ਬਾਦਲ ਵੇਲੇ ਪ੍ਰਾਈਵੇਟ ਟਰਾਂਸਪੋਰਟ ‘ਚ ਹੋਈਆਂ ਬੇਅੰਤ ਬੇਨੇਮੀਆਂ

ਚੰਡੀਗੜ੍ਹ: ਬਾਦਲ ਸਰਕਾਰ ਵੇਲੇ ਨਿੱਜੀ ਟਰਾਂਸਪੋਰਟਰਾਂ ਨੇ ਖੁੱਲ੍ਹ ਕੇ ਮਨਮਾਨੀ ਕੀਤੀ। ਸਰਕਾਰੀ ਮਿਹਰ ਸਦਕਾ ਨਿੱਜੀ ਟਰਾਂਸਪੋਰਟਰਾਂ ਦੀ ਗੁੱਡੀ ਚੜ੍ਹਦੀ ਗਈ ਤੇ ਉਨ੍ਹਾਂ ਨੇ ਸਰਕਾਰੀ ਬੱਸਾਂ ਨੂੰ ਖੁੰਝੇ ਲਾ ਦਿੱਤਾ।

ਰੂਟ ਪਰਮਿਟਾਂ ਵਿਚ ਵਾਧਾ ਕਰ ਕੇ ਚਲਾਈਆਂ ਬੱਸਾਂ ਦੇ ਮਾਲਕ ਜਿਥੇ ਮੋਟੀ ਕਮਾਈ ਕਰ ਕੇ ਮਾਲਾਮਾਲ ਹੋ ਗਏ, ਉਥੇ ਨਾਜਾਇਜ਼ ਚੱਲਦੀਆਂ ਬੱਸਾਂ ਨੇ ਸਰਕਾਰੀ ਖਜ਼ਾਨੇ ਨੂੰ ਵੀ ਰਗੜਾ ਲਾਇਆ ਹੈ। ਇਥੇ ਹੀ ਬੱਸ ਨਹੀਂ ਸੂਬੇ ਅੰਦਰ ਅੰਮ੍ਰਿਤਸਰ-ਪਟਿਆਲਾ ਤੇ ਪਟਿਆਲਾ-ਜਲੰਧਰ ਵਰਗੇ ਕਈ ਰੂਟ ਅਜਿਹੇ ਵੀ ਹਨ ਜਿਥੇ ਬਿਨਾਂ ਪਰਮਿਟਾਂ ਨਿੱਜੀ ਬੱਸਾਂ ਚੱਲ ਰਹੀਆਂ ਹਨ। ਹੋਰ ਤਾਂ ਹੋਰ ਪਟਿਆਲਾ-ਸੁਨਾਮ ਤੇ ਫਿਰੋਜ਼ਪੁਰ ਜਿਹੇ ਕਈ ਮਨੋਪਲੀ ਰੂਟ ਅਜਿਹੇ ਹਨ, ਜਿਨ੍ਹਾਂ ‘ਤੇ ਸਿਰਫ ਸਰਕਾਰੀ ਬੱਸਾਂ ਹੀ ਚੱਲ ਸਕਦੀਆਂ ਹਨ, ਪਰ ਪਿਛਲੇ ਕਈ ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਤੇ ਟਰਾਂਸਪੋਰਟ ਮਹਿਕਮੇ ਦੀ ਮਿਹਰਬਾਨੀ ਸਦਕਾ ਇਨ੍ਹਾਂ ਰੂਟਾਂ ‘ਤੇ ਨਿੱਜੀ ਏæਸੀæ ਅਤੇ ਲਗਜਰੀ ਬੱਸਾਂ ਚਲਾ ਕੇ ਪੰਜਾਬ ਸਰਕਾਰ ਦੀ ਇਸ ਯੋਜਨਾ ਨੂੰ ਢਾਹ ਲਾਉਂਦਿਆਂ ਨਿੱਜੀ ਟਰਾਂਸਪੋਰਟਾਂ ਵੱਲੋਂ ਅੰਨ੍ਹੀ ਕਮਾਈ ਕੀਤੀ ਗਈ। ਸਿਤਮਜ਼ਰੀਫੀ ਇਹ ਹੈ ਕਿ ਨਿੱਜੀ ਟਰਾਂਸਪੋਰਟਰਾਂ ਕੋਲ ਹਰੇਕ ਜ਼ਿਲ੍ਹੇ ‘ਚ ਲਗਜ਼ਰੀ ਤੇ ਮਰਸਡੀਜ਼/ਵਾਲਵੋ ਬੱਸਾਂ ਹਨ, ਉਥੇ ਪੰਜਾਬ ਰੋਡਵੇਜ਼ ਅਤੇ ਪੀæਆਰæਟੀæਸੀæ ਦੇ ਕਈ ਡੀਪੂ ਅਜੇ ਵੀ ਇਨ੍ਹਾਂ ਬੱਸਾਂ ਤੋਂ ਸੱਖਣੇ ਹਨ। ਹੁਣ ਵਿਭਾਗ ਪੰਜਾਬ ਨੇ ਨਿੱਜੀ ਟਰਾਂਸਪੋਰਟਰਾਂ ਉਤੇ ਸ਼ਿਕੰਜਾ ਕੱਸਦਿਆਂ ਕਰੀਬ 6 ਹਜ਼ਾਰ ਤੋਂ ਵੱਧ ਚੱਲ ਰਹੇ ਨਾਜਾਇਜ਼ ਪਰਮਿਟਾਂ ਨੂੰ ਰੱਦ ਕਰਨ ਦੀ ਵਿਉਂਤਬੰਦੀ ਘੜਦਿਆਂ ਸੂਬੇ ਦੀ ਚਾਰੇ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰæਟੀæਏæ) ਦਫਤਰਾਂ ਤੋਂ ਰਿਪੋਰਟਾਂ ਮੰਗੀਆਂ ਹਨ। ਇਹ ਉਹ ਪਰਮਿਟ ਹਨ ਜੋ ਰਿਵਾਇਤੀ ਸਿਆਸੀ ਪਾਰਟੀਆਂ ਤੇ ਕੁਝ ਦਿਨ ਪਹਿਲਾਂ ਸੇਵਾ-ਮੁਕਤ ਹੋਏ ਟਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਦੀ ਮਿਲੀਭੁਗਤ ਕਾਰਨ ਚਾਰ-ਚਾਰ ਵਾਰੀ ਰੂਟਾਂ ‘ਚ ਵਾਧਾ ਕਰ ਕੇ ਜਾਰੀ ਕੀਤੇ ਗਏ।
ਜਾਣਕਾਰੀ ਮੁਤਾਬਕ ਪੰਜਾਬ ਅੰਦਰ 4 ਰਿਜਨਲ ਟਰਾਂਸਪੋਰਟ ਅਥਾਰਟੀ ਦਫਤਰ ਹਨ ਅਤੇ ਕਰੀਬ 3160 ਨਿੱਜੀ ਪਰਮਿਟਾਂ ‘ਤੇ ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਪਟਿਆਲਾ ਵਿਖੇ ਬਣੇ ਆਰæਟੀæਏæ ਦਫਤਰ ਵਿਚ ਦਰਜ 859 ਨਿੱਜੀ ਪਰਮਿਟ, ਜਲੰਧਰ ਵਿਚ 1376 ਪਰਮਿਟ, ਬਠਿੰਡਾ ‘ਚ ਲਗਭਗ 450 ਪਰਮਿਟ ਤੇ ਫਿਰੋਜ਼ਪੁਰ ਦੇ ਆਰæਟੀæਏæ ਦਫਤਰ ਵਿਚ 472 ਨਿੱਜੀ ਬੱਸਾਂ ਦੇ ਪਰਮਿਟ ਦਰਜ ਹੈ, ਜਿਨ੍ਹਾਂ ‘ਤੇ ਡੱਬਵਾਲੀ ਟਰਾਂਸਪੋਰਟ, ਜੁਝਾਰ ਟਰਾਂਸਪੋਰਟ, ਦੀਪ ਟਰਾਂਸਪੋਰਟ, ਰਾਜ ਟਰਾਂਸਪੋਰਟ, ਕਰਤਾਰ ਟਰਾਂਸਪੋਰਟ, ਪਿਆਰ ਬੱਸ, ਸਰਵਿਸਿਜ਼ ਰੋਹਤਕ ਬੱਸ ਸਰਵਿਸਿਜ਼ ਆਦਿ ਵੱਡੇ-ਵੱਡੇ ਟਰਾਂਸਪੋਰਟਰਾਂ ਦਾ ਕਬਜ਼ਾ ਹੈ। ਟਰਾਂਸਪੋਰਟ ਵਿਭਾਗ ਦੇ ਨਿਯਮਾਂ ਮੁਤਾਬਕ ਇਕ ਪਰਮਿਟ ‘ਤੇ 24 ਕਿੱਲੋਮੀਟਰ ਦਾ ਸਿਰਫ ਇਕ ਵਾਰੀ ਵਾਧਾ ਕੀਤਾ ਜਾ ਸਕਦਾ ਹੈ, ਜਿਸ ਦੀ ਵਿਭਾਗ 2500 ਰੁਪਏ ਪ੍ਰਤੀ ਕਿਲੋਮੀਟਰ ਫੀਸ ਲੈਂਦਾ ਹੈ, ਪਰ ਸੂਬੇ ਅੰਦਰ ਕਈ ਟਰਾਂਸਪੋਰਟ ਅਜਿਹੇ ਹਨ, ਜਿਨ੍ਹਾਂ ਨੇ ਰੂਟਾਂ ‘ਤੇ ਨਾਜਾਇਜ਼ ਕਬਜ਼ਾ ਕਰਦਿਆਂ ਇਕ ਪਰਮਿਟ ਉਤੇ ਚਾਰ-ਚਾਰ ਵਾਰ ਵਾਧਾ ਕੀਤਾ ਹੋਇਆ ਹੈ। ਭਾਵ ਇਕ ਰੂਟ ‘ਤੇ 100-100 ਕਿਲੋਮੀਟਰ ਤੱਕ ਰੂਟ ਪਰਮਿਟ ‘ਚ ਵਾਧਾ ਕਰ ਕੇ ਨਾਜਾਇਜ਼ ਬੱਸਾਂ ਚਲਾਈਆਂ ਜਾ ਰਹੀਆਂ ਹਨ ਤੇ ਕਈਆਂ ਨੇ ਮਿਲੇ ਰੂਟ ਪਰਮਿਟ ਦੇ ਚਾਰ-ਚੁਫੇਰੇ ਵਿਚ ਵਾਧਾ ਕੀਤਾ ਹੋਇਆ ਹੈ ਅਤੇ ਸੂਬੇ ਵਿਚ ਚਾਰ-ਚੁਫੇਰੇ 100-100 ਕਿੱਲੋਮੀਟਰ ਨਾਜਾਇਜ਼ ਰੂਟਾਂ ਉਤੇ ਬੱਸਾਂ ਚਲਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ।
ਪੰਜਾਬ ਰੋਡਵੇਜ਼/ਪਨਬਸ ਅਤੇ ਪੀæਆਰæਟੀæ ਸੀæ ਵਿਭਾਗ ਵੱਲੋਂ ਬਿਹਤਰ ਬੱਸ ਸਫਰ ਦੇਣ ਦੇ ਮਨੋਰਥ ਨਾਲ ਭਾਵੇਂ ਆਮ ਦੇ ਨਾਲ-ਨਾਲ ਏæਸੀæ, ਲਗਜਰੀ, ਵਾਲਵੋ/ਮਰਸਡੀਜ਼ ਬੱਸ ਸੇਵਾ ਵੀ ਸ਼ੁਰੂ ਕੀਤੀ ਹੋਈ ਹੈ, ਪਰ ਲੋਕ ਨਿੱਜੀ ਟਰਾਂਸਪੋਰਟਾਂ, ਲਗਜ਼ਰੀ ਏæਸੀæ ਵਾਲਵੋ ਆਦਿ ਬੱਸਾਂ ਮੁਕਾਬਲੇ ਸਰਕਾਰੀ ਬੱਸਾਂ ‘ਚ ਚੜ੍ਹਣ ਦੀ ਬਜਾਏ ਸਵਾਰੀ ਨਿੱਜੀ ਬੱਸਾਂ ਨੂੰ ਪਹਿਲ ਦੇ ਰਹੇ ਹਨ। ਨਿੱਜੀ ਬੱਸਾਂ ਨੂੰ ਵੱਧ ਸਵਾਰੀ ਪੈਣਾ ਸਰਕਾਰੀ ਅਫਸਰਾਂ ਅਤੇ ਟਰਾਂਸਪੋਰਟਰਾਂ ਦੀ ਮਿਲੀਭੁਗਤ ਵੀ ਦੱਸਿਆ ਜਾ ਰਿਹਾ ਹੈ।
___________________________
ਪੀæਆਰæਟੀæਸੀæ ਦੀ ਮਾੜੀ ਹਾਲਤ
ਚੰਡੀਗੜ੍ਹ: ਸੂਬੇ ਅੰਦਰ ਪੰਜਾਬ ਰੋਡਵੇਜ਼ ਕੋਲ ਪਨਬਸ ਅਤੇ ਰੋਡਵੇਜ਼ ਦੀਆਂ 1834 ਬੱਸਾਂ ਹਨ। ਪੀæਆਰæਟੀæਸੀæ ਵਿਭਾਗ ਕੋਲ 1040 ਤੋਂ ਲੈ ਕੇ 1100 ਦੇ ਕਰੀਬ ਬੱਸਾਂ ਹਨ, ਜਿਨ੍ਹਾਂ ਦੀ ਗਿਣਤੀ ਵਾਧਾ-ਘਟਾ ਕੇ ਰੋਜ਼ਾਨਾ ਚਲਾਇਆ ਜਾ ਰਿਹਾ ਹੈ। ਪੰਜਾਬ ਰੋਡਵੇਜ਼ ਕੋਲ 615 ਦੇ ਕਰੀਬ ਉਹ ਬੱਸਾਂ ਹਨ, ਜੋ ਪਿਛਲੇ 15-20 ਸਾਲਾਂ ਤੋਂ ਸੜਕਾਂ ‘ਤੇ ਦੌੜ ਰਹੀਆਂ ਹਨ, ਜਿਨ੍ਹਾਂ ਦੀ ਹਾਲਤ ਤਰਸਯੋਗ ਹੀ ਨਹੀਂ, ਬਲਕਿ ਖਸਤਾ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬ ਰੋਡਵੇਜ਼ ਵੱਲੋਂ 65 ਪਨਬਸ ਏæਸੀæ ਬੱਸਾਂ ਅਤੇ 40 ਵਾਲਵੋ/ਮਰਸਡੀਜ਼ ਬੱਸਾਂ ਚਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਸੱਚਾਈ ਇਹ ਹੈ ਕਿ ਰੋਡਵੇਜ਼ ਕੋਲ ਏæਸੀæ ਬੱਸਾਂ ਨਾ ਮਾਤਰ ਹੀ ਹਨ। ਹੋਰ ਤਾਂ ਹੋਰ ਪੰਜਾਬ ਰੋਡਵੇਜ਼ ਕੋਲ ਮੋਗਾ ਡੀਪੂ, ਜਗਰਾਉ ਡੀਪੂ, ਤਰਨ ਤਾਰਨ ਤੇ ਪੱਟੀ ਡੀਪੂ ਅਜਿਹੇ ਹਨ, ਜਿਥੇ ਜੁਲਾਈ 2016 ਦੀ ਰਿਪੋਰਟ ਮੁਤਾਬਕ ਏæਸੀæ ਅਤੇ ਵਾਲਵੋ/ਮਰਸਡੀਜ਼ ਬੱਸਾਂ ਦਾ ਨਾ ਨਿਸ਼ਾਨ ਨਹੀਂ ਹੈ। ਇਸ ਦੇ ਨਾਲ ਜਲੰਧਰ-1 ਤੇ ਮੁਕਤਸਰ ‘ਚ ਏæਸੀæ ਬੱਸ, ਜਲੰਧਰ-2, ਸ਼ਹੀਦ ਭਗਤ ਸਿੰਘ ਨਗਰ, ਬਟਾਲਾ, ਪਠਾਨਕੋਟ, ਹੁਸ਼ਿਆਰਪੁਰ, ਫ਼ਿਰੋਜ਼ਪੁਰ ਡੀਪੂ ਦੇ ਵਾਲਵੋ/ਮਰਸਡੀਜ਼ ਬੱਸਾਂ ਹਿੱਸੇ ਹੀ ਨਾ ਆਈਆਂ।