ਟੰਗ ਗਿਉਂ ਵਿਚ ਕਿੱਕਰਾਂ

ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਾਂਝ ਦੀਆਂ ਬਾਤਾਂ ਬਥੇਰੇ ਪੰਜਾਬੀ ਲਿਖਾਰੀਆਂ ਨੇ ਪਾਈ ਹੈ। ਸਿਆਸੀ ਆਗੂ, ਪਰ ਸਾਹਿਤ ਦੇ ਰਸੀਏ ਹਰਨੇਕ ਸਿੰਘ ਘੜੂੰਆਂ ਨੇ ਆਪਣੇ ਇਸ ਲੇਖ ‘ਟੰਗ ਗਿਉਂ ਵਿਚ ਕਿੱਕਰਾਂ’ ਵਿਚ ਇਸ ਸਾਂਝ ਨੂੰ ਦੋਸਤੀ ਦੇ ਵਰਕ ਵਿਚ ਵਲ੍ਹੇਟਦਿਆਂ ਕੁਝ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।

ਇਨ੍ਹਾਂ ਗੱਲਾਂ-ਬਾਤਾਂ ਵਿਚ ਇਕ-ਦੂਜੇ ਲਈ ਲਲ੍ਹਕ ਦੀਆਂ ਝਲਕਾਂ ਦੇ ਫੁੱਟ ਰਹੇ ਫੁਹਾਰੇ ਦਿਸਦੇ ਹੀ ਹਨ ਜੋ ਆਪ-ਮੁਹਾਰੇ ਤਾਂ ਹਨ ਹੀ, ਇਨ੍ਹਾਂ ਵਿਚ ਮੁਹੱਬਤਾਂ ਦੀਆਂ ਕਨਸੋਆਂ ਵੀ ਖੂਬ ਪੈਂਦੀਆਂ ਹਨ। -ਸੰਪਾਦਕ
ਹਰਨੇਕ ਸਿੰਘ ਘੜੂੰਆਂ
ਗੱਲ ਮੇਰੇ ਆਪਣੇ ਪਿੰਡ ਤੋਂ ਸ਼ੁਰੂ ਹੁੰਦੀ ਹੈ, ਪਿੰਡ ਦੀ ਉਹ ਜਿਸ ਨਾਲ ਜੁੜੀਆਂ ਯਾਦਾਂ ਮੂਹਰੇ ਸਵਰਗ ਵੀ ਫਿੱਕਾ ਪੈ ਜਾਂਦਾ ਹੈ। ਅਤਿਵਾਦ ਦੇ ਦਿਨਾਂ ਵਿਚ ਥੋੜ੍ਹੇ ਸਮੇਂ ਲਈ ਪਿੰਡੋਂ ਪੈਰ ਪੁੱਟਣਾ ਪਿਆ ਸੀ, ਪਰ ਮੁੜ ਘਰ ਦੇ ਕੋਠੇ ‘ਤੇ ਸੌਣਾ ਨਸੀਬ ਨਹੀਂ ਹੋਇਆ।
ਨਿੱਕੇ ਹੁੰਦਿਆਂ ਅਸੀਂ ਗਰਮੀਆਂ ਵਿਚ ਕੋਠੇ Ḕਤੇ ਸੌਣਾ, ਘਰਾਂ ਵਿਚ ਟੀæਵੀæ ਤਾਂ ਦੂਰ ਦੀ ਗੱਲ, ਪਿੰਡਾਂ ਵਿਚ ਰੇਡੀਓ ਵੀ ਨਹੀਂ ਸਨ ਹੁੰਦੇ, ਪਰ ਜਿਸ ਦਿਨ ਜੰਞ ਬਰਾਤ ਆਉਣੀ, ਪਿੰਡ ਦੀ ਧਰਮਸ਼ਾਲਾ ਵਿਚ ਲੱਗਿਆ ਸਪੀਕਰ ਉਦੋਂ ਤਕ ਸੁਣਦੇ ਰਹਿਣਾ, ਜਦੋਂ ਤੱਕ ਸ਼ਰਾਬੀਆਂ ਨੇ ਛਿਤਰੋ-ਛਿਤਰੀ ਹੋ ਕੇ ਬੰਦ ਨਾ ਕਰਵਾ ਦੇਣਾ। ਕਿਸੇ ਕਿਸੇ ਦਿਨ ਖਲਵਾੜਿਆਂ ਦੇ ਦਿਨੀਂ ਇਕ ਹੋਰ ਵੰਨਗੀ ਸੁਣਨ ਨੂੰ ਮਿਲਦੀ। ਸਾਡੇ ਪਿੰਡ ਦਾ ਅਤਿ ਸੁਹਣਾ ਸੁਨੱਖਾ ਗੱਭਰੂ ਫਲ੍ਹਾ ਹੱਕਦਾ, ਕਲੀਆਂ ਲਾਉਂਦਾ ਹੁੰਦਾ ਸੀ। ਉਨ੍ਹਾਂ ਦੇ ਖੇਤ ਚੜ੍ਹਦੀ ਵਾਲੇ ਪਾਸੇ ਹੁੰਦੇ ਸਨ। ਟਿਕੀ ਹੋਈ ਰਾਤ ਵਿਚ ਜਦੋਂ ਉਸ ਨੇ ਕਲੀ ਲਗਾਉਣੀ, ਰਾਤ ਦੇ ਪਿੰਡੇ ਨੂੰ ਕੰਬਣੀ ਛਿੜ ਜਾਣੀ। ਉਹ ਪਿੰਡ ਦੀ ਕਿਸੇ ਔਰਤ ਨੂੰ ਮੁਹੱਬਤ ਕਰਦਾ ਸੀ। ਉਹ ਭਾਵੇਂ ਅੰਤਾਂ ਦਾ ਸੁਹਣਾ ਸੁਨੱਖਾ ਸੀ, ਪਰ ਜ਼ਮੀਨ ਥੋੜ੍ਹੀ ਹੋਣ ਕਰ ਕੇ ਉਸ ਦਾ ਰਿਸ਼ਤਾ ਨਹੀਂ ਸੀ ਹੋਇਆ। ਕਲੀ ਤੋਂ ਪਹਿਲਾਂ ਉਹ ਕਦੇ ਕਦੇ ਦੋਹਰਾ ਲਗਾਉਂਦਾ। ਜੇ ਤਾਂ ਉਸ ਦੀ ਦੋਸਤੀ ਠੀਕ-ਠਾਕ ਚੱਲ ਰਹੀ ਹੁੰਦੀ, ਉਸ ਦਾ ਦੋਹਰਾ ਹੁੰਦਾ ਸੀ:
ਉਚੇ ਬੁਰਜ ਲਾਹੌਰ ਦੇ
ਨਾਰ ਸੁਕਾਵੇ ਕੇਸ।
ਯਾਰ ਦਿਖਾਈ ਦੇ ਗਿਆ
ਕਰ ਕੇ ਭਗਵਾਂ ਭੇਸ।
ਜੇ ਕਦੇ ਉਸ ਦਾ ਉਸ ਔਰਤ ਨਾਲ ਮਨ-ਮੁਟਾਵ ਹੋਇਆ ਹੁੰਦਾ, ਤਦ ਦੋਹਰਾ ਪੜ੍ਹਦਾ:
ਉਚੇ ਬੁਰਜ ਬਰੋਬਰ ਮੋਰੀ,
ਦੀਵਾ ਕਿਸ ਬਿਧ ਧਰੀਏ।
ਨਾਰ ਬੇਗ਼ਾਨੀ ਆਦਰ ਥੋੜ੍ਹਾ,
ਗਲ ਲਗ ਕੇ ਮਰੀਏ।
ਉਨ੍ਹਾਂ ਦਿਨਾਂ ਵਿਚ ਭਾਵੇਂ ਮੈਨੂੰ ਮੁਹੱਬਤ ਦੀ ਇਬਾਰਤ ਸਮਝ ਨਹੀਂ ਸੀ ਆਉਂਦੀ, ਪਰ ਲਾਹੌਰ ਦੇ ਉਚੇ ਬੁਰਜ ਹਮੇਸ਼ਾ ਲਈ ਮੇਰੇ ਜ਼ਿਹਨ ਵਿਚ ਉਕਰੇ ਗਏ। ਜਿਉਂ ਹੀ ਮੈਂ ਪਾਕਿਸਤਾਨ ਜਾਣਾ ਸ਼ੁਰੂ ਕੀਤਾ, ਇਨ੍ਹਾਂ ਉਚੇ ਬੁਰਜਾਂ ਨੂੰ ਲੱਭਣ ਲਈ ਜਗ੍ਹਾ ਜਗ੍ਹਾ ਭਟਕਿਆ, ਤੇ ਕਿੰਨੇ ਹੀ ਵਿਦਵਾਨਾਂ ਨਾਲ ਰਾਬਤਾ ਕੀਤਾ, ਪਰ ਮੇਰੇ ਸਵਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਕਿਸੇ ਸੱਜਣ ਨੇ ਦੱਸਿਆ, “ਉਚੇ ਬੁਰਜ ਲਾਹੌਰ ਦੇ ਕਿਲ੍ਹੇ ਅੰਦਰ ਹਨ।” ਕਿਲ੍ਹਾ ਸ਼ਹਿਰ ਵਿਚ ਸਭ ਤੋਂ ਉਚੀ ਥਾਂ ‘ਤੇ ਹੈ। ਜਿਉਂ ਹੀ ਮੈਂ ਕਿਲ੍ਹੇ ਵਿਚ ਚਾਰੇ ਪਾਸੇ ਨਜ਼ਰਾਂ ਦੌੜਾਈਆਂ, ਕਿਧਰੇ ਬੁਰਜ ਨਜ਼ਰ ਨਹੀਂ ਆਏ। ਉਥੋਂ ਸਾਰਾ ਸ਼ਹਿਰ ਨਜ਼ਰ ਆਉਂਦਾ ਸੀ। ਨਾ ਹੀ ਸ਼ਹਿਰ ਵਿਚ ਹੋਰ ਕਿਧਰੇ ਉਚੇ ਬੁਰਜ ਸਨ। ਅਖੀਰ ਬੁਰਜਾਂ ਦੀ ਗੱਲ ਡਾਕਟਰ ਉਮਰ ਕੋਲ ਛੇੜੀ। ਉਸ ਨੇ ਝਟ ਜਵਾਬ ਦਿੱਤਾ, “ਇਹ ਸਾਰੀ ਜਗ੍ਹਾ ਜੋ ਬੁਰਜਾਂ ਦਾ ਜ਼ਿਕਰ ਆਉਂਦਾ ਹੈ, ਇਹ ਚਬੁਰਜੀ ਦੇ ਬੁਰਜਾਂ ਦਾ ਜ਼ਿਕਰ ਹੈ।” ਗੱਲ ਮੈਨੂੰ ਜਚ ਗਈ। ਕਿਸੇ ਵੇਲੇ ਚਬੁਰਜੀ ਦੇ ਬੁਰਜ ਬਹੁਤ ਉਚੇ ਹੁੰਦੇ ਸਨ, ਪਰ ਅੱਜ ਵੀ ਬਚ ਬਚਾਅ ਕੇ ਕਾਫੀ ਉਚੇ ਰਹਿ ਗਏ ਹਨ।
ਅਸਲ ਵਿਚ ਖਵਾਜ਼ਾ ਸਦੀਕ ਅਕਬਰ ਮੇਰੇ ਅਜਿਹੇ ਦੋਸਤ ਹਨ, ਜਿਨ੍ਹਾਂ ਦੀਆਂ ਲੱਤਾਂ ਉਚ ਅਧਿਕਾਰੀ ਹੋਣ ਕਾਰਨ ਪਾਕਿਸਤਾਨ ਦੀਆਂ ਏਜੰਸੀਆਂ ਦੇ ਸਾਹਮਣੇ ਭਰ ਚੁੱਕੀਆਂ ਸਨ। ਆਮ ਬੰਦੇ ਤਾਂ ਏਜੰਸੀਆਂ ਤੋਂ ਡਰਦੇ ਲਾਰੇ ਲਾ ਕੇ ਪਿੱਛੇ ਹੋ ਜਾਂਦੇ ਹਨ। ਕਿਸੇ ਵੇਲੇ ਖਵਾਜ਼ਾ ਸਦੀਕ ਅਕਬਰ ਮੀਆਂ ਨਵਾਜ਼ ਸ਼ਰੀਫ ਦੇ ਬਹੁਤ ਨੇੜੇ ਸੀ।
ਖਵਾਜ਼ਾ ਸਦੀਕ ਅਕਬਰ ਦੀ ਜ਼ਿੰਦਗੀ ਬੜੇ ਰੁਝੇਵਿਆਂ ਭਰੀ ਸੀ ਅਤੇ ਮੇਰੀ ਆਓ ਭਗਤ ਦੀ ਸਾਰੀ ਜ਼ਿੰਮੇਵਾਰੀ ਛੋਟੇ ਭਰਾ ਡਾਕਟਰ ਉਮਰ ਦੀ ਹੁੰਦੀ ਸੀ। ਇਸੇ ਤਰ੍ਹਾਂ ਉਹ ਵੀ ਮੇਰਾ ਦੋਸਤ ਬਣ ਗਿਆ। ਕਦੀ ਵਾਰ ਸਰਦੀਆਂ ਦੀਆਂ ਛੁੱਟੀਆਂ ਵਿਚ ਅਸੀਂ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਾ ਲੈਂਦੇ ਅਤੇ ਬਹੁਤੇ ਦਿਨ ਗੁਜਰਾਂਵਾਲੇ ਗੁਜ਼ਾਰਦੇ। ਇਨ੍ਹਾਂ ਦਿਨਾਂ ਵਿਚ ਹੀ ਮੇਰੀ ਬੇਟੀ ਸੋਨੂੰ ਦਾ ਜਨਮ ਦਿਨ ਆਉਂਦਾ ਜੋ ਬੜੇ ਚਾਅ ਨਾਲ ਮਨਾਇਆ ਜਾਂਦਾ। ਸਾਡੇ ਦੋਹਾਂ ਪਰਿਵਾਰਾਂ ਦੇ ਬੱਚੇ ਰਲ ਕੇ ਏਨਾ ਖਰਦੁਮ ਮਚਾਉਂਦੇ ਕਿ ਘਰ ਦੀ ਹਰ ਚੀਜ਼ ਸਵੇਰੇ ਖਿਲਰੀ ਨਜ਼ਰ ਆਉਂਦੀ। ਰਾਤ ਦਾ ਆਗਾਜ਼ ਹੁੰਦਿਆਂ ਹੀ ਅਸੀਂ ਕੋਠੀ ਦੇ ਬਾਹਰਲੇ ਵਿਹੜੇ ਵਿਚ ਬੈਠ ਜਾਂਦੇ, ਜੋ ਘਾਹ ਦੇ ਫੁੱਲਾਂ ਨਾਲ ਸਜਿਆ ਬੜਾ ਮਨਮੋਹਣਾ ਲੱਗਦਾ। ਹਰ ਰਾਤ ਕਿਸੇ ਨਾ ਕਿਸੇ ਕਲਾਕਾਰ ਨੂੰ ਬੁਲਾਇਆ ਜਾਂਦਾ। ਅੱਧੀ ਰਾਤ ਤੋਂ ਭਾਵ ਮੇਰਾ ਛਾਲਾਂ ਮਾਰਨ ਵਾਲੇ ਤੋਂ ਨਹੀਂ, ਉਹ ਲੋਕ ਜਿਨ੍ਹਾਂ ਨੂੰ ਰੱਬ ਨੇ ਗਲੇ ਦਿੱਤੇ ਹਨ ਅਤੇ ਜਿਨਾਂ੍ਹ ਉਸਤਾਦਾਂ ਦੀ ਚੰਡ ਖਾਧੀ ਹੈ, ਇਨ੍ਹਾਂ ਸਾਰਿਆਂ ਦਾ ਮੋਹਰੀ ਸੀ ਮਜੀਦ ਬੱਟ। ਮਜੀਦ ਬੱਟ ਦਾ ਸੰਗੀਤ ਨਾਲ ਪਾਗਲਪਨ ਦੀ ਹੱਦ ਤੱਕ ਲਗਾਓ ਸੀ। ਇਕ ਵਾਰ ਘਰੋਂ ਬਾਜ਼ਾਰ ਦਹੀਂ ਲੈਣ ਨਿਕਲਿਆ, ਅਖਬਾਰ ਵਿਚ ਖਬਰ ਪੜ੍ਹੀ, ਮਹਿੰਦੀ ਹਸਨ ਹਸਪਤਾਲ ਵਿਚ ਦਾਖ਼ਲ ਹੈ। ਉਹ ਉਥੋਂ ਸਿੱਧਾ ਲਾਹੌਰ ਮਹਿੰਦੀ ਹਸਨ ਕੋਲ ਪਹੁੰਚ ਗਿਆ। ਮਹਿੰਦੀ ਹਸਨ ਦੀ ਹਸਪਤਾਲੋਂ ਛੁੱਟੀ ਹੋਣ ਤੱਕ ਖਿਦਮਤ ਕਰਦਾ ਰਿਹਾ।
ਇਸੇ ਤਰ੍ਹਾਂ ਇਕ ਵੇਰ ਮਜੀਦ ਬੱਟ ਦਾ ਬਾਪੂ ਜਦੋਂ ਕਾਰ-ਵਿਹਾਰ ਤੋਂ ਵਾਪਸ ਆਇਆ, ਘਰੇ ਵਿਹੜੇ ਵਿਚ ਸੱਥਰ ਵਿਛਿਆ ਸੀ ਅਤੇ ਕਿੰਨੇ ਹੀ ਬੰਦੇ ਚੁੱਪ-ਚਾਪ ਬੈਠੇ ਸਨ। ਮਜੀਦ ਬੱਟ ਦੇ ਬਾਪੂ ਨੇ ਆਉਂਦਿਆਂ ਹੀ ਅੰਦਾਜ਼ਾ ਲਗਾਇਆ, ਨੇੜੇ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ। ਉਸ ਨੇ ਤਲਖੀ ਵਿਚ ਕਿਹਾ, “ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮੌਤ ਕਿਸ ਰਿਸ਼ਤੇਦਾਰ ਦੀ ਹੋਈ ਹੈ?” ਵਿਚੋਂ ਕਿਸੇ ਨੇ ਜਵਾਬ ਦਿੱਤਾ, “ਜੀ, ਮੌਤ ਕਿਸੇ ਰਿਸ਼ਤੇਦਾਰ ਦੀ ਨਹੀਂ, ਸਗੋਂ ਹਿੰਦੁਸਤਾਨ ਦੇ ਕਲਾਕਾਰ ਮੁਹੰਮਦ ਰਫ਼ੀ ਦੀ ਹੋਈ ਹੈ।” ਬੱਸ ਫਿਰ ਕੀ ਸੀ! ਮਜੀਦ ਬੱਟ ਦੇ ਬਾਪੂ ਨੇ ਸੋਟੀ ਲੈ ਕੇ ਸਾਰੇ ਕਲਾਕਾਰ ਭਾਈਚਾਰੇ ਨੂੰ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ। ਕਿਸੇ ਦੀ ਜੁੱਤੀ ਰਹਿ ਗਈ, ਕਿਸੇ ਦਾ ਪਰਨਾ। ਸਭ ਪਾਸੇ ਹਫੜਾ-ਦਫੜੀ ਮਚ ਗਈ। ਮਜੀਦ ਦੀਆਂ ਦੋ ਫੈਕਟਰੀਆਂ ਸੰਗੀਤ ਦੀ ਭੇਟ ਚੜ੍ਹ ਗਈਆਂ। ਅੱਜ ਕੱਲ੍ਹ ਉਸ ਦੀ ਘਰ ਵਿਚ ਕੋਈ ਪੁੱਛਗਿੱਛ ਨਹੀਂ ਅਤੇ ਫਕੀਰਾਂ ਦੀ ਜ਼ਿੰਦਗੀ ਜਿਉਂਦਾ ਹੈ। ਸੱਤੇ ਸੁਰਾਂ ਦਾ ਧਨੀ ਹੋਣ ਕਰ ਕੇ ਮਜੀਦ ਬੱਟ ਦਾ ਨਾਂ ਪੰਡਿਤ ਮਜੀਦ ਬੱਟ ਪੈ ਗਿਆ ਸੀ। ਡਾਕਟਰ ਉਮਰ ਵਰਗੇ ਸੱਜਣ ਉਸ ਨੂੰ ਹਜ਼ਾਰ ਦੋ ਹਜ਼ਾਰ ਰੁਪਏ ਦੇ ਦਿੰਦੇ। ਉਸ ਦਾ ਥੋੜ੍ਹਾ ਬਹੁਤ ਗੁਜ਼ਾਰਾ ਹੋ ਜਾਂਦਾ। ਜਦੋਂ ਮੈਂ ਪਹਿਲੀ ਵਾਰ ਪੰਡਿਤ ਮਜੀਦ ਬੱਟ ਨੂੰ ਸੁਣਿਆ, ਉਸ ਨੇ ਰਾਗ ਦਰਬਾਰੀ ਵਿਚ ਕੁਝ ਸਤਰਾਂ ਗੁਣਗਣਾਈਆਂ। ਸੁਣ ਕੇ ਮੇਰੇ ਅੰਦਰ ਕੁਝ ਹੋਣ ਲੱਗਾ। ਬੱਸ, æææ। ਡਾਕਟਰ ਉਮਰ ਨੇ ਪੁੱਛਿਆ, “ਹਾਂ ਜੀ, ਕੈਸਾ ਲਗਾ ਪੰਡਿਤ ਜੀ ਕਾ ਕਲਾਮ।”
“ਬੱਸ ਜੀ ਬੜੇ ਗੁਲਾਮ ਅਲੀ ਖਾਨ ਤੋਂ ਬਾਅਦ ਪਹਿਲੀ ਵੇਰ ਇਹ ਚੀਜ਼ ਸੁਣਨ ਨੂੰ ਮਿਲੀ ਹੈ।” ਏਨਾ ਕਹਿਣ ਨਾਲ ਪੰਡਿਤ ਜੀ ਦੀਆਂ ਅੱਖਾਂ ਵਿਚ ਚਮਕ ਆ ਗਈ। ਆਮ ਕਰ ਕੇ ਡਾਕਟਰ ਉਮਰ ਨੂੰ ਮਜੀਦ ਬੱਟ ਮੇਰੇ ਗੁਜਰਾਂਵਾਲੇ ਆਉਣ ਬਾਰੇ ਪੁੱਛਦਾ ਰਹਿੰਦਾ।
ਜੇ ਕਿਸੇ ਦੋਸਤ ਨੇ ਪਾਕਿਸਤਾਨ ਜਾਣਾ ਹੁੰਦਾ, ਮੈਂ ਉਸ ਨੂੰ ਡਾਕਟਰ ਉਮਰ ਕੋਲ ਭੇਜਦਾ ਅਤੇ ਉਹ ਸਾਰੇ ਕੰਮ-ਕਾਰ ਛੱਡ ਕੇ ਹਰ ਜਗ੍ਹਾ ਘੁਮਾਉਂਦਾ ਫਿਰਾਉਂਦਾ। ਇਕ ਵੇਰਾਂ ਰੀਤਇੰਦਰ ਸਿੰਘ ਭਿੰਡਰ ਡਾਕਟਰ ਉਮਰ ਕੋਲ ਠਹਿਰੇ ਅਤੇ ਇਨ੍ਹਾਂ ਦਾ ਪੁਰਾਣਾ ਪਿੰਡ ਅਰੂਪ ਇਥੋਂ ਨੇੜੇ ਹੀ ਸੀ। ਇਨ੍ਹਾਂ ਨੇ ਆਪਣਾ ਪੁਰਾਣਾ ਪਿੰਡ ਵੇਖਣਾ ਸੀ। ਡਾਕਟਰ ਉਮਰ ਨੇ ਏਨੀ ਟਹਿਲ ਸੇਵਾ ਕੀਤੀ ਕਿ ਵਾਪਸੀ ‘ਤੇ ਰੀਤਇੰਦਰ ਸਿੰਘ ਭਿੰਡਰ ਨੇ ਪੁੱਛਿਆ, “ਭਾਈ ਸਾਹਿਬ, ਇਹ ਹੀਰਾ ਕਿਸ ਖਾਣ ਵਿਚੋਂ ਲੱਭਿਆ ਜੇ।”
ਮੇਰੀ ਬੇਟੀ ਸੋਨੂੰ ਦੀ ਸ਼ਾਦੀ ਸੀ। ਤਾਰੀਖ ਮਿਥੀ ਗਈ। ਡਾਕਟਰ ਉਮਰ ਦੇ ਬੱਚੇ ਪਹਿਲੀ ਵੇਰ ਹਿੰਦੁਸਤਾਨ ਆ ਰਹੇ ਸਨ। ਉਨ੍ਹਾਂ ਤੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ। ਉਹ ਹਰ ਰਾਤ ਲੰਮੇ ਲੰਮੇ ਟੈਲੀਫੋਨ ਕਰਦੇ- “ਅਸੀਂ ਕੱਪੜੇ ਖਰੀਦ ਲਏ ਹਨ ਅਤੇ ਦਰਜ਼ੀ ਨੂੰ ਦੇ ਦਿੱਤੇ ਹਨ। ਦਰਜ਼ੀ ਨੇ ਏਨੇ ਦਿਨਾਂ ਦਾ ਸਮਾਂ ਦਿੱਤਾ ਹੈ।” ਹੋਰ ਕਿੰਨਾ ਕੁਝ ਦੱਸਦੇ ਰਹਿੰਦੇ। ਫਿਰ ਅਗਲੀ ਰਾਤ ਫੋਨ ਆਉਂਦਾ- “ਅੰਕਲ ਸਾਡੇ ਵੀਜ਼ਿਆਂ ਦਾ ਕੋਈ ਮਸਲਾ ਤਾਂ ਨਹੀਂ ਬਣ ਜਾਵੇਗਾ। ਸਾਡੇ ਅੱਬੂ ਕਿਤੇ ਪੜ੍ਹਾਈ ਦਾ ਬਹਾਨਾ ਬਣਾ ਕੇ ਛੱਡ ਕੇ ਤਾਂ ਨਹੀਂ ਜਾਣਗੇ।” ਮੇਰਾ ਇਕੋ ਜਵਾਬ ਹੁੰਦਾ- “ਬੇਟੇ ਵੀਜ਼ੇ ਤੋਂ ਲੈ ਕੇ ਅੱਬੂ ਤੱਕ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੀਆਂ ਹਨ।” ਮੇਰੀ ਗੱਲ ਸੁਣ ਕੇ ਝਟ ਸਾਰੇ ਬੱਚੇ ਬਾਗੋ-ਬਾਗ ਹੋ ਜਾਂਦੇ। ਮੈਂ ਬੱਚਿਆਂ ਦੀ ਬੇਕਰਾਰੀ ਦੇਖ ਕੇ ਸੋਚਦਾ, ਦੁਨਿਆਵੀ ਰਿਸ਼ਤਿਆਂ ਨਾਲੋਂ ਦਿਲ ਦੇ ਰਿਸ਼ਤੇ ਕਿੰਨੇ ਖਿੱਚ ਭਰਪੂਰ ਹੁੰਦੇ ਹਨ!
ਇਕ ਰਾਤ ਡਾਕਟਰ ਉਮਰ ਦੀ ਘਰਵਾਲੀ ਦਾ ਫੋਨ ਆਇਆ। ਉਸ ਨੇ ਆਪਣੀ ਤਿਆਰੀ ਦਾ ਜ਼ਿਕਰ ਕਰਦਿਆਂ ਦੱਸਿਆ, “ਸਾਡੀ ਪੂਰੀ ਤਿਆਰੀ ਹੋ ਗਈ ਹੈ। ਹੁਣ ਸੋਨੂੰ ਬੇਟੀ ਵਾਸਤੇ ਕੀ ਲਿਆਈਏ? ਇਹ ਦੱਸੋ।” ਸਾਡਾ ਇਕੋ ਜਵਾਬ ਸੀ- “ਸਾਡੇ ਵਾਸਤੇ ਤੁਹਾਡਾ ਆਉਣਾ ਹੀ ਬਹੁਤ ਹੈ।” ਕਈ ਵੇਰ ਪ੍ਰੋæ ਦੀਪਕ ਮਜ਼ਾਕ ਕਰਦਿਆਂ ਕਹਿੰਦਾ- “ਘੜੂੰਆਂ, ਮੇਲ ਏਧਰ ਨਾਲੋਂ ਪਾਕਿਸਤਾਨ ਤੋਂ ਜ਼ਿਆਦਾ ਹੈ।”
ਇਕ ਦਿਨ ਅਚਾਨਕ ਸਵੇਰ ਵੇਲੇ ਸਾਡੇ ਦੋਸਤ ਗੋਗੀ ਦਾ ਅੰਮ੍ਰਿਤਸਰ ਤੋਂ ਫੋਨ ਆਇਆ- “ਭਾਈ ਸਾਹਿਬ, ਤੁਹਾਨੂੰ ਬੁਰੀ ਖਬਰ ਦੇਣੀ ਹੈ।” ਪਲ ਭਰ ਲਈ ਮੇਰਾ ਸਾਹ ਰੁਕ ਗਿਆ।æææ “ਡਾਕਟਰ ਇਸ ਦੁਨੀਆ ਵਿਚ ਨਹੀਂ ਰਹੇæææ।” ਕਾਫ਼ੀ ਦੇਰ ਮਨ ਨੂੰ ਯਕੀਨ ਨਹੀਂ ਆਇਆ। ਡਾਕਟਰ ਉਮਰ ਐਮæਬੀæਬੀæਐਸ਼ ਡਾਕਟਰ ਸੀ ਅਤੇ ਲੋਕਾਂ ਨੂੰ ਸਿਹਤ ਬਾਰੇ ਹਦਾਇਤਾਂ ਦਿੰਦਾ ਸੀ। ਉਹ ਏਨੀ ਜਲਦੀ ਕਿਵੇਂ ਦੁਨੀਆ ਤੋਂ ਜਾ ਸਕਦੇ ਹਨ। ਥੋੜ੍ਹੀ ਦੇਰ ਬਾਅਦ ਮੇਰੇ ਬੇਟੇ ਦੇ ਮੋਬਾਈਲ ਉਤੇ ਵਰਤੀ ਹੋਈ ਭਾਵੀ ਬਾਰੇ ਗੁਜਰਾਂਵਾਲੇ ਤੋਂ ਸੁਨੇਹਾ ਆਇਆ। ਘਰ ਵਿਚ ਸੰਨਾਟਾ ਛਾ ਗਿਆ। ਲਗਦਾ ਸੀ ਜਿਵੇਂ ਕੋਈ ਘਰ ਦਾ ਜੀਅ ਚਲਾ ਗਿਆ ਹੋਵੇ। ਗੁਜਰਾਂਵਾਲੇ ਗੱਲ ਵੀ ਕਰੀਏ ਤਾਂ ਕੀ ਕਰੀਏ। ਜੀਅ ਕਰੜਾ ਕਰ ਕੇ ਟੈਲੀਫੋਨ ਮਿਲਾਇਆ। ਅੱਗੇ ਸੁਣਨ ਵਾਲੇ ਦਾ ਜਵਾਬ ਸੀ- “ਜੀ ਸਰਦਾਰ ਸਾਹਿਬ, ਇਸ ਵੇਲੇ ਘਰ ਦਾ ਕੋਈ ਵੀ ਜੀਅ ਗੱਲ ਕਰਨ ਦੀ ਪੁਜੀਸ਼ਨ ਵਿਚ ਨਹੀਂæææ ਬਰਾਏ ਮਿਹਰਬਾਨੀ ਕੁਝ ਦਿਨ ਠਹਿਰ ਕੇ ਟੈਲੀਫੋਨ ਕਰਨਾ।”
ਡਾਕਟਰ ਉਮਰ ਦੇ ਚਾਲੀਸੇ ‘ਤੇ ਪਹੁੰਚਣਾ ਸੀ। ਰਾਤੀਂ ਸ਼ੇਖੂਪੁਰੇ ਠਹਿਰਿਆ ਅਤੇ ਉਥੋਂ ਗੁਜਰਾਂਵਾਲਾ ਘੰਟੇ ਦਾ ਰਸਤਾ ਸੀ। ਜਦੋਂ ਅਗਲੇ ਦਿਨ ਗੁਜਰਾਂਵਾਲੇ ਪਹੁੰਚਿਆ, ਲੋਕੀਂ ਇਕੱਠੇ ਹੋ ਰਹੇ ਸਨ। ਮੈਂ ਅੰਦਰ ਡਾਕਟਰ ਉਮਰ ਦੀ ਘਰਵਾਲੀ ਆਮਨਾ ਕੋਲ ਅਫ਼ੋਸਸ ਕਰਨ ਚਲਾ ਗਿਆ। ਮੁਸਲਮਾਨਾਂ ਵਿਚ ਵਿਧਵਾ ਤਿੰਨ ਮਹੀਨੇ ਤੱਕ ਕਿਸੇ ਪਰਾਏ ਮਰਦ ਦੇ ਮੱਥੇ ਨਹੀਂ ਲੱਗ ਸਕਦੀ। ਇਸ ਨੂੰ ਇੱਦਤ ਕਿਹਾ ਜਾਂਦਾ ਹੈ। ਮੇਰੇ ਨਾਲ ਮੇਰਾ ਦੋਸਤ ਰਾਜਨਬੀਰ ਸਿੰਘ ਸੀ ਜੋ ਮਰਹੂਮ ਖ਼ਜ਼ਾਨਾ ਮੰਤਰੀ ਬਲਵੰਤ ਸਿੰਘ ਦਾ ਲੜਕਾ ਹੈ। ਆਮਨਾ ਨੂੰ ਦੇਖ ਕੇ ਆਪਣੇ ਆਪ ਨੂੰ ਰੋਕਣ ਦੇ ਬਾਵਜੂਦ ਮੇਰੀ ਧਾਹ ਨਿਕਲ ਗਈ। ਕਿੰਨੀ ਦੇਰ ਮੈਂ ਉਚੀ ਉਚੀ ਰੋਂਦਾ ਰਿਹਾ। ਆਮਨਾ ਨੇ ਭਾਣਾ ਮੰਨ ਲਿਆ ਸੀ। ਉਹ ਮੈਨੂੰ ਸਮਝਾ ਰਹੀ ਸੀ- “ਵੀਰ ਮੇਰੇ, ਅਸੀਂ ਰੱਬ ਦੇ ਨਿਜ਼ਾਮ ਵਿਚ ਦਖ਼ਲ ਨਹੀਂ ਦੇ ਸਕਦੇ। ਤੂੰ ਵੀ ਦਿਲ ਕਰੜਾ ਕਰ।”
ਦੁਆ ਦਾ ਵਕਤ ਹੋ ਗਿਆ ਸੀ। ਮੌਲਵੀ ਨੇ ਫਾਤਿਹਾ ਪੜ੍ਹਨਾ ਸ਼ੁਰੂ ਕਰ ਦਿੱਤਾ। ਮੌਲਵੀ ਡਾਕਟਰ ਉਮਰ ਦਾ ਫਾਤਿਹਾ ਪੜ੍ਹਦਾ ਪੜ੍ਹਦਾ ਕਸ਼ਮੀਰ, ਚੇਚਨੀਆ ਅਤੇ ਫਲਸਤੀਨੀ ਮੁਸਲਮਾਨਾਂ ਦੀ ਗੱਲ ਕਰਨ ਲੱਗ ਪਿਆ। ਮੇਰੇ ਪਿਛੇ ਸਾਡਾ ਦੋਸਤ ਖਾਲਿਦ ਲੋਨ, ਮੌਲਵੀ ‘ਤੇ ਗੁੱਸਾ ਕੱਢ ਰਿਹਾ ਸੀ- Ḕਇਸ ਕੁੱਤੀ ਦੇ ਪੁੱਤ ਨੂੰ ਕੋਈ ਪੁੱਛੇ, ਡਾਕਟਰ ਉਮਰ ਦੀ ਦੁਆ ਨਾਲ ਕਸ਼ਮੀਰ, ਚੇਚਨੀਆਂ ਅਤੇ ਫਲਸਤੀਨੀ ਕਿਥੇ ਆ ਵੜੇḔ। ਜਿਸ ਵਿਹੜੇ ਵਿਚ ਅਸੀਂ ਬੈਠੇ ਸਾਂ, ਕਦੇ ਸਾਰੀ ਸਾਰੀ ਰਾਤ ਇਥੇ ਮਹਿਫ਼ਲਾਂ ਜੁੜਦੀਆਂ ਸਨ। ਗੀਤਾਂ, ਸੰਗੀਤ ਹਾਸੇ ਠੱਠੇ ਇਸ ਵਿਹੜੇ ਕੋਲੋਂ ਰੁੱਸ ਗਏ ਸਨ। ਅੱਜ ਉਥੇ ਹੀ ਬੈਠੇ ਸੁਹਣੇ ਸੁਨੱਖੇ ਅਤੇ ਜਾਨ ਤੋਂ ਵੱਧ ਪਿਆਰੇ ਦੋਸਤ ਲਈ ਦੁਆ ਕਰ ਰਹੇ ਸਾਂ। ਨਾ ਕਦੇ ਜਾਣ ਵਾਲਿਆਂ ਨੇ ਆਉਣਾ ਸੀ ਅਤੇ ਨਾ ਹੀ ਕਦੇ ਮਜਲਸਾਂ ਜੁੜਨੀਆਂ ਸਨ। ਅੱਜ ਉਮਰ ਨਾਲ ਸਬੰਧਤ ਆਖਿਰੀ ਸੋਗਮਈ ਇਕੱਠ ਸੀ। ਸਾਰੇ ਲੋਕ ਸੋਗ ਵਿਚ ਡੁੱਬੇ ਸਨ। ਮੇਰੇ ਰੋਕਣ ਦੇ ਬਾਵਜੂਦ ਅੱਥਰੂ ਕਮੀਜ਼ Ḕਤੇ ਡਿਗ ਰਹੇ ਸਨ। ਅਜੇ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਡਾਕਟਰ ਉਮਰ ਸਾਡੇ ਵਿਚ ਨਹੀਂ ਰਹੇ। ਬੱਸ ਮਨ ਸਮਝਾ ਕੇ ਦਿਲ ਦੇ ਦਰਦ ਨੂੰ ਰੋਕਿਆ ਜਾ ਸਕਦਾ ਸੀ। ਲੋਕ ਫਾਤਿਹਾ ਦਰੂਦ ਪੜ੍ਹ ਰਹੇ ਸਨ, ਪਰ ਮੇਰਾ ਫਾਤਿਹਾ ਮੀਆਂ ਮੁਹੰਮਦ ਬਖਸ਼ ਸਾਹਿਬ ਦੀਆਂ ਲਿਖੀਆਂ ਸਤਰਾਂ ਸਨ ਜਿਨ੍ਹਾਂ ਨੂੰ ਮੈਂ ਦਰਦ ਭਿੱਜੀਆਂ ਸੋਚਾਂ ਨਾਲ ਪੜ੍ਹ ਰਿਹਾ ਸੀ:
ਹੱਸਣ ਖੇਡਣ ਨਾਲ ਲੈ ਗਿਓਂ,
ਸੁੱਟ ਗਿਓਂ ਵਿਚ ਫਿਕਰਾਂ।
ਪਾਟੀ ਲੀਰ ਪੁਰਾਣੀ ਵਾਂਗੂੰ,
ਟੰਗ ਗਿਓਂ ਵਿਚ ਕਿੱਕਰਾਂ।