ਆਰ ਐਸ ਐਸ ਦੀ ਫਿਰਕੂ ਰੇਲ ਨੇ ਫੜੀ ਰਫਤਾਰ

ਲਖਨਊ: ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਸੱਤਾ ਸੰਭਾਲਦੇ ਹੀ ਆਰæਐਸ਼ਐਸ਼ ਅਤੇ ਭਾਜਪਾ ਦੀ ਫਿਰਕੂ ਮੁਹਿੰਮ ਨੇ ਇਕਦਮ ਜ਼ੋਰ ਫੜ ਲਿਆ ਹੈ। ਆਪਣੀਆਂ ਫਿਰਕੂ ਟਿੱਪਣੀਆਂ ਕਾਰਨ ਚਰਚਾ ਵਿਚ ਰਹਿਣ ਵਾਲੇ ਯੋਗੀ ਅਦਿਤਿਆਨਾਥ ਵੱਲੋਂ ਲਈ ਗਏ ਕੁਝ ਫੈਸਲਿਆਂ ਕਾਰਨ ਘੱਟ ਗਿਣਤੀ ਭਾਈਚਾਰਿਆਂ ਵਿਚ ਸਹਿਮ ਬਣ ਗਿਆ ਹੈ। ਕੁਰਸੀ ਸੰਭਾਲਦਿਆਂ ਹੀ ਯੋਗੀ ਨੇ ਸੂਬੇ ਵਿਚ ਬੁੱਚੜਖਾਨੇ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਦੇ ਇਨ੍ਹਾਂ ਹੁਕਮਾਂ ਪਿੱਛੋਂ ਕਈ ਥਾਈਂ ਮੀਟ ਤੇ ਮੱਛੀ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ। ਇਸ ਤੋਂ ਇਲਾਵਾ ‘ਐਂਟੀ ਰੋਮੀਓ’ ਦੇ ਨਾਂ ਉਤੇ ਪ੍ਰੇਮੀਆਂ ਜੋੜਿਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਯੋਗੀ ਨੇ ਸਕੂਲਾਂ ਦੇ ਅਧਿਆਪਕਾਂ ਲਈ ਵੀ ਨਵੇਂ ਆਦੇਸ਼ ਜਾਰੀ ਕੀਤੇ ਹਨ। ਸਕੂਲਾਂ ਦੇ ਅਧਿਆਪਕ ਡਿਊਟੀ ਸਮੇਂ ਟੀ-ਸ਼ਰਟਾਂ ਨਾ ਪਾਉਣ, ਹਰ ਸਕੂਲ ਵਿਚ ਰੋਜ਼ਾਨਾ ਪ੍ਰਾਰਥਨਾ ਕਰਵਾਉਣ ਤੇ ਮੋਬਾਈਲ ਫੋਨ ਦਾ ਇਸਤੇਮਾਲ ਨਾ ਕਰਨ ਵਾਲੇ ਹੁਕਮਾਂ ਦੀ ਖੂਬ ਚਰਚਾ ਹੋ ਰਹੀ ਹੈ।
ਗਊ ਹੱਤਿਆ ਦੇ ਮਾਮਲੇ ‘ਚ ਮੌਤ ਦੀ ਸਜ਼ਾ ਦੀ ਵਿਵਸਥਾ ਵਾਲਾ ਇਕ ਨਿੱਜੀ ਬਿੱਲ ਵੀ ਰਾਜ ਸਭਾ ‘ਚ ਪੇਸ਼ ਕੀਤਾ ਗਿਆ ਹੈ। ਭਾਜਪਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਦਾ ਅਯੁੱਧਿਆ ਵਿਚ ਰਾਮ ਮੰਦਰ ਉਸਾਰਨ ਦਾ ਸੁਪਨਾ ਅਪਰੈਲ 2018 ਤੋਂ ਬਾਅਦ ਪੂਰਾ ਹੋ ਸਕੇਗਾ। ਪਾਰਟੀ ਨੂੰ ਆਸ ਹੈ ਕਿ ਉਦੋਂ ਤੱਕ ਇਸ ਨੂੰ ਰਾਜ ਸਭਾ ਵਿਚ ਬਹੁਮਤ ਹਾਸਲ ਹੋ ਜਾਵੇਗਾ ਤੇ ਫਿਰ ਇਸ ਲਈ ਮੰਦਰ ਦੀ ਉਸਾਰੀ ਵਾਸਤੇ ਕਾਨੂੰਨ ਬਣਾਉਣ ਵਿਚ ਕੋਈ ਅੜਚਣ ਨਹੀਂ ਆਵੇਗੀ। ਉਧਰ, ਅਯੁੱਧਿਆ ਦੇ ਦਿਗੰਬਰ ਅਖਾੜੇ ਦੇ ਮੁੱਖ ਮਹੰਤ ਸੁਰੇਸ਼ ਦਾਸ ਨੇ ਆਖਿਆ ਕਿ ਰਾਮ ਜਨਮ ਭੂਮੀ ਉਤੇ ਹੁਣ ਮੰਦਰ ਹਰ ਹਾਲਤ ਵਿਚ ਬਣੇਗਾ। ਅਯੁੱਧਿਆ ਵਿਚ ਰਾਮ ਮੰਦਰ ਗੁਜਰਾਤ ਦੇ ਸੋਮਨਾਥ ਮੰਦਰ ਦੀ ਤਰਜ਼ ਉਤੇ ਬਣੇਗਾ।
ਸੁਪਰੀਮ ਕੋਰਟ ਦੇ ਆਪਸੀ ਸਮਝੌਤੇ ਦੇ ਨਿਰਦੇਸ਼ ਦਾ ਸਵਾਗਤ ਕਰਦੇ ਹੋਏ ਮਹੰਤ ਸੁਰੇਸ਼ ਦਾਸ ਨੇ ਆਖਿਆ ਕਿ ਰਾਮ ਜਨਮ ਭੂਮੀ ਉਤੇ ਸਿਰਫ ਰਾਮ ਮੰਦਰ ਦਾ ਨਿਰਮਾਣ ਹੋਵੇਗਾ ਤੇ ਕੋਈ ਮਸਜਿਦ ਨਹੀਂ ਬਣੇਗੀ, ਜੇਕਰ ਦੂਜਾ ਧੜਾ ਨਹੀਂ ਮੰਨਦਾ ਤਾਂ ਦੇਸ਼ ਤੇ ਪ੍ਰਦੇਸ਼ ਵਿਚ ਹੁਣ ਸਾਡੀਆਂ ਸਰਕਾਰਾਂ ਹਨ। ਅਸੀਂ 2018 ਵਿਚ ਸੰਸਦ ਵਿਚ ਕਾਨੂੰਨ ਪਾਸ ਕਰ ਕੇ ਮੰਦਰ ਦਾ ਨਿਰਮਾਣ ਕਰਾਂਗੇ। ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਸਬੰਧਤ ਧਿਰਾਂ ਨੂੰ ਅਦਾਲਤ ਤੋਂ ਬਾਹਰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦਾ ਸੁਝਾਅ ਦਿੱਤਾ ਸੀ, ਪਰ ਪਹਿਲਾਂ ਅਜਿਹੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਕਾਰਨ ਇਸ ਸੁਝਾਅ ਨੂੰ ਮੁਸਲਿਮ ਜਥੇਬੰਦੀਆਂ ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਉਤੇ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਨੀਅਨ ਸਵਾਮੀ ਨੇ ਦੋਸ਼ ਲਾਇਆ ਕਿ ਮੁਸਲਿਮ ਜਥੇਬੰਦੀਆਂ ਰਾਮ ਜਨਮਭੂਮੀ-ਬਾਬਰੀ ਮਸਜਿਦ ਮਸਲੇ ਦੇ ਹੱਲ ਵਿਚ ਅੜਿੱਕੇ ਡਾਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਨੂੰ ਕੋਈ ਭਾਵੇਂ ਕਿੰਨਾ ਵੀ ਲਮਕਾ ਲਵੇ, ਇਸ ਨੂੰ ਟਾਲਣ ਦੀ ‘ਵੱਧ ਤੋਂ ਵੱਧ ਮਿਆਦ’ ਅਪਰੈਲ 2018 ਹੀ ਹੈ।
__________________________________
ਗਾਂ ਨੂੰ ਮਾਂ ਨਾ ਆਖਣ ਵਾਲੇ ਸਾਵਧਾਨ!
ਮਜ਼ੱਫਰਨਗਰ: ‘ਮੈਂ ਵਾਅਦਾ ਕਰਦਾ ਹਾਂ ਕਿ ਜਿਹੜਾ ਵਿਅਕਤੀ ‘ਬੰਦੇ ਮਾਤਰਮ’ ਨਹੀਂ ਕਹੇਗਾ, ਮੈਂ ਉਸ ਦੇ ਹੱਥ ਤੇ ਲੱਤਾਂ ਤੋੜ ਦਿਆਂਗਾ। ਜਿਹੜੇ ਗਊ ਨੂੰ ਮਾਂ ਨਹੀਂ ਮੰਨਣਗੇ ਤੇ ਉਸ ਨਾਲ ਕੋਈ ਵਧੀਕੀ ਕਰਨਗੇ, ਉਨ੍ਹਾਂ ਦਾ ਵੀ ਕਤਲ ਕਰ ਦਿਆਂਗਾ।” ਇਹ ਗੱਲ ਯੂæਪੀæ ਵਿਚ ਭਾਜਪਾ ਦੇ ਵਿਧਾਇਕ ਵਿਕਰਮ ਸੈਣੀ ਨੇ ਕਹੀ ਹੈ। ਸੈਣੀ ਉਹੀ ਭਾਜਪਾ ਲੀਡਰ ਹੈ ਜਿਸ ਨੂੰ ਮਜ਼ੱਫਰ ਨਗਰ ਦੰਗਿਆਂ ਦੇ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਉਤੇ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਸੈਣੀ ਜਦੋਂ ਇਹ ਗੱਲ ਕਹਿ ਰਹੇ ਸਨ ਤਾਂ ਉਸ ਸਮੇਂ ਯੂæਪੀæ ਦੇ ਮੰਤਰੀ ਸੁਰੇਸ਼ ਰਾਣਾ ਵੀ ਹਜ਼ਾਰ ਸਨ। ਦਰਅਸਲ, ਰਾਣਾ ਨੇ ਇਕ ਪ੍ਰੋਗਰਾਮ ਰੱਖਿਆ ਸੀ ਜਿਸ ‘ਚ ਸੈਣੀ ਸ਼ਿਰਕਤ ਕਰਨ ਪੁੱਜੇ ਸਨ। ਸੈਣੀ ਨੇ ਕਿਹਾ, ‘ਅਸੀਂ ਜੋ ਕਿਹਾ, ਉਹ ਕਰਾਂਗੇ ਤੇ ਸਾਡਾ ਹਰ ਕੰਮ ਨੂੰ ਸਾਡੇ ਨੌਜਵਾਨ ਸਿਰੇ ਚੜ੍ਹਾਣਗੇ।’
___________________________________
ਸ਼ਿਵ ਸੈਨਾ ਸੰਸਦ ਮੈਂਬਰ ਗਾਇਕਵਾੜ ਦਾ ਤਾਂਡਵ
ਨਵੀਂ ਦਿੱਲੀ: ਸ਼ਿਵ ਸੈਨਾ ਦੇ ਉਸਮਾਨਾਬਾਦ ਤੋਂ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਸਟਾਫ ਮੈਂਬਰਾਂ ਨਾਲ ਹੋਈ ਤਕਰਾਰ ਦੌਰਾਨ ਬਜ਼ੁਰਗ ਡਿਊਟੀ ਮੈਨੇਜਰ ਨੂੰ ਜੁੱਤੀਆਂ ਨਾਲ ਕੁੱਟਿਆ ਤੇ ਉਸ ਦੇ ਕੱਪੜੇ ਪਾੜ ਦਿੱਤੇ। ਉਂਜ ਇਸ ਤਕਰਾਰ ਦੀ ਵਜ੍ਹਾ ਸੰਸਦ ਮੈਂਬਰ ਨੂੰ ਬਿਜ਼ਨਸ ਕਲਾਸ ਦੀ ਟਿਕਟ ‘ਤੇ ਇਕਾਨਮੀ ਕਲਾਸ ਵਾਲੀ ਫਲਾਈਟ ‘ਤੇ ਸਫਰ ਕਰਨ ਤੋਂ ਰੋਕਣਾ ਸੀ। ਏਅਰਲਾਈਨ ਨੇ ਗਾਇਕਵਾੜ ਖਿਲਾਫ਼ ਪੁਲਿਸ ਰਿਪੋਰਟ ਦਰਜ ਕਰਨ ਦਾ ਫੈਸਲਾ ਕਰਦਿਆਂ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। ਗਾਇਕਵਾੜ ਦੇ ਇਸ ਕਾਰੇ ਪਿੱਛੋਂ ਹਵਾਈ ਕੰਪਨੀਆਂ ਨੇ ਉਸ ਨੂੰ ਬਲੈਕ-ਲਿਸਟ ਕਰ ਦਿੱਤਾ ਹੈ।