ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ।
ਦਸ ਚੁਕੇ ਹਨ ਕਿ ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਜਦੋਂ ਬੱਚੇ ਵੱਡੇ ਹੋ ਕੇ ਪੰਛੀਆਂ ਵਾਂਗ ਉਡਾਰੀ ਮਾਰ ਜਾਂਦੇ ਹਨ ਤਾਂ ਮਾਪੇ ਉਨ੍ਹਾਂ ਦੀ ਕਾਮਯਾਬੀ ‘ਤੇ ਖੁਸ਼ ਹੁੰਦੇ ਹਨ ਪਰ ਅੰਦਰੋਂ ਬੱਚਿਆਂ ਦਾ ਹੇਰਵਾ ਸਦਾ ਬਣਿਆ ਰਹਿੰਦਾ ਹੈ। ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਮਾਪਿਆਂ ਘਰੋਂ ਵਿਦਾ ਹੋਣ ਲੱਗੀ ਧੀ ਬਾਰੇ ਉਨ੍ਹਾਂ ਕਿਹਾ ਸੀ ਕਿ ਧੀ ਇਕ ਵਿਰਸਾ ਏ ਜੋ ਇਕ ਘਰ ਤੋਂ ਦੂਸਰੇ ਘਰ, ਇਕ ਸੋਚ ਤੋਂ ਦੂਸਰੀ ਸੋਚ, ਇਕ ਜੀਵਨ-ਜਾਚ ਤੋਂ ਦੂਸਰੀ ਜੀਵਨ-ਜਾਚ ਅਤੇ ਇਕ ਸੰਸਕਾਰ ਤੋਂ ਦੂਸਰੇ ਸੰਸਕਾਰ ਤੀਕ ਦਾ ਪੰਧ ਤੈਅ ਕਰਕੇ ਆਪਣੀ ਵੱਖਰੀ, ਨਰੋਈ ਅਤੇ ਵਿਲੱਖਣ ਪਛਾਣ ਸਿਰਜਣ ਦੀ ਪ੍ਰਕ੍ਰਿਆ ਅਰੰਭਦਾ ਏ। ਪਿਛਲੇ ਲੇਖ ਵਿਚ ਉਨ੍ਹਾਂ ਪਿੰਡਾਂ ਵਿਚ ਜੰਮੇ-ਪਲੇ ਪਾਠਕਾਂ ਨੂੰ ਪਿੰਡ ਦੀਆਂ ਨਿਆਮਤਾਂ ਚੇਤੇ ਕਰਵਾਈਆਂ ਸਨ ਕਿ ਖੂਹ ਦੇ ਔਲੂ ‘ਚ ਕੋਸੇ ਪਾਣੀਆਂ ਵਿਚ ਲਾਈਆਂ ਡੁਬਕੀਆਂ ਦਾ ਕਿਵੇਂ ਘਰਾਂ ਦੀਆਂ ਟੂਟੀਆਂ ‘ਚੋਂ ਟਪਕਦੇ ਪਾਣੀ ਸੰਗ ਇਸ਼ਨਾਨ ਦਾ ਮੁਕਾਬਲਾ ਕਰਦਾ ਹੋਵੇਗਾ? ਹਥਲੇ ਲੇਖ ਵਿਚ ਡਾæ ਭੰਡਾਲ ਨੇ ਆਸ ਦੀ ਗੱਲ ਕਰਦਿਆਂ ਦੱਸਿਆ ਹੈ ਕਿ ਆਸ ਵਿਹੂਣੇ ਮਨੁੱਖ, ਤਿੜਕੀ ਜ਼ਿੰਦਗੀ ਦੇ ਮਨਹੂਸ ਖੰਡਰਾਤ ਹੁੰਦੇ ਨੇ, ਜਿਨ੍ਹਾਂ ਲਈ ਜੀਵਨ, ਸੁੱਕਣੇ ਪਏ ਸਾਹਾਂ ਦੀ ਹਟਕੋਰੇ ਭਰਦੀ ਲੋਅ ਹੁੰਦਾ ਏ, ਜਿਸ ਦੀ ਲੰਮੀ ਅਉਧ ਕਿਆਸਣਾ ਵੀ ਅਕਾਰਥ ਹੁੰਦਾ ਏ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਆਸ, ਅੱਚਵੀ ਲੱਗੀ ਆਮਦ ਦੀ ਬੂਹੇ ‘ਤੇ ਹੋਈ ਠਕੋਰ ਦਾ ਅਹਿਸਾਸ ਹੁੰਦੀ ਏ, ਜੋ ਕਦੇ ਵੀ ਦਸਤਕ ਬਣ ਕੇ ਦਰਾਂ ‘ਚ ਸ਼ਗਨਾਂ ਦਾ ਤੇਲ ਵੀ ਚੋਂਦੀ ਏ ਅਤੇ ਨਵੇਂ ਨਕੋਰ ਚਾਵਾਂ ਦਾ ਨਿਉਂਦਰਾ ਵੀ ਪਾਉਂਦੀ ਏ।
ਆਸ, ਰੁੰਡ-ਮਰੁੰਡ ਦਰਖਤ ਦੇ ਸਿਰੇ ‘ਤੇ ਉਗ ਰਹੀਆਂ ਕਰੂੰਬਲਾਂ ਦੀ ਕੋਮਲਤਾ ਦਾ ਸੁਨੇਹਾ ਹੁੰਦੀ ਏ, ਜਿਸ ‘ਚੋਂ ਹਰੇ-ਭਰੇ ਦਰਖਤ ਦੀ ਹਿੱਕ ‘ਤੇ ਪਾਏ ਆਲ੍ਹਣਿਆਂ ‘ਚੋਂ ਸੰਗੀਤ ਦੀ ਝਰਨਾਹਟ ਅਤੇ ਸੰਘਣੀ ਛਾਂ ਹੇਠ ਸਜੀਆਂ ਮਹਿਫਿਲਾਂ ਦੇ ਝਲਕਾਰੇ ਤੇ ਚੌਗਿਰਦੇ ‘ਚ ਵਸਦੇ ਗਰਾਂ ਦੇ ਨਜ਼ਾਰੇ ਜਿਹਾ ਭਵਿੱਖੀ ਸੁਪਨਾ ਸੱਚ ‘ਚ ਵਟੀਂਦਾ ਨਜ਼ਰ ਆਉਂਦਾ ਏ।
ਆਸ, ਉਗਮਦੇ ਵਿਚਾਰਾਂ ਦੀ ਸੂਹੀ ਝਲਕ ਹੁੰਦੀ ਏ, ਉਚੇ ਦਿਸਹੱਦਿਆਂ ‘ਤੇ ਪਹੁੰਚਣ ਦੀ ਲਲਕ ਹੁੰਦੀ ਏ, ਜਿਸ ਨੇ ਸਮਾਜ ਦੇ ਨਕਸ਼ ਨਿਹਾਰਨੇ ਹੁੰਦੇ ਨੇ।
ਆਸ, ਆਲ੍ਹਣਿਆਂ ਦੇ ਨਿੱਘ ਤੇ ਸਕੂਨ ‘ਚੋਂ ਆਪਣੀ ਹੋਂਦ ਚਿਤਵਦੀ, ਫਿਜ਼ਾ ‘ਚ ਆਪਣਾ ਸਰੂਪ ਫੈਲਾਉਂਦੀ ਏ ਅਤੇ ‘ਵਾਵਾਂ ਦੇ ਕੰਨੀਂ ਮਹਿਕਦੇ ਅਹਿਸਾਸਾਂ ਦੇ ਬੁੰਦੇ ਪਾਉਂਦੀ ਏ।
ਆਸ ਦੀ ਧਰਾਤਲ ‘ਤੇ ਸਮੁੱਚਾ ਜੀਵਨ ਵਿਚਰਦਾ ਏ। ਆਸ ਤੋਂ ਬਗੈਰ ਭਲਾ ਮਨੁੱਖ ਲਈ ਜਿਉਣ ਦਾ ਕਿਹੜਾ ਬਹਾਨਾ ਹੋਵੇਗਾ ਅਤੇ ਕੌਣ ਉਸ ਦੇ ਸੁਪਨਿਆਂ ‘ਤੇ ਜੰਮੀ ਹੋਈ ਮੈਲ ਨੂੰ ਧੋ ਕੇ ਸੁਪਨਿਆਂ ਦੇ ਸੱਚ ਦਾ ਸੂਰਜ ਉਦੈ ਕਰੇਗਾ।
ਆਸ, ਆਦਮੀ ਦਾ ਆਹਰ ਬਣਦੀ ਏ, ਡਿਗਦੀ ਮਾਨਸਿਕ ਭਟਕਣਾ ਲਈ ਇਕ ਠਾਹਰ ਬਣਦੀ ਏ, ਪੈਰਾਂ ‘ਚ ਪਈਆਂ ਬੇੜੀਆਂ ਤੋੜਦੀ ਏ ਅਤੇ ਗੋਦੜੀਆਂ ‘ਚ ਲਿਸ਼ਕਦਾ ਕੋਹਿਨੂਰ ਬਣਦੀ ਏ।
ਆਸ ਵਿਹੂਣੇ ਮਨੁੱਖ, ਤਿੜਕੀ ਜ਼ਿੰਦਗੀ ਦੇ ਮਨਹੂਸ ਖੰਡਰਾਤ ਹੁੰਦੇ ਨੇ, ਜਿਨ੍ਹਾਂ ਲਈ ਜੀਵਨ, ਸੁੱਕਣੇ ਪਏ ਸਾਹਾਂ ਦੀ ਹਟਕੋਰੇ ਭਰਦੀ ਲੋਅ ਹੁੰਦਾ ਏ, ਜਿਸ ਦੀ ਲੰਮੀ ਅਉਧ ਕਿਆਸਣਾ ਵੀ ਅਕਾਰਥ ਹੁੰਦਾ ਏ।
ਆਸ ਬਿਨਾ ਜੀਵਨ ਤੋਰ ਡਗਮਗਾ ਜਾਂਦੀ ਏ, ਸਿਸਕੀਆਂ ਦਾ ਕੁਸ਼ਗਨ, ਹੱਸਦੇ ਵਿਹੜਿਆਂ ਦੀ ਝੋਲੀ ਪਾ ਜਾਂਦੀ ਏ ਅਤੇ ਜੀਵਨ-ਡੋਰ ਦੀ ਕੰਨੀ ਹੱਥਾਂ ‘ਚੋਂ ਖਿਸਕਾ ਜਾਂਦੀ ਏ। ਜੀਵਨ, ਇਕ ਅਕਾਊ ਅਤੇ ਅਰਥਹੀਣ ਪ੍ਰਤੀਤ ਹੁੰਦਾ ਏ। ਬੋਲਾਂ ‘ਚ ਮਰਸੀਆ ਗੁਣਗਣਾਉਂਦਾ ਏ ਅਤੇ ਫਲਹੀਣ ਫਿਤਰਤ ਦਾ ਝੋਰਾ ਮਸਤਕ ਵਿਚ ਉਪਜਾਉਂਦਾ ਏ।
ਨਿਰਾਸ਼ਾ ਦੇ ਅਬਦਾਲੀ ਨੂੰ ਹੁਸੀਨ ਸੁਪਨਿਆਂ ਦੀ ਸਲਤਨਤ ਲੁੱਟਣ ਦੀ ਇਜਾਜ਼ਤ ਨਾ ਦਿਉ। ਸੁਪਨੇ, ਜੋ ਤੁਹਾਡੀ ਮਿਹਨਤ ਦੇ ਮਾਣਕ-ਮੋਤੀ ਨੇ, ਜਿਨ੍ਹਾਂ ਸਦਕਾ ਜੀਵਨ ਦੇ ਵਿਹੜੇ ‘ਚ ਵੀਰਾਨੀ, ਵਿਯੋਗ ਅਤੇ ਵਿਰਲਾਪ ਦਾ ਨਾਮੋ-ਨਿਸ਼ਾਨ ਮਿਟ ਜਾਂਦਾ ਏ ਅਤੇ ਜੋ ਸੁਘੜ ਸਿਆਣਪਾਂ ਦੀ ਧੂਣੀ ਧੁਖਾਉਂਦਾ ਏ।
ਮਰ ਗਈ ਆਸ ਦਾ ਵਿਕਰਾਲ ਰੂਪ, ਜੀਵਨ ਦੇ ਸੂਹੇ ਮੁੱਖ ਨੂੰ ਧੁਆਂਖਦਾ, ਅਰਥਾਂ ਦਾ ਅਨਰਥ ਕਰ ਦਿੰਦਾ ਏ। ਮਾਲਟਾ ਕਿਸ਼ਤੀ ਹਾਦਸੇ ‘ਚ ਮਰਨ ਵਾਲਿਆਂ ਸੰਗ ਕਈਆਂ ਨੇ ਆਪਣੇ ਮਨਾਂ ‘ਚ ਆਸਾਂ ਦੇ ਸਿਵੇ ਨੂੰ ਸੇਕਿਆ। ਆਸਾਂ, ਜੋ ਬੁਢਾਪੇ ਦੀ ਡੰਗੋਰੀ ਸਨ, ਮਾਂ ਦੀ ਮਿੱਠੜੀ ਲੋਰੀ ਸਨ, ਸੁਹਾਗ ਦੀਆਂ ਚੂੜੀਆਂ ਦਾ ਸੰਗੀਤ ਸਨ, ਸਖੀਆਂ ਸੰਗ ਗਾਏ ਮਹਿੰਦੀ ਦੇ ਗੀਤ ਸਨ, ਸਿਰਹਾਣੇ ਦੀ ਬਾਂਹ ਵਰਗਾ ਮਾਣ ਸਨ ਅਤੇ ਦਰਾਂ ‘ਤੇ ਉਡੀਕਦੇ ਨੈਣਾਂ ਦੀ ਜ਼ੁਬਾਨ ਸਨ।
ਆਸ ਨੂੰ ਕਦੇ ਵੀ ਆਵਾਗੌਣ ਦੇ ਚੱਕਰਾਂ ‘ਚ ਨਾ ਪਾਵੋ ਅਤੇ ਨਾ ਹੀ ਇਸ ਦੇ ਕੰਨਾਂ ‘ਚ ਮਾਤਮ ਫੁਸਫਸਾਉ ਕਿਉਂਕਿ ਜਿਊਂਦੀ ਆਸ ਨਾਲੋਂ, ਮਰ ਗਈ ਆਸ ਵਧੇਰੇ ਖਤਰਨਾਕ ਹੁੰਦੀ ਏ, ਜਿਸ ਦੀ ਦਹਾੜਦੀ ਖੌਫਨਾਕਤਾ ਤੋਂ ਸਮਾਂ ਵੀ ਸਹਿਮ ਜਾਂਦਾ ਏ।
ਆਸ ਦੀਆਂ ਆਂਦਰਾਂ ਨੂੰ ਕਦੇ ਵੀ ਸੁੱਕਣੇ ਨਾ ਪਾਉ। ਇਸ ਦੀ ਭੁੱਖ ਅਤੇ ਦੁੱਖ ਦਾ ਅਹਿਸਾਸ ਮਨ ‘ਚ ਪਾਲਦਿਆਂ, ਚੜ੍ਹਦੀ ਕਲਾ ਲਈ ਅਰਦਾਸ ਕਰੋ ਅਤੇ ਆਸ ਦੇ ਦੁਸ਼ਮਣਾਂ ਸੰਗ ਸੀਨਾ ਤਾਣ ਕੇ ਲੜੋ।
ਆਸ ਦੇ ਅੰਬਰ ‘ਚ ਕਦੇ ਵੀ ਗ੍ਰਹਿਣਿਆ ਸੂਰਜ ਨਾ ਚੜ੍ਹਨ ਦਿਉ ਅਤੇ ਨਾ ਹੀ ਕਾਲੀਆਂ ਰਾਤਾਂ ਨੂੰ ਚਾਨਣੀਆਂ ਰਾਤਾਂ ਦੇ ਵਿਹੜੇ ਵੜਨ ਦਿਉ।
ਕਈ ਵਾਰ, ਕਈ ਭਲੇ ਪੁਰਸ਼, ਜਦੋਂ ਕਿਸੇ ਮਿੱਤਰ ਪਿਆਰੇ ਦੀ ਸਿਹਤ ਦਾ ਪਤਾ ਕਰਨ ਹਸਪਤਾਲ ਜਾਂ ਘਰ ਜਾਂਦੇ ਨੇ ਤਾਂ ਉਹ ਢਿੱਲੇ ਜਿਹੇ ਮੂੰਹ ਨਾਲ, ਉਸ ਦੀ ਡਿੱਗ ਰਹੀ ਸਿਹਤ ਦਾ ਰੁਦਨ ਕਰਦੇ, ਪਲ ਦਰ ਪਲ ਨੇੜੇ ਪਹੁੰਚ ਰਹੀ ਕਾਲਪਨਿਕ ਮੌਤ ਦੇ ਕੀਰਨੇ ਪਾਉਂਦੇ ਉਸ ਦੀ ਆਸ ਦੇ ਨਿੰਮੇ-ਨਿੰਮੇ ਦੀਵੇ ਨੂੰ ਅਚੇਤ ਤੌਰ ‘ਤੇ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਨਾ-ਚਾਹੁੰਦਿਆਂ ਵੀ ਉਸ ਦੀ ਚੰਗੇਰੀ ਸਿਹਤ ਦੀ ਕਾਮਨਾ ‘ਚ ਉਸ ਦੇ ਫੁੱਲ ਚੁੱਗਣ ਤੀਕ ਦੀਆਂ ਯੋਜਨਾਵਾਂ ਬਣਾਉਂਦੇ ਨੇ ਤੇ ਸਿਆਪਿਆਂ ਵਰਗੇ ਬੋਲਾਂ ਨੂੰ ਬਿਮਾਰ ਫਿਜ਼ਾ ‘ਚ ਖਿੰਡਾਉਂਦੇ ਨੇ। ਜੇ ਅਸੀਂ ਕਿਸੇ ਦੀ ਮਿਜਾਜ਼-ਪੁਰਸ਼ੀ ਕਰਦਿਆਂ, ਉਸ ਦਾ ਧੀਰਜ ਬੰਨ੍ਹਾਉਂਦੇ ਹਾਂ, ਉਸ ਦੇ ਮਨ ‘ਚ ਬਿਮਾਰੀ ਦਾ ਟਾਕਰਾ ਕਰਨ ਦਾ ਹੌਸਲਾ ਉਪਜਾਉਂਦੇ ਹਾਂ, ਉਸ ਦੀ ਸਿਹਤ ਨੂੰ ਆਤਮਿਕ ਮਜ਼ਬੂਤੀ ਦੀਆਂ ਥੰਮੀਆਂ ‘ਤੇ ਟਿਕਾਉਂਦੇ ਹਾਂ ਤਾਂ ਬਿਮਾਰ ਬੰਦਾ ਆਪਣੀ ਬਿਮਾਰੀ ਨੂੰ ਕੁਝ ਸਮੇਂ ਲਈ ਵਿਸਾਰ, ਚੜ੍ਹਦੀ ਕਲਾ ਦਾ ਪ੍ਰਤੀਕ ਬਣਿਆ, ਰੋਗਾਣੂਆਂ ਨਾਲ ਲੜਨ ਦੀ ਹਿੰਮਤ ਜੁਟਾਉਂਦਾ ਏ। ਆਸ ਦਾ ਪੱਲਾ ਨਾ ਛੱਡਣ ਵਾਲੇ ਕਈ ਵਿਅਕਤੀਆਂ ਨੇ ਅਸਾਧ ਬਿਮਾਰੀਆਂ ‘ਤੇ ਕਾਬੂ ਪਾ ਕੇ, ਡਾਕਟਰੀ ਵਿਗਿਆਨ ਨੂੰ ਮੂੰਹ ‘ਚ ਉਂਗਲਾਂ ਪਾਉਣ ਲਈ ਮਜਬੂਰ ਵੀ ਕੀਤਾ ਏ।
ਆਸ ਦੇ ਅੱਥਰੇ ਘੋੜੇ ਨੂੰ ਹਮੇਸ਼ਾ ਲਗਾਮ ਦੇ ਕੇ ਰੱਖੋ ਕਿਉਂਕਿ ਜਦੋਂ ਅਸੀਂ ਸਿਰਫ ਆਸਾਂ ਦੇ ਮਹਿਲ ਮੁਨਾਰਿਆਂ ਦੀ ਉਸਾਰੀ ‘ਚ ਰੁੱਝ ਕੇ ਅਸਲੀਅਤ ਤੋਂ ਮੁਨਕਰ ਹੋ, ਧਰਤ ਤੋਂ ਉਪਰ ਉਠ, ਅੰਬਰ ਨੂੰ ਕਲਾਵੇ ‘ਚ ਲੈਣ ਦਾ ਭਰਮ ਪਾਲਾਂਗੇ ਤਾਂ ਡੂੰਘੀਆਂ ਨਿਵਾਣਾਂ ਦੀ ਤ੍ਰਾਸਦੀ, ਸਾਡਾ ਨਸੀਬ ਹੋਵੇਗੀ। ਆਸ ਤੇ ਮਿਹਨਤ ਦਾ ਸਾਵਾਂ ਅਨੁਪਾਤ ਰੱਖਣ ਵਾਲੇ ਹੀ, ਨਵੀਂਆਂ ਨਕੋਰ ਉਪਾਧੀਆਂ ਦੇ ਵਾਰਿਸ ਹੁੰਦੇ ਨੇ।
ਸਾਰੀਆਂ ਆਸਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਮਨੁੱਖ ਇਕ ਲਾਲਚੀ ਜੀਵ ਹੈ, ਜਿਹੜਾ ਕੁਝ ਆਸਾਂ ਪੂਰੀਆਂ ਹੋਣ ‘ਤੇ ਨਵੀਂਆਂ ਆਸਾਂ ਤੇ ਉਮੰਗਾਂ ਦੀ ਸੂਚੀ, ਆਪਣੀ ਸੋਚ ਦੀ ਸਾਹਮਣੀ ਕੰਧ ‘ਤੇ ਲਟਕਾ, ਨਵੀਂ ਭਟਕਣ ਦਾ ਸਿਰਲੇਖ ਬਣ ਜਾਂਦਾ ਏ। ਕਈਆਂ ਲਈ ਤਾਂ ਕੁਝ ਆਸਾਂ ਦੀ ਸੰਪੂਰਨਤਾ, ਸੰਤੁਸ਼ਟੀ ਦਾ ਪੈਗਾਮ ਹੁੰਦਾ ਏ, ਜਿਸ ਵਿਚ ਸਕੂਨ, ਸਹਿਜ ਤੇ ਸਫਲਤਾ ਦਾ ਵਰਦਾਨ ਹੁੰਦਾ ਏ।
ਸੰਪੂਰਨ ਆਜ਼ਾਦੀ, ਜਿਥੇ ਸਭ ਲਈ ਰੋਟੀ ਤੇ ਰੁਜ਼ਗਾਰ ਹੋਵੇ, ਕੋਈ ਅੱਖ ਨਾ ਰੋਵੇ, ਆਸਾਂ ਦੇ ਕੁਤਰੇ ਨਾ ਹੋਣ ਤੇ ਚਾਵਾਂ ਦੀਆਂ ਬੁਰਕੀਆਂ ਕੁੱਤੇ ਨਾ ਖਾਣ, ਦੀ ਆਸ ‘ਚ ਆਜ਼ਾਦੀ ਪਰਵਾਨਿਆਂ ਦੀਆਂ ਭਟਕਦੀਆਂ ਰੂਹਾਂ, ਅਜੋਕੀ ਆਜ਼ਾਦੀ ‘ਚੋਂ ਕਿਹੜੇ ਅਰਥ ਭਾਲਦੀਆਂ ਹੋਣਗੀਆਂ ਅਤੇ ਖਾਰੇ ਪਾਣੀਆਂ ‘ਚ ਦੀਦੇ ਗਾਲਦੀਆਂ ਹੋਣਗੀਆਂ!
ਆਸ ਜਿੰਨਾ ਚਿਰ ਨਿਰਾਸ਼ ਨਹੀਂ ਕਰਦੀ, ਉਹ ਸਾਡੀ ਸਮਰੱਥਾ ਤੇ ਸੰਭਾਵਨਾ ਦੀ ਤਰਜ਼ਮਾਨ ਬਣੀ ਸਾਨੂੰ ਹੋਰ ਬੁਲੰਦੀਆਂ ਵੰਨੀ ਉਕਸਾਉਂਦੀ ਏ ਅਤੇ ਮਿਹਨਤ ਦੀ ਝੋਲੀ ‘ਚ ਮਿੱਠੜੇ ਫਲ ਪਾਉਂਦੀ ਏ।
ਆਸ ਕਦੇ ਮਰਦੀ ਨਹੀਂ। ਪੋਤਿਆਂ ਵਾਲਾ ਬਾਬਾ, ਪੋਤਿਆਂ ਦੇ ਪੁੱਤਰਾਂ ਲਈ ਧਨ ਇਕੱਠਾ ਕਰਨ ਦੀ ਲਾਲਸਾ ਮਨ ‘ਚ ਪਾਲਦਾ, ਉਨ੍ਹਾਂ ਦੇ ਵਿਆਹਾਂ ਦੀਆਂ ਤਰਕੀਬਾਂ ਵੀ ਘੜਦਾ ਰਹਿੰਦਾ ਏ, ਭਾਵੇਂ ਉਹ ਆਪ ਨਦੀ ਕਿਨਾਰੇ ਰੁੱਖੜੇ ਦੀ ਨਿਆਈਂ ਹੁੰਦਾ ਏ। ਅਸੀਂ ਭਾਰਤੀ ਆਪਣੀਆਂ ਪੀੜ੍ਹੀਆਂ ਲਈ ਸੁੱਖ-ਸਹੂਲਤਾਂ ਇਕੱਠੀਆਂ ਕਰਨ ਦੀ ਹੋੜ ‘ਚ ਵਰਤਮਾਨ ਦੇ ਹਰ ਪਲ ਨੂੰ ਮਾਣਨ ਤੋਂ ਜ਼ਿੰਦਗੀ ਨੂੰ ਮਹਿਰੂਮ ਕਰੀ ਰੱਖਦੇ ਹਾਂ।
ਕਈ ਵਾਰ ਅਸੀਂ ਆਸ ਦੇ ਅਰਥਾਂ ‘ਚ ਜ਼ਿੰਦਗੀ ਨੂੰ ਨਿਯਮਬੱਧ ਕਰਦੇ, ਜੀਵਨ ਦੀ ਸਾਰਥਕਤਾ ਹੀ ਮਿੱਥ ਬੈਠਦੇ ਹਾਂ। ਕੁੱਖ ਹਰੀ ਹੋਣ ਜਾਂ ਵਾਰਸ ਪੈਦਾ ਹੋਣ ਦੀ ਆਸ, ਜਿਥੇ ਔਰਤ ਦੀ ਜ਼ਿੰਦਗੀ ਦਾ ਸਰਬੋਤਮ ਸਰਮਾਇਆ ਅਤੇ ਕਰਮਯੋਗਤਾ ਦਾ ਕਮਾਲ ਸਮਝਿਆ ਜਾਂਦਾ ਸੀ, ਅਜੋਕੇ ਬਦਲੇ ਹੋਏ ਸੰਦਰਭ ‘ਚ ਮਨ ਵਿਚ ਪਾਲੇ ਭਰਮ ਤੋਂ ਸਿਵਾਏ ਕੁਝ ਨਹੀਂ ਹੁੰਦਾ।
ਆਸ, ਅੱਥਰੇ ਘੋੜੇ ਦੀ ਆਵਾਰਗੀ ਨਹੀਂ, ਸਗੋਂ ਸਾਧੀ ਹੋਈ ਘੋੜੀ ਦੀ ਪੈੜਚਾਲ ਦਾ ਰਿਦਮ ਹੋਵੇ। ਕਾਗਜ਼ੀ ਫੁੱਲਾਂ ਦੀ ਮਰੀ ਹੋਈ ਮਹਿਕ ਨਹੀਂ, ਸਗੋਂ ਤਾਜ਼ੇ ਫੁੱਲਾਂ ਦੀ ਤਾਜ਼ਗੀ ਹੋਵੇ।
ਆਸ ਦੀ ਅਰਦਾਸ ਕਦੇ ਅਜਾਈਂ ਨਹੀਂ ਜਾਂਦੀ ਬਸ਼ਰਤੇ ਤੁਸੀਂ ਸੱਚੇ ਮਨ, ਸਪੱਸ਼ਟ ਵਿਚਾਰ ਤੇ ਪੂਰਨ ਸੁਹਿਰਦਤਾ ਨਾਲ, ਇਸ ਦੀ ਬੰਦਗੀ ‘ਚ ਲੀਨ ਹੋ ਜਾਵੋ ਅਤੇ ਖੁਦ ਦੀ ਹੈਸੀਅਤ ਮਿਟਾਵੋ ਤੇ ਹਉਮੈ ਦੇ ਰੋਗ ‘ਤੇ ਕਾਬੂ ਪਾਵੋ।
ਆਸ ਦੀ ਅਹਿਰਨ ‘ਤੇ ਸਿਰੜ ਦੇ ਹਥੌੜੇ ਨਾਲ ਅਸੀਂ ਕਿਸਮਤ ਦੀਆਂ ਰੇਖਾਵਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਦੇ, ਇਸ ਦੇ ਉਘੜਵੇਂ ਨਕਸ਼ਾਂ ‘ਚੋਂ ਸੁਚਾਰੂ ਤੇ ਉਸਾਰੂ ਜ਼ਿੰਦਗੀ ਦੀ ਤਲਾਸ਼ ਕਰ ਸਕਦੇ ਹਾਂ ਅਤੇ ਹਥੇਲੀ ‘ਤੇ ਸਫਲਤਾ ਦਾ ਮਿੱਠੜਾ ਮੇਵਾ ਧਰ ਸਕਦੇ ਹਾਂ।
ਨਵੀਂਆਂ ਪ੍ਰਾਪਤੀਆਂ ਦੀ ਹਰ ਧਰਾਤਲ ‘ਤੇ ਹੁੰਦੀ ਏ ਇਕ ਆਸ, ਜੋ ਜ਼ਿੰਦਗੀ ਦੀਆਂ ਤਰਜੀਹਾਂ ਤਬਦੀਲ ਕਰਨ ਦੇ ਸਮਰੱਥ ਹੁੰਦੀ ਏ। ਹਰ ਪ੍ਰੀਖਿਆ ‘ਚ ਵਧੀਆ ਨੰਬਰ ਪ੍ਰਾਪਤ ਕਰਨ ਦੀ ਆਸ ‘ਚ, ਵਿਦਿਆਰਥੀ ਨੀਂਦ ਹੰਗਾਲਦਾ, ਅੱਧੀ ਰਾਤ ਦਾ ਜੁਗਨੂੰ ਬਣਿਆ, ਗਿਆਨ ਨਾਲ ਸੰਵਾਦ ਰਚਾਉਂਦਾ ਏ। ਦਰਿਆ ਨੂੰ ਪਾਰ ਕਰਨ ਦੀ ਆਸ ‘ਚ ਹੀ ਤਾਰੂ ਛੱਲਾਂ ਸੰਗ ਜ਼ੋਰ ਅਜ਼ਮਾਈ ਕਰਦੇ ਨੇ, ਉਚਾ ਉਡਣ ਦੀ ਆਸ ‘ਚ ਹੀ ਰਾਈਟ (ਮਗਜਪੀਵ) ਭਰਾਵਾਂ ਨੇ ਹਵਾਈ ਜਹਾਜ਼ ਦੀ ਖੋਜ ਨੂੰ ਸੰਭਵ ਬਣਾਇਆ ਅਤੇ ਮਾਰਕੋਨੀ ਦੀ ਬਿਨਾ ਤਾਰ ਤੋਂ ਸਿਗਨਲ ਭੇਜਣ ਦੀ ਰੀਝ ‘ਚੋਂ ਹੀ ਉਪਜੀ ਸੀ ਵਾਇਰਲੈਸ ਟੈਲੀਗ੍ਰਾਫੀ।
ਆਸ ਨਾਲ ਹੀ ਚੜ੍ਹਦਾ ਏ ਹਰ ਦਿਨ, ਹਰ ਪਹਿਰ ਅਤੇ ਹਰ ਘੜੀ। ਸੁੱਖ ਦੀ ਆਸ ਦਾ ਪੱਲੂ ਫੜ੍ਹ ਕੇ ਹੀ ਅਸੀਂ ਦੁੱਖਾਂ ਦੇ ਸਮੁੰਦਰਾਂ ਦੀ ਡੂੰਘਾਈ ਨਾਪਦੇ ਹਾਂ, ਤਾਂਘੜਦੇ ਤੂਫਾਨਾਂ ਲਈ ਫੌਲਾਦੀ ਦੀਵਾਰ ਬਣਦੇ ਹਾਂ, ਗਮਾਂ ਦੀ ਚਰਖੀ ‘ਤੇ ਪੀੜ ਦੇ ਲੰਮੇ-ਲੰਮੇ ਤੰਦ ਪਾਉਂਦੇ ਹਾਂ ਅਤੇ ਹਉਕਿਆਂ ਦੀ ਧੁੱਪ ‘ਚ ਜ਼ਿੰਦਗੀ ਨੂੰ ਸੁੱਕਣੇ ਪਾਉਂਦੇ ਹਾਂ।
ਨਿੱਕੀਆਂ ਆਸਾਂ ਜ਼ਿਆਦਾ ਫਲਦੀਆਂ ਨੇ, ਉਨ੍ਹਾਂ ਦਾ ਭਵਿੱਖ ਸੁਨਹਿਰੀ ਹੁੰਦਾ ਏ ਜਦਕਿ ਵੱਡੀਆਂ ਆਸਾਂ ਦੀ ਪੁਲਾਂਘ, ਲੰਮੇ ਦਾਈਏ ਬੰਨਦੀ, ਕਈ ਵਾਰ ਖਾਈ ਦਾ ਨਸੀਬ ਵੀ ਬਣਦੀ ਏ। ਆਸ ਦੀ ਅਰਾਧਨਾ ਕਰੋ। ਆਸ, ਜਿਸ ਵਿਚ ਸਾਂਝੀਵਾਲਤਾ ਪ੍ਰਫੁਲਿਤ ਹੋਵੇ, ਮਜ਼ਦੂਰ ਦਾ ਮੁੜ੍ਹਕਾ, ਮਹਿਲਾਂ ਦੀ ਨੀਂਹ ਨਾ ਬਣੇ, ਸ਼ੀਹਾਂ ਤੇ ਸੰਤਾਂ ਦਾ ਬਿੰਬ ਨਾ ਉਲਝੇ, ਅਬਲਾ ਦੀਆਂ ਆਂਦਰਾਂ ਤੰਦੂਰ ‘ਚ ਭੁੰਨੀਆਂ ਨਾ ਹੋਣ, ਬੋਲਾਂ ‘ਚ ਸੰਤਾਪ ਨਾ ਸਮਾਵੇ ਅਤੇ ਹਰ ਸਾਹ ਹੀ ਮਹਿਕਾਂ ਦੇ ਸੰਧਾਰੇ ਵਰਗਾ ਸੁਖਨ ਹੰਢਾਵੇ।
ਹਰ ਰਾਤ ਦੇ ਚੌਥੇ ਪਹਿਰ ਸੂਰਜ ਦੇਵਤਾ ਦਸਤਕ ਦੇ ਕੇ ਵਿਹੜੇ ‘ਚ ਚਾਨਣ ਖਿੰਡਾਉਣ ਦੀ ਆਸ ਪੂਰੀ ਕਰਦਾ ਏ ਅਤੇ ਤ੍ਰੇਲ ਭਿੱਜੀ ਸਰਘੀ ਬਰੂਹਾਂ ਦੀ ਨਜ਼ਰ ਕਰਦਾ ਏ। ਮੱਸਿਆ ਦੀ ਰਾਤ ਦੀ ਆਸ ‘ਚ ਪੁੰਨਿਆਂ ਦਾ ਚੰਦਰਮਾ ਅੰਬਰ ਦੇ ਵਿਹੜੇ ਨੂਰ ਖਿਲਾਰ, ਸੁੰਦਰਤਾ ਦਾ ਵਸੀਹ ਮੁਜੱਸਮਾ ਸਭ ਦੀ ਨਦਰਿ ਕਰਦਾ ਏ ਅਤੇ ਚਕੋਰੀ ਦੀ ਆਸ ‘ਚ ਚੰਨ ਦਾ ਮਿਲਣ ਫਲਦਾ ਏ।
ਆਸ ਦੀ ਆਸਥਾ ‘ਚ ਜੀਵਨ ਦਾ ਅੰਗ-ਸੰਗ ਮੌਲਦਾ ਏ, ਖੁਸ਼ਗਵਾਰ ਮੌਸਮ, ਸਾਹਾਂ ‘ਚ ਮਹਿਕ ਘੋਲਦਾ ਏ, ਬੋਲਾਂ ‘ਚ ਮਿਠਾਸ ਰਚਦੀ ਏ ਅਤੇ ਕਦਮਾਂ ‘ਚ ਨਵੀਂਆਂ ਮੰਜ਼ਿਲਾਂ ਦੀ ਪੈੜ ਨੱਚਦੀ ਏ। ਆਸ ਦੇ ਦੀਵਿਆਂ ਦੀ ਡਾਰ, ਘਰ ਦੇ ਬਨੇਰਿਆਂ ਨੂੰ ਭਾਗ ਲਾਉਂਦੀ ਏ। ਪ੍ਰਾਤ ‘ਚੋਂ ਆਟਾ ਭੁੜਕਦਾ ਏ, ਬਨੇਰੇ ‘ਤੇ ਬੋਲਦਾ ਕਾਂ ਪ੍ਰਾਹੁਣਿਆਂ ਦੀ ਆਮਦ ਦਾ ਪ੍ਰਤੀਕ ਬਣਦਾ ਏ ਅਤੇ ਆਉਣ ਵਾਲੇ ਮਹਿਮਾਨ ਚੌਂਕੇ ਨੂੰ ਭਾਗ ਲਾਉਂਦੇ ਨੇ।
ਆਸ ਵਿਚਲੀ ਆਦਮੀਅਤਾ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਉਂਦੀ ਏ, ਆਦਮੀ ਤੋਂ ਇਨਸਾਨ ਤੀਕ ਦੇ ਸਫਰ ਦਾ ਰਾਜ਼ ਸਮਝਾਉਂਦੀ ਏ ਤੇ ਸੋਚ ਦੇ ਦਾਇਰੇ ‘ਚ ਸੂਹੇ ਫੁੱਲ ਉਗਾਉਂਦੀ ਏ।
ਆਸ ਦੇ ਅੰਦਰੇਟੇ ‘ਚ ਗੁਰੂ ਨਾਨਕ, ਸੋਹਣੀ ਮਹੀਂਵਾਲ ਵਰਗੀਆਂ ਕਲਾ ਕ੍ਰਿਤਾਂ, ਕਲਾ, ਸੁਹਜ, ਆਤਮਕ ਸਕੂਨ ਤੇ ਸਿਰਜਣਾਤਮਿਕਤਾ ਦਾ ਸਿਰਨਾਵਾਂ ਬਣ ਸਮੇਂ ਦੀ ਹਿੱਕ ‘ਤੇ ਨਰੋਏ ਨਕਸ਼ ਚਿੱਤਰਦੀਆਂ, ਤੀਰਥ ਅਸਥਾਨ ਦਾ ਰੁਤਬਾ ਪ੍ਰਾਪਤ ਕਰਦੀਆਂ ਨੇ।
ਆਸ ਦੀ ਆਤਮਕਤਾ ‘ਚ ਪਨਪਦਾ ਏ, ਆਪਣਿਆਂ ਦੇ ਸਰਬ-ਵਿਕਾਸ ਦਾ ਸੰਕਲਪ, ਸਮਾਜ ਦਾ ਮੁਹਾਂਦਰਾ ਨਿਖਾਰਨ ਦਾ ਵਿਕਲਪ ਅਤੇ ਹਉਮੈ ਤੋਂ ਉਪਰ ਉਠ, ਨਿਜ ਤੋਂ ਪਰ ਤੀਕ ਦਾ ਸੁਹਾਵਣਾ ਸਫਰ।
ਆਸ ਦੀ ਅੰਗੀਠੀ ਦਾ ਸੇਕ, ਠਰੇ ਹੋਏ ਸ਼ੌਕਾਂ ਤੇ ਚਾਵਾਂ ਨੂੰ ਕੋਸੀ-ਕੋਸੀ ਰੁੱਤ ਦਾ ਪੈਗਾਮ ਪਹੁੰਚਾਵੇ, ਇਸ ਦੇ ਚੌਗਿਰਦੇ ਨੂੰ ਮਹਿਫਿਲਾਂ ਦੀ ਰੰਗਤ ਲਰਜਾਵੇ ਅਤੇ ਇਸ ਦੇ ਸੂਹੇ-ਸੂਹੇ ਚਾਨਣ ‘ਚ ਘਰ ਦਾ ਵਿਹੜਾ ਭਾਗਾਂ ਭਰਿਆ ਕਹਿਲਾਵੇ।
ਸ਼ਾਲਾ! ਮਾਰੂਥਲਾਂ ਨੂੰ ਬਾਰਸ਼ ਦੀ ਬੂੰਦ ਨਸੀਬ ਹੋਵੇ, ਉਡੀਕ ਬਣੇ ਨਿੰਦਰਾਏ ਨੈਣਾਂ ਨੂੰ ਆਪਣਿਆਂ ਦੇ ਦੀਦਾਰੇ ਹੋਣ, ਬੰਦ ਦਰਵਾਜਿਆਂ ਦੇ ਦਰੀਂ ਚੂੜੇ ਵਾਲੇ ਹੱਥ ਤੇਲ ਚੋਣ, ਰੱਖੜੀ ਦੀ ਆਸ ਭੈਣ ਦੇ ਸਿਰ ਸੂਹੀ ਫੁਲਕਾਰੀ ਸਜਾਵੇ, ਵੀਰਾਂ ਦੀ ਗਲਵੱਕੜੀ ‘ਚ ਨਿੱਘ ਪ੍ਰਵਾਨ ਚੜ੍ਹੇ ਅਤੇ ਖੁਦਾ, ਸਭੇ ਨਿਆਮਤਾਂ ਦਾ ਭੰਡਾਰਾ ਖਲਕਤ ਵਿਚ ਵਰਤਾਵੇ।