ਚੰਡੀਗੜ੍ਹ: ਪੰਜਾਬ ਦਾ ਕਿਸਾਨ ਲਗਾਤਾਰ ਕਰਜ਼ੇ ਦੀ ਦਲਦਲ ‘ਚ ਧਸਦਾ ਜਾ ਰਿਹਾ ਹੈ। ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਸਰਕਾਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਗਏ, ਪਰ ਇਸ ਦੇ ਬਾਵਜੂਦ ਕਿਸਾਨੀ ਕਰਜ਼ਾ ਲਗਾਤਾਰ ਭਾਰੀ ਹੁੰਦਾ ਜਾ ਰਿਹਾ ਹੈ।
ਪੰਜਾਬ ‘ਚ ਕਿਸਾਨਾਂ ਨੂੰ ਆਰਥਿਕ ਘਾਟੇ ਵਿਚੋਂ ਕੱਢਣ ਲਈ ਖੇਤੀ ਦੇ ਨਾਲ-ਨਾਲ ਆਪਣੀ ਆਮਦਨ ਵਧਾਉਣ ਲਈ ਖੇਤੀ ਮਾਹਰਾਂ ਵੱਲੋਂ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ, ਜਿਨ੍ਹਾਂ ਵਿਚ ਡੇਅਰੀ ਫਾਰਮਿੰਗ, ਮੱਖੀ ਪਾਲਣ, ਮੱਛੀ ਪਾਲਣ, ਪੋਲਟਰੀ ਫਾਰਮ, ਪੋਸਟ ਹਾਰਵੈਸਟ ਪ੍ਰਸੈਸਿੰਗ, ਸੂਰ ਪਾਲਣ, ਖੁੰਭਾਂ ਦੀ ਖੇਤੀ, ਬੱਕਰੀ ਪਾਲਣ, ਪੋਲੀ ਹਾਊਸ ਫਾਰਮਿੰਗ, ਨੈਟ ਹਾਉੂਸ ਆਦਿ ਸ਼ਾਮਲ ਹਨ। ਮਾਹਰਾਂ ਵੱਲੋਂ ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਇਹ ਕਿੱਤੇ ਅਪਣਾਉਣ ਲਈ ਟਰੇਨਿੰਗ ਦੇ ਕੇ ਉਤਸ਼ਾਹਿਤ ਕੀਤਾ ਤੇ ਸਰਕਾਰ ਦੇ ਇਨ੍ਹਾਂ ਕਿੱਤਿਆਂ ਨੂੰ ਪ੍ਰਫੁੱਲਿਤ ਕਰਨ ਲਈ ਸਬਸਿਡੀ ਵਾਲੇ ਕਰਜ਼ੇ ਵੀ ਮੁਹੱਈਆ ਕਰਵਾਏ, ਪਰ ਜਦੋਂ ਕਿਸਾਨਾਂ ਇਨ੍ਹਾਂ ਸਹਾਇਕ ਧੰਦਿਆਂ ਨੂੰ ਜ਼ਮੀਨੀ ਪੱਧਰ ‘ਤੇ ਅਪਣਾਉਂਦਾ ਹੈ ਤਾਂ ਇਨ੍ਹਾਂ ਕਿੱਤਿਆਂ ਦੀਆਂ ਚੁਣੌਤੀਆਂ ਵਿਚ ਉਲਝ ਜਾਂਦਾ ਹੈ, ਜਿਸ ਕਾਰਨ ਜ਼ਿਆਦਾਤਰ ਕਿਸਾਨਾਂ ਦੇ ਪੱਲੇ ਅਸਫਲਤਾ ਹੀ ਪੈਂਦੀ ਹੈ ਅਤੇ ਬੈਂਕਾਂ ਵੱਲੋਂ ਚੁੱਕਿਆ ਕਰਜ਼ਾ ਲਗਾਤਾਰ ਭਾਰੀ ਹੁੰਦਾ ਜਾਂਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਦੋਂ ਕਿਸੇ ਵੀ ਸਹਾਇਕ ਕਿੱਤੇ ਦੀ ਸਿਖਲਾਈ ਕਰਵਾਈ ਜਾਂਦੀ ਹੈ ਤਾਂ ਉਸ ਵੇਲੇ ਉਸ ਕਿੱਤੇ ਤੋਂ ਪੈਦਾ ਹੋਣ ਵਾਲੇ ਕੱਚੇ ਮਾਲ ਨੂੰ ਖ਼ਰੀਦਣ ਦਾ ਕੋਈ ਲਿਖਤੀ ਜਾਂ ਠੋਸ ਇਕਰਾਰਨਾਮਾ ਨਹੀਂ ਕੀਤਾ ਜਾਂਦਾ। ਮਾਰਕੀਟ ‘ਚ ਜ਼ਿਆਦਾਤਰ ਕੱਚੇ ਮਾਲ ਨੂੰ ਵਪਾਰੀ ਕੌਡੀਆਂ ਦੇ ਭਾਅ ਖਰੀਦਦੇ ਹਨ, ਜਦਕਿ ਕਿਸਾਨ ਦੀ ਸੁਣਵਾਈ ਕਿਤੇ ਨਹੀਂ ਹੁੰਦੀ ਤੇ ਲਾਗਤ ਖਰਚੇ ਵੀ ਪੂਰੇ ਨਹੀਂ ਹੁੰਦੇ।
ਪੰਜਾਬ ਦੇ ਕਿਸਾਨਾਂ ਸਿਰ 80000 ਕਰੋੜ ਰੁਪਏ ਕਰਜ਼ਾ ਹੈ, ਜਿਸ ਵਿਚ ਕਾਰਪੋਰੇਟ ਖੇਤਰ ਦਾ ਫਸਲੀ ਕਰਜ਼ਾ 12500 ਕਰੋੜ ਹੈ। ਇਸ ਤਰ੍ਹਾਂ ਪੰਜਾਬ ਦੇ ਹਰੇਕ ਕਿਸਾਨ ਸਿਰ ਫਸਲੀ ਕਰਜ਼ੇ ਸਮੇਤ 8 ਲੱਖ ਰੁਪਏ ਦਾ ਕਰਜ਼ਾ ਹੈ। ਪੰਜਾਬ ਦੇ ਛੋਟੇ ਤੇ ਦਰਮਿਆਨੇ ਕਿਸਾਨ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਸ਼ ‘ਚ ਸਭ ਤੋਂ ਵੱਧ ਕਰਜ਼ਦਾਰ ਹਨ। ਕਰਜ਼ਾ ਲਾਹੁਣ ਤੋਂ ਅਸਮਰੱਥ ਪੰਜਾਬੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਸੂਬੇ ਨੇ ਸਾਲ 2016-17 ਦੇ ਹਾੜ੍ਹੀ ਸੀਜ਼ਨ ਦੌਰਾਨ ਰਿਕਾਰਡ 160æ60 ਲੱਖ ਮੀਟਰਕ ਟਨ ਕਣਕ ਖਰੀਦੀ ਹੈ, ਜਿਸ ਵਿਚੋਂ 108æ24 ਲੱਖ ਮੀਟਰਕ ਟਨ ਕਣਕ ਕੇਂਦਰੀ ਭੰਡਾਰ ਲਈ ਖਰੀਦੀ ਗਈ। ਸੋਕੇ ਵਰਗੇ ਹਾਲਾਤ ਰਹਿਣ ਦੇ ਬਾਵਜੂਦ 2016 ਦੀ ਸਾਉਣੀ ਦੌਰਾਨ ਰਿਕਾਰਡ 186æ76 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ।
__________________________________________________
ਪੰਜਾਬੀ ਕਿਸਾਨਾਂ ਦਾ ਕਰਜ਼ਾ ਵੀ ਮੁਆਫ ਹੋਵੇ: ਕੈਪਟਨ
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰ ਕੇ ਯੂæਪੀæ ਦੀ ਤਰਜ਼ ਉਤੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਰੱਖੀ। ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਕਿ ਜਿਵੇਂ ਯੂæਪੀæ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਹੈ, ਉਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਇਕਮੁਸ਼ਤ ਮੁਆਫ ਕਰਨ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜਦੋਂ ਉਹ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੇ ਵਫਦ ਨਾਲ ਪ੍ਰਧਾਨ ਮੰਤਰੀ ਨੂੰ ਮਿਲੇ ਸੀ, ਤਾਂ ਉਸ ਸਮੇਂ ਕੀਤੀ ਗਈ ਕਰਜ਼ਾ ਮੁਆਫੀ ਦੀ ਮੰਗ ਨੂੰ ਹੀ ਅੱਗੇ ਵਧਾਇਆ ਗਿਆ ਹੈ। ਕਾਂਗਰਸ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕੈਪਟਨ ਨੇ ਕੇਂਦਰ ਤੋਂ ਮਦਦ ਮੰਗੀ ਹੈ।