ਡਾ. ਗੁਰਨਾਮ ਕੌਰ, ਕੈਨੇਡਾ
ਸ਼ਨਿਚਰਵਾਰ 25 ਮਾਰਚ ਦੀ ਦੁਪਹਿਰ ਨੂੰ ਈ-ਮੇਲ ਖੋਲ੍ਹੀ ਤਾਂ ਇਕ ਸੱਦਾ-ਪੱਤਰ ਪੜ੍ਹਿਆ। ਅੰਗਰੇਜ਼ੀ ਵਿਚ ਸੰਦੇਸ਼ ਸੀ, ਲਿਖਿਆ ਸੀ, ‘ਸੈਮੀਨਾਰ ਔਨ ਪਲਾਈਟ ਐਂਡ ਚੈਲੇਂਜਜ਼ ਆਫ ਬਲੋਚ ਇਨ ਪਾਕਿਸਤਾਨ ਆਕੂਪਾਈਡ ਬਲੋਚਿਸਤਾਨ’ ਅਤੇ ਅਗਾਂਹ ਵੇਰਵੇ ਵਿਚ ਲਿਖਿਆ ਸੀ, ‘ਕੈਨੇਡੀਅਨ ਸੈਂਟਰ ਫਾਰ ਹਿਊਮਨ ਰਾਈਟਸ ਵਾਚ ਐਂਡ ਕੈਨੇਡੀਅਨ ਥਿੰਕਰਜ਼ ਫੋਰਮ ਇਨਵਾਈਟ ਯੂ ਟੂ ਅਟੈਂਡ ਏ ਸੈਮੀਨਾਰ ਔਨ ਹਿਊਮਨ ਰਾਈਟਸ ਅਬਿਊਜਜ਼ ਆਫ ਬਲੋਚ ਇਨ ਪਾਕਿਸਤਾਨ ਆਕੂਪਾਈਡ ਬਲੋਚਿਸਤਾਨ।’
ਮੈਂ ਆਪਣੇ ਵੱਡੇ ਪੁੱਤਰ ਮਨਵੀਰ ਵੱਲੋਂ ਸਦਾ ਲਈ ਛੱਡ ਕੇ ਤੁਰ ਜਾਣ ਤੋਂ ਬਾਅਦ ਆਪਣੇ ਆਪ ਵਿਚ ਬਹੁਤ ਸੁੰਗੜ ਗਈ ਹਾਂ ਅਤੇ ਵਾਹ ਲਗਦੀ ਗੋਸ਼ਟੀਆਂ, ਸੈਮੀਨਾਰਾਂ ਵਿਚ ਜਾਣ ਤੋਂ ਗੁਰੇਜ਼ ਹੀ ਕਰਦੀ ਹਾਂ, ਪਰ ਇਸ ਸੈਮੀਨਾਰ ਵਿਚ ਜਾਣ ਲਈ ਮਨ ਕਾਹਲਾ ਪੈ ਗਿਆ। ਕਈ ਕਾਰਨ ਸਨ। ਪਹਿਲੀ ਗੱਲ, ਬੁਲਾਰਿਆਂ ਵਿਚ ਜਨਾਬ ਤਾਰਕ ਫਤਿਹ ਦਾ ਨਾਮ ਪੜ੍ਹ ਕੇ ਉਸ ਨੂੰ ਸਾਹਮਣੇ ਬੋਲਦਿਆਂ ਦੇਖਣ ਦੀ ਇੱਛਾ ਜਾਗੀ। ਤਾਰਕ ਭਾਰਤ-ਪਾਕਿਸਤਾਨ ਵੰਡ ਨੂੰ ਸ਼ਰੇਆਮ ਗੈਰ-ਜ਼ਰੂਰੀ ਤੇ ਗੈਰ-ਕੁਦਰਤੀ ਵਰਤਾਰਾ ਦੱਸਣ ਅਤੇ ਉਸਾਮਾ ਬਿਨ-ਲਾਦਿਨ ਮਾਅਰਕਾ ਅਤਿਵਾਦ ਖਿਲਾਫ ਆਵਾਜ਼ ਉਠਾਉਣ ਕਾਰਨ ਪਿਛਲੇ ਕਈ ਸਾਲਾਂ ਤੋਂ ਚਰਚਾ ਵਿਚ ਤਾਂ ਹੈ ਹੀ; ਮੈਂ ਉਸ ਦੀ ਕਿਤਾਬ ‘ਚੇਂਜਿੰਗ ਏ ਮਿਰਾਜ’ ਵੀ ਪੜ੍ਹੀ ਹੋਈ ਹੈ ਜਿਸ ਵਿਚ ਉਸ ਨੇ ‘ਸਟੇਟ ਆਫ ਇਸਲਾਮ’-‘ਬੇਗਮ ਪੁਰਾ ਸਹਿਰ ਕੋ ਨਾਉ’ ਦੀ ਤਾਂ ਖੁਲ੍ਹ ਕੇ ਹਮਾਇਤ ਕੀਤੀ ਹੈ, ਪਰ ‘ਇਸਲਾਮਿਕ ਸਟੇਟ’ ਦੀ ਮੁਖਾਲਫਤ ਕੀਤੀ ਹੈ।
ਦੂਸਰਾ ਕਾਰਨ ਸੀ- ਮੈਨੂੰ ਬਲੋਚਿਸਤਾਨ ਬਾਰੇ ਏਨਾ ਕੁ ਹੀ ਪਤਾ ਸੀ ਕਿ ਖੁਰਾਸਾਨ ਕਿਧਰੇ ਬਲੋਚਿਸਤਾਨ ਵਿਚ ਹੀ ਹੈ। ਸੱਸੀ-ਪੁਨੂੰ ਦਾ ਗੀਤ ਗਾਉਣ ਵੇਲੇ ਪੰਜਾਬਣਾਂ ਹਮੇਸ਼ਾ ਸੱਸੀ ਨਾਲ ਹਮਦਰਦੀ ਜਤਾਉਂਦਿਆਂ ਜਦੋਂ ਪੁਨੂੰ ਦੇ ਭਰਾਵਾਂ ਦੀ ਗੱਲ ਕਰਦੀਆਂ ਹਨ ਤਾਂ ‘ਜਾਂਦੇ ਪੁਨੂੰ ਨੂੰ ਲੈ ਗਏ ਜਿਹੜੀ ਆਈ ਬਲੋਚਾਂ ਧਾੜ ਵੇ’ ਗਾਉਂਦੀਆਂ ਹਨ; ਨਾਲ ਹੀ, ਸਹਿਤੀ ਦਾ ਮੁਰਾਦ ਵੀ ਬਲੋਚ ਸੀ ਅਤੇ ਕੋਇਟੇ ਵਿਚ ਭੂਚਾਲ ਬਹੁਤ ਆਉਂਦੇ ਹਨ। ਇਕ ਹੋਰ ਵਜ੍ਹਾ ਮੇਰੀ ਛੋਟੀ ਭੈਣ ਨਰਮਿੰਦਰ ਕੌਰ ਸਿੱਧੂ ਵੱਲੋਂ ਪਿਛਲੀਆਂ ਗਰਮੀਆਂ ਵਿਚ ਮੇਰੇ ਨਾਲ ਸਾਂਝੀ ਕੀਤੀ ਜਾਣਕਾਰੀ ਬਣੀ। ਉਹ ਬਰੈਂਪਟਨ (ਕੈਨੇਡਾ) ਵਿਚ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ। ਕਾਲਜ ਵਿਚ ਰਾਜਨੀਤੀ ਸ਼ਾਸਤਰ ਦੀ ਸੀਨੀਅਰ ਅਧਿਆਪਕ ਰਹੀ ਹੋਣ ਕਰ ਕੇ ਉਹ ਜਾਣਕਾਰੀ ਇਕੱਠੀ ਕਰਨ ਵਿਚ ਬੜੀ ਦਿਲਚਸਪੀ ਰੱਖਦੀ ਹੈ। ਉਸ ਨੇ ਮੈਨੂੰ ਦੱਸਿਆ ਕਿ ਉਸ ਦੇ ਘਰ ਲਾਗੇ ਪਾਰਕ ਵਿਚ ਉਸ ਨੂੰ ਬਲੋਚਿਸਤਾਨ ਤੋਂ ਪਰਿਵਾਰ ਸਮੇਤ ਨਵੀਂ ਨਵੀਂ ਆਈ ਬੀਬੀ ਆਪਣੇ ਸਕੂਲ ਜਾਣ ਦੀ ਉਮਰ ਦੇ ਛੋਟੇ ਬੱਚਿਆਂ ਸਮੇਤ ਮਿਲੀ। ਮੇਰੀ ਭੈਣ ਵੀ ਆਪਣੇ ਪੋਤੇ ਅਮਾਨ ਨਾਲ ਪਾਰਕ ਵਿਚ ਅਕਸਰ ਚਲੀ ਜਾਂਦੀ ਹੈ। ਬੱਚੇ ਆਪਸ ਵਿਚ ਖੇਡ ਰਹੇ ਸਨ ਤਾਂ ਮੇਰੀ ਭੈਣ ਨੇ ਉਨ੍ਹਾਂ ਬੱਚਿਆਂ ਨਾਲ ਕੋਈ ਗੱਲ ਕੀਤੀ ਜੋ ਉਹ ਸਮਝ ਨਹੀਂ ਸਕੇ। ਉਸ ਨੇ ਉਸ ਬੀਬੀ ਤੋਂ ਪੁੱਛਿਆ ਕਿ ਉਹ ਪਾਕਿਸਤਾਨ ਤੋਂ ਨਹੀਂ ਹਨ? (ਕਿਉਂਕਿ ਪਹਿਰਾਵੇ ਤੋਂ ਉਹ ਪਾਕਿਸਤਾਨ ਨਾਲ ਸਬੰਧਤ ਜਾਪਦੀ ਸੀ ਤੇ ਉਥੋਂ ਆਏ ਬੱਚੇ ਸਾਡੀ ਗੱਲ ਸਮਝ ਲੈਂਦੇ ਹਨ)। ਉਸ ਬੀਬੀ ਨੇ ਦੱਸਿਆ ਕਿ ਉਹ ਬਲੋਚਿਸਤਾਨ ਤੋਂ ਹਨ ਅਤੇ ਆਪਣੇ ਘਰ ਅੰਦਰ ਉਹ ਆਪਣੀ ਬੋਲੀ ਬੋਲਦੇ ਹਨ। ਉਸ ਨਾਲ ਗੱਲਾਂ ਕਰਦਿਆਂ ਮੇਰੀ ਭੈਣ ਨੂੰ ਪਤਾ ਲੱਗਾ ਕਿ ਪਾਕਿਸਤਾਨੀ ਫੌਜ ਵੱਲੋਂ ਕਿਸ ਤਰ੍ਹਾਂ ਉਥੇ ਹੁਣ ਤੱਕ ਹਜ਼ਾਰਾਂ ਲੋਕ ਮਾਰ ਦਿੱਤੇ ਗਏ ਹਨ ਅਤੇ ਬਲੋਚਿਸਤਾਨ ਦਾ ਕਿੰਨਾ ਬੁਰਾ ਹਾਲ ਹੈ! ਇਸ ਗੱਲ ਨੇ ਮੇਰੇ ਅੰਦਰ ਵੀ ਕਈ ਵਾਰ ਖਲਬਲੀ ਮਚਾਈ ਸੀ, ਕਿਉਂਕਿ ਘੱਟ ਗਿਣਤੀ ਭਾਈਚਾਰਿਆਂ ਨਾਲ ਉਥੇ ਸਮੇਂ ਸਮੇਂ ਕੀ ਵਾਪਰਦਾ ਹੈ, ਇਸ ਬਾਰੇ ਤਾਂ ਜਾਣਕਾਰੀ ਸੀ, ਪਰ ਆਪਣੇ ਮੁਸਲਮਾਨ ਭਰਾਵਾਂ ਨਾਲ ਵੀ ਇਹੋ ਜਿਹਾ ਸਲੂਕ ਹੀ ਪਾਕਿਸਤਾਨੀ ਫੌਜ ਕਰਦੀ ਹੈ, ਇਸ ਦੀ ਜਾਣਕਾਰੀ ਨਹੀਂ ਸੀ। ਇਸ ਲਈ ਮੈਂ ਕੁਝ ਜਾਣਨ-ਸਮਝਣ ਲਈ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਦਾ ਮਨ ਬਣਾਇਆ।
14 ਜੁਲਾਈ 1947 ਨੂੰ ਜਦੋਂ ਯੂæਕੇæ (ਯੂਨਾਈਟਡ ਕਿੰਗਡਮ) ਦੀ 38ਵੀਂ ਪਾਰਲੀਮੈਂਟ ਭਾਰਤ ਦੀ ਆਜ਼ਾਦੀ ਦੇ ਬਿਲ ‘ਤੇ ਬਹਿਸ ਕਰ ਰਹੀ ਸੀ, ਤਾਂ ਪਾਰਲੀਮੈਂਟ ਦੇ 640 ਮੈਂਬਰਾਂ ਵਿਚੋਂ ਸਿਰਫ ਇਕ ਮੈਂਬਰ ਨੇ ਭਵਿੱਖ ਨੂੰ ਪਹਿਲਾਂ ਹੀ ਤਾੜ ਲਿਆ ਸੀ। ਸਰ ਗਡਫਰੀ ਨਿਕਲਸਨ ਜੋ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਵਜੋਂ ਜਿੱਤ ਕੇ ਆਇਆ ਸੀ, ਨੇ ਹਾਊਸ ਨੂੰ ਤਾੜਨਾ ਕੀਤੀ ਸੀ ਕਿ ‘ਜੇ ਬਲੋਚਿਸਤਾਨ ਪਾਕਿਸਤਾਨ ਨਾਲ ਨਹੀਂ ਸ਼ਾਮਲ ਹੋਣਾ ਚਾਹੁੰਦਾ ਤਾਂ ਦੁਨੀਆਂ ਵਿਚ ਕੋਈ ਵੀ ਇਸ ਨੂੰ ਜਬਰੀ ਪਾਕਿਸਤਾਨ ਵਿਚ ਮਿਲਾਏ ਜਾਣ ਤੋਂ ਨਹੀਂ ਰੋਕ ਸਕੇਗਾ, ਅਗਰ ਬਿਲ ਨੂੰ ਵਰਤਮਾਨ ਰੂਪ ਵਿਚ ਪਾਸ ਕਰ ਦਿੱਤਾ ਗਿਆ, ਤਾਂ ਇਹ ਬਹੁਤ ਗੰਭੀਰ ਮਾਮਲਾ ਹੈ।’ ਉਹ ਬਿਲ ਦੀ ਮਦ ਨੰਬਰ 2 ‘ਤੇ ਆਪਣਾ ਖਦਸ਼ਾ ਪ੍ਰਗਟ ਕਰ ਰਿਹਾ ਸੀ, ਜਿਸ ਅਨੁਸਾਰ ਬ੍ਰਿਟਿਸ਼ ਬਲੋਚਿਸਤਾਨ ਨੂੰ ਨਵੀਂ ਸਥਾਪਤ ਕੀਤੀ ਰਿਆਸਤ ਪਾਕਿਸਤਾਨ ਵਿਚ ਮਿਲਾ ਦਿੱਤਾ ਜਾਵੇਗਾ।
1854 ਅਤੇ ਦੁਬਾਰਾ 1876 ਦੀ ਸੰਧੀ ਅਨੁਸਾਰ ਬਲੋਚਿਸਤਾਨ ਅਤੇ ਬ੍ਰਿਟੇਨ ਵਿਚ ਸਹਿਮਤੀ ਪ੍ਰਗਟ ਕੀਤੀ ਗਈ ਸੀ ਕਿ ਬ੍ਰਿਟਿਸ਼ ਰਾਜ ਵੱਲੋਂ ਬਲੋਚ ਖੇਤਰਾਂ ਦੀ ਵਰਤੋਂ ਯੁੱਧਨੀਤਕ ਮਕਸਦਾਂ ਲਈ ਕੀਤੀ ਜਾਵੇਗੀ ਅਤੇ ਬਦਲੇ ਵਿਚ ਬ੍ਰਿਟੇਨ ਬਲੋਚਿਸਤਾਨ ਦੀ ਬਾਹਰੀ ਧਮਕੀਆਂ ਤੋਂ ਰੱਖਿਆ ਕਰੇਗਾ। ਇੰਡੀਅਨ ਇੰਡੀਪੈਂਡੈਂਸ ਐਕਟ 18 ਜੁਲਾਈ 1947 ਪਾਸ ਕਰ ਦਿੱਤਾ ਗਿਆ। ਫਿਰ 4 ਅਗਸਤ 1947 ਨੂੰ ਜਿਨਾਹ ਨੇ ਪਾਕਿਸਤਾਨ ਦੇ ਬਾਨੀ ਦੇ ਤੌਰ ‘ਤੇ, ਬਲੋਚਿਸਤਾਨ ਦੇ ਸਰਵਸਤਾਧਾਰੀ/ਮਹਾਰਾਜੇ ਮੀਰ ਅਹਿਮਦ ਯਾਰ ਖਾਨ ਨਾਲ ਸਥਾਈ ਸਮਝੌਤੇ ‘ਤੇ ਦਸਤਖਤ ਕੀਤੇ। ਸ਼ਰਤਾਂ, ਜਿਨ੍ਹਾਂ ਵਿਚ ਜਿਨਾਹ ਨੇ ਬਲੋਚਿਸਤਾਨ ਦੀ ਆਜ਼ਾਦੀ ਨੂੰ ਸਵੀਕਾਰਿਆ ਅਤੇ ਮੰਨਿਆ ਕਿ ਪਟੇ ਦੇ ਖੇਤਰ (ਲੀਜ਼ਡ ਏਰੀਆ- ਬ੍ਰਿਟਿਸ਼ ਬਲੋਚਿਸਤਾਨ) ਬਾਰੇ ਕਾਨੂਨੀ ਰਾਏ ਲਈ ਜਾਵੇਗੀ, 11 ਅਗਸਤ 1947 ‘ਚ ਪ੍ਰਸਾਰਤ ਕੀਤੀਆਂ ਗਈਆਂ।
ਬੇਸ਼ੱਕ, ਕਾਨੂੰਨੀ ਰਾਏ ਕਦੇ ਵੀ ਨਹੀਂ ਲਈ ਗਈ ਅਤੇ ਬ੍ਰਿਟਿਸ਼ ਬਲੋਚਿਸਤਾਨ ਨੂੰ ਸਾਰੇ ਕੌਮਾਂਤਰੀ ਕਾਨੂੰਨਾਂ ਅਤੇ ਸੰਧੀਆਂ ਨੂੰ ਛਿੱਕੇ ਟੰਗ ਕੇ ਪਾਕਿਸਤਾਨ ਵਿਚ ਮਿਲਾ ਲਿਆ ਗਿਆ। ਅਪਰੈਲ 1948 ਵਿਚ ਕਲਾਤ (ਰਾਜਧਾਨੀ) ਦੇ ਪ੍ਰਬੰਧ ਹੇਠ ਆਉਂਦੇ ਬਲੋਚਿਸਤਾਨ ਦੇ ਬਾਕੀ ਬਚਦੇ ਸਾਰੇ ਖੇਤਰਾਂ ਵਿਚ ਪਾਕਿਸਤਾਨ ਦਾਖਲ ਹੋ ਗਿਆ ਅਤੇ ਖੇਤਰਾਂ ਨੂੰ ਪਾਕਿਸਤਾਨ ਵਿਚ ਮਿਲਾ ਦਿੱਤਾ ਗਿਆ, ਜਦੋਂ ਤੱਕ ਕਲਾਤ ਨੂੰ ਪਾਕਿਸਤਾਨੀ ਫੌਜ ਨੇ ਘੇਰ ਨਹੀਂ ਲਿਆ। ਬਲੋਚਿਸਤਾਨ ਦੇ ਸ਼ਾਸਕ ਮੀਰ ਅਹਿਮਦ ਯਾਰ ਖਾਨ ਨੂੰ 27 ਮਾਰਚ 1948 ਨੂੰ ਐਕਸੈਸ਼ਨ ਟਰੈਟੀ ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। ਬ੍ਰਿਟੇਨ ਨੇ ਸੰਧੀ ਅਨੁਸਾਰ ਕੀਤਾ ਆਪਣਾ ਵਾਅਦਾ ਨਹੀਂ ਨਿਭਾਇਆ, ਬਲਕਿ ਧਾੜਵੀ ਪਾਕਿਸਤਾਨੀ ਫੌਜ ਦੀ ਅਗਵਾਈ ਬ੍ਰਿਟਿਸ਼ ਜਨਰਲ ਸਰ ਫਰੈਂਕ ਮੈਜ਼ਰਵੀ ਨੇ ਕੀਤੀ। ਬਲੋਚਿਸਤਾਨ ਨਾਲ ਧੋਖਾ ਕੀਤਾ ਗਿਆ ਅਤੇ ਉਸ ਨੂੰ ਪਾਕਿਸਤਾਨ ਵਿਚ ਰਲੇਵੇਂ ਲਈ ਮਜਬੂਰ ਕੀਤਾ ਗਿਆ। ਇਸ ਤਰ੍ਹਾਂ ਨਿਕਲਸਨ ਦੀ ਕੀਤੀ ਭਵਿੱਖਵਾਣੀ ਸੱਚੀ ਸਾਬਤ ਹੋ ਗਈ।
ਡਾæ ਕਰੀਮਜ਼ਾਦੀ ਅਨੁਸਾਰ ਬਟਵਾਰੇ ਦੇ ਮੁਢਲੇ ਦਿਨਾਂ ਵਿਚ ਭਾਰਤ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਭਾਰਤ ਵੱਲ ਹਿਜਰਤ ਕਰਦੇ ਲੱਖਾਂ ਲੋਕ ਮਾਰੇ ਗਏ; ਇਥੋਂ ਤੱਕ ਕਿ ਚੌਧਰੀ ਰਹਿਮਤ ਅਲੀ ਜਿਸ ਨੇ ਸ਼ਬਦ ‘ਪਾਕਿਸਤਾਨ’ ਘੜਿਆ ਸੀ, ਨੂੰ ਵੀ ਨਹੀਂ ਬਖਸ਼ਿਆ ਗਿਆ। ਉਹ ਅਪਰੈਲ 1948 ਵਿਚ ਬ੍ਰਿਟੇਨ ਤੋਂ ਪਾਕਿਸਤਾਨ ਗਿਆ, ਉਸ ਦੀ ਸਾਰੀ ਜਾਇਦਾਦ ਕੁਰਕ ਕਰ ਲਈ ਗਈ, ਉਸ ਨੂੰ ਜਿਚ ਕੀਤਾ ਗਿਆ ਅਤੇ ਉਹ ਮੁਲਕ ਜਿਸ ਨੂੰ ਬਣਾਉਣ ਲਈ ਉਸ ਨੇ ਭਾਰਤ ਦੀ ਵੰਡ ਕਰ ਕੇ ਸਹਾਇਤਾ ਕੀਤੀ, ਆਪਣੇ ਬਣਾਉਣ ਵਾਲੇ ਦੇ ਹੀ ਖਿਲਾਫ ਹੋ ਗਿਆ। ਇਹ ਮਹਿਸੂਸ ਕਰਦਿਆਂ ਕਿ ਉਸ ਦੀ ਵਿਚਾਰਧਾਰਾ ਨੇ ਕਿਹੋ ਜਿਹੀ ਜ਼ਹਿਰ ਬੀਜ ਦਿੱਤੀ ਹੈ, ਰਹਿਮਤ ਅਲੀ ਪਾਕਿਸਤਾਨ ਛੱਡ ਕੇ ਵਾਪਸ ਬ੍ਰਿਟੇਨ ਚਲਾ ਗਿਆ ਜੋ ਈਸਾਈ ਬਹੁ-ਗਿਣਤੀ ਸਮਾਜ ਸੀ ਅਤੇ ਬਾਕੀ ਦੀ ਜ਼ਿੰਦਗੀ ਉਸ ਨੇ ਉਥੇ ਹੀ ਗੁਜ਼ਾਰੀ।
ਪਾਕਿਸਤਾਨ ਦੇ ਕਬਜ਼ੇ ਅੰਦਰ ਬਲੋਚਿਸਤਾਨ ਵਿਚ ਜਬਰ ਦੀ ਇੰਤਾਹ ਦਾ ਅੰਦਾਜ਼ਾ ਇਸ ਦਾ ਸ਼ਿਕਾਰ ਬਣੇ ਬੰਦਿਆਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਸੰਨ 2006 ਤੋਂ ਮਹਿਜ਼ ਇਕ ਦਹਾਕੇ ਵਿਚ 20,000 ਤੋਂ ਵੱਧ ਲੋਕਾਂ ਨੂੰ ‘ਲਾਪਤਾ’ ਹੋਣ ਲਈ ਮਜਬੂਰ ਕੀਤਾ ਗਿਆ। ਪਾਕਿਸਤਾਨੀ ਬਲਾਂ ਦੀ ਹਿਰਾਸਤ ਵਿਚ ਤਕਰੀਬਨ 3000 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਵਿਚ ਵਕੀਲ, ਡਾਕਟਰ, ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹਨ। ਬਲੋਚਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਮਾਰਨ ਲਈ ਪਾਕਿਸਤਾਨ ਵੱਖੋ ਵੱਖਰੀਆਂ ਤਰਕੀਬਾਂ ਅਪਨਾਉਂਦਾ ਹੈ। ਕੋਇਟਾ ਸਿਵਲ ਹਸਪਤਾਲ ਵਿਚ 8 ਅਗਸਤ ਨੂੰ ਬਲੋਚ ਅਤੇ ਪਖਤੂਨ ਵਕੀਲਾਂ ਦੇ ਇਕੱਠ ‘ਤੇ ਆਤਮਘਾਤੀ ਮਨੁੱਖੀ ਬੰਬ ਨੇ ਹਮਲਾ ਕੀਤਾ ਜਿਸ ਵਿਚ 50 ਤੋਂ ਜ਼ਿਆਦਾ ਵਕੀਲ ਮਾਰੇ ਗਏ। ਉਨ੍ਹਾਂ ਵਿਚੋਂ ਬਹੁਤੇ ਪਖਤੂਨ ਅਤੇ ਬਲੋਚ, ਹਸਪਤਾਲ ਵਿਚ ਆਪਣੇ ਸਾਥੀ ਵਕੀਲ ਦੀ ਮ੍ਰਿਤਕ ਦੇਹ ਲੈਣ ਆਏ ਸੀ, ਜਿਹੜਾ ਉਸ ਦਿਨ ਸਵੇਰੇ ਹੀ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ ਸੀ।
ਵੱਡਾ ਸਵਾਲ ਹੈ ਕਿ ਕੋਇਟਾ, ਜਿਥੇ ਕੋਈ ਬਲੋਚ ਇਕ ਸੜਕ ਤੋਂ ਦੂਸਰੀ ਸੜਕ ਤੱਕ ਥਾਂ ਥਾਂ ਫੌਜੀ ਜਾਂਚ-ਟਿਕਾਣਿਆਂ ‘ਤੇ ਲਗਾਤਾਰ ਜਿਚ ਹੋਏ ਵਗੈਰ ਸਫਰ ਨਹੀਂ ਕਰ ਸਕਦਾ, ਉਥੇ ਇਹ ਕਿਵੇਂ ਸੰਭਵ ਹੋਇਆ ਕਿ ਕੋਈ ਆਤਮਘਾਤੀ ਮਨੁੱਖੀ ਬੰਬ ਵਕੀਲਾਂ ਦੀ ਪੂਰੀ ਪੀੜ੍ਹੀ ਨੂੰ ਕਿਸੇ ਅੰਦਰੂਨੀ ਸਹਾਇਤਾ ਤੋਂ ਬਿਨਾਂ ਖਤਮ ਕਰ ਦੇਵੇ?
11 ਅਗਸਤ 1947 ਨੂੰ ਜਿਨਾਹ ਨੇ ਬੜੇ ਸਪਸ਼ਟ ਸ਼ਬਦਾਂ ਵਿਚ ਪਾਕਿਸਤਾਨ ਦੀ ਨੀਂਹ ਰੱਖੀ ਸੀ ਜਿਸ ਨੇ ਧਰਮ ਦੀ ਆਜ਼ਾਦੀ ਦੀ ਜ਼ਮਾਨਤ ਦਿੰਦਿਆਂ ਧਰਮ-ਨਿਰਪੱਖ ਅਤੇ ਉਦਾਰਵਾਦੀ ਲੋਕਰਾਜ ਬਣਨਾ ਸੀ: ‘ਪਾਕਿਸਤਾਨ ਵਿਚ ਤੁਸੀਂ ਆਜ਼ਾਦ ਹੋ, ਤੁਸੀਂ ਆਪਣੇ ਮੰਦਿਰਾਂ ਵਿਚ ਜਾਣ ਲਈ ਆਜ਼ਾਦ ਹੋ, ਤੁਸੀਂ ਆਪਣੀਆਂ ਮਸਜਿਦਾਂ ਵਿਚ ਜਾਣ ਲਈ ਆਜ਼ਾਦ ਹੋ ਜਾਂ ਹੋਰ ਕਿਸੇ ਪੂਜਾ ਦੇ ਸਥਾਨ ‘ਤੇ ਜਾਣ ਲਈ ਆਜ਼ਾਦ ਹੋ।’ ਇਸ ਭਾਸ਼ਨ ਤੋਂ ਸਪਸ਼ਟ ਹੁੰਦਾ ਹੈ ਕਿ ਜਿਨਾਹ ਆਪਣੇ ਮੁਲਕ ਨੂੰ ਕਿਹੋ ਜਿਹਾ ਰੂਪ ਦੇਣਾ ਚਾਹੁੰਦਾ ਸੀ। ਇਸੇ ਭਾਸ਼ਣ ਵਿਚ ਉਸ ਨੇ ਅੱਗੇ ਦਾਅਵਾ ਕੀਤਾ ਸੀ- ‘ਤੁਸੀਂ ਕਿਸੇ ਵੀ ਧਰਮ, ਜਾਤ, ਫਿਰਕੇ ਨਾਲ ਸਬੰਧਤ ਹੋ ਸਕਦੇ ਹੋ, ਇਸ ਦਾ ਮੁਲਕ ਦੇ ਵਿਹਾਰ ਨਾਲ ਕੋਈ ਸਬੰਧ ਨਹੀਂ।’
ਇਉਂ ‘ਪਾਕਿਸਤਾਨ ਦੇ ਕਬਜ਼ੇ ਹੇਠਲੇ ਬਲੋਚਿਸਤਾਨ ਦੀ ਹੋਣੀ, ਚੁਣੌਤੀਆਂ ਅਤੇ ਮਨੁੱਖੀ ਹੱਕਾਂ ਦਾ ਘਾਣ’ ਬਾਰੇ ਜਾਣਨ-ਸਮਝਣ ਲਈ 27 ਮਾਰਚ, ਸੋਮਵਾਰ ਨੂੰ ਮੌਕਾ ਬਣਿਆ। ਅਸਲ ਵਿਚ 27 ਮਾਰਚ ਦਾ ਦਿਨ ਬਲੋਚਿਸਤਾਨ ਦੇ ਇਤਿਹਾਸ ਵਿਚ ਖਾਸ ਦਿਨ ਵਜੋਂ ਜਾਣਿਆ ਜਾਂਦਾ ਹੈ। ਇਹੀ 27 ਮਾਰਚ 1948 ਦਾ ਦਿਹਾੜਾ ਸੀ ਜਦੋਂ ਪਾਕਿਸਤਾਨ ਦੇ ਹੋਂਦ ਵਿਚ ਆਉਣ ਦੇ ਤਕਰੀਬਨ 8 ਕੁ ਮਹੀਨੇ ਬਾਅਦ ਹੀ ਪਾਕਿਸਤਾਨ ਦੀ ਹਕੂਮਤ ਨੇ ਆਪਣੀ ਫੌਜੀ ਤਾਕਤ ਵਰਤਦਿਆਂ ਕਸ਼ਮੀਰ ਵਾਂਗ ਹੀ ਬਲੋਚਿਸਤਾਨ ‘ਤੇ ਧਾਵਾ ਬੋਲ ਕੇ ਉਸ ਨੂੰ ਆਪਣੇ ਕਬਜ਼ੇ ਹੇਠਾਂ ਕਰ ਲਿਆ ਸੀ ਅਤੇ ਇਸੇ ਕਾਲੇ ਦਿਨ ਤੋਂ ਬਲੋਚਿਸਤਾਨ ਲਈ, ਅੰਗਰੇਜ਼ਾਂ ਦੇ ਜਾਣ ਤੋਂ ਬਾਅਦ, ਹਿੰਦੁਸਤਾਨ ਦੀ ਦੋ ਮੁਲਕਾਂ ਵਿਚ ਵੰਡ ਹੋਣ ਕਰ ਕੇ ਨਵੇਂ ਨਵੇਂ ਹੋਂਦ ਵਿਚ ਆਏ ਪਾਕਿਸਤਾਨ ਦੀ ਗੁਲਾਮੀ ਹੰਢਾਉਣ ਦੀ ਸ਼ੁਰੂਆਤ ਹੋ ਗਈ ਸੀ।
ਸੈਮੀਨਾਰ ‘ਚ ਜਾ ਕੇ ਹੀ ਪਹਿਲੀ ਵਾਰ ਪਤਾ ਲੱਗਾ ਕਿ ਬਲੋਚਿਸਤਾਨ ਅੰਗਰੇਜ਼ਾਂ ਦੀ ਹਕੂਮਤ ਸਮੇਂ ਵੱਖਰਾ ਮੁਲਕ ਸੀ, ਪਰ ਪਾਕਿਸਤਾਨ ਨੇ 27 ਮਾਰਚ 1948 ਨੂੰ ਬਲੋਚਿਸਤਾਨ ‘ਤੇ ਆਪਣੀ ਫੌਜ ਰਾਹੀਂ ਕਬਜ਼ਾ ਕਰ ਕੇ ਇਸ ਨੂੰ ਜਬਰੀ ਪਾਕਿਸਤਾਨ ਦਾ ਹਿੱਸਾ ਬਣਾ ਲਿਆ ਸੀ; ਉਸੇ ਤਰ੍ਹਾਂ ਜਿਵੇਂ ਕਸ਼ਮੀਰ ਦੇ ਕੁਝ ਹਿੱਸੇ ਜਿਸ ਨੂੰ ਪਾਕਿਸਤਾਨ ‘ਆਜ਼ਾਦ ਕਸ਼ਮੀਰ’ ਦਾ ਨਾਂ ਦਿੰਦਾ ਹੈ, ਨੂੰ ਪਾਕਿਸਤਾਨ ਦਾ ਹਿੱਸਾ ਬਣਾ ਲਿਆ ਸੀ।
ਸੈਮੀਨਾਰ ਦਾ ਪ੍ਰਬੰਧ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਸਰਗਰਮ ਕਾਰਕੁਨ ਜਾਣੀ ਪਛਾਣੀ ਸ਼ਖਸੀਅਤ ਸਟੇਸੀ ਕੋਰ (ੰਸ ੰਟਅਚਇ ਖੋਰ) ਨੇ ਸ਼ੈਰੀਡਨ ਕਾਲਜ ਦੇ ਛੋਟੇ ਆਡੀਟੋਰੀਅਮ ਵਿਚ ਕੀਤਾ ਸੀ ਜਿਸ ਵਿਚ ਮੁੱਖ ਬੁਲਾਰੇ ਸਨ ਕੈਨੇਡਾ ਦੇ ਇਮੀਗਰੇਸ਼ਨ ਤੇ ਸਿਟੀਜ਼ਨਸ਼ਿਪ ਦੇ ਸਾਬਕਾ ਮੰਤਰੀ ਕ੍ਰਿਸ ਅਲੈਗਜ਼ਾਂਡਰ, ਜਾਣੇ-ਪਛਾਣੇ ਵਿਦਵਾਨ ਤੇ ਜ਼ੀ ਟੀæਵੀæ ਦੇ ਹੋਸਟ ਤਾਰਕ ਫਤਿਹ, ਇਸਤਰੀਆਂ ਤੇ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਸੰਸਾਰ ਪ੍ਰਸਿੱਧ ਕਾਰਕੁਨ ਅਰੁਣਾ ਪੈਪ, ਕੈਨੇਡਾ ਦੀ ਬਲੋਚ ਮਨੁੱਖੀ ਅਧਿਕਾਰਾਂ ਦੀ ਕੌਂਸਲ ਦੇ ਪ੍ਰਧਾਨ ਡਾæ ਜ਼ਫਰ ਬਲੋਚ ਅਤੇ ਬਲੋਚਿਸਤਾਨ ਸਟੂਡੈਂਟਸ ਆਰਗੇਨਾਈਜ਼ੇਸ਼ਨ (ਆਜ਼ਾਦ) ਦੀ ਪ੍ਰਧਾਨ ਕਰੀਮਾ ਬਲੋਚ। ਪ੍ਰੋਫੈਸਰ ਰੁਥ ਅਤੇ ਪ੍ਰੋਫੈਸਰ ਡੇਵਿਡ ਪੈਪ ਇਸ ਸੈਮੀਨਾਰ ਦੇ ਨਿਰਦੇਸ਼ਕ ਸਨ। ਸ਼ੈਰੀਡਨ ਕਾਲਜ ਦੇ ਛੋਟੇ ਆਡੀਟੋਰੀਅਮ ਵਿਚ ਸੋਮਵਾਰ ਕੰਮਕਾਜੀ ਦਿਹਾੜਾ ਹੋਣ ‘ਤੇ ਵੀ ਤਕਰੀਬਨ 65 ਕੁ ਸਰੋਤੇ ਹਾਜ਼ਰ ਸਨ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਸਲਾਈਡ ਸ਼ੋਅ ਕੀਤਾ ਗਿਆ ਜਿਸ ਵਿਚ ਪਾਕਿਸਤਾਨੀ ਫੌਜ ਵੱਲੋਂ ਆਮ ਲੋਕਾਂ ‘ਤੇ ਕੀਤੇ ਜਾ ਰਹੇ ਤਸ਼ਦੱਦ ਦੀਆਂ ਵੀਡੀਓਜ਼ ਦਿਖਾਈਆਂ ਗਈਆਂ। ਸੈਮੀਨਾਰ ਦੀ ਰਸਮੀ ਸ਼ੁਰੂਆਤ ਕਰਦਿਆਂ ਕਰੀਮਾ ਬਲੋਚ ਨੇ ਅੰਗਰੇਜ਼ੀ ਵਿਚ ਸੰਖੇਪ ਪਰਚਾ ਪੜ੍ਹਿਆ। ਉਸ ਨੇ ਬਲੋਚਾਂ ਅਤੇ ਪਾਕਿਸਤਾਨੀ ਫੌਜ ਵੱਲੋਂ ਢਾਹੇ ਜਾ ਰਹੇ ਤਸ਼ੱਦਦ ਦੀ ਗੱਲ ਕਰਦਿਆਂ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਪੱਤਰਕਾਰ, ਅਧਿਆਪਕ, ਡਾਕਟਰ ਅਤੇ ਨੌਜੁਆਨ ਸ਼ਾਮਲ ਸਨ, ਭਾਵ ਕੋਈ ਵੀ ਉਹ ਜਿਸ ਤੋਂ ਪਾਕਿਸਤਾਨੀ ਫੌਜ ਨੂੰ ਲੱਗਦਾ ਹੈ ਕਿ ਲੋਕਾਂ ਦੀ ਆਵਾਜ਼ ਬਣ ਸਕਦਾ ਹੈ, ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕਰੀਮਾ ਬਲੋਚ ਨੇ ਖੋਲ੍ਹ ਕੇ ਦੱਸਿਆ ਕਿ ਪਾਕਿਸਤਾਨ ਦੀ ਸਟੇਟ ਮਸ਼ੀਨਰੀ ਵੱਲੋਂ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਤਸੀਹੇ ਦਿਤੇ ਗਏ, ਮਾਰ ਦਿੱਤਾ ਗਿਆ ਅਤੇ ਗੁੰਮ ਕਰ ਦਿੱਤਾ ਗਿਆ।
ਅਰੁਣਾ ਪੈਪ ਨੇ ਪਾਕਿਸਤਾਨੀ ਕਬਜ਼ੇ ਵਿਚਲੇ ਬਲੋਚਿਸਤਾਨ ਵਿਚ ਬੱਚਿਆਂ ਅਤੇ ਇਸਤਰੀਆਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ‘ਤੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਇਸਤਰੀਆਂ ਦੇ ਹੱਕਾਂ ਦਾ ਉਥੇ ਇੰਨਾ ਮੰਦਾ ਹਾਲ ਹੈ ਕਿ ਪਾਕਿਸਤਾਨੀ ਫੌਜ ਵੱਲੋਂ ਤਿੰਨ ਤਿੰਨ ਸਾਲ ਦੀਆਂ ਬੱਚੀਆਂ ਤੋਂ ਲੈ ਕੇ 80-80 ਸਾਲ ਤੱਕ ਦੀਆਂ ਬਜ਼ੁਰਗ ਔਰਤਾਂ ਨੂੰ ਵੀ ਤਸ਼ੱਦਦ ਤੇ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਡਾæ ਜ਼ਫਰ ਬਲੋਚ ਨੇ ਪਾਕਿਸਤਾਨੀ ਕਬਜ਼ੇ ਹੇਠਲੇ ਬਲੋਚਿਸਤਾਨ ਵਿਚ ਪਾਕਿਸਤਾਨੀ ਫੌਜ ਵੱਲੋਂ ਸੁਦੇਸ਼ੀ ਲੋਕਾਂ ‘ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਨਸਲਕੁਸ਼ੀ ਦੀ ਜਾਣਕਾਰੀ ਸਬੂਤਾਂ ਸਮੇਤ ਸਰੋਤਿਆਂ ਨਾਲ ਸਾਂਝੀ ਕੀਤੀ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਕ੍ਰਿਸ ਅਲੈਗਜ਼ਾਂਡਰ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਲੜਾਈ ਕੈਨੇਡਾ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਪਾਕਿਸਤਾਨ ਨੂੰ ਹਿੰਸਾ, ਅਤਿਵਾਦ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਕੇਂਦਰ ਮੰਨਦਾ ਹੈ। ਉਹ ਅਫਗਾਨਿਸਤਾਨ ਵਿਚ ਕੈਨੇਡਾ ਦੇ ਰਾਜਦੂਤ ਰਹੇ ਹੋਣ ਕਾਰਨ ਉਸ ਖਿੱਤੇ ਬਾਰੇ ਭਰਪੂਰ ਗਿਆਨ ਰੱਖਦੇ ਹਨ ਜੋ ਉਨ੍ਹਾਂ ਨੇ ਸਰੋਤਿਆਂ ਨਾਲ ਸਾਂਝਾ ਕੀਤਾ।
ਕੈਨੇਡੀਅਨ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਸਟੇਸੀ ਕੋਰ ਨੇ ਕੌਮਾਂਤਰੀ ਭਾਈਚਾਰਿਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਪਾਕਿਸਤਾਨੀ ਕਬਜ਼ੇ ਵਿਚਲੇ ਬਲੋਚਿਸਤਾਨ ਵਿਚ ਬਲੋਚਾਂ ਨੂੰ ਬਚਾਉਣ ਲਈ ਅੱਗੇ ਆਉਣ ਅਤੇ ਮਦਦ ਕਰਨ। ਤਾਰਕ ਫਤਿਹ ਨੇ ਆਪਣੇ ਦਲੇਰਾਨਾ ਅੰਦਾਜ਼ ਵਿਚ ਖਿੱਤੇ ਵਿਚ ਅਮਨ ਦੀ ਬਹਾਲੀ ਲਈ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਰਾਹ ‘ਤੇ ਆਉਣਾ ਹੀ ਪੈਣਾ ਹੈ ਅਤੇ ਬਲੋਚਿਸਤਾਨ ਦੀ ਪੂਰਨ ਆਜ਼ਾਦੀ ਹੀ ਖਿੱਤੇ ਵਿਚ ਅਮਨ ਬਹਾਲ ਕਰਨ ਦਾ ਰਸਤਾ ਹੈ।
ਸੁਣਨ ਵਿਚ ਇਹ ਵੀ ਆਉਂਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰੀ ਇਲਾਕੇ ਦੇ ਲੋਕ ਬੜੇ ਤੰਗ ਹਨ। ਪਾਕਿਸਤਾਨ ਹੱਥੋਂ ਮੁਕਤ ਹੋਣ ਲਈ ਬੰਗਾਲੀ ਹਜ਼ਾਰਾਂ ਨਹੀਂ, ਬਲਕਿ ਲੱਖਾਂ ਦੀ ਗਿਣਤੀ ਵਿਚ ਮਾਰੇ ਗਏ। ਬਲੋਚਾਂ ਦਾ ਹਾਲ ਸੁਣ ਹੀ ਰਹੀ ਸਾਂ। ਸੈਮੀਨਾਰ ਵਿਚ ਬੈਠਿਆਂ ਇਕੋ ਸਵਾਲ ਮੇਰੇ ਜ਼ਿਹਨ ਵਿਚ ਵਾਰ ਵਾਰ ਉਠਦਾ ਰਿਹਾ ਕਿ ਪਾਕਿਸਤਾਨ ਨਿੱਤ ਦਿਹਾੜੇ ਜਿਸ ਕਸ਼ਮੀਰ ਲਈ ਰੌਲਾ ਪਾਉਂਦਾ ਹੈ, ਕੀ ਪੂਰੇ ਕਸ਼ਮੀਰ ‘ਤੇ ਕਬਜ਼ਾ ਕਰ ਕੇ ਉਹ ਕਸ਼ਮੀਰੀਆਂ ਨੂੰ ਉਸੇ ਕਿਸਮ ਦੀ ਆਜ਼ਾਦੀ ਦੇਣਾ ਚਾਹੁੰਦਾ ਹੈ ਜਿਸ ਤਰ੍ਹਾਂ ਦੀ ਆਜ਼ਾਦੀ ਵਿਚਾਰੇ ਬਲੋਚਿਸਤਾਨ ਦੇ ਲੋਕਾਂ ਨੂੰ ਦਿੱਤੀ ਹੋਈ ਹੈ?