ਵਿਚਾਰਾਂ ਦੀ ਆਜ਼ਾਦੀ ਨਾਲ ਜੁੜੇ ਸਵਾਲਾਂ ਬਾਰੇ ਪਾਸਕੂ ਸੋਚ!

-ਜਤਿੰਦਰ ਪਨੂੰ
ਵਿਚਾਰਾਂ ਦੀ ਆਜ਼ਾਦੀ ਬਾਰੇ ਤਾਂ ਸ਼ਾਇਦ ਸਾਰੇ ਲੋਕ ਸਹਿਮਤ ਹੋ ਜਾਣ, ਪਰ ਜਿਥੋਂ ਤੱਕ ਵਿਚਾਰ ਪ੍ਰਗਟ ਕਰਨ ਦੇ ਅਧਿਕਾਰਾਂ ਦੀ ਸੀਮਾ ਦਾ ਸਵਾਲ ਹੈ, ਉਥੇ ਆ ਕੇ ਕੁਝ ਮੱਤਭੇਦ ਪੈਦਾ ਹੋ ਜਾਂਦੇ ਹਨ। ਅਸੀਂ ਜੈ ਪ੍ਰਕਾਸ਼ ਨਾਰਾਇਣ ਦੀ ਦੱਸੀ ਹੋਈ ਕਿਸੇ ਸੰਪੂਰਨ ਆਜ਼ਾਦੀ ਦੀ ਗੱਲ ਨਹੀਂ ਕਹਿ ਸਕਦੇ ਕਿ ਹਰ ਕਿਸੇ ਨੂੰ ਹਰ ਗੱਲ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਸਗੋਂ ਆਜ਼ਾਦੀ ਦੀਆਂ ਕੁਝ ਹੱਦਾਂ ਦੇ ਪੱਖ ਵਿਚ ਹਾਂ। ਮਿਸਾਲ ਵਜੋਂ ਇਹ ਆਜ਼ਾਦੀ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਕਿ ਫਰੀਦਕੋਟ ਵਾਲੇ ਨਿਸ਼ਾਨ ਸਿੰਘ ਤੇ ਉਸ ਦੇ ਜੋੜੀਦਾਰਾਂ ਵਾਂਗ ਕਿਸੇ ਦੇ ਘਰ ਜਾ ਕੇ ਉਸ ਦੀ ਧੀ ਨੂੰ ਚਿੱਟੇ ਦਿਨ ਚੁੱਕ ਲਿਜਾਵੇ ਤੇ ਇਹ ਵੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ ਕਿ ਕੋਈ ਕਿਸੇ ਸੜਕ ਉਤੇ ਗੱਡੀ ਚਲਾਉਣ ਸਮੇਂ ਇਹ ਜ਼ਿਦ ਕਰੇ ਕਿ ਜੇ ਬਾਕੀ ਲੋਕ ਖੱਬੇ ਹੱਥ ਜਾਂਦੇ ਹਨ ਤਾਂ ਮੈਂ ਸੱਜੇ ਹੱਥ ਜਾਵਾਂਗਾ। ਕਈ ਦੇਸ਼ਾਂ ਵਿਚ ਸੱਜੇ ਹੱਥ ਗੱਡੀ ਚਲਾਉਣ ਦਾ ਕਾਨੂੰਨ ਹੈ, ਉਥੋਂ ਆਇਆ ਕੋਈ ਅਮਰੀਕਨ, ਕਨੇਡੀਅਨ ਜਾਂ ਜਰਮਨੀ ਦਾ ਨਾਗਰਿਕ ਭਾਰਤ ਵਿਚ ਆ ਕੇ ਏਦਾਂ ਦੀ ਖੁੱਲ੍ਹ ਦੀ ਮੰਗ ਕਦੇ ਨਹੀਂ ਕਰਦਾ, ਸਗੋਂ ਦੇਸ਼ ਦੇ ਕਾਨੂੰਨ ਅਨੁਸਾਰ ਚੱਲਦਾ ਹੈ। ਮੁਸ਼ਕਿਲ ਇਹ ਹੈ ਕਿ ਦੇਸ਼ ਦੇ ਕਾਨੂੰਨ ਦੇ ਮੁਤਾਬਕ ਜਿਨ੍ਹਾਂ ਗੱਲਾਂ ਦੀ ਖੁੱਲ੍ਹ ਸਾਡੇ ਸਮਾਜ ਤੇ ਸੰਵਿਧਾਨ ਨੇ ਸਾਨੂੰ ਦਿੱਤੀ ਹੋਈ ਹੈ, ਉਸ ਨੂੰ ਵੀ ਹੁਣ ਖੋਹਿਆ ਜਾਣ ਲੱਗਾ ਹੈ। ਇਸ ਹਫਤੇ ਇੱਕ ਫਿਲਮ ‘ਵਿਸ਼ਵ ਰੂਪਮ’ ਦੇ ਮਾਮਲੇ ਵਿਚ ਇਹੋ ਹੋਇਆ ਹੈ, ਜਿਸ ਬਾਰੇ ਇੱਕ ਬਹਿਸ ਅਦਾਲਤਾਂ ਵਿਚ ਚੱਲ ਰਹੀ ਹੈ ਤੇ ਦੂਸਰੀ ਮੀਡੀਏ ਦੇ ਰਾਹੀਂ ਸਮਾਜ ਵਿਚ ਵੀ ਚੱਲ ਪਈ ਹੈ।
ਫਿਲਮਾਂ ਵੇਖਣ ਦੇ ਸ਼ੌਕੀਨਾਂ ਵਿਚ ਮੈਂ ਨਹੀਂ। ਮੁੱਛ ਫੁੱਟਦੀ ਉਮਰ ਵਿਚ ਕਦੇ ਵੇਖੀਆਂ ਸਨ। ਬੀਤੇ ਪੰਝੀ ਸਾਲਾਂ ਦੌਰਾਨ ਮੈਂ ਸਿਰਫ ਤਿੰਨ ਫਿਲਮਾਂ ਵੇਖੀਆਂ ਸਨ, ਇੱਕ ਤਾਂ ਰਾਜਸੀ ਆਗੂ ਬਣ ਗਏ ਗੁੰਡਿਆਂ ਬਾਰੇ ਸੁਚੇਤ ਕਰਦੀ ਸੀ, ਦੂਸਰੀ ਦਹਿਸ਼ਤਗਰਦੀ ਬਾਰੇ ਤੇ ਤੀਸਰੀ ਭਾਰਤ-ਪਾਕਿਸਤਾਨ ਵਿਚਾਲੇ ਹੋਈ ਇੱਕ ਜੰਗ ਬਾਰੇ। ਪਹਿਲੀਆਂ ਦੋ ਦੋਸਤਾਂ ਦੇ ਕਹਿਣ ਉਤੇ ਸਿਨਮੇ ਵਿਚ ਵੇਖਣ ਜਾਣਾ ਪਿਆ ਤੇ ਤੀਸਰੀ ਘਰ ਵਿਚ ਛੁੱਟੀ ਵਾਲੇ ਦਿਨ ਟੈਲੀਵੀਜ਼ਨ ਉਤੇ ਵੇਖ ਲਈ ਸੀ। ਜੇ ਕਿਸੇ ਫਿਲਮ ਦੀ ਕਹਾਣੀ ਮੈਂ ਦਸ-ਪੰਦਰਾਂ ਮਿੰਟਾਂ ਵਿਚ ਪੜ੍ਹ ਸਕਦਾ ਹਾਂ ਤਾਂ ਉਸ ਨੂੰ ਵੇਖਣ ਲਈ ਤਿੰਨ ਘੰਟੇ ਦਾ ਸਮਾਂ ਲਾਉਣਾ ਮੈਨੂੰ ਮੂਰਖਤਾ ਲੱਗਦਾ ਹੈ ਪਰ ਇਹ ਮੇਰੇ ਵਿਚਾਰ ਹਨ। ‘ਵਿਸ਼ਵ ਰੂਪਮ’ ਫਿਲਮ ਲਈ ਵੀ ਮੇਰੇ ਮਨ ਵਿਚ ਕੋਈ ਖਿੱਚ ਨਹੀਂ। ਕੁਝ ਦੂਸਰੇ ਲੋਕਾਂ ਦੀ ਨਜ਼ਰ ਵਿਚ ਏਦਾਂ ਦੇ ਵਿਚਾਰ ਰੱਖਣ ਕਰ ਕੇ ਮੈਂ ਵੀ ਮੂਰਖ ਹੋਵਾਂਗਾ। ਇਹ ਉਨ੍ਹਾਂ ਦੇ ਵਿਚਾਰ ਹੋਣਗੇ। ਜੇ ਮੈਨੂੰ ਹਰ ਤਰ੍ਹਾਂ ਦੇ ਵਿਚਾਰ ਰੱਖਣ ਦਾ ਹੱਕ ਹੈ ਤਾਂ ਜਿਨ੍ਹਾਂ ਨੂੰ ਮੇਰੇ ਨਾਲ ਸਹਿਮਤੀ ਨਹੀਂ, ਇਹ ਹੱਕ ਉਨ੍ਹਾਂ ਨੂੰ ਵੀ ਓਨਾ ਹੀ ਹੈ। ਜਿਸ ਯੁੱਗ ਵਿਚ ਅਸੀਂ ਰਹਿੰਦੇ ਹਾਂ, ਉਸ ਵਿਚ ਆਪਣੇ ਵਿਚਾਰ ਰੱਖਣ ਦਾ ਹੱਕ ਹਰ ਕਿਸੇ ਨੂੰ ਹੈ ਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਵੀ ਮੰਨਿਆ ਜਾਂਦਾ ਹੈ।
‘ਵਿਸ਼ਵ ਰੂਪਮ’ ਫਿਲਮ ਦਾ ਵਿਸ਼ਾ ਦਹਿਸ਼ਤਗਰਦੀ ਦਾ ਦੱਸਿਆ ਗਿਆ ਹੈ, ਜਿਹੜਾ ਇਸ ਵੇਲੇ ਸਾਰੇ ਸੰਸਾਰ ਦੇ ਲੋਕਾਂ ਲਈ ਭਖਦਾ ਸਵਾਲ ਹੈ। ਜੇ ਕੋਈ ਚਿੰਤਕ ਤੇ ਕੁਝ ਕਲਾਕਾਰ ਇਸ ਬਾਰੇ ਕੋਈ ਰਾਏ ਪੇਸ਼ ਕਰਦੇ ਹਨ ਤਾਂ ਉਸ ਨੂੰ ਇੱਕ ਵਿਚਾਰ ਦੇ ਤੌਰ ਉਤੇ ਵੇਖਣਾ ਤੇ ਸਮਝਣਾ ਚਾਹੀਦਾ ਹੈ ਤੇ ਫਿਰ ਉਸ ਵਿਚਾਰ ਦੀ ਹਮਾਇਤ ਵੀ ਕੀਤੀ ਜਾ ਸਕਦੀ ਹੈ ਤੇ ਉਸ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਇਸ ਫਿਲਮ ਦਾ ਵਿਰੋਧ ਇਸ ਦੇ ਚੱਲਣ ਤੋਂ ਵੀ ਪਹਿਲਾਂ ਹੀ ਸ਼ੁਰੂ ਹੋ ਗਿਆ। ਵਿਰੋਧ ਕਰਨ ਵਾਲੇ ਖੁਦ ਆਖਦੇ ਹਨ ਕਿ ਇਸ ਵਿਚ ਕੀ ਗੱਲ ਗਲਤ ਹੈ ਤੇ ਇਹ ਇਤਰਾਜ਼ ਯੋਗ ਕਿਉਂ ਹੈ, ਇਸ ਦਾ ਉਨ੍ਹਾਂ ਨੂੰ ਪਤਾ ਨਹੀਂ, ਪਰ ਇਹ ਗੱਲ ਕਹੀ ਜਾਂਦੇ ਹਨ ਕਿ ਇਸ ਫਿਲਮ ਦੇ ਰਾਹੀਂ ਉਨ੍ਹਾਂ ਦੇ ਧਰਮ ਦੀ ਹੇਠੀ ਕੀਤੀ ਗਈ ਹੈ। ਬਿਨਾਂ ਵੇਖੇ ਤੋਂ ਹੇਠੀ ਹੋਣ ਦੀ ਗੱਲ ਉਹ ਉਕਸਾਉਣ ਵਾਲਿਆਂ ਦੇ ਕਹਿਣ ਉਤੇ ਕਹਿੰਦੇ ਹਨ। ਭਾਰਤ ਵਿਚ ਬਹੁਤ ਸਾਰੇ ਲੋਕ ਆਪਣੇ ਸਿਰ ਨਾਲ ਨਹੀਂ ਸੋਚਦੇ, ਇਸ ਲਈ ਛੇਤੀ ਉਕਸਾਏ ਜਾਂਦੇ ਹਨ।
ਇਹ ਫਿਲਮ ਸੈਂਸਰ ਬੋਰਡ ਨੇ ਪਾਸ ਕੀਤੀ ਤੇ ਫਿਰ ਕੁਝ ਰਾਜਾਂ ਵਿਚ ਇਸ ਦੇ ਜਾਰੀ ਹੋਣ ਤੋਂ ਕੋਈ ਅਮਨ-ਕਾਨੂੰਨ ਦੀ ਸਮੱਸਿਆ ਨਹੀਂ ਆਈ। ਕੁਝ ਹੋਰ ਰਾਜਾਂ ਵਿਚ ਲੋਕਾਂ ਦੇ ਵਿਰੋਧ ਦੇ ਬਹਾਨੇ ਹੇਠ ਰੋਕ ਦਿੱਤੀ ਗਈ। ਜਦੋਂ ਇਹ ਰੋਕੀ ਗਈ, ਸਿਰਫ ਵਿਰੋਧ ਦੀ ਧਮਕੀ ਦਿੱਤੀ ਗਈ ਸੀ, ਵਿਰੋਧ ਨਹੀਂ ਸੀ ਹੋਇਆ। ਧਮਕੀ ਦੇਣ ਦਾ ਕੰਮ ਕੁਝ ਸੰਸਥਾਵਾਂ ਕਰਦੀਆਂ ਹਨ ਤੇ ਇਸ ਨੂੰ ਮੰਨ ਕੇ ਅਗਲੀ ਕਾਰਵਾਈ ਕਈ ਵਾਰੀ ਰਾਜਸੀ ਕਾਰਨਾਂ ਕਰ ਕੇ ਤੇ ਕਦੀ ਇਸ ਧਾਰਨਾ ਦੇ ਕਾਰਨ ਹੁੰਦੀ ਹੈ ਕਿ ਅੜਿੱਕਾ ਪਾ ਦਿੱਤਾ ਜਾਵੇ ਤਾਂ ਕੁਹਾੜੇ ਹੇਠ ਆਉਣ ਵਾਲਿਆਂ ਤੋਂ ਕੁਝ ਮਾਲ ਕਢਾਇਆ ਜਾ ਸਕਦਾ ਹੈ। ਅਸਲੀਅਤ ਦਾ ਸਿਰਫ ਉਨ੍ਹਾਂ ਦੋਵਾਂ ਧਿਰਾਂ ਨੂੰ ਪਤਾ ਹੁੰਦਾ ਹੈ। ਤਾਮਿਲ ਨਾਡੂ ਦੇ ਕੇਸ ਵਿਚ ਅਸਲੀਅਤ ਕੀ ਹੈ, ਇਸ ਬਾਰੇ ਬਾਹਰ ਭਾਵੇਂ ਕੁਝ ਨਹੀਂ ਕਿਹਾ ਜਾ ਰਿਹਾ, ਪਰ ਇਹ ਖਦਸ਼ਾ ਰੱਦ ਨਹੀਂ ਕੀਤਾ ਜਾ ਸਕਦਾ ਕਿ ਕੁਝ ਲੋਕ ਇਸ ਬਹਾਨੇ ਫਿਲਮ ਬਣਾਉਣ ਵਾਲੇ ਦੀ ਜੇਬ ਕੱਟਣੀ ਚਾਹੁੰਦੇ ਹੋਣ। ਭਾਰਤ ਵਿਚ ਜੇ ਕਿਸੇ ਰਾਜ ਵਿਚ ਦੰਗੇ ਹੋ ਜਾਣ ਤਾਂ ਜਿਸ ਭਾਈਚਾਰੇ ਵਿਰੁਧ ਹਿੰਸਾ ਹੋ ਰਹੀ ਹੋਵੇ, ਉਸ ਦੇ ਲੋਕਾਂ ਨੂੰ ਹਿੰਸਾ ਤੋਂ ਬਚਾਈ ਰੱਖਣ ਦੇ ਜਜ਼ੀਏ ਵਜੋਂ ਵੀ ਪੈਸੇ ਲੈਣ ਤੱਕ ਦੀ ਖੇਡ ਹੁੰਦੀ ਰਹਿੰਦੀ ਹੈ। ਆਖਰ ਇਹ ਭਾਰਤ ਜੁ ਹੋਇਆ।
ਅਸੀਂ ਇਸ ਫਿਲਮ ਦੇ ਵਿਚਾਰਾਂ ਦੀ ਹਮਾਇਤ ਜਾਂ ਵਿਰੋਧਤਾ ਵਿਚ ਕੁਝ ਨਹੀਂ ਕਹਿ ਰਹੇ, ਕਿਉਂਕਿ ਕਹਾਣੀ ਦੇ ਬਾਰੇ ਸਾਰੀ ਜਾਣਕਾਰੀ ਸਾਡੇ ਕੋਲ ਨਹੀਂ, ਪਰ ਇਹ ਕਹਿਣ ਦੀ ਲੋੜ ਸਮਝਦੇ ਹਾਂ ਕਿ ਹੁਣ ਭਾਰਤ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖਤਰੇ ਖੜੇ ਹੋਣਾ ਆਮ ਹੁੰਦਾ ਜਾ ਰਿਹਾ ਹੈ। ਹਾਲੇ ਥੋੜ੍ਹਾ ਚਿਰ ਪਹਿਲਾਂ ਮੁੰਬਈ ਵਿਚ ਇੱਕ ਕਾਰਟੂਨਿਸਟ ਅਸੀਮ ਤ੍ਰਿਵੇਦੀ ਦੇ ਖਿਲਾਫ ਕੇਸ ਬਣਿਆ ਸੀ ਕਿ ਉਸ ਨੇ ਭਾਰਤ ਦੀ ਪਾਰਲੀਮੈਂਟ ਅਤੇ ਦੇਸ਼ ਦੇ ਕੌਮੀ ਚਿੰਨ੍ਹ ਦੀ ਬੇਅਦਬੀ ਕੀਤੀ ਹੈ। ਕੇਸ ਬਣਾਉਣ ਵਾਲਿਆਂ ਨੂੰ ਬਾਅਦ ਵਿਚ ਸ਼ਰਮਿੰਦੇ ਹੋਣਾ ਪਿਆ। ਦੇਸ਼ ਦੀ ਸਿਖਰਲੀ ਅਦਾਲਤ ਨੇ ਇਹ ਕਿਹਾ ਕਿ ਉਸ ਨੂੰ ਇਹੋ ਜਿਹੀ ਗੱਲ ਨਹੀਂ ਸੀ ਕਰਨੀ ਚਾਹੀਦੀ, ਪਰ ਜੇ ਕਰ ਦਿੱਤੀ ਹੈ ਤਾਂ ਸਾਡਾ ਸਮਾਜ ਏਨਾ ਪਰਪੱਕ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਹਜ਼ਮ ਕਰ ਸਕੇ, ਇਸ ਨਾਲ ਉਸ ਦੇ ਵਿਰੁਧ ਦੇਸ਼ ਧਰੋਹ ਦਾ ਕੇਸ ਨਹੀਂ ਬਣਾਇਆ ਜਾ ਸਕਦਾ।
ਅਮਰੀਕਾ ਵਿਚ ਬਹੁਤ ਸਖਤ ਕਾਨੂੰਨ ਹਨ। ਇਹ ਗੱਲ ਉਥੋਂ ਦੀ ਸੁਪਰੀਮ ਕੋਰਟ ਵੀ ਇੱਕ ਵਾਰੀ ਆਪਣੇ ਦੇਸ਼ ਦੇ ਕੌਮੀ ਝੰਡੇ ਦੇ ਸਬੰਧ ਵਿਚ ਕਹਿ ਚੁੱਕੀ ਹੈ ਕਿ ਇਸ ਦਾ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ, ਪਰ ਜੇ ਕੋਈ ਨਹੀਂ ਕਰਦਾ ਜਾਂ ਰੋਸ ਦੀ ਭਾਵਨਾ ਹੇਠ ਇਸ ਦੀ ਬੇਅਦਬੀ ਕਰਦਾ ਹੈ ਤਾਂ ਇਸ ਨੂੰ ਦੇਸ਼ ਨਾਲ ਧਰੋਹ ਕਰਨਾ ਨਹੀਂ ਮੰਨਿਆ ਜਾ ਸਕਦਾ। ਭਾਰਤ ਵਿਚ ਇਹੋ ਜਿਹੇ ਅਨੇਕਾਂ ਕੇਸ ਅਦਾਲਤਾਂ ਵਿਚ ਆਏ ਤੇ ਫਿਰ ਉਨ੍ਹਾਂ ਦਾ ਜੋ ਹਸ਼ਰ ਹੋਇਆ ਸੀ, ਉਸ ਦਾ ਸਭ ਨੂੰ ਪਤਾ ਹੈ। ਅਜੇ ਪਿੱਛੇ ਜਿਹੇ ਮੁੰਬਈ ਦੀਆਂ ਦੋ ਕੁੜੀਆਂ ਨੂੰ ਇਸ ਗੱਲ ਲਈ ਅੱਧੀ ਰਾਤ ਗ੍ਰਿਫਤਾਰ ਕਰ ਲਿਆ ਗਿਆ ਕਿ ਉਨ੍ਹਾਂ ਵਿਚੋਂ ਇੱਕ ਕੁੜੀ ਨੇ ਬਾਲ ਠਾਕਰੇ ਦੀ ਮੌਤ ਉਤੇ ਮੁੰਬਈ ਬੰਦ ਕਰਨ ਦਾ ਵਿਰੋਧ ਕੀਤਾ ਤੇ ਦੂਸਰੀ ਨੇ ਫੇਸਬੁੱਕ ਉਤੇ ਇਸ ਗੱਲ ਦੀ ਹਾਮੀ ਭਰ ਦਿੱਤੀ ਸੀ। ਇਸ ਸਾਧਾਰਨ ਗੱਲ ਨੂੰ ਲੈ ਕੇ ਸ਼ਿਵ ਸੈਨਾ ਨੇ ਜਿਹੜਾ ਹੰਗਾਮਾ ਕੀਤਾ ਤੇ ਜਿਵੇਂ ਇਸ ਹੰਗਾਮੇ ਤੋਂ ਬਾਅਦ ਪੁਲਿਸ ਵਾਲੇ ਅੱਧੀ ਰਾਤ ਕਾਰਵਾਈ ਕਰਨ ਤੁਰ ਪਏ, ਉਸ ਨੂੰ ਦੇਸ਼ ਦੇ ਅਦਾਲਤੀ ਪ੍ਰਬੰਧ ਨੇ ਮਾਨਤਾ ਨਹੀਂ ਸੀ ਦਿੱਤੀ।
ਬਦਕਿਸਮਤੀ ਭਾਰਤ ਦੇਸ਼ ਦੀ ਹੈ ਕਿ ਇਥੇ ਕੁਝ ਆਪੇ ਬਣੇ ਸਮਾਜ ਦੀਆਂ ਰਵਾਇਤਾਂ ਦੇ ਠੇਕੇਦਾਰ ਦੂਸਰਿਆਂ ਨੂੰ ਆਪਣੀ ਗੱਲ ਧੌਂਸ ਨਾਲ ਮਨਵਾਉਣੀ ਚਾਹੁੰਦੇ ਹਨ। ਬਾਲ ਠਾਕਰੇ ਦੇ ਮਰਨ ਉਤੇ ਦੋ ਕੁੜੀਆਂ ਦੀ ਟਿਪਣੀ ਇੱਕ ਕੇਸ ਦਾ ਆਧਾਰ ਬਣ ਗਈ, ਪਰ ਆਪ ਉਸ ਨੇ ਜਿਉਂਦੇ ਜੀਅ ਇੱਕ ਕਾਰਟੂਨਿਸਟ ਦੇ ਤੌਰ ਉਤੇ ਅਤੇ ਅਖਬਾਰ ਦੇ ਸੰਪਾਦਕ ਦੇ ਤੌਰ ‘ਤੇ ਕਈ ਲੋਕਾਂ ਦੇ ਵਿਰੁਧ ਮਰਿਆਦਾ ਤੋਂ ਊਣੀਆਂ-ਪੌਣੀਆਂ ਟਿਪਣੀਆਂ ਕੀਤੀਆਂ ਹੋਈਆਂ ਸਨ। ਉਸ ਦੇ ਬਾਲਕੇ ਹੀ ਨਹੀਂ, ਉਨ੍ਹਾਂ ਵਰਗੇ ਕੁਝ ਹੋਰ ਲੋਕ ਵੀ ਕਈ ਵਾਰ ਇੱਕ ਜਾਂ ਦੂਸਰੀ ਥਾਂ ਜਾ ਕੇ ਸੱਭਿਆਚਾਰਕ ਥਾਣੇਦਾਰੀ ਕਰਦੇ ਹੋਏ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਇਸ ਲਈ ਸ਼ਰਮਿੰਦੇ ਕਰਦੇ ਹਨ ਕਿ ਉਹ ਕਿਸੇ ਗੈਰ-ਮਰਦ ਦੇ ਨਾਲ ਫਿਰਦੀਆਂ ਹਨ। ਮੌਕਾ ਮਿਲ ਜਾਵੇ ਤਾਂ ਉਹ ਖੁਦ ਵੀ ਇਹੋ ਕੁਝ ਕਰ ਲੈਂਦੇ ਹਨ। ਬੰਗਲੌਰ ਵਿਚ ਵੈਲੇਨਟਾਈਨ ਡੇਅ ਮੌਕੇ ਕਾਰਡਾਂ ਦੀਆਂ ਦੁਕਾਨਾਂ ਤੋੜਨ ਤੇ ਬਾਗਾਂ ਜਾਂ ਪਾਰਕਾਂ ਵਿਚ ਬੈਠੇ ਮੁੰਡੇ-ਕੁੜੀਆਂ ਨੂੰ ਕੁਟਾਪਾ ਚਾੜ੍ਹਨ ਵਾਲੀ ਧਾੜ ਦਾ ਇਕ ਲੀਡਰ ਕੁਝ ਸਮਾਂ ਪਿੱਛੋਂ ਖੁਦ ਇੱਕ ਪਰਾਈ ਔਰਤ ਨਾਲ ਫੜਿਆ ਗਿਆ ਸੀ। ਇਹ ਵਿਰੋਧ ਸ਼ਾਇਦ ਇਸ ਭਾਵਨਾ ਹੇਠ ਕੀਤਾ ਜਾਂਦਾ ਹੋਵੇ ਕਿ ਕਿਸੇ ਕੁੜੀ ਨਾਲ ਕੋਈ ਹੋਰ ਮੁੰਡਾ ਕਿਉਂ ਬੈਠਾ ਹੈ, ਇਹ ਮੌਕਾ ਮੈਨੂੰ ਕਿਉਂ ਨਹੀਂ ਮਿਲ ਗਿਆ? ਏਦਾਂ ਦੇ ਲੋਕ ਇਹੋ ਜਿਹੇ ਮੌਕੇ ਲੱਭ ਕੇ ਜਾਂ ਪੈਦਾ ਕਰ ਕੇ ਪੰਜਾਬ ਵਿਚ ਪਾਕਿਸਤਾਨ ਨੂੰ ਜਾਂਦੀ ਬੱਸ ਨੂੰ ਵੱਟੇ ਮਾਰਨ ਵਾਲੇ ਟੋਲੇ ਵਾਂਗ ਮੀਡੀਏ ਵਿਚ ਆਉਣ ਦਾ ਬਹਾਨਾ ਭਾਲਦੇ ਰਹਿੰਦੇ ਹਨ।
ਸਾਡੇ ਸਮਾਜ ਨੇ ਇਸ ਤੋਂ ਪਹਿਲਾਂ ਕਈ ਵਾਰੀ ਵਿਚਾਰਾਂ ਦੇ ਪ੍ਰਗਟਾਵੇ ਦੇ ਕਾਰਨ ਨਮੋਸ਼ੀ ਝੱਲੀ ਹੈ। ਕੁਝ ਦਿਨ ਪਹਿਲਾਂ ਪ੍ਰਸਿੱਧ ਕਲਾਕਾਰ ਸ਼ਾਹਰੁਖ ਖਾਨ ਨੇ ਇੱਕ ਅਖਬਾਰ ਵਿਚ ਇੱਕ ਲੇਖ ਲਿਖਿਆ ਕਿ ਉਸ ਦੇ ਨਾਂ ਦੇ ਪਿੱਛੇ ਖਾਨ ਲੱਗਾ ਹੋਣ ਕਾਰਨ ਕਈ ਲੋਕ ਉਸ ਦੇ ਵਿਰੁਧ ਮੁਜ਼ਾਹਰੇ ਕਰਦੇ ਹਨ। ਉਸ ਨੇ ਇਹ ਗੱਲ ਠੀਕ ਆਖੀ ਹੈ। ਬੀਤੇ ਸਾਲ ਜਦੋਂ ਕ੍ਰਿਕਟ ਦੀ ਆਈ ਪੀ ਐਲ ਲੜੀ ਲਈ ਦੋਵਾਂ ਦੇਸ਼ਾਂ ਵਿਚਾਲੇ ਤਣਾਓ ਕਾਰਨ ਪਾਕਿਸਤਾਨੀ ਖਿਡਾਰੀ ਸ਼ਾਮਲ ਨਾ ਕਰਨ ਦਾ ਫੈਸਲਾ ਲਿਆ ਗਿਆ ਤਾਂ ਸ਼ਾਹਰੁਖ ਨੇ ਕਿਹਾ ਸੀ ਕਿ ਖਿਡਾਰੀਆਂ ਨੂੰ ਤਣਾਓ ਤੋਂ ਵੱਖਰੇ ਰੱਖ ਕੇ ਉਨ੍ਹਾਂ ਨੂੰ ਖੇਡਣ ਲਈ ਆਉਣ ਦੇਣਾ ਚਾਹੀਦਾ ਹੈ। ਇਹ ਗੱਲ ਕ੍ਰਿਕਟ ਬੋਰਡ ਦੇ ਕੁਝ ਹਿੰਦੂ ਅਹੁਦੇਦਾਰਾਂ ਵੀ ਆਖੀ, ਪਰ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਗਿਆ ਤੇ ਸ਼ਾਹਰੁਖ ਦੇ ਕਾਰਟੂਨ ਬਣਾ ਕੇ ਉਸ ਨੂੰ ਇਹ ਕਿਹਾ ਗਿਆ ਕਿ ਪਾਕਿਸਤਾਨ ਚਲਾ ਜਾਵੇ। ਆਪਣੇ ਦਿਲ ਦਾ ਦਰਦ ਬਿਆਨ ਕਰਨ ਲਈ ਸ਼ਾਹਰੁਖ ਖਾਨ ਨੇ ਲੇਖ ਵਿਚ ਇਹ ਗੱਲ ਲਿਖਣ ਵੇਲੇ ਇਹ ਵੀ ਦੱਸਿਆ ਕਿ ਉਸ ਦੇ ਬਾਪ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਪਾਇਆ ਹੈ ਤੇ ਭਾਰਤ ਤੋਂ ਵੱਖਰੇ ਹੋਣ ਬਾਰੇ ਉਹ ਸੋਚ ਵੀ ਨਹੀਂ ਸਕਦਾ, ਪਰ ਉਸ ਦੇ ਇਨ੍ਹਾਂ ਸਪੱਸ਼ਟ ਵਿਚਾਰਾਂ ਦਾ ਵੀ ਵਿਰੋਧ ਕੀਤਾ ਗਿਆ।
ਸਲਮਾਨ ਰਸ਼ਦੀ ਦੁਨੀਆਂ ਭਰ ਵਿਚ ਮੁਸਲਿਮ ਸਮਾਜ ਵਿਚਲੇ ਕੱਟੜਪੰਥੀਆਂ ਨੂੰ ਬੁਰਾ ਲੱਗਦਾ ਹੈ, ਬੰਗਲਾ ਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਵੀ ਉਨ੍ਹਾਂ ਨੂੰ ਬੁਰੀ ਲੱਗਦੀ ਹੈ, ਪਰ ਭਾਰਤ ਵਿਚ ਉਨ੍ਹਾਂ ਦੋਵਾਂ ਦੇ ਪੱਖ ਵਿਚ ਹਵਾ ਬਣਾਉਣ ਲਈ ਜਿਹੜੇ ਲੋਕ ਤਿਆਰ ਹੁੰਦੇ ਹਨ, ਉਹ ਕੁਝ ਹੋਰ ਗੱਲਾਂ ਬਾਰੇ ਚੁੱਪ ਹੋ ਜਾਂਦੇ ਹਨ। ਵਿਭੂਤੀ ਨਾਰਾਇਣ ਰਾਏ ਨਾਂ ਦਾ ਇੱਕ ਪੁਲਿਸ ਅਫਸਰ ਹੈ, ਜਿਸ ਨੇ ਇੱਕ ਨਾਵਲ ‘ਕਰਫਿਊ’ ਲਿਖਿਆ ਸੀ, ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਭਾਰਤ ਵਿਚ ਘੱਟ-ਗਿਣਤੀਆਂ ਵੱਲ ਪ੍ਰਸ਼ਾਸਨ ਤੇ ਪੁਲਿਸ ਵਿਚਲੇ ਲੋਕਾਂ ਦਾ ਵਿਹਾਰ ਅਣ-ਸੁਖਾਵਾਂ ਹੁੰਦਾ ਜਾਂਦਾ ਹੈ। ਜਦੋਂ ਹਿੰਦੂ ਕੱਟੜਪੰਥੀਏ ਉਸ ਲੇਖਕ ਦੇ ਪਿੱਛੇ ਪੈ ਗਏ ਤਾਂ ਸਲਮਾਨ ਰਸ਼ਦੀ ਜਾਂ ਤਸਲੀਮਾ ਨਸਰੀਨ ਦੀ ਹਮਾਇਤ ਕਰਨ ਵਾਲੇ ਓਦੋਂ ਵਿਭੂਤੀ ਨਾਰਾਇਣ ਦੇ ਪੱਖ ਵਿਚ ਨਹੀਂ ਸਨ ਬੋਲੇ। ਜੇ ਸਲਮਾਨ ਰਸ਼ਦੀ ਤੇ ਤਸਲੀਮਾ ਨੇ ਆਪਣੇ ਧਰਮ ਦੇ ਅੰਦਰ ਦਾ ਸੱਚ ਬਾਹਰ ਲਿਆ ਕੇ ਠੀਕ ਕੀਤਾ ਸੀ ਤਾਂ ਵਿਭੂਤੀ ਨੇ ਵੀ ਇਹੋ ਕੁਝ ਬਾਹਰ ਕੱਢਿਆ ਸੀ, ਉਸ ਦੀ ਵਾਰੀ ਚੁੱਪ ਰਹਿਣਾ ਸੋਚ ਦੀ ਤੱਕੜੀ ਵਿਚ ਪਾਸਕੂ ਹੋਣ ਦੀ ਨਿਸ਼ਾਨੀ ਸੀ। ਇਹ ਪਾਸਕੂ ਭਾਰਤੀ ਸਮਾਜ ਦੇ ਸਾਰੇ ਪੱਖਾਂ ਵਿਚ ਵੇਖਣ ਨੂੰ ਮਿਲ ਜਾਂਦਾ ਹੈ, ਪਰ ਅਸੀਂ ਉਸ ਦਾ ਇੱਕ-ਸਾਰ ਵਿਰੋਧ ਨਹੀਂ ਕਰਦੇ, ਇਹ ਵੇਖਦੇ ਹਾਂ ਕਿ ਇਸ ਤਰ੍ਹਾਂ ਦੇ ਵਿਰੋਧ ਨਾਲ ਕਿਧਰੇ ਸਾਡੇ ‘ਆਪਣੇ’ ਨਾਰਾਜ਼ ਨਾ ਹੋ ਜਾਣ। ਜਦੋਂ ਤੱਕ ਅਸੀਂ ਸੋਚ ਨੂੰ ‘ਆਪਣੇ’ ਅਤੇ ‘ਪਰਾਏ’ ਨਾਲ ਤੋਲਣ ਦੇ ਪੈਂਤੜੇ ਲੈਂਦੇ ਰਹਾਂਗੇ, ਇਹ ਵਰਤਾਰਾ ਸਾਡੇ ਸਮਾਜ ਦਾ ਅੰਗ ਬਣਿਆ ਰਹੇਗਾ।

Be the first to comment

Leave a Reply

Your email address will not be published.