ਹਾਰ ਪਿੱਛੋਂ ਆਮ ਆਦਮੀ ਪਾਰਟੀ ਨੂੰ ਚੇਤੇ ਆਇਆ ਸੰਵਿਧਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿਚ ਹਾਰ ਤੋਂ ਬਾਅਦ ਸੰਵਿਧਾਨ ਚੇਤੇ ਆਉਣਾ ਲੱਗਾ ਹੈ। ‘ਆਪ’ ਦੇ ਸਮੂਹ ਜਿੱਤੇ ਅਤੇ ਹਾਰੇ ਉਮੀਦਵਾਰਾਂ ਦੀ ਹੋਈ ਮੀਟਿੰਗ ਵਿਚ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਹੁਣ ਪੰਜਾਬ ਦੀ ਕਾਰਜਕਾਰਨੀ ਸੰਵਿਧਾਨ ਮੁਤਾਬਕ ਹੀ ਬਣਾਈ ਜਾਵੇਗੀ। ਜਦੋਂ ਤੱਕ ‘ਆਪ’ ਦੀ ਪੰਜਾਬ ਦੀ ਬਾਡੀ ਪਾਰਟੀ ਸੰਵਿਧਾਨ ਅਨੁਸਾਰ ਨਹੀਂ ਬਣਦੀ, ਉਦੋਂ ਤੱਕ ਚੋਣ ਪ੍ਰਚਾਰ ਕਮੇਟੀ ਪਾਰਟੀ ਦੀਆਂ ਸਰਗਰਮੀਆਂ ਚਲਾਵੇਗੀ।

ਇਸ ਕਮੇਟੀ ਦੀ ਅਗਵਾਈ ਸੰਸਦ ਮੈਂਬਰ ਭਗਵੰਤ ਮਾਨ ਦੇ ਹੱਥ ਹੈ, ਜਿਸ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਪ੍ਰੋæ ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਅਤੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਤੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਆਦਿ ਸ਼ਾਮਲ ਹਨ।
ਸੂਤਰਾਂ ਅਨੁਸਾਰ ਸਮੂਹ ਜਿੱਤੇ ਤੇ ਹਾਰੇ ਉਮੀਦਵਾਰਾਂ ਦੀ ਮੀਟਿੰਗ ਦੌਰਾਨ ਅਹਿਮ ਫੈਸਲਾ ਕੀਤਾ ਗਿਆ ਕਿ ਪੰਜਾਬ ਇਕਾਈ ਨੂੰ ਹੁਣ ਸੰਵਿਧਾਨ ਅਨੁਸਾਰ ਹੀ ਬਣਾਇਆ ਜਾਵੇਗਾ। ਇਸ ਤਹਿਤ ਲੋਕ ਸਭਾ ਹਲਕਿਆਂ ‘ਤੇ ਅਧਾਰਤ ਜ਼ੋਨਲ ਨੂੰ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ। ਫਿਰ ਬਾਕਾਇਦਾ ਸੂਬਾਈ ਬਾਡੀ ਦੀ ਚੋਣ ਹੋਵੇਗੀ। ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਪੁਸ਼ਟੀ ਕੀਤੀ ਕਿ ਹੁਣ ਪਾਰਟੀ ਸੰਵਿਧਾਨ ਅਨੁਸਾਰ ਲੋਕ ਸਭਾ ਹਲਕਿਆਂ ਅਨੁਸਾਰ ਜ਼ੋਨਲ ਇੰਚਾਰਜਾਂ ਦੀਆਂ ਕਮੇਟੀਆਂ ਭੰਗ ਕਰ ਕੇ ਜ਼ਿਲ੍ਹਾ ਪੱਧਰੀ ਇਕਾਈਆਂ ਬਣਾਈਆਂ ਜਾਣਗੀਆਂ। ਮੀਟਿੰਗ ਵਿਚ ਹੋਏ ਫੈਸਲੇ ਅਨੁਸਾਰ ਉਨ੍ਹਾਂ ਸਿਆਸੀ ਮਾਮਲਿਆਂ ਦੀ ਕਮੇਟੀ (ਪੀæਏæਸੀæ) ਨੂੰ ਇਸ ਮਤੇ ਦੀ ਸਿਫਾਰਸ਼ ਕਰ ਦਿੱਤੀ ਹੈ।
______________________________
ਡੋਡਿਆਂ ਦੇ ਸ਼ੌਕੀਨਾਂ ਨਾਲ ਪੰਗਾ ਪਿਆ ਮਹਿੰਗਾ
ਚੰਡੀਗੜ੍ਹ: ਮੀਟਿੰਗ ਵਿਚ ਹਾਰ ਦੇ ਹੋਰ ਕਾਰਨਾਂ ਦੇ ਨਾਲ ਇਕ ਆਗੂ ਨੇ ਰੋਚਕ ਪੱਖ ਰੱਖਦਿਆਂ ਕਿਹਾ ਕਿ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ‘ਲੋੜੋਂ ਵੱਧ ਪ੍ਰਚਾਰ’ ਕਰਨ ਨਾਲ ਡੋਡਿਆਂ ਦੇ ਸ਼ੌਕੀਨ ਵੀ ਪਾਰਟੀ ਖਿਲਾਫ਼ ਹੋ ਗਏ। ਮਜ਼ੇਦਾਰ ਗੱਲ ਇਹ ਹੈ ਕਿ ਮੀਟਿੰਗ ਵਿਚ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਅਤੇ ਪੰਜਾਬ ਦੇ ਜਥੇਬੰਦਕ ਢਾਂਚੇ ਦੇ ਘਾੜੇ ਦੁਰਗੇਸ਼ ਪਾਠਕ ਸ਼ਾਮਲ ਨਹੀਂ ਸਨ, ਜਦਕਿ ਚੋਣਾਂ ਤੋਂ ਪਹਿਲਾਂ ਇਨ੍ਹਾਂ ਦੇ ਇਸ਼ਾਰੇ ਤੋਂ ਬਿਨਾਂ ਪਾਰਟੀ ਵਿਚ ਕੋਈ ਫੈਸਲਾ ਨਹੀਂ ਹੁੰਦਾ ਸੀ। ਕਈ ਲੀਡਰਾਂ ਨੇ ਪੰਜਾਬ ਇਕਾਈ ਵਿਚ ਦਿੱਲੀ ਦੀ ਲੀਡਰਸ਼ਿਪ ਦੀ ਫਾਲਤੂ ਦਖਲਅੰਦਾਜ਼ੀ ਦਾ ਮੁੱਦਾ ਉਠਾਇਆ।