-ਜਤਿੰਦਰ ਪਨੂੰ
ਚਲੰਤ ਹਫਤੇ ਦੀ ਸਭ ਤੋਂ ਹਾਸੋਹੀਣੀ ਖਬਰ ਅਸੀਂ ਸ਼ਰਦ ਪਵਾਰ ਦਾ ਇਹ ਬਿਆਨ ਮੰਨ ਸਕਦੇ ਹਾਂ ਕਿ ਹੁਣ ਭਾਜਪਾ ਦੇ ਵਿਰੋਧ ਲਈ ਅਗਲੀਆਂ ਪਾਰਲੀਮੈਂਟ ਚੋਣਾਂ ਤੱਕ ਸਾਰੀਆਂ ਭਾਜਪਾ-ਵਿਰੋਧੀ ਸਿਆਸੀ ਪਾਰਟੀਆਂ ਨੂੰ ਮਹਾਂ-ਗੱਠਜੋੜ ਬਣਾ ਲੈਣਾ ਚਾਹੀਦਾ ਹੈ। ਬਹੁਤ ਹੁਸੀਨ ਸੁਫਨਾ ਵੇਖਣ ਦਾ ਯਤਨ ਕੀਤਾ ਗਿਆ ਹੈ। ਇਹ ਗੱਲ ਉਸ ਨੂੰ ਨਾਲ ਹੀ ਕਹਿ ਦੇਣੀ ਚਾਹੀਦੀ ਸੀ ਕਿ ਗੱਠਜੋੜ ਦੇ ਆਗੂ ਵਜੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਵੀ ਸ਼ਰਦ ਪਵਾਰ ਨੂੰ ਹੁਣੇ ਤੋਂ ਮੰਨ ਲੈਣਾ ਚਾਹੀਦਾ ਹੈ। ਸੁਫਨਾ ਹੀ ਲੈਣਾ ਹੈ ਤਾਂ ਅਧੂਰਾ ਨਹੀਂ ਲੈਣਾ ਚਾਹੀਦਾ।
ਏਦਾਂ ਦਾ ਸੁਫਨਾ ਲੈਣ ਦੇ ਹਾਲਾਤ ਕਿਸ ਤਰ੍ਹਾਂ ਪੈਦਾ ਹੋਏ, ਇਸ ਬਾਰੇ ਸ਼ਰਦ ਪਵਾਰ ਸ਼ਾਇਦ ਚਰਚਾ ਵੀ ਨਹੀਂ ਕਰਨਾ ਚਾਹੇਗਾ।
ਉਹ ਵੀ ਇੱਕ ਸਮਾਂ ਸੀ, ਜਦੋਂ ਬੰਗਲਾ ਦੇਸ਼ ਬਣਨ ਵੇਲੇ ਭਾਰਤ ਦੀ ਅਗਵਾਈ ਕਰਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਰ ਪਾਸੇ ਚੜ੍ਹਤ ਸੀ। ਉਹ ਆਪਣੀ ਚੜ੍ਹਤ ਨੂੰ ਸੰਭਾਲ ਨਹੀਂ ਸੀ ਸਕੀ। ਪਾਰਟੀ ਦੇ ਜਿੰਨੇ ਕੁ ਵੱਡੇ ਆਗੂ ਉਦੋਂ ਤੱਕ ਉਸ ਦੇ ਨਾਲ ਖੜੋਤੇ ਸਨ, ਸਭਨਾਂ ਨੂੰ ਪਿੱਛੇ ਛੱਡ ਕੇ ਪਾਰਟੀ ਨੂੰ ਪਰਿਵਾਰਕ ਰਾਜਨੀਤੀ ਦੀ ਆੜ੍ਹਤ ਬਣਾਉਣ ਵਾਸਤੇ ਆਪਣੇ ਪੁੱਤਰ ਸੰਜੇ ਗਾਂਧੀ ਨੂੰ ਅੱਗੇ ਲੈ ਆਈ ਸੀ। ਸ਼ਰਦ ਪਵਾਰ ਦੀ ਪੀੜ੍ਹੀ ਵਾਲੇ ਆਗੂ ਉਦੋਂ ਉਭਰਦੇ ਪਏ ਸਨ, ਪਰ ਉਨ੍ਹਾਂ ਦੀ ਆਵਾਜ਼ ਸੁਣੀ ਜਾਣ ਲੱਗ ਪਈ ਸੀ। ਮਹਾਰਾਸ਼ਟਰ ਦੇ ਉਦੋਂ ਦੇ ਸਭ ਤੋਂ ਵੱਡੇ ਕਾਂਗਰਸੀ ਆਗੂ ਯਸ਼ਵੰਤ ਰਾਓ ਚਵਾਨ ਦੇ ਨਾਲ ਚਿਪਕਿਆ ਸ਼ਰਦ ਪਵਾਰ ਵੀ ਹੋਰ ਆਗੂਆਂ ਵਾਂਗ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਨੂੰ ਉਭਾਰਨ ਵਾਲਿਆਂ ਵਿਚ ਸ਼ਾਮਲ ਹੁੰਦਾ ਸੀ।
ਐਮਰਜੈਂਸੀ ਮਗਰੋਂ ਜਨਤਾ ਪਾਰਟੀ ਜਿੱਤ ਗਈ ਤਾਂ ਨਹਿਰੂ-ਗਾਂਧੀ ਪਰਿਵਾਰ ਨੂੰ ਪਾਸੇ ਧੱਕ ਕੇ ਕੌਮੀ ਆਗੂ ਬਣਨ ਦੀ ਦੌੜ ਵਿਚ ਉਹ ਉਸ ਵੇਲੇ ਇੰਦਰਾ ਗਾਂਧੀ ਤੋਂ ਬਾਗੀ ਹੋਏ ਲੀਡਰਾਂ ਵਿਚ ਜਾ ਮਿਲਿਆ ਤੇ ਕਾਂਗਰਸ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ (ਐਸ) ਦਾ ਪ੍ਰਧਾਨ ਬਣ ਗਿਆ ਸੀ। ਥੋੜ੍ਹਾ ਜਿਹਾ ਸਮਾਂ ਹੋਰ ਲੰਘਿਆ ਤਾਂ ਉਹ ਕਾਂਗਰਸ ਵਿਚ ਉਦੋਂ ਵਾਪਸ ਆ ਗਿਆ, ਜਦੋਂ ਅਯੁੱਧਿਆ ਵਿਚ ਰਾਮ ਮੰਦਿਰ ਵਾਲੇ ਢਾਂਚੇ ਨੂੰ ਅਦਾਲਤ ਦੇ ਹੁਕਮ ਉਤੇ ਲੱਗਾ ਹੋਇਆ ਤਾਲਾ ਖੁਲ੍ਹਵਾ ਕੇ ਰਾਜੀਵ ਗਾਂਧੀ ਨੇ ਪੂਜਾ ਕੀਤੀ ਤੇ ਹਿੰਦੂਤਵ ਨੂੰ ਉਭਾਰਦੇ ਨਾਅਰਿਆਂ ਨਾਲ ਪਾਰਲੀਮੈਂਟ ਚੋਣਾਂ ਵਿਚ ਹੂੰਝਾ ਫੇਰ ਲਿਆ ਸੀ। ਇਸ ਨਾਲ ਹਿੰਦੂਤਵ ਦੀ ਅਗਲੀ ਉਠਾਣ ਲਈ ਇੱਕ ਪੜੁੱਲ ਉਦੋਂ ਰਾਜੀਵ ਗਾਂਧੀ ਨੇ ਹੀ ਸਿਰਜ ਦਿੱਤਾ ਸੀ, ਜਿਸ ਨੂੰ ਬਾਅਦ ਵਿਚ ਭਾਜਪਾ ਨੇ ਵਰਤ ਲਿਆ ਹੈ। ਸ਼ਰਦ ਪਵਾਰ ਅਤੇ ਹੋਰ ਆਗੂ ਉਸ ਵੇਲੇ ਰਾਜੀਵ ਗਾਂਧੀ ਨਾਲ ਖੜ੍ਹੇ ਰਹਿ ਕੇ ਇੱਕ ਪਾਸੇ ਸ਼ਾਹਬਾਨੋ ਕੇਸ ਵਿਚ ਮੁਸਲਿਮ ਕੱਟੜਪੰਥੀਆਂ ਨੂੰ ਪਲੋਸਦੇ ਰਹੇ ਤੇ ਦੂਸਰੇ ਪਾਸੇ ਤਿੱਖੇ ਹਿੰਦੂਤਵ ਦੀਆਂ ਧਿਰਾਂ ਨਾਲ ਜੋੜ ਰੱਖਦੇ ਰਹੇ ਸਨ। ਫਿਰ ਜਦੋਂ ਸੀਤਾ ਰਾਮ ਕੇਸਰੀ ਦੇ ਹੱਥ ਕਾਂਗਰਸ ਦੀ ਕਮਾਨ ਆਈ ਤਾਂ ਉਸ ਨੂੰ ਭਾਜਪਾ ਦੇ ਨਾਲ ਮਿਲਿਆ ਕਹਿ ਕੇ ਉਸ ਦੇ ਵਿਰੋਧ ਕਰਨ ਵਿਚ ਸ਼ਰਦ ਪਵਾਰ ਸਭ ਤੋਂ ਅੱਗੇ ਖੜਾ ਸੀ, ਪਰ ਜਦੋਂ ਕਾਂਗਰਸ ਨੇ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾ ਲਿਆ ਤਾਂ ਭਾਜਪਾ ਦੇ ਇਸ਼ਾਰੇ ਉਤੇ ਸੋਨੀਆ ਨੂੰ ‘ਵਿਦੇਸ਼ਣ’ ਕਹਿ ਕੇ ਉਸ ਦੇ ਖਿਲਾਫ ਨੈਸ਼ਨਲਿਸਟ ਕਾਂਗਰਸ ਪਾਰਟੀ ਬਣਾਉਣ ਦੀ ਖੇਡ ਵੀ ਸ਼ਰਦ ਪਵਾਰ ਨੇ ਖੇਡੀ ਸੀ। ਸਮਾਂ ਆਏ ਤੋਂ ਉਸੇ ‘ਵਿਦੇਸ਼ਣ’ ਨਾਲ ਸ਼ਰਦ ਪਵਾਰ ਨੇ ਸਿਆਸੀ ਸਾਂਝ ਵੀ ਪਾ ਲਈ ਤੇ ਆਪਣੇ ਰਾਜ ਵਿਚ ਸ਼ਿਵ ਸੈਨਾ ਨਾਲ ਨੇੜ ਵੀ ਲੁਕਾਉਂਦਾ ਨਹੀਂ ਸੀ।
ਹੁਣ ਉਸੇ ਸ਼ਰਦ ਪਵਾਰ ਨੂੰ ਭਾਰਤ ਵਿਚ ਹਿੰਦੂਤਵ ਦੀ ਚੜ੍ਹਤ ਹੁੰਦੀ ਜਾਪਦੀ ਹੈ ਤੇ ਅਗਲੀਆਂ ਪਾਰਲੀਮੈਂਟ ਚੋਣਾਂ ਵਿਚ ਭਾਜਪਾ ਦੇ ਮੁਕਾਬਲੇ ਦਾ ਗੱਠਜੋੜ ਬਣਾਉਣ ਦੇ ਸੱਦੇ ਦੇਣ ਲੱਗਾ ਹੈ।
ਮਸਾਂ ਦੋ ਸਾਲ ਪਹਿਲਾਂ ਦੀ ਗੱਲ ਹੈ, ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ਵਿਚ ਭਾਜਪਾ ਦਾ ਰਾਹ ਰੋਕਣ ਲਈ ਚੋਣ ਗੱਠਜੋੜ ਦਾ ਸੱਦਾ ਦਿੱਤਾ ਸੀ ਤੇ ਸ਼ਰਦ ਪਵਾਰ ਨੇ ਮੰਨਣ ਦੀ ਥਾਂ 288 ਮੈਂਬਰੀ ਵਿਧਾਨ ਸਭਾ ਦੀਆਂ 278 ਸੀਟਾਂ ਲੜਨ ਦੇ ਬਾਅਦ 41 ਸੀਟਾਂ ਜਿੱਤੀਆਂ ਤੇ ਕਾਂਗਰਸ ਨੂੰ 287 ਸੀਟਾਂ ਲੜਨ ਦੇ ਬਾਅਦ 42 ਸੀਟਾਂ ਹਾਸਲ ਹੋਈਆਂ ਸਨ। ਉਸ ਰਾਜ ਵਿਚ ਦਸ ਸਾਲ ਲਗਾਤਾਰ ਦੋਵਾਂ ਨੇ ਸਾਂਝੀ ਸਰਕਾਰ ਚਲਾਈ ਹੋਈ ਸੀ, ਇਸ ਚੋਣ ਵਿਚ ਮਿਲ ਜਾਂਦੇ ਤਾਂ ਦੋਵਾਂ ਦੀਆਂ ਵੋਟਾਂ ਜੋੜ ਕੇ 83 ਦੀ ਥਾਂ ਡੇਢ ਸੌ ਸੀਟਾਂ ਆ ਸਕਦੀਆਂ ਸਨ, ਪਰ ਸ਼ਰਦ ਪਵਾਰ ਨੇ ਵੱਖਰੇ ਚੋਣਾਂ ਲੜਨ ਦੀ ਜ਼ਿਦ ਕੀਤੀ ਸੀ। ਉਸ ਰਾਜ ਵਿਚ ਉਦੋਂ ਸ਼ਿਵ ਸੈਨਾ ਅਤੇ ਭਾਜਪਾ ਦਾ ਗੱਠਜੋੜ ਟੁੱਟ ਜਾਣ ਕਾਰਨ ਦੋਵੇਂ ਆਹਮੋ-ਸਾਹਮਣੇ ਸਨ, ਪਰ ਪ੍ਰਧਾਨ ਮੰਤਰੀ ਬਣ ਚੁਕੇ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿਚ ਆਪਣੀ ਚੋਣ-ਨੀਤੀ ਵਾਸਤੇ ਰਾਜ ਠਾਕਰੇ ਅਤੇ ਸ਼ਰਦ ਪਵਾਰ-ਦੋਵਾਂ ਨੂੰ ਵਰਤਣ ਦਾ ਜੁਗਾੜ ਕਰ ਲਿਆ ਸੀ। ਨਤੀਜੇ ਵਜੋਂ ਭਾਜਪਾ ਉਥੇ ਪਹਿਲੀ ਵਾਰ ਸਭ ਤੋਂ ਵੱਡੀ ਪਾਰਟੀ ਬਣੀ ਅਤੇ ਸ਼ਿਵ ਸੈਨਾ ਉਸ ਦੀ ਛੋਟੀ ਭਾਈਵਾਲ ਹੋਣ ਦੇ ਨਾਲ ਰਾਜ ਠਾਕਰੇ ਅਤੇ ਵੱਖੋ-ਵੱਖ ਚੋਣ ਲੜ ਰਹੀਆਂ ਕਾਂਗਰਸ ਦੀਆਂ ਦੋਵੇਂ ਧਿਰਾਂ ਕੱਖੋਂ ਹੌਲੇ ਹੋ ਕੇ ਰਹਿ ਗਈਆਂ ਸਨ। ਇਸ ਪਿੱਛੋਂ ਸ਼ਿਵ ਸੈਨਾ ਹੀਣੀ ਹੋ ਕੇ ਭਾਜਪਾ ਨਾਲ ਦੁਬਾਰਾ ਜੁੜੀ ਸੀ।
ਅਯੁੱਧਿਆ ਵਿਚ ਬੰਦ ਪਏ ਢਾਂਚੇ ਨੂੰ ਲੱਗਾ ਤਾਲਾ ਰਾਜੀਵ ਗਾਂਧੀ ਵੱਲੋਂ ਖੁਲ੍ਹਵਾਏ ਜਾਣ ਦੇ ਬਾਅਦ ਵੀ ਜਿਹੜੇ ਮਹਾਰਾਸ਼ਟਰ ਵਿਚ ਭਾਜਪਾ ਦੀ ਉਠਾਣ ਨੂੰ ਸ਼ਰਦ ਪਵਾਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਰੋਕ ਲੈਂਦੀ ਸੀ, ਹੁਣ ਉਸੇ ਰਾਜ ਵਿਚ ਸਭ ਰੰਗਾਂ ਦੇ ਕਾਂਗਰਸੀਆਂ ਦੀ ਹਾਲਤ ਪਾਣੀਓਂ ਪਤਲੀ ਦਿਖਾਈ ਦਿੰਦੀ ਹੈ। ਅਗਲੀਆਂ ਪਾਰਲੀਮੈਂਟ ਚੋਣਾਂ ਵਿਚ ਭਾਜਪਾ ਦੇ ਮੁਕਾਬਲੇ ਲਈ ਸ਼ਰਦ ਪਵਾਰ ਗੱਠਜੋੜ ਬਣਾਉਣ ਦਾ ਸੱਦਾ ਦਿੰਦੇ ਸਮੇਂ ਪੰਜ ਰਾਜਾਂ ਵਿਚ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਤੇ ਖਾਸ ਕਰ ਕੇ ਉਤਰ ਪ੍ਰਦੇਸ਼ ਦਾ ਜ਼ਿਕਰ ਕਰਦਾ ਹੈ। ਉਸ ਨੂੰ ਇਹ ਸੱਦਾ ਉਦੋਂ ਦੇਣਾ ਬਣਦਾ ਸੀ, ਜਦੋਂ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਹੁੰਦੀਆਂ ਵਿਚਾਲੇ ਹੀ ਮਹਾਰਾਸ਼ਟਰ ਦੀਆਂ ਨਗਰ ਪਾਲਿਕਾਵਾਂ ਵਿਚ ਭਾਜਪਾ ਨੇ ਕਾਂਗਰਸ ਦੀਆਂ ਇਨ੍ਹਾਂ ਦੋਵਾਂ ਧਿਰਾਂ ਦੇ ਨਾਲ ਸ਼ਿਵ ਸੈਨਾ ਵਾਲੀ ਸ਼ਰੀਕ ਧਿਰ ਵੀ ਰਗੜ ਦਿੱਤੀ ਸੀ। ਚਰਚਾ ਤਾਂ ਉਦੋਂ ਇਹ ਵੀ ਸੁਣੀਂਦੀ ਸੀ ਕਿ ਜੇ ਕੁਝ ਸੀਟਾਂ ਮਿਲ ਜਾਣ ਤਾਂ ਸ਼ਰਦ ਪਵਾਰ ਦੀ ਪਾਰਟੀ ਸ਼ਿਵ ਸੈਨਾ ਦੇ ਨਾਲ ਹੱਥ ਮਿਲਾ ਲੈਣ ਬਾਰੇ ਸੋਚ ਸਕਦੀ ਹੈ। ਮਹਾਰਾਸ਼ਟਰ ਵਿਚ ਪਿਛਲੇ ਪੰਜ ਸਾਲ ਦੇ ਸਾਂਝੇ ਰਾਜ ਵਿਚ ਇਹ ਗੱਲ ਕਹੀ ਜਾਂਦੀ ਰਹੀ ਸੀ ਕਿ ਸ਼ਰਦ ਪਵਾਰ ਕਿਸੇ ਵੀ ਔਖੀ ਘੜੀ ਭਾਜਪਾ ਨਾਲ ਨੇੜ ਦਾ ਕੋਈ ਰਾਹ ਕੱਢ ਲੈਂਦਾ ਸੀ।
ਅਸੀਂ ਪੰਜਾਬ ਵਿਚ ਰਹਿੰਦੇ ਹਾਂ, ਜਿੱਥੇ ਸ਼ਰਦ ਪਵਾਰ ਦੀਆਂ ਰਾਜਸੀ ਚੁਸਤੀਆਂ ਨਾਲ ਬਹੁਤਾ ਫਰਕ ਪੈਣ ਦਾ ਕੋਈ ਖਦਸ਼ਾ ਨਹੀਂ। ਇਸ ਦੇ ਬਾਵਜੂਦ ਅਸੀਂ ਸ਼ਰਦ ਪਵਾਰ ਦਾ ਸ਼ਿਜਰਾ-ਗਿਰਦਾਵਰੀ ਇਸ ਕਰ ਕੇ ਫੋਲਿਆ ਹੈ ਕਿ ਜਿੱਦਾਂ ਦੀਆਂ ਗੱਲਾਂ ਉਹ ਕਰਦਾ ਹੈ, ਉਹੋ ਜਿਹੇ ਕਈ ਆਗੂ ਕਸ਼ਮੀਰ ਤੋਂ ਕੇਰਲਾ ਅਤੇ ਮਹਾਰਾਸ਼ਟਰ ਤੋਂ ਮੇਘਾਲਿਆ ਤੱਕ ਮਿਲ ਜਾਂਦੇ ਹਨ। ਜਦੋਂ ਉਹ ਲੋਕ ਇਹ ਕਹਿੰਦੇ ਹਨ ਕਿ ਭਾਰਤ ਦੀ ਧਰਮ ਨਿਰਪੱਖਤਾ ਨੂੰ ਖਤਰਾ ਹੈ ਅਤੇ ਇਸ ਖਤਰੇ ਦੇ ਖਿਲਾਫ ਇਕੱਠੇ ਹੋਣ ਦੀ ਲੋੜ ਹੈ, ਉਹ ਅਸਲ ਵਿਚ ਦੇਸ਼ ਦੇ ਲੋਕਾਂ ਨੂੰ ਇਹ ਭੁਲਾਉਣਾ ਚਾਹੁੰਦੇ ਹਨ ਕਿ ਇਹ ਖਤਰਾ ਪੈਦਾ ਕਰਨ ਵਿਚ ਉਨ੍ਹਾਂ ਦੀ ਕੁਰਸੀ ਦੀ ਭੁੱਖ ਤੇ ਆਪਸੀ ਖਹਿਬਾਜ਼ੀਆਂ ਵਿਚ ਚੌਧਰ ਦੀ ਲੜਾਈ ਦਾ ਵੀ ਰੋਲ ਸੀ। ਸ਼ਰਦ ਪਵਾਰ ਦੀ ਅਗਵਾਈ ਹੇਠਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਇੱਕ ਆਗੂ ਪੂਰਨੋ ਸੰਗਮਾ ਕੁਝ ਚਿਰ ਬਾਅਦ ਭਾਜਪਾ ਦੀ ਮਦਦ ਨਾਲ ਪ੍ਰਣਬ ਮੁਖਰਜੀ ਦੇ ਮੁਕਾਬਲੇ ਰਾਸ਼ਟਰਪਤੀ ਚੋਣ ਲਈ ਮੈਦਾਨ ਵਿਚ ਉਦੋਂ ਆ ਗਿਆ ਸੀ, ਜਦੋਂ ਸੱਤਾ ਦਾ ਸੁੱਖ ਮਾਣਨ ਲਈ ਆਪਣੀ ਧੀ ਅਗਾਥਾ ਨੂੰ ਉਸ ਨੇ ਕਾਂਗਰਸੀ ਅਗਵਾਈ ਵਾਲੀ ਮਨਮੋਹਨ ਸਿੰਘ ਸਰਕਾਰ ਦੀ ਮੰਤਰੀ ਬਣਵਾਇਆ ਹੋਇਆ ਸੀ। ਕਮਾਲ ਦੀ ਚੁਸਤੀ ਵਿਖਾਈ ਕਿ ਧੀ ਨੂੰ ਧਰਮ ਨਿਰਪੱਖਤਾ ਦਾ ਝੰਡਾ ਚੁਕਵਾ ਕੇ ਕਾਂਗਰਸ ਸਰਕਾਰ ਦੀ ਮੰਤਰੀ ਬਣਵਾ ਲਿਆ ਤੇ ਖੁਦ ਉਸੇ ਕਾਂਗਰਸ ਦੇ ਖਿਲਾਫ ਭਾਜਪਾ ਦੀ ਉਸ ਰਾਜਨੀਤੀ ਦਾ ਮੋਹਰਾ ਜਾ ਬਣਿਆ, ਜਿਸ ਨੂੰ ਸ਼ਰਦ ਪਵਾਰ ਹੁਣ ਗੱਠਜੋੜ ਬਣਾ ਕੇ ਰੋਕਣਾ ਚਾਹੁੰਦਾ ਹੈ।
ਮੋਰਚਾ ਜੰਗੀ ਹੋਵੇ ਜਾਂ ਚੋਣਾਂ ਦਾ, ਉਸ ਵਿਚ ਪਹਿਲੀ ਲੋੜ ਇੱਕਸੁਰਤਾ ਦੀ ਹੁੰਦੀ ਹੈ। ਇੰਦਰਾ ਗਾਂਧੀ ਵਿਰੁਧ ਕਈ ਸਾਲਾਂ ਤੋਂ ਵੱਖੋ-ਵੱਖ ਲੜਦੇ ਆਏ ਚਾਰ ਪਾਰਟੀਆਂ ਦੇ ਆਗੂ ਉਦੋਂ ਤੱਕ ਹਰ ਵਾਰ ਹਾਰਦੇ ਰਹੇ ਸਨ, ਜਦੋਂ ਤੱਕ ਜਨਤਾ ਪਾਰਟੀ ਦੇ ਰੂਪ ਵਿਚ ਇਕੱਠੇ ਹੋ ਕੇ ਪੇਸ਼ ਨਹੀਂ ਸੀ ਹੋਏ। ਜਿਨ੍ਹਾਂ ਪਾਰਟੀਆਂ ਦੇ ਗੱਠਜੋੜ ਦੀਆਂ ਗੱਲਾਂ ਸ਼ਰਦ ਪਵਾਰ ਤੇ ਉਸੇ ਵਰਗੇ ਆਗੂ ਹੁਣ ਕਰਦੇ ਹਨ, ਉਨ੍ਹਾਂ ਵਿਚੋਂ ਇਹੋ ਜਿਹੀ ਕੋਈ ਨਹੀਂ ਲੱਭਦੀ, ਜਿਹੜੀ ਇੰਦਰਾ ਗਾਂਧੀ ਦਾ ਲਗਾਤਾਰ ਵਿਰੋਧ ਕਰਨ ਵਾਲੇ ਉਦੋਂ ਦੇ ਆਗੂਆਂ ਵਾਂਗ ਭਾਜਪਾ ਦੀ ਲਗਾਤਾਰ ਵਿਰੋਧੀ ਹੋਵੇ। ਬਿਹਾਰ ਦਾ ਗੱਠਜੋੜ ਇੱਕ ਖਾਸ ਪੈਂਤੜੇ ਦਾ ਪ੍ਰਤੀਕ ਸੀ, ਜਿਸ ਵਿਚ ਜਦੋਂ ਬਾਕੀ ਸਭ ਪਾਸਾ ਵੱਟ ਗਏ ਤਾਂ ਨਿਤੀਸ਼ ਕੁਮਾਰ ਆਪਣੇ ਪੈਂਤੜੇ ਉਤੇ ਇਕੱਲਾ ਵੀ ਖੜੋਤਾ ਰਿਹਾ ਸੀ। ਉਦੋਂ ਨਿਤੀਸ਼ ਇੱਕ ਆਗੂ ਤੋਂ ਵੱਧ ਪੈਂਤੜੇ ਦਾ ਪ੍ਰਤੀਕ ਜਾਪਦਾ ਸੀ। ਅਗਲੀਆਂ ਪਾਰਲੀਮੈਂਟ ਚੋਣਾਂ ਦੌਰਾਨ ਕੋਈ ਗੱਠਜੋੜ ਬਣੇ ਵੀ ਤਾਂ ਉਸ ਦੀ ਅਗਵਾਈ ਲਈ ਕਿਸੇ ਪੈਂਤੜੇ ਦੇ ਪ੍ਰਤੀਕ ਦੀ ਜਿੱਦਾਂ ਦੇ ਆਗੂ ਦੀ ਲੋੜ ਹੈ, ਉਸ ਦੇ ਮੁਹਾਂਦਰੇ ਵਾਲਾ ਕੋਈ ਜਣਾ ਹਾਲੇ ਦਿਖਾਈ ਨਹੀਂ ਦਿੰਦਾ। ਸ਼ਰਦ ਪਵਾਰ ਤੇ ਮੁਲਾਇਮ ਸਿੰਘ ਯਾਦਵ ਵਰਗੇ ਕੁਰਸੀਆਂ ਵੱਲ ਟੀਰੀ ਅੱਖ ਨਾਲ ਝਾਕਣ ਵਾਲੇ ਲੋਕ ਇਸ ਦੇਸ਼ ਦੇ ਭਵਿੱਖ ਦਾ ਨਿਰਣਾ ਕਰਨ ਲਈ ਬਣਨ ਵਾਲੇ ਵਡੇਰੇ ਗੱਠਜੋੜ ਲਈ ਪੈਂਤੜੇ ਦੇ ਪ੍ਰਤੀਕ ਵਾਲੀ ਝਲਕ ਨਹੀਂ ਦਿਖਾ ਸਕਦੇ। ਅੱਜ ਭਾਜਪਾ ਨਾਲ ਲੜਨ ਦਾ ਐਲਾਨ ਕਰਨ ਤੇ ਭਲਕੇ ਉਸ ਨਾਲ ਜੁੜ ਜਾਣ ਵਾਲਿਆਂ ਦਾ ਯਕੀਨ ਲੋਕਾਂ ਨੇ ਸੌਖਾ ਨਹੀਂ ਕਰ ਲੈਣਾ।