ਗੋਰਖ ਦਾ ਗੁਰ-ਮੰਤਰ!

ਨਜ਼ਰ ਉਤਾਰਨ ਦੀ ਹੁਣ ਜ਼ਰੂਰਤ ਨਹੀਂ ਰਹੀ ਕਿਉਂਕਿ ਨਜ਼ਰ ਉਤਾਰੋਗੇ ਕਿਸ ਕਿਸ ਦੀ? ਸਾਰਾ ਆਲਾ ਦੁਆਲਾ ਹੀ ਬਦਰੂਹਾਂ, ਨਫਰਤ, ਈਰਖਾ ਤੇ ਸਾੜੇ ਨਾਲ ਭਰਿਆ ਪਿਆ ਹੈ। ਬੰਦਾ ‘ਕੱਲਾ ਹੋਣਾ ਤਾਂ ਨਹੀਂ ਚਾਹੁੰਦਾ ਪਰ ਉਹ ਜੋ ਕਰ ਰਿਹਾ ਹੈ, ਉਸ ਲਿਹਾਜ ਦੋ ਕਦਮ ਵੀ ਕੋਈ ਉਹਦੇ ਨਾਲ ਤੁਰਨ ਨੂੰ ਤਿਆਰ ਨਹੀਂ। ਪਹਿਲਾਂ ਉਲਾਂਭਾ ਦਿੱਤਾ ਜਾਂਦਾ ਸੀ ਕਿ ਔਰਤ ਵਫਾਦਾਰ ਨਹੀਂ ਹੁੰਦੀ ਪਰ ਹੁਣ ਕਹਿਣਾ ਪੈ ਰਿਹਾ ਹੈ ਕਿ ਮਰਦ ਬੀਵੀ ਦਾ ਤਾਂ ਚਲੋ ਨਾ ਬਣੇ, ਔਲਾਦ ਦਾ ਵੀ ਸਕਾ ਨਹੀਂ ਰਿਹਾ।

ਕੁੱਤਾ ਮਾਲਕ ਦਾ ਹੀ ਵਫਾਦਾਰ ਹੁੰਦਾ ਹੈ, ਓਪਰੇ ਬੰਦੇ ਨੂੰ ਤਾਂ ਬਘਿਆੜ ਵਾਂਗ ਧੌਣੋਂ ਫੜ੍ਹ ਕੇ ਖਿੱਚ ਲੈਂਦੈ। ਲੋਕ ਦੁਹਾਈਆਂ ਦੇਣ ਲੱਗ ਪਏ ਨੇ, ਸਾਨੂੰ ਅਵਾਰਾ ਕੁੱਤਿਆਂ ਤੋਂ ਬਚਾਓ। ਕੁੱਤੇ ਕਹਿੰਦੇ ਨੇ, ਲੋਕਾਂ ਦਾ ਖੂਨ ਪੀਣਿਓਂ ਤੁਸੀਂ ਵੀ ਤਾਂ ਨੋਚ ਨੋਚ ਕੇ ਹੀ ਖਾ ਰਹੇ ਹੋ। ਬਿੱਲੀ ਕੁੱਤੇ ਨਾਲ ਅੱਖ ਤੇ ਹੱਥ ਮਿਲਾਉਣ ਲੱਗ ਪਈ ਹੈ। ਵਿਗਿਆਨ ਨੇ ਮਨੁੱਖ ਦਾ ਸੁਭਾਅ ਬਦਲ ਦਿੱਤਾ ਹੈ। ਕੰਪਿਊਟਰ ਯੁੱਗ ਨੇ ਉਂਗਲਾਂ ਦੇ ਪੋਟੇ ਵਿਹਲੇ ਹੀ ਨਹੀਂ ਰਹਿਣ ਦਿੱਤੇ। ਵਿਆਹ ਹੋਣ ਦੇ ਚਾਅ ਨਾਲੋਂ ਟੁੱਟਣ ਦਾ ਝੋਰਾ ਵੱਧ ਹੋਈ ਜਾਂਦਾ ਹੈ। ਡੀæਐਨæਏæ ਨੇ ਸਭ ਪਰਦੇ ਚੁੱਕ ਦਿੱਤੇ ਹਨ ਤੇ ਹੁਣ ਸੱਚੀਂ ਡਰ ਲੱਗਣ ਲੱਗ ਪਿਆ ਹੈ ਕਿ ਰੱਬ ਕਿਤੇ ਕੰਨ ਕੱਛ ‘ਚ, ਨੱਕ ਸਿਰ ‘ਚ, ਬੁੱਲ੍ਹ ਮੱਥੇ ‘ਚ ਅਤੇ ਅੱਖਾਂ ਅੱਗੇ-ਪਿੱਛੇ ਲਾਉਣ ਦੀ ਤਜਵੀਜ਼ ਨਾ ਬਣਾ ਰਿਹਾ ਹੋਵੇ। ਸਿਆਣੀਆਂ ਪਤਨੀਆਂ ਕੱਬੇ ਜਾਂ ਅੜਬ ਪਤੀ ਨਾਲ ਝਗੜਦੀਆਂ ਹੀ ਨਹੀਂ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਸੂਰ ਇਹਦਾ ਨਹੀਂ, ਉਪਰ ਵਾਲੇ ਤੋਂ ਜੂਨ ਬਦਲਣ ਵੇਲੇ ਇਹ ‘ਕਲੈਰੀਕਲ ਮਿਸਟੇਕ’ ਹੋਈ ਹੈ। ਇਕ ਪਰਿਵਾਰ ਵਲੋਂ ਦੇਵੀ ਦੀ ਮੂਰਤੀ ਸਥਾਪਨਾ ਵੇਲੇ ਦੇਵੀ ਦੀ ਬਾਂਹ ਟੁੱਟ ਗਈ। ਭੁੱਲ ਬਖਸ਼ਾਉਣ ਲਈ ਸਾਰੀ ਰਾਤ ਲਾਊਡ ਸਪੀਕਰਾਂ ‘ਚ ਦੇਵੀ ਦਾ ਸੰਗੀਤਕ ਗੁਣਗਾਨ ਕੀਤਾ ਗਿਆ। ਉਸੇ ਘਰ ‘ਚ ਬਿਮਾਰ ਪਏ ਬਜ਼ੁਰਗ ਨੂੰ ਰਾਤ ਭਰ ਪਾਣੀ ਦਾ ਘੁੱਟ ਨਾ ਨਸੀਬ ਹੋਇਆ। ਸਵੇਰੇ ਅਕਾਲ ਚਲਾਣੇ ਵੇਲੇ ਬਜ਼ੁਰਗ ਕਹਿਣ ਲੱਗਾ, ‘ਰਾਤ ਤਾਂ ਚਲੋ ਲੰਬੀ ਹੋ ਹੀ ਗਈ ਸੀ ਪਰ ਧਰਮਰਾਜ ਨੂੰ ਇਹ ਜ਼ਰੂਰ ਦੱਸਾਂਗਾ ਕਿ ਪੱਥਰ ਮਹਿੰਗੇ ਬੜੇ ਕਰ’ਤੇ ਤੇਰੇ ਬੰਦਿਆਂ ਨੇ। ਹੁਣ ਲੱਗਦਾ ਨਹੀਂ ਲੰਘਿਆ ਵੇਲਾ ਸਤਿਯੁਗ ਹੀ ਸੀ!

ਐਸ਼ ਅਸ਼ੋਕ ਭੌਰਾ
ਉਮਰ ਦਾ ਭਾਵੇਂ ਕੋਈ ਵੀ ਪੜਾਅ ਹੋਵੇ, ਕਈਆਂ ਦਾ ਮਾਨਸਿਕ ਸੰਤੁਲਨ, ਦਿਮਾਗੀ ਪੱਧਰ ਅਸੰਤੁਲਿਤ ਹੀ ਰਹਿੰਦਾ ਹੈ। ਇਨ੍ਹਾਂ ਬਾਰੇ ਮਾਂਵਾਂ ਕਈ ਵਾਰ ਮਨ ਹੌਲਾ ਕਰਨ ਲਈ ਕਹਿੰਦੀਆਂ ਹਨ, ‘ਜਨਮ ਤਾਂ ਠੀਕ ਹੋਇਆ ਬਸ ਛੋਟੇ ਹੁੰਦੇ ਦੇ ਕਿਸੇ ਨੇ ਵਾਲ ਕੱਟ ਲਏ ਸਨ।’ ਕਈ ਘਰਾਂ ਵਿਚ ਬਿਮਾਰੀ ਦਾ ਆਰਥਿਕ ਤੰਗੀਆਂ ਬਾਰੇ ਸਿਆਣੇ ਲੋਕ ਇਸ ਵਿਗਿਆਨਕ ਯੁੱਗ ਵਿਚ ਵੀ ਇਨ੍ਹਾਂ ਵਹਿਮੀਆਂ ਨੂੰ ਤੁਹਾਡੇ ਘਰ ‘ਚੋਂ ਕੋਈ ‘ਔਂਤ ਗਿਆ’ ਕਹਿ ਕੇ ਹੋਰ ਖੋਰਾ-ਖਿੱਚੀ ਜਾ ਰਹੇ ਹਨ। ਸਾਰਾ ਦਿਨ ‘ਚੱਕ ਦਿਆਂਗੇ, ਪ੍ਰਵਾਹ ਨਾ ਕਰ’ ਕਹਿਣ ਵਾਲੇ ਰਾਤ ਨੂੰ ਸ਼ਮਸ਼ਾਨਘਾਟ ਨੇੜਿਓਂ ਇਕੱਲੇ ਨਹੀਂ ਗੁਜ਼ਰਦੇ, ਮੋਬਾਈਲ ਦਾ ਭੂਤ ਤਾਂ ਵਸਦੇ ਘਰਾਂ ਵਿਚ ਬਹੁਤੇ ਜੀਆਂ ਨੂੰ ਚਾਈਂ ਚਾਈਂ ਚਿੰਬੜਿਆ ਹੋਇਆ ਹੈ। ਪਰ ਵਿਰਾਨ ਘਰਾਂ ਵਿਚ ਚੁੜੇਲਾਂ ਦੇ ਰਹਿਣ ਦਾ ‘ਵਿਸ਼ਵਾਸ’ ਹਾਲੇ ਵੀ ਨਹੀਂ ਮੁੱਕਿਆ। ਸਿਆਣੇ ਬੰਦੇ ਨੂੰ ਕਦੇ ਪੁੱਛ ਕੇ ਵੇਖਿਓ ਕਿ ਭਲਾ ਪਿਆਰ ਹੈਗਾ? ਉਹ ਦੰਦ ਟੁੱਕ ਕੇ ਜੁਆਬ ਦੇਵੇਗਾ, ‘ਅਕਲ ਦਿਆ ਅੰਨ੍ਹਿਆ, ਪਿਆਰ ਕਦੇ ਨਹੀਂ ਮੁੱਕੇਗਾ ਪਰ ਇਹਦੀ ਤਸਦੀਕ ਬਦਲ ਗਈ ਹੈ।’ ਰਾਂਝਾ ਵੀ ਹਾਲੇ ਜਿਉਂਦੈ, ਪਰ ਉਹਨੂੰ ਹੁਣ ਲੁੱਡਣ ਮਲਾਹ ਦੀ ਬੇੜੀ ‘ਚ ਬੈਠ ਝਨਾਂ ਪਾਰ ਕਰਨ ਦੀ ਲੋੜ ਨਹੀਂ ਕਿਉਂਕਿ ਹੁਣ ਹੀਰ ਦੀ ਪਛਾਣ ਕਰਨੀ ਔਖੀ ਹੋ ਗਈ ਹੈ, ਹੀਰਾਂ ਕਹਿੰਦੀਆਂ ਨੇ ਰਾਂਝੇ ਮੁੱਕ ਗਏ ਨੇ ਇਹ ਥਾਂ ਹੁਣ ਮਜਨੂਆਂ ਨੇ ਲੈ ਲਈ ਹੈ, ਕੈਦੋਂ ਵਾਲੀ ਭੂਮਿਕਾ ਅੱਜ-ਕੱਲ ਕਈ ਥਾਂ ਪੁਲਿਸ ਨਿਭਾਉਣ ਲੱਗ ਪਈ ਹੈ। ਸੱਚਾਈ ਇਹ ਹੈ ਕਿ ਨੈਣ-ਨਕਸ਼ ਠੀਕ ਨਾ ਹੋਣ ਕਾਰਨ ਮੇਕ-ਅੱਪ ਕੀਤਾ ਨਹੀਂ ਜਾ ਰਿਹਾ ਸਗੋਂ ਲਿੱਪਿਆ ਜਾ ਰਿਹਾ ਹੈ।
ਤਖਤ ਹਜ਼ਾਰਾ, ਝੰਗ ਸਿਆਲ ਵੇਖਣ ਦਾ ਸੁਪਨਾ ਮੇਰਾ ਹਾਲੇ ਪੂਰਾ ਤਾਂ ਨਹੀਂ ਹੋਇਆ ਪਰ ਵਾਰਿਸ ਦੀ ਹੀਰ ਚੰਗੀ ਤਰ੍ਹਾਂ ਪੜ੍ਹ ਲਈ ਹੈ। ਦਮੋਦਰ ਖਿਆਲਾਂ ਦਾ ਪਟਵਾਰੀ ਸੀ ਜਾਂ ਨਹੀਂ, ਉਹਦੀ ਹੀਰ ਪੜ੍ਹ ਕੇ ਸਾਰਿਆਂ ਨੂੰ ਲੱਗਾ ਹੋਵੇਗਾ ਕਿ ਉਹ ਉਦੋਂ ਚੌਂਕੀਦਾਰ ਵੀ ਹੋ ਸਕਦੈ ਤੇ ਪਹਿਰੇਦਾਰ ਵੀ। ਸੂਬਾ ਸਿੰਘ ਚੱਕਰਧਾਰੀ ਦੀ ਵਿਅੰਗਮਈ ਹੀਰ ਪੜ੍ਹ ਕੇ ਸੁਆਦ ਉਨ੍ਹਾਂ ਨੂੰ ਵੀ ਪੂਰਾ ਆਵੇਗਾ ਜੋ ਪਿਆਰ ਦੇ ਖਿਲਾਫ ਰਹੇ ਹੋਣ ਤੇ ਜੁਆਨੀ ਦੇ ਹੱਕ ‘ਚ, ਅਤੇ ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ‘ਰਾਂਝਾ ਸਾਲਾ’ ਹੋਇਆ ਤਾਂ ਪੂਰਾ ਪਤੰਦਰ, ਨਹੀਂ ਤਾਂ ਸੱਤ ਭਰਾਵਾਂ ਦੀ ਇਕ ਭੈਣ ਤੇ ਝੰਗ ਦੇ ਚੌਧਰੀ ਦੀ ਪਰੀਆਂ ਵਰਗੀ ਧੀ ‘ਤੇ ਆਸ਼ਕੀ ਕਰਨੀ ਸੌਖੀ ਨਹੀਂ! ਜਿਸ ਜੱਟ ਦੇ ਘਰ ਅੱਠ ਡਾਂਗਾਂ ਹੋਣ, ਉਸੇ ਘਰ ‘ਚ ਓਪਰੇ ਬੰਦੇ ਦਾ ਅੱਖ-ਮਟੱਕਾ ਮਾੜੀ-ਧੀੜੀ ਗੱਲ ਨ੍ਹੀਂ। ਪਿਆਰ ਨੂੰ ਨਫਰਤ ਕਰਨ ਵਾਲੇ ਕਹੀ ਜਾਂਦੇ ਨੇ ਰਾਂਝਾ ‘ਜੱਟ’ ਨ੍ਹੀਂ ਹੋ ਸਕਦਾ, ਜੇ ਹੁੰਦਾ ਤਾਂ ਗੇਰੂ ਰੰਗ ਦੇ ਕੱਪੜੇ ਪਾ ਕੇ ਰਹਿਣ ਵਾਲੇ ਗੋਰਖ ਨਾਥ ਦਾ ਚੇਲਾ ਨਾ ਹੁੰਦਾ ਤੇ ਜਿਹੜੇ ਰਾਂਝੇ ਦੇ ਹਮਦਰਦ ਨੇ, ਉਹ ਇਹ ਕਹਿਣਗੇ ਕਿ ਸੱਪਾਂ ਨਾਲ ਖੇਡਣ ਵਾਲੇ ਗੋਰਖ ਨਾਥ ਦਾ ਪੱਕਾ ਸੇਵਕ ਹੋਊ ਕਿ ਜੱਟ ਖੇਤਾਂ ‘ਚ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲਾ ਕਿਰਦਾਰ ਹੈ। ਖੈਰ! ਹੀਰ-ਰਾਂਝਾ, ਕੈਦੋਂ, ਸਹਿਤੀ-ਮੁਰਾਦ ਇਹ ਕਿਰਦਾਰ ਤਾਂ ਕਿੱਸਾ-ਕਾਵਿ ਨੂੰ ਪਿਆਰ ਕਰਨ ਵਾਲੇ ਬਹੁਤੇ ਚੰਗੀ ਤਰ੍ਹਾਂ ਜਾਣਦੇ ਹੋਣਗੇ, ਪਰ ਰਾਂਝੇ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਉਹਦੇ ਪੇਂਡੂ ਯਾਨਿ ਤਖਤ ਹਜ਼ਾਰੇ ਦੇ ਇਸ ਵਿਹਲੜ ਫਕੀਰ ਬਾਰੇ ਬਹੁਤ ਘੱਟ ਲੋਕਾਂ ਨੂੰ ਇਲਮ ਹੋਵੇ।
ਕਹਿੰਦੇ ਨੇ ਜਦੋਂ ਹੀਰ ਨਾਲ ਵਿਛੋੜੇ ਦੇ ਦਰਦ ਵਿਚ ਰਾਂਝੇ ਨੇ ਗੁਰੂ ਗੋਰਖ ਨਾਥ ਤੋਂ ਕੰਨ ਪੜਵਾ ਕੇ ਮੁੰਦਰਾਂ ਪੁਆਈਆਂ ਤਾਂ ਤਖਤ ਹਜ਼ਾਰੇ ਦਾ ਇਕ ਨਿਕੰਮਾ ਮੋਹਤਦੀਨ ਵੀ ‘ਜੋਗ’ ਤੋਂ ਬੜਾ ਪ੍ਰਭਾਵਿਤ ਹੋਇਆ। ਉਹਨੇ ਇਹ ਸੋਚਿਆ ਕਿ ਆਪਾਂ ਵੀ ਉਹਦੇ ਗੋਰਖ ਦੇ ਟਿੱਲੇ ‘ਤੇ ਚਲਦੇ ਹਾਂ, ਨਾਲੇ ਵਿਹਲੀਆਂ ਖਾਵਾਂਗੇ ਨਾਲੇ ਰੱਬ ਨੂੰ ਯਾਰ ਬਣਾਵਾਂਗੇ। ਉਹਨੂੰ ਵਿਚਾਰੇ ਨੂੰ ਕਿਹੜਾ ਵੰਝਲੀ ਆਉਂਦੀ ਸੀ, ਨਾ ਰਾਂਝੇ ਵਾਂਗ ਸੋਹਣਾ ਸੁਨੱਖਾ ਸੀ। ਉਹ ਘਰ ਦੱਸੇ ਬਿਨਾ ਹੀ ਜਾ ਚੜ੍ਹਿਆ ਗੋਰਖ ਨਾਥ ਦੇ ਟਿੱਲੇ ‘ਤੇ। ਵਿਹਲੜ ਨਿਖੱਟੂ ਬੰਦੇ ਨੂੰ ਕੀ ਪਤਾ ਰੱਬ ਕੀ ਬਲਾ ਐ? ਗਰਮੀਆਂ ਨੂੰ ਲੰਗਰ ਪਾਣੀ ਛਕਣਾ, ਜੰਡ ਥੱਲੇ ਜਾ ਬੈਠਣਾ, ਸਿਆਲਾਂ ਨੂੰ ਖਾ ਕੇ ਢਿੱਡ ‘ਤੇ ਹੱਥ ਫੇਰ ਕੇ ਧੁੱਪੇ ਟਿੱਲੇ ਦੀ ਕੰਧ ਨਾਲ ਸਾਰਾ ਸਾਰਾ ਦਿਨ ਬੈਠੇ ਰਹਿਣਾ। ਗੋਰਖ ਦੇ ਚੇਲੇ ਬੜੇ ਪਿੱਟੇ ਕਿ ਗੁਰੂ ਜੀ ਨਾ ਇਹ ਭਿੱਖਿਆ ਮੰਗਣ ਜਾਣਦਾ, ਨਾ ਇਹਦੇ ਵਿਚ ਕੋਈ ਫਕੀਰਾਂ ਵਾਲੀ ਗੱਲ ਲੱਗਦੀ ਹੈ, ਵਿਹਲਾ ਘਰੋਂ ਕੱਢਿਆ ਇੱਥੇ ਆ ਗਿਆ ਅੰਨ ਪਾੜ੍ਹਨ। ਅੱਗੋਂ ਗੋਰਖ ਨੇ ਹੱਸ ਕੇ ਕਹਿਣਾ, “ਮੇਰਾ ਗੁਰੂ ਮਛੰਦਰ ਨਾਥ ਆਖਦਾ ਹੁੰਦਾ ਸੀ, ਮੱਖੀਆਂ ਮਰ ਜਾਂਦੀਆਂ ਨੇ ਵਿਚਾਰੀਆਂ ਮਿਹਨਤ ਨਾਲ ਸ਼ਹਿਦ ‘ਕੱਠਾ ਕਰਦੀਆਂ ਪਰ ਉਹ ਵਿਹਲੜ ਨਿਖੱਟੂਆਂ ਨੂੰ ਸ਼ਹਿਦ ਖਾਣ ਤੋਂ ਫਿਰ ਵੀ ਨਹੀਂ ਰੋਕਦੀਆਂ। ਭਗਤੋ! ਜੇ ਨਿੱਕੀ ਜਿਹੀ ਮੱਖੀ ਇੰਨੀ ਕੁਰਬਾਨੀ ਕਰ ਸਕਦੀ ਹੈ, ਤਾਂ ਆਪਾਂ ਰੱਬ ਦੇ ਬੰਦੇ ਨੂੰ ਧੱਕੇ ਮਾਰ ਕੇ ਕਿਉਂ ਕੱਢੀਏ? ਊਂ ਇਹ ਭੋਲਾ ਪੰਛੀ ਮੇਰੇ ਕੋਲ ‘ਜੋਗ’ ਜਰੂਰ ਮੰਗਦੈ ਕਿ ਮੇਰਾ ਬੇੜਾ ਬੰਨ੍ਹੇ ਲਾ ਦਿਓ, ਮੇਰੇ ਵੀ ਕੰਨਾਂ ‘ਚ ਮੋਰੀਆਂ ਕਰ ਦਿਓ, ਮੈਂ ਹੱਸ ਕੇ ਕਹਿ ਦਿੰਨਾਂ, ਭਗਤਾ ਢਿੱਡ ਭਰੀ ਚੱਲ, ਰੱਬ ਰੱਬ ਕਰੀ ਚੱਲ।”
ਗੋਰਖ ਦਾ ਵੱਡਾ ਚੇਲਾ ਇਕ ਦਿਨ ਫਰਿਆਦ ਲੈ ਕੇ ਆਇਆ, “ਮਹਾਰਾਜ ਸੁਣਿਆ ਤੁਸੀਂ ਮੋਹਤਦੀਨ ‘ਤੇ ਕ੍ਰਿਪਾ ਦ੍ਰਿਸ਼ਟੀ ਹੀ ਪੂਰੀ ਕਰ ਦਿੱਤੀ ਐ, ਰੌਲੀ ਪਾਈ ਜਾਂਦੈ, ਮੈਨੂੰ ਗੁਰੂ ਨੇ ਗੁਰ-ਮੰਤਰ ਦੇ ‘ਤਾ।”
“ਓ ਮੂਰਖਾ ਗੁਰ-ਮੰਤਰ ਕਿਤੇ ਕੋਈ ਜੜ੍ਹੀ ਬੂਟੀ ਆ, ਜਿਹੜੀ ਅੰਦਰ ਲੰਘਾ ਕੇ ਗੱਲ ਬਣ ਜੂ? ਗੁਰ-ਮੰਤਰ ਲਈ ਤਪੱਸਿਆ ਕਰਨੀ ਪੈਂਦੀ ਹੈ ਤੇ ਨਿਕੰਮੇ ਮੋਹਤਦੀਨ ਦੇ ਵੱਸ ਦੀ ਗੱਲ ਹੈ ਹੀ ਨਹੀਂ ਹਠ ਪੁਗਾ ਲਵੇ।”
ਹੌਲੀ ਹੌਲੀ ਮੋਹਤਦੀਨ ਦਾ ਵਿਰੋਧ ਚੇਲਿਆਂ ‘ਚ ਵਧਦਾ ਗਿਆ। ਊਂ ਉਹਦੇ ਮਨ ‘ਚ ਕੀ ਐ? ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ।
ਹੋਇਆ ਇਕ ਦਿਨ ਇਹ ਕਿ ਗੋਰਖ ਨਾਥ ਦਾ ਢਿੱਡ ਦੁਖਣ ਲੱਗ ਪਿਆ। ਦੁਖੇ ਵੀ ਏਨਾ ਕਿ ਘੜੀ-ਮੁੜੀ ਪੇਟ ਦੀ ਖਲਾਸੀ ਲਈ ਕਮੰਡਲੀ ‘ਚ ਪਾਣੀ ਲੈ ਕੇ ਦੌੜੇ ਤੇ ਝਾੜ-ਝੀਂਡਿਆਂ ਪਿੱਛੇ ਜਾ ਬੈਠੇ। ਚੇਲੇ ਸਾਰੇ ਪਿੰਡਾਂ ਵਿਚ ਗਜ਼ਾ ਕਰਨ ਗਏ ਹੋਏ ਸਨ। ‘ਕੱਲਾ ਈ ਮੋਹਤਦੀਨ ਉਸ ਦਿਨ ਟਿੱਲੇ ‘ਚ ਸੀ। ਆਥਣੇ ਜਿਹੇ ਕਿਤੇ ਗੋਰਖ ਦੇ ਏਨਾ ਵੱਟ ਪਿਆ ਕਿ ਉਹਦੇ ਤੋਂ ਪਾਣੀ ਕੁਮੰਡਲੀ ਵੀ ਨਾਲ ਨਾ ਚੁੱਕ ਹੋਈ। ਝਾੜੀ ਓਹਲੇ ਲੁਕੇ ਗੋਰਖ ਨੂੰ ਪੈ ਗਈ ਲੋੜ, ਨਾ ਚਾਹੁੰਦਿਆਂ ਵੀ ਮੋਹਤਦੀਨ ਨੂੰ ਮਾਰ ਲਈ ‘ਵਾਜ, “ਓਏ ਮੋਹਤਦੀਨ, ਪਾਣੀ ਦੀ ਕੁਮੰਡਲੀ ਭਰ ਕੇ ਫੜ੍ਹਾਈਂ।”
ਮੋਹਤਦੀਨ ਤੋਂ ਤਾਂ ਚਾਅ ਨਾ ਸਾਂਭਿਆ ਜਾਵੇ। ਉਹ ਕੁਮੰਡਲੀ ਮਾਂਜਣ ਲੱਗ ਪਿਆ ਗੁਰੂ ਨੂੰ ਖੁਸ਼ ਕਰਨ ਲਈ। ਗੋਰਖ ਨਾਥ ਖਿਝ ਕੇ ਬੋਲਿਆ, “ਉਹ ਮੂਰਖਾ ਲਗਨ ਦਿਆ, ਜੰਗਲ ਪਾਣੀ ਵਾਲੀ ਕੁਮੰਡਲੀ ਆ, ਤੈਂ ਇਹਦੇ ‘ਚ ਗੰਗਾ ਜਲ ਪਾਉਣਾ, ਭਰ ਲਿਆ ਐਂ ਈਂ।”
ਚਲੋ! ਮੋਹਤਦੀਨ ਨੇ ਕੁਮੰਡਲੀ ਭਰੀ ਤੇ ਝਾੜੀ ਦੇ ਓਹਲੇ ਬੰਨ੍ਹੇ ‘ਤੇ ਰੱਖ’ਤੀ ਲਿਜਾ ਕੇ।
ਗੋਰਖ ਨਾਥ ਦਾ ਜਦੋਂ ਢਿੱਡ ਦੁਖੇ, ਵੱਟ ਪਵੇ ਤਾਂ ਉਹ ਜ਼ੋਰ ਨਾਲ ਕੀਲ੍ਹੇ, ਝਾੜੀ ‘ਚ ਲਾਲ ਹੁੰਦਾ ਮੂੰਹ ਦਿਸੇ ਮੋਹਤਦੀਨ ਨੂੰ।
ਮੋਹਤਦੀਨ ਨੇ ਸੋਚਿਆ ਆਹ ਵੇਲਾ ਆ ਗੁਰ-ਮੰਤਰ ਦਾ, ਦੁਖੀ ਗੁਰੂ ਨੇ ਦੇ ਵੀ ਦੇਣੈ। ਉਹਨੇ ਤਾਂ ਤਰਲਾ ਜਿਹਾ ਕਰਕੇ ਕਿਹਾ, “ਗੁਰੂ ਜੀ ‘ਕੱਲੇ ‘ਕੱਲੇ ਈ ਆਂ ਆਪਾਂ ਦੋਵੇਂ, ਵਿਚਾਲੇ ਤਾਂ ਬੱਸ ਝਾੜੀਆਂ। ਇਕ ਗੁਰੂਕਿਆਂ ਦੇ ਅੱਜ ਗੁਰ-ਮੰਤਰ ਵੀ ਦੇ ਦਿਓ, ਮੇਰਾ ਵੀ ਲੱਗਜੂ ਬੇੜਾ ਬੰਨ੍ਹੇ।’
ਗੋਰਖ ਦੇ ਤਾਂ ਭਾਅ ਦੀਆਂ ਬਣੀਆਂ ਪਈਆਂ ਸੀ, ਉਹਨੂੰ ਚੜ੍ਹ ਗਿਆ ਗੁੱਸਾ, “ਕੰਜਰਾ ਮਾਰਾਂ ਤੇਰੇ ਸਿਰ ‘ਚ ਕੁਮੰਡਲੀ, ਆਹ ਟੈਮ ਗੁਰ-ਮੰਤਰ ਦਾ?”
ਮੋਹਤਦੀਨ ਨੇ ਸੋਚਿਆ ਲਓ ਜੀ ਗੱਲ ਬਣ ਗਈ, ਗੁਰ-ਮੰਤਰ ਦੇ’ਤਾ ਗੁਰੂ ਨੇ, ਚੱਲ ਕੋਈ ਨ੍ਹੀਂ ਜੇ ਗੁੱਸੇ ‘ਚ ਵੀ ਦੇ’ਤਾ। ਮੋਹਤਦੀਨ ਨੇ ਇਕ ਵਾਰ ਫਿਰ ਤਰਲਾ ਕੀਤਾ, “ਮਹਾਰਾਜ ਕਰ ਦਿਓ ਗਰੀਬ ‘ਤੇ ਕ੍ਰਿਪਾ, ਦੇ ਦਿਓ ਗੁਰ-ਮੰਤਰ।”
ਗੋਰਖ ਨਾਥ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਝਾੜੀ ਪਿੱਛੋਂ ਉਠ ਕੇ ਏਨਾ ਕਹਿ ਕੇ ਬੈਠ ਗਿਆ, “ਮਾਰਾਂ ਤੇਰੇ ਕੁਮੰਡਲੀ ਸਿਰ ‘ਚ, ਪਾੜਾਂ ਤੇਰਾ ਖੋਪਰ, ਆਹ ਟੈਮ ਗੁਰ-ਮੰਤਰ ਦਾ?”
ਮੋਹਤਦੀਨ ਨੂੰ ਚਾਅ ‘ਚ ਲਾਲੀ ਚੜ੍ਹੀ ਜਾਵੇ ਕਿ ਲੈ ਲਿਆ ਗੁਰ-ਮੰਤਰ, ਬਸ ਥੋੜੀ ਜਿਹੀ ਕਸਰ ਰਹਿ ਗਈ ਹੁਣ ਤਾਂ। ਉਹ ਫਿਰ ਹੱਥ ਜੋੜ ਕੇ ਖੜ੍ਹਾ ਹੋ ਗਿਆ, “ਮਹਾਰਾਜ ਮੈਨੂੰ ਪਤੈ ਸਵੇਰ ਦੇ ਤੁਹਾਨੂੰ ਜੁਲਾਬ ਲੱਗੇ ਹੋਏ ਨੇ ਪਰ ਮੇਰਾ ਭਲਾ ਗਰੀਬ ਦਾ ਥੋੜਾ ਕੋਈ ਕਸੂਰ ਆ, ਕਰੋ ਕ੍ਰਿਪਾ ਦੀ ਨਜ਼ਰ ਸਵੱਲੀ, ਦੇ ਦਿਓ ਗੁਰ-ਮੰਤਰ।”
ਗੋਰਖ ਨਾਥ ਦਾ ਦਰਦ ਨਾਲ ਬੋਲ ਨਾ ਨਿਕਲੇ, ਉਹ ਚੀਕ ਕੇ ਕਹਿਣ ਲੱਗਾ, “ਜਾਹ ਨੱਠ ਜਾ, ਹੋ ਜਾ ਮੇਰੀਆਂ ਨਜ਼ਰਾਂ ਤੋਂ ਓਹਲੇ, ਮਾਰਾਂ ਤੇਰੇ ਸਿਰ ‘ਚ ਕੁਮੰਡਲੀ, ਖੋਲ੍ਹਾਂ ਤੇਰਾ ਖੋਪਰ, ਆਹ ਟੈਮ ਗੁਰ-ਮੰਤਰ ਦਾ?”
ਬਸ ਤੀਜੀ ਵਾਰ ਸੁਣਨ ਦੀ ਦੇਰ ਸੀ, ਮੋਹਤਦੀਨ ਤਾਂ ਲੁੱਡੀਆਂ ਪਾਉਂਦਾ ਆਵੇ, “ਬਣ ਗਈ ਗੱਲ, ਬਣ ਗਈ ਗੱਲ, ਵਜਾਓ ਤੂਬੀ ਛੁਣਛੁਣਾ।” ਗਜਾ ਕਰ ਕੇ ਆਏ ਚੇਲਿਆਂ ਨੂੰ ਸਮਝ ਨਾ ਲੱਗੇ ਕਿ ਇਹ ਨਿਖੱਟੂ ਤਾਂ ਕਦੇ ਇੰਨਾ ਖੁਸ਼ ਨਹੀਂ ਦੇਖਿਆ ਸੀ, ਇਹਨੂੰ ਕੀ ਹੋ ਗਿਆ ਅੱਜ!”
ਜਦੋਂ ਮੋਹਤਦੀਨ ਨੇ ਇਕ ਜੋਗੀ ਦੇ ਗਲ ‘ਚੋਂ ਜ਼ਹਿਰੀਲਾ ਨਾਗ ਖਿੱਚ ਕੇ ਆਪਣੇ ਗਲ ‘ਚ ਪਾਇਆ ਤਾਂ ਚੇਲੇ ਪੀਪਟ ਨੇ ਕਿਹਾ, “ਉਹ ਮੂਰਖਾ ਇਹ ਖੜੱਪਾ ਐ, ਫੁੰਕਾਰਾ ਮਾਰ ਕੇ ਕਰ ਦਊ ਫਨਾਹ ਤੈਨੂੰ, ਗੁਰੂ ਨੇ ਕੋਈ ਬਖਸ਼ਿਸ਼ ਨਹੀਂ ਕੀਤੀ, ਨਾ ਲੈ ਪੰਗੇ।”
“ਹੋ’ਗੀ, ਹੋ’ਗੀ, ਬਣ ਗਈ ਗੱਲ। ਤੁਸੀਂ ਵਜਾਓ ਟੱਲੀਆਂ, ਆਪਣੀ ਬੱਲੇ ਬੱਲੇ।” ਉਹ ਨਾਗ ਘੁਮਾਉਂਦਾ ਫਿਰੇ।
ਇਕ ਹੋਰ ਚੇਲੇ ਨੇ ਪੁੱਛਿਆ, “ਓਏ ਮੋਹਤਦੀਨਾ, ਗੁਰੂ ਜੀ ਕਿੱਥੇ ਨੇ?”
“ਦੱਸਣਾ ਤਾਂ ਮੈਂ ਹੈ ਨ੍ਹੀਂ ਸੀ ਪਰ ਦੱਸ ਦਿੰਨਾਂ, ਝਾੜੀ ਓਹਲੇ ਬੈਠਾ, ਸਵੇਰ ਦਾ ਅੰਦਰ ਟੁੱਟਿਆ ਪਿਆ ਉਹਦਾ, ਵੱਟ ਪੈਂਦਾ, ਪਤਾ ਨਹੀਂ ਕੀ ਖਾ ਲਿਆ। ਕੁਮੰਡਲੀ ਆਪਾਂ ਢੋਈ ਅੱਜ ਸਾਰਾ ਦਿਨ, ਕਰ’ਤੀ ਪੂਰੀ ਸੇਵਾ ਗੁਰੂ ਦੀ।”
“ਗੁਰੂ ‘ਤੇ ਬਿਪਤਾ ਪਈ ਹੋਈ ਐ, ਉਹਦੇ ਭਾਅ ਦੀਆਂ ਬਣੀਆਂ ਹੋਈਆਂ, ਇਹ ਸਾਲਾ ਵਿਹਲੜ ਲੁੱਡੀਆਂ ਪਾਉਂਦਾ ਫਿਰਦੈ, ਅੱਗੇ ਤੋਂ ਇਹਨੂੰ ‘ਕੱਲੇ ਨੂੰ ਕਦੇ ਵੀ ਗੁਰੂ ਕੋਲ ਛੱਡ ਕੇ ਨਹੀਂ ਜਾਣਾ।” ਪੀਪਟ ਨੇ ਸਾਰਿਆਂ ‘ਤੇ ਗੁੱਸਾ ਝਾੜਿਆ।
ਮੋਹਤਦੀਨ ਫਿਰ ਨੱਚਦਾ-ਟੱਪਦਾ, “ਮਾਰਾਂ ਤੇਰੇ ਸਿਰ ‘ਚ ਕੁਮੰਡਲੀ ਖੋਲ੍ਹਾਂ ਤੇਰਾ ਖੋਪਰ, ਆਹ ਟੈਮ ਗੁਰ-ਮੰਤਰ ਦਾ?” ਗੁਣਗੁਣਾਉਂਦਾ ਚਾਦਰ ਲੈ ਕੇ ਜਾ ਲੇਟਿਆ।
“ਛੱਡੋ ਇਹਦਾ ਖਹਿੜਾ, ਬਾਹਲਾ ਸ਼ਦਾਈ ਹੋ ਗਿਐ।” ਚੇਲੇ ਵੀ ਇੱਧਰ ਓਧਰ ਖਿਲਰ ਗਏ।
ਟਿੱਲੇ ‘ਤੇ ਸਾਰੇ ਹਾਲਾਤ ਫਿਰ ਪਹਿਲਾਂ ਵਾਲੇ ਹੋ ਗਏ। ਪਰ ਵੱਖਰੀ ਗੱਲ ਇਹ ਸੀ ਕਿ ਮੋਹਤਦੀਨ ਟਿਕ ਨੇ ਨਾ ਬੈਠਦਾ ਤੇ ਉਹੀ ਕੁਮੰਡਲੀ ਵਾਲਾ ਰਾਗ ਬੁੜ ਬੁੜ ਕਰਦਾ ਰਹਿੰਦਾ।
ਗੋਰਖ ਦੇ ਟਿੱਲੇ ਨੂੰ ਜਾਂਦੇ ਰਾਹ ‘ਚ ਇਕ ਦਿਨ ਪਤਾ ਨਹੀਂ ਕੋਈ ਗਊ ਮਰੀ ਹੋਣ ਦੀ ਖਬਰ ਗੁਰੂ ਗੋਰਖ ਕੋਲ ਪਹੁੰਚੀ। ਉਹਨੇ ਪੀਪਟ ਨੂੰ ਬੁਲਾ ਕੇ ਕਿਹਾ, ” ਜਾਓ ਸਾਰੇ ਜਣੇ ਗਊ ਮਾਤਾ ਨੂੰ ਰਾਹ ‘ਚੋਂ ਹਟਾ ਦਿਓ। ਰਾਹ ਬੰਦ ਹੋਇਆ ਪਿਐ, ਹਾਂ ਸੱਚ ਗਾਂ ਭਾਰੀ ਹੈ, ਹਾਅ ਵਿਹਲੜ ਮੋਹਤਦੀਨ ਨੂੰ ਲੈ ਜਾਇਓ ਹੱਟਾ-ਕੱਟਾ ਪਿਐ। ਨਾਲੇ ਚੁੱਕ ਕੇ ਗਾਂ ਰਾਹ ‘ਚੋਂ ਪਰ੍ਹਾਂ ਕਰਿਓ ਘੜੀਸੀਓ ਨਾ।”
ਚੇਲਿਆਂ ਨੇ ਟਾਹਲੀ ਦੇ ਮੋਛੇ ਤੇ ਰੱਸੇ ਚੁੱਕੇ ਅਤੇ ਮਾਰੀ ‘ਵਾਜ ਮੋਹਤਦੀਨ ਨੂੰ ਕਿ ਆ ਛੇਤੀਂ ਗਊ ਮਾਤਾ ਨੂੰ ਹਟਾ ਕੇ ਰਾਹ ਚਲਦਾ ਕਰਨੈ।
“ਚਲੋ ਮੈਂ ਪਿੰਡਾ ਗਿੱਲਾ ਕਰਕੇ ਆਇਆ ਥੋਡੇ ਤੋਂ ਵੀ ਪਹਿਲਾਂ।”
“ਆ ਜਾਓ ਇਹਨੇ ਕੰਮ ਚੋਰ ਨੇ ਕਿੱਥੇ ਆਉਣੈ, ਆਪਾਂ ਨੂੰ ਹੀ ਇਹ ਸੇਵਾ ਕਰਨੀ ਪੈਣੀ ਆ।” ਪੀਪਟ ਦੂਜੇ ਚੇਲਿਆਂ ਨੂੰ ਕਹਿਣ ਲੱਗਾ।
ਹਾਲੇ ਚੇਲਿਆਂ ਨੇ ਅਗਲੇ ਪਿਛਲੇ ਪੈਰ ਰੱਸੇ ਨਾਲ ਬੰਨ੍ਹ ਕੇ ਵਿਚ ਦੀ ਟਾਹਲੀ ਦਾ ਮੋਛਾ ਫਸਾਇਆ ਈ ਸੀ ਕਿ ਭੱਜੇ ਆਉਂਦੇ ਮੋਹਤਦੀਨ ਨੇ ‘ਵਾਜ ਮਾਰੀ, “ਠਹਿਰੋ! ਠਹਿਰੋ!! ਚੁਕਿਓ ਨਾ, ਮੈਂ ਗਊ ਮਾਤਾ ਨਾਲ ਗੱਲ ਕਰਨੀ ਕੋਈ ਜ਼ਰੂਰੀ।”
“ਇਹ ਤਾਂ ਗੁਰੂ ਦਾ ਵੀ ਗੁਰੂ ਬਣਿਆ ਫਿਰਦੈ, ਕਮਲਾ ਹੋ ਗਿਐ। ਅਖੇ ਗੱਲ ਕਰਨੀ ਮੈਂ, ਗਊ ਮਾਤਾ ਸਮਝ ਲਵੇਗੀ ਇਹਦੀ ਬੋਲੀ?’ ਚੇਲੇ ਹੈਰਾਨ ਜਿਹੇ ਹੋ ਕੇ ਸੋਚਣ ਲੱਗੇ, ਮਰੀ ਪਈ ਨੂੰ ਚਲੋ ਸੁਣ ਲੈਣ ਦਿਓ ਇਹਦੇ ਬਚਨ।
ਮੋਹਤਦੀਨ ਨੇ ਮਰੀ ਹੋਈ ਗਾਂ ਦੇ ਕੰਨ ਵਿਚ ਬਿੰਦ ਕੁ ਕੁਝ ਕਿਹਾ ਤਾਂ ਛਾਲ ਮਾਰ ਕੇ ਉਠ ਖੜੀ ਹੋਈ। ਚੇਲਿਆਂ ਨੇ ਜੀਭ ਦੰਦਾਂ ਹੇਠ ਦੇ ਲਈ ਤੇ ਪੈਰ ਮਲ ਹੋਣ ਲੱਗੇ। ਖੜੀ ਗਾਂ ਦੇ ਉਹਨੇ ਫਿਰ ਕੰਨ ‘ਚ ਕੁਝ ਕਿਹਾ, ਕਹਿਣ ਦੀ ਦੇਰ ਸੀ ਕਿ ਪੈ ਗਈ ਗਾਂ ਚੇਲਿਆਂ ਨੂੰ ਟੁੱਟ ਕੇ, ਦੋ ਕੁ ਤਾਂ ਸਿੰਗਾਂ ‘ਚ ਫਸਾ ਕੇ ਕੋਹ ਕੋਹ ‘ਤੇ ਸੁੱਟੇ ਹੋਣਗੇ ਤੇ ਬਾਕੀਆਂ ਦੇ ਛੜਾਂ ਮਾਰ ਮਾਰ ਲੱਤਾਂ-ਗੋਡੇ ਭੰਨ’ਤੇ। ਖੇਤਾਂ ‘ਚੋਂ ਦੀ ਸਾਹੋ ਸਾਹੀ ਹੋ ਕੇ ਚੇਲੇ ਜਦੋਂ ਗੁਰੂ ਗੋਰਖ ਨਾਥ ਕੋਲ ਪੁੱਜੇ ਤਾਂ ਉਹ ਵੀ ਘਬਰਾ ਕੇ ਪੁੱਛਣ ਲੱਗਾ, “ਓ ਤੁਹਾਨੂੰ ਕੀ ਹੋ ਗਿਆ?”
“ਗੁਰੂ ਜੀ ਭੋਲੇ ਨਾ ਬਣੋ, ਸੇਵਾ ਅਸੀਂ ਕਰਦੇ ਰਹਿ ਗਏ ਤੁਹਾਡੀ ਤੇ ਗੁਰ-ਮੰਤਰ ਤੁਸੀਂ ਵਿਹਲੜ, ਨਿਕੰਮੇ, ਨਿਖੱਟੂ ਮੋਹਤਦੀਨ ਨੂੰ ਦੇ’ਤਾ। ਸਾਡਾ ਧਰਮ ਨ੍ਹੀਂ ਹੁਣ ਇੱਥੇ ਰਹਿਣ ਦਾ, ਅਸੀਂ ਚੱਲੇ।”
“ਗੱਲ ਤਾਂ ਸੁਣੋ ਮੇਰੀ, ਬੈਠੋ ਇੱਥੇ ਤੇ ਬੁਲਾਓ ਮੋਹਤਦੀਨ ਨੂੰ!”
“ਅਹੁ ਤੁਰਿਆ ਆਉਂਦਾ ਗਾਂ ਵੀ ਨਾਲ ਈ ਐ।”
“ਓਏ ਮੋਹਤਦੀਨਾ! ਗਾਂ ਕਿੱਦਾਂ ਜਿਉਂਦੀ ਕਰ’ਤੀ ਤੂੰ?”
“ਮਹਾਰਾਜ ਮੈਂ ਕੌਣ ਹੁੰਨਾਂ ਮਰੀ ਗਾਂ ਨੂੰ ਜਿਉਂਦੀ ਕਰਨ ਵਾਲਾ, ਇਹ ਤਾਂ ਤੁਹਾਡਾ ਦਿੱਤਾ ਗੁਰ-ਮੰਤਰ ਹੀ ਚੱਲਿਐ।”
“ਚਲੋ ਬਈ ਚੱਲੀਏ ਆਪਾਂ, ਨਿਕਲ ਆਇਆ ਨਾ ਸੱਚ! ਗੁਰੂ ਵੀ ਤਪੱਸਵੀਆਂ, ਜੋਗੀਆਂ ਦੀ ਨਹੀਂ, ਨਿਖੱਟੂਆਂ ਦੀ ਮਦਦ ਕਰਨ ਲੱਗ ਪਿਐ, ਸਾਡੇ ਤਾਂ ਪੱਲੇ ਕੁਝ ਪਾਇਆ ਨ੍ਹੀਂ ਤੇ ਇਹਨੂੰ ਡੂਢ ਸਾਲ ‘ਚ ਗੁਰ-ਮੰਤਰ?” ਤਪੇ ਪਏ ਚੇਲਿਆਂ ਨੂੰ ਪੀਪਟ ਨੇ ਕਿਹਾ।
“ਰੁਕੋ ਤਾਂ ਸਹੀ, ਦੱਸ ਓਏ ਮੋਹਤਦੀਨਾ ਕਦੋਂ ਦਿੱਤਾ ਮੈਂ ਤੈਨੂੰ ਗੁਰ-ਮੰਤਰ?”
“ਮਹਾਰਾਜ ਕਰ’ਲੋ ਚੇਤਾ, ਭੁੱਲ ਗਏ, ਉਹ ਘੜੀ ਮੈਨੂੰ ਤਾਂ ਕੀ ਤੁਹਾਨੂੰ ਵੀ ਕਦੇ ਨਹੀਂ ਭੁੱਲੇਗੀ ਜਿੱਦਣ ਮੇਰੇ ਭਾਗ ਜਾਗੇ ਸਨ।”
“ਬੁਝਾਰਤਾਂ ਨਾ ਪਾ, ਦੱਸ ਕਦੋਂ ਗੁਰ-ਮੰਤਰ ਦਿੱਤਾ?”
“ਮਹਾਰਾਜ ਜਦੋਂ ਝਾੜੀ ਓਹਲੇ ਬੈਠੇ ਕੇਹਲ ਮਾਰੀ ਜਾਂਦੇ ਸੀ ਜਿਵੇਂ ਮੱਝ ਸੂਣ ਵੇਲੇ ਮਾਰਦੀ ਐ, ਢਿੱਡ ਬਾਹਲਾ ਦੁਖਦਾ ਸੀ, ਉਦਣ ਤੁਹਾਡਾ। ਮੈਂ ਕਿਹਾ ਮਹਾਰਾਜ ਅੱਜ ਦੇ ਦਿਓ ਗੁਰ-ਮੰਤਰ, ਅੱਜ ਨਾਲੋਂ ਹੋਰ ਵੇਲਾ ਕਿਹੜਾ ਚੰਗੈ? ਤੁਸੀਂ ਦਿੱਤਾ ਨ੍ਹੀਂ ਸੀ ਮੈਨੂੰ- ‘ਮਾਰਾਂ ਤੇਰੇ ਸਿਰ ‘ਚ ਕੁਮੰਡਲੀ, ਖੋਲ੍ਹਾਂ ਤੇਰਾ ਖੋਪਰ ਇਹ ਟੈਮ ਗੁਰ-ਮੰਤਰ ਦਾ।’ ਤਿੰਨ ਵਾਰ ਮੈਂ ਤੁਹਾਨੂੰ ਪੁੱਛਿਆ ਤੁਸੀਂ ਇਹੋ ਸ਼ਬਦ ਉਚਾਰੀ ਗਏ। ਆਪਾਂ ਫਿਰ ਏਨੇ ਤਾਂ ਨਿਆਣੇ ਹੈ ਵੀ ਨਹੀਂ ਸੀ ਕਿ ਗੁਰੂ ਤਿੰਨ ਵਾਰ ਜਿਹੜਾ ਇੱਕੋ ਸ਼ਬਦ ਕਹੇ ਉਹ ਗੁਰ-ਮੰਤਰ ਨਾ ਹੋਵੇ।”
“ਓਏ ਉਹ ਤਾਂ ਮੈਂ ਤੈਨੂੰ ਘੂਰਦਾ ਸੀ।”
“ਮਹਾਰਾਜ ਏਦਾਂ ਦੀ ਘੂਰ ਤਾਂ ਰੱਬ ਰੋਜ਼ ਪੁਆਵੇ, ਆਪਣੇ ਬੇੜੇ ਤਰ ਗਏ।”
“ਗਊ ਦੇ ਕੰਨ ‘ਚ ਕੀ ਕਿਹਾ ਸੀ ਤੂੰ?”
“ਇਹੀ ਕਿ ਹੇ ਗਊ ਮਾਤਾ! ਬੜੇ ਔਖੇ ਵੇਲੇ ਦਿੱਤਾ ਸੀ ਇਹ ਸ਼ਬਦ ਗੁਰੂ ਨੇ। ਜਦੋਂ ਮੈਂ ਕਹਾਂਗਾ, ‘ਮਾਰਾਂ ਤੇਰੇ ਸਿਰ ‘ਚ ਕੁਮੰਡਲੀ, ਖੋਲ੍ਹਾਂ ਤੇਰਾ ਖੋਪਰ, ਇਹ ਟੈਮ ਗੁਰ-ਮੰਤਰ ਦਾ?’ ਤੂੰ ਜਿਉਂਦੀ ਹੋ ਜਾਣਾ ਤੇ ਉਹ ਗੱਲ ਹੋਈ, ਧੰਨ ਹੋ ਮਹਾਰਾਜ ਤਰ ਗਏ ਥੋਡੇ ਲੜ ਲੱਗ ਕੇ।”
“ਚੇਲਿਆਂ ਨੂੰ ਗਾਂ ਨੇ ਮਾਰਿਆ ਤੇ ਦੁੜਾਇਆ ਕਾਹਤੋਂ ਐ?”
‘ਜਦੋਂ ਉਹ ਉਠ ਕੇ ਖੜ੍ਹੀ ਹੋਈ ਸੀ ਮੈਂ ਤਾਂ ਸਿਰਫ ਏਨਾ ਕਿਹਾ ਸੀ ਕਿ ਹੇ ਗਊ ਮਾਤਾ ਆਹ ਚੌਣਾ ਤਾਂ ਵਿਹਲੜ ਗੋਰਖ ਨਾਥ ਦਾ ਅੰਨ੍ਹ ਖਾਂਦੈ। ਇਹ ਤਾਂ ਤੈਨੂੰ ਬੰਨ੍ਹ ਕੇ ਟੋਏ ‘ਚ ਸੁੱਟਣ ਆਏ ਸੀ। ਫਿਰ ਮੈਨੂੰ ਲੱਗਾ ਗਊ ਮਾਤਾ ਇਨ੍ਹਾਂ ਤੋਂ ਖਫਾ ਹੋ ਗਈ ਹੋਣੀ ਐ!”
ਗੋਰਖ ਨਾਥ ਨੇ ਮਾਰਿਆ ਮੱਥੇ ‘ਤੇ ਹੱਥ ਤੇ ਦੂਜੇ ਚੇਲਿਆਂ ਨੂੰ ਕੋਲ ਬੁਲਾ ਕੇ ਸਮਝਾਇਆ, “ਮੂਰਖੋ ਸ਼ਬਦ ‘ਚ ਕੁਝ ਨਹੀਂ ਹੁੰਦਾ, ਨਾ ਗੁਰ-ਮੰਤਰ ‘ਚ, ਜੋ ਕੁਝ ਵੀ ਹੁੰਦਾ ਹੈ, ਹਠ ਤੇ ਲਗਨ ‘ਚ ਹੁੰਦੈ।”
ਉਸ ਦਿਨ ਤੋਂ ਮੋਹਤਦੀਨ ਦੀ ਟਿੱਲੇ ‘ਚ ਸਰਦਾਰੀ ਹੋ ਗਈ ਸੀ।