ਚੰਡੀਗੜ੍ਹ: ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਵੱਲੋਂ ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ‘ਤੇ ਕੀਤੇ ਹਮਲੇ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸਭ ਅੱਛਾ ਨਹੀਂ। ਇਨ੍ਹਾਂ ਗੈਂਗਸਟਰ ਕੈਦੀਆਂ ਨੇ ਨਾ ਸਿਰਫ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਨਾਲ, ਬਲਕਿ ਬਾਹਰੋਂ ਮੰਗਵਾਈ ਪੁਲਿਸ ਨਾਲ ਵੀ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ।
ਗੈਸ ਸਿਲੰਡਰ ਨਾਲ ਧਮਾਕਾ ਕਰਨ ਅਤੇ ਉਨ੍ਹਾਂ ਖਿਲਾਫ਼ ਸਖਤੀ ਵਰਤਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਿਸ ਅਤੇ ਜੇਲ੍ਹ ਵਿਭਾਗ ਨੂੰ ਇਸ ਸਾਰੇ ਮਾਮਲੇ ਨੂੰ ਸ਼ਾਂਤ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇਸ ਸਾਰੇ ਘਟਨਾਕ੍ਰਮ ਨੇ ਪਿਛਲੇ 10 ਸਾਲਾਂ ਦੌਰਾਨ ਸੂਬੇ ਦੀਆਂ ਜੇਲ੍ਹਾਂ ਅੰਦਰ ਬਣੇ ਖਤਰਨਾਕ ਮਾਹੌਲ, ਰਸੂਖਵਾਨ ਕੈਦੀਆਂ ਦੇ ਰੋਅਬ, ਨਸ਼ਿਆਂ, ਹਥਿਆਰਾਂ ਅਤੇ ਮੋਬਾਇਲ ਫੋਨਾਂ ਦੀ ਮੌਜੂਦਗੀ ਦਾ ਕੌੜਾ ਸੱਚ ਜਨਤਕ ਕਰ ਦਿੱਤਾ ਹੈ।
ਸੂਬੇ ਦੀਆਂ ਜੇਲ੍ਹਾਂ ਅੰਦਰਲੀ ਬਦਤਰ ਸਥਿਤੀ ਦਾ ਪ੍ਰਗਟਾਵਾ ਕਰਨ ਵਾਲੀ ਇਹ ਪਹਿਲੀ ਘਟਨਾ ਨਹੀਂ ਬਲਕਿ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੀਆਂ ਦਰਜਨਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ ਸਾਲ ਨਵੰਬਰ ਮਹੀਨੇ ਵਿਸ਼ੇਸ਼ ਸਖਤ ਸੁਰੱਖਿਆ ਪ੍ਰਬੰਧਾਂ ਵਾਲੀ ਨਾਭਾ ਜੇਲ੍ਹ ਵਿਚੋਂ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਦੋ ਖਾੜਕੂਆਂ ਸਮੇਤ ਆਪਣੇ ਚਾਰ ਗੈਂਗਸਟਰ ਸਾਥੀ ਭਜਾਉਣ ਦੀ ਘਟਨਾ ਵਾਪਰੀ ਸੀ। ਉਦੋਂ ਭਾਵੇਂ ਸਰਕਾਰ ਨੇ ਜੇਲ੍ਹ ਦੇ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਬਰਖਾਸਤ ਕਰਨ ਦੇ ਨਾਲ-ਨਾਲ ਜੇਲ੍ਹ ਵਿਭਾਗ ਦੇ ਮੁਖੀ ਨੂੰ ਵੀ ਮੁਅੱਤਲ ਕਰ ਦਿੱਤਾ ਸੀ, ਪਰ ਹਾਲੇ ਵੀ ਉਨ੍ਹਾਂ ਫਰਾਰ ਗੈਂਗਸਟਰਾਂ ਵਿਚੋਂ ਦੋ ਦੀ ਗ੍ਰਿਫਤਾਰੀ ਨਾ ਹੋਣੀ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਰਹੀ ਹੈ। ਇੰਨਾ ਹੀ ਨਹੀਂ, ਪਿਛਲੇ ਡੇਢ ਸਾਲ ਦੌਰਾਨ ਦਰਜਨਾਂ ਗੈਂਗਸਟਰ ਪੁਲਿਸ ਹਿਰਾਸਤ ਵਿਚੋਂ ਭੱਜਣ ਵਿਚ ਸਫਲ ਹੋ ਚੁੱਕੇ ਹਨ।
ਰਸੂਖਵਾਨਾਂ ਦੀ ਮਿਲੀਭੁਗਤ ਕਾਰਨ ਹੀ ਜੇਲ੍ਹਾਂ ਵਿਚ ਇਨ੍ਹਾਂ ਅਪਰਾਧੀਆਂ ਨੂੰ ਮੋਬਾਈਲ ਫੋਨ, ਨਸ਼ੇ ਅਤੇ ਹੋਰ ਸੁੱਖ ਸਹੂਲਤਾਂ ਮਿਲਦੀਆਂ ਰਹੀਆਂ। ਹੋਰ ਤਾਂ ਹੋਰ, ਇਹ ਅਪਰਾਧੀ ਤੱਤ ਜੇਲ੍ਹਾਂ ਵਿਚੋਂ ਹੀ ਆਪਣਾ ਕਾਰੋਬਾਰ ਵੀ ਚਲਾਉਂਦੇ ਰਹੇ।