ਕੈਪਟਨ ਸਰਕਾਰ ਵੀ ਸਿਆਸੀ ਲਿਹਾਜ਼ਦਾਰੀਆਂ ਪੁਗਾਉਣ ਦੇ ਰਾਹ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਹੁੰ ਚੁੱਕ ਸਮਾਗਮ ਨੂੰ ਸਾਦਾ ਰੱਖ ਕੇ ਸਰਕਾਰੀ ਫਜ਼ੂਲ ਖਰਚਿਆਂ ‘ਚ ਕਮੀ ਲਿਆਉਣ ਦਾ ਐਲਾਨ ਕੀਤਾ ਸੀ, ਪਰ ਉਸ ਤੋਂ ਤੁਰਤ ਬਾਅਦ ਜਿਸ ਢੰਗ ਨਾਲ ਉਨ੍ਹਾਂ ਸਰਕਾਰੀ ਖਜ਼ਾਨੇ ਰਾਹੀਂ ਆਪਣੇ ਪੁਰਾਣੇ ਸਿਆਸੀ ਸਮਰਥਕਾਂ ਤੇ ਸ਼ੁੱਭਚਿੰਤਕਾਂ ਨੂੰ ਮੁੱਖ ਮੰਤਰੀ ਸਕੱਤਰੇਤ ‘ਚ ਵਿਸ਼ੇਸ਼ ਅਹੁਦਿਆਂ ਨਾਲ ਨਿਵਾਜਣਾ ਸ਼ੁਰੂ ਕੀਤਾ ਹੈ, ਉਸ ਨੇ ਕਾਂਗਰਸ ਸਰਕਾਰ ਦੀ ਕਥਨੀ ਤੇ ਕਰਨੀ ‘ਤੇ ਵੱਡਾ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ।

ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਸਕੱਤਰੇਤ ‘ਚ 15 ਗੈਰ-ਸਰਕਾਰੀ ਵਿਅਕਤੀਆਂ ਨੂੰ ਅਹਿਮ ਨਿਯੁਕਤੀਆਂ ਦਿੱਤੀਆਂ, ਜਦੋਂਕਿ ਕੁਝ ਹੋਰ ਨਿਯੁਕਤੀਆਂ ਲਈ ਅਜੇ ਪ੍ਰਕਿਰਿਆ ਜਾਰੀ ਹੈ। ਹਾਲਾਂਕਿ ਮੁੱਖ ਮੰਤਰੀ ਨਾਲ ਸਰਕਾਰੀ ਤੌਰ ‘ਤੇ ਵੀ ਪ੍ਰਮੁੱਖ ਸਕੱਤਰ, ਵਿਸ਼ੇਸ਼ ਪ੍ਰਮੁੱਖ ਸਕੱਤਰ, ਡਿਪਟੀ ਪ੍ਰਮੁੱਖ ਸਕੱਤਰ, 2 ਪੀæਸੀæਐਸ਼ ਅਧਿਕਾਰੀ ਓæਐਸ਼ਡੀæ ਵਜੋਂ ਨਿਯੁਕਤ ਕੀਤੇ ਗਏ ਹਨ ਅਤੇ ਇਕ ਡੀæਆਈæਜੀæ ਤੇ 3-4 ਐਸ਼ਪੀæ ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਡਾਕਟਰਾਂ ਦੀ ਟੀਮ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਐਡੀਸ਼ਨਲ ਡਾਇਰੈਕਟਰ ਦੀ ਅਗਵਾਈ ‘ਚ ਅਫਸਰਾਂ ਦੀ ਇਕ ਟੀਮ ਨਿਯੁਕਤ ਹੈ। ਨਵੇਂ ਨਿਯੁਕਤ ਕੀਤੇ ਗੈਰ-ਸਰਕਾਰੀ ਵਿਅਕਤੀਆਂ ‘ਚ 4 ਸਲਾਹਕਾਰਾਂ ਵਿਚੋਂ ਮੁੱਖ ਮੰਤਰੀ ਦੇ ਫੌਜ ਵਿਚ ਭਰਤੀ ਹੋਣ ਮੌਕੇ ਬੈਚ ਦੇ ਸਾਥੀ ਤੇ ਪੁਰਾਣੇ ਦੋਸਤ ਜਨਰਲ ਟੀæਐਸ਼ ਸ਼ੇਰਗਿੱਲ ਨੂੰ ਕੈਬਨਿਟ ਦਾ ਦਰਜਾ ਦਿੱਤਾ ਗਿਆ ਹੈ, ਜਦੋਂਕਿ ਭਰਤ ਇੰਦਰ ਸਿੰਘ ਚਾਹਲ ਅਤੇ ਰਵੀਨ ਠੁਕਰਾਲ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਖੂਬੀ ਰਾਮ ਨੂੰ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤੀ ਦਿੱਤੀ ਗਈ ਹੈ।
ਇਕ ਸੇਵਾਮੁਕਤ ਅਧਿਕਾਰੀ ਨੂੰ ਕੌਮੀ ਕੈਬਨਿਟ ਸਕੱਤਰ ਦੇ ਰੈਂਕ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਤੇ ਇਕ ਸੇਵਾਮੁਕਤ ਪੀæਸੀæ ਐਸ਼ ਅਧਿਕਾਰੀ ਨੂੰ ਮੁੱਖ ਮੰਤਰੀ ਦਾ ਸਕੱਤਰ ਅਤੇ ਇਕ ਸਾਬਕਾ ਪੱਤਰਕਾਰ ਨੂੰ ਮੁੱਖ ਮੰਤਰੀ ਦਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਉਨ੍ਹਾਂ ਨਾਲ ਅੱਜ 5 ਗੈਰ-ਸਰਕਾਰੀ ਵਿਅਕਤੀਆਂ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਜਗਦੀਪ ਸਿੰਘ ਸਿੱਧੂ, ਸੰਦੀਪ ਸਿੰਘ ਬਰਾੜ, ਦਮਨਜੀਤ ਸਿੰਘ ਮੋਹੀ ਅਤੇ ਅੰਕਤ ਬਾਂਸਲ ਨੂੰ ਓæਐਸ਼ਡੀæ ਵਜੋਂ ਨਿਯੁਕਤ ਕੀਤਾ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਵੱਲੋਂ ਸਲਾਹਕਾਰਾਂ ਲਈ ਤਨਖਾਹ 50 ਹਜ਼ਾਰ ਰੁਪਏ ਮਹੀਨਾ ਰੱਖੀ ਹੋਈ ਸੀ, ਜਦੋਂਕਿ ਮੌਜੂਦਾ ਸਰਕਾਰ ਵੱਲੋਂ ਨਿਯੁਕਤ ਕੀਤੇ ਵਿਅਕਤੀਆਂ ਲਈ ਸੇਵਾ ਸ਼ਰਤਾਂ ਨੂੰ ਅਜੇ ਐਲਾਨਿਆ ਜਾਣਾ ਹੈ, ਪਰ ਸਰਕਾਰੀ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਨ੍ਹਾਂ ਸਾਰੇ ਨਿਯੁਕਤ ਕੀਤੇ ਗਏ ਗ਼ੈਰ-ਸਰਕਾਰੀ ਵਿਅਕਤੀਆਂ ਦੀਆਂ ਤਨਖਾਹਾਂ, ਰਿਹਾਇਸ਼ਾਂ, ਸਹਾਇਕ ਸਟਾਫ, ਸੁਰੱਖਿਆ ਅਮਲੇ, ਕਾਰਾਂ ਤੇ ਤੇਲ ਆਦਿ ਤੋਂ ਇਲਾਵਾ ਟੀæਏæ ਡੀæਏæ ਤੇ ਰਾਜ ਸਰਕਾਰ ਨੂੰ ਸਾਲਾਨਾ ਕੋਈ 10 ਤੋਂ 15 ਕਰੋੜ ਰੁਪਏ ਖਰਚਣੇ ਪੈਣਗੇ, ਜਦੋਂਕਿ ਰਾਜ ਦਾ ਖਜ਼ਾਨਾ ਪਹਿਲਾਂ ਹੀ ਵੱਡੇ ਦਬਾਅ ਹੇਠ ਹੈ ਅਤੇ ਸਰਕਾਰ ਲਈ ਜ਼ਰੂਰੀ ਖਰਚਿਆਂ ਲਈ ਅਦਾਇਗੀਆਂ ਕਰਨੀਆਂ ਮੁਸ਼ਕਲ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਦੀ ਸਲਾਹ ‘ਤੇ ਰਾਜ ਦੇ ਮੁੱਖ ਸਕੱਤਰ ਵੱਲੋਂ ਮੰਤਰੀਆਂ ਨੂੰ ਕੋਠੀਆਂ ਦੀ ਅਲਾਟਮੈਂਟ ਸਬੰਧੀ ਜੋ ਹੁਕਮ ਜਾਰੀ ਕੀਤੇ ਗਏ ਹਨ, ਉਸ ਅਨੁਸਾਰ ਮੁੱਖ ਮੰਤਰੀ ਨੂੰ ਮੰਤਰੀਆਂ ਵਾਲੀਆਂ 4 ਕੋਠੀਆਂ ਅਲਾਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਕੋਠੀਆਂ ਤੋਂ ਇਲਾਵਾ ਉਨ੍ਹਾਂ ਦੇ ਮਗਰਲੇ ਪਾਸੇ ਵਾਲੀਆਂ 2 ਮੰਤਰੀਆਂ ਦੀਆਂ ਕੋਠੀਆਂ ਵੀ ਸ਼ਾਮਲ ਹਨ। ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਦੀਆਂ ਕੋਠੀਆਂ ਕੋਈ 3 ਏਕੜ ਜਗ੍ਹਾ ਵਿਚ ਹਨ ਜਦੋਂਕਿ ਮਗਰਲੇ ਪਾਸੇ ਵਾਲੀਆਂ 2 ਕੋਠੀਆਂ ਵੀ ਕੋਈ ਡੇਢ ਏਕੜ ਜਗ੍ਹਾ ਵਿਚ ਹਨ।
______________________________________________________
ਸੰਸਦੀ ਸਕੱਤਰਾਂ ਦੀ ਫੌਜ ਰੱਖਣ ਦੀ ਤਿਆਰੀ
ਚੰਡੀਗੜ੍ਹ: ਕਾਂਗਰਸ ਸਰਕਾਰ ਹੁਣ ਆਪਣੇ ਰਹਿੰਦੇ ਲੀਡਰਾਂ ਨੂੰ ਸੰਸਦੀ ਸਕੱਤਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਛੇਤੀ ਹੀ ਸੰਸਦੀ ਸਕੱਤਰਾਂ ਦੀ ਨਿਯੁਕਤੀ ਬਾਰੇ ਕਾਨੂੰਨ ਲਿਆਵੇਗੀ ਤੇ ਇਨ੍ਹਾਂ ਸੰਸਦੀ ਸਕੱਤਰਾਂ ਨੂੰ ਵੱਖ-ਵੱਖ ਮੰਤਰੀਆਂ ਨਾਲ ਲਾਇਆ ਜਾਵੇਗਾ। ਕੈਪਟਨ ਨੇ ਇਹ ਦਾਅਵਾ ਇਕ ਟੀæਵੀæ ਇੰਟਰਵਿਊ ਦੌਰਾਨ ਕੀਤਾ। ਕਾਬਲੇਗੌਰ ਹੈ ਕਿ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਦਾ ਸਦਾ ਵਿਰੋਧ ਹੁੰਦਾ ਰਿਹਾ ਹੈ। ਸੰਸਦੀ ਸਕੱਤਰਾਂ ਕੋਲ ਕੋਈ ਕੰਮ ਨਹੀਂ ਹੁੰਦਾ, ਪਰ ਉਹ ਮੰਤਰੀ ਜਿੰਨੀਆਂ ਹੀ ਸਹੂਲਤਾਂ ਦਾ ਅਨੰਦ ਮਾਣਦੇ ਹਨ। ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸੰਸਦੀ ਸਕੱਤਰਾਂ ਨੂੰ ਮੰਤਰੀਆਂ ਦੀ ਥਾਂ ਅਹੁਦਿਆਂ ਨਾਲ ਨਿਵਾਜ਼ਿਆ ਜਾਂਦਾ ਹੈ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਆਪਣੀਆਂ ਆਖਰੀ ਚੋਣਾਂ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੰਸਦੀ ਸਕੱਤਰਾਂ ਦੀ ਨਿਯੁਕਤੀ ਬਾਰੇ ਸਰਕਾਰ ਬਿੱਲ ਲਿਆਵੇਗੀ। ਇਹ ਸੰਸਦੀ ਸਕੱਤਰ ਮੰਤਰੀਆਂ ਦੇ ਨਾਲ ਕੰਮ ਕਰ ਕੇ ਭਵਿੱਖ ਦੇ ਮੰਤਰੀਆਂ ਵਜੋਂ ਤਿਆਰ ਹੋਣਗੇ।
_____________________________________________________
ਸਲਾਹਕਾਰਾਂ ਦੀ ਗਿਣਤੀ ਪੱਖੋਂ ਬਾਦਲ ਨੂੰ ਵੀ ਮਾਤ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਹੇਤਿਆਂ ਦੀਆਂ ਮੌਜਾਂ ਲਈ ਬਾਦਲਾਂ ਨੂੰ ਵੀ ਮਾਤ ਪਾ ਦਿੱਤੀ ਹੈ। ਕੈਪਟਨ ਅਮਰਿੰਦਰ ਦੇ ਸਿਆਸੀ ਤੇ ਮੀਡੀਆ ਸਲਾਹਕਾਰਾਂ ਦੀ ਫੌਜ ਵਿਚ 13 ਜਰਨੈਲ ਸ਼ਾਮਲ ਹੋ ਚੁੱਕੇ ਹਨ। ਇਹ ਗਿਣਤੀ ਅਜੇ ਹੋਰ ਵਧ ਸਕਦੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਜਿਹੇ ਸਲਾਹਕਾਰਾਂ ਦੀ ਗਿਣਤੀ ਨੌਂ ਹੀ ਸੀ। ਚਰਚਾ ਹੈ ਕਿ ਕੈਪਟਨ ਅਮਰਿੰਦਰ ਵੀ ਬਾਦਲ ਸਰਕਾਰ ਵਾਲੇ ਰਾਹ ਚੱਲ ਪਏ ਹਨ।