈਆਂ ਤੇ ਤੁੜਵਾਈਆਂ ਜਾਂਦੀਆਂ ਹਨ, ਉਸ ਨਾਲ ਕਮਿਸ਼ਨ ਦੇ ਵਾਰ ਵਾਰ ਸਪਸ਼ਟੀਕਰਨ ਦੇਣ ਦੇ ਬਾਵਜੂਦ ਵੋਟਰਾਂ ਦੇ ਕੁਝ ਵਰਗਾਂ ਦਾ ਈæਵੀæਐਮæ ਵਿਚ ਭਰੋਸਾ ਥਿੜਕਣਾ ਗੈਰਕੁਦਰਤੀ ਨਹੀਂ ਕਿਹਾ ਜਾ ਸਕਦਾ। ਪਾਈ ਗਈ ਵੋਟ ਦੇ ਸਹੀ ਭੁਗਤਣ ਦੀ ਤਸਦੀਕ ਕਰਨ ਦਾ ਕੋਈ ਪ੍ਰਬੰਧ ਨਾ ਹੋਣਾ ਵੀ ਇਸ ਈæਵੀæਐਮæ ਦੀ ਵੱਡੀ ਕਮਜ਼ੋਰੀ ਹੈ। ਇਸੇ ਕਾਰਨ ਨਾ ਕੇਵਲ ਈæਵੀæਐਮæ ਦੀ ਪਾਰਦਰਸ਼ਤਾ ਬਾਰੇ ਪ੍ਰਸ਼ਨ ਪੈਦਾ ਹੋ ਗਏ ਹਨ, ਸਗੋਂ ਵੋਟਾਂ ਦੀ ਕਥਿਤ ਡਿਜੀਟਲ ਚੋਰੀ ਦੇ ਮੁੱਦੇ ਨੂੰ ਵੀ ਹਵਾ ਮਿਲ ਰਹੀ ਹੈ। ਇਸੇ ਕਾਰਨ ਬਹੁਤੇ ਯੂਰਪੀ ਤੇ ਅਮਰੀਕੀ ਦੇਸ਼ਾਂ ਨੇ ਇਲੈਕਟਰਾਨਿਕ ਵੋਟਿੰਗ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਕੇ ਪਰਚੀਆਂ ਨਾਲ ਵੋਟਾਂ ਪਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਥੋਂ ਤਕ ਕਿ ਯੂਰਪੀ ਯੂਨੀਅਨ ਦਾ ਅਤਿ ਅਹਿਮ ਰੈਫਰੈਂਡਮ ਵੀ ਕਾਗਜ਼ ਦੀਆਂ ਪਰਚੀਆਂ ਨਾਲ ਹੋਇਆ ਹੈ।
ਦਿਲਚਸਪ ਗੱਲ ਇਹ ਕਿ ਭਾਰਤੀ ਆਈæਵੀæਐਮæ ਦੇ ਕੰਮਕਾਜ ਵਿਚ ਪਾਰਦਰਸ਼ਤਾ ਦੀ ਘਾਟ ਦਾ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਹੋਇਆ ਹੈ। ਇਸੇ ਮੁੱਦੇ ਉਤੇ 8 ਅਕਤੂਬਰ 2013 ਨੂੰ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੁਬਰਾਮਨੀਅਮ ਸਵਾਮੀ ਦੀ ਰਿਟ ਪਟੀਸ਼ਨ ‘ਤੇ ਫੈਸਲਾ ਦਿੰਦਿਆਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਸਿਸਟਮ ਵਿਚ ਵੋਟਰਾਂ ਦਾ ਵਿਸ਼ਵਾਸ ਬਹਾਲ ਕਰਨ ਅਤੇ ਸਿਸਟਮ ਵਿਚ ਪਾਰਦਸ਼ਤਾ ਲਿਆਉਣ ਲਈ ਪੁਰਾਣੀਆਂ ਈæਵੀæਐਮæ ਦੀ ਥਾਂ ਵੋਟ ਪਾਉਣ ਵੇਲੇ ਹੀ ਤਸਦੀਕੀ ਕਾਗਜ਼-ਪਰਚੀ ਪ੍ਰਿੰਟ ਕਰਨ ਵਾਲੀਆਂ ਵੀæਵੀæਪੀæਏæਟੀæ ਮਸ਼ੀਨਾਂ ਲਾਉਣ ਲਈ ਹੁਕਮ ਦਿੱਤਾ ਸੀ, ਪਰ ਚਾਰ ਸਾਲ ਬੀਤਣ ‘ਤੇ ਵੀ ਚੋਣ ਕਮਿਸ਼ਨ 2019 ਦੀਆਂ ਆ ਰਹੀਆਂ ਆਮ ਚੋਣਾਂ ਵਿਚ ਵੀ ਅਜਿਹਾ ਕਰਨ ਸਕਣ ਦੇ ਸਮਰਥ ਨਹੀਂ ਹੋਵੇਗਾ। ਖਬਰਾਂ ਅਨੁਸਾਰ, ਅਦਾਲਤੀ ਹੁਕਮਾਂ ਦੇ ਬਾਵਜੂਦ ਕੇਂਦਰੀ ਸਰਕਾਰ ਵਲੋਂ ਚੋਣ ਕਮਿਸ਼ਨ ਨੂੰ ਇਸ ਮੰਤਵ ਲਈ ਲੋੜੀਂਦੇ ਫੰਡ ਨਾ ਦੇਣ ਕਾਰਨ ਅਜਿਹਾ ਹੋ ਰਿਹਾ ਹੈ। ਵਿਰੋਧੀ ਧਿਰ ਇਸ ਪਿਛੇ ਕੇਂਦਰ ਵਿਚ ਸਤਾਧਾਰੀ ਪਾਰਟੀ ਦਾ ਲੁਕਵਾਂ ਮੰਤਵ ਵੇਖ ਰਹੇ ਹਨ: ਵੀæਵੀæਪੀæਏæਟੀæ ਲਈ ਫੰਡ ਨਹੀਂ ਆਉਣਗੇ ਤਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਮਜਬੂਰੀ ਵਸ ਕਮਿਸ਼ਨ ਨੂੰ ਸ਼ੱਕ ਦੇ ਘੇਰੇ ਵਿਚ ਆ ਚੁਕੀਆਂ ਪੁਰਾਣੀਆਂ ਈæਵੀæਐਮæ ਨੂੰ ਹੀ ਚਾਲੂ ਰੱਖਣਾ ਪਵੇਗਾ। ਇਹ ਦੂਜੀ ਗੱਲ ਹੈ ਕਿ ਅਜਿਹੇ ਸਿਆਸੀ ਮਾਹੌਲ ਵਿਚ ਹੋਰ ਕਈ ਪਾਰਟੀਆਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਦੀ ਤਰਜ਼ ‘ਤੇ ਪਰਚੀਆਂ ਨਾਲ ਚੋਣ ਕਰਵਾਉਣ ਦੀ ਮੰਗ ਕਰ ਸਕਦੀਆਂ ਹਨ।
ਲੇਖ ਮੁਕੰਮਲ ਕਰਨ ਤੋਂ ਪਹਿਲਾਂ ਭਾਰਤ ਦੀ ਪਹਿਲੀ ਈæਵੀæਐਮæ ਬਣਾਉਣ ਵਾਲਾ ਰੰਗਾਰਾਜਨ ਫਿਰ ਯਾਦ ਆ ਗਿਆ ਹੈ। ਉਸ ਨੇ ਦਰਜਨਾਂ ਨਾਵਲ ਲਿਖੇ ਸਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਜਸੂਸੀ ਨਾਵਲਾਂ ਦੀ ਸੀ। ਸੋਚ ਰਿਹਾ ਹਾਂ, ਜੇ ਉਹ ਹੁਣ ਹੁੰਦਾ ਤਾਂ ਆਪਣੀ ਬਣਾਈ ਇਲੈਕਟਰਾਨਿਕ ਵੋਟਿੰਗ ਮਸ਼ੀਨ ਦੁਆਲੇ ਤਕੜਾ ਜਸੂਸੀ ਨਾਵਲ ਉਸਾਰਦਾ।