ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਪੁਰਾਤਨ ਸਮੇਂ ਤੋਂ ਹੀ ਸੋਮਨਾਥ ਮੰਦਿਰ ਸਾਰੇ ਹਿੰਦੁਸਤਾਨ ਵਿਚ ਪ੍ਰਸਿਧ ਸੀ। ਵੱਡੇ-ਵੱਡੇ ਰਾਜੇ-ਮਹਾਰਾਜੇ ਬੇਸ਼ੁਮਾਰ ਧਨ, ਸੋਨਾ ਅਤੇ ਕੀਮਤੀ ਹੀਰੇ-ਜਵਾਹਰਾਤ ਦੇ ਰੂਪ ਵਿਚ ਚੜ੍ਹਾਉਂਦੇ ਰਹੇ। ਸਯਦ ਮੁਹੰਮਦ ਲਤੀਫ ਦੀ ਪੁਸਤਕ ‘ਹਿਸਟਰੀ ਆਫ ਦਿ ਪੰਜਾਬ’ ਅਨੁਸਾਰ ਸੋਮਨਾਥ ਮੰਦਿਰ ਆਪਣੀ ਸ਼ਾਨਦਾਰ ਇਮਾਰਤ, ਜੋ ਕੀਮਤੀ ਪੱਥਰਾਂ ਦੀ ਬਣੀ ਹੋਈ ਸੀ, ਕਰ ਕੇ ਭਵਨ ਕਲਾ ਦਾ ਖਾਸ ਨਮੂਨਾ ਸੀ।
ਵੱਖ-ਵੱਖ ਰਿਆਸਤਾਂ ਦੇ ਰਾਜਿਆਂ ਨੇ ਦੋ ਹਜ਼ਾਰ ਪਿੰਡ ਇਸ ਮੰਦਿਰ ਨੂੰ ਜਾਗੀਰ ਵਜੋਂ ਦਿੱਤੇ ਹੋਏ ਸਨ ਤਾਂ ਕਿ ਪੁਜਾਰੀਆਂ ਅਤੇ ਹੋਰ ਸੇਵਾਦਾਰਾਂ ਦਾ ਗੁਜ਼ਾਰਾ ਹੋ ਸਕੇ। ਹਿੰਦੁਸਤਾਨ ਦੇ ਹਰ ਕੋਨੇ ਤੋਂ ਸ਼ਰਧਾਲੂ ਸੋਨਾ ਅਤੇ ਪੈਸਾ ਚੜ੍ਹਾਉਂਦੇ। ਸੂਰਜ ਅਤੇ ਚੰਦਰ ਗ੍ਰਹਿਣ ਸਮੇਂ ਦੋ ਤੋਂ ਤਿੰਨ ਲੱਖ ਸ਼ਰਧਾਲੂ ਇਥੇ ਮੱਥਾ ਟੇਕਦੇ।
ਮੂਰਤੀ ਦਾ ਇਸ਼ਨਾਨ ਦਿਨ ਵਿਚ ਦੋ ਵਾਰੀ ਗੰਗਾ ਜਲ ਨਾਲ ਕਰਾਇਆ ਜਾਂਦਾ। ਇਹ ਗੰਗਾ ਜਲ ਬਾਰਾਂ ਸੌ ਮੀਲ ਦੂਰੋਂ ਲਿਆਇਆ ਜਾਂਦਾ ਸੀ। ਇਕ ਵੱਡਾ ਘੰਟਾ ਜਿਸ ਦੀ ਸੰਗਲੀ ਵੀ ਸੋਨੇ ਦੀ ਸੀ, 200 ਮਣ ਭਾਰਾ ਸੀ। ਇਹ ਸ਼ਰਧਾਲੂਆਂ ਨੂੰ ਪੂਜਾ ਸਮੇਂ ਬੁਲਾਉਣ ਲਈ ਵਜਾਇਆ ਜਾਂਦਾ ਸੀ।
ਮੰਦਿਰ ਦੇ ਕਰਮਚਾਰੀਆਂ ਵਿਚ 2000 ਬ੍ਰਾਹਮਣ, 500 ਦੇਵਦਾਸੀਆਂ (ਨੱਚਣ ਵਾਲੀਆਂ ਕੁੜੀਆਂ), 300 ਗਵੱਈਏ/ਸਾਜ਼ਿੰਦੇ ਅਤੇ ਤਿੰਨ ਸੌ ਨਾਈ ਸਨ ਜੋ ਸ਼ਰਧਾਲੂਆਂ ਦੀ ਮੰਦਿਰ ਅੰਦਰ ਜਾਣ ਤੋਂ ਪਹਿਲਾਂ ਹਜਾਮਤ ਕਰਦੇ ਸਨ। ਮੰਦਿਰ ਅੰਦਰ ਜਾਣ ਤੋਂ ਪਹਿਲਾਂ ਸ਼ੇਵ ਕਰਾਉਣੀ ਜ਼ਰੂਰੀ ਸੀ। ਮੁੰਨੇ ਹੋਏ ਸਿਰਾਂ ਅਤੇ ਦਾੜ੍ਹੀਆਂ ਵਾਲੇ ਪੁਜਾਰੀ ਮੂਰਤੀ ਦੀ ਪੂਜਾ ਕਰਦੇ ਅਤੇ ਨੱਚਣ ਵਾਲੀਆਂ ਕੁੜੀਆਂ ਗਹਿਣੇ ਸਜਾ ਕੇ ਮੂਰਤੀ ਅੱਗੇ ਨੱਚਦੀਆਂ। ਰਾਜਿਆਂ ਵੱਲੋਂ ਸ਼ਰਧਾ ਨਾਲ ਆਪਣੀਆਂ ਲੜਕੀਆਂ ਇਸ ਮੰਦਿਰ ਵਿਚ ਚੜ੍ਹਾਉਣ ਦਾ ਰਿਵਾਜ ਸੀ ਤਾਂ ਕਿ ਭਗਵਾਨ ਦੀ ਪ੍ਰਸੰਨਤਾ ਪ੍ਰਾਪਤ ਹੋ ਸਕੇ।
ਸੋਮਨਾਥ ਦੀ ਮੂਰਤੀ ਤੋਂ ਇਲਾਵਾ ਸੋਨੇ ਤੇ ਚਾਂਦੀ ਦੀਆਂ ਬਣੀਆਂ ਸੈਂਕੜੇ ਹੋਰ ਮੂਰਤੀਆਂ ਸਨ ਜੋ ਸਭ ਢਾਹ-ਢੇਰੀ ਕਰਨ ਲਈ ਮਹਿਮੂਦ, ਗਜ਼ਨੀ ਤੋਂ ਸਤੰਬਰ 1024 ਨੂੰ ਚੱਲਿਆ। ਉਸ ਦੇ ਪਿੱਛੇ ਤੁਰਕਿਸਤਾਨ ਅਤੇ ਲਾਗੇ ਦੇ ਹੋਰ ਦੇਸ਼ਾਂ ਦੇ ਪੰਜਾਹ ਹਜ਼ਾਰ ਰਜ਼ਾਕਾਰ (ਵਾਲੰਟੀਅਰ) ਮੂਰਤੀਆਂ ਤੋੜਨ ਲਈ ਇਸਲਾਮ ਅਨੁਸਾਰ ਸ਼ੁਭ ਕੰਮ ਸਮਝ ਕੇ ਬਿਨਾ ਤਨਖਾਹ ਆ ਗਏ। ਮੁਲਤਾਨ ਦਾ ਰੇਗਿਸਤਾਨ ਪਾਰ ਕਰ ਕੇ ਮਹਿਮੂਦ ਅਜਮੇਰ ਪਹੁੰਚਿਆ ਅਤੇ ਇਸ ਸ਼ਹਿਰ ਨੂੰ ਬਿਨਾ ਕਿਸੇ ਮੁਕਾਬਲੇ ਤੋਂ ਜਿੱਤ ਕੇ ਤਬਾਹ ਕਰ ਦਿੱਤਾ।
ਸੋਮਨਾਥ ਦੇ ਮੰਦਿਰ ਦੁਆਲੇ ਇਸ ਦੀ ਰੱਖਿਆ ਲਈ ਦੀਵਾਰ ਬਣਾਈ ਹੋਈ ਸੀ। ਤਿੰਨ ਦਿਨ ਤੱਕ ਰਾਜਪੂਤ ਇਸ ਦੀ ਰੱਖਿਆ ਕਰਦੇ ਰਹੇ ਅਤੇ ਮਹਿਮੂਦ ਨੂੰ ਪਛਾੜ ਦਿੱਤਾ। ਆਖਰ, ਮਹਿਮੂਦ ਘੋੜੇ ਤੋਂ ਉਤਰਿਆ ਅਤੇ ਜ਼ਮੀਨ ਉਤੇ ਝੁਕ ਕੇ ਦੁਆ ਕੀਤੀ। ਦੁਬਾਰਾ ਘੋੜੇ ਉਥੇ ਚੜ੍ਹ ਕੇ ਆਪਣੇ ਜਰਨੈਲ ਅਬਦ ਹਸਨ ਦਾ ਹੱਥ ਫੜ ਕੇ ਆਖਿਆ ਕਿ ਖੁਦਾ ਨੇ ਉਸ ਨੂੰ ਜਿੱਤ ਦਾ ਅਸ਼ੀਰਵਾਦ ਦਿੱਤਾ ਹੈ ਅਤੇ ਉਚੀ ਆਵਾਜ਼ ਵਿਚ ਆਪਣੇ ਫੌਜੀਆਂ ਦਾ ਹੌਸਲਾ ਵਧਾ ਕੇ ਐਸੀ ਹੱਲਾਸ਼ੇਰੀ ਦਿੱਤੀ ਕਿ ਉਹ ਦੁਸ਼ਮਣ ‘ਤੇ ਟੁੱਟ ਕੇ ਪੈ ਗਏ ਤੇ ਗੜ੍ਹੀ ਅੰਦਰ ਦਾਖਲ ਹੋ ਕੇ ਪੰਜ ਹਜ਼ਾਰ ਲੋਕ ਮਾਰ ਸੁੱਟੇ। ਬਾਕੀ ਦੇ ਕਿਸ਼ਤੀਆਂ ਵਿਚ ਸਵਾਰ ਹੋ ਕੇ ਸਮੁੰਦਰ ਵਿਚ ਠਿੱਲ੍ਹ ਪਏ। ਮੁਸਲਮਾਨਾਂ ਨੇ ਪਿੱਛਾ ਕਰ ਕੇ ਬਹੁਤ ਸਾਰੀਆਂ ਕਿਸ਼ਤੀਆਂ ਡੋਬ ਦਿੱਤੀਆਂ।
ਫਿਰ ਮਹਿਮੂਦ ਆਪਣੇ ਪੁੱਤਰਾਂ ਨਾਲ ਅੰਦਰ ਗਿਆ ਤਾਂ ਉਸ ਨੇ ਪੱਥਰ ਦੀ ਇਕ ਮੂਰਤੀ ਦੇਖੀ। ਉਸ ਨੇ ਡੰਡਾ ਮਾਰ ਕੇ ਉਸ ਦਾ ਨੱਕ ਤੋੜ ਦਿੱਤਾ। ਮੂਰਤੀ ਦੇ ਦੋ ਟੁਕੜੇ ਕਰ ਕੇ ਗਜ਼ਨੀ ਲੈ ਜਾਣ ਦਾ ਹੁਕਮ ਦਿੱਤਾ। ਗਜ਼ਨੀ ਲਿਜਾ ਕੇ ਇਕ ਟੁਕੜਾ ਵੱਡੀ ਮਸਜਿਦ ਦੇ ਮੁੱਖ ਦੁਆਰ ਦੇ ਫਰਸ਼ ਉਤੇ, ਅਤੇ ਦੂਜਾ ਆਪਣੇ ਦਰਬਾਰ ਦੇ ਮੁੱਖ ਦੁਆਰ ਉਤੇ ਰੱਖਣ ਦਾ ਹੁਕਮ ਦਿੱਤਾ ਤਾਂ ਕਿ ਆਉਣ ਜਾਣ ਵਾਲੇ ਇਨ੍ਹਾਂ ਉਤੇ ਪੈਰ ਰੱਖ ਕੇ ਲੰਘਣ। ਦੋ ਹੋਰ ਟੁਕੜੇ ਮੱਕਾ ਅਤੇ ਮਦੀਨਾ ਭੇਜੇ ਗਏ। ਬ੍ਰਾਹਮਣਾਂ ਨੇ ਮਹਿਮੂਦ ਨੂੰ ਬੇਨਤੀ ਕੀਤੀ ਕਿ ਮੂਰਤੀ ਨਾ ਤੋੜੇ ਤੇ ਇਸ ਬਦਲੇ ਇੰਨਾ ਸੋਨਾ ਉਸ ਨੂੰ ਦੇਣ ਨੂੰ ਤਿਆਰ ਹਨ। ਉਸ ਦੇ ਅਹਿਲਕਾਰਾਂ ਨੇ ਵੀ ਸਲਾਹ ਦਿੱਤੀ ਕਿ ਬ੍ਰਾਹਮਣਾਂ ਦੀ ਇਹ ਬੇਨਤੀ ਮੰਨ ਲਈ ਜਾਵੇ, ਕਿਉਂਕਿ ਮੂਰਤੀ ਤੋੜਨ ਨਾਲ ਬੁੱਤ ਪੂਜਾ ਦਾ ਰਿਵਾਜ ਖਤਮ ਨਹੀਂ ਹੋਣਾ, ਪਰ ਮਹਿਮੂਦ ਨੇ ਕਿਹਾ ਕਿ ਆਉਣ ਵਾਲੀਆਂ ਨਸਲਾਂ ਉਸ ਨੂੰ ਮੂਰਤੀ ਵੇਚਣ ਵਾਲਾ ਆਖਣਗੀਆਂ। ਮੂਰਤੀ ਤੋੜੀ ਗਈ ਤਾਂ ਉਸ ਵਿਚੋਂ ਕੀਮਤੀ ਹੀਰੇ ਜਵਾਹਰਾਤ ਮਿਲੇ ਜਿਨ੍ਹਾਂ ਦੀ ਕੀਮਤ ਸੋਨੇ ਨਾਲੋਂ ਕਿਤੇ ਵੱਧ ਸੀ।
ਸੋਮਨਾਥ ਦੇ ਮੰਦਿਰ ਬਾਰੇ ਤਵਾਰੀਖ ਗੁਰੂ ਖਾਲਸਾ (ਭਾਸ਼ਾ ਵਿਭਾਗ, ਪੰਜਾਬ 1993) ਵਿਚ ਲਿਖਿਆ ਹੈ, “ਸੋਮਨਾਥ ਮੰਦਿਰ ਦੇ ਕਿਸੇ ਚਤੁਰ ਪਾਂਡੇ ਨੇ ਮੰਦਿਰ ਦੇ ਗੁੰਬਦ ਵਿਚ ਚਾਰ ਚੁੰਬਕੀ ਸਿਲਾਂ ਚੌਹੀਂ ਪਾਸੀਂ ਲਗਵਾ ਕੇ ਸ਼ਿਵ ਦੀ ਲੋਹੇ ਦੀ ਮੂਰਤੀ ਨੂੰ ਗੇਰੂਆ ਰੰਗ ਕਰਵਾ ਕੇ ਇਨ੍ਹਾਂ ਚੁੰਬਕੀ ਸਿਲਾਂ ਦੀ ਖਿੱਚ ਨਾਲ ਹਵਾ ਵਿਚ ਲਟਕਦੀ ਕਰ ਦਿੱਤੀ ਅਤੇ ਪ੍ਰਚਾਰ ਕਰ ਦਿੱਤਾ ਕਿ ਸ਼ਿਵ ਜੀ ਮਹਾਰਾਜ ਆਕਾਸ਼ ਮਾਰਗ ਤੋਂ ਆ ਕੇ ਮੰਦਿਰ ਦੇ ਅੰਦਰ ਅਚਰ ਆਸਨ (ਸਹਾਰੇ ਬਗੈਰ) ਲਗਾ ਕੇ ਬੈਠੇ ਹਨ। ਗੱਲ ਇਕ ਬੰਦੇ ਤੋਂ ਅੱਗੇ ਹਜ਼ਾਰਾਂ ਤੱਕ ਪਹੁੰਚਦੀ ਗਈ। ਲੋਕਾਂ ਨੇ ਆਪਣਾ ਧਨ ਇਸ ਮੂਰਤੀ ਅੱਗੇ ਰੱਖ ਕੇ ਸੁੱਖਾਂ ਸੁੱਖੀਆਂ। ਚੜ੍ਹਾਵੇ ਦੇ ਸੋਨੇ ਦੇ ਢੇਰਾਂ ਤੋਂ ਪਾਂਡਿਆਂ ਨੇ ਕੀਮਤੀ ਹੀਰੇ, ਨੀਲਮ, ਮੋਤੀ ਕੱਢ ਕੇ ਮੰਦਿਰ ਦੇ ਖੋਖਲੇ ਥੰਮ੍ਹਾਂ ਅਤੇ ਮੂਰਤੀਆਂ ਵਿਚ ਲੁਕਾ ਲਏ। ਪਾਂਡਿਆਂ ਦਾ ਇਹ ਫਰੇਬ ਦੇਸ਼ ਦੇ ਉਜਾੜੇ ਦਾ ਕਾਰਨ ਬਣਿਆ, ਉਦੋਂ ਹੀ ਇਹ ਕਹਾਵਤ ਬਣੀ, ‘ਆਪ ਡੁਬੇਂਦੇ ਬ੍ਰਾਹਮਣਾਂ ਜਜ਼ਮਾਨ ਵੀ ਡੋਬੇ।’ ਗਜ਼ਨੀ ਨੂੰ ਇਸ ਮੰਦਿਰ ਤੋਂ ਕਰੋੜਾਂ ਦਾ ਮਾਲ ਲੱਭਾ। ਉਸ ਨੇ 30 ਸਾਲਾਂ ਵਿਚ 17 ਹਮਲੇ ਕਰ ਕੇ ਹਿੰਦੁਸਤਾਨ ਲੁੱਟ-ਪੁੱਟ ਕੇ ਉਜਾੜ ਦਿੱਤਾ।”
ਮਥੁਰਾ ਸ਼ਹਿਰ ਦੇ 22 ਕੋਹ ਦੇ ਘੇਰੇ ਵਿਚ ਮੰਦਿਰ ਹੀ ਮੰਦਿਰ ਸਨ। ਇਕ ਵੱਡੇ ਮੰਦਿਰ ਬਾਰੇ ਮਹਿਮੂਦ ਲਿਖਦਾ ਹੈ ਕਿ ਜੇ ਅਸੀਂ ਕਰੋੜ ਮੋਹਰਾਂ ਖਰਚ ਕਰੀਏ ਤੇ ਪੰਜ ਸੌ ਕਾਰੀਗਰ ਸੌ ਬਰਸ ਲੱਗੇ ਰਹਿਣ ਤਾਂ ਵੀ ਅਜਿਹਾ ਮੰਦਿਰ ਬਣਨਾ ਮੁਸ਼ਕਿਲ ਹੈ। ਕੇਸ਼ਵ ਦੇ ਇਸ ਮੰਦਿਰ ਵਿਚੋਂ ਮਹਿਮੂਦ ਨੂੰ ਐਨਾ ਸੋਨਾ, ਹੀਰੇ, ਮੋਤੀ, ਮੂੰਗਾ, ਰੂਬੀ, ਲਾਲ ਫਿਰੋਜ਼ੇ ਮਿਲੇ ਕਿ ਸਾਰੀ ਫੌਜ ਹੀ ਮਾਲਾ-ਮਾਲ ਹੋ ਗਈ। ਦੋ-ਦੋ ਰੁਪਏ ਵਿਚ ਗੁਲਾਮ ਗਜ਼ਨੀ ਦੇ ਬਾਜ਼ਾਰਾਂ ਵਿਚ ਵਿਕਦੇ ਰਹੇ। ਇਸ ਦੇਸ਼ ਦੇ ਬੁੱਤ ਪੂਜ, ਬੁੱਤ ਹੀ ਬਣ ਗਏ।
ਮਥੁਰਾ ਦੇ ਹੀ ਇਕ ਤਿਲਕ ਨੂੰ ਮਹਿਮੂਦ ਨੇ ਆਪਣਾ ਸੈਨਾਪਤੀ ਬਣਾਇਆ ਸੀ। ‘ਘਰ ਦਾ ਭੇਤੀ ਲੰਕਾ ਢਾਹੇ’ ਵਾਲੀ ਗੱਲ ਹੋਈ। ਇਹ ਤਿਲਕ, ਮਹਿਮੂਦ ਲਈ ਬਹੁਤ ਕਾਰਗਰ ਸਾਬਤ ਹੋਇਆ, ਕਿਉਂਕਿ ਉਹੀ ਦੱਸਦਾ ਸੀ ਕਿ ਕਿਹੜੀਆਂ ਥਾਂਵਾਂ ‘ਤੇ ਹਮਲਾ ਕਰ ਕੇ ਬਹੁਤਾ ਧਨ ਮਿਲੇਗਾ। ਜੇ ਪਾਂਡੇ ਗਲਤ ਪ੍ਰਚਾਰ ਨਾਲ ਧਨ ਇਕੱਠਾ ਨਾ ਕਰਦੇ ਤਾਂ ਦੇਸ਼ ਮਹਿਮੂਦ ਦੀ ਲੁੱਟ-ਖੁਸੱਟ ਤੋਂ ਬਚ ਸਕਦਾ ਸੀ ਅਤੇ ਮਰਦ, ਬੱਚੇ ਤੇ ਔਰਤਾਂ ਗਜ਼ਨੀ ਦੇ ਬਾਜ਼ਾਰਾਂ ਵਿਚ ਭੇਡ-ਬੱਕਰੀਆਂ ਵਾਂਗ ਨਾ ਵਿਕਦੇ। ਜੇ ਇਹ ਧਨ ਦੇਸ਼ ਵਾਸੀਆਂ ਦੀ ਭਲਾਈ ਲਈ ਖਰਚ ਹੁੰਦਾ ਰਹਿੰਦਾ ਤਾਂ ਵਿਦੇਸ਼ੀ ਹਮਲਾਵਰਾਂ ਨੇ ਗਰੀਬ ਦੇਸ਼ ਉਤੇ ਹਮਲਾ ਕਰਨ ਬਾਰੇ ਸੋਚਣਾ ਹੀ ਨਹੀਂ ਸੀ। ਉਹ ਹਿੰਦੁਸਤਾਨ ਨੂੰ ਸੋਨੇ ਦੀ ਚਿੜੀ ਸਮਝ ਕੇ ਹੀ ਹਮਲਾ ਕਰਦੇ ਸਨ।
ਬ੍ਰਾਹਮਣ ਜਨਤਾ ਨੂੰ ਅਨਪੜ੍ਹ ਰੱਖ ਕੇ ਆਪਣਾ ਉਲੂ ਸਿੱਧਾ ਕਰੀ ਜਾਂਦੇ ਸਨ। ਜੇ ਉਨ੍ਹਾਂ ਸਮਿਆਂ ਵਿਚ ਚੁੰਬਕ ਸ਼ਕਤੀ ਦਾ ਆਮ ਲੋਕਾਂ ਨੂੰ ਗਿਆਨ ਹੁੰਦਾ ਤਾਂ ਉਨ੍ਹਾਂ ਨੇ ਹਵਾ ਵਿਚ ਲਟਕ ਰਹੀ ਮੂਰਤੀ ਨੂੰ ਅਕਾਸ਼ ਮਾਰਗ ਤੋਂ ਆਈ ਨਹੀਂ ਸੀ ਸਮਝਣਾ। ਜੇ ਲੋਕ ਜਾਗ੍ਰਿਤ ਹੁੰਦੇ ਤਾਂ ਉਥੇ ਵੱਧ ਚੜ੍ਹਾਵੇ ਨਾ ਚੜ੍ਹਾਉਂਦੇ; ਫਿਰ ਨਾ ਖਾਲੀ ਮੰਦਿਰਾਂ ਉਤੇ ਹਮਲੇ ਹੁੰਦੇ ਅਤੇ ਨਾ ਹੀ ਬੇਗੁਨਾਹ ਲੋਕਾਂ ਦਾ ਕਤਲੇਆਮ ਹੁੰਦਾ।
ਹਿੰਦੁਸਤਾਨ ਦੀ ਤਵਾਰੀਖ ਵਿਚ ਸ਼ਹਿਨਸ਼ਾਹ ਔਰੰਗਜ਼ੇਬ ਦੇ ਔਗੁਣਾਂ ਅਤੇ ਹਿੰਦੂ ਪਰਜਾ ਉਤੇ ਜ਼ੁਲਮਾਂ ਦਾ ਬਹੁਤ ਜ਼ਿਕਰ ਮਿਲਦਾ ਹੈ। ਉਹ ਹਿੰਦੂ ਮੱਤ ਦੀਆਂ ਵਹਿਮਾਂ-ਭਰਮਾਂ ਵਿਚ ਪਾਉਣ ਵਾਲੀਆਂ ਰੀਤੀਆਂ ਤੋਂ ਆਪਣੇ ਆਖਰੀ ਸਾਹਾਂ ਤੱਕ ਦੂਰ ਰਿਹਾ। ਸਰ ਜਾਦੂ ਨਾਥ ਸਰਕਾਰ ਦੀ ਤਵਾਰੀਖ ਔਰੰਗਜ਼ੇਬ ਜਿਲਦ ਨੰਬਰ ਪੰਜ ਵਿਚ ਲਿਖਿਆ ਹੈ: ‘ਵੀਰਵਾਰ 19 ਤਰੀਕ ਨੂੰ ਹਾਮਿਦ-ਉਦੀਨ ਖਾਂ ਨੇ ਜੋਤਸ਼ੀਆਂ ਦੀ ਸਲਾਹ ਨਾਲ ਇਕ ਅਰਜ਼ੀ ਸ਼ਹਿਨਸ਼ਾਹ ਦੇ ਪੇਸ਼ ਕੀਤੀ ਕਿ ਚਾਰ ਹਜ਼ਾਰ ਰੁਪਏ ਦਾ ਹਾਥੀ ਦਾਨ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਸ਼ਹਿਨਸ਼ਾਹ ਉਤੇ ਆਇਆ ਸੰਕਟ ਟਲ ਜਾਵੇ। ਔਰੰਗਜ਼ੇਬ ਨੇ ਇਸ ਅਰਜ਼ੀ ਉਤੇ ਲਿਖ ਦਿੱਤਾ-ਹਾਥੀ ਦਾਨ ਕਰਨਾ ਸਿਤਾਰਿਆਂ ਵਿਚ ਵਿਸ਼ਵਾਸ ਕਰਨ ਵਾਲੇ ਹਿੰਦੂ ਪੂਜਕਾਂ ਦਾ ਰਿਵਾਜ ਹੈ। ਇਸ ਦੀ ਬਜਾਏ ਮੁੱਖ ਕਾਜ਼ੀ ਨੂੰ ਚਾਰ ਹਜ਼ਾਰ ਰੁਪਏ ਦੇ ਦਿਓ, ਉਹ ਇਹ ਰਕਮ ਗਰੀਬਾਂ ਵਿਚ ਵੰਡ ਦੇਵੇ। ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੈ, ਇਸ ਨੂੰ ਮਿੱਟੀ ਵਿਚ ਮਿਲਣ ਦਿਓ।’