ਸੋਭਾ ਸਿੰਘ ਦਾ ਚਿੱਤਰ ਸੋਹਣੀ-ਮਹੀਵਾਲ

‘ਸੋਹਣੀ-ਮਹੀਵਾਲ’ ਚਿੱਤਰਕਾਰ ਸੋਭਾ ਸਿੰਘ ਦੀ ਸ਼ਾਹਕਾਰ ਰਚਨਾ ਹੈ। ਇਸ ਚਿੱਤਰ ਦੇ ਹੋਂਦ ਵਿਚ ਆਉਣ ਬਾਰੇ ਕੁਝ ਵਿਦਵਾਨਾਂ ਦੇ ਵਖ ਵਖ ਵਿਚਾਰ ਹਨ। ਦਿੱਲੀ ਵੱਸਦੇ ਕਲਾ ਆਲੋਚਕ ਜਗਤਾਰਜੀਤ ਨੇ ਆਪਣੇ ਇਸ ਲੇਖ ਵਿਚ ਇਸ ਰਚਨਾ ਦੇ ਵਖ ਵਖ ਪੱਖਾਂ ਬਾਰੇ ਬਹੁਤ ਭਾਵਪੂਰਤ ਗੱਲਾਂ ਕੀਤੀਆਂ ਹਨ। ਇਨ੍ਹਾਂ ਗੱਲਾਂ ਵਿਚ ਚਿੱਤਰ ਬਾਰੇ ਬਾਤ ਤਾਂ ਪਾਈ ਹੀ ਗਈ ਹੈ, ਚਿੱਤਰ ਬਣਾਉਣ ਵੇਲੇ ਚਿੱਤਰਕਾਰ ਦੇ ਮਨ ਅੰਦਰ ਹੋ ਰਹੀ ਉਥਲ-ਪੁਥਲ ਦਾ ਨਕਸ਼ਾ ਖਿੱਚਣ ਦਾ ਯਤਨ ਵੀ ਕੀਤਾ ਗਿਆ ਹੈ।

-ਸੰਪਾਦਕ
ਜਗਤਾਰਜੀਤ ਸਿੰਘ
ਫੋਨ: +91-98990-91186

ਵਿਚਾਰਵਾਨ ਮਨੁੱਖ ਤਰਕ ਅਨੁਰੂਪ ਆਪਣਾ ਕਾਰਜ ਨੇਪਰੇ ਚਾੜ੍ਹਦਾ ਹੈ। ਚਿੱਤਰਕਾਰ ਸੋਭਾ ਸਿੰਘ ਇਸ ਤੋਂ ਵੱਖਰੇ ਨਹੀਂ ਹਨ। ਉਨ੍ਹਾਂ ਦੀਆਂ ਪਾਏਦਾਰ ਰਚਨਾਵਾਂ ਪਾਏਦਾਰ ਵਿਚਾਰਾਂ ਉਪਰ ਆਧਾਰਿਤ ਹਨ। ਵਿਚਾਰ ਵਿਕਾਸ ਕਰੇ ਜਾਂ ਉਸ ਵਿਚ ਤਬਦੀਲੀ ਆ ਜਾਣ ਨਾਲ ਪਿਛਲਾ ਵਿਚਾਰ ਨਿਮਨ ਜਾਂ ਰੱਦ ਨਹੀਂ ਹੋ ਜਾਂਦਾ, ਸਗੋਂ ਉਹ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ਕਿਉਂਕਿ ਉਹੀ ਆਧਾਰ ਬਿੰਦੂ ਹੁੰਦਾ ਹੈ। ਸੋਭਾ ਸਿੰਘ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਬੈਠੀਆਂ ਪ੍ਰੀਤ ਕਥਾਵਾਂ ਦੇ ਪਾਤਰਾਂ ਨੂੰ ਆਧਾਰ ਬਣਾ ਕੇ ਕੁਝ ਚਿੱਤਰ ਉਲੀਕੇ। ਉਨ੍ਹਾਂ ਨੇ ਮਹਿਸੂਸ ਕੀਤਾ- “ਪ੍ਰੇਮੀ ਵਧੀਆ ਇਨਸਾਨ ਹੁੰਦੇ ਹਨ, ਕਿਉਂਕਿ ਉਹ ਇਕ ਦੂਜੇ ਪ੍ਰਤੀ ਸੱਚੇ ਹੁੰਦੇ ਹਨ। ਇਸੇ ਵਿਚਾਰ ਅਧੀਨ ਮੈਂ ਸੋਹਣੀ-ਮਹੀਵਾਲ, ਹੀਰ-ਰਾਂਝਾ, ਸੱਸੀ-ਪੁਨੂੰ ਨੂੰ ਪੇਂਟ ਕੀਤਾ।”
ਚਿਤੇਰੇ ਦੇ ‘ਸੋਹਣੀ-ਮਹੀਵਾਲ’ ਚਿੱਤਰ ਨੂੰ ਕਾਫ਼ੀ ਪ੍ਰਸਿੱਧੀ ਅਤੇ ਪ੍ਰਵਾਨਗੀ ਮਿਲੀ ਹੈ। ਇਸ ਦਾ ਵਿਰੋਧ ਵੀ ਉਚੀ ਸੁਰ ਵਿਚ ਹੋਇਆ ਸੀ ਜੋ ਸਮਾਂ ਗੁਜ਼ਰਨ ਨਾਲ ਮੱਧਮ ਹੁੰਦਾ ਗਿਆ। ਇਸ ਦੇ ਬਾਵਜੂਦ ਇਸ ਚਿੱਤਰ ਬਾਰੇ ਅਜੇ ਵੀ ਰਹੱਸ ਬਣਿਆ ਹੋਇਆ ਹੈ ਕਿ ਇਸ ਵਿਸ਼ੇ ਨੂੰ ਲੈ ਕੇ ਚਿਤੇਰੇ ਨੇ ਕਿੰਨੇ ਚਿੱਤਰ ਬਣਾਏ।
ਪਹਿਲੀ ਅੜਾਉਣੀ ਇਹੋ ਹੈ ਕਿ ਇਸ ਦਾ ਪਹਿਲਾਂ-ਪਹਿਲ ਰੂਪ ਹੋਂਦ ਵਿਚ ਕਦੋਂ ਆਇਆ। ਇਕੋ ਪੇਂਟਿੰਗ ਦੇ ਤਿੰਨ ਰਚਨਾ-ਸਾਲ ਮਿਲਦੇ ਹਨ ਜੋ ਕ੍ਰਮਵਾਰ 1928, 1935 ਅਤੇ 1943 ਹਨ। ਇਕੋ ਰਚਨਾ ਵਾਸਤੇ ਤਿੰਨ ਵੱਖ ਵੱਖ ਸਮੇਂ, ਇਹ ਕਿਵੇਂ ਹੋ ਗਿਆ? ਇਸ ਦਾ ਇਕ ਕਾਰਨ ਜੋ ਸੰਭਵ ਵੀ ਹੈ, ਪੇਂਟਿੰਗ ਉਪਰ ਉਸ ਦੇ ਰਚਨ-ਵਰ੍ਹੇ ਦਾ ਨਾ ਲਿਖਿਆ ਹੋਣਾ ਹੈ।
ਚਿੱਤਰਕਾਰ ਦੇ ਜਾਣਕਾਰਾਂ ਅਤੇ ਦੂਜੇ ਖੋਜਕਾਰਾਂ ਨੇ ਇਹ ਦੁਹਰਾਇਆ ਹੈ ਕਿ ਲਾਹੌਰ ਰਹਿੰਦਿਆਂ ‘ਸੋਹਣੀ-ਮਹੀਵਾਲ’ ਨੂੰ ਪੇਂਟ ਕੀਤਾ ਗਿਆ ਸੀ। ਵੰਡ ਵੇਲੇ ਚਿੱਤਰਕਾਰ ਨੂੰ ਤਟ-ਫਟ ਲਾਹੌਰ ਛੱਡਣਾ ਪਿਆ ਜਿਸ ਕਾਰਨ ਆਪਣੇ ਨਾਲ ਉਹ ਕੁਝ ਵੀ ਨਾ ਲਿਆ ਸਕਿਆ। ‘ਸੋਹਣੀ-ਮਹੀਵਾਲ’ ਦਾ ਮੂਲ ਕੈਨਵਸ ਕਦੇ ਵੀ ਸਰਹੱਦ ਉਲੰਘ ਏਧਰ ਨਾ ਆ ਸਕਿਆ। ਇਹ ਖੋਜ ਖ਼ਬਰ ਬਾਅਦ ਵਿਚ ਕਦੇ ਨਾ ਮਿਲੀ, ਉਸ ਚਿੱਤਰ ਦਾ ਕੀ ਬਣਿਆ। ਇਉਂ ਪਹਿਲੇ ‘ਪਾਠ’ ਦਾ ਸਦਾ ਲਈ ਭੋਗ ਪੈ ਗਿਆ।
ਉਸੇ ਕੜੀ ਦੀ ਦਾਸਤਾਨ ਦੇਸ਼ ਵੰਡ ਉਪਰੰਤ ਇਧਰ ਮੁੜ ਸ਼ੁਰੂ ਹੁੰਦੀ ਹੈ। ਥੋੜ੍ਹੇ ਥੋੜ੍ਹੇ ਸਮੇਂ ਦੇ ਫਰਕ ਨਾਲ ‘ਸੋਹਣੀ-ਮਹੀਵਾਲ’ ਦੇ ਚਿੱਤਰ ਨੂੰ ਕ੍ਰਮਵਾਰ 1951, 1956, 1974 ਅਤੇ 1986 ਵਿਚ ਪੇਂਟ ਕੀਤਾ ਗਿਆ। 1951 ਵਾਲਾ ਚਿੱਤਰ ਡਾæ ਕਰਨ ਸਿੰਘ ਪਾਸ ਹੈ ਅਤੇ 1956 ਵਾਲਾ ਚਿੱਤਰ ਰੂਸ ਨੇ ਖ਼ਰੀਦ ਲਿਆ ਸੀ, ਕਿਉਂ ਜੋ ਕਹਾਣੀ ਦੱਸਦੀ ਹੈ ਕਿ ਸੋਹਣੀ ਦਾ ਪ੍ਰੇਮੀ ਮਹੀਵਾਲ ਉਜ਼ਬੇਕਿਸਤਾਨ ਦਾ ਰਹਿਣ ਵਾਲਾ ਸੀ।
ਇਹ ਪੇਂਟਿੰਗ ਆਪਣੇ ਮੁੱਢਲੇ ਰੂਪ ਵਿਚ ਢਲਣ ਤੋਂ ਪਹਿਲਾਂ ਕਿਹੜੇ ਪੜਾਵਾਂ ਵਿਚੋਂ ਲੰਘੀ, ਇਸ ਬਾਰੇ ਨਾ ਤਾਂ ਕੁਝ ਲਿਖਿਆ ਮਿਲਦਾ ਹੈ ਤੇ ਨਾ ਹੀ ਇਸ ਦੇ ਅਧਿਐਨ ਹਿੱਤ ਕੀਤਾ ਕੋਈ ਰੇਖਾਂਕਣ ਸਾਹਮਣੇ ਆਇਆ ਹੈ। ਸਾਡੇ ਦੇਖਣ-ਪਰਖਣ ਲਈ 1951 ਵਿਚ ਤਿਆਰ ਕੀਤੀ ਛੱਬ ਦੇ ਤਿਆਰ ਕੀਤੇ ਪ੍ਰਿੰਟ ਹਨ। ਲੋਕਾਂ ਦੇ ਘਰਾਂ ਵਿਚ ਮਿਲਣ ਵਾਲੇ ਫਰੇਮ ਹੋਏ ਪ੍ਰਿੰਟ ਇਸੇ ਕਿਰਤ ਦੇ ਪ੍ਰਤੀਰੂਪ ਹਨ।
ਦੇਸ਼ ਵੰਡ ਤੋਂ ਬਾਅਦ ਬਣਾਈਆਂ ਤਸਵੀਰਾਂ ਵਿਚਾਲੇ ਅੰਤਰ ਲੱਭਣ ਵਾਸਤੇ ਭਾਵੇਂ ਕਾਫ਼ੀ ਖੇਚਲ ਕਰਨੀ ਪਵੇ, ਪਰ ਵੰਡ ਤੋਂ ਪਹਿਲਾਂ ਦੀ ਪੇਂਟਿੰਗ ਅਤੇ ਵੰਡ ਤੋਂ ਬਾਅਦ ਦੀਆਂ ਤਸਵੀਰਾਂ ਵਿਚਾਲੇ ਦਾ ਫਰਕ ਉਘੜਵਾਂ ਅਤੇ ਦਰਸ਼ਨੀ ਹੈ।
ਚਿੱਤਰ ਦੇ ਕੁਝ ਨੁਕਤਿਆਂ ਨੂੰ ਉਭਾਰਨ ਲਈ 1951 ਦੇ ਚਿੱਤਰ ਨੂੰ ਆਧਾਰ ਬਣਾਇਆ ਜਾ ਸਕਦਾ ਹੈ। ਇਹ ਤਸਵੀਰ ਉਸ ਵੇਲੇ ਨੂੰ ਸਮੂਰਤ ਕਰਦੀ ਹੈ ਜਦੋਂ ਪੱਕੇ ਘੜੇ ਦੀ ਮਦਦ ਨਾਲ ਸੋਹਣੀ ਵੱਲੋਂ ਝਨਾਂ ਪਾਰ ਕਰ ਲੈਣ ਬਾਅਦ ਉਸ ਨੂੰ ਕੰਢੇ ਖੜ੍ਹੇ ਮਹੀਵਾਲ ਦਾ ਸਹਾਰਾ ਮਿਲਦਾ ਰਿਹਾ ਹੈ। ਇਹ ਕਿਰਿਆ ਪਿਛਲੇ ਕਾਫ਼ੀ ਦਿਨਾਂ ਤੋਂ ਹੁੰਦੀ ਆ ਰਹੀ ਹੋਵੇਗੀ, ਕਿਉਂਕਿ ਦੋਵਾਂ ਸਰੀਰਾਂ ਵਿਚੋਂ ਕਿਸੇ ਇਕ ਵਿਚ ਵੀ ਕੋਈ ਝਿਜਕ-ਸੰਕੋਚ ਨਹੀਂ। ਜਾਪਦਾ ਹੈ ਕਿ ਦੋਵੇਂ ਆਪਸੀ ਮੇਲ-ਜੋਲ ਦੇ ਅਭਿਆਸੀ ਹੋ ਚੁੱਕੇ ਹਨ। ਤਾਹੀਓਂ ਮਿਲਣ ਸਮੇਂ ਸਕੂਨ ਦਾ ਅਹਿਸਾਸ ਭਾਰੀ ਹੋ ਜਾਂਦਾ ਹੈ।
ਸਿਰਜੀ ਰਚਨਾ ਚਨਾਬ ਦੇ ਕਿਨਾਰੇ ਦੀ ਹੈ, ਵੇਲਾ ਡੁੱਬ ਰਹੇ ਸੂਰਜ ਦਾ ਹੈ ਜਿਸ ਦੀ ਹਲਕੀ ਲਾਲੀ ਦਾ ਝਲਕਾਰਾ ਸੋਹਣੀ-ਮਹੀਵਾਲ ਦੇ ਪਿੰਡਿਆਂ ਨੂੰ ਸਾਹਮਣਿਓਂ ਪ੍ਰਕਾਸ਼ਿਤ ਕਰ ਰਿਹਾ ਹੈ। ਪਿਛੋਕੜ ਵਿਚ ਵਿਸ਼ਾਲ ਦੇਹੀ ਵਾਲੇ ਆਸਮਾਨ ਨੂੰ ਸਪਾਟ ਨਹੀਂ ਰੱਖਿਆ ਗਿਆ। ਖਲਾਅ ਦਾ ਵੱਡਾ ਹਿੱਸਾ ਬੱਦਲਾਂ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਦੀ ਰੰਗਤ ਤੋਂ ਪਤਾ ਲੱਗਦਾ ਹੈ ਕਿ ਉਹ ਬਹੁਪਰਤੀ ਹਨ ਅਤੇ ਜ਼ੋਰਦਾਰ ਹਲਚਲ ਨਾਲ ਲਬਰੇਜ਼ ਹਨ।
ਕੰਢਿਓਂ ਥੋੜ੍ਹਾ ਜਿਹਾ ਉਰਾਂ, ਪ੍ਰੇਮੀਆਂ ਦੇ ਬਿਲਕੁਲ ਪਿੱਛੇ, ਨਦੀ ਵਗ ਰਹੀ ਹੈ। ਸੰਝ ਦਾ ਵੇਲਾ ਹੋਣ ਕਰ ਕੇ ਵਹਾਅ ਦੀ ਗਤੀ ਦਾ ਪਤਾ ਨਹੀਂ ਲੱਗਦਾ। ਸਰਸਰੀ ਤੌਰ ‘ਤੇ ਦੇਖਣ ਨਾਲ ਲੱਗਦਾ ਹੈ, ਜਿਵੇਂ ਨਦੀ ਅਤੇ ਬੱਦਲ ਇਕ-ਦੂਜੇ ਵਿਚ ਮਿਲੇ ਹੋਏ ਹਨ। ਦੋਵਾਂ ਵਿਚਾਲੇ ਵੰਡਵੀਂ ਲਕੀਰ ਖਿੱਚਣੀ ਕਠਿਨ ਹੈ। ਆਮ ਤੌਰ ‘ਤੇ ਦਿਸਹੱਦੇ ਨੂੰ ਦਰਸਾਉਣ ਦਾ ਮਤਲਬ ਡੂੰਘਾਈ ਨੂੰ ਚਿਹਨਤ ਕਰਨਾ ਹੁੰਦਾ ਹੈ, ਪਰ ਇਥੇ ਅਜਿਹਾ ਯਤਨ ਹੋਇਆ ਨਹੀਂ ਦਿਸਦਾ।
ਦੋਵੇਂ ਕਿਰਦਾਰਾਂ ਦਾ ‘ਪ੍ਰੋਫਾਈਲ’ ਰੂਪ ਦੇਖਣ ਨੂੰ ਮਿਲਦਾ ਹੈ। ਇਸ ਦਾ ਲਾਭ ਇਹ ਹੈ ਕਿ ਸਰੀਰ ਦੇ ਅੰਗਾਂ ਦੇ ਬਾਰੀਕ ਤੋਂ ਬਾਰੀਕ ਵੇਰਵੇ ਅਤੇ ਉਨ੍ਹਾਂ ਦੇ ਸੁਹੱਪਣ ਦਾ ਪਤਾ ਲੱਗ ਜਾਂਦਾ ਹੈ। ਪਿੱਠਭੂਮੀ ਗੂੜ੍ਹੀ ਹੋਣ ਕਰ ਕੇ ਦੋਵਾਂ ਦੇ ਰੰਗ-ਆਕਾਰਾਂ ਨੂੰ ਨਿਖਾਰਦੀ ਹੈ।
ਚਿੱਤਰ ਵਾਪਰ ਚੁਕੀ ਘਟਨਾ ਦੀ ਸੂਚਨਾ ਵੀ ਦੇ ਰਿਹਾ ਹੈ, ਭਾਵੇਂ ਅੱਜ ਤਕ ਵਿਦਵਾਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਹ ਉਸ ਘਟਨਾ ਤੋਂ ਬਾਅਦ ਦੀ ਹਾਲਤ ਉਜਾਗਰ ਕਰਦੀ ਹੈ ਜਦੋਂ ਮਹੀਵਾਲ ਮੱਛੀ ਦੀ ਸ਼ੌਕੀਨ ਸੋਹਣੀ ਨੂੰ ਆਪਣੇ ਪੱਟ ਦਾ ਮਾਸ ਖੁਆ ਚੁੱਕਾ ਹੈ। ਜ਼ਖ਼ਮ ਕਾਰਨ ਉਹ ਤੈਰਨ ਤੋਂ ਅਸਮਰੱਥ ਹੈ। ਤਾਹੀਓਂ ਸੋਹਣੀ, ਹੁਣ ਮਹੀਵਾਲ ਨੂੰ ਮਿਲਣ ਵਾਸਤੇ ਨਦੀ ਤੈਰ ਕੇ ਆਉਂਦੀ ਹੈ। ਇਕ ਪਾਸੇ ਜੇ ਪਿਆਰ-ਖਿੱਚ ਪ੍ਰਬਲ ਹੈ ਤਾਂ ਉਸ ਦੀ ਪ੍ਰਾਪਤੀ ਹਿੱਤ ਘੜਾ ਮਦਦਗਾਰ ਬਣ ਆਉਂਦਾ ਹੈ।
ਚਨਾਬ ਪਾਰ ਕਰਨ ਉਪਰੰਤ ਜਦੋਂ ਸੋਹਣੀ ਥੱਕੀ-ਟੁੱਟੀ ਕਿਨਾਰੇ ਪਹੁੰਚਦੀ ਹੈ ਤਾਂ ਮਹੀਵਾਲ ਉਸ ਨੂੰ ਸਹਾਰਾ ਦੇ ਕੇ ਪਾਣੀਓਂ ਬਾਹਰ ਕੱਢ ਲਿਆਉਂਦਾ ਹੈ। ਚਿਤੇਰੇ ਨੂੰ ਇਹੋ ਪਲ ਚਿਤਰਨਯੋਗ ਲੱਗਦਾ ਹੈ। ਆਪਣੀ ਪ੍ਰੇਮਿਕਾ ਨੂੰ ਆਪਣੇ ਮੋਢੇ ਦਾ ਸਹਾਰਾ ਦੇ ਕੇ ਸੁੱਕੀ ਧਰਤ ਤਕ ਲਿਆਉਣ ਵਾਲਾ ਮਹੀਵਾਲ ਜ਼ਖ਼ਮੀ ਹੈ। ਪੱਟ ਦੇ ਜ਼ਖ਼ਮ ਨੂੰ ਚਿੱਤਰਕਾਰ ਵੱਲੋਂ ਲੁਕਾਅ ਕੇ ਰੱਖਿਆ ਜਾਂਦਾ ਹੈ, ਪਰ ਵਿਛੋੜੇ ਬਾਅਦ ਹੋਣ ਵਾਲੇ ਮਿਲਾਪ ਸਦਕਾ ਦੋਵਾਂ ਦੇ ਤਨ-ਮਨ ਨੂੰ ਮਿਲਦੇ ਸਕੂਨ ਦਾ ਚਿਤਰਨ ਇਸ ਚਿੱਤਰ ਦਾ ਉਦੇਸ਼ ਤੇ ਸਿਖਰ ਹੈ।
ਸੋਭਾ ਸਿੰਘ ਨੇ ਬੜੀ ਸੂਖ਼ਮ ਕਲਾਕਾਰੀ ਰਾਹੀਂ ਚਿੱਤਰ ਹੀ ਨਹੀਂ, ਸਗੋਂ ਪ੍ਰੇਮੀਆਂ ਨੂੰ ਵਿਉਂਤਿਆ ਹੈ। ਇਕ ਧਿਰ ਦੂਜੇ ਨੂੰ ਸਹਾਰਾ ਦੇ ਰਹੀ ਹੈ, ਦੂਜੀ ਧਿਰ ਉਸ ਨੂੰ ਸਵੀਕਾਰ ਵੀ ਕਰ ਰਹੀ ਹੈ, ਪਰ ਕਿਸੇ ਦਾ ਸਰੀਰ ਇਸ ਦਾ ਭੋਰਾ ਵੀ ਸੰਕੇਤ ਨਹੀਂ ਦਿੰਦਾ। ਮਹੀਵਾਲ ਦੀ ਉਪਰ ਉਠੀ ਸੱਜੀ ਬਾਂਹ ਇਹ ਭਰਮ ਜਗਾਉਂਦੀ ਹੈ ਕਿ ਉਸ ਹੱਥ ਨੇ ਸੋਹਣੀ ਦੀ ਸੱਜੀ ਬਾਂਹ ਨੱਪੀ ਹੋਈ ਹੈ, ਪਰ ਏਦਾਂ ਕਰਦਿਆਂ ਦੋਵਾਂ ਦੇ ਸਰੀਰਾਂ ਵਿਚ ਜੋ ‘ਜੈਸਚਰਜ’ ਹੋਣੇ ਚਾਹੀਦੇ ਹਨ, ਨਹੀਂ ਹਨ। ਮਹੀਵਾਲ ਦਾ ਖੱਬਾ ਹੱਥ ਸੋਹਣੀ ਦੇ ਲੱਕ ਨੂੰ ਛੂੰਹਦਾ ਦਿਖਾਈ ਦਿੰਦਾ ਹੈ। ਇਹ ਹੱਥ ਪ੍ਰੇਮਿਕਾ ਦੀ ਖੱਬੀ ਬਾਂਹ ਜਿਸ ਦੇ ਹੱਥੀਂ ਘੜਾ ਹੈ, ਥੱਲੋਂ ਝਾਕ ਰਿਹਾ ਹੈ। ਹੱਥ ਸਿਰਫ਼ ਰੱਖਿਆ ਹੋਇਆ ਹੈ, ਉਸ ਦੀ ਕਸ ਜਾਂ ਪਕੜ ਜ਼ਾਹਿਰ ਨਹੀਂ ਹੋ ਰਹੀ। ਇਹ ਅਜੀਬ ਵਰਤਾਰਾ ਹੈ। ਇਕੋ ਚਿੱਤਰ ਵਿਚ ਦੋ ਪਹੁੰਚ ਵਿਧੀਆਂ ਦੇਖਣ ਨੂੰ ਮਿਲਦੀਆਂ ਹਨ। ਜਿਹੜਾ ਹੱਥ ਸੋਹਣੀ ਨੂੰ ਸਹਾਰਾ ਦੇ ਰਿਹਾ ਹੈ, ਉਹ ਉਸ ਦੀ ਦੇਹੀ ਦਾ ਭਾਰ ਵੀ ਚੁੱਕ ਰਿਹਾ ਹੈ। ਫਲਸਰੂਪ ਕੋਮਲ ਦੇਹੀ ਉਪਰ ਹੱਥ ਦੇ ਦਾਬ ਦਾ ਪ੍ਰਭਾਵ ਨਹੀਂ ਦਿਸਦਾ। ਦੂਜੇ ਪਾਸੇ ਮਹੀਵਾਲ ਦੀ ਸੱਜੀ ਬਾਂਹ ਦੇ ਡੌਲੇ ਦੁਆਲੇ ਧਾਗਾ ਬੱਝਾ ਹੋਇਆ ਹੈ। ਸਿੱਧੀ ਬਾਂਹ ਦੇ ਮੁਕਾਬਲੇ ਕੂਹਣੀ ਤੋਂ ਬਾਂਹ ਮੋੜਨ ਵੇਲੇ ਡੌਲਾ ਫੁੱਲ ਜਾਂਦਾ ਹੈ। ਇਸੇ ਕਾਰਨ ਬੰਨ੍ਹੇ ਧਾਗੇ ਵਿਚ ਕੱਸ ਆ ਜਾਂਦੀ ਹੈ। ਚਿਤੇਰਾ ਇਸ ਵੇਰਵੇ ਨੂੰ ਬਾਰੀਕੀ ਨਾਲ ਪਕੜਦਾ ਹੈ। ਇਸ ਤੋਂ ਇਲਾਵਾ ਡੌਲੇ ਦੀ ਫੁਲਾਵਟ ਉਸ ਵੱਲੋਂ ਸਹਾਰੇ ਜਾ ਰਹੇ ਵਜ਼ਨ ਨੂੰ ਦੱਸਦੀ ਹੈ।
ਸਰੀਰਕ ਤਕਲੀਫ਼, ਸਰੀਰਕ ਵਜ਼ਨ ਨੂੰ ਸਹਾਰਾ ਦਿੰਦਿਆਂ ਤੇ ਸਹਾਰਦਿਆਂ ਦਾ ਅਕਸ ਦੋਵਾਂ ਦੇ ਚਿਹਰਿਆਂ ‘ਤੇ ਨਹੀਂ ਉਭਰਦਾ। ਚਿਹਰੇ, ਵਸਤੂ ਸਥਿਤੀ ਦੇ ਵਿਪਰੀਤ ਅਕਹਿ ਸੁਖ ਦੀ ਝਲਕ ਦੇ ਰਹੇ ਹਨ। ਬੰਦ ਅੱਖਾਂ, ਮੀਟੇ ਬੁੱਲ੍ਹ, ਤਿਊੜੀ-ਵਹੀਨ ਮੱਥੇ ਸਰੀਰਕ ਸਾਥ ਉਪਰੰਤ ਉਪਜੇ ਸਕੂਨ ਨੂੰ ਪ੍ਰਗਟ ਕਰਦੇ ਹਨ। ਇੰਜ ਇਹ ਆਂਤਰਿਕ ਕਿਰਿਆ ਦਾ ਬਾਹਰੀ ਪ੍ਰਤੀਕਿਰਿਆਤਮਕ ਰੂਪ ਹੈ। ਰਚੇ ਦ੍ਰਿਸ਼ ਚਿੱਤਰ ਵਿਚ ਖ਼ਾਮੋਸ਼ੀ ਨੂੰ ਜ਼ੁਬਾਨ ਮਿਲੀ ਹੈ, ਕਿਸੇ ਸ਼ਬਦ ਨੂੰ ਨਹੀਂ। ਸੋਹਣੀ ਅਨੇਕਾਂ ਔਕੜਾਂ ਅਤੇ ਪੈਰੋ-ਪੈਰ ਮੌਤ ਦੇ ਖ਼ਤਰਿਆਂ ਦੀ ਪ੍ਰਵਾਹ ਕੀਤੇ ਬਿਨਾਂ ਮਹੀਵਾਲ ਨੂੰ ਮਿਲਦੀ ਹੈ ਤਾਂ ਪ੍ਰਾਥਮਿਕਤਾ ਸਰੀਰ-ਛੋਹ ਨੂੰ ਮਿਲਦੀ ਹੈ, ਕਿਸੇ ਸ਼ਬਦ ਨੂੰ ਨਹੀਂ। ਉਨ੍ਹਾਂ ਦੇ ਸਿਰ ਉਪਰ ਤੈਰਦੇ, ਲਿਸ਼ਕਦੇ ਬੱਦਲ ਕਿਸੇ ਨਾ ਕਿਸੇ ਤਰ੍ਹਾਂ ਸ਼ੋਰ ਤੇ ਹਲਚਲ ਦਾ ਸੰਕੇਤ ਦਿੰਦੇ ਹਨ। ਉਨ੍ਹਾਂ ਦੇ ਪਿੱਛੇ ਵਹਿ ਰਹੇ ਚਨਾਬ ਦਾ ਪਾਣੀ ਆਪਣੀ ਲੈਅਦਾਰ ਆਵਾਜ਼ ਨੂੰ ਚੁਫ਼ੇਰੇ ਬਿਖੇਰ ਰਿਹਾ ਹੈ, ਪਰ ਚਨਾਬ ਪਾਰ ਕਰ ਕੇ ਆਈ ਸੋਹਣੀ ਸ਼ਾਂਤ ਚਿੱਤ ਹੈ। ਸ਼ਾਂਤ ਚਿੱਤ ਦੋਵੇਂ ਹਨ, ਜਿਵੇਂ ਕੁਝ ਵਾਪਰਿਆ ਹੀ ਨਹੀਂ, ਜਿਵੇਂ ਉਨ੍ਹਾਂ ਦੇ ਆਲੇ-ਦੁਆਲੇ ਕੁਝ ਵਾਪਰ ਹੀ ਨਹੀਂ ਰਿਹਾ। ਦੋਵਾਂ ਦੇ ਮਨ-ਤਨ, ਜਿਸ ਸੰਕਟ ਥਾਣੀਂ ਗੁਜ਼ਰੇ ਹਨ, ਉਸ ਦੀ ਝਰੀਟ ਮਾਤਰ ਵੀ ਚਿਤੇਰੇ ਨੇ ਨਹੀਂ ਵਾਹੀ। ਇਹ ਚਿੱਤਰਕਾਰ ਦੀ ਮਨੌਤ ਦਾ ਫ਼ਲ ਹੈ ਜਿਸ ਨੇ ਜ਼ੁਲਮ ਕਰਨ ਵਾਲਿਆਂ ਜਾਂ ਜ਼ੁਲਮ ਦੇ ਨਿਸ਼ਾਨਾਂ ਨੂੰ ਪੇਂਟ ਨਹੀਂ ਕੀਤਾ।
ਸੋਹਣੀ-ਮਹੀਵਾਲ ਦੀ ਨਦੀ ਵਿਚੋਂ ਨਿਕਲਣ ਦੀ ਕਿਰਿਆ ਇੰਜ ਲੱਗਦੀ ਹੈ ਜਿਵੇਂ ਕੋਈ ‘ਗ੍ਰੋ’ ਕਰ ਰਿਹਾ ਹੈ। ਇਸ ਵੱਲ ਧਿਆਨ ਤਾਂ ਗਿਆ, ਕਿਉਂਕਿ ਦੋਵਾਂ ਦੀ ‘ਪੁਜ਼ੀਸ਼ਨ’ ਅਜਿਹੀ ਹੈ ਜਿਥੇ ਉਹ ਗੋਡਿਆਂ ਭਾਰ ਹਨ ਵੀ, ਤੇ ਨਹੀਂ ਵੀ। ਇਹ ਸੱਚ ਹੈ ਕਿ ਅਗਲੇ ਪਲਾਂ ਵਿਚ ਇਸ ਪੁਜ਼ੀਸ਼ਨਾਂ ਨੂੰ ਤੱਜ ਇਨ੍ਹਾਂ ਨੇ ਆਪਣੇ ਪੈਰਾਂ ਭਾਰ ਹੋ ਜਾਣਾ ਹੈ, ਜਿਵੇਂ ਕੋਈ ਬੂਟਾ ਸਹਿਜ ਭਾਵ ਵਧਦਾ ਹੈ, ਬਿਨਾਂ ਕਿਸੇ ਆਵਾਜ਼ ਦੇ। ਲਗਪਗ ਇਹੋ ਅਵਸਥਾ ਇਨ੍ਹਾਂ ਪ੍ਰੇਮੀਆਂ ਦੀ ਹੈ।
ਪ੍ਰੇਮੀਆਂ ਦਾ ਆਲਾ-ਦੁਆਲਾ ਦੂਰ ਤਕ ਬੇਆਬਾਦ ਹੈ, ਕੋਈ ਹਰਿਆਵਲ ਨਹੀਂ। ਐਨ ਖੱਬੇ ਵੱਲ ਥੱਲੇ ਰੁੰਡ-ਮਰੁੰਡ ਰੁੱਖ ਹੈ। ਇਹ ਪੇਂਟਿੰਗ ਦੀ ਕੰਪੋਜ਼ੀਸ਼ਨ ਦਾ ਅਹਿਮ ਜੁਜ਼ ਹੈ ਅਤੇ ਆਪਣੇ-ਆਪ ਇਹ ਅਰਥ ਵਿਹੂਣਾ ਵੀ ਨਹੀਂ। ਇਹ ਜੋੜੇ ਦੇ ਰਾਹ ਆਉਣ ਵਾਲੀ ਵੀਰਾਨਗੀ ਨੂੰ ਚਿਹਨਤ ਕਰਦਾ ਲੱਗਦਾ ਹੈ। ਉਨ੍ਹਾਂ ਪਾਸ ਅਜਿਹੀ ਕੋਈ ਵਸਤੂ ਜਾਂ ਹਥਿਆਰ ਨਹੀਂ ਜਿਸ ਨਾਲ ਆਉਣ ਵਾਲੀ ਕਿਸੇ ਔਕੜ ਜਾਂ ਵਿਰੋਧੀ ਦਾ ਸਾਹਮਣਾ ਕਰ ਸਕਣ।
ਮਹੀਵਾਲ ਦੇ ਮੋਢੇ ਉਪਰ ਭੂਰੀ ਕੰਬਲੀ ਹੈ। ਉਸ ਦੇ ਸਿਰ ਦੁਆਲੇ ਕੱਸਵਾਂ ਰੰਗਦਾਰ ਸਾਫਾ ਬੱਝਾ ਹੋਇਆ ਹੈ। ਕੰਬਲੀ ਗੂੜ੍ਹੇ ਰੰਗ ਦੀ ਹੋਣ ਕਾਰਨ ਸੋਹਣੀ ਦਾ ਸਰੀਰ ਅਤੇ ਉਸ ਦੇ ਤਨ ਨੂੰ ਢਕ ਰਿਹਾ ਪਾਰਦਰਸ਼ੀ ਸਫ਼ੈਦ ਕੱਪੜਾ ਉਭਾਰ ਲੈ ਰਿਹਾ ਹੈ। ਨਦੀ ਪਾਰ ਕੇ ਆਈ ਸੋਹਣੀ ਦੇ ਤਨ ਲਿਪਟਿਆ ਕੱਪੜਾ ਭਿਜਿਆ ਹੋਣ ਕਾਰਨ ਉਸ ਦੀ ਦੇਹ ਨੂੰ ਕੱਜਦਾ ਘੱਟ ਅਤੇ ਉਘਾੜਦਾ ਜ਼ਿਆਦਾ ਹੈ। ਜਿੰਨਾ ਕੁ ਲੁਕਾਇਆ ਜਾ ਰਿਹਾ ਹੈ, ਉਸ ਤੋਂ ਵੱਧ ਦਿਖਾਇਆ ਜਾ ਰਿਹਾ ਹੈ। ਚਿੱਤਰ ਤੋਂ ਇਹ ਸਾਫ਼ ਨਹੀਂ ਹੁੰਦਾ ਕਿ ਉਸ ਨੇ ਕੀ ਪਹਿਨਿਆ ਹੋਇਆ ਹੈ। ਅਸਲ ਵਿਚ ਚਿੱਤਰਕਾਰ ਦੀ ਮਨਸ਼ਾ ਵਸਤਰ ਦਿਖਾਵੇ ਵਿਚ ਨਹੀਂ, ਕੁਝ ‘ਹੋਰ’ ਹੈ। ਉਹ ਦੋਵਾਂ ਦੇ ਮਿਲਣ ਵਿਚੋਂ ਅਧਿਆਤਮਕ ਸੁਖ ਦੇਖ ਰਿਹਾ ਹੈ, ਭਾਵੇਂ ਇਹ ਕੁਝ ਸਮੇਂ ਲਈ ਹੈ। ਉਂਜ, ਦਰਸ਼ਕ ਨੂੰ ਅਜਿਹੀ ਮਜਬੂਰੀ ਨਹੀਂ। ਦੋਵੇਂ ਪ੍ਰੇਮੀ ਜਵਾਨ ਹਨ। ਉਹ ਸੁੰਦਰ ਤੇ ਬਲਸ਼ਾਲੀ ਵੀ ਹਨ। ਚਿੱਤਰਕਾਰ ਸੁਡੌਲਤਾ ਅਤੇ ਸੁੰਦਰਤਾ ਨੂੰ ਆਪਣੀ ਤਰ੍ਹਾਂ ਜ਼ਾਹਿਰ ਕਰਦਾ ਹੈ। ਮਹੀਵਾਲ ਦੇ ਸਰੀਰ ਨਾਲੋਂ ਸੋਹਣੀ ਦੇ ਸਰੀਰ ਨੂੰ ਪ੍ਰਮੁਖਤਾ ਮਿਲੀ ਹੈ। ਉਂਜ ਵੀ ਇਨ੍ਹਾਂ ਦੇ ਨਾਮ ਉਚਾਰੇ ਜਾਂਦੇ ਹਨ ਤਾਂ ਪਹਿਲਾਂ ਸੋਹਣੀ ਆਉਂਦਾ ਹੈ, ਫਿਰ ਮਹੀਵਾਲ। ਚਿੱਤਰ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਕਦਮ ਚੁੱਕ ਅੱਗੇ ਵਧਿਆ ਜਾਵੇਗਾ, ਉਸ ਦੀ ਪਹਿਲ ਸੋਹਣੀ ਵੱਲੋਂ ਹੀ ਹੋਵੇਗੀ।
ਤਿੱਖੇ ਨੈਣ-ਨਕਸ਼ ਵਾਲੀ ਨਾਇਕਾ ਦੇ ਮੱਥੇ ਟਿੱਕਾ, ਕੰਨੀਂ ਵਾਲੀਆਂ, ਗਲ ਪਤਲੀ ਗਾਨੀ ਤੇ ਬਾਹੀਂ ਚੂੜੀਆਂ ਹਨ। ਭਿੱਜੇ ਵਾਲ ਲੱਕ ਨੂੰ ਛੋਹ ਰਹੇ ਹਨ। ਸਾਰੀ ਸੁੰਦਰਤਾ ਵਿਚ ਵਾਧਾ ਕਰਨ ਵਾਲੀਆਂ ਇਹ ਕੁਝ ਕੁ ਇਕਾਈਆਂ ਹਨ, ਪਰ ਸੁੰਦਰਤਾ ਦਾ ਅਸਲ ਸੋਮਾ ਉਸ ਦਾ ਆਪਣਾ ਸਰੀਰ ਹੈ। ਸੋਭਾ ਸਿੰਘ ਦੀਆਂ ਸਾਰੀਆਂ ਪ੍ਰੇਮ ਨਾਇਕਾਵਾਂ ਸਰੀਰਕ ਖਿੱਚ ਵਾਲੀਆਂ ਹਨ।
ਦੇਸ਼ ਵੰਡ ਤੋਂ ਪਹਿਲਾਂ ਵਾਲੀ ਪੇਂਟਿੰਗ ਅਤੇ ਵੰਡ ਤੋਂ ਬਾਅਦ ਵਾਲੇ ਚਿੱਤਰ ਵਿਚ ਫਰਕ ਹੈ। ਉਥੇ ਦੋਵਾਂ ਦੇ ਮੂੰਹ ਬਿਲਕੁਲ ਸਿੱਧੇ ਹਨ ਅਤੇ ਇਕ ਚਿਹਰਾ ਦੂਜੇ ਚਿਹਰੇ ਦੇ ਸਮਾਂਤਰ ਲਗਦਾ ਹੈ। ਉਥੇ ਸੱਜੇ ਪਾਸੇ ਮੋਢੇ ਤੋਂ ਆ ਰਿਹਾ ਸਫ਼ੈਦ ਕੱਪੜਾ ਸੱਜੀ ਛਾਤੀ ਨੂੰ ਛੋਹ ਕੇ ਹੇਠਲੇ ਤਨ ਨੂੰ ਢੱਕ ਰਿਹਾ ਹੈ। ਇਉਂ ਸਾਰੀ ਛਾਤੀ ਅਣਕੱਜੀ ਹੀ ਰਹਿੰਦੀ ਹੈ।
ਵੰਡ ਤੋਂ ਬਾਅਦ ਦੇ ਪ੍ਰਤੀਰੂਪਾਂ ਵਿਚ ਸੁਧਾਰ ਆਉਂਦਾ ਹੈ। ਮਹੀਵਾਲ ਦਾ ਚਿਹਰਾ ਅੱਗੇ ਵੱਲ ਨੂੰ ਝੁਕਿਆ ਹੋਇਆ ਹੈ ਜਦੋਂਕਿ ਸੋਹਣੀ ਦਾ ਸਿਰ ਥੋੜ੍ਹਾ ਜਿਹਾ ਉਪਰ ਵੱਲ ਨੂੰ ਹੈ। ਸੋਹਣੀ ਦੇ ਤਨ ਨੂੰ ਢਕਣ ਵਾਲਾ ਕੱਪੜਾ ਹੁਣ ਸੱਜੇ ਵੱਲੋਂ ਨਹੀਂ ਆਉਂਦਾ, ਸਗੋਂ ਉਹ ਗਿਲਾ ਹੋ ਕੇ ਜਿਸਮ ਨਾਲ ਚਿਪਕਿਆ ਹੋਇਆ ਹੈ।
ਸੋਹਣੀ ਨੂੰ ਮਹੀਵਾਲ ਨਾਲ ਜੋੜਨ ਵਾਲੀ ਇਕ ਹੋਰ ਇਕਾਈ ਘੜਾ ਵੀ ਹੈ। ਇਸੇ ਸਾਧਨ ਰਾਹੀਂ ਉਹ ਨਦੀ ਪਾਰ ਕਰ ਕੇ ਪ੍ਰੇਮੀ ਨੂੰ ਮਿਲਣ ਉਪਰੰਤ ਮੁੜ ਆਪਣੇ ਘਰ ਭਾਵ ਸਮਾਜ ਵਿਚ ਆ ਸਮਾਉਂਦੀ ਹੈ। ਚਿੱਤਰ ਮਹੱਤਵਪੂਰਨ ਸੁਨੇਹਾ ਦੇ ਰਿਹਾ ਹੈ। ਇਸ ਦੀ ਵਿਆਖਿਆ ਲੌਕਿਕ ਵੀ ਹੋ ਸਕਦੀ ਹੈ ਤੇ ਅਲੌਕਿਕ ਵੀ। ਜੋ ਦ੍ਰਿਸ਼ਟੀ ਦੀ ਪਕੜ ਵਿਚ ਹੈ, ਉਹ ਸਪਸ਼ਟ ਹੈ। ਜੋ ਪਕੜ ਵਿਚ ਨਹੀਂ, ਉਸ ਨੂੰ ਅਦ੍ਰਿਸ਼ ਨਾਲ ਜੋੜ ਕੇ ਦੇਖ ਲਿਆ ਜਾਂਦਾ ਹੈ।
ਚਿੱਤਰ ਵਿਚ ਘੜਾ ਅੱਗੇ ਹੈ, ਫਿਰ ਸੋਹਣੀ ਹੈ ਤੇ ਐਨ ਪਿੱਛੇ ਮਹੀਵਾਲ। ਇਹ ਦਰਜਾਬੰਦੀ ਆਪਣੇ ਆਪ ਸਭ ਕੁਝ ਉਚਾਰ ਰਹੀ ਹੈ। ਸੋਹਣੀ ਕਿਨਾਰੇ ਪਹੁੰਚ ਕੇ ਆਪਣੇ ਪ੍ਰੇਮੀ ਨਾਲ ਮਿਲਾਪ ਦੇ ਬਾਵਜੂਦ ਉਸ ਸਾਧਨ (ਘੜੇ) ਦਾ ਤਿਆਗ ਨਹੀਂ ਕਰਦੀ। ਇਕ ਬਾਂਹ ਜੇ ਪ੍ਰੇਮੀ ਦੀ ਦੇਹ ਦੁਆਲੇ ਹੈ ਤਾਂ ਦੂਜੇ ਹੱਥ ਘੜਾ ਹੈ। ਪਰਮ ਆਨੰਦ ਦੀ ਅਵਸਥਾ ਵਿਚ ਵੀ ਉਹ ਕਿਸੇ ਇਕ ਨੂੰ ਤਿਆਗਦੀ ਨਹੀਂ। ਸੰਜੁਗਤੀ ਦੀ ਇਸ ਅਵਸਥਾ ਦਾ ਰਚੇਤਾ, ਸੋਹਣੀ ਨਹੀਂ; ਚਿੱਤਰਕਾਰ ਹੈ। ਸੋਭਾ ਸਿੰਘ ਘੜੇ ਨੂੰ ਚਿੱਤਰ ਵਿਚੋਂ ਬਾਹਰ ਕਰ ਸਕਦੇ ਸੀ, ਉਹ ਥੋੜ੍ਹੀ ਵਿਥ ‘ਤੇ ਵੀ ਟਿਕਾਅ ਸਕਦੇ ਸਨ, ਪਰ ਇਉਂ ਹੋਣ ਨਾਲ ਬੱਝਵਾਂ ਸੰਦੇਸ਼ ਜਾਣਾ ਸੀ। ਸਾਧਨ ਜੇ ਜੀਵਨ ਦਾ ਆਧਾਰ ਹੈ, ਉਹ ਮੌਤ ਦਾ ਸਬੱਬ ਵੀ ਬਣ ਸਕਦਾ ਹੈ। ਇਹ ਕਥਾ ਇਹ ਗੱਲ ਵੀ ਕਹਿੰਦੀ ਹੈ। ਘੜੇ ਵਿਚ ਕੁਝ ਹੈ, ਪਰ ਕੀ ਹੈ ਇਹ ਕਿਹਾ ਨਹੀਂ ਜਾ ਸਕਦਾ। ਕੀ ਇਹ ਸੋਹਣੀ ਦੇ ਵਸਤਰ ਹਨ? ਜੇ ਹਨ ਤਾਂ ਉਹ ਸੁੱਕੇ ਹੋਏ ਨਹੀਂ ਹੋ ਸਕਦੇ।
ਚਿੱਤਰ ਵਿਚ ਪ੍ਰਕਾਸ਼ ਦੇ ਦੋ ਸਰੋਤ ਹਨ। ਇਕ ਪੱਛਮ ਵਿਚ ਅਸਤ ਹੋ ਰਿਹਾ ਸੂਰਜ ਅਤੇ ਦੂਜਾ, ਅੰਬਰੀਂ ਲਿਸ਼ਕਦੀ ਬਿਜਲੀ। ਇਹ ਸੂਰਜੀ ਲੋਅ ਹੀ ਹੈ ਜੋ ਸਾਰੇ ਵਾਤਾਵਰਨ ਨੂੰ ਦੇਖਣ ਯੋਗ ਬਣਾ ਰਹੀ ਹੈ। ਆਕਾਸ਼ੀ ਬਿਜਲੀ ਦ੍ਰਿਸ਼ ਨੂੰ ਅਲੌਕਿਤ ਨਹੀਂ ਕਰ ਰਹੀ। ਧਰਤੀ ਦੇ ਨਿੱਕੇ ਟੁਕੜੇ ਉਪਰ ਜੋ ਹੋ ਰਿਹਾ ਹੈ, ਬਿਜਲੀ ਉਸ ਦੇ ਵਿਪਰੀਤ ਕੰਮ ਕਰ ਰਹੀ ਹੈ।
ਪੇਂਟਿੰਗ-ਸਪੇਸ ਵਿਚ ਦੂਰ ਤਕ ਤੀਜੀ ਧਿਰ ਨਹੀਂ ਹੈ, ਪਰ ਉਸ ਦੀ ਮੌਜੂਦਗੀ ਜ਼ਰੂਰ ਹੈ। ਉਸੇ ਤੋਂ ਵੱਖ ਹੋ ਕੇ ਇਨ੍ਹਾਂ ਇਹ ਜਗ੍ਹਾ ਚੁਣੀ ਹੈ। ਵੱਡਾ ਸਪੇਸ ਘੇਰਨ ਵਾਲੇ ਦੋ ਤੱਤ ਹਨ- ਨਦੀ ਅਤੇ ਅਸਥਾਈ ਸੰਘਣੇ ਬੱਦਲ। ਵਗਦੇ ਪਾਣੀ ਨੂੰ ਸਮੇਂ ਵਜੋਂ ਵੀ ਦੇਖਿਆ ਜਾਂਦਾ ਹੈ। ਸੰਘਣੇ, ਸਿਆਹ, ਕੜਕਦੇ, ਲਿਸ਼ਕਦੇ ਬੱਦਲਾਂ ਨੂੰ ਸਮਾਜ ਦੇ ਪ੍ਰਤੀਰੂਪ ਵਜੋਂ ਲਿਆ ਜਾ ਸਕਦਾ ਹੈ।
ਇਸ ਪੇਂਟਿੰਗ ਨੂੰ ਵਿਸ਼ਾਲ ਦਰਸ਼ਕ ਸਮੂਹ, ਵਿਸ਼ੇਸ਼ ਕਰ ਕੇ ਪੰਜਾਬੀਆਂ ਵੱਲੋਂ ਸਵੀਕਾਰਿਆ ਗਿਆ ਹੈ। ਅਨੇਕਾਂ ਨੇ ਇਸ ਉਪਰ ਅਸ਼ਲੀਲ ਹੋਣ ਦਾ ਇਲਜ਼ਾਮ ਲਾਇਆ ਹੈ। ਇਉਂ ਕਹਿਣ ਵਾਲੇ ਵਿਦਵਾਨ ਭਾਰਤੀ ਕਲਾ ਪਰੰਪਰਾ ਤੋਂ ਅਣਜਾਣ ਜਾਪਦੇ ਹਨ।
ਇਹ ਉਲਝਣ ਸਦਾ ਬਣੀ ਰਹਿਣੀ ਹੈ, ਕਿਉਂਕਿ ਫੈਸਲਾ ਕਰਨ ਵਾਲਾ ਖ਼ੁਦ ਨੂੰ ਵਸਤੂ ਵਿਚ ਉਲਝਾ ਲੈਂਦਾ ਹੈ। ਵਸਤੂ ਪੱਧਰ ਜੇ ਚਿੱਤਰ ਨੂੰ ਖੰਡ-ਖੰਡ ਕਰ ਕੇ ਦੇਖੀਏ ਤਾਂ ਬਣੀ ਮਨੌਤ ਆਪੇ ਭੁਰਨ ਲੱਗਦੀ ਹੈ। ਵਿਰੋਧੀਆਂ ਨੇ ਇਸ ਕਲਾਕ੍ਰਿਤ ਨੂੰ ਇਉਂ ਦੇਖਣ ਦੀ ਕਦੇ ਹਿੰਮਤ ਨਹੀਂ ਕੀਤੀ। ‘ਸੋਹਣੀ-ਮਹੀਵਾਲ’ ਰਚਨਾ ਦਾ ਪ੍ਰਭਾਵ ਤੇ ਸੁੰਦਰਤਾ ਤਾਂ ਹੀ ਉਜਾਗਰ ਹੁੰਦੀ ਹੈ ਜੇ ਸਮੁੱਚ ਨੂੰ ਇਕਾਈ ਵਜੋਂ ਦੇਖਿਆ ਜਾਵੇ।
ਭਾਰਤੀ ਅਧਿਆਤਮਕ ਖੇਤਰ ਵਿਚ ‘ਛੋਹ’ ਦਾ ਬਹੁਤ ਮਹੱਤਵ ਹੈ। ਪ੍ਰਾਪਤੀ ਤਕ ਪਹੁੰਚ ਚੁੱਕੀ ਸ਼ਖ਼ਸੀਅਤ ਦੀ ਇਕ ਛੋਹ ਹੀ ਮਿਲਣ ਵਾਲੇ ਦਾ ਜੀਵਨ ਬਦਲ ਸਕਦੀ ਹੈ। ਸੋਹਣੀ ਮਹੀਵਾਲ ਦਾ ਚਿੱਤਰ ਸੁਚੇਤ ਤੌਰ ‘ਤੇ ਉਸੇ ਅਵਸਥਾ ਦੀ ਪੇਸ਼ਕਾਰੀ ਹੈ। ਸੋਭਾ ਸਿੰਘ ਖ਼ੁਦ ਇਹ ਸਵੀਕਾਰ ਕਰਦੇ ਰਹੇ ਕਿ ਪ੍ਰੇਮ ਵਿਗੁੱਚੇ ਇਨ੍ਹਾਂ ਪਾਤਰਾਂ ਦਾ ਮਿਲਣ ਅਧਿਆਤਮਕ ਮਿਲਣ ਜਿਹਾ ਹੈ, ਕਿਉਂਕਿ ਉਸ ਵੇਲੇ ਉਨ੍ਹਾਂ ਨੂੰ ਦੀਨ ਦੁਨੀਆਂ ਦੀ ਪ੍ਰਵਾਹ ਨਹੀਂ ਰਹਿੰਦੀ। ਕਾਲਾਂਤਰ ਵਿਚ ਉਹ ਇਹ ਵਿਚਾਰ ਇਸ ਆਧਾਰ ‘ਤੇ ਤਿਆਗ ਦਿੰਦੇ ਹਨ ਕਿ ਜੇ ਇਹ ਵਿਆਹੇ ਜਾਂਦੇ ਤਾਂ ਇਨ੍ਹਾਂ ਵੀ ਕਲਾਹ-ਕਲੇਸ਼ ਦਾ ਸ਼ਿਕਾਰ ਹੋ ਜਾਣਾ ਸੀ। ਉਪਰੰਤ ਉਹ ਗੁਰੂ ਸਾਹਿਬਾਨ ਦੇ ਚਿੱਤਰ ਪੇਂਟ ਕਰਨ ਲੱਗੇ।